ਖੇਡ, ਸਮਾਜਿਕ ਤੇ ਧਾਰਮਿਕ ਸੇਵਾ ਨੂੰ ਸਮਰਪਿਤ ਗੁਰਮੁਖ ਸਿੰਘ

ਸੁਰਿੰਦਰ ਸਿੰਘ ਭਾਟੀਆ
ਫੋਨ: 224-829-1437
ਟੋਕੀਓ ਉਲੰਪਿਕਸ ਖੇਡਾਂ ਵਿਚ ਭਾਰਤ ਨੇ ਸੱਤ ਤਗਮੇ ਜਿੱਤੇ ਹਨ ਅਤੇ ਪੈਰਾਉਲੰਪਿਕਸ ਵਿਚ 19 ਤਗਮੇ ਜਿੱਤੇ ਹਨ, ਜਿਨ੍ਹਾਂ ਵਿਚ ਅਥਲੀਟਾਂ ਨੇ 5 ਸੋਨੇ, 8 ਚਾਂਦੀ ਤੇ 6 ਕਾਂਸੇ ਦੇ ਤਗਮੇ ਹਾਸਿਲ ਕੀਤੇ ਹਨ। ਟੋਕੀਓ ਉਲੰਪਿਕਸ ਵਿਚ ਨੀਰਜ ਚੌਪੜਾ ਨੇ ਗੋਲਡ, ਵੇਟ ਲਿਫਟਰ ਮੀਰਾ ਬਾਈ ਚਾਨੂੰ ਨੇ ਚਾਂਦੀ, ਲਵਲੀਨਾ ਬਰੋਗੋਹੇਨ ਨੇ ਕਾਂਸੀ, ਰਵੀ ਦਹਿਆ ਨੇ ਚਾਂਦੀ, ਪੀ. ਵੀ. ਸਿੰਧੂ ਨੇ ਕਾਂਸੀ, ਬਜਰੰਗ ਪੁਨੀਆਂ ਨੇ ਕਾਂਸੀ ਅਤੇ ਮਰਦਾਂ ਦੀ ਭਾਰਤੀ ਹਾਕੀ ਟੀਮ ਨੇ 41 ਸਾਲ ਬਾਅਦ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਵਿਚ ਪਾਇਆ। ਸੱਤ ਵਿਚੋਂ ਤਿੰਨ ਤਗਮੇ ਮਹਿਲਾ ਖਿਡਾਰਨਾਂ ਨੇ ਜਿੱਤੇ ਹਨ। ਉਲੰਪਿਕਸ ਖੇਡਾਂ ਵਿਚ ਭਾਰਤੀ ਮਹਿਲਾ ਖਿਡਾਰਨਾਂ ਵਲੋਂ ਜਿੱਤੇ ਗਏ ਤਗਮੇ ਸਾਰਿਆਂ ਨਾਲੋਂ ਵੱਧ ਹਨ।

ਸ਼ਾਟ ਪੁੱਟਰ ਤੇਜਿੰਦਰ ਪਾਲ ਸਿੰਘ ਚੰਗਾ ਪ੍ਰਦਰਸ਼ਨ ਕਰਨ ਦੇ ਬਾਵਜੂਦ ਫਾਈਨਲ ਵਿਚ ਜਗ੍ਹਾ ਨਹੀਂ ਬਣਾ ਸਕਿਆ। ਅਨੂ ਰਾਣੀ ਵੀ ਨੇਜੇਬਾਜੀ ਵਿਚ ਫਾਈਨਲ ਤੱਕ ਪਹੰੁਚਣ ਤੋਂ ਵਾਂਝੀ ਰਹਿ ਗਈ ਤੇ 14ਵੇਂ ਸਥਾਨ `ਤੇ ਆਈ। ਡਿਸਕਸ ਥਰੋਅ ਦੇ ਮੁਕਾਬਲੇ ਵਿਚ ਭਾਰਤ ਦੀ ਕਮਲਪ੍ਰੀਤ ਕੌਰ ਨੇ ਵਧੀਆ ਪ੍ਰਦਰਸ਼ਨ ਕੀਤਾ, ਪਰ ਤਗਮਾ ਨਹੀਂ ਜਿੱਤ ਸਕੀ। ਫਾਈਨਲ ਵਿਚ 63.70 ਮੀਟਰ ਨਾਲ 6ਵਾਂ ਮੁਕਾਮ ਹਾਸਿਲ ਕਰ ਸਕੀ, ਹਾਲਾਂਕਿ ਆਪਣੇ ਦੇਸ਼ ਵਿਚ ਨੈਸ਼ਨਲ ਖੇਡਾਂ ਵਿਚ ਉਸ ਦਾ ਪ੍ਰਦਰਸ਼ਨ 66.69 ਮੀਟਰ ਦਾ ਰਾਸ਼ਟਰੀ ਰਿਕਾਰਡ ਹੈ।
ਭਾਰਤ ਵਲੋਂ ਉਲੰਪਿਕਸ ਵਿਚ ਜਿੱਤੇ ਮੈਡਲ ਤੇ ਮੌਜੂਦਾ ਖੇਡ ਹਾਲਤਾਂ ਬਾਰੇ ਅਥਲੈਟਿਕਸ ਤੇ ਖਾਸ ਤੌਰ `ਤੇ ਕਮਲਜੀਤਪ੍ਰੀਤ ਕੌਰ ਦੇ ਪ੍ਰਦਰਸ਼ਨ ਬਾਰੇ ਜਾਣਨ ਲਈ ਅਸੀਂ ਡਿਸਕਸ ਥਰੋਅ ਦੇ ਖਿਡਾਰੀ ਰਹਿ ਚੁਕੇ ਅਤੇ ਹੁਣ ਅਮਰੀਕਾ ਵਿਚ ਵਸਦੇ ਬਿਜਨਸਮੈਨ ਗੁਰਮੁਖ ਸਿੰਘ ਦੇ ਵਿਚਾਰ ਜਾਣਨ ਤੇ ਉਲੰਪਿਕਸ ਵਿਚ ਖਿਡਾਰੀਆਂ ਦੀਆਂ ਉਪਲਬਧੀਆਂ ਬਾਰੇ ਤੁਲਨਾਤਮਿਕ ਵਿਚਾਰ ਕਰਨ ਲਈ ਮਿਲਵਾਕੀ ਪਹੁੰਚੇ।
ਗੁਰਮੁਖ ਸਿੰਘ ਦਾ ਜਨਮ ਪਿਤਾ ਦਿਆਲ ਸਿੰਘ ਤੇ ਮਾਤਾ ਗੁਰਦੀਪ ਕੌਰ ਦੀ ਕੁੱਖੋਂ ਪੰਜਾਬ ਦੇ ਪਿੰਡ ਖੈੜਾ, ਜਿਲਾ ਜਲੰਧਰ ਵਿਚ ਹੋਇਆ। ਪਿੰਡ ਦੇ ਬੀ. ਐਸ. ਐਫ. ਦੇ ਅਧਿਕਾਰੀ ਗੁਰਮੁਖ ਲਾਲ ਨੂੰ ਹੈਮਰ ਥਰੋਅ ਕਰਦੇ ਦੇਖ ਕੇ ਉਸ ਨਾਲ ਅਭਿਆਸ ਕਰਨ ਲੱਗੇ। ਇਸ ਤਰ੍ਹਾਂ ਬਚਪਨ ਵਿਚ ਹੀ ਉਨ੍ਹਾਂ ਨੂੰ ਖੇਡਾਂ ਪ੍ਰਤੀ ਲਗਾਓ ਹੋ ਗਿਆ।
ਹੈਮਰ ਥਰੋਅ ਛੱਡ ਕੇ ਡਿਸਕਸ ਥਰੋਅ ਖੇਡ ਦੀ ਚੋਣ ਬਾਰੇ ਪੁੱਛਣ `ਤੇ ਗੁਰਮੁਖ ਸਿੰਘ ਨੇ ਦੱਸਿਆ ਕਿ ਪਿੰਡ ਦੇ ਇਕ ਟੂਰਨਾਮੈਂਟ ਵਿਚ ਉਸ ਨੇ ਡਿਸਕਸ ਥਰੋਅ ਵਿਚ ਵੀ ਭਾਗ ਲਿਆ, ਵਾਹਵਾ ਦੂਰੀ `ਤੇ ਸੁੱਟਣ ਕਰਕੇ ਸਕੂਲ ਦੇ ਡੀ. ਪੀ. ਨੇ ਕਿਹਾ ਕਿ ਤੇਰਾ ਸਰੀਰ ਤਗੜਾ ਹੈ, ਤੂੰ ਡਿਸਕਸ ਥਰੋਅ ਹੀ ਅਭਿਆਸ ਕਰਿਆ ਕਰ। ਪਿੰਡ ਵਾਲਿਆਂ ਤੇ ਯਾਰਾਂ ਦੋਸਤਾਂ ਨੇ ਵੀ ਡਿਸਕਸ ਥਰੋਅ ਖੇਡਣ ਲਈ ਉਤਸ਼ਾਹਿਤ ਕੀਤਾ। ਲੋਕਲ ਕੋਚ ਨੇ ਵੀ ਇਸ ਖੇਤਰ ਵੱਲ ਪੇ੍ਰਰਿਤ ਕੀਤਾ। ਫਿਰ ਮੈਂ ਵੀ ਇਸ ਨੰ ਗੰਭੀਰਤਾ ਨਾਲ ਲੈਣਾ ਸ਼ੁਰੂ ਕੀਤਾ। ਬਸ ਫਿਰ ਚਲ ਸੋ ਚਲ! ਡਿਸਕਸ ਥਰੋਅ ਨੂੰ ਹੀ ਮੁੱਖ ਗੇਮ ਮੰਨ ਕੇ ਅਭਿਆਸ ਜਾਰੀ ਰੱਖਿਆ।
ਇਸੇ ਕਰਕੇ ਸਟੇਟ ਸਕੂਲ ਆਫ ਸਪੋਰਟਸ ਟਰਾਇਲ ਵਿਚ ਪਹਿਲਾ ਸਥਾਨ ਹਾਸਿਲ ਕੀਤਾ, ਜਿਸ ਕਰਕੇ ਸਟੇਟ ਸਕੂਲ ਆਫ ਸਪੋਰਟਸ ਵਿਚ ਦਾਖਲਾ ਮਿਲ ਗਿਆ ਤੇ ਦਸਵੀਂ ਵਿਚ ਹੀ ਪੰਜਾਬ ਸਟੇਟ ਮੀਟ ਪਟਿਆਲੇ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਤਗਮਾ ਜਿੱਤ ਲਿਆ, ਪੰਜਾਬ ਅਥਲੈਟਿਕਸ ਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤਿਆ।
ਫਿਰ ਸਪੋਰਟਸ ਸਕੂਲ ਵਲੋਂ ਪੰਜਾਬ ਸਟੇਟ ਨੈਸ਼ਨਲ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਉਪਰੰਤ ਉਸੇ ਸਾਲ ਹੀ ਚੰਡੀਗੜ੍ਹ ਵਿਚ ਹੋਈ ਜੂਨੀਅਰ ਨੈਸ਼ਨਲ ਅਥਲੈਟਿਕਸ ਮੀਟ ਵਿਚ ਵੀ ਪਹਿਲਾ ਸਥਾਨ ਹਾਸਿਲ ਕੀਤਾ। ਇੰਜ ਹੀ ਕਾਲਜ ਦੇ ਪਹਿਲੇ ਸਾਲ ਹੀ ਇੰਟਰ ਯੂਨੀਵਰਸਿਟੀ ਮੁਕਾਬਲੇ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਭਾਗ ਲੈ ਕੇ ਪਹਿਲੇ ਸਥਾਨ ਨਾਲ ਗੋਲਡ ਮੈਡਲ ਹਾਸਿਲ ਕੀਤਾ।
ਇੰਟਰ ਸਟੇਟ ਮੁਕਾਬਲੇ ਲਈ ਐਨ. ਆਈ. ਐਸ. ਪਟਿਆਲਾ ਦੇ ਰਾਸ਼ਟਰੀ ਕੋਚਿੰਗ ਕੈਂਪ ਵਿਚ ਕੋਚਾਂ ਦੀ ਦੇਖ-ਰੇਖ ਵਿਚ ਆਪਣੀ ਥਰੋਅ ਦੀ ਦੂਰੀ ਵਿਚ ਹੋਰ ਵਾਧਾ ਕੀਤਾ ਤੇ ਬਹਾਦਰ ਸਿੰਘ ਕੋਚ ਦੀ ਅਗਵਾਈ ਵਿਚ ਸਟੇਟ ਪੱਧਰ ਦੀ ਤਿਆਰੀ ਵਿਚ ਰੁੱਝ ਗਿਆ। ਫਿਰ ਇੱਥੇ ਹੀ ਏਅਰ ਫੋਰਸ ਦੇ ਕੋਚ ਦੀ ਨਜ਼ਰ ਮੇਰੇ `ਤੇ ਪਈ ਅਤੇ ਉਨ੍ਹਾਂ ਮੈਨੂੰ ਸਪੋਰਟਸ ਕੋਟੇ ਵਿਚ ਏਅਰ ਫੋਰਸ ਵਿਚ ਸ਼ਾਮਿਲ ਕਰ ਲਿਆ। ਏਅਰ ਫੋਰਸ ਵਿਚ ਕੋਈ 8 ਮਹੀਨੇ ਦੇ ਸਮੇਂ ਦੌਰਾਨ ਏਅਰ ਫੋਰਸ ਕੰਪੀਟੀਸ਼ਨ ਵਿਚ ਗੋਲਡ ਮੈਡਲ ਹਾਸਿਲ ਕੀਤਾ।
ਅਮਰੀਕਾ ਆਉਣ ਦਾ ਸਬੱਬ ਕਿਵੇਂ ਬਣਿਆ? ਇਸ ਬਾਰੇ ਗੁਰਮੁਖ ਸਿੰਘ ਨੇ ਦੱਸਿਆ ਕਿ ਅਸਲ ਵਿਚ ਮੇਰਾ ਦੋਸਤ ਤੀਰਥ ਸਿੰਘ, ਜੋ ਖਾਲਸਾ ਕਾਲਜ ਵਿਚ ਹੈਮਰ ਥਰੋਅ ਦਾ ਖਿਡਾਰੀ ਸੀ, ਅਮਰੀਕਾ ਆ ਗਿਆ ਤੇ ਮੈਨੂੰ ਸੁਨੇਹਾ ਲਾਇਆ ਕਿ ਇਥੇ ਖਿਡਾਰੀਆਂ ਲਈ ਹੋਰ ਵੀ ਉਚ ਪੱਧਰ ਦੀ ਆਧੁਨਿਕ ਸਿਖਲਾਈ ਉਪਲੱਬਧ ਹੈ। ਫਿਰ ਮੈਂ ਵੀ ਅਮਰੀਕਾ ਆ ਗਿਆ। ਆਇਆ ਤਾਂ ਖੇਡ ਦੀ ਉਚੇਰੀ ਟਰੇਨਿੰਗ ਲਈ ਸਾਂ, ਪਰ 1996 ਵਿਚ ਰੁਪਿੰਦਰ ਕੌਰ ਨਾਲ ਵਿਆਹ ਕਰਾ ਕੇ ਇਥੇ ਹੀ ਸੈਟਲ ਹੋ ਗਿਆ ਤੇ ਬਿਜਨਿਸ ਵਿਚ ਪੈ ਗਏ, ਪਰ ਖੇਡਾਂ ਪ੍ਰਤੀ ਲਗਾਓ ਘੱਟ ਨਾ ਹੋ ਸਕਿਆ ਤੇ ਅਭਿਆਸ ਜਾਰੀ ਰਖਿਆ।
ਹਾਲ ਹੀ ਵਿਚ ਖਤਮ ਹੋਈਆਂ ਉਲੰਪਿਕਸ ਤੇ ਪੈਰਾਉਲੰਪਿਕਸ ਵਿਚ ਖਿਡਾਰੀਆਂ ਦੇ ਪ੍ਰਦਰਸ਼ਨ ਬਾਰੇ, ਖਾਸ ਕਰ ਡਿਸਕਸ ਥਰੋਅਰ ਕਮਲਪੀ੍ਰਤ ਕੌਰ ਦੀ ਖੇਡ ਬਾਰੇ ਪੁੱਛੇ ਜਾਣ `ਤੇ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਇਨ੍ਹਾਂ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਉਲੰਪਿਕਸ ਤੇ ਪੈਰਾਉਲੰਪਿਕਸ ਵਿਚ ਮਾਣਮੱਤਾ ਖੇਡ ਪ੍ਰਦਰਸ਼ਨ ਕਰਦਿਆਂ ਮੈਡਲ ਜਿੱਤੇ ਹਨ। ਉਲੰਪਿਕਸ ਵਿਚ ਹਰ ਉਹ ਖਿਡਾਰੀ, ਜਿਨ੍ਹਾਂ ਨੇ ਕੁਆਲੀਫਾਈ ਰਾਊਂਡ ਵਿਚ ਸ਼ਾਨਦਾਰ ਖੇਡ ਨਾਲ ਚੰਗਾ ਮੁਕਾਬਲਾ ਕੀਤਾ ਹੈ, ਉਹ ਭਾਵੇਂ ਮੈਡਲ ਨਹੀਂ ਜਿੱਤ ਸਕੇ, ਪਰ ਉਨ੍ਹਾਂ ਦੇ ਬੇਮਿਸਾਲ ਪ੍ਰਦਰਸ਼ਨ ਦੀ ਹਰ ਪਾਸਿਓਂ ਭਰਪੂਰ ਪ੍ਰਸ਼ੰਸਾ ਹੋਈ ਹੈ।
ਭਾਰਤ ਦੀ ਮਰਦਾਂ ਦੀ ਹਾਕੀ ਟੀਮ ਨੇ ਇਤਿਹਾਸ ਰਚਿਆ ਹੈ। 1980 ਦੀ ਮਾਸਕੋ ਉਲੰਪਿਕਸ ਦੇ ਸੋਨੇ ਦੇ ਤਗਮੇ ਤੋਂ ਬਾਅਦ ਇਹ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ। ਮਹਿਲਾ ਹਾਕੀ ਟੀਮ ਦੀ ਜ਼ਬਰਦਸਤ ਖੇਡ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਹੁਣ ਪੂਰੇ ਦੇਸ਼ ਨੂੰ ਆਸ ਹੋ ਗਈ ਹੈ ਕਿ ਹਾਕੀ ਦਾ ਇਕ ਵਾਰੀ ਫਿਰ ਸੁਨਹਿਰੀ ਯੁੱਗ ਆਵੇਗਾ।
ਬਾਕੀ ਖਾਸ ਤੌਰ `ਤੇ ਕਮਲਪ੍ਰੀਤ ਕੌਰ ਦੀ ਗੱਲ ਕਰੀਏ ਤਾਂ ਭਾਵੇਂ ਉਹ ਛੇਵੇਂ ਸਥਾਨ `ਤੇ ਰਹੀ ਹੈ, ਪਰ ਉਸ ਦਾ ਪ੍ਰਦਰਸ਼ਨ ਤਾਰੀਫ ਦੇ ਕਾਬਲ ਹੈ। ਇੰਜ ਲਗਦਾ ਹੈ ਕਿ ਉਲੰਪਿਕਸ ਤੋਂ ਪਹਿਲਾ ਉਸ ਨੂੰ ਜਿ਼ਆਦਾ ਸਮਾਂ ਅਭਿਆਸ ਕਰਨ ਦਾ ਮੌਕਾ ਨਹੀਂ ਮਿਲਿਆ। ਉਹ ਏਸ਼ੀਅਨ ਖੇਡਾਂ ਤੇ ਰਾਸ਼ਟਰ-ਮੰਡਲ ਖੇਡਾਂ ਵਿਚ ਵੀ ਭਾਗ ਨਹੀਂ ਲੈ ਸਕੀ ਸੀ, ਪਰ ਫਿਰ ਵੀ ਉਸ ਨੇ ਸਰਬੋਤਮ ਪ੍ਰਦਰਸ਼ਨ ਕੀਤਾ ਹੈ। ਉਸ ਨੂੰ ਹੁਣ ਤੋਂ ਕਿੱਥੇ ਕਿੱਥੇ ਕਮੀ ਰਹੀ ਹੈ, ਉਸ ਦਾ ਵਿਸ਼ਲੇਸ਼ਣ ਕਰ ਕੇ ਉਸ ਨੂੰ ਦੂਰ ਕਰ ਕੇ ਮਾਹਿਰ ਕੋਚਾਂ ਦੀ ਨਿਗਰਾਨ ਹੇਠ ਆਪਣੇ ਮਿਸ਼ਨ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ। ਮੈਨੂੰ ਪੂਰੀ ਉਮੀਦ ਹੈ ਕਿ ਅਗਲੀ ਵਾਰੀ ਉਹ ਜਰੂਰ ਗੋਲਡ ਮੈਡਲ ਜਿੱਤੇਗੀ।
ਨੀਰਜ ਚੋਪੜਾ ਨੇ ਨੇਜੇਬਾਜੀ ਵਿਚ 87.58 ਮੀਟਰ ਦੀ ਥਰੋਅ ਸੁੱਟ ਕੇ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਂ ਦੁਨੀਆਂ ਭਰ ਵਿਚ ਰੌਸ਼ਨ ਕੀਤਾ ਹੈ। ਨੀਰਜ ਨੇ ਆਪਣਾ ਮੈਡਲ ਮਿਲਖਾ ਸਿੰਘ ਨੂੰ ਸਮਰਪਿਤ ਕੀਤਾ ਹੈ। ਗੁਰਮੁਖ ਸਿੰਘ ਨੇ ਮਿਲਖਾ ਸਿੰਘ ਨਾਲ ਆਪਣੀਆਂ ਮੁਲਾਕਾਤਾਂ ਤੇ ਖੇਡ ਜੀਵਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਅੱਗੇ ਕਿਹਾ ਕਿ ਮਿਲਖਾ ਸਿੰਘ ਦੀ ਖਾਹਿਸ਼ ਸੀ ਕਿ ਭਾਰਤੀ ਖਿਡਾਰੀ ਅਥਲੈਟਿਕਸ ਵਿਚ ਗੋਲਡ ਮੈਡਲ ਜਿੱਤਣ। ਉਨ੍ਹਾਂ ਮੈਨੂੰ ਤੇ ਸਾਡੀ ਟੀਮ ਨੂੰ ਵੀ ਕਿਹਾ ਸੀ ਕਿ ਅਸੀਂ ਅਥਲੈਟਿਕਸ ਵਿਚ ਗੋਲਡ ਮੈਡਲ ਜਿੱਤ ਕੇ ਲਿਆਈਏ।
ਸਾਬਕਾ ਖੇਡ ਮੰਤਰੀ ਉਮਰਾਉ ਸਿੰਘ ਨਾਲ ਵੀ ਖੇਡ ਟੂਰਨਾਮੈਂਟਾਂ ਦੌਰਾਨ ਹੋਈਆਂ ਮੁਲਕਾਤਾਂ ਬਾਰੇ ਗੁਰਮੁਖ ਸਿੰਘ ਨੇ ਦੱਸਿਆ ਉਨ੍ਹਾਂ ਨੂੰ ਹੋਰਨਾਂ ਗੇਮਾਂ ਦੇ ਨਾਲ ਅਥਲੈਟਿਕਸ ਵਿਚ ਵਿਸ਼ੇਸ਼ ਰੁਚੀ ਸੀ। ਉਨ੍ਹਾਂ ਦੀ ਵੀ ਬੜੀ ਇੱਛਾ ਸੀ ਕਿ ਸਾਡੇ ਖਿਡਾਰੀ ਉਲੰਪਿਕਸ ਵਿਚ ਅਥਲੈਟਿਕਸ ਸ਼ਾਟ ਪੁਟ, ਲੌਂਗ ਜੰਪ, ਹਾਈ ਜੰਪ, ਦੌੜਾਂ, ਮੈਰਾਥਨ, ਨੇਜੇਬਾਜੀ ਆਦਿ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਤੇ ਮੈਡਲ ਜਿੱਤ ਕੇ ਲਿਆਉਣ।
ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਖੇਡ ਕੈਂਪ ਉਦਘਾਟਨ ਦੇ ਸੰਬੋਧਨੀ ਭਾਸ਼ਨ ਨੂੰ ਯਾਦ ਕਰਦਿਆਂ ਗੁਰਮੁਖ ਸਿੰਘ ਬੋਲੇ, ਗੁਜਰਾਲ ਸਾਹਿਬ ਦੀ ਖਾਹਿਸ਼ ਸੀ ਕਿ ਖੇਡਾਂ ਨੂੰ ਅੰਤਰਰਾਸ਼ਟਰੀ ਪੱਧਰ `ਤੇ ਲੈ ਜਾਣ ਲਈ ਵਿਸ਼ੇਸ਼ ਨੀਤੀ ਘੜ ਕੇ ਹਾਕੀ, ਫੁੱਟਬਾਲ, ਕੁਸ਼ਤੀ, ਸ਼ੂਟਿੰਗ ਆਦਿ ਖੇਡਾਂ ਦੇ ਨਾਲ ਨਾਲ ਅਥਲੈਟਿਕਸ ਦੀਆਂ ਵੱਖ ਵੱਖ ਸ਼੍ਰੇਣੀਆਂ ਦੇ ਹਰ ਵਰਗ ਵਿਚ ਅੰਤਰਰਾਸ਼ਟਰੀ ਪੱਧਰ ਦੇ ਪ੍ਰਤਿਭਾਸ਼ਾਲੀ ਖਿਡਾਰੀ ਪੈਦਾ ਕਰ ਸਕੀਏ।
ਪਰ ਅੱਜ ਕਰੀਬ 70 ਸਾਲ ਬਾਅਦ ਅਥਲੈਟਿਕਸ ਵਿਚ ਇਹ ਪਹਿਲਾ ਗੋਲਡ ਮੈਡਲ ਮਿਲਿਆ ਹੈ। ਹੁਣ ਲੋਕਾਂ ਵਿਚ ਨਵੀਂ ਦ੍ਰਿਸ਼ਟੀ ਤੇ ਨਵੀਂ ਉਮੀਦ ਜਾਗੀ ਹੈ ਕਿ ਭਾਰਤੀ ਖਿਡਾਰੀ ਅਗਲੀ ਏਸ਼ੀਅਨ ਤੇ 2024 ਦੀਆਂ ਉਲੰਪਿਕਸ ਖੇਡਾਂ ਵਿਚ ਵੱਡੀ ਉਲਾਂਘ ਨਾਲ ਇਸ ਤੋਂ ਵੀ ਵੱਧ ਗੋਲਡ ਮੈਡਲ ਜਿੱਤ ਕੇ ਨਵਾਂ ਇਤਿਹਾਸ ਰਚਣਗੇ ਤੇ ਨਵੇਂ ਮੀਲ ਪੱਥਰ ਸਥਾਪਿਤ ਕਰਨਗੇ।
ਕੀ ਇਸ ਲਈ ਖੇਡ ਡਿਪਾਰਟਮੈਂਟਾਂ ਨੂੰ ਹੋਰ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ? ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? ਜਵਾਬ ਵਿਚ ਗੁਰਮੁਖ ਸਿੰਘ ਨੇ ਕਿਹਾ ਕਿ ਭਾਰਤੀ ਸਪੋਰਟਸ ਵਿਭਾਗ ਚੰਗਾ ਕੰਮ ਕਰ ਰਿਹਾ ਹੈ, ਜੋ ਅਸੀਂ ਏਨੇ ਮੈਡਲ ਜਿੱਤੇ ਹਨ, ਪਰ ਮੇਰੇ ਮਨ ਵਿਚ ਜੋ ਵਿਚਾਰ ਹਨ, ਉਹ ਸਾਂਝੇ ਕਰ ਰਿਹਾ ਹਾਂ:
1. ਆਮ ਤੌਰ `ਤੇ ਦੇਖਿਆ ਹੈ ਕਿ ਘਰੇਲੂ ਜਾਂ ਰਾਸ਼ਟਰੀ ਪੱਧਰ `ਤੇ ਆਪਣੇ ਦੇਸ਼ ਵਿਚ ਖਿਡਾਰੀ ਜਿਸ ਦੂਰੀ `ਤੇ ਗੋਲਾ ਸੁੱਟਦੇ ਹਨ, ਉਲੰਪਿਕਸ ਵਿਚ ਉਹ ਪ੍ਰਦਰਸ਼ਨ ਦੁਹਰਾਅ ਨਹੀਂ ਪਾਉਂਦੇ। ਇਸ ਲਈ ਅੰਤਰਰਾਸ਼ਟਰੀ ਮੈਚਾਂ ਲਈ ਮਾਨਸਿਕ ਤਿਆਰੀ ਬਹੁਤ ਜਰੂਰੀ ਹੈ, ਕਿੳਂੁਕਿ ਦੂਸਰੇ ਦੇਸ਼ਾਂ ਦੇ ਖਿਡਾਰੀਆਂ ਵਲੋਂ ਬਹੁਤ ਸਖਤ ਚੁਣੌਤੀ ਮਿਲਦੀ ਹੈ। ਇਸ ਲਈ ਉਲੰਪਿਕਸ ਜਾਂ ਏਸ਼ੀਅਨ ਗੇਮਾਂ ਵਿਚ ਖਿਡਾਰੀ ਕਿਸੇ ਦਬਾਅ ਵਿਚ ਨਾ ਆ ਸਕਣ, ਉਸ ਵਾਸਤੇ ਮਾਨਸਿਕ ਤੌਰ `ਤੇ ਸਕਾਰਾਤਮਕ ਮਾਹੌਲ ਲਈ ਕੋਚਾਂ ਅਤੇ ਫਿਜ਼ੀਕਲ ਟਰੇਨਰਾਂ ਦਾ ਸਾਥ ਤੇ ਹੌਸਲਾ ਹਫਜ਼ਾਈ ਬਹੁਤ ਜਰੂਰੀ ਹੈ।
2. ਨੌਜਵਾਨ ਪੀੜ੍ਹੀ ਦੇ ਖਿਡਾਰੀਆਂ ਨੂੰ ਕੋਚਾਂ ਤੇ ਫਿਜ਼ੀਕਲ ਟਰੇਨਰਾਂ ਨਾਲ ਮਿਲ ਕੇ ਸੀਜ਼ਨਲ ਮੁਕਾਬਲੇ ਵਧਾਉਣੇ ਚਾਹੀਦੇ ਹਨ ਤਾਂ ਕਿ ਖਿਡਾਰੀ ਹਰ ਮੌਸਮ ਵਿਚ ਆਪਣੇ ਆਪ ਨੂੰ ਢਾਲ ਸਕਣ ਦੇ ਆਦੀ ਹੋ ਜਾਣ।
3. ਖਿਡਾਰੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਪੇ੍ਰਰਣਾ ਦੇਣ ਲਈ ਸਪੋਰਟਸ ਸੈਮੀਨਾਰ ਕਰਵਾਉਣੇ ਚਾਹੀਦੇ ਹਨ, ਭਵਿੱਖ ਦੀਆਂ ਪੀੜ੍ਹੀਆਂ ਨੂੰ ਨਵੀਂ ਸੇਧ ਦੇ ਕੇ ਇਸ ਦਿਸ਼ਾ ਵੱਲ ਨਿੱਗਰ ਕਦਮ ਚੁੱਕਣ ਦੀ ਲੋੜ ਹੈ।
4. ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ, ਭਾਰਤੀ ਖੇਡ ਫੈਡਰੇਸ਼ਨ, ਪੰਜਾਬ ਸਪੋਰਟਸ ਡਿਪਾਰਟਮੈਂਟ ਦੇ ਆਪਸੀ ਤਾਲ-ਮੇਲ ਨਾਲ ਖਿਡਾਰੀਆਂ ਨੂੰ ਆਪਣੀ ਸਟੇਟ ਦੇ ਟੂਰਨਾਮੈਂਟ ਦੇ ਨਾਲ ਨਾਲ ਦੂਜੇ ਰਾਜਾਂ ਦੇ ਟੂਰਨਾਮੈਂਟਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਨ੍ਹਾਂ ਵਿਭਾਗਾਂ ਨੂੰ ਬਾਕੀ ਖੇਡਾਂ ਦੇ ਨਾਲ ਨਾਲ ਅਥਲੈਟਿਕਸ ਵਿਚ ਜਰੂਰ ਹੁਲਾਰਾ ਦੇਣਾ ਚਾਹੀਦਾ ਹੈ।
5. ਖੇਡ ਸਹੂਲਤਾਂ, ਖੇਡ ਸਟੇਡੀਅਮ ਤੇ ਸਪੋਰਟਸ ਅਦਾਰਿਆਂ ਦੀ ਤਾਦਾਦ ਵਧਾਉਣੀ ਚਾਹੀਦੀ ਹੈ। ਇਸ ਲਈ ਵਿਆਪਕ ਨੀਤੀ ਹੇਠ ਪਹਿਲਕਦਮੀ ਕਰਨ ਦੀ ਲੋੜ ਹੈ।
6. ਹੁਣ ਤਾਂ ਇਲੈਕਟ੍ਰਾਨਿਕ ਯੁਗ ਹੈ, ਸਾਡੇ ਵੇਲੇ ਨਹੀਂ ਸੀ। ਉਭਰ ਰਹੇ ਖਿਡਾਰੀਆਂ ਨੂੰ ਭਾਰਤ ਦੇ ਬਾਹਰ ਮੁਲਕਾਂ ਵਿਚ ਵਸਦੇ ਸਾਬਕਾ ਅੰਤਰਰਾਸ਼ਟਰੀ ਖਿਡਾਰੀਆਂ ਤੇ ਅਨੁਭਵੀ ਕੋਚਾਂ ਕੋਲੋ ਯੂ-ਟਿਊਬ, ਸ਼ੋਸ਼ਲ ਮੀਡੀਆ ਤੇ ਜ਼ੂਮ ਰਾਹੀਂ ਆਪਣੀਆਂ ਖੇਡ ਦੀਆਂ ਖਾਮੀਆਂ ਨੂੰ ਸੁਧਾਰਨ ਲਈ ਟਿਪਸ ਲੈਣੇ ਚਾਹੀਦੇ ਹਨ।
7. ਵਿਦੇਸ਼ਾਂ ਵਿਚ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਖੇਡ ਵਿਦਿਆਰਥੀਆਂ ਨੂੰ ਵਿਸ਼ੇਸ਼ ਤਰਜੀਹ ਤੇ ਸਨਮਾਨ ਦਿੱਤਾ ਜਾਂਦਾ ਹੈ। ਵਿਦੇਸ਼ੀ ਖਿਡਾਰੀ ਛੋਟੀ ਉਮਰ ਵਿਚ ਸਕੂਲੀ ਵਿਦਿਆਰਥੀ ਹੋਣ ਸਮੇਂ ਹੀ ਦੁਨੀਆਂ ਭਰ ਦੇ ਟੂਰਨਾਮੈਂਟਾਂ ਵਿਚ ਹਿੱਸਾ ਲੈਂਦੇ ਹਨ, ਪਰ ਸਾਡੇ ਸਕੂਲਾਂ ਦੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ `ਤੇ ਖੇਡਣ ਦੇ ਬਹੁਤ ਘੱਟ ਮੌਕੇ ਮਿਲਦੇ ਹਨ।
8. ਖਿਡਾਰੀਆਂ ਲਈ ਖੇਡ ਕੋਟੇ ਵਿਚ ਰਾਖਵੀਆਂ ਪੋਸਟਾਂ ਰੱਖ ਕੇ ਯਕੀਨੀ ਰੋਜ਼ਗਾਰ ਹੋਣਾ ਚਾਹੀਦਾ ਤਾਂ ਕਿ ਖਿਡਾਰੀ ਆਪਣੀ ਖੇਡ ਵੱਲ ਧਿਆਨ ਦੇ ਸਕਣ।
9. ਭਾਰਤ ਦੀਆਂ ਪ੍ਰਾਈਵੇਟ ਸਪੋਰਟਸ ਅਕੈਡਮੀਆਂ ਦੀਆਂ ਫੀਸਾਂ ਬਹੁਤ ਮਹਿੰਗੀਆਂ ਹਨ। ਵਿਦੇਸ਼ਾਂ ਵਿਚ ਰਹਿੰਦੇ ਖੇਡ ਪ੍ਰੇਮੀਆਂ, ਖੇਡ ਕਲੱਬਾਂ ਤੇ ਟੂਰਨਾਮੈਂਟ ਕਮੇਟੀਆਂ ਤੇ ਖੇਡ ਸਪਾਂਸਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਆਪਣੇ ਪਿੰਡ ਜਾਂ ਸ਼ਹਿਰ, ਆਪਣੇ ਹਲਕੇ ਜਾਂ ਕਿਸੇ ਵੀ ਸੂਬੇ ਵਿਚੋਂ ਘੱਟੋ ਘੱਟ ਇਕ ਉਤਮ ਖਿਡਾਰੀ ਜਾਂ ਟੀਮ ਦੇ ਖਰਚੇ ਤੇ ਟਰੇਨਿੰਗ ਦਾ ਖਰਚਾ ਚੁੱਕਣਾ ਚਾਹੀਦਾ ਹੈ। ਵਿਦੇਸ਼ੀ ਖੇਡ ਪ੍ਰੇਮੀ ਇਸ ਵਿਚ ਇਹ ਅਹਿਮ ਰੋਲ ਅਦਾ ਕਰ ਸਕਦੇ ਹਨ।
ਗੁਰਮੁਖ ਸਿੰਘ ਨੇ ਕਿਹਾ ਕਿ ਮੈਨੂੰ ਇਹ ਮਲਾਲ ਜਰੂਰ ਹੈ ਕਿ ਮੈਂ ਏਸ਼ੀਆ ਜਾਂ ਉਲੰਪਿਕਸ ਵਿਚ ਨਹੀਂ ਖੇਡ ਸਕਿਆ। ਮੇਰੇ ਨਾਲ ਐਨ. ਆਈ. ਐਸ. ਪਟਿਆਲਾ ਵਿਚ, ਹੋਰ ਟੂਰਨਾਮੈਂਟਾਂ ਵਿਚ ਨਾਲ ਖੇਡਦੇ ਤੇ ਪ੍ਰੈਕਟਿਸ ਕਰਦੇ ਰਹੇ ਖਿਡਾਰੀ ਸ਼ਾਟ ਪੁੱਟਰ ਮਨਜੀਤ ਸਿੰਘ ਢੇਸੀ (ਏਸ਼ੀਅਨ ਗੋਲਡ ਮੈਡਲਿਸਟ), ਬਹਾਦੁਰ ਸਿੰਘ ਸਗੂ (ਸ਼ਾਟ ਪੁੱਟ ਏਸ਼ੀਆ ਗੋਲਡ ਮੈਡਲਿਸਟ), ਸੁਖਬੀਰ ਸਿੰਘ ਜੈਵਿਲਿਨ ਥਰੋਅ (ਏਸ਼ੀਅਨ ਗੋਲਡ ਮੈਡਲਿਸਟ), ਸਤਕਰਣ ਸਿੰਘ ਚੀਮਾ (ਗਾਇਕ ਸਰਬਜੀਤ ਸਿੰਘ ਚੀਮਾ ਦੇ ਭਰਾ) ਨੇ ਮੈਡਲ ਜਿੱਤ ਕੇ ਭਾਰਤ ਦੀ ਸ਼ਾਨ ਵਧਾਈ ਹੈ। ਹੋਰ ਸਾਥੀ ਖਿਡਾਰੀ, ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ `ਤੇ ਵਧੀਆ ਪ੍ਰਦਰਸ਼ਨ ਕੀਤਾ। ਉਹ ਅੱਜ ਸਿਵਿਲ ਸਰਵਿਸ, ਪੁਲਿਸ ਵਿਭਾਗ ਵਿਚ ਉੱਚ ਅਹੁਦਿਆਂ `ਤੇ ਹਨ ਜਾਂ ਸਿਆਸੀ ਪਾਰਟੀਆਂ ਵਿਚ ਹਨ। ਉਨ੍ਹਾਂ ਨਾਲ ਖੇਡਾਂ ਬਾਰੇ ਅਕਸਰ ਚਰਚਾ ਹੰੁਦੀ ਰਹਿੰਦੀ ਹੈ ਤਾਂ ਆਪਣੇ ਪੁਰਾਣੇ ਦਿਨ ਯਾਦ ਆ ਜਾਂਦੇ ਹਨ।
ਪਰ ਹੁਣ ਗੁਰਮੁਖ ਸਿੰਘ ਆਪਣਾ ਇਹ ਸੁਪਨਾ ਭਾਰਤ ਦੇ ਨਵੇਂ ਸਪੋਰਟਸ ਟੈਲੇਂਟ ਵਿਚ ਦੇਖਦੇ ਹਨ। ਉਹ ਜਦੋਂ ਵੀ ਭਾਰਤ ਜਾਂਦੇ ਹਨ, ਅਮਰੀਕਾ ਦੇ ਸਪੋਰਟਸ ਸਟੋਰਾਂ ਤੋਂ ਉਭਰ ਰਹੇ ਖਿਡਾਰੀਆਂ ਲਈ ਖੇਡਾਂ ਦਾ ਸਾਜੋ਼ ਸਾਮਾਨ, ਸਪੋਰਟਸ ਕਿੱਟ ਤੇ ਫਿਟਨੈਸ ਦਾ ਅਤਿ ਆਧੁਨਿਕ ਸਮਾਨ ਲੈ ਕੇ ਜਾਂਦੇ ਹਨ ਤਾਂ ਜੋ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਉਨ੍ਹਾਂ ਦੀ ਪੜ੍ਹਾਈ ਅਤੇ ਖੇਡ ਵਿਚ ਕੋਈ ਰੋਕ ਨਾ ਪਵੇ ਤੇ ਉਹ ਯੋਗ ਖਿਡਾਰੀ ਬਣ ਸਕਣ। ਜਿਹੜੇ ਮਾਪੇ ਬੱਚਿਆਂ ਨੂੰ ਮਾਲੀ ਹਾਲਾਤ ਕਰਕੇ ਸਕੂਲ ਜਾਂ ਮੈਦਾਨ ਵਿਚ ਭੇਜਣੋਂ ਅਸਮਰਥ ਹਨ, ਉਨ੍ਹਾਂ ਦੀ ਦਿਲ ਖੋਲ੍ਹ ਕੇ ਮਦਦ ਕਰਦੇ ਹਨ। ਪੰਜਾਬ ਦੇ ਸਕੂਲਾਂ ਤੇ ਖੇਡ ਅਕੈਡਮੀਆਂ ਵਿਚ ਆਪਣਾ ਬਣਦਾ ਯੋਗਦਾਨ ਪਾਉਂਦੇ ਹਨ।
ਇਸ ਤੋਂ ਇਲਾਵਾ ਆਪਣੀ ਭਾਰਤ ਫੇਰੀ ਦੌਰਾਨ ਗਰੀਬ ਪਰਿਵਾਰ ਦੀਆਂ ਕੁੜੀਆਂ ਦੇ ਵਿਆਹ ਕਰਵਾਉਣ ਲਈ ਉਨ੍ਹਾਂ ਦੇ ਮਾਪਿਆਂ ਦੀ ਮਾਲੀ ਮਦਦ ਕਰਦੇ ਹਨ। ਇਥੇ ਹੀ ਬੱਸ ਨਹੀਂ, ਪ੍ਰਦੂਸ਼ਣ ਤੋਂ ਬਚਾਓ ਲਈ ਅਤੇ ਚੰਗੇ ਵਾਤਾਵਰਣ ਹਿੱਤ ਰੁੱਖ ਲਾਉਣ ਲਈ ਵਿਸ਼ੇਸ਼ ਤੌਰ `ਤੇ ਯੋਗਦਾਨ ਪਾਉਂਦੇ ਹਨ ਤੇ ਖੁਦ ਕਈ ਬੂਟੇ ਲਾ ਕੇ ਆਉਂਦੇ ਹਨ।
ਗੁਰਮੁਖ ਸਿੰਘ ਇਸ ਮਾਮਲੇ ਵਿਚ ਇਥੇ ਅਮਰੀਕਾ ਵਿਚ ਵੀ ਸਰਗਰਮ ਹਨ। ਇਥੋਂ ਦੀਆਂ ਲੋਕਲ ਤੇ ਮਿਡਵੈਸਟ ਦੀਆਂ ਧਾਰਮਿਕ ਸੁਸਾਇਟੀਆਂ, ਖੇਡ ਕੁੱਦ ਅਤੇ ਸਭਿਆਚਾਰਕ ਸਰਗਰਮੀਆਂ ਨਾਲ ਜੁੜੀਆਂ ਸੰਸਥਾਵਾਂ, ਹੋਰ ਕਈ ਸੁਸਾਇਟੀਆਂ ਨੂੰ ਯੋਗਦਾਨ ਦਿੰਦੇ ਰਹਿੰਦੇ ਹਨ। ਖੇਡ ਮੇਲਿਆਂ ਵਿਚ ਵੀ ਬਣਦਾ ਯੋਗਦਾਨ ਪਾਉਂਦੇ ਹਨ ਅਤੇ ਖਿਡਾਰੀਆਂ ਨੂੰ ਨਕਦ ਇਨਾਮ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਉਂਦੇ ਹਨ।
ਇਥੇ ਮਿਲਵਾਕੀ, ਸਿ਼ਕਾਗੋ, ਇੰਡੀਆਨਾ ਵਿਚ ਪ੍ਰਭਆਸਰਾ ਜਾਂ ਬੜੂ ਸਾਹਿਬ ਅਕੈਡਮੀ ਸਮੇਤ ਕੋਈ ਵੀ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਆਉਂਦੇ ਹਨ ਤਾਂ ਗੁਰਮੁਖ ਸਿੰਘ ਆਪ ਤਾਂ ਹਿੱਸਾ ਪਾਉਂਦੇ ਹੀ ਹਨ, ਹੋਰਨਾਂ ਨੂੰ ਵੀ ਇਨ੍ਹਾਂ ਦੇ ਕਾਰਜਾਂ ਲਈ ਫੰਡ ਇਕੱਠਾ ਕਰਨ ਲਈ ਪ੍ਰੇਰਦੇ ਹਨ। ਇਸ ਦੇ ਨਾਲ ਧਾਰਮਿਕ ਕੰਮਾਂ ਵਿਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ। ਡਾ. ਗੁਰਨਾਮ ਸਿੰਘ ਸਮੇਤ ਕਈ ਨਾਮੀ ਰਾਗੀ ਜਥੇ ਜਦੋਂ ਮਿਡਵੈਸਟ ਵਿਚ ਕੀਰਤਨ ਲਈ ਆਉਂਦੇ ਹਨ ਤਾਂ ਗੁਰਮੁਖ ਸਿੰਘ ਨੂੰ ਮਿਲ ਕੇ ਜਾਂਦੇ ਹਨ। ਉਹ ਵੀ ਉਨ੍ਹਾਂ ਦੀ ਸੇਵਾ ਵਿਚ ਕੋਈ ਕਸਰ ਨਹੀਂ ਛੱਡਦੇ। ਗੁਰਮੁਖ ਸਿੰਘ ਸਮਾਜਿਕ, ਧਾਰਮਿਕ ਕੰਮਾਂ ਤੇ ਖੇਡ ਖਿਡਾਰੀਆਂ ਦੀ ਮਦਦ ਤੇ ਸੇਵਾ ਲਈ ਹਰਦਮ ਤਿਆਰ ਰਹਿੰਦੇ ਹਨ।
ਗੁਰਮੁਖ ਸਿੰਘ ਦੀ ਪਤਨੀ ਰੁਪਿੰਦਰ ਕੌਰ, ਬੱਚੇ-ਸਹਿਬਾਜ ਸਿੰਘ ਤੇ ਬਾਰਿਕ ਜੋਤ ਸਿੰਘ ਜਿਥੇ ਆਪਣੀ ਡਾਕਟਰੀ ਦੀ ਪੜ੍ਹਾਈ ਕਰ ਰਹੇ ਹਨ, ਉਥੇ ਆਪਣੇ ਪਿਤਾ ਨਾਲ ਉਨ੍ਹਾਂ ਦੇ ਹਰ ਸਮਾਜਿਕ, ਧਾਰਮਿਕ, ਖੇਡ ਤੇ ਬਿਜਨਸ ਦੇ ਕਾਰਜਾਂ ਵਿਚ ਮਨੋਂ ਤਨੋਂ ਸਾਥ ਦਿੰਦੇ ਹਨ। ਗੁਰਮੁਖ ਸਿੰਘ ਨਾਲ ਸੰਪਰਕ ਫੋਨ: 414-339-3689 ਰਾਹੀਂ ਕੀਤਾ ਜਾ ਸਕਦਾ ਹੈ।