‘ਅੱਲੋ ਸੱਕਾ’ ਤੇ ‘ਬਾਵਾ ਫਕੀਰ’ ਦੀ ਕਹਾਣੀ-ਮੇਰੀ ਜ਼ਬਾਨੀ

1947 ਦੀ ਭਾਰਤ-ਪਾਕਿ ਵੰਡ ਦੇ ਸੰਦਰਭ ‘ਚ
ਕੈਪਟਨ ਇਕਬਾਲ ਸਿੰਘ ਵਿਰਕ
ਬਰੈਂਪਟਨ, ਕੈਨੇਡਾ
ਫੋਨ: 1-637-631-9445
ਇਹ ਕਹਾਣੀ ਭਾਰਤ-ਪਾਕਿਸਤਾਨ ਦੀ ਵੰਡ (1947) ਤੋਂ ਪਹਿਲਾਂ ਦੀ ਹੈ। ‘ਅੱਲੋ ਸੱਕਾ’ ਨਾਂ ਦਾ ਇਕ ਸ਼ਖਸ ਮੁਸਲਮਾਨ ਪਰਿਵਾਰ ਵਿਚੋਂ ਸੀ ਅਤੇ ‘ਬਾਵਾ ਫਕੀਰ’ ਵੀ ਮੁਸਲਮਾਨ ਹੀ ਸੀ, ਪਰ ਕਹਾਣੀਆਂ ਦੋਹਾਂ ਦੀਆਂ ਵੱਖਰੀਆਂ ਹਨ। ਅੱਲੋ ਸੱਕਾ ਦੇ ਪਰਿਵਾਰ ਦਾ ਘਰ ਸਾਡੀ ਗਲੀ ਵਿਚ ਸਾਡੇ ਘਰ ਤੋਂ ਕੋਈ ਦੋ ਸੌ ਗਜ਼ ਦੀ ਦੂਰੀ ‘ਤੇ ਸੀ। ਉਸ ਦਾ ਤੇ ਉਸ ਦੇ ਭਰਾਵਾਂ ਦੇ ਘਰ ਛੋਟੇ-ਛੋਟੇ ਸਨ ਅਤੇ ਇਹ ਸਾਰੇ ਥੋੜ੍ਹੇ ਜਿਹੇ ਥਾਂ ਵਿਚ ਹੀ ਬਣੇ ਹੋਏ ਸਨ। ਅੱਲੋ ਸੱਕਾ ਆਪ ਪਿੰਡ ਵਿਚ ਪਾਣੀ ਭਰਨ ਦਾ ਕੰਮ ਕਰਦਾ ਸੀ।

ਉਦੋਂ ਨਲਕੇ ਕਿਸੇ ਵਿਰਲੇ ਘਰ ਵਿਚ ਹੀ ਸਨ। ਸਾਡੇ ਘਰ ਦੇ ਨੇੜੇ ਹੀ ਇਕ ਖੂਹੀ ਹੁੰਦੀ ਸੀ ਅਤੇ ਅੱਲਾ ਸੱਕਾ ਉੱਥੋਂ ਪਾਣੀ ਭਰ ਕੇ ਘਰੋ-ਘਰੀ ਪਹੁੰਚਾਉਂਦਾ ਸੀ। ਪਿੰਡ ਵਿਚ ਇਕ ਖੂਹ ਵੀ ਸੀ, ਜੋ ਸਾਡੇ ਘਰੋਂ ਥੋੜ੍ਹਾ ਦੂਰ ਪੈਂਦਾ ਸੀ। ਖੂਹਾਂ ਦੇ ਪਾਣੀ ਉਦੋਂ ਬਹੁਤੇ ਡੂੰਘੇ ਨਹੀਂ ਸਨ ਹੁੰਦੇ। ਅੱਲੋ ਸੱਕਾ ਦੋ ਬਲਦਾਂ ਨੂੰ ਜੋੜ ਕੇ ਚਮੜੇ ਦੇ ਬਣੇ ਹੋਏ ਬੋਕੇ ਨਾਲ ਉਸ ਖੂਹ ਵਿਚੋਂ ਪਾਣੀ ਕੱਢਦਾ ਅਤੇ ਉਸ ਨੂੰ ਲੋਹੇ ਦੀ ਬਣੀ ਇਕ ਟਂੈਕੀ ਵਿਚ ਇਕੱਠਾ ਕਰ ਲੈਂਦਾ। ਫਿਰ ਮੋਢੇ ‘ਤੇ ਪਾਏ ਪਟੇ ਨਾਲ ਬੰਨ੍ਹੀ ਹੋਈ ਮਸ਼ਕ ਵਿਚ ਟੈਂਕੀ ਤੋਂ ਪਾਣੀ ਭਰ ਕੇ ਉਹ ਘਰਾਂ ਵਿਚ ਜਾ ਕੇ ਲੋਕਾਂ ਦੇ ਘੜੇ ਭਰਦਾ ਸੀ। ਇਕ ਮਸ਼ਕ ਨਾਲ ਕਰੀਬ ਤਿੰਨ ਘੜੇ ਭਰ ਜਾਂਦੇ ਸਨ। ਮਸ਼ਕ ਵਿਚੋਂ ਚੋਂਦੇ ਪਾਣੀ ਨਾਲ ਅੱਲੋ ਸੱਕਾ ਦੀ ਢੂਈ ਹਾੜ-ਸਿਆਲ ਗਿੱਲੀ ਹੀ ਰਹਿੰਦੀ। ਮੈਨੂੰ ਉਸ ਵੱਲ ਵੇਖ ਕੇ ਬੜਾ ਤਰਸ ਆਉਂਦਾ, ਖਾਸ ਕਰਕੇ ਸਰਦੀਆਂ ਵਿਚ ਜਦੋਂ ਠੰਢ ਵੀ ਵਾਹਵਾ ਹੁੰਦੀ।
ਸਾਡੇ ਪਰਿਵਾਰ ਵਾਲੇ 15 ‘ਤੋੜੇ’ (ਘੜੇ) ਰੋਜ਼ਾਨਾ ਭਰਨ ਦੇ ਉਸ ਨੂੰ ਮਹੀਨੇ ਦੇ ਦੋ ਰੁਪਏ ਦਿੰਦੇ ਸਨ। ਉਦੋਂ ਦੋ ਰੁਪਏ ਵੀ ਬੜੀ ਵੱਡੀ ਰਕਮ ਸਮਝੀ ਜਾਂਦੀ ਸੀ। ਸਸਤੇ ਜ਼ਮਾਨੇ ਸਨ, ਦੋ ਆਨੇ ਦਾ ਤਾਂ ‘ਤੌੜਾ’ ਆ ਜਾਂਦਾ ਸੀ। ਅਸੀਂ ਅੱਲੋ ਸੱਕੇ ਨੂੰ ਹਾੜੀ-ਸਾਉਣੀ ‘ਦਾਣਾ-ਫੱਕਾ’ ਵੀ ਦੇ ਦਿੰਦੇ। ਹਾੜੀ ਦੇ ਸਮੇਂ ਕਣਕ ਦੀ ਵਢਾਈ ਮੌਕੇ ਅੱਲੋ ਸੱਕਾ ਖੇਤਾਂ ਵਿਚ ਵਾਢਿਆਂ ਨੂੰ ਪਾਣੀ ਪਿਆਉਣ ਦਾ ਕੰਮ ਵੀ ਕਰਦਾ ਸੀ। ਲੋਕਾਂ ਨੇ ਖੇਤਾਂ ਵਿਚ ਤੌੜੇ ਰੱਖੇ ਹੁੰਦੇ ਸਨ ਅਤੇ ਅੱਲੋ ਸੱਕੇ ਨੇ ਉਹ ਭਰ ਜਾਣੇ ਅਤੇ ਵਾਢਿਆਂ ਨੂੰ ਉਸ ਨੇ ਮਸ਼ਕ ਵਿਚੋਂ ਬੁੱਕਾਂ ਨਾਲ ਠੰਢਾ ਪਾਣੀ ਪਿਆ ਜਾਣਾ। ਪਿੰਡ ਦੇ ਸਾਰੇ ਘਰ ਉਸ ਨੂੰ ਕਣਕ ਦੀ ਇਕ-ਇਕ ਭਰੀ ਦਿੰਦੇ ਸਨ। ਉਹ ਭਰੀਆਂ ਇਕੱਠੀਆਂ ਕਰ ਲੈਂਦਾ ਅਤੇ ਇਸ ਤਰ੍ਹਾਂ ਉਸ ਦੇ ਸਾਲ ਜੋਗੇ ਦਾਣੇ ਬਣ ਜਾਂਦੇ ਸਨ। ਉਦੋਂ ਝੋਨਾ ਕੋਈ ਵੀ ਨਹੀਂ ਸੀ ਬੀਜਦਾ ਅਤੇ ਸਾਉਣੀ ਦੀ ਮੁੱਖ ਫਸਲ ਮੱਕੀ ਤੇ ਕਪਾਹ ਹੀ ਹੁੰਦੀ ਸੀ।
ਆਖਰ 15 ਅਗਸਤ 1947 ਦਾ ਉਹ ਮਨਹੂਸ ਦਿਨ ਆ ਗਿਆ, ਜਦੋਂ ਦੋ ਨੇਤਾਵਾਂ ਵਿਚਕਾਰ ਕੁਰਸੀ ਦੀ ਜਿ਼ਦ ਸਦਕਾ ਸਾਡੇ ਦੇਸ਼ ਹਿੰਦੋਸਤਾਨ ਦੇ ਦੋ ਟੁਕੜੇ ਹੋ ਗਏ। ਮੈਨੂੰ ਉਹ ਦਿਨ ਕਦੇ ਵੀ ਨਹੀਂ ਭੁੱਲਿਆ ਅਤੇ ਨਾ ਹੀ ਇਹ ਕਦੇ ਭੁੱਲ ਸਕਦਾ ਹੈ, ਜਦੋਂ ਅੱਲੋ ਸੱਕੇ ਦੀ 11 ਵਰ੍ਹਿਆਂ ਦੀ ਗੋਰੀ ਨਿਛੋਹ ਲੜਕੀ ਮੇਰੀ ਚਾਚੀ ਕੋਲ ਖੜ੍ਹੀ ਰੋ-ਰੋ ਕੇ ਆਖ ਰਹੀ ਸੀ, “ਅੰਮਾ, ਤੂੰ ਮੈਨੂੰ ਏਥੇ ਰੱਖ ਲੈ। ਮੈਂ ਤੇਰਾ ਮੁੰਡਾ ਖਿਡਾਅ ਛੱਡਿਆ ਕਰੂੰਗੀ।” ‘ਅੰਮਾ’ ਉਹ ਮੇਰੀ ਚਾਚੀ ਨੂੰ ਕਹਿੰਦੀ ਹੁੰਦੀ ਸੀ। ਮੇਰੇ ਚਾਚੇ ਦਾ ਮੁੰਡਾ ਉਦੋਂ ਛੇ ਕੁ ਮਹੀਨੇ ਦਾ ਸੀ ਅਤੇ ਉਹ ਚਾਚੀ ਨੂੰ ਉਹ ਮੁੰਡਾ ਖਿਡਾਉਣ ਲਈ ਹੀ ਉੱਥੇ ਰੱਖਣ ਲਈ ਤਰਲੇ ਮਾਰ ਰਹੀ ਸੀ। ਉਹ ਹੁਣ ਪੋਤਿਆਂ ਵਾਲਾ ਹੋ ਚੁਕਾ ਹੈ। ਜਦੋਂ ਉਹ ਮੇਰੀ ਚਾਚੀ ਦੇ ਗਲ ਲੱਗ ਕੇ ਤਰਲੇ ਪਾ ਰਹੀ ਸੀ ਤਾਂ ਮੈਂ ਉਦੋਂ ਕੋਲ ਹੀ ਖੜ੍ਹਾ ਸਾਂ। ਉਹ ਮੇਰੇ ਨਾਲੋਂ ਕੁਝ ਵੱਡੀ ਸੀ, ਪਰ ਖੇਡਦੀ ਸਾਡੇ ਨਾਲ ਹੀ ਹੁੰਦੀ ਸੀ।
1947 ਦੀ ਭਾਰਤ-ਪਾਕਿ ਵੰਡ ਦਾ ਪਤਾ ਮੈਨੂੰ ਸਵੇਰੇ ਉਸ ਦਿਨ ਲੱਗਾ ਸੀ, ਜਦੋਂ ਅੱਲੋ ਸਕਾ, ਉਸ ਦੇ ਪਰਿਵਾਰ ਦੇ ਜੀਅ ਅਤੇ ਸਾਕ-ਸਬੰਧੀ ਘਰੇਲੂ ਸਮਾਨ ਦੀਆਂ ਗੰਢੜੀਆਂ ਬੰਨ੍ਹ ਕੇ ਆਪਣੇ ਗਧਿਆਂ-ਘੋੜਿਆਂ ‘ਤੇ ਲੱਦ ਕੇ ਅਤੇ ਕਈ ਹੋਰ ਗੱਡੇ-ਗੱਡੀਆਂ ਵਿਚ ਰੱਖ ਕੇ ਆਪ ਪੈਦਲ ਤੁਰਦੇ ਹੋਏ ਪਿੰਡੋਂ ਪਤਾ ਨਹੀਂ ਕਿੰਨੀ ਕੁ ਦੂਰ ਜਾ ਚੁਕੇ ਸਨ। ਅੱਲੋ ਸੱਕੇ ਦੀ ਲੜਕੀ ‘ਨੂਰਾਂ’ ਆਪਣੇ ਪਰਿਵਾਰ ਤੋਂ ਅੱਖ ਚੁਰਾ ਕੇ ਸਵੇਰੇ-ਸਵੇਰ ਹੀ ਸਾਡੇ ਘਰ ਆ ਗਈ ਸੀ। ਮੈਂ ਅੱਜ ਵੀ ਇਹ ਸੋਚਦਾ ਹਾਂ ਕਿ ਅੱਲੋ ਸੱਕਾ ਅਤੇ ਉਹਦੇ ਵਰਗੇ ਹੋਰ ਗਰੀਬਾਂ-ਗੁਰਬਿਆਂ ਨੇ ਭਲਾ ਸਾਨੂੰ ਕੀ ਆਖਣਾ ਸੀ। ਉਨ੍ਹਾਂ ਦਾ ਕਸੂਰ ਸਿਰਫ ਏਨਾ ਹੀ ਸੀ ਕਿ ਉਹ ਮੁਸਲਮਾਨ ਸਨ। ਸਾਡੇ ਪਰਿਵਾਰ ਵਾਲਿਆਂ ਨੇ ਨੂਰਾਂ ਦੀ ਫਰਿਆਦ ਸੁਣ ਕੇ ਉਸ ਨੂੰ ਚਾਚੇ ਦੇ ਪੁੱਤਰ ਦੀ ਖਿਡਾਵੀ ਦੇ ਤੌਰ ‘ਤੇ ਰੱਖ ਲਿਆ। ਉਸ ਨੂੰ ਧੀਆਂ ਵਾਲਾ ਪਿਆਰ ਦਿੱਤਾ ਅਤੇ ਫਿਰ ਆਪਣੀ ਧੀ ਮੰਨਦਿਆਂ ਨੇੜਲੇ ਪਿੰਡ ਦੇ ਇਕ ਮੁਸਲਿਮ ਪਰਿਵਾਰ ਵਿਚ ਮੰਗਿਆ ਤੇ ਵਿਆਹਿਆ। ਉਹ ਸਾਰੀ ਉਮਰ ਉਹ ਉਸ ਨੂੰ ਧੀਆਂ ਵਾਂਗ ਮੰਨਦੇ ਰਹੇ।
ਹੁਣ ਮੈਂ ਦੂਸਰੇ ਸ਼ਖਸ ਬਾਵਾ ਫਕੀਰ ਦੀ ਜੀਵਨ-ਕਹਾਣੀ ਬਾਰੇ ਦੱਸਣਾ ਚਾਹਾਂਗਾ। ਇਹ ਵੀ ਸਭ ਮੇਰੇ ਸਾਹਮਣੇ ਵਾਪਰਿਆ ਸੀ। ਮੈਂ ਉਦੋਂ ਸਾਢੇ ਛੇ ਕੁ ਸਾਲਾਂ ਦਾ ਸਾਂ। ਬਾਵਾ ਫਕੀਰ ਦੇ ਘਰ ਨੂੰ ਸਾਰੇ ‘ਫਕੀਰਾਂ ਦਾ ਘਰ’ ਕਹਿੰਦੇ ਸਨ। ਉਨ੍ਹਾਂ ਦੇ ਵਿਹੜੇ ਵਿਚ ਦੋ ਘਰ ਸਨ ਅਤੇ ਬਾਵਾ ਫਕੀਰ ਦਾ ਘਰ ਉਨ੍ਹਾਂ ਦੋਹਾਂ ਵਿਚੋਂ ਵੱਡਾ ਸੀ। ਉਸ ਦੀਆਂ ਦੋ ਸ਼ਾਦੀਆਂ ਸਨ ਅਤੇ ਪਹਿਲੀ ਬੇਗਮ ਦਾ ਨਾਂ ‘ਰਹਿਮੋ’ ਤੇ ਦੂਸਰੀ ‘ਮੁਰਾਦੋ’ ਸੀ। ਰਹਿਮੋ ਦੀ ਕੋਈ ਔਲਾਦ ਨਹੀਂ ਸੀ ਅਤੇ ਦੂਸਰੀ ਬੇਗਮ ਮੁਰਾਦੋ ਦਾ ਇਕ ਲੜਕਾ ਸੀ, ਜਿਸ ਦਾ ਨਾਂ ਤਾਲਿਬ ਸੀ। ਉਸ ਦੀ ਉਮਰ ਉਦੋਂ ਲਗਭਗ 11 ਸਾਲ ਸੀ। ਰਹਿਮੋ, ਬਾਵਾ ਫਕੀਰ ਅਤੇ ਉਸ ਦੇ ਪਰਿਵਾਰ ਨੇ ਬਟਵਾਰੇ ਸਮੇਂ ਭਾਰਤ ਵਿਚ ਹੀ ਰਹਿਣ ਦਾ ਫੈਸਲਾ ਕੀਤਾ। ਮੁਰਾਦੋ ਨੇ ਬਾਅਦ ਵਿਚ ਤਿੰਨ ਹੋਰ ਲੜਕਿਆਂ ਨੂੰ ਜਨਮ ਦਿੱਤਾ। ਬਾਵਾ ਫਕੀਰ ਮੇਰੇ ਚਾਚੇ ਨਾਲੋਂ ਦਸ ਸਾਲ ਵੱਡਾ ਸੀ ਅਤੇ ਉਹ ਉਨ੍ਹਾਂ ਨਾਲ ਮੱਝਾਂ-ਗਾਵਾਂ ਦਾ ਵਪਾਰ ਕਰਦਾ ਸੀ। ਬਾਵਾ ਫਕੀਰ ਦਾ ਸਾਲਾ ਮੇਰੇ ਚਾਚੇ ਨਾਲ ਸੀਰੀ ਸੀ। ਉਹ ਬਾਵਾ ਫਕੀਰ ਦੀ ਪਹਿਲੀ ਬੇਗਮ ਰਹਿਮੋ ਦਾ ਸਕਾ ਭਰਾ ਸੀ ਅਤੇ ਆਪਣੀ ਭੈਣ ਕੋਲ ਹੀ ਰਹਿੰਦਾ ਸੀ। ਉਸ ਸਮੇਂ ਸਾਡੇ ਪਰਿਵਾਰ ਦੀ ਜ਼ਮੀਨ 25 ਏਕੜ ਸੀ।
ਮੇਰੇ ਪਿਤਾ ਜੀ ਉਸ ਸਮੇਂ ਮੋਗੇ ਥਾਣੇ ਵਿਚ ਮੁਲਾਜ਼ਮ ਸਨ। ਇਕ ਦਿਨ ਮੇਰੇ ਪਿੰਡ ਦੇ ਦੋ ਆਦਮੀ ਮੋਗੇ ਪਿਤਾ ਜੀ ਕੋਲ ਗਏ ਅਤੇ ਉਨ੍ਹਾਂ ਨੂੰ ਲਾਲਚ ਦਿੰਦਿਆਂ ਕਹਿਣ ਲੱਗੇ ਕਿ ਅਸੀਂ ਬਾਵਾ ਫਕੀਰ ਨੂੰ ਮਾਰ ਦਿੰਦੇ ਹਾਂ ਅਤੇ ਉਸ ਦੇ ਘਰੋਂ ਜੋ ਵੀ ਮਾਲ-ਮੱਤਾ ਮਿਲੇਗਾ, ਉਹ ਆਪਾਂ ਅੱਧਾ-ਅੱਧਾ ਕਰ ਲਵਾਂਗੇ। ਮੇਰੇ ਪਾਪਾ ਨੇ ਅੱਗੋਂ ਕਿਹਾ, “ਜੇ ਤੁਸੀਂ ਉਸ ਨੂੰ ਜ਼ਰਾ ਵੀ ਨੁਕਸਾਨ ਪਹੁੰਚਾਉਣ ਦੀ ਕੋਸਿ਼ਸ਼ ਕੀਤੀ ਤਾਂ ਮੈਂ ਤੁਹਾਨੂੰ ਦੋਹਾਂ ਨੂੰ ਨਹੀਂ ਛੱਡਾਂਗਾ। ਭਲਿਓ ਮਾਣਸੋ! ਸਾਰੀ ਉਮਰ ਅਸੀਂ ਬਾਵਾ ਫਕੀਰ ਨਾਲ ਮਿਲਦੇ-ਵਰਤਦੇ ਰਹੇ। ਉਸ ਦੇ ਨਾਲ ਸਾਡਾ ਮੱਝਾਂ ਦਾ ਵਪਾਰ ਸਾਂਝਾ ਰਿਹਾ ਅਤੇ ਇਹ ਹੁਣ ਵੀ ਚੱਲ ਰਿਹਾ ਹੈ ਤੇ ਤੁਸੀਂ ਮੇਰੇ ਨਾਲ ਉਸ ਨੂੰ ਮਾਰਨ ਦੀ ਗੱਲ ਕਰ ਰਹੇ ਹੋ। ਤੁਸੀਂ ਇਹ ਕੀ ਸੋਚ ਕੇ ਮੇਰੇ ਕੋਲ ਆਏ ਹੋ? ਜਾਓ, ਦਫਾ ਹੋ ਜਾਓ ਇੱਥੋਂ ਅਤੇ ਕਦੇ ਭੁੱਲ ਕੇ ਵੀ ਅਜਿਹਾ ਨਾ ਸੋਚਿਓ।” ਪਾਪਾ ਕੋਲ ਉਸ ਸਮੇਂ ਲਾਇਸੰਸੀ ਰਿਵਾਲਵਰ ਹੁੰਦਾ ਸੀ। ਉਹ ਦੋਵੇਂ ਹੀ ਡਰ ਗਏ ਅਤੇ ਉਨ੍ਹਾਂ ਦਾ ਹੀਆ ਨਾ ਪਿਆ ਕਿ ਉਹ ਬਾਵਾ ਫਕੀਰ ਨੂੰ ਕੋਈ ਨੁਕਸਾਨ ਪਹੁੰਚਾਉਂਦੇ। ਬਾਅਦ ਵਿਚ ਉਨ੍ਹਾਂ ਵਿਚੋਂ ਇਕ ਦਾ ਤਾਂ ਪਰਿਵਾਰ ਬਿਲਕੁਲ ਉੱਜੜ-ਪੁੱਜੜ ਗਿਆ ਅਤੇ ਦੂਸਰੇ ਦੇ ਦੋ ਜਵਾਨ ਪੁੱਤਰਾਂ ਵਿਚੋਂ ਇਕ ਮਰ ਗਿਆ ਤੇ ਦੂਸਰਾ ਪਿੰਡ ਛੱਡ ਕੇ ਪਤਾ ਨਹੀਂ ਕਿਧਰ ਚਲਾ ਗਿਆ। ਉਨ੍ਹਾਂ ਦੇ ਵਿਯੋਗ ਵਿਚ ਉਹ ਆਪ ਵੀ ਜਲਦੀ ਹੀ ਇਸ ਦੁਨੀਆਂ ਤੋਂ ਚਲਾ ਗਿਆ।
15 ਅਗਸਤ ਤੋਂ ਪਹਿਲਾਂ ਅਤੇ ਉਸ ਤੋਂ ਕੁਝ ਦਿਨ ਬਾਅਦ ਚੱਲੀ ‘ਕਟਾ-ਵੱਢੀ’ ਦਾ ਉਹ ਦੌਰ ਜਿੰਨੇ ਦਿਨ ਚੱਲਦਾ ਰਿਹਾ, ਬਾਵਾ ਫਕੀਰ ਦਾ ਪਰਿਵਾਰ ਸਾਡੇ ਘਰ ਹੀ ਸੌਂਦਾ ਰਿਹਾ ਅਤੇ ਉੱਥੇ ਹੀ ਉਨ੍ਹਾਂ ਦਾ ਰੋਟੀ-ਪਾਣੀ ਚੱਲਦਾ ਰਿਹਾ। ਸਾਰਿਆਂ ਨੂੰ ਡਰ ਸੀ ਕਿ ਕੋਈ ਉਨ੍ਹਾਂ ਦਾ ਕੋਈ ਨੁਕਸਾਨ ਨਾ ਕਰ ਜਾਏ। ਬਾਵਾ ਫਕੀਰ ਦਾ ਲੜਕਾ ਤਾਲਿਬ, ਜਿਸ ਦਾ ਨਾਂ ਬਾਅਦ ਵਿਚ ‘ਮੋਹਣ’ ਹੋ ਗਿਆ ਸੀ, ਮੇਰੇ ਨਾਲ ਹੀ ਦਲਾਨ ਦੀ ਛੱਤ ‘ਤੇ ਸੌਂਦਾ ਸੀ ਅਤੇ ਮੁਰਾਦੋ ਵੀ ਰਾਤ ਨੂੰ ਉੱਥੇ ਹੀ ਸੌਂਦੀ। ਉਸ ਤੋਂ ਕੁਝ ਦਿਨਾਂ ਬਾਅਦ ਹੀ ਭਾਰਤ-ਪਾਕਿਸਤਾਨ ਦੀ ਵੰਡ ਦਾ ਬਾਕਾਇਦਾ ਐਲਾਨ ਹੋ ਗਿਆ। ਰਹਿਮੋ ਦਾ ਭਰਾ ਆਪਣੇ ਪਰਿਵਾਰ ਨਾਲ ਪਾਕਿਸਤਾਨ ਜਾਣ ਲਈ ਤਿਆਰ ਹੋ ਗਿਆ ਅਤੇ ਰਹਿਮੋ ਦੁਚਿੱਤੀ ਵਿਚ ਸੀ ਕਿ ਉਹ ਕੀ ਕਰੇ! ਕਦੇ ਉਹ ਪੇਕਿਆਂ ਦੇ ਪਰਿਵਾਰ ਨਾਲ ਜਾਣ ਦੀ ਸੋਚਦੀ ਅਤੇ ਦੂਸਰੇ ਹੀ ਪਲ ਆਪਣੇ ਖਾਵੰਦ ਬਾਵਾ ਫਕੀਰ ਦੇ ਨਾਲ ਰਹਿਣ ਦਾ ਮਨ ਬਣਾਉਂਦੀ, ਜੋ ਸਾਡੇ ਪਿੰਡ ਹੀ ਰਹਿਣ ਦਾ ਪੱਕਾ ਫੈਸਲਾ ਕਰ ਚੁਕਾ ਸੀ। ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਸ ਦਾ ਭਰਾ ਅਤੇ ਪਰਿਵਾਰ ਦੇ ਜੀਅ ਕਾਫਲੇ ਵਿਚ ਜੀ.ਟੀ. ਰੋਡ ਦੇ ਨਾਲ ਨਾਲ ਜਾ ਰਹੇ ਹਨ। ਉਸ ਨੂੰ ਇਹ ਵੀ ਪਤਾ ਸੀ ਕਿ ਮੇਰੇ ਪਾਪਾ ਦੀ ਡਿਊਟੀ ਮੋਗੇ ਤੋਂ ਫਿਰੋਜ਼ਪੁਰ ਤੱਕ ਇਨ੍ਹਾਂ ਕਾਫਲੇ ਦੀ ਸੁਰੱਖਿਆ ਲਈ ਲੱਗੀ ਹੋਈ ਸੀ। ਉਸ ਦੇ ਮਨ ਵਿਚ ਆਇਆ ਕਿ ਕਿਉਂ ਨਾ ਉਹ ਆਪਣੇ ਭਰਾ ਤੇ ਉਸ ਦੇ ਪਰਿਵਾਰ ਨੂੰ ਜਾਂਦੇ ਸਮੇਂ ਆਖਰੀ ਵਾਰ ਮਿਲ ਲਵੇ। ਉਸ ਨੇ ਕਿਸੇ ਦੇ ਰਾਹੀਂ ਪਾਪਾ ਨੂੰ ਸੁਨੇਹਾ ਭੇਜਿਆ ਕਿ ਜਦੋਂ ਮੇਰਾ ਪੇਕਾ ਪਰਿਵਾਰ ਡੰਗਰੂ ਪਿੰਡ ਥਾਣੀਂ ਸੜਕ ਤੋਂ ਲੰਘੇ ਤਾਂ ਉਹ ਉਸ ਨੂੰ ਉਨ੍ਹਾਂ ਦੇ ਨਾਲ ਇਕ ਵਾਰ ਜ਼ਰੂਰ ਮਿਲਵਾ ਦੇਣ।
ਰਫਿਊਜੀਆਂ ਦੇ ਇਹ ਕਾਫਲੇ ਰਾਤ ਸਮੇਂ ਸੜਕਾਂ ਦੇ ਕਿਨਾਰੇ ਰੁਕ ਜਾਂਦੇ ਸਨ ਅਤੇ ਅਗਲੀ ਸਵੇਰ ਮੁੜ ਅੱਗੇ ਚੱਲ ਪੈਂਦੇ ਸਨ। ਇਕ ਰਾਤ ਜਦੋਂ ਮੇਰੇ ਪਾਪਾ ਹੋਰ ਪੁਲਿਸ ਮੁਲਾਜ਼ਮਾਂ ਨਾਲ ਕਾਫਲੇ ਦੇ ਆਸੇ-ਪਾਸੇ ਗਸ਼ਤ ਕਰ ਰਹੇ ਸਨ ਤਾਂ ਜੀ. ਟੀ. ਰੋਡ ਦੇ ਕੰਢੇ ਉਨ੍ਹਾਂ ਨੂੰ ਰਹਿਮੋ ਦਾ ਭਰਾ ਅਚਾਨਕ ਮਿਲ ਪਿਆ। ਪਾਪਾ ਜੀ ਰਾਤ ਹੀ ਪਿੰਡ ਆਏ, ਜੋ ਡੰਗਰੂ ਤੋਂ ਸਵਾ ਕੁ ਮੀਲ ਦੂਰ ਸੀ। ਉਹ ਰਹਿਮੋ ਅਤੇ ਬਾਵਾ ਫਕੀਰ ਨੂੰ ਨਾਲ ਲੈ ਕੇ ਕਾਫਲੇ ਕੋਲ ਆਏ ਅਤੇ ਉਨ੍ਹਾਂ ਰਹਿਮੋ ਨੂੰ ਉਸ ਦੇ ਭਰਾ ਨਾਲ ਮਿਲਾਇਆ। ਪਾਪਾ ਜੀ ਅਤੇ ਬਾਵਾ ਫਕੀਰ ਸੜਕ ਤੋਂ ਥੋੜ੍ਹੀ ਜਿਹੀ ਦੂਰ ਬੈਠ ਗਏ। ਜਦੋਂ ਚਾਰ ਕੁ ਘੰਟੇ ਲੰਘਣ ਬਾਅਦ ਵੀ ਰਹਿਮੋ ਆਪਣੇ ਭਰਾ ਨੂੰ ਮਿਲ ਕੇ ਵਾਪਸ ਨਾ ਆਈ ਤਾਂ ਉਨ੍ਹਾਂ ਨੂੰ ਸ਼ੱਕ ਹੋ ਗਿਆ ਕਿ ਰਹਿਮੋ ਨੂੰ ਉਸ ਦੇ ਭਰਾ ਨੇ ਕਿਤੇ ਆਪਣੇ ਨਾਲ ਪਾਕਿਸਤਾਨ ਜਾਣ ਲਈ ਨਾ ਮਨਾ ਲਿਆ ਹੋਵੇ। ਉਨ੍ਹਾਂ ਨੇ ਸਾਰੇ ਕਾਫਲੇ ਦੀ ਤਲਾਸ਼ੀ ਲਈ। ਸਾਰੇ ਗੱਡੇ ਵੀ ਵੇਖੇ, ਪਰ ਰਹਿਮੋ ਕਿਤੇ ਵੀ ਉਨ੍ਹਾਂ ਨੂੰ ਨਾ ਮਿਲੀ। ਉਹ ਤਾਂ ਫਿਰੋਜ਼ਪੁਰ ਵਾਲਾ ਬਾਰਡਰ ਟੱਪ ਕੇ ਪਾਕਿਸਤਾਨ ਚਲੀ ਗਈ ਸੀ। ਉਸ ਦੇ ਦਿਲ ਵਿਚ ਇਕ ਵਾਰ ਵੀ ਆਪਣੇ ਖਾਵੰਦ ਲਈ ਮੁਹੱਬਤ ਨਾ ਜਾਗੀ। ਇਸ ਦਾ ਕਾਰਨ ਇਹ ਵੀ ਹੋ ਸਕਦਾ ਸੀ ਕਿ ਉਸ ਦਾ ਆਪਣਾ ਕੋਈ ਬੱਚਾ ਨਹੀਂ ਸੀ ਅਤੇ ਇਸੇ ਲਈ ਉਸ ਦਾ ਆਪਣੇ ਪੇਕਿਆਂ ਵੱਲ ਕਾਫੀ ਧਿਆਨ ਰਹਿੰਦਾ ਸੀ। ਉਸ ਨੇ ਇਕ ਦਿਨ ਆਪਣੇ ਖਾਵੰਦ ਨੂੰ ਕਿਹਾ ਵੀ ਸੀ ਕਿ ਮੈਂ ਤਾਲਿਬ ਨੂੰ ਆਪਣੇ ਨਾਲ ਪਾਕਿਸਤਾਨ ਲੈ ਜਾਂਦੀ ਹਾਂ, ਪਰ ਬਾਵਾ ਫਕੀਰ ਇਸ ਦੇ ਲਈ ਨਹੀਂ ਸੀ ਮੰਨਿਆ।
ਇਸ ਤੋਂ ਠੀਕ ਪੰਜ ਸਾਲ ਬਾਅਦ 1952 ਵਿਚ ਜਦੋਂ ਇਕ ਵਾਰ ਰਹਿਮੋ ਆਪਣੇ ਖਾਵੰਦ ਅਤੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਪਣੇ ਪੁਰਾਣੇ ਪਿੰਡ ਆਈ ਤਾਂ ਉਸ ਨੇ ਦੱਸਿਆ ਸੀ ਕਿ ਉਹ ਕਿਸ ਤਰ੍ਹਾਂ ਇਕ ਗੱਡੇ ਵਿਚ ਲੁਕ ਗਈ ਸੀ ਅਤੇ ਜਦੋਂ ਥੋੜ੍ਹੇ ਦਿਨਾਂ ਬਾਅਦ ਕੁਝ ‘ਟਿਕ-ਟਿਕਾਅ’ ਹੋ ਗਿਆ ਤਾਂ ਉਹ ਕਾਫਲੇ ਦੇ ਨਾਲ ਬਾਰਡਰ ਟੱਪ ਕੇ ਪਾਕਿਸਤਾਨ ਚਲੀ ਗਈ ਸੀ। ਬਾਵਾ ਫਕੀਰ ਦੀ ਦੂਸਰੀ ਬੇਗਮ ਮੁਰਾਦੋ ਬਾਅਦ ਵਿਚ ਲੋਕਾਂ ਨੂੰ ‘ਪੁੱਛਣਾਂ’ ਦੇਣ ਲੱਗ ਪਈ। ਉਸ ਦੇ ਘਰ ਦੇ ਬਾਹਰਵਾਰ ਇਕ ਬਾਰੀ ਹੁੰਦੀ ਸੀ ਅਤੇ ਮੈਂ ਤੇ ਮੇਰੀ ਉਮਰ ਦੇ ਹੋਰ ਬੱਚੇ ਉਸ ਬਾਰੀ ਵਿਚ ਲਟਕ ਕੇ ਉਸ ਨੂੰ ਖੇਡਦੀ ਨੂੰ ਵੇਖਦੇ ਹੁੰਦੇ ਸੀ। ਹਰ ਵੀਰਵਾਰ ਉਸ ਦੇ ਘਰ ਪੁੱਛਣਾ ਲੈਣ ਵਾਲਿਆਂ ਦਾ ਤਾਂਤਾ ਲੱਗਾ ਹੁੰਦਾ ਸੀ, ਜਿਨ੍ਹਾਂ ਵਿਚ ਜਿ਼ਆਦਾਤਰ ਗਿਣਤੀ ਬੀਬੀਆਂ ਦੀ ਹੀ ਹੁੰਦੀ ਸੀ।
ਸਮਾਂ ਬਦਲਿਆ ਅਤੇ 1958 ਵਿਚ ਮੈਂ ਭਾਰਤੀ ਫੌਜ ਵਿਚ ਭਰਤੀ ਹੋ ਗਿਆ। ਕਦੇ-ਕਦਾਈਂ ਜਦੋ ਛੁੱਟੀ ਆਉਂਦਾ ਤਾਂ ਮੈਂ ਬਹੁਤਾ ਸਮਾਂ ਆਪਣੇ ਚਾਚੇ ਦੇ ਘਰ ਹੀ ਠਹਿਰਦਾ ਸੀ। ਮੈਂ ਵੇਖਦਾ ਕਿ ਪਿੰਡ ਵਿਚ ਬਾਵਾ ਫਕੀਰ ਦਾ ਪਰਿਵਾਰ ਕਾਫੀ ਵੱਡਾ ਹੋ ਗਿਆ ਸੀ, ਜੋ ਹੋਣਾ ਕੁਦਰਤੀ ਸੀ। ਸਮੇਂ ਨਾਲ ਉਸ ਦੇ ਬੱਚੇ ਵਿਆਹੇ ਗਏ ਸਨ ਅਤੇ ਅੱਗੋਂ ਫਿਰ ਉਨ੍ਹਾਂ ਦੇ ਬੱਚੇ ਵੀ ਵਿਆਹੇ-ਵਰੇ ਗਏ ਸਨ। ਸਾਡੇ ਪਿੰਡ ‘ਡਰੌਲੀ ਭਾਈ ਕੀ’ ਵਿਚ ਅੱਜ ਵੀ ਮੁਸਲਮਾਨਾਂ ਅਤੇ ਹਿੰਦੂਆਂ ਦੇ ਘਰ ਹਨ। ਸਾਡੇ ਘਰ ਦੇ ਪਿਛਲੇ ਪਾਸੇ ਬ੍ਰਾਹਮਣਾਂ ਦਾ ਘਰ ਹੁੰਦਾ ਸੀ ਅਤੇ ਉਸ ਸਮੇਂ ਦੇ ਪ੍ਰਚੱਲਤ ਰਿਵਾਜ ਅਨੁਸਾਰ ਉਨ੍ਹਾਂ ਦੀ ਨੂੰਹ ਸ਼ਾਂਤੀ ਜਦੋਂ ਨੇੜਲੇ ਘਰਾਂ ਵਿਚੋਂ ਪ੍ਰਸ਼ਾਦਾ ਲੈਣ ਆਉਂਦੀ ਹੁੰਦੀ ਸੀ ਤਾਂ ਮੈਂ ਉਸ ਨੂੰ ਕਹਿੰਦਾ ਹੁੰਦਾ ਸੀ, “ਪ੍ਰਭਾਣੀ, ਮੱਥਾ ਟੇਕਦਾਂ।” ਇਹ ਮੈਨੂੰ ਬੜਾ ਚੰਗਾ ਲੱਗਦਾ ਸੀ ਅਤੇ ਅੱਗੋਂ ਉਸ ਦੇ ਮੂੰਹੋਂ “ਜਿਊਂਦਾ ਰਹੁ ਪੁੱਤਰ” ਸੁਣ ਕੇ ਬੜਾ ਖੁਸ਼ ਹੁੰਦਾ ਸੀ। ਉਨ੍ਹਾਂ ਦੇ ਮੁੰਡਿਆਂ ਦੇ ਨਾਂ ਵੀ ਅੱਧੇ-ਪਚੱਧੇ ਸਿੱਖਾਂ ਨਾਲ ਰਲਦੇ-ਮਿਲਦੇ ਹੁੰਦੇ ਸਨ। ਪੰਡਤ ਜੀ ਦਾ ਆਪਣਾ ਨਾਂ ਸੁਧ ਰਾਮ ਸੀ ਅਤੇ ਉਸ ਦੇ ਲੜਕੇ ਦੀਪ ਚੰਦ ਦੇ ਚਾਰ ਪੁੱਤਰ ਸਨ ਤੇ ਸੱਭ ਤੋਂ ਵੱਡਾ ਕ੍ਰਿਸ਼ਨ ਕੁਮਾਰ ਸਾਡਾ ਚੰਗਾ ਆੜੀ ਹੁੰਦਾ ਸੀ। ਪਿੰਡ ਦੀ ਧਰਮਸ਼ਾਲਾ ਵਿਚ ਬਣੇ ਚੁਬਾਰੇ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਅਤੇ ਲੋਕ ਸਵੇਰ-ਸ਼ਾਮ ਉੱਥੇ ਮੱਥਾ ਟੇਕਣ ਆਉਂਦੇ ਸਨ। ਮੱਸਿਆ, ਸੰਗਰਾਂਦ, ਗੁਰਪੁਰਬਾਂ ਅਤੇ ਹੋਰ ਦਿਨ-ਦਿਹਾਰਾਂ ‘ਤੇ ਪਿੰਡ ਵਾਲਿਆਂ ਦੀ ਕਾਫੀ ਰੌਣਕ ਹੋ ਜਾਂਦੀ ਸੀ। ਪਿੰਡ ਦਾ ਹੀ ਇਕ ਭਲਾ ਆਦਮੀ ਬਿਨਾ ਕਿਸੇ ਤਨਖਾਹ ਅਤੇ ਲਾਲਚ ਦੇ ਉੱਥੇ ਗ੍ਰੰਥੀ ਦੀ ਸੇਵਾ ਨਿਭਾਉਂਦਾ ਹੁੰਦਾ ਸੀ। ਧਰਮਸ਼ਾਲਾ ਦੀ ਸੱਜੀ ਕੰਧ ਦੇ ਨੇੜੇ ਹੀ ਹਨੂੰਮਾਨ ਦੀ ਇਕ ਮੂਰਤੀ ਹੁੰਦੀ ਸੀ, ਜਿੱਥੇ ਪਿੰਡ ਵਾਲਿਆਂ ਵੱਲੋਂ ਆਪਣੇ ਮਾਲ-ਡੰਗਰ ਅਤੇ ਸਾਰੇ ਜੀਆਂ ਦੀ ਸੁੱਖ-ਸਾਂਦ ਲਈ ਹਰ ਮੰਗਲਵਾਰ ‘ਮੰਨੀ’ (ਗੁੜ ਤੇ ਆਟੇ ਨਾਲ ਬਣਾਈ ਹੋਈ ਵੱਡੀ ਸਾਰੀ ਰੋਟੀ, ਜਿਸ ਨੂੰ ‘ਰੋਟ’ ਵੀ ਕਿਹਾ ਜਾਂਦਾ ਸੀ) ਚੜ੍ਹਾਈ ਜਾਂਦੀ ਸੀ। ਉਸ ਦੇ ਨਿੱਕੇ-ਨਿੱਕੇ ਟੁਕੜੇ ਕਰਕੇ ਸਾਰਿਆਂ ਨੂੰ ਵੰਡੇ ਜਾਂਦੇ ਸਨ। ਸਾਨੂੰ ਨਿਆਣਿਆਂ ਨੂੰ ਇਸ ‘ਰੋਟ ਦੀ ਬੁਰਕੀ’ ਲੈਣ ਦਾ ਬੜਾ ਚਾਅ ਹੁੰਦਾ ਸੀ ਅਤੇ ਅਸੀਂ ਇਸ ਦੇ ਲਈ ਹਰ ਮੰਗਲਵਾਰ ਉੱਥੇ ਜ਼ਰੂਰ ਹਾਜ਼ਰ ਹੁੰਦੇ ਸੀ। ਇਸ ਤਰ੍ਹਾਂ ਪਿੰਡ ਦੇ ਲੋਕਾਂ ਦਾ ਆਪਸ ਵਿਚ ਬੜਾ ਹੀ ਵਧੀਆ ਭਾਈਚਾਰਾ ਬਣਿਆ ਹੋਇਆ ਸੀ। ਧਰਮਸ਼ਾਲਾ ਦਾ ਉਹ ਚੁਬਾਰਾ ਤਾਂ ਹੁਣ ਸਮੇਂ ਨਾਲ ਢੱਠ ਗਿਆ ਹੈ ਅਤੇ ਪਿੰਡ ਵਿਚ ਇਕ ਵੱਡਾ ਗੁਰਦੁਆਰਾ ਬਣ ਗਿਆ ਹੈ, ਪਰ ਹਨੂੰਮਾਨ ਦੀ ਉਹ ਮੂਰਤੀ ਅਜੇ ਵੀ ਉਸ ਧਰਮਸ਼ਾਲਾ ਵਿਚ ਮੌਜੂਦ ਹੈ।
ਸਮਾਂ ਹੌਲੀ-ਹੌਲੀ ਗੁਜਰਦਾ ਗਿਆ ਅਤੇ ਬਾਵਾ ਫਕੀਰ ਇਸ ਫਾਨੀ ਦੁਨੀਆਂ ਤੋਂ ਰੁਖਸਤ ਹੋ ਗਿਆ ਤੇ ਉਸ ਤੋਂ ਕੁਝ ਸਮੇਂ ਪਿੱਛੋਂ ਉਸ ਦਾ ਪੁੱਤਰ ਤਾਲਿਬ, ਜੋ ਮਗਰੋਂ ‘ਮੋਹਣ’ ਬਣ ਗਿਆ ਸੀ, ਵੀ ਇਸ ਜਹਾਨਂੋ ਤੁਰ ਗਿਆ। ਪੰਜ ਕੁ ਸਾਲ ਪਹਿਲਾਂ ਮੁਰਾਦੋ, ਜੋ ਬਾਵਾ ਫਕੀਰ ਨਾਲ ਸਾਡੇ ਪਿੰਡ ਹੀ ਰਹੀ ਸੀ, ਵੀ 95 ਸਾਲ ਦੀ ਉਮਰ ਭੋਗ ਕੇ ਅੱਲ੍ਹਾ ਨੂੰ ਪਿਆਰੀ ਹੋ ਗਈ। ਮਰਨ ਤੋਂ ਕੁਝ ਸਾਲ ਪਹਿਲਾਂ ਉਸ ਦੀਆਂ ਅੱਖਾਂ ਦੀ ਜੋਤ ਚਲੀ ਗਈ ਸੀ। ਜਦੋਂ ਮੈਂ ਉਸ ਦੇ ਘਰ ਜਾ ਕੇ ਕਹਿਣਾ, “ਤਾਈ, ਮੱਥਾ ਟੇਕਦਾਂ” ਤਾਂ ਮੇਰੀ ਆਵਾਜ਼ ਪਛਾਣ ਕੇ ਉਸ ਨੇ ਕਹਿਣਾ, “ਤੂੰ ਕਵਾਲ ਏਂ!” ਉਹ ਹਮੇਸ਼ਾ ਮੈਨੂੰ ਮੇਰੀ ਦਾਦੀ ਵੱਲੋਂ ਰੱਖੇ ਗਏ ਨਾਂ “ਕਵਾਲ” ਨਾਲ ਹੀ ਬੁਲਾਉਂਦੀ ਹੁੰਦੀ ਸੀ। ਫੌਤ ਹੋ ਜਾਣ ‘ਤੇ ਤਾਈ ਮੁਰਾਦੋ ਦੀ ਮ੍ਰਿਤਕ ਦੇਹ ਨੂੰ ਪਿੰਡ ਦੇ ਲੋਕਾਂ ਵੱਲੋਂ ਉਸ ਦੇ ਘਰ ਤੋਂ ਲਗਭਗ 200 ਗਜ਼ ਦੂਰ ਇਕ ਪੀਰ ਦੀ ਜਗ੍ਹਾ ਦੇ ਨੇੜੇ ਬੜੇ ਮਾਣ-ਸਤਿਕਾਰ ਨਾਲ ਪੂਰੀਆਂ ਮੁਸਲਿਮ ਰਸਮਾਂ ਨਾਲ ਦਫਨਾਇਆ ਗਿਆ। ਆਲੇ-ਦੁਆਲੇ ਸਾਰੇ ਘਰ ਜੱਟ-ਸਿੱਖਾਂ ਦੇ ਸਨ, ਪਰ ਕਿਸੇ ਨੇ ਵੀ ਇਸ ‘ਤੇ ਕੋਈ ਇਤਰਾਜ਼ ਨਾ ਕੀਤਾ, ਸਗੋਂ ਉਹ ਤਾਂ ਸਾਰੇ ਹੀ ਉਸ ਮੌਕੇ ਉੱਥੇ ਉਚੇਚੇ ਤੌਰ ‘ਤੇ ਹਾਜ਼ਰ ਹੋਏ ਸਨ।
ਇੱਥੇ ਇਹ ਸਭ ਦੱਸਣ ਦਾ ਮੇਰਾ ਮੰਤਵ ਇਹ ਹੈ ਕਿ ਉਦੋਂ ਲੋਕਾਂ ਵਿਚ ਅੱਜ ਵਾਂਗ ਪਿੰਡਾਂ ਅਤੇ ਸ਼ਹਿਰਾਂ ਵਿਚ ਜਾਤ-ਪਾਤ ਤੇ ਧਰਮਾਂ ਦਾ ਕੋਈ ਵਿਤਕਰਾ ਨਹੀਂ ਸੀ। ਉਹ ਸਾਰੇ ਰਲ-ਮਿਲ ਕੇ ਬੜੇ ਪਿਆਰ ਨਾਲ ਰਹਿੰਦੇ ਸਨ ਅਤੇ ਉਨ੍ਹਾਂ ਦੀ ਆਪਸ ਵਿਚ ਬੜੀ ਸਾਂਝ ਸੀ। ਅੱਲੋ ਸੱਕਾ ਅਤੇ ਬਾਵਾ ਫਕੀਰ ਦੀ ਇਹ ਕਹਾਣੀ ਮੇਰੇ ਜੀਵਨ ਦਾ ਅਹਿਮ ਹਿੱਸਾ ਹੈ, ਜੋ ਮੈਂ ਆਪਣੇ ਹੱਡੀਂ ਹੰਢਾਇਆ ਹੈ। ਕਾਸ਼! ਕਿਸੇ ਤਰ੍ਹਾਂ 1947 ਤੋਂ ਪਹਿਲਾਂ ਦੇ ਉਹ ਦਿਨ ਮੁੜ ਆ ਸਕਣ! ਮੇਰੀ ਉਮਰ ਇਸ ਸਮੇਂ 81 ਸਾਲ ਹੋ ਗਈ ਹੈ। ਕਈ ਵਾਰ ਸੋਚਦਾਂ ਕਿ ਜੇ ਮੇਰੇ ਪਾਪਾ ਵੀ ਕਈ ਹੋਰਨਾਂ ਵਾਂਗ 1947 ਦੀ ਮਾਰ-ਧਾੜ ਵਿਚ ਸ਼ਾਮਲ ਹੁੰਦੇ ਤਾਂ ਮੈਂ ਸ਼ਾਇਦ ਇਸ ਦੁਨੀਆਂ ਵਿਚ ਨਾ ਹੁੰਦਾ, ਕਿਉਂਕਿ ਇਹ ਆਮ ਧਾਰਨਾ ਹੈ ਕਿ ਬਾਪ ਦੇ ਕੀਤੇ ਗਏ ਪਾਪਾਂ ਦਾ ਫਲ ਕਈ ਵਾਰ ਔਲਾਦ ਨੂੰ ਭੁਗਤਣਾ ਪੈਂਦਾ ਹੈ। ਜੇ ਉਹ ਉਸ ਸਮੇਂ ਪਿੰਡ ਦੇ ਉਨ੍ਹਾਂ ਦੋ ਬੰਦਿਆਂ ਦੀ ਗੱਲ ਮੰਨ ਲੈਂਦੇ ਅਤੇ ਉਸ ਪਾਪ ਦੇ ਭਾਗੀਦਾਰ ਬਣ ਜਾਂਦੇ ਤਾਂ ਫਿਰ ਅੱਗੋਂ ਸ਼ਾਇਦ ਹੋਰ ਵੀ ਪਾਪਾਂ ਦੀ ਦੁਨੀਆਂ ਵਿਚ ਫਸ ਜਾਂਦੇ। ਪਤਾ ਨਹੀਂ ਫਿਰ ਸਾਡੇ ਪਰਿਵਾਰ ਦੇ ਕੀ ਹਾਲਾਤ ਹੁੰਦੇ, ਇਹ ਤਾਂ ਉਹ ਮਾਲਕ ਪਰਮਾਤਮਾ ਹੀ ਜਾਣਦਾ ਹੈ। ਉਹ ਜੋ ਵੀ ਕਰਦਾ ਹੈ, ਸਹੀ ਕਰਦਾ ਹੈ।
(ਸਹਿਯੋਗੀ: ਡਾ. ਸੁਖਦੇਵ ਸਿੰਘ ਝੰਡ, ਫ਼ੋਨ: 1-647-567-9128)