ਪਹਿਲਾ ਪਾਣੀ ਜੀਓ ਹੈ…

ਡਾ. ਸੁਖਦੇਵ ਸਿੰਘ ਝੰਡ
ਫੋਨ: 647-567-9128
ਮੇਜ਼ ‘ਤੇ ਪਏ ਗਲੋਬ ਉੱਪਰ ਨਿਗਾਹ ਮਾਰੀਏ ਹਾਂ ਤਾਂ ਸਾਫ ਨਜ਼ਰੀਂ ਪੈਂਦਾ ਹੈ ਕਿ ਧਰਤੀ ਦਾ ਤਿੰਨ ਚੌਥਾਈ ਹਿੱਸਾ ਪਾਣੀ ਹੈ ਅਤੇ ਸਿਰਫ ਇਕ ਹਿੱਸਾ ਹੀ ਥਲ ਹੈ। ਵਿਗਿਆਨੀਆਂ ਅਨੁਸਾਰ ਇਸ ਧਰਤੀ ਉੱਪਰ ਜੀਵਨ ਸਭ ਤੋਂ ਪਹਿਲਾਂ ਪਾਣੀ ਵਿਚ ਸੰਭਵ ਹੋਇਆ ਅਤੇ ਪਾਣੀ ਵਿਚ ਪੈਦਾ ਹੋਣ ਵਾਲਾ ਇਹ ਜੀਵ ‘ਅਮੀਬਾ’ (ੳਮੋੲਬਅ) ਸੀ। ਇਹ ਇਕ ਸੈੱਲ ਵਾਲਾ ਜੀਵ ਸੀ ਅਤੇ ਇਸ ਦੇ ਸੈੱਲ ਦੀ ਅੱਗੋਂ ‘ਅੱਧੋ-ਅੱਧੀ ਵੰਡ’ ਜਿਸ ਨੂੰ ਵਿਗਿਆਨਕ ਭਾਸ਼ਾ ਵਿਚ ‘ਡਾਈਸੈੱਕਸ਼ਨ’ (ਧਸਿੲਚਟੋਿਨ) ਕਿਹਾ ਜਾਂਦਾ ਹੈ, ਨਾਲ ਇਕ ਤੋਂ ਦੋ, ਦੋ ਤੋਂ ਚਾਰ ਅਤੇ ਚਾਰ ਤੋਂ ਅੱਠ ਅਮੀਬੇ ਬਣੇ।

ਪ੍ਰਸਿੱਧ ਵਿਗਿਆਨੀ ਚਾਰਲਿਸ ਡਾਰਵਿਨ ਦੀ ‘ਔਰਿਜਨ ਆਫ ਸਪੀਸ਼ੀਜ਼ ਐਂਡ ਥਿਊਰੀ ਆਫ ਐਵੋਲੂਸ਼ਨ’ ਅਨੁਸਾਰ ਇਸ ਧਰਤੀ ਉੱਪਰ ਪੈਦਾ ਹੋਏ ਜੀਵਾਂ ਵਿਚ ਸਮੇਂ ਨਾਲ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ ਅਤੇ ਇਹ ਤਬਦੀਲੀਆਂ ਉਨ੍ਹਾਂ ਵੱਲੋਂ ਸਮੇਂ-ਸਮੇਂ ਗ੍ਰਹਿਣ ਕੀਤੇ ਗਏ ਨਵੇਂ ‘ਵਿਸ਼ੇਸ਼ ਗੁਣਾਂ’ (ਠਰਅਟਿਸ) ਕਾਰਨ ਹੁੰਦੀਆਂ ਹਨ, ਜਿਸ ਨੂੰ ਅਜੋਕੀ ਤਕਨੀਕ ਆਰ. ਐੱਨ. ਏ. ਮਿਊਟੇਸਨ’ (੍ਰਂੳ ੰੁਟਅਟੋਿਨ) ਥਿਊਰੀ ਸਪੱਸ਼ਟ ਕਰਨ ਦੀ ਕੋਸਿ਼ਸ਼ ਕਰ ਰਹੀ ਹੈ। ਅੱਜ ਕੱਲ੍ਹ ਸਾਰੀ ਦੁਨੀਆਂ ਵਿਚ ਫੈਲੀ ਮਹਾਂਮਾਰੀ ਕੋਵਿਡ-19 ਦੇ ਨਿੱਤ ਬਦਲ ਰਹੇ ਰੂਪ, ਜਿਨ੍ਹਾਂ ਵਿਚ ਹੁਣ ‘ਡੈਲਟਾ’ ਨੂੰ ਸਭ ਤੋਂ ਖਤਰਨਾਕ ਸਮਝਿਆ ਜਾ ਰਿਹਾ ਹੈ, ਨੂੰ ਵੀ ਵਿਗਿਆਨੀਆਂ ਵੱਲੋਂ ਇਸੇ ਥਿਊਰੀ ਨਾਲ ਸਮਝਣ ਦੇ ਯਤਨ ਜਾਰੀ ਹਨ।
ਇਕ ਸੈੱਲ ਵਾਲੇ ਜੀਵ ਅਮੀਬਾ ਤੋਂ ਅੱਗੇ ਦੋ ਸੈੱਲਾਂ ਵਾਲੇ ਜੀਵ ਅਤੇ ਫਿਰ ਬਹੁਤੇ ਸੈੱਲਾਂ ਵਾਲੇ ਪਾਣੀ ਵਿਚ ਰਹਿਣ ਵਾਲੇ ਜੀਵ ਮੱਛੀਆਂ, ਸੀ-ਅਰਚਨ, ਔਕਟੋਪਸ ਆਦਿ ਪੈਦਾ ਹੋਏ। ਇਨ੍ਹਾਂ ਵਿਚ ਡੱਡੂ, ਸੱਪ ਅਤੇ ਮਗਰਮੱਛ ਆਦਿ ਵੀ ਸ਼ਾਮਲ ਸਨ, ਜਿਹੜੇ ਪਾਣੀ ਤੇ ਖੁਸ਼ਕ ਧਰਤੀ ਦੋਹਾਂ ਥਾਂਵਾਂ ‘ਤੇ ਹੀ ਰਹਿ ਸਕਦੇ ਹਨ। ਹੌਲੀ-ਹੌਲੀ ਪੂਰੀ ਤਰ੍ਹਾਂ ਖੁਸ਼ਕੀ ਉੱਪਰ ਰਹਿਣ ਵਾਲੇ ਜੀਵ-ਜੰਤੂ ਅਤੇ ਜਾਨਵਰ ਇਸ ਧਰਤੀ ਉੱਪਰ ਪੈਦਾ ਹੌਏ। ਡਾਰਵਿਨ ਦੀ ਵਿਕਾਸ ਥਿਊਰੀ ਅਨੁਸਾਰ ਅੱਗੇ ਜਾ ਕੇ ਚੌਪਾਏ ਜਾਨਵਰਾਂ ਬਾਂਦਰਾਂ ਅਤੇ ਚਪੈਂਜ਼ੀਆਂ ਆਦਿ ਦਾ ਨੰਬਰ ਆਉਂਦਾ ਹੈ, ਜਿਨ੍ਹਾਂ ਤੋਂ ਅੱਗੋਂ ਹੋਰ ਕਰੋੜਾਂ-ਅਰਬਾਂ ਸਾਲਾਂ ਵਿਚ ਹੌਲੀ-ਹੌਲੀ ਮਨੁੱਖ ਦਾ ਵਿਕਾਸ ਹੋਇਆ।
ਗੁਰਬਾਣੀ ਵਿਚ ਪਾਣੀ ਨੂੰ ‘ਜਲ’, ‘ਨੀਰ’ ਅਤੇ ‘ਅੰਮ੍ਰਿਤ’ ਵੀ ਕਿਹਾ ਗਿਆ ਹੈ। ਇਸ ਸ੍ਰਿਸ਼ਟੀ ਦੀ ਉਤਪਤੀ ਬਾਰੇ ਅਤੇ ਹਵਾ ਤੇ ਪਾਣੀ ਦੀ ਮਹਾਨਤਾ ਬਾਰੇ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ:
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਇ॥
ਜਲ ਤੇ ਤ੍ਰਿਭਵਣ ਸਾਜਿਆ ਘਟ ਘਟ ਜੋਤਿ ਸਮੋਇ॥ (ਗੁਰੂ ਗ੍ਰੰਥ ਸਾਹਿਬ, ਪੰਨਾ 19)
ਤੀਸਰੇ ਗੁਰੂ ਅਮਰ ਦਾਸ ਜੀ ਦਾ ਇਸ ਸਬੰਧੀ ਫੁਰਮਾਨ ਹੈ:
ਜਲ ਤੇ ਹੀ ਸਭ ਊਪਜੈ ਜਲ ਬਿਨ ਪਿਆਸ ਨਾ ਜਾਇ॥ (ਗੁਰੂ ਗ੍ਰੰਥ ਸਾਹਿਬ, ਪੰਨਾ 1420)
ਪਾਣੀ ਦੀ ਅਹਿਮੀਅਤ ਨੂੰ ਦਰਸਾਉਂਦੇ ਹੋਏ ਗੁਰੂ ਨਾਨਕ ਦੇਵ ਜੀ ‘ਆਸਾ ਦੀ ਵਾਰ’ ਵਿਚ ਫਰਮਾਉਂਦੇ ਹਨ:
“ਪਹਿਲਾ ਪਾਣੀ ਜੀਓ ਹੈ ਜਿਤੁ ਹਰਿਆ ਸਭ ਕੋਇ॥”
ਭਾਵ, ਪਾਣੀ ਜੀਵਾਂ ਲਈ ਪਹਿਲੀ ਲੋਭ ਹੈ ਅਤੇ ਇਸ ਦੇ ਨਾਲ ਹੀ ਇਸ ਸੰਸਾਰ ਵਿਚ ਸਭ ਹਰਿਆਲੀ ਹੈ। ਕੁਦਰਤੀ ਬਨਸਪਤੀ ਅਤੇ ਜੀਵ-ਜੰਤੂ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੇ।
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਹਿਲੀ ਬਾਣੀ ‘ਜਪੁਜੀ ਸਾਹਿਬ’ ਦੇ ਅਖੀਰ ਵਿਚ ਆਉਂਦਾ ਸਲੋਕ “ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ” ਹਵਾ ਨੂੰ ‘ਗੁਰੂ’, ਪਾਣੀ ਨੂੰ ‘ਪਿਤਾ’ ਤੇ ਧਰਤੀ ਨੂੰ ‘ਮਾਤਾ’ ਦਾ ਦਰਜਾ ਦਿੰਦਾ ਹੈ। ਇੱਥੋਂ ਪਾਣੀ ਦੀ ਮਹੱਤਤਾ ਭਲੀ-ਭਾਂਤ ਸਮਝੀ ਜਾ ਸਕਦੀ ਹੈ।
ਮਨੁੱਖ ਹੋਵੇ ਜਾਂ ਬਨਸਪਤੀ, ਪਾਣੀ ਜੀਵਨ ਲਈ ਸਭ ਤੋਂ ਮਹੱਤਵਪੂਰਨ ਹੈ। ਪਾਣੀ ਦੇ ਬਗੈਰ ਜੀਵਨ ਸੰਭਵ ਹੀ ਨਹੀਂ ਹੈ। ਥੋੜ੍ਹੀ ਜਿਹੀ ਪਿਆਸ ਮਹਿਸੂਸ ਹੋਵੇ ਤਾਂ ਉਸੇ ਵੇਲੇ ਸਾਡਾ ਪਾਣੀ ਪੀਣ ਨੂੰ ਦਿਲ ਕਰਦਾ ਹੈ ਅਤੇ ਜੇ ਇਹ ਪਿਆਸ ਹੋਰ ਵੀ ਵਧੇਰੇ ਹੋ ਜਾਵੇ ਤਾਂ ਸਰੀਰ ਵਿਚ ਪਾਣੀ ਘਾਟ ਦੀ ‘ਡੀਹਾਈਡਰੇਸ਼ਨ’ (ਧੲਹੇਦਰਅਟੋਿਨ) ਵਾਲੀ ਹਾਲਤ ਪੈਦਾ ਹੋ ਜਾਂਦੀ ਹੈ। ਫਿਰ ਤਾਂ ਸਾਰਿਆਂ ਨੂੰ ਹੱਥਾਂ-ਪੈਰਾਂ ਦੀ ਪੈ ਜਾਂਦੀ ਹੈ ਅਤੇ ਘਰ ਦੇ ਸਿਆਣੇ ਮੈਂਬਰ ਉਸ ਵਿਅਕਤੀ ਨੂੰ ਖੰਡ ਤੇ ਨਮਕ ਮਿਲਿਆ ਪਾਣੀ ਪਿਆਉਣ ਦੀ ਸਲਾਹ ਦਿੰਦੇ ਹਨ, ਪਰ ਕਈ ਵਾਰ ਜਦੋਂ ਉਸ ਦੀ ਹਾਲਤ ਹੋਰ ਵੀ ਵਿਗੜ ਜਾਂਦੀ ਹੈ ਤਾਂ ਫਿਰ ਹਸਪਤਾਲ ਜਾਣ ਦੀ ਲੋੜ ਵੀ ਪੈ ਜਾਂਦੀ ਹੈ ਅਤੇ ਉੱਥੇ ਪਹੁੰਚਦਿਆਂ ਹੀ ਡਾਕਟਰ ਅਤੇ ਨਰਸਾਂ ਝੱਟਪੱਟ ਗੁਲੂਕੋਜ਼ ਦੀ ਬੋਤਲ ਲਾਉਣ ਦੀ ਤਿਆਰੀ ਵਿਚ ਜੁੱਟ ਜਾਂਦੇ ਹਨ।
ਮਨੁੱਖੀ ਸਰੀਰ ਵਿਚ ਪਾਣੀ ਦੀ ਮਾਤਰਾ 70 ਫੀਸਦੀ ਹੈ ਅਤੇ ਇਹ ਸਾਡੇ ਸਰੀਰ ਦੇ ਬਹੁਤ ਸਾਰੇ ਮਹੱਤਵਪੂਰਨ ਕਾਰਜ ਕਰਦਾ ਹੈ। ਸਾਡੇ ਖਾਧੇ ਹੋਏ ਭੋਜਨ ਨੂੰ ਸਰੀਰ ਵਿਚ ਪਚਾਉਣ ਵਿਚ ਇਹ ਮੁੱਖ ਭੂਮਿਕਾ ਨਿਭਾਉਂਦਾ ਹੈ। ਮੂੰਹ ਵਿਚ ਬਣਦਾ ‘ਥੁੱਕ’ (ਸਲਾਈਵਾ), ਜਿਸ ਵਿਚ ਕਈ ਤਰ੍ਹਾਂ ਦੇ ਜ਼ਰੂਰੀ ਤੱਤ ਹੁੰਦੇ ਹਨ, ਇਹ ਕਾਰਜ ਬਾਖੂਬੀ ਨਿਭਾਉਂਦੇ ਹਨ। ਪਾਣੀ ਸਰੀਰ ਵਿਚ ਤਾਪਮਾਨ ਨੂੰ ਕੰਟਰੋਲ ਕਰਦਾ ਹੈ ਅਤੇ ਇਸ ਦੀ ਇਕਸਾਰਤਾ ਬਣਾਈ ਰੱਖਦਾ ਹੈ। ਇਹ ਸਾਰੇ ਸਰੀਰ ਵਿਚਲੇ ਵੱਖ-ਵੱਖ ਸੈੱਲਾਂ ਨੂੰ ਆਕਸੀਜਨ ਪਹੁੰਚਾਉਣ ਵਿਚ ਭਾਰੀ ਮਦਦ ਕਰਦਾ ਹੈ। ਇਹ ਸਰੀਰ ਦੇ ਵੱਖ-ਵੱਖ ਭਾਗਾਂ ਨੂੰ ਲੋੜੀਂਦੇ ਵੱਖ-ਵੱਖ ਪਦਾਰਥ (ਂੁਟਰਇਨਟਸ) ਪ੍ਰੋਟੀਨ, ਅਮਾਈਨੋ ਏਸਿਡਜ਼, ਗੁਲੂਕੋਜ਼ ਅਤੇ ਖਣਿਜ ਪਦਾਰਥ ਪਹੁੰਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਰੀਰ ਵਿਚੋਂ ਵਾਧੂ ਫੋਕਟ ਪਦਾਰਥ ਪਿਸ਼ਾਬ ਅਤੇ ਪਖਾਨੇ ਦੇ ਰੂਪ ਵਿਚ ਬਾਹਰ ਕੱਢਣ ਵਿਚ ਸਹਾਇਤਾ ਕਰਦਾ ਹੈ। ਕਬਜ਼ ਨੂੰ ਦੂਰ ਕਰਦਾ ਹੈ। ਸਰੀਰ ਨੂੰ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵਿਚ ਵਾਧਾ ਕਰਦਾ ਹੈ। ਇਹ ਸਾਡੇ ਸਰੀਰ ਦਾ ਭਾਰ ਘਟਾਉਣ ਵਿਚ ਵੀ ਸਹਾਈ ਹੁੰਦਾ ਹੈ। ਦਿਮਾਗ ਨੂੰ ਚੁਸਤ-ਦਰੁਸਤ ਰੱਖਣ ਵਿਚ ਵੀ ਸਹਾਇਤਾ ਕਰਦਾ ਹੈ। ਡਾਕਟਰਾਂ ਦਾ ਵਿਚਾਰ ਹੈ ਕਿ ਵਧੇਰੇ ਪਾਣੀ ਪੀਣ ਨਾਲ ਸਰੀਰ ਤੰਦਰੁਸਤ ਰਹਿਣ ਦੇ ਨਾਲ ਨਾਲ ਸਾਡਾ ਮਨ ਵੀ ਖੁਸ਼ ਰਹਿੰਦਾ ਹੈ। ਇਸ ਨਾਲ ਚਮੜੀ ਦੀ ਚਮਕ-ਦਮਕ ਕਾਇਮ ਰਹਿੰਦੀ ਹੈ ਅਤੇ ਚਮੜੀ ਦੀਆਂ ਬੀਮਾਰੀਆਂ ਖਾਰਸ਼, ਖੁਜਲੀ ਵਗੈਰਾ ਤੋਂ ਬਚਿਆ ਰਹਿੰਦਾ ਹੈ। ਇਸੇ ਲਈ ਉਹ ਸਾਨੂੰ ਦਿਨ ਵਿਚ ਘੱਟੋ-ਘੱਟ 3-4 ਲੀਟਰ (8-10 ਗਲਾਸ ਪਾਣੀ ਪੀਣ ਦੀ ਸਲਾਹ ਦਿੰਦੇ ਹਨ।
ਇਸ ਦੇ ਨਾਲ ਹੀ ਪਾਣੀ ਹਰੇਕ ਕਿਸਮ ਦੀ ਬਨਸਪਤੀ ਲਈ ਅਤੀ ਲੋੜੀਂਦਾ ਹੈ, ਕਿਸੇ ਨੂੰ ਬਹੁਤਾ ਤੇ ਕਿਸੇ ਨੂੰ ਘੱਟ। ਗਮਲਿਆਂ ਵਿਚ ਉਗਾਏ ਗਏ ਫੁੱਲਾਂ ਬੂਟਿਆਂ ਨੂੰ ਗਰਮੀਆਂ ਵਿਚ ਦੋ ਦਿਨ ਪਾਣੀ ਨਾ ਪਾਇਆ ਜਾਏ ਤਾਂ ਉਹ ਕੁਮਲਾਉਣੇ ਅਤੇ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਖੇਤਾਂ ਵਿਚ ਉਗਾਈਆਂ ਜਾਣ ਵਾਲੀਆਂ ਫਸਲਾਂ, ਬਾਗ-ਬਗੀਚੇ, ਫੁੱਲ ਤੇ ਫਲਦਾਰ ਬੂਟੇ ਅਤੇ ਵੱਡੇ ਰੁੱਖ ਸਭ ਪਾਣੀ ਉੱਪਰ ਨਿਰਭਰ ਹਨ। ਪਾਣੀ ਦੇ ਬਿਨਾ ਇਨ੍ਹਾਂ ਦੀ ਹੋਂਦ ਹੀ ਸੰਭਵ ਨਹੀਂ ਹੈ। ਜੇ ਫਸਲਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿਚੋਂ ਝੋਨਾ ਸਭ ਤੋਂ ਵੱਧ ਪਾਣੀ ਮੰਗਦਾ ਹੈ। ਉੱਤਰੀ ਭਾਰਤ ਜਿੱਥੇ ਕਣਕ ਲੋਕਾਂ ਦਾ ਮੁੱਖ ਭੋਜਨ ਹੈ, ਨੂੰ ਛੱਡ ਕੇ ਭਾਰਤ ਦੇ ਦੂਸਰੇ ਸੂਬਿਆਂ ਵਿਚ ਵੱਸਣ ਵਾਲੇ ਬਹੁਤ ਸਾਰੇ ਲੋਕਾਂ ਦੀ ਮੁੱਖ ਖੁਰਾਕ ਚੌਲ ਹੈ ਅਤੇ ਉਨ੍ਹਾਂ ਵਿਚੋਂ ਕਈ ਤਾਂ ਤਿੰਨੋਂ ਵੇਲੇ ਚੌਲ ਕਿਸੇ ਨਾ ਕਿਸੇ ਰੂਪ ਵਿਚ ਖਾਂਦੇ ਹਨ।
ਵੀਹਵੀਂ ਸਦੀ ਦੇ ਸੱਠਵੇਂ ਵਾਲੇ ਦਹਾਕੇ ਵਿਚ ਜਦੋਂ ਦੇਸ਼ ਨੂੰ ਆਪਣੇ ਲੋਕਾਂ ਦੇ ਖਾਣ ਲਈ ਕਣਕ ਤੇ ਚੌਲ ਦੀ ਘਾਟ ਮਹਿਸੂਸ ਹੋਈ ਅਤੇ ਉਸ ਨੂੰ ਇਹ ਕਈ ਸ਼ਰਤਾਂ ਤਹਿਤ ਅਮਰੀਕਾ ਤੇ ਹੋਰਨਾਂ ਦੇਸ਼ਾਂ ਤੋਂ ਮੰਗਵਾਉਣੇ ਪਏ ਤਾਂ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਖੇਤੀ-ਵਿਗਿਆਨੀਆਂ ਨੂੰ ਇਸ ਦੇ ਕੋਈ ਹੱਲ ਕੱਢਣ ਲਈ ਕਿਹਾ, ਜਿਸ ਦੇ ਨਤੀਜੇ ਵਜੋਂ ‘ਹਰੀ-ਕ੍ਰਾਂਤੀ’ ਦੇ ਰੂਪ ਵਿਚ ਪੰਜਾਬ ਦੇ ਕਿਸਾਨਾਂ ਨੂੰ ਵੰਗਾਰਿਆ ਗਿਆ। ਵਿਗਿਆਨੀਆਂ ਵੱਲੋਂ ਕਣਕ ਅਤੇ ਝੋਨੇ ਦੇ ਨਵੇਂ ਬੀਜ ਈਜਾਦ ਕੀਤੇ ਗਏ, ਜਿਨ੍ਹਾਂ ਨੂੰ ਪਾਣੀ ਦੀ ਵਧੇਰੇ ਲੋੜ ਪੈਂਦੀ ਸੀ, ਖਾਸ ਤੌਰ ‘ਤੇ ਝੋਨੇ ਦੀਆਂ ਨਵੀਆਂ ਕਿਸਮਾਂ ਤਾਂ ਪਹਿਲੀਆਂ ਨਾਲੋਂ ਕਈ ਗੁਣਾਂ ਵਧੇਰੇ ਪਾਣੀ ਚਾਹੁੰਦੀਆਂ ਸਨ, ਜਿਸ ਨੂੰ ਪੂਰਾ ਕਰਨ ਲਈ ਧੜਾਧੜ ਨਵੇਂ ਟਿਊਬਵੈੱਲ ਲੱਗ ਗਏ ਅਤੇ ਵੱਡੀ ਮਾਤਰਾ ਵਿਚ ਧਰਤੀ ਹੇਠਲਾ ਪਾਣੀ ਉੱਪਰ ਖਿੱਚਿਆ ਜਾਣ ਲੱਗਾ। ਪਾਣੀ ਦਿਨੋਂ-ਦਿਨ ਡੂੰਘੇ ਹੁੰਦੇ ਗਏ। ਜਿੱਥੇ ਪਹਿਲਾਂ 70-80 ਫੁੱਟ ‘ਤੇ ਵਧੀਆ ਪਾਣੀ ਆ ਜਾਂਦਾ ਸੀ, ਉੱਥੇ ਇਹ 40-50 ਫੁੱਟ ਡੂੰਘੀਆਂ ਖੂਹੀਆਂ ਵਿਚ ਮੋਟਰਾਂ ਲਾ ਕੇ 200-250 ਫੁੱਟ ਤੋਂ ਖਿੱਚਿਆ ਜਾਣ ਲੱਗਾ।
ਪੰਜਾਬ ਵਿਚ ਅਕਾਲੀ ਸਰਕਾਰ ਵੱਲੋਂ ਖੇਤੀ ਲਈ ਟਿਊਬਵੈੱਲਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਦੇਣ ਨਾਲ ਇਹ ਹਾਲਤ ਹੋਰ ਵੀ ਵਿਗੜਦੀ ਗਈ। ਕਿਸਾਨਾਂ ਨੇ ਪਾਣੀ ਦੀ ਹੋਰ ਵਧੇਰੇ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਖੂਹੀਆਂ ਵਾਲੀਆਂ ਮੋਟਰਾਂ ਨੇ ਵੀ ਜੁਆਬ ਦੇ ਦਿੱਤਾ ਤਾਂ ਫਿਰ ਉਨ੍ਹਾਂ ਦੀ ਥਾਂ ‘ਮੱਛਲੀ-ਮੋਟਰਾਂ’ (ੰੁਬਮੲਰਸਬਿਲੲ ੰੋਟੋਰਸ) ਨੇ ਲੈ ਲਈ, ਜੋ 400-500 ਫੁੱਟ ਤੋਂ ਵੀ ਇਹ ਪਾਣੀ ਧੂਹ ਲਿਆਉਂਦੀਆਂ ਹਨ। ਨਤੀਜੇ ਵਜੋਂ, ਪੰਜਾਬ ਅਤੇ ਅਜੋਕੇ ਹਰਿਆਣਾ ਦੇ ਬਹੁਤ ਜਿਲਿਆਂ ਵਿਚ ਪੀਣ ਵਾਲੇ ਪਾਣੀ ਦੀ ਵੀ ਕਮੀ ਪੈਦਾ ਹੋ ਗਈ। ਫਿਰ ਕਣਕ ਅਤੇ ਝੋਨੇ ਦੀਆਂ ਇਨ੍ਹਾਂ ਨਵੀਆਂ ਕਿਸਮਾਂ ਨੂੰ ਪਲਰਨ ਅਤੇ ਵਿਗਸਣ ਲਈ ਰਸਾਇਣਕ ਖਾਦਾਂ ਅਤੇ ਕੀੜੇ-ਮਾਰ ਦਵਾਈਆਂ ਦੀ ਵੀ ਵਧੇਰੇ ਲੋੜ ਪਈ। ਕੁਝ ਕਿਸਾਨਾਂ ਵੱਲੋਂ ਤਾਂ ਇਨ੍ਹਾਂ ਦੀ ਲੋੜ ਤੋਂ ਵੀ ਵਧੇਰੇ ਵਰਤੋਂ ਕੀਤੀ ਗਈ, ਜਿਸ ਦੇ ਸਿੱਟੇ ਵਜੋਂ ਅੱਜ ਪੰਜਾਬ ਵਿਚ ਪਾਣੀ ਦੀ ਘਾਟ ਹੋਣ ਦੇ ਨਾਲ ਨਾਲ ਇਹ ਜ਼ਹਿਰੀਲਾ ਵੀ ਹੋਇਆ ਪਿਆ ਹੈ। ਬਾਕੀ ਕਸਰ ਫੈਕਟਰੀਆਂ ਵਾਲਿਆਂ ਨੇ ਆਪਣੀ ‘ਰਹਿੰਦ-ਖੂੰਹਦ’ ਦਰਿਆਵਾਂ ਦੇ ਪਾਣੀਆਂ ਵਿਚ ਮਿਲਾ ਕੇ ਪੂਰੀ ਕਰ ਛੱਡੀ ਹੈ। ਲੁਧਿਆਣੇ ਦਾ ‘ਬੁੱਢਾ ਨਾਲਾ’ ਇਸ ਦੀ ਜਿਊਂਦੀ-ਜਾਗਦੀ ਮਿਸਾਲ ਹੈ। ਉਧਰ ਸੁਲਤਾਨਪੁਰ ਲੋਧੀ ਵਾਲਾ ਬਾਬਾ ਬਲਬੀਰ ਸਿੰਘ ਸੀਚੇਵਾਲ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ‘ਕਾਲੀ ਵੇਈਂ’ ਦੀ ਸਫਾਈ ਕਰਵਾ ਕਰਵਾ ਕੇ ਥੱਕ ਗਿਆ ਹੈ, ਪਰ ਫੈਕਟਰੀਆਂ ਵਾਲੇ ਅਜੇ ਵੀ ਇਸ ਵਿਚ ਆਪਣੀ ਰਹਿੰਦ-ਖੂੰਹਦ ਪਾਉਣੋਂ ਨਹੀਂ ਟਲਦੇ।
ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ ਅਤੇ ਇਹ ਕੈਂਸਰ ਵਰਗੀਆਂ ਨਾ-ਮੁਰਾਦ ਬੀਮਾਰੀਆਂ ਨੂੰ ਜਨਮ ਦੇ ਰਿਹਾ ਹੈ। ਕੌਮੀ ਪੱਧਰ ‘ਤੇ ਜੇ ‘ਪਵਿੱਤਰ ਨਦੀ’ ਗੰਗਾ ਦੀ ਗੱਲ ਕਰੀਏ ਤਾਂ ਰਿਸ਼ੀਕੇਸ਼ ਤੱਕ ਪਹਾੜੀ ਏਰੀਏ ਵਿਚ ਵਗਣ ਤੱਕ ਤਾਂ ਇਹ ਨਦੀ ਸਾਫ ਅਤੇ ‘ਪਾਕ-ਪਵਿੱਤਰ’ ਕਹੀ ਜਾ ਸਕਦੀ ਹੈ, ਪਰ ਮੈਦਾਨੀ ਇਲਾਕਿਆਂ ਵਿਚ ਦਾਖਲ ਹੁੰਦਿਆਂ ਹੀ ਇਸ ਵਿਚ ‘ਰਹਿੰਦ-ਖੂੰਹਦ’ ਦੇ ਰੂਪ ਵਿਚ ਏਨਾ ਕੁਝ ਸ਼ਾਮਲ ਹੋ ਜਾਂਦਾ ਹੈ ਕਿ ਫਿਰ ਤਾਂ ਇਹ ਨਾਮ ਦੀ ਹੀ ਪਵਿੱਤਰ ਰਹਿ ਜਾਂਦੀ ਹੈ। ਹਾਲ ਇਸ ਦਾ ਵੀ ਹੋਰ ਨਦੀਆਂ-ਨਾਲਿਆਂ ਅਤੇ ਦਰਿਆਵਾਂ ਵਾਲਾ ਹੀ ਹੋ ਜਾਂਦਾ ਹੈ। ਬਹੁ-ਗਿਣਤੀ ਲੋਕਾਂ ਦੀ ਧਾਰਮਿਕ ਆਸਥਾ ਨੂੰ ਮੁੱਖ ਰੱਖਦਿਆਂ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਹਜ਼ਾਰਾਂ ਕਰੋੜ ਰੁਪਏ ਖਰਚ ਕੇ ਕਥਿਤ ਸਫਾਈ ਕਰਵਾਈ ਜਾ ਚੁੱਕੀ ਹੈ, ਪਰ ‘ਪਰਨਾਲਾ’ ਓਥੇ ਦਾ ਓਥੇ ਹੀ ਹੈ। ਜਿੰਨਾ ਚਿਰ ਇਸ ਵਿਚ ਰਹਿੰਦ-ਖੂੰਹਦ ਨੂੰ ਮਿਲਣੋ ਸਖਤੀ ਨਾਲ ਨਹੀਂ ਬੰਦ ਕੀਤਾ ਜਾਂਦਾ, ਇਸ ਦਾ ਹਾਲ ਬਾਕੀ ਨਦੀਆਂ-ਨਾਲਿਆਂ ਵਰਗਾ ਹੀ ਰਹੇਗਾ।
ਸੰਸਾਰ ਦੀਆਂ ਪੁਰਾਤਨ ਸੱਭਿਆਤਾਵਾਂ, ਚਾਹੇ ਮਿਸਰ ਦੀ ਨੀਲ ਘਾਟੀ ਦੀ ਸੱਭਿਅਤਾ ਜਾਂ ਸਿੰਧ ਘਾਟੀ ਦੀ ਸੱਭਿਅਤਾ ਦੀ ਗੱਲ ਕਰੀਏ, ਇਹ ਨੀਲ ਅਤੇ ਸਿੰਧ ਦਰਿਆਵਾਂ ਦੇ ਕਿਨਾਰਿਆਂ ‘ਤੇ ਹੀ ਵੱਸੀਆਂ ਸਨ। ਦੁਨੀਆਂ ਦੇ ਲੱਗਭੱਗ ਸਾਰੇ ਹੀ ਵੱਡੇ ਸ਼ਹਿਰ ਸਮੁੰਦਰ ਜਾਂ ਦਰਿਆਵਾਂ ਦੇ ਕੰਢਿਆਂ ਉੱਪਰ ਹੀ ਵੱਸੇ ਹਨ। ਭਾਰਤ ਦੇ ਵੱਡੇ ਸ਼ਹਿਰ ਹਰਿਦੁਆਰ, ਰਿਸ਼ੀਕੇਸ਼, ਅਲਾਹਾਬਾਦ, ਕਲਕੱਤਾ, ਯਮੁਨਾਨਗਰ ਆਦਿ ਗੰਗਾ ਤੇ ਯਮੁਨਾ ਨਦੀਆਂ ਦੇ ਕਿਨਾਰਿਆਂ ‘ਤੇ ਹਨ ਅਤੇ ਮੁੰਬਈ ਤੇ ਚੇਨੱਈ (ਮਦਰਾਸ) ਸਮੁੰਦਰ ਦੇ ਕੰਢੇ ਹੈ। ਇਸੇ ਤਰ੍ਹਾਂ ਭਾਰਤ ਦੀਆਂ ਹੋਰ ਨਦੀਆਂ-ਕ੍ਰਿਸ਼ਨਾ, ਕਾਵੇਰੀ, ਨਰਬਦਾ, ਤਾਪਤੀ, ਗੋਦਾਵਰੀ ਆਦਿ ਦੇ ਕਿਨਾਰਿਆਂ ‘ਤੇ ਅਨੇਕਾਂ ਵੱਡੇ ਸ਼ਹਿਰ ਵੱਸੇ ਹੋਏ ਹਨ। ਕੈਨੇਡਾ ਦੇ ਤਿੰਨ ਵੱਡੇ ਸ਼ਹਿਰ ਮਾਂਟਰੀਅਲ, ਟੋਰਾਂਟੋ, ਵੈਨਕੂਵਰ ਆਦਿ ਵੀ ਸਮੁੰਦਰ ਜਾਂ ਵੱਡੀਆਂ ਝੀਲਾਂ ਦੇ ਕੰਢਿਆਂ ‘ਤੇ ਹਨ। ਆਸਟ੍ਰੇਲੀਆ ਦੇ ਸ਼ਹਿਰ ਸਿਡਨੀ, ਮੈਲਬੌਰਨ, ਕੈਨਬਰਾ, ਐਡੀਲੇਡ, ਬ੍ਰਿਸਬੇਨ ਆਦਿ ਵੀ ਸਮੁੰਦਰ ਦੇ ਕੰਢਿਆਂ ‘ਤੇ ਹੀ ਹਨ। ਦੁਨੀਆਂ ਦੇ ਬਾਕੀ ਦੇਸ਼ਾਂ ਵਿਚ ਵੀ ਇਹ ਵਰਤਾਰਾ ਇੰਜ ਹੀ ਹੈ।
ਮਨੁੱਖ ਦੀਆਂ ਪਾਣੀ ਤੋਂ ਲੜਾਈਆਂ ਮੁੱਢ-ਕਦੀਮ ਤੋਂ ਹੀ ਚੱਲੀਆਂ ਆਈਆਂ ਹਨ। ਜੰਗਲਾਂ ਵਿਚ ਰਹਿੰਦਿਆਂ ਅਤੇ ਉਸ ਤੋਂ ਬਾਅਦ ਵੀ ਪੁਰਾਤਨ ਕਬੀਲੀਆਂ ਦੇ ਆਪਸੀ ਟਕਰਾਅ ਆਮ ਤੌਰ ‘ਤੇ ਪਾਣੀਆਂ ਦੇ ਕਬਜਿ਼ਆਂ ਤੋਂ ਹੀ ਹੋਇਆ ਕਰਦੇ ਸਨ। ਕਈ ਦੇਸ਼ਾਂ ਦੀਆਂ ਆਪਸੀ ਲੜਾਈਆਂ ਪਾਣੀਆਂ ਤੋਂ ਹੀ ਹੋਈਆਂ। ਅਰਬਾਂ ਤੇ ਇਜ਼ਰਾਈਲੀਆਂ ਵਿਚਕਾਰ ਇਹ ਲੜਾਈ 1949 ਤੋਂ ਸ਼ੁਰੂ ਹੋ ਕੇ 1967 ਤੀਕ 18 ਸਾਲ ਚੱਲਦੀ ਰਹੀ। ਪਾਕਿਸਤਾਨ ਵਿਚ ਵਗਦੇ ਸਿੰਧ ਦਰਿਆ ਦੇ ‘ਇੰਡਸ-ਬੇਸਿਨ ਵਾਟਰਜ਼’ ਦਾ ਝਗੜਾ ਕਈ ਦਹਾਕੇ ਪੁਰਾਣਾ ਭਾਰਤ-ਪਾਕਿ ‘ਸੀਤ-ਯੁੱਧ’ ਅਜੇ ਵੀ ਉਂਜ ਹੀ ਚੱਲ ਰਿਹਾ ਹੈ। ਦੱਖਣੀ ਭਾਰਤ ਦੇ ਸੂਬਿਆਂ ਕਰਨਾਟਕਾ ਤੇ ਤਾਮਿਲਨਾਡੂ ਵਿਚਕਾਰ 802 ਕਿਲੋਮੀਟਰ ਲੰਮੇ ਕਾਵੇਰੀ ਨਦੀ ਦੇ ਬੇਸਿਨ ਏਰੀਏ ਵਿਚ ਪਾਣੀ ਦੀ ਵੰਡ ਦਾ ਝਗੜਾ ਭਾਰਤ ਦੀ ਵੰਡ ਤੋਂ ਵੀ ਪਹਿਲਾਂ ਦਾ 1910 ਤੋਂ ਚੱਲ ਰਿਹਾ ਹੈ। ਕਈ ਟ੍ਰਿਬਿਊਨਲ ਤੇ ਬੋਰਡ ਬਣੇ ਅਤੇ ਅਖੀਰ ਮਾਮਲਾ ਸੁਪਰੀਮ ਕੋਰਟ ਵਿਚ ਗਿਆ, ਜਿਸ ਨੇ 16 ਫਰਵਰੀ 2018 ਨੂੰ ਆਪਣਾ ਫੈਸਲਾ ਦਿੱਤਾ। ਇਸ ਅਨੁਸਾਰ ਹੀ ਕਰਨਾਟਕਾ, ਤਾਮਿਲਨਾਡੂ, ਕੇਰਲਾ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਪਾਂਡੀਚਰੀ ਵਿਚਕਾਰ ਪਾਣੀਆਂ ਦੀ ਵੰਡ ਕੀਤੀ ਗਈ। ਪੰਜਾਬ ਅਤੇ ਹਰਿਆਣੇ ਵਿਚ ‘ਸਤਲੁਜ-ਯਮਨਾ ਲਿੰਕ’ ਨਹਿਰ ਦਾ ਰੇੜਕਾ 1980 ਤੋਂ ਚੱਲਿਆ ਆ ਰਿਹਾ ਹੈ। ਇਸ ਦਾ ਕੋਈ ਯੋਗ ਹੱਲ ਅਜੇ ਤੱਕ ਨਹੀਂ ਲੱਭਿਆ ਅਤੇ ਨਾ ਹੀ ਨੇੜ-ਭਵਿੱਖ ਵਿਚ ਲੱਭਣ ਦੀ ਆਸ ਹੈ।
ਗੱਲ ਕੀ, ਮਨੁੱਖੀ ਜੀਵਨ ਵਿਚ ਪਾਣੀ ਦੀ ਸਭ ਤੋਂ ਵੱਧ ਅਹਿਮੀਅਤ ਹੈ। ਇਸ ਦੇ ਬਿਨਾ ਤਾਂ ਜਿ਼ੰਦਗੀ ਹੀ ਸੰਭਵ ਨਹੀਂ ਹੈ। ਪਾਣੀ ਸਾਨੂੰ ਕੁਦਰਤੀ ਸਰੋਤਾਂ ਝਰਨਿਆਂ, ਨਦੀਆਂ, ਨਹਿਰਾਂ, ਬਾਰਸ਼ ਆਦਿ ਤੋਂ ਮਿਲਦਾ ਹੈ। ਇਸ ਨੂੰ ਸੰਭਾਲਣ ਦੀ ਅਤਿਅੰਤ ਲੋੜ ਹੈ। ਇਸ ਨੂੰ ਗੰਧਲਾ ਅਤੇ ਜ਼ਹਿਰੀਲਾ ਹੋਣ ਤੋਂ ਬਚਾਉਣਾ ਸਾਡਾ ਮੁੱਖ-ਕਰਤਵ ਹੈ, ਜਿਸ ਨੂੰ ਅਸੀਂ ਭੁੱਲ ਗਏ ਹਾਂ ਅਤੇ ਇਸ ਦੀ ਬੇਲੋੜੀ ਵਰਤੋਂ ਕਰਦੇ ਹਾਂ। ਇਸ ਦੇ ਸਿੱਟੇ ਸਾਨੂੰ ਇਸ ਦੀ ਘਾਟ ਅਤੇ ਇਸ ਦੇ ਜ਼ਹਿਰੀਲੇਪਨ ਕੈਂਸਰ ਵਰਗੀਆਂ ਕਈ ਕਿਸਮ ਦੀਆਂ ਬੀਮਾਰੀਆਂ ਵਜੋਂ ਭੁਗਤਣੇ ਪੈ ਰਹੇ ਹਨ।
ਆਓ, ਸਾਰੇ ਪਾਣੀ ਦੀ ਬੱਚਤ ਕਰੀਏ ਅਤੇ ਇਸ ਨੂੰ ਜ਼ਹਿਰੀਲਾ ਹੋਣ ਤੋਂ ਬਚਾਈਏ। ਇਹ ਸਿਰਫ ਸਾਡੇ ਲਈ ਹੀ ਨਹੀਂ ਹੈ, ਸਗੋਂ ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਲੋੜੀਂਦਾ ਹੈ।