ਕਾਵਿ-ਨਾਟਕ ‘ਅੰਬੀ ਦਾ ਬੂਟਾ’

ਰਵਿੰਦਰ ਸਿੰਘ ਸੋਢੀ
ਰਿਚਮੰਡ, ਕੈਨੇਡਾ
ਫੋਨ: 604-369-2371
ਪ੍ਰੋ. ਮੋਹਨ ਸਿੰਘ ਆਪਣੇ ਸਮੇਂ ਦੇ ਹੀ ਮਹਾਨ ਕਵੀ ਨਹੀਂ ਸਨ, ਸਗੋਂ ਅੱਜ ਦੇ ਸਮੇਂ ਵੀ ਉਨ੍ਹਾਂ ਦੇ ਕਾਵਿ ਜਗਤ ਦੀ ਵਿਸ਼ੇਸ਼ ਥਾਂ ਹੈ। ‘ਅੰਬੀ ਦੇ ਬੂਟੇ ਥੱਲੇ’ ਇਕ ਅਜਿਹੀ ਸਦਾ ਬਹਾਰ ਕਵਿਤਾ ਹੈ, ਜਿਸ ਦੀ ਮਹਿਕ ਅਜੋਕੇ ਸਮੇਂ ਵਿਚ ਵੀ ਤਰੋ-ਤਾਜਾ ਹੈ। ਆਮ ਤੌਰ `ਤੇ ਇਸ ਕਵਿਤਾ ਨੂੰ ‘ਅੰਬੀ ਦਾ ਬੂਟਾ’ ਹੀ ਕਿਹਾ ਜਾਂਦਾ ਹੈ।

ਇਸ ਕਵਿਤਾ ਨੂੰ ਭਾਵੇਂ ਲੰਬੀ ਕਵਿਤਾ, ਬਿਰਹਾ ਦੀ ਕਵਿਤਾ ਆਦਿ ਦੇ ਵਿਸ਼ਲੇਸ਼ਣਾਂ ਨਾਲ ਯਾਦ ਕੀਤਾ ਜਾਂਦਾ ਹੈ, ਪਰ ਮੈਂ ਕਿਉਂਕਿ ਰੰਗ ਮੰਚ ਨਾਲ ਜੁੜਿਆ ਹੋੋਇਆ ਹਾਂ ਅਤੇ ਜਿੰਨੀ ਮੇਰੀ ਰੰਗ ਮੰਚ ਸਬੰਧੀ ਥੋੜ੍ਹੀ-ਬਹੁਤ ਜਾਣਕਾਰੀ ਹੈ, ਮੇਰੇ ਲਈ ‘ਅੰਬੀ ਦਾ ਬੂਟਾ’ ਇਕ ਕਾਵਿ-ਨਾਟਕ ਹੈ, ਉਹ ਵੀ ਇਕ ਪਾਤਰੀ। ਭਾਵੇਂ ਇਸ ਵਿਚ ਕੁਝ ਦੇਰ ਲਈ ਨਾਇਕਾ ਦੇ ਖਿਆਲਾਂ ਵਿਚ ਉਸ ਦਾ ਫੌਜੀ ਪਤੀ ਵੀ ਆਉਂਦਾ ਹੈ, ਪਰ ਫੇਰ ਵੀ ਨਾਇਕਾ ਦੁਆਲੇ ਹੀ ਅੰਬੀ ਦੇ ਬੂਟੇ ਦੀ ਬੁਣਤੀ ਬੁਣੀ ਹੋਈ ਹੈ। ਮੈਂ ਜਦੋਂ ਵੀ ਇਸ ਕਵਿਤਾ ਨੂੰ ਪੜ੍ਹਦਾ, ਮੈਨੂੰ ਮਹਿਸੂਸ ਹੁੰਦਾ ਕਿ ਇਸ ਨੂੰ ਰੰਗ ਮੰਚ `ਤੇ ਬਹੁਤ ਵਧੀਆ ਢੰਗ ਨਾਲ ਸਜੀਵ ਕੀਤਾ ਜਾ ਸਕਦਾ ਹੈ।
ਪੰਜਾਬ ਪਬਲਿਕ ਸਕੂਲ ਨਾਭਾ ਵਿਚ ਬਤੌਰ ਪੰਜਾਬੀ ਅਧਿਆਪਕ ਲੱਗਦੇ ਹੀ (1981) ਮੈਂ ਆਪਣਾ ਲਿਖਿਆ ਨਾਟਕ ‘ਉੱਕੜ ਦੁੱਕੜ ਭੰਬਾ ਭੌ’ ਸਕੂਲ ਦੇ ਬੱਚਿਆਂ ਤੋਂ ਤਿਆਰ ਕਰਵਾਇਆ। ਨਾਟਕ ਦੀ ਪੇਸ਼ਕਾਰੀ ਦੇਖ ਕੇ ਮੈਨੂੰ ਸਕੂਲ ਦੇ ਫਾਊਂਡਰ ਡੇਅ (ਸਾਲਾਨਾ ਸਮਾਗਮ) `ਤੇ ਪੰਜਾਬੀ ਨਾਟਕ ਤਿਆਰ ਕਰਨ ਨੂੰ ਕਿਹਾ ਗਿਆ। ਪਹਿਲਾਂ ਹਮੇਸ਼ਾ ਅੰਗਰੇਜ਼ੀ ਨਾਟਕ ਹੀ ਹੁੰਦਾ ਸੀ। ਇਸ ਵਾਰ ਅੰਗਰੇਜ਼ੀ ਦੇ ਨਾਲ ਪੰਜਾਬੀ ਨਾਟਕ ਵੀ ਪੇਸ਼ ਕਰਨ ਦਾ ਫੈਸਲਾ ਹੋਇਆ। ਮੈਂ ਲੇਡੀ ਗ੍ਰੇਗਰੀ ਦੇ ਨਾਟਕ ‘ਦਾ ਰਾਈਜਿ਼ੰਗ ਆਫ ਦਿ ਮੂਨ’ ਦਾ ਪੰਜਾਬੀ ਅਨੁਵਾਦ ‘ਚੰਨ ਚੜ੍ਹਿਆ’ ਪੇਸ਼ ਕੀਤਾ। ਇਹ ਨਾਟਕ ਵੀ ਬਹੁਤ ਪਸੰਦ ਕੀਤਾ ਗਿਆ। ਇਹ ਅਕਤੂਬਰ 1981 ਦੀ ਗੱਲ ਹੈ। ਨਾਟਕ ਦੇਖਣ ਤੋਂ ਬਾਆਦ ਸ੍ਰੀ ਵਾਈ. ਪੀ. ਜੌਹਰੀ (ਸਕੂਲ ਦੇ ਸੀਨੀਅਰ ਮਾਸਟਰ) ਨੇ ਮੈਨੂੰ ਪੁਛਿਆ ਕਿ ਕੀ 26 ਜਨਵਰੀ ਲਈ ਕੋਈ ਵਿਸ਼ੇਸ਼ ਪ੍ਰੋਗਰਾਮ ਤਿਆਰ ਕੀਤਾ ਜਾ ਸਕਦਾ ਹੈ। ਮੇਰੇ ਹਾਂ ਕਰਨ ਕੇ ਉਨ੍ਹਾਂ ਕਿਹਾ ਕਿ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਜਨਵਰੀ ਦੇ ਪਹਿਲੇ ਹਫਤੇ ਜਦੋਂ ਸਕੂਲ ਖੁੱਲ੍ਹਣ, ਤਿਆਰੀ ਸ਼ੁਰੂ ਕਰ ਲੈਣਾ।
ਨਵੰਬਰ 81 ਵਿਚ ਮੇਰਾ ਵਿਆਹ ਹੋ ਗਿਆ। ਮੇਰੀ ਜੀਵਨ ਸਾਥਣ ਪਰਮਿੰਦਰ ਵੀ ਗਿੱਧੇ ਦੀ ਮਾਹਰ ਸੀ। ਯੂਨੀਵਰਸਿਟੀ ਪੱਧਰ ਦੀ ਵਧੀਆ ਗਿੱਧਾ ਕਲਾਕਾਰ ਸੀ ਅਤੇ ਕਾਲਜ ਸਮੇਂ ਨਾਟਕਾਂ ਵਿਚ ਵੀ ਹਿੱਸਾ ਲੈ ਚੁਕੀ ਸੀ।
ਜਨਵਰੀ 1982 ਵਿਚ ਸਕੂਲ ਖੁਲ੍ਹਣ ਤੋਂ ਪਹਿਲਾਂ ਹੀ ਮੈਂ ਛੱਬੀ ਜਨਵਰੀ ਦੇ ਪ੍ਰੋਗਰਾਮ ਦੀ ਰੂਪ-ਰੇਖਾ ਉਲੀਕ ਲਈ। ਗਿੱਧੇ ਦੀ ਤਿਆਰੀ ਕਰਵਾਉਣ ਲਈ ਭਾਗਵਾਨ ਨੇ ਹਾਮੀ ਭਰ ਦਿੱਤੀ। ਮੈਨੂੰ ਖਿਆਲ ਆਇਆ ਕਿ ‘ਅੰਬੀ ਦਾ ਬੂਟਾ’ ਵੀ ਪੇਸ਼ ਕੀਤਾ ਜਾ ਸਕਦਾ ਹੈ। ਮੈਨੂੰ ਪਤਾ ਸੀ ਕਿ ਸ਼੍ਰੀਮਤੀ ਜੀ ਗਾ ਵੀ ਲੈਂਦੀ ਹੈ, ਸੋ ਮੈਂ ਉਸ ਨੂੰ ਪੁੱਛਿਆ ਕਿ ਕੀ ਇਹ ਜਿ਼ੰਮੇਵਾਰੀ ਵੀ ਉਹ ਸੰਭਾਲ ਲਵੇਗੀ? ਉਹ ਕਹਿੰਦੀ ਕਿ ਉਨ੍ਹਾਂ ਨੇ ਆਪਣੇ ਸਕੂਲ ਦੇ ਸਮੇਂ ‘ਅੰਬੀ ਦਾ ਬੂਟਾ’ ਮੰਚ `ਤੇ ਪੇਸ਼ ਹੀ ਨਹੀਂ ਸੀ ਕੀਤਾ, ਸਗੋਂ ਗਾਇਆ ਵੀ ਸੀ। ਉਹ ਇਹ ਤਿਆਰ ਵੀ ਕਰਵਾ ਸਕਦੀ ਹੈ। ਮੈਂ ਦੋ ਮੁੱਖ ਆਈਟਮਾਂ ਤੋਂ ਵਿਹਲਾ ਹੋ ਗਿਆ। ਬਾਕੀ ਸਾਰੀ ਰੂਪ-ਰੇਖਾ ਤਿਆਰ ਸੀ। ਸਕੂਲ ਖੁੱਲ੍ਹਣ ਤੋਂ ਦੋ ਕੁ ਦਿਨਾਂ ਬਾਅਦ ਹੀ ਮੈਂ ਬੱਚਿਆਂ ਨੂੰ ਇੱਕਠੇ ਕਰਕੇ ਤਿਆਰੀ ਸ਼ੁਰੂ ਕਰਵਾ ਦਿੱਤੀ।
‘ਅੰਬੀ ਦਾ ਬੂਟਾ’ ਲਈ ਮੈਂ ਦੋ ਕੁੜੀਆਂ-ਗੁਰਮੀਤ ਅਤੇ ਅਮਰਦੀਪ ਦੀ ਚੋਣ ਕੀਤੀ। ਗੁਰਮੀਤ ਤਾਂ ਮੇਰੇ ਨਾਟਕ ‘ਉੱਕੜ ਦੁੱਕੜ ਭੰਬਾ ਭੌ’ ਵਿਚ ਵੀ ਸੀ। ਮੈਨੂੰ ਪਤਾ ਸੀ ਕਿ ਮੁੱਖ ਕਿਰਦਾਰ ਲਈ ਉਹ ਠੀਕ ਰਹੇਗੀ। ਦੂਸਰੀ ਲੜਕੀ ਦੀ ਥਾਂ ਮੈਂ ਕਿਸੇ ਲੜਕੇ ਨੂੰ ਵੀ ਲੈ ਸਕਦਾ ਸੀ, ਪਰ ਮੈਨੂੰ ਪਰਮਿੰਦਰ ਨੇ ਸਲਾਹ ਦਿੱਤੀ ਕਿ ਕੋਈ ਲੜਕੀ ਹੀ ਲਵੋ। ਦੋਵੇਂ ਲੜਕੀਆਂ ਆਪਸ ਵਿਚ ਸਹਿਜ ਰਹਿਣਗੀਆਂ। ਮੈਨੂੰ ਇਹ ਸਲਾਹ ਪਸੰਦ ਆਈ।
ਅਸੀਂ ਪਹਿਲਾਂ ਹੀ ਇਸ ਦੀ ਮੰਚ ਜੜਤ ਸਬੰਧੀ ਸੋਚ ਲਿਆ ਸੀ। ਮੰਚ ਦੇ ਖੱਬੇ ਪਾਸੇ ਅੰਬ ਦੇ ਦਰਖਤ ਦਾ ਵੱਡਾ ਟਾਹਣਾ ਲਾਉਣਾ ਸੀ, ਸੱਜੇ ਪਾਸੇ ਬਾਣ ਦਾ ਬੁਣਿਆ ਮੰਜਾ ਅਤੇ ਮੰਚ ਦੇ ਵਿਚਕਾਰ ਚਰਖਾ ਅਤੇ ਪੁਰਾਣੇ ਢੰਗ ਦੀ ਪੀੜ੍ਹੀ। ਚਰਖਾ ਤੇ ਪੀੜ੍ਹੀ ਲੱਭਣ ਵਿਚ ਕਾਫੀ ਦਿੱਕਤ ਆਈ। ਅਖੀਰ ਮੇਰੀ ਇਕ ਵਿਦਿਆਰਥਣ ਨੇ ਸਾਡੀ ਮਦਦ ਕੀਤੀ। ਉਨ੍ਹਾਂ ਦੇ ਘਰ ਪੁਰਾਣਾ ਜਿਹਾ ਚਰਖਾ ਪਿਆ ਸੀ। ਸਾਡੀ ਖੁਸ਼ਕਿਸਮਤੀ ਨੂੰ ਉਸ ਦੇ ਤੱਕਲੇ `ਤੇ ਕੱਤਿਆ ਹੋਇਆ ਸੂਤ ਦਾ ਗਲੋਟਾ ਵੀ ਲੱਗਿਆ ਹੋਇਆ ਸੀ। ਰੂੰਈ ਦੀ ਪੂੂਣੀ ਮੈਂ ਰੂੰਈ ਪਿੰਜਣ ਵਾਲਿਆਂ ਤੋਂ ਲੈ ਆਇਆ। ਮੈਨੂੰ ਡਰ ਸੀ ਕਿ ਬੱਚੇ ਚਰਖੇ ਨਾਲ ਛੇੜਛਾੜ ਨਾ ਕਰਨ, ਇਸ ਲਈ ਚਰਖਾ ਮੈਂ ਗਰੀਨ ਰੂਮ ਵਿਚ ਰੱਖ ਕੇ ਜਿੰਦਰਾ ਲਾ ਦਿੰਦਾ। ਸਿਰਫ ਰਿਹਰਸਲ ਵੇਲੇ ਹੀ ਕੱਢਦਾ। ਗੁਰਮੀਤ ਨੂੰ ਵੀ ਮੈਂ ਸਮਝਾ ਦਿੱਤਾ ਸੀ ਕਿ ਉਹ ਜਦੋਂ ਚਰਖੇ ਕੋਲ ਆ ਕੇ ਬੈਠਦੀ ਹੈ (ਤੇ ਦਿਲ ਪਰਚਾਵਨ ਨੂੰ, ਦੋ ਤੰਦਾਂ ਪਾਨੀ ਆਂ) ਤਾਂ ਸੱਜੇ ਹੱਥ ਨਾਲ ਚਰਖਾ ਚਲਾਉਣ ਦੀ ਮਾਈਮ ਹੀ ਕਰੇ, ਚਲਾਵੇ ਨਾ ਅਤੇ ਖੱਬੇ ਹੱਥ ਨਾਲ ਪੂਣੀ ਨੂੰ ਹੌਲੀ ਜਿਹੀ ਫੜ ਕੇ ਹੀ ਹੱਥ ਥੋੜ੍ਹਾ ਜਿਹਾ ਉੱਪਰ ਕਰੇ ਤਾਂ ਜੋ ਤੰਦ ਟੁੱਟ ਨਾ ਜਾਵੇ। ਇਕ ਪੀੜ੍ਹੀ ਵੀ ਸਾਨੂੰ ਮਿਲ ਹੀ ਗਈ, ਜੋ ਰੰਗ-ਬਿਰੰਗੀ ਨਵਾਰ ਦੀ ਬੁਣੀ ਹੋਈ ਸੀ। ਦੋਹਾਂ ਪਾਤਰਾਂ ਦੀ ਡਰੈੱਸ ਵੀ ਮੈਡਮ ਨੇ ਲੜਕੀਆਂ ਨੂੰ ਪਹਿਲਾਂ ਹੀ ਦੱਸ ਦਿੱਤੀ ਤਾਂ ਜੋ ਲੜਕੀਆਂ ਪਹਿਲਾਂ ਹੀ ਇੰਤਜਾਮ ਕਰ ਲੈਣ। ਗੁਰਮੀਤ ਲਈ ਤਾਂ ਗੂੜ੍ਹੇ ਰੰਗ ਦਾ ਸੂਟ ਅਤੇ ਜਿਹੜੀ ਲੜਕੀ ਨੇ ਲੜਕੇ ਦੇ ਰੂਪ ਵਿਚ ਆਉਣਾ ਸੀ, ਉਸ ਨੂੰ ਲੰਮਾ ਮਰਦਾਵਾਂ ਕਮੀਜ਼, ਤੇੜ ਚਾਦਰਾ ਅਤੇ ਸਿਰ `ਤੇ ਪੱਗ।
ਇਸ ਆਈਟਮ `ਤੇ ਸਾਡਾ ਸਮਾਂ ਬਹੁਤ ਲੱਗਿਆ, ਕਿਉਂਕਿ ਮੈਡਮ ਨੇ ਗਾਉਣਾ ਵੀ ਹੁੰਦਾ ਸੀ ਅਤੇ ਦੋਵੇਂ ਕਲਾਕਾਰਾਂ ਦੇ ਚਿਹਰੇ ਦੇ ਹਾਵ-ਭਾਵ ਵੀ ਦੇਖਣੇ ਹੁੰਦੇ ਸਨ। ਇਹ ਵੀ ਦੇਖਣਾ ਹੁੰਦਾ ਸੀ ਕਿ ਉਹ ਐਕਸ਼ਨ ਵੀ ਠੀਕ ਕਰ ਰਹੀਆਂ ਹਨ। ਦੋ-ਚਾਰ ਦਿਨ ਤਾਂ ਉਨ੍ਹਾਂ ਨੇ ਇਹ ਦੋਵੇਂ ਕੰਮ ਕੀਤੇ, ਪਰ ਮੁਸ਼ਕਿਲ ਨਾਲ। ਇਕ ਦਿਨ ਮੈਨੂੰ ਕਹਿੰਦੇ ਕਿ ਜਦੋਂ ਉਹ ਗਾ ਰਹੇ ਹੁੰਦੇ ਹਨ ਤਾਂ ਲੜਕੀਆਂ ਦੇ ਐਕਸ਼ਨਾਂ ਦਾ ਧਿਆਨ ਮੈਂ ਰੱਖਿਆ ਕਰਾਂ, ਪਰ ਨਾਲ ਹੀ ਇਹ ਚੇਤਾਵਨੀ ਵੀ ਦੇ ਦਿੱਤੀ ਕਿ ਇਹ ਤੁਹਾਡਾ ਨਾਟਕ ਨਹੀਂ, ਇਸ ਲਈ ਆਪਣੇ ਵੱਲੋਂ ਕੋਈ ਨਵੀਂ ਡਾਇਰੈਕਸ਼ਨ ਨਹੀਂ ਦੇਣੀ। ਮੇਰੇ ਲਈ ਇਹ ਕੰਮ ਮੁਸ਼ਕਿਲ ਤਾਂ ਸੀ, ਪਰ ਮਜਬੂਰੀ ਵਿਚ ਕਰਨਾ ਪਿਆ। ਇਸ ਤਰ੍ਹਾਂ ਮੈਡਮ ਦਾ ਭਾਰ ਕੁਝ ਹੌਲਾ ਹੋ ਗਿਆ; ਪਰ ਫੇਰ ਵੀ ਉਹ ਆਪਣੀ ਸੰਤੁਸ਼ਟੀ ਲਈ ਬਿਨਾ ਗਾਏ ਰਿਹਰਸਲ ਕਰਵਾ ਕੇ ਦੇਖਦੇ ਕਿ ਲੜਕੀਆਂ ਉਨ੍ਹਾਂ ਦੇ ਦੱਸੇ ਅਨੁਸਾਰ ਕਰ ਰਹੀਆਂ ਹਨ ਜਾਂ ਨਹੀਂ। ਜਦੋਂ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਕੰਮ ਠੀਕ ਚੱਲ ਰਿਹਾ ਹੈ ਤਾਂ ਉਨ੍ਹਾਂ ਨੇ ਆਪਣੇ ਗਾਉਣ ਵੱਲ ਹੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ।
‘ਅੰਬੀ ਦਾ ਬੂਟਾ’ ਵਿਚ ਕਵੀ ਨੇ ਬਹੁਤ ਹੀ ਕਲਾਮਈ ਢੰਗ ਨਾਲ ਪਤੀ ਦੀ ਯਾਦ ਵਿਚ ਡੁੱਬੀ ਔਰਤ ਦੇ ਮਨੋਭਾਵਾਂ ਨੂੰ ਚਿਤਰਿਆ ਹੈ। ਅਜਿਹੀ ਪੇਸ਼ਕਾਰੀ ਹਰ ਅਦਾਕਾਰ ਨਹੀਂ ਕਰ ਸਕਦਾ, ਪਰ ਮੈਨੂੰ ਗੁਰਮੀਤ `ਤੇ ਪੂਰਾ ਭਰੋਸਾ ਸੀ ਕਿ ਉਹ ਅਜਿਹੀ ਅਦਾਕਾਰੀ ਕਰ ਸਕਦੀ ਹੈ। ਮੈਂ ਉਸ ਨੂੰ ਆਪਣੇ ਪਹਿਲੇ ਨਾਟਕ ਵਿਚ ਪਰਖ ਲਿਆ ਸੀ ਕਿ ਉਸ ਵਿਚ ਇਕ ਚੰਗੇ ਕਲਾਕਾਰ ਵਾਲੇ ਸਾਰੇ ਗੁਣ ਹਨ। ਉਸ ਨੂੰ ਇਕ ਵਾਰ ਸਮਝਾ ਕੇ ਕੰਮ ਚੱਲ ਜਾਂਦਾ ਸੀ, ਦੂਜਾ ਮੈਡਮ ਨੇ ਵੀ ਉਸ ਨਾਲ ਇਕੱਲਿਆਂ ਬਹੁਤ ਮਿਹਨਤ ਕੀਤੀ ਅਤੇ ਵਾਰ ਵਾਰ ਦੱਸਿਆ ਕਿ ਕਵਿਤਾ ਦੀਆਂ ਕਿਹੜੀਆਂ ਕਿਹੜੀਆਂ ਸਤਰਾਂ ਤੇ ਕਿਹੋ ਜਿਹੇ ਭਾਵ ਚਾਹੀਦੇ ਹਨ। ਅਸਲ ਵਿਚ ਇਸ ਆਈਟਮ ਦਾ ਸਾਰਾ ਦਾਰੋਮਦਾਰ ਉਸ ਦੀ ਅਦਾਕਾਰੀ `ਤੇ ਹੀ ਨਿਰਭਰ ਕਰਦਾ ਸੀ ਅਤੇ ਦੂਜਾ ਗਾਉਣ ਵਾਲੇ ਦੀ ਆਵਾਜ਼ ਦੇ ਅੰਦਾਜ਼ ਉੱਤੇ। ਦੂਜੀ ਲੜਕੀ ਅਮਰਦੀਪ ਨੇ ਵੀ ਬਹੁਤ ਮਿਹਨਤ ਕੀਤੀ। ਉਸ ਦੇ ਚਿਹਰੇ ਤੇ ਗੁੱਸੇ ਦੇ ਭਾਵ ਜਲਦੀ ਜਲਦੀ ਨਹੀਂ ਸਨੀ ਆਉਂਦੇ। ਕਵਿਤਾ ਦੀ ਲੋੜ ਮੁਤਾਬਿਕ ਗੁੱਸਾ ਵੀ ਪਿਆਰ ਭਰਿਆ ਚਾਹੀਦਾ ਸੀ (ਜਦੋਂ ਉਹ ਮੱਥੇ `ਤੇ ਲੱਗੀ ਕਾਲਖ ਦਾ ਨਿਸ਼ਾਨ ਦੇਖਦਾ ਹੈ) ਅਤੇ ਜਦੋਂ ਉਹ ਇਕ ਦੂਜੇ ਦੇ ਪਿੱਛੇ ਭੱਜਦੇ ਹਨ। ਇਸ ਦ੍ਰਿਸ਼ ਵਿਚ ਆਪਸੀ ਪਿਆਰ, ਦਿਖਾਵੇ ਦਾ ਗੁੱਸਾ, ਮਰਦਾਂ ਵਾਲੀ ਹੈਂਕੜ ਸਭ ਕੁਝ ਚਾਹੀਦਾ ਸੀ। ਅਜਿਹਾ ਪ੍ਰਗਟਾਵਾ ਵੀ ਹਰ ਕਲਾਕਾਰ ਦੇ ਵੱਸ ਦੀ ਗੱਲ ਨਹੀਂ ਹੁੰਦੀ। ਅਮਰਦੀਪ ਨੂੰ ਇਸ ਲਈ ਬਹੁਤ ਮਿਹਨਤ ਕਰਨੀ ਪਈ। ਮੈਡਮ ਅਤੇ ਮੈਂ ਵੀ ਕਈ ਵਾਰ ਉਸ ਨੂੰ ਇਹ ਦ੍ਰਿਸ਼ ਇਕੱਠੇ ਕਰ ਕੇ ਦਿਖਾਇਆ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਘਰ ਜਾ ਕੇ ਇਕੱਠੀਆਂ ਇਸ ਦੀ ਰਿਹਰਸਲ ਕਰਿਆ ਕਰਨ। ਦੋਹਾਂ ਦੀ ਮਿਹਨਤ ਰੰਗ ਲਿਆਈ।
ਛੱਬੀ ਜਨਵਰੀ ਤੋਂ ਦੋ ਦਿਨ ਪਹਿਲਾਂ ਅਸੀਂ ਸਾਰੇ ਪ੍ਰੋਗਰਾਮ ਦੀ ਡਰੈੱਸ ਰਿਹਰਸਲ ਕੀਤੀ। ਸਾਨੂੰ ਖੁਸ਼ੀ ਹੋਈ ਕਿ ਸਾਰੀਆਂ ਆਈਟਮਾਂ ਹੀ ਸਾਡੀ ਉਮੀਦ ਕੇ ਖਰੀਆਂ ਉੱਤਰੀਆਂ। ਪ੍ਰੋਗਰਾਮ ਤੋਂ ਬਾਅਦ ਵਿਦਿਆਰਥੀਆਂ ਅਤੇ ਸਾਥੀ ਅਧਿਆਪਕਾਂ ਵੱਲੋਂ ਭਰਪੂਰ ਪ੍ਰਸ਼ੰਸਾ ਮਿਲੀ। ਸਕੂਲ ਦੇ ਮੁੱਖ ਅਧਿਆਪਕ, ਗਰੁੱਪ ਕੈਪਟਨ ਏ. ਜੇ. ਐਸ. ਗਰੇਵਾਲ ਨੇ ਵਿਸ਼ੇਸ਼ ਤਾਰੀਫ ਕੀਤੀ। ਉਨ੍ਹਾਂ ਨੂੰ ਸਾਰੇ ਪ੍ਰੋਗਰਾਮ ਵਿਚੋਂ ‘ਅੰਬੀ ਦਾ ਬੂਟਾ’ ਇਸ ਲਈ ਵਧੀਆ ਲੱਗਿਆ, ਕਿਉਂਕਿ ਇਸ ਵਿਚ ਨਿਰੋਲ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕੀਤਾ ਗਿਆ ਸੀ। ਦੋਹਾਂ ਬੱਚੀਆਂ ਦੀ ਅਦਾਕਾਰੀ, ਕਵਿਤਾ ਦੇ ਬੋਲ ਅਤੇ ਗਾਉਣ ਦਾ ਲਹਿਜਾ ਸਭ ਕੁਝ ਹੀ ਪ੍ਰਸ਼ੰਸਾਯੋਗ ਸੀ।
ਉਸ ਸਮੇਂ ਦੇ ਪੰਜਾਬ ਦੇ ਚੀਫ ਸੈਕਟਰੀ, ਜੋ ਸਾਡੇ ਸਕੂਲ ਦੇ ਬੋਰਡ ਮੈਂਬਰ ਸਨ, ਉਨ੍ਹਾਂ ਨੇ ਹੈਡਮਾਸਟਰ ਸਾਹਿਬ ਨਾਲ ਗੱਲ ਕੀਤੀ ਕਿ ਸਰਕਾਰ ਵੱਲੋਂ ਸਕੂਲਾਂ ਦੇ ਬੱਚਿਆਂ ਸਬੰਧੀ ਕੋਈ ਪ੍ਰੋਗਰਾਮ ਕਰਨ ਦਾ ਵਿਚਾਰ ਹੈ, ਉਸ ਮੌਕੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕਰਨਾ ਹੈ। ਸਾਡੇ ਹੈਡਮਾਸਟਰ ਸਾਹਿਬ ਨੇ ਉਨ੍ਹਾਂ ਕੋਲ ਨਾਟਕ ‘ਉੱਕੜ ਦੁੱਕੜ ਭੰਬਾ ਭੌ’ ਅਤੇ ‘ਅੰਬੀ ਦਾ ਬੂਟਾ’ ਦਾ ਵਿਸ਼ੇਸ਼ ਜਿ਼ਕਰ ਕੀਤਾ। ਕੁਝ ਦੇਰ ਬਾਅਦ ਹੀ ਚੀਫ ਸੈਕਟਰੀ ਸਾਹਿਬ ਦਾ ਸਕੂਲ ਆਉਣ ਦਾ ਪ੍ਰੋਗਰਾਮ ਬਣ ਗਿਆ। ਉਨ੍ਹਾਂ ਨੂੰ ਨਾਟਕ, ਅੰਬੀ ਦਾ ਬੂਟਾ, ਗਿੱਧਾ ਅਤੇ ਇਕ ਦੋ ਹੋਰ ਆਈਟਮਾਂ ਦਿਖਾਈਆਂ ਗਈਆਂ। ਉਹ ਨਾਟਕ ਅਤੇ ਅੰਬੀ ਦਾ ਬੂਟਾ ਤੋਂ ਬਹੁਤ ਪ੍ਰਭਾਵਿਤ ਹੋਏ, ਪਰ ਉਨ੍ਹਾਂ ਨੇ ਹੈਡਮਾਸਟਰ ਸਾਹਿਬ ਨੂੰ ਕਿਹਾ ਕਿ ਜਿਹੜਾ ਪ੍ਰੋਗਰਾਮ ਕਰਨਾ ਹੈ, ਉਸ ਦੇ ਮੁੱਖ ਮਹਿਮਾਨ ਰਾਜ ਦੇ ਮੁੱਖ ਮੰਤਰੀ ਹੋਣਗੇ। ਨਾਟਕ ਵਿਚ ਰਾਜਸੀ ਸਿਸਟਮ `ਤੇ ਤਕੜਾ ਵਿਅੰਗ ਹੈ, ਇਸ ਲਈ ਉਹ ਕੋਈ ਖਤਰਾ ਮੁੱਲ ਨਹੀਂ ਲੈ ਸਕਦੇ, ਪਰ ਉਨ੍ਹਾਂ ਨੇ ‘ਅੰਬੀ ਦਾ ਬੂਟਾ’ ਲਈ ਹਾਂ ਕਰ ਦਿੱਤੀ। ਇਹ ਵੱਖਰੀ ਗੱਲ ਹੈ ਕਿ ਸਰਕਾਰ ਦਾ ਉਹ ਸਮਾਗਮ ਹੋਇਆ ਹੀ ਨਹੀਂ, ਪਰ ਖੁਸ਼ੀ ਇਸ ਗੱਲ ਦੀ ਸੀ ਕਿ ਸਾਡੇ ਸਕੂਲ ਦੀ ਆਈਟਮ ਨੂੰ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਵੀ ਕਈ ਵਾਰ ਗਰੁੱਪ ਕੈਪਟਨ ਏ. ਜੇ. ਐਸ. ਗਰੇਵਾਲ ਨੇ ‘ਅੰਬੀ ਦਾ ਬੂਟਾ’ ਦਾ ਜਿ਼ਕਰ ਕੀਤਾ ਅਤੇ ਉਸ ਵਰਗੀ ਹੀ ਕੋਈ ਹੋਰ ਆਈਟਮ ਕਰਨ ਨੂੰ ਕਿਹਾ। ਬਾਅਦ ਵਿਚ ਮੈਂ ਪ੍ਰੋ. ਮੋਹਨ ਸਿੰਘ ਦੀ ਹੀ ਕਵਿਤਾ ‘ਛੱਤੋ ਦੀ ਬੇਰੀ’ ਵੀ ਕਰਵਾਈ।
1982 ਤੋਂ ਬਾਅਦ ਵੀ ‘ਅੰਬੀ ਦਾ ਬੂਟਾ’ ਅਸੀਂ ਦੋ ਵਾਰ ਹੋਰ ਪੇਸ਼ ਕੀਤਾ, ਪਰ ਹਰ ਵਾਰ ਨਵੀਆਂ ਲੜਕੀਆਂ ਨਾਲ। ਇਕ ਵਾਰ ਹਰਮਨ ਕੌਰ ਤੇ ਰਮਨਦੀਪ ਕੌਰ ਨਾਲ ਅਤੇ ਤੀਜੀ ਵਾਰ ਰੂਪਮਜੀਤ ਕੌਰ ਤੇ ਰਾਜਦੀਪ ਕੌਰ ਨਾਲ।
ਦੂਜੀ ਵਾਰ ਹਰਮਨ ਮੁੱਖ ਰੋਲ ਕਰ ਰਹੀ ਸੀ। ਉਸ ਦੇ ਚਿਹਰੇ `ਤੇ ਕੁਦਰਤੀ ਹੀ ਹਾਸੀ ਰਹਿੰਦੀ ਸੀ। ਇਸ ਨਾਲ ਸਾਨੂੰ ਹੋਰ ਅਸਾਨੀ ਹੋ ਗਈ, ਪਰ ਉਸ ਦੇ ਕਿਰਦਾਰ ਨੂੰ ਪਹਿਲਾਂ ਨਾਲੋਂ ਵੱਖ ਢੰਗ ਨਾਲ ਪੇਸ਼ ਕਰਨਾ ਪਿਆ। ਹਰ ਵਿਅਕਤੀ ਦੀ ‘ਸਰੀਰਕ ਭਾਸ਼ਾ’ ਵੱਖਰੀ ਹੁੰਦੀ ਹੈ। ਉਸ ਅਨੁਸਾਰ ਹੀ ਪਾਤਰ ਨੂੰ ਪੇਸ਼ ਕੀਤਾ ਜਾਂਦਾ ਹੈ। ਇਸ ਲਈ ਮੈਡਮ ਨੂੰ ਨਵੇਂ ਸਿਰੇ ਤੋਂ ਵਿਉਂਤ ਬਣਾਉਣੀ ਪਈ। ਹਰਮਨ ਵਿਚ ਸਿੱਖਣ ਦੀ ਲਗਨ ਸੀ, ਇਸੇ ਲਈ ਉਸ ਨੇ ਜਲਦੀ ਹੀ ਆਪਣੇ ਆਪ ਨੂੰ ਮੈਡਮ ਦੀਆਂ ਹਦਾਇਤਾਂ ਮੁਤਾਬਿਕ ਢਾਲ ਲਿਆ। ਉਹ ਗਿੱਧਾ ਵੀ ਵਧੀਆ ਪਾਉਂਦੀ ਸੀ, ਇਸ ਲਈ ਉਸ ਦੇ ਸਰੀਰ ਵਿਚ ਕੁਦਰਤੀ ਲਚਕ ਸੀ। ਉਸ ਦੀ ਇਸ ਖੂਬੀ ਨੇ ਉਸ ਦੇ ਕਿਰਦਾਰ ਨੂੰ ਜਾਨਦਾਰ ਬਣਾ ਦਿੱਤਾ। ਰਮਨਦੀਪ ਵਿਚ ਸ਼ੁਰੂ-ਸ਼ੁਰੂ ‘ਚ ਸਟੇਜ ਦਾ ਡਰ ਸੀ, ਪਰ ਹਰਮਨ ਨੂੰ ਦੇਖ-ਦੇਖ ਉਸ ਵਿਚ ਹੌਸਲਾ ਆਉਂਦਾ ਗਿਆ ਅਤੇ ਪੰਜ-ਚਾਰ ਦਿਨਾਂ ਬਾਅਦ ਉਹ ਇਕ ਸੁਚੱਜੇ ਕਲਾਕਾਰ ਵਾਂਗ ਵਿਚਰਨ ਲੱਗੀ। ਉਸ ਵਿਚ ਅਜਿਹਾ ਹਾਂ-ਪੱਖੀ ਬਦਲਾਓ ਦੇਖ ਕੇ ਦਿਲ ਖੁਸ਼ ਹੋਇਆ ਕਿ ਜੇ ਬੱਚਿਆਂ ਨੂੰ ਯੋਗ ਅਗਵਾਈ ਮਿਲੇ, ਉਹ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਕਰ ਸਕਦੇ ਹਨ। ਦੂਜੀ ਵਾਰ ਵੀ ‘ਅੰਬੀ ਦਾ ਬੂਟਾ’ ਪੇਸ਼ ਕਰਕੇ ਸਕੂਨ ਮਿਲਿਆ। ਮੈਡਮ ਦੀ ਮਿਹਨਤ ਰੰਗ ਲਿਆਈ। ਹੈਡਮਾਸਟਰ ਗਰੁੱਪ ਕੈਪਟਨ ਏ. ਜੇ. ਐਸ. ਗਰੇਵਾਲ ਨੇ ਇਸ ਆਈਟਮ ਦੀ ਬਹੁਤ ਤਾਰੀਫ ਕੀਤੀ।
ਕੁਝ ਸਾਲਾਂ ਬਾਅਦ ਤੀਜੀ ਵਾਰ ਇਹੋ ਕਾਵਿ-ਨਾਟਕ ਕਰਵਾਉਣ ਲਈ ਕਿਹਾ ਗਿਆ। ਇਸ ਵਾਰ ਸਾਡੇ ਕੋਲ ਸੱਤਵੀਂ-ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਸਨ-ਰੂਪਮਜੀਤ ਕੌਰ ਅਤੇ ਰਾਜਪ੍ਰੀਤ ਕੌਰ। ਛੋਟੇ ਬੱਚਿਆਂ ਤੋਂ ਮੰਚ `ਤੇ ਕੁਝ ਵੀ ਪੇਸ਼ ਕਰਵਾਉਣਾ ਮੁਸ਼ਕਿਲ ਵੀ ਹੁੰਦਾ ਹੈ ਅਤੇ ਅਸਾਨ ਵੀ। ਮੁਸ਼ਕਿਲ ਇਸ ਲਈ ਕਿ ਉਹ ਜਲਦੀ-ਜਲਦੀ ਗੱਲ ਨਹੀਂ ਸਮਝਦੇ ਅਤੇ ਅਸਾਨ ਇਸ ਲਈ ਕਿ ਉਨ੍ਹਾਂ ਵਿਚ ਕੁਝ ਨਵਾਂ ਕਰਨ ਦੀ ਲਗਨ ਹੁੰਦੀ ਹੈ। ਇਕ ਵਾਰ ਉਹ ਤੁਹਾਡੇ ਨਾਲ ਰਚ-ਮਿਚ ਜਾਣ ਤਾਂ ਤੁਹਾਡੀ ਹਰ ਗੱਲ ਮੰਨਦੇ ਹਨ। ਰੂਪਮਜੀਤ ਸਾਡੀ ਬੇਟੀ ਸੀ ਅਤੇ ਰਾਜਪ੍ਰੀਤ ਦਾ ਸਾਡੇ ਘਰ ਬਹੁਤ ਆਉਣਾ ਜਾਣਾ ਸੀ, ਕਿਉਂਕਿ ਉਹ ਦੋਵੇਂ ਸਕੂਲ ਵਿਚ ਇਕੱਠੀਆਂ ਹੀ ਰਹਿੰਦੀਆਂ ਸਨ। ਦੋਵੇਂ ਗਿੱਧਾ ਵੀ ਵਧੀਆ ਪਾਉਂਦੀਆਂ ਸਨ ਅਤੇ ਭਾਸ਼ਣ/ਕਵਿਤਾ ਮੁਕਾਬਲਿਆਂ ਵਿਚ ਹਿੱਸਾ ਲੈਂਦੀਆਂ ਰਹਿੰਦੀਆਂ ਸਨ। ਸਟੇਜ ਡਰ ਵਰਗੀ ਚੀਜ਼ ਤੋਂ ਦੂਰ। ਸੋ ਦੋਹਾਂ ਨੇ ਜਲਦੀ ਹੀ ਕਵਿਤਾ ਦੀ ਮੂਲ ਭਾਵਨਾ ਸਮਝ ਲਈ ਅਤੇ ਦੱਸੇ ਅਨੁਸਾਰ ਕਰਨ ਲੱਗੀਆਂ; ਪਰ ਇਸ ਵਾਰ ਵੀ ਮੈਡਮ ਨੂੰ ਉਨ੍ਹਾਂ ਦੀ ਉਮਰ ਅਤੇ ਸਮਰਥਾ ਅਨੁਸਾਰ ਪੇਸ਼ਕਾਰੀ ਵਿਚ ਜਰੂਰੀ ਤਬਦੀਲੀਆਂ ਕਰਨੀਆਂ ਪਈਆਂ। ਦੋਵੇਂ ਕਲਾਕਾਰਾਂ ਨੇ ਆਪਣੀ ਉਮਰ ਤੋਂ ਉੱਤੇ ਉੱਠ ਕੇ ਅਦਾਕਾਰੀ ਕੀਤੀ ਅਤੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ।
ਕਈ ਵਾਰ ਮੈਂ ਸੋਚਦਾ ਹਾਂ ਕਿ ਰੰਗ ਮੰਚ ਤੇ ਨਾਟਕਾਂ ਦੇ ਨਾਲ-ਨਾਲ ਅਜਿਹੀਆਂ ਰਚਨਾਵਾਂ ਦੀ ਚੋਣ ਕਰਕੇ ਪੇਸ਼ ਕਰਨ ਨਾਲ ਉੱਦਮੀ ਰੰਗ ਕਰਮੀ ਰੰਗ ਮੰਚ ਦਾ ਪਿੜ ਮੋਕਲਾ ਕਰ ਸਕਦੇ ਹਨ।