ਕਿਸਾਨੀ ਸੰਘਰਸ਼ ਨੇ ਪੰਜਾਬ `ਚ ਸਿਆਸੀ ਸਰਗਰਮੀ ਨੂੰ ਬ੍ਰੇਕਾਂ ਲਾਈਆਂ

ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਆਗੂਆਂ ਦੇ ਘਿਰਾਓ ਤੇ ਦੂਸਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਸਵਾਲ ਪੁੱਛਣ ਦੇ ਐਲਾਨ `ਤੇ ਅਮਲ ਹੋਣ ਨਾਲ ਸੂਬੇ ਦੀਆਂ ਰਵਾਇਤੀ ਸਿਆਸੀ ਧਿਰਾਂ ਨੂੰ ਤਣਾਅ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਪਿੰਡਾਂ `ਚ ਸਿਆਸੀ ਪਾਰਟੀਆਂ ਦੇ ਕਾਰਕੁਨਾਂ ਤੇ ਕਿਸਾਨਾਂ ਦਰਮਿਆਨ ਕਹਾ-ਸੁਣੀ ਵੀ ਹੋਈ ਹੈ।

ਭਾਜਪਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦਾ ਸਭ ਤੋਂ ਵੱਧ ਸੇਕ ਲੱਗਦਾ ਨਜ਼ਰ ਆ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਥਾਂ-ਥਾਂ ਘੇਰੇਬੰਦੀ ਤੋਂ ਹਾਲਾਤ ਟਕਰਾਅ ਵਾਲੇ ਵੀ ਬਣ ਰਹੇ ਹਨ। ਮੋਗਾ ਵਿਚ ਅਕਾਲੀਆਂ ਦੀ ਰੈਲੀ ਰੋਕਣ ਗਏ ਕਿਸਾਨਾਂ ਉਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਨੇ ਮਾਹੌਲ ਨੂੰ ਹੋਰ ਭਖਾ ਦਿੱਤਾ ਹੈ। ਇਸ ਪਿੱਛੋਂ ਅਕਾਲੀ ਦਲ ਨੇ ਵੀ ਭਾਜਪਾ ਵਾਲੀ ਭਾਸ਼ਾ ਵਰਤਦਿਆਂ ਵਿਰੋਧ ਕਰਨ ਵਾਲਿਆਂ ਨੂੰ ਕਿਸਾਨਾਂ ਦੇ ਭੇਸ ਵਿਚ ਸਮਾਜ ਵਿਰੋਧੀ ਅਨਸਰ ਕਰਾਰ ਦੇ ਦਿੱਤਾ।
ਪੰਜਾਬ ਵਿਚ ਹਾਲਾਤ ਇਹ ਹਨ ਕਿ ਕਾਂਗਰਸ ਦੇ ਮੰਤਰੀਆਂ ਤੋਂ ਸਵਾਲ ਪੁੱਛਣ ਵਾਲੇ ਕਿਸਾਨਾਂ ਨੂੰ ਅਕਾਲੀ ਦਲ ਅਤੇ ਆਪ ਦੇ ਸਮਰਥਕ ਅਤੇ ਅਕਾਲੀ ਦਲ ਨੂੰ ਘੇਰਨ ਵਾਲਿਆਂ ਨੂੰ ਆਪ ਤੇ ਕਾਂਗਰਸੀ ਸਮਰਥਕ ਦੱਸਿਆ ਜਾ ਰਿਹਾ ਹੈ। ਅਸਲ ਵਿਚ, ਸਿਆਸੀ ਆਗੂ ਸੰਯੁਕਤ ਕਿਸਾਨ ਮੋਰਚੇ ਦੀ ਇਸ ਗੱਲ ਕਿ ਭਾਜਪਾ ਤੋਂ ਬਿਨਾ ਕਿਸੇ ਹੋਰ ਪਾਰਟੀ ਦੇ ਆਗੂਆਂ ਦਾ ਘਿਰਾਓ ਨਹੀਂ ਕੀਤਾ ਜਾਵੇਗਾ, ਨੂੰ ਢਾਲ ਬਣਾਉਣ ਦੀ ਕੋਸ਼ਿਸ਼ `ਚ ਹਨ। ਹਾਲਾਂਕਿ ਕਿਸਾਨ ਆਗੂਆਂ ਨੇ ਇਹ ਅਪੀਲ ਵੀ ਕੀਤੀ ਹੈ ਕਿ ਦੋ-ਤਿੰਨ ਮਹੀਨੇ ਲਈ ਚੋਣ ਮੁਹਿੰਮ ਤੋਂ ਗੁਰੇਜ਼ ਕੀਤਾ ਜਾਵੇ ਪਰ ਸਿਆਸੀ ਧਿਰਾਂ ਅਜਿਹਾ ਸਬਰ ਕਰਨ ਦੀ ਮੂਡ ਵਿਚ ਨਹੀਂ ਹਨ। ਜਦ ਕਿਸਾਨ ਆਪਣੀਆਂ ਜਥੇਬੰਦੀਆਂ ਦੇ ਸੱਦੇ `ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਸਮਾਗਮਾਂ ਦਾ ਵਿਰੋਧ ਕਰਨ ਅਤੇ ਦੂਸਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸਵਾਲ ਪੁੱਛਣ ਲਈ ਪਹੁੰਚਦੇ ਹਨ ਤਾਂ ਟਕਰਾਅ ਵਾਲੀ ਸਥਿਤੀ ਬਣ ਜਾਂਦੀ ਹੈ। ਇਹੀ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ 100 ਦਿਨਾਂ ਦੀ ਸਿਆਸੀ ਮੁਹਿੰਮ ਨੂੰ 6 ਦਿਨਾਂ ਤੱਕ ਮੁਅੱਤਲ ਕਰਦਿਆਂ ਕਿਹਾ ਹੈ ਕਿ ਉਹ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਲਈ ਤਿਆਰ ਹਨ।
ਅਜਿਹੀ ਹੀ ਹਾਲਤ ਹੋਰ ਸਿਆਸੀ ਧਿਰਾਂ ਦੀ ਹੈ। ਚੋਣਾਂ ਵਿਚ 5-6 ਮਹੀਨਿਆਂ ਦਾ ਸਮਾਂ ਬਚਿਆ ਹੈ ਤੇ ਸਿਆਸੀ ਧਿਰਾਂ ਅੱਗੇ ਕਿਸਾਨ ਸੰਘਰਸ਼ ਵੱਡੀ ਚੁਣੌਤੀ ਬਣਿਆ ਖੜ੍ਹਾ ਹੈ।
ਸਿਆਸੀ ਆਗੂਆਂ ਦਾ ਪਿੰਡਾਂ ਵਿਚ ਜਾਣਾ ਮੁਸ਼ਕਿਲ ਹੋਇਆ ਪਿਆ ਹੈ। ਹਾਲਾਤ ਨੂੰ ਸਮਝਦੇ ਹੋਏ ਕਾਂਗਰਸੀ ਇਸ ਪਾਸੇ ਕੁਝ ਠੰਢੇ ਜਾਪ ਰਹੇ ਹਨ ਪਰ ਅਕਾਲੀ ਦਲ ਵੱਲੋਂ ਜਿਥੇ ਧੜਾ ਧੜ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ, ਉਥੇ ਸਿਆਸੀ ਰੈਲੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ। ਮੌਜੂਦਾ ਹਾਲਾਤ ਤੋਂ ਜਾਪ ਰਿਹਾ ਹੈ ਕਿ ਸਿਆਸੀ ਧਿਰਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਹੈ।