ਸਰਬ ਸਾਂਝੀਵਾਲਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰਚਨਕਾਰਾਂ ਨੇ ਜਿਹੜਾ ਸੰਦੇਸ਼ ਦਿੱਤਾ, ਉਸ ਦਾ ਮੁੱਖ ਧੁਰਾ ਸਮੁੱਚੀ ਮਨੁੱਖਤਾ ਦੀ ਭਲਾਈ ਹੈ। ਬਾਣੀ ਵਿਚ ਥਾਂ-ਥਾਂ ਮਨੁੱਖੀ ਏਕਤਾ, ਸਮਾਜਕ ਬਰਾਬਰੀ ਅਤੇ ਵਿਚਾਰਾਂ ਦੀ ਆਜ਼ਾਦੀ ਦੀ ਗੱਲ ਜ਼ੋਰਦਾਰ ਢੰਗ ਨਾਲ ਪੇਸ਼ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ‘ਰੱਬ ਦੀ ਇੱਕਤਾ’ ਦੀ ਗੱਲ ਨੂੰ ਦ੍ਰਿੜ ਕਰਾਉਂਦੀ ਹੈ ਅਤੇ ਸੰਸਾਰ ਦੀ ਸਾਰੀ ਭੌਤਿਕ ਅਨੇਕਤਾ ਨੂੰ ‘ਇਕ’ ਦਾ ਪਾਸਾਰ ਮੰਨਦੀ ਹੈ।

ਡਾ. ਜਸਪਾਲ ਸਿੰਘ
ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸੰਸਾਰ ਨੂੰ ਸਾਂਝ ਤੇ ਸਦਭਾਵ ਦੀ ਰਾਹ ‘ਤੇ ਤੁਰਨ ਦਾ ਪੈਗਾਮ ਦਿੱਤਾ ਹੈ। ਇਸ ਦੀ ਪਵਿੱਤਰ ਬਾਣੀ ਦੇ ਪਰਵਾਹ ਅੱਗੇ ਵਿਤਕਰੇ ਦੀ ਹਰ ਦੀਵਾਰ ਟੁੱਟ ਜਾਂਦੀ ਹੈ, ਹਰ ਲਕੀਰ ਮਿਟ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਅਦੁੱਤੀ ਮਹਾਨਤਾ ਅਤੇ ਉਸ ਵਿਚ ਸਮੋਏ ਲਾਸਾਨੀ ਸੰਦੇਸ਼ ਦਾ ਜ਼ਿਕਰ ਕਰਦਿਆਂ ਸਾਬਕਾ ਰਾਸ਼ਟਰਪਤੀ ਡਾ. ਰਾਧਾ ਕ੍ਰਿਸ਼ਨਨ ਨੇ ਕਿਹਾ ਸੀ ਕਿ ‘ਉਸ ਸਦੀਵੀ ਸੱਚ ਦੀ ਆਵਾਜ਼, ਜਿਸ ਨੂੰ ‘ਆਦਿ ਗ੍ਰੰਥ’ ਦੀ ਵੇਦਨਾ ਦੀ ਨਿਰਮਲਤਾ ਅਤੇ ਸ਼ਰਧਾ ਦੀ ਤੀਬਰਤਾ ਨੇ ਸ਼ਿੰਗਾਰਿਆ ਹੈ, ਅੱਗੇ ਸਾਗਰਾਂ ਅਤੇ ਪਹਾੜਾਂ ਦੀਆਂ ਰੋਕਾਂ ਆਪਣਾ ਰਾਹ ਖੋਲ੍ਹ ਦੇਣਗੀਆਂ।’
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੰਕਲਨ ਤੇ ਸੰਪਾਦਨ ਕਿੱਦਾਂ ਹੋਇਆ, ਇਸ ਦੀ ਤਫਸੀਲ ਵੀ ਵਿਚਾਰਧਾਰਕ ਦ੍ਰਿਸ਼ਟੀ ਤੋਂ ਬੜੀ ਮਹੱਤਵਪੂਰਨ ਹੈ। ਅਸਲ ਵਿਚ, ਕਿਸੇ ਕੌਮ ਦੇ ਪੈਰੋਕਾਰਾਂ ਵਿਚਕਾਰ ਖਿਆਲਾਂ ਦੀ ਸਾਂਝ ਪੈਦਾ ਕਰਨ ਅਤੇ ਉਸ ਨੂੰ ਬਰਕਰਾਰ ਰੱਖਣ ਲਈ ਅਤੇ ਫਿਰ ਉਸ ਸਾਂਝ ਨੂੰ ਸਦੀਵੀ ਤੌਰ ‘ਤੇ ਸਾਂਭੀ ਰੱਖਣ ਲਈ ‘ਧਰਮ ਗ੍ਰੰਥ’ ਦੀ ਲੋੜ ਹੁੰਦੀ ਹੈ। ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੰਕਲਨ ਤੇ ਸੰਪਾਦਨ ਕਰ ਕੇ ਇਹੋ ਮਹਾਨ ਕਾਰਜ ਕੀਤਾ ਸੀ। ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਨਾਲ ਇਕ ਪਾਸੇ ਸਮੁੱਚੀ ਮਾਨਵਤਾ ਨੂੰ ਚਾਨਣ-ਮੁਨਾਰਾ ਮਿਲ ਗਿਆ ਸੀ; ਦੂਜੇ ਪਾਸੇ, ਸਿੱਖ ਪੰਥ ਮਹਾਨ ਧਰਮ ਗ੍ਰੰਥ ਦਾ ਵਾਰਿਸ ਬਣ ਗਿਆ ਸੀ। ਮਹਿਮਾ ਪ੍ਰਕਾਸ਼ ਦੇ ਕਥਨ ਮੁਤਾਬਿਕ ਗੁਰੂ ਅਰਜਨ ਦੇਵ ਜੀ ਨੇ ਗੁਰਿਆਈ ਦੀ ਗੱਦੀ ‘ਤੇ ਬਿਰਾਜਮਾਨ ਹੋਣ ਤੋਂ ਬਾਅਦ ਬੜੀ ਸ਼ਿੱਦਤ ਨਾਲ ਇਸ ਹਕੀਕਤ ਨੂੰ ਮਹਿਸੂਸ ਕੀਤਾ ਸੀ ਕਿ ਗੁਰੂ ਨਾਨਕ ਦੇ ਪੈਰੋਕਾਰਾਂ ਦਾ ਦਾਇਰਾ ਬਹੁਤ ਵਧ ਗਿਆ ਹੈ ਅਤੇ ਹੁਣ ਇਸ ਪੰਥ ਲਈ ਬਾਣੀ ਦਾ ਸੰਕਲਨ ਅਤੇ ਸੰਪਾਦਨ ਕਰ ਕੇ ਗ੍ਰੰਥ ਦੀ ਰਚਨਾ ਕੀਤੀ ਜਾਣੀ ਜ਼ਰੂਰੀ ਹੈ।
ਇਹ ਹਕੀਕਤ ਵੀ ਇਥੇ ਜ਼ਿਕਰਯੋਗ ਹੈ ਕਿ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਦੇ ਸਾਰੇ ਗੁਰੂ ਸਾਹਿਬਾਨ ਆਪੋ-ਆਪਣੇ ਸਮੇਂ ਬਾਣੀ ਸਿਰਜਣ ਦੇ ਨਾਲ-ਨਾਲ ਬਾਣੀ ਇਕੱਤਰ ਕਰਨ ਲਈ ਭਰਪੂਰ ਯਤਨ ਕਰਦੇ ਆ ਰਹੇ ਸਨ। ਇਤਿਹਾਸਕ ਲਿਖਤਾਂ ਦੱਸਦੀਆਂ ਹਨ ਕਿ ਗੁਰਗੱਦੀ ਦੇਣ ਸਮੇਂ ਹਰ ਗੁਰੂ ਸਾਹਿਬ ਆਪਣੇ ਵਾਰਿਸ ਨੂੰ ਆਪਣੀ ਬਾਣੀ ਅਤੇ ਪਹਿਲੇ ਗੁਰੂ ਸਾਹਿਬਾਨ ਤੋਂ ਪ੍ਰਾਪਤ ਬਾਣੀ-ਸੰਗ੍ਰਹਿ ਸੌਂਪਦੇ ਚਲੇ ਗਏ ਅਤੇ ਇਸ ਤਰ੍ਹਾਂ ਸਮੁੱਚੀ ਬਾਣੀ ਇਕੱਤਰ ਹੁੰਦੀ ਹੋਈ ਪੰਚਮ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਪਾਸ ਪਹੁੰਚ ਗਈ। ਗੁਰੂ ਅਰਜਨ ਦੇਵ ਜੀ ਨੇ ਆਪ ਬੀੜ ਦੀ ਤਿਆਰੀ ਲਈ ਅੰਮ੍ਰਿਤਸਰ ਦੇ ਨਜ਼ਦੀਕ ਰਮਣੀਕ ਥਾਂ ਦੀ ਚੋਣ ਕੀਤੀ ਸੀ। ਇਸੇ ਅਸਥਾਨ ‘ਤੇ ਤੰਬੂ ਲਾ ਲਿਆ ਗਿਆ ਅਤੇ ਗੁਰੂ ਸਾਹਿਬ ਨੇ ਭਾਈ ਗੁਰਦਾਸ ਪਾਸੋਂ ਬਾਣੀ ਨੂੰ ਤਰਤੀਬਵਾਰ ਲਿਖਾਉਣ ਦਾ ਕੰਮ ਆਰੰਭ ਕੀਤਾ। ਜਿਥੇ ਬੈਠ ਕੇ ਬੀੜ ਤਿਆਰ ਕੀਤੀ ਗਈ ਸੀ, ਉਸ ਪਵਿੱਤਰ ਇਤਿਹਾਸਕ ਸਥਾਨ ਨੂੰ ਹੁਣ ਗੁਰਦੁਆਰਾ ਰਾਮਸਰ ਸਾਹਿਬ ਕਰ ਕੇ ਜਾਣਿਆ ਜਾਂਦਾ ਹੈ।
ਇਤਿਹਾਸਕ ਲਿਖਤਾਂ ਦੱਸਦੀਆਂ ਹਨ ਕਿ ਗੁਰੂ ਅਰਜਨ ਦੇਵ ਜੀ ਨੇ ਪ੍ਰਚਾਰ ਮੁਹਿੰਮ ਦੇ ਆਖਰੀ ਦੌਰ ਵਿਚ ਤਕਰੀਬਨ ਇਕ ਸਾਲ ਗੁਰਦਾਸਪੁਰ ਦੇ ਇਲਾਕੇ ਵਿਚ ਸਿੱਖੀ ਦਾ ਪ੍ਰਚਾਰ ਕੀਤਾ ਸੀ ਅਤੇ ਫਿਰ ਪ੍ਰਚਾਰ ਦਾ ਸਾਰਾ ਕੰਮ ਮੁਕਾ ਕੇ ਗੁਰੂ ਸਾਹਿਬ 1601 ਈਸਵੀ ਵਿਚ ਅੰਮ੍ਰਿਤਸਰ ਆ ਗਏ ਸਨ। ਅੰਮ੍ਰਿਤਸਰ ਪਹੁੰਚ ਕੇ ਆਪ ਨੇ ਆਪਣਾ ਸਾਰਾ ਧਿਆਨ ਬਾਣੀ ਦੇ ਸੰਕਲਨ ਤੇ ਸੰਪਾਦਨ ‘ਤੇ ਲਾ ਦਿੱਤਾ ਸੀ ਅਤੇ ਅਗਲੇ ਤਕਰੀਬਨ ਤਿੰਨ ਸਾਲ ਇਸ ਮਹਾਨ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਲੱਗ ਗਏ ਸਨ। ਫਿਰ 1604 ਈਸਵੀ ਵਿਚ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਤ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਚ ਕਰ ਦਿੱਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪ ਦਿੱਤਾ ਗਿਆ। ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ, ਸੰਪਾਦਨਾ ਅਤੇ ਪਹਿਲੇ ਪ੍ਰਕਾਸ਼ ਬਾਰੇ ਜਿਹੜੀ ਇਬਾਰਤ ਦਰਜ ਕੀਤੀ ਹੈ, ਉਹ ਧਿਆਨ ਯੋਗ ਹੈ – ‘ਸਾਰੇ ਧਰਮ ਗ੍ਰੰਥਾਂ ਦਾ ਸਵਾਮੀ, ਸਿੱਖ ਧਰਮ ਦਾ ਮਹਾਮਾਨਯ ਗ੍ਰੰਥ, ਸ੍ਰੀ ਗੁਰੂ ਅਰਜਨ ਦੇਵ ਨੇ ਪਹਿਲੇ ਸਤਿਗੁਰਾਂ ਦੀ ਬਾਣੀ ਇਕੱਤਰ ਕਰ ਕੇ ਸੰਮਤ 1660 ਵਿਚ, ਇਹ ਰਾਮਸਰ ਦੇ ਕਿਨਾਰੇ (ਅੰਮ੍ਰਿਤਸਰ) ਭਾਈ ਗੁਰਦਾਸ ਜੀ ਤੋਂ ਲਿਖਾਉਣਾ ਆਰੰਭਿਆ। ਆਪਣੀ ਰਚਨਾ ਅਤੇ ਭਗਤ ਆਦਿਕਾਂ ਦੀ ਬਾਣੀ ਸ਼ਾਮਿਲ ਕਰ ਕੇ ਸੰਮਤ 1661 ਵਿਚ ਸਮਾਪਤ ਕੀਤਾ। ਇਸੇ ਸਾਲ ਭਾਦੋਂ ਸੁਦੀ ੧ ਨੂੰ ਹਰਿਮੰਦਰ ਸਾਹਿਬ ਵਿਚ ਗੁਰਮਤ ਦੇ ਪ੍ਰਚਾਰ ਲਈ ਅਸਥਾਪਨ ਕਰ ਕੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪਿਆ।’
ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿਚ ਮਹਾਂਕਵੀ ਸੰਤੋਖ ਸਿੰਘ ਨੇ ਵਿਸਤਾਰ ਨਾਲ ਬਾਣੀ ਦੇ ਸੰਗ੍ਰਹਿ ‘ਆਦਿ ਗ੍ਰੰਥ’ ਦੇ ਸ੍ਰੀ ਹਰਿਮੰਦਰ ਸਾਹਿਬ ਵਿਚ ਪਹਿਲੀ ਵਾਰ ਪ੍ਰਕਾਸ਼ ਕੀਤੇ ਜਾਣ ਦੀ ਘਟਨਾ ਦਾ ਜ਼ਿਕਰ ਕੀਤਾ ਹੈ। ਭਾਈ ਸਾਹਿਬ ਅਨੁਸਾਰ ਬਾਬਾ ਬੁੱਢਾ ਜੀ ਨੇ ਗ੍ਰੰਥ ਨੂੰ ਸਿਰ ‘ਤੇ ਚੁੱਕ ਲਿਆ ਸੀ ਅਤੇ ਗੁਰੂ ਅਰਜਨ ਪਾਤਸ਼ਾਹ ਨੇ ਚਵਰ ਕਰਨੀ ਸ਼ੁਰੂ ਕਰ ਦਿੱਤੀ ਸੀ। ਹਰਿਮੰਦਰ ਵਿਚ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਨੂੰ ਬਿਰਾਜਮਾਨ ਕਰ ਦਿੱਤਾ ਗਿਆ ਸੀ ਅਤੇ ਗੁਰੂ ਸਾਹਿਬ ਨੇ ਨੇੜੇ ਹੀ ਭੂਤਲ ਅਰਥਾਤ ਜ਼ਮੀਨ ‘ਤੇ ਆਪਣਾ ਆਸਣ ਕਰ ਲਿਆ ਸੀ। ਕਦੇ-ਕਦਾਈਂ ਹੀ ਗੁਰੂ ਜੀ ਆਪਣੇ ਨਿਵਾਸ ‘ਤੇ ਜਾਂਦੇ ਸਨ, ਨਹੀਂ ਤਾਂ ਬਹੁਤਾ ਸਮਾਂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਰਹਿੰਦੇ ਸਨ।
ਇਤਿਹਾਸ ਵਿਚ ਇਸ ਹਕੀਕਤ ਦੇ ਬਹੁਤ ਸਾਰੇ ਪ੍ਰਮਾਣ ਮਿਲਦੇ ਹਨ ਕਿ ਸ੍ਰੀ ਹਰਿਮੰਦਰ ਸਾਹਿਬ ਵਿਚ ਪਹਿਲੇ ਪ੍ਰਕਾਸ਼ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਉੱਚੀ ਥਾਂ ‘ਤੇ ਪ੍ਰਕਾਸ਼ਮਾਨ ਕਰ ਕੇ ਆਪਣਾ ਆਸਣ ਥੱਲੇ ਜ਼ਮੀਨ ‘ਤੇ ਲਾਉਣ ਦੀ ਪਰੰਪਰਾ ਅੱਗੇ ਆਉਣ ਵਾਲੇ ਗੁਰੂ ਸਾਹਿਬਾਨ ਨੇ ਨਿਭਾਈ ਹੈ। ਸਰੂਪ ਦਾਸ ਭੱਲਾ ਦੇ ਮਹਿਮਾ ਪ੍ਰਕਾਸ਼ ਮੁਤਾਬਿਕ, ਬਾਣੀ ਦਾ ਸੰਕਲਨ ਜਦੋਂ ਮੁਕੰਮਲ ਹੋ ਗਿਆ ਅਤੇ ਗੁਰੂ ਅਰਜਨ ਸਾਹਿਬ ਨੇ ਜਦੋਂ ਉਸ ਨੂੰ ਗ੍ਰੰਥ ਰੂਪ ਵਿਚ ਪਹਿਲੀ ਵਾਰ ਵੇਖਿਆ ਤਾਂ ਉਹ ਬਹੁਤ ਪ੍ਰਸੰਨ ਹੋਏ। ਆਪ ਗੁਰੂ ਸਾਹਿਬ ਨੇ ਅਤੇ ਸਾਰੀ ਸੰਗਤ ਨੇ ਧੂਪ-ਦੀਪ ਕਰ ਕੇ, ਗ੍ਰੰਥ ਅੱਗੇ ਮੱਥਾ ਟੇਕ ਕੇ ਆਪਣਾ ਅਦਬ-ਸਤਿਕਾਰ ਭੇਟ ਕੀਤਾ ਅਤੇ ਇਸ ਤਰ੍ਹਾਂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਪਰੰਪਰਾ ਦਾ ਮੁੱਢ ਬੰਨ੍ਹਿਆ।
ਸਮਾਂ ਪਾ ਕੇ, ਜਦੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਪ੍ਰਾਪਤ ਹੋਈ ਤਾਂ ਉਨ੍ਹਾਂ ਨੇ ਆਪਣੇ ਮਨ ਵਿਚ ਸੰਕਲਪ ਕਰ ਲਿਆ ਕਿ ਉਨ੍ਹਾਂ ਤੋਂ ਬਾਅਦ ਗੁਰਿਆਈ ਦੀ ਗੱਦੀ ‘ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਸ਼ੋਭਿਤ ਕੀਤਾ ਜਾਵੇਗਾ। ਇਸ ਲਈ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਤ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਸ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਤਾ ਗਿਆ ਸੀ, ਵਿਚ ਗੁਰੂ ਤੇਗ ਬਹਾਦਰ ਜੀ ਦੇ ਸ਼ਬਦਾਂ ਤੇ ਸਲੋਕਾਂ ਨੂੰ ਜੋੜ ਕੇ ਗੁਰੂ ਗੋਬਿੰਦ ਪਾਤਸ਼ਾਹ ਨੇ ਆਪਣੀ ਸਰਪ੍ਰਸਤੀ ਹੇਠਾਂ ਸ੍ਰੀ ਦਮਦਮਾ ਸਾਹਿਬ ਦੇ ਮੁਕਾਮ ‘ਤੇ ਨਵੇਂ ਸਿਰਿਉਂ ਬੀੜ ਤਿਆਰ ਕਰਵਾਈ ਸੀ। ਫਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸੇ ਦਮਦਮੀ ਬੀੜ ਨੂੰ ਨਾਂਦੇੜ ਦੀ ਧਰਤੀ ‘ਤੇ 1708 ਈਸਵੀ ਵਿਚ ਸਦੀਵ ਕਾਲ ਲਈ ਗੁਰਿਆਈ ਦੇ ਤਖਤ ‘ਤੇ ਬਿਰਾਜਮਾਨ ਕਰ ਦਿੱਤਾ।
ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ-ਨਾਲ ਸੰਤਾਂ-ਭਗਤਾਂ ਦੀ ਬਾਣੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਸਿਰਫ ਏਨਾ ਹੀ ਨਹੀਂ, ਭਗਤਾਂ ਦੀ ਬਾਣੀ ਨੂੰ ਗੁਰੂਆਂ ਦੀ ਬਾਣੀ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਹ ਬਾਣੀ ਸਿੱਖਾਂ ਲਈ ਉਸੇ ਤਰ੍ਹਾਂ ਅਦਬ-ਸਤਿਕਾਰ ਦੀ ਹੱਕਦਾਰ ਅਤੇ ਪੂਜਣਯੋਗ ਹੈ, ਜਿਸ ਤਰ੍ਹਾਂ ਗੁਰੂ ਸਾਹਿਬਾਨ ਦੀ ਬਾਣੀ। ਅਸੀਂ ਵੇਖ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਰਚਨਾਕਾਰਾਂ ਦਾ ਘੇਰਾ ਬਹੁਤ ਵੱਡਾ ਹੈ। ਕਿਸੇ ਵੀ ਮਜ਼ਹਬ, ਜਾਤੀ ਜਾਂ ਕਿੱਤੇ ਨਾਲ ਸਬੰਧ ਰੱਖਣ ਵਾਲਾ ਇਸ ਦੀ ਬਾਣੀ ਦਾ ਰਚਨਾਕਾਰ ਹੋ ਸਕਦਾ ਹੈ; ਭਾਵੇਂ ਉਹ ਹਿੰਦੂ, ਮੁਸਲਿਮ ਤੇ ਹੋਰ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਜਾਂ ਕਿਸੇ ਵੀ ਜਾਤ ਨਾਲ ਸਬੰਧਿਤ ਹੋਵੇ। ਵੱਖ-ਵੱਖ ਜਾਤੀਆਂ ਅਤੇ ਧਰਮਾਂ ਵਿਚ ਵਿਸ਼ਵਾਸ ਰੱਖਣ ਵਾਲੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕਰ ਕੇ ਗੁਰੂ ਸਾਹਿਬ ਨੇ ਵਿਤਕਰਿਆਂ ਨੂੰ ਖਤਮ ਕਰਨ ਅਤੇ ਲੋਕਾਂ ਵਿਚ ਸਦਭਾਵ ਤੇ ਸਹਿਹੋਂਦ ਦੀ ਭਾਵਨਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਫਿਰ ਇਕ ਲਿਹਾਜ਼ ਨਾਲ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਮਜ਼ਹਬਾਂ, ਜਾਤੀਆਂ ਅਤੇ ਖਿੱਤਿਆਂ ਨਾਲ ਸਬੰਧ ਰੱਖਣ ਵਾਲੇ ਸੰਤਾਂ-ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕਰਨਾ ਗੁਰੂ ਸਾਹਿਬਾਨ ਦਾ ਇਨਕਲਾਬੀ ਕਦਮ ਸੀ। ਗੁਰੂਆਂ ਦੇ ਇਸ ਫੈਸਲੇ ਨਾਲ ਇਕ ਪਾਸੇ ਭਗਤਾਂ ਦੀ ਬਾਣੀ ਦੀ ਸਦੀਵ ਕਾਲ ਲਈ ਸਾਂਭ-ਸੰਭਾਲ ਹੋ ਗਈ, ਦੂਜੇ ਪਾਸੇ ਸਿੱਖ ਪਰੰਪਰਾ ਦੀ ਸਾਂਝ ਅਤੇ ਸਦਭਾਵਨਾ ਵਾਲੀ ਨੁਹਾਰ ਹੋਰ ਨਿੱਖਰ ਕੇ ਸਾਹਮਣੇ ਆ ਗਈ।
ਆਖਰ ਵਿਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਮੌਕੇ ‘ਤੇ ਆਪਣੀ ਅਕੀਦਤ ਭੇਟ ਕਰਦਿਆਂ ਇਕ ਨੁਕਤਾ ਸਾਂਝਾ ਕਰਨਾ ਚਾਹੁੰਦਾ ਹਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰਚਨਕਾਰਾਂ ਨੇ ਜਿਹੜਾ ਸੰਦੇਸ਼ ਦਿੱਤਾ, ਉਸ ਦਾ ਮੁੱਖ ਧੁਰਾ ਸਮੁੱਚੀ ਮਨੁੱਖਤਾ ਦੀ ਭਲਾਈ ਹੈ। ਬਾਣੀ ਵਿਚ ਥਾਂ-ਥਾਂ ‘ਤੇ ਮਨੁੱਖੀ ਏਕਤਾ, ਸਮਾਜਕ ਬਰਾਬਰੀ ਅਤੇ ਵਿਚਾਰਾਂ ਦੀ ਆਜ਼ਾਦੀ ਦੀ ਗੱਲ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਅਸਲ ਵਿਚ, ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ‘ਰੱਬ ਦੀ ਇੱਕਤਾ’ ਦੀ ਗੱਲ ਨੂੰ ਦ੍ਰਿੜ ਕਰਾਉਂਦੀ ਹੈ ਅਤੇ ਸੰਸਾਰ ਦੀ ਸਾਰੀ ਭੌਤਿਕ ਅਨੇਕਤਾ ਨੂੰ ‘ਇਕ’ ਦਾ ਪਾਸਾਰ ਮੰਨਦੀ ਹੈ। ਫਿਰ ਰੱਬ ਦੀ ਇੱਕਤਾ ਦੇ ਇਸੇ ਸਿਧਾਂਤ ਵਿਚੋਂ ਹੀ ਮਨੁੱਖੀ ਏਕਤਾ ਦੇ ਵਿਚਾਰ ਦੀ ਜ਼ਮੀਨ ਤਿਆਰ ਹੁੰਦੀ ਨਜ਼ਰ ਆਉਂਦੀ ਹੈ। ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਦੇ ਸੰਕਲਪ ਦਾ ਪ੍ਰਤੀਪਾਦਨ ਹੁੰਦਾ ਦਿਸਦਾ ਹੈ। ‘ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ’ ਅਤੇ ‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ’ ਦਾ ਫਲਸਫਾ ਵੀ ਇਸੇ ਸਿਧਾਂਤ ਵਿਚੋਂ ਪਰਵਾਹਿਤ ਹੁੰਦਾ ਲਗਦਾ ਹੈ। ਸੱਚਮੁੱਚ, ਸਮੁੱਚੀ ਮਨੁੱਖਤਾ ਦੀ ਸਰਬਸਾਂਝੀ ਵਿਰਾਸਤ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ।