ਕੈਨੇਡਾ ਚੋਣਾਂ: 21 ਔਰਤਾਂ ਸਣੇ 70 ਪੰਜਾਬੀ ਚੋਣ ਮੈਦਾਨ ‘ਚ ਨਿੱਤਰੇ

ਬਰੈਂਪਟਨ: ਕੈਨੇਡਾ ਵਿਚ 20 ਸਤੰਬਰ ਨੂੰ ਹੋ ਰਹੀਆਂ ਮੱਧਕਾਲੀ ਫੈਡਰਲ ਚੋਣਾਂ ਲਈ ਨਾਮਜ਼ਦਗੀਆਂ ਦੀ ਆਖਰੀ ਤਰੀਕ 30 ਅਗਸਤ ਤੋਂ ਬਾਅਦ ਸਿਆਸੀ ਸਰਗਰਮੀਆਂ ਤੇਜ ਹੋ ਗਈਆਂ ਹਨ। ਕੈਨੇਡੀਅਨ ਪਾਰਲੀਮੈਂਟ ਦੀਆਂ ਕੁੱਲ 338 ਸੀਟਾਂ ਲਈ ਹੋ ਰਹੀ ਚੋਣ ਵਿਚ ਐਤਕੀਂ ਪੰਜਾਬੀ ਭਾਈਚਾਰੇ ਦੇ 70 ਉਮੀਦਵਾਰ ਮੈਦਾਨ ਵਿਚ ਨਿੱਤਰ ਚੁੱਕੇ ਹਨ, ਜਿਨ੍ਹਾਂ ਵਿਚ 21 ਔਰਤਾਂ ਵੀ ਸ਼ਾਮਲ ਹਨ।

ਇਨ੍ਹਾਂ ਉਮੀਦਵਾਰਾਂ ਨੇ ਦੂਜਿਆਂ ਦੇ ਮੁਕਾਬਲੇ ਆਪਣੀ ਚੋਣ ਮੁਹਿੰਮ ਭਖਾ ਲਈ ਹੈ। ਕਈ ਹਲਕਿਆਂ ਵਿਚ ਇਕ ਧਿਰ ਵੱਲੋਂ ਖੜ੍ਹੇ ਪੰਜਾਬੀ ਉਮੀਦਵਾਰ ਦਾ ਮੁਕਾਬਲਾ ਦੂਜੀ ਧਿਰ ਦੇ ਪੰਜਾਬੀ ਉਮੀਦਵਾਰ ਨਾਲ ਹੈ। ਮਿਸਾਲ ਵਜੋਂ ਨਾਰਥ ਬਰੈਂਪਟਨ ਵਿਚ ਲਿਬਰਲ ਉਮੀਦਵਾਰ ਰੂਬੀ ਸਹੋਤਾ ਦੇ ਮੁਕਾਬਲੇ ਕੰਜਰਵੇਟਿਵ ਵੱਲੋਂ ਮਿਧਾ ਜੋਸ਼ੀ ਨੂੰ ਉਤਾਰਿਆ ਗਿਆ ਹੈ। ਬਰੈਂਪਟਨ ਈਸਟ ਤੋਂ ਮਨਿੰਦਰ ਸੰਧੂ ਦੇ ਮੁਕਾਬਲੇ ਕੰਜਰਵੇਟਿਵ ਉਮੀਦਵਾਰ ਨਵਲ ਬਜਾਜ ਖੜ੍ਹੇ ਹਨ। ਬਰੈਂਪਟਨ ਸਾਊਥ ਤੋਂ ਲਿਬਰਲ ਦੀ ਉਮੀਦਵਾਰ ਸੋਨੀਆ ਸਿੱਧੂ ਦੇ ਮੁਕਾਬਲੇ ਕੰਜਰਵੇਟਿਵ ਵੱਲੋਂ ਮਿਸਟਰ ਬਰਾੜ ਮੈਦਾਨ ਵਿਚ ਹੈ। ਇਸੇ ਤਰਾਂ ਐਡਮੰਟਨ ਅਤੇ ਵੈਨਕੂਵਰ ਵਿਚ ਵੀ ਬਹੁਤੀਆਂ ਥਾਵਾਂ ਉਤੇ ਪੰਜਾਬੀ ਆਗੂਆਂ ਦਾ ਮੁਕਾਬਲਾ ਪੰਜਾਬੀ ਨਾਲ ਹੋ ਰਿਹਾ ਹੈ। ਚੇਤੇ ਰਹੇ ਕਿ ਲਿਬਰਲ ਦਾ ਸਾਬਕਾ ਮੰਤਰੀ ਨਵਦੀਪ ਸਿੰਘ ਬੈਂਸ ਅਤੇ ਐਮ.ਪੀ. ਗਗਨ ਸਿਕੰਦ ਚੋਣ ਮੈਦਾਨ ਵਿਚੋਂ ਸਵੈਇੱਛਾ ਨਾਲ ਪਿੱਛੇ ਹਟ ਗਏ ਹਨ।
ਹਾਲੀਆ ਸਰਵੇਖਣਾਂ ਵਿਚ ਕੰਜਰਵੇਟਿਵ ਪਾਰਟੀ ਨੂੰ 35.6 ਜਦਕਿ ਲਿਬਰਲ ਪਾਰਟੀ ਦੇ ਪੱਖ ਵਿਚ 35.3 ਫੀਸਦੀ ਲੋਕ ਰਾਏ ਦੱਸੀ ਗਈ ਹੈ। ਐਨ.ਡੀ.ਪੀ. ਨੂੰ ਇਨ੍ਹਾਂ ਸਰਵੇਖਣਾਂ ਵਿਚ ਤੀਜੀ ਥਾਂ ਉਤੇ ਵਿਖਾਇਆ ਜਾ ਰਿਹਾ ਹੈ। ਕੋਵਿਡ ਕਾਰਨ ਐਤਕੀਂ ਬਹੁਤੀਆਂ ਵੋਟਾਂ ਡਾਕ ਜਾਂ ਈਮੇਲ ਰਾਹੀਂ ਪੈਣ ਦੀ ਸੰਭਾਵਨਾ ਹੈ। ਕੈਨੇਡਾ ਦੀ ਰਵਾਇਤ ਅਨੁਸਾਰ ਜੇਕਰ ਕਿਸ ਵੋਟਰ ਨੂੰ 20 ਸਤੰਬਰ ਨੂੰ ਕੋਈ ਜਰੂਰੀ ਰੁਝੇਵਾਂ ਹੈ ਤਾਂ ਉਨ੍ਹਾਂ ਲਈ ਐਡਵਾਂਸ ਪੋਲਿੰਗ 10, 11, 12 ਤੇ 13 ਸਤੰਬਰ ਨੂੰ ਹੋਵੇਗੀ।
ਪਿਛਲੇ ਮਹੀਨੇ ਵੱਖ-ਵੱਖ ਅਦਾਰਿਆਂ ਵੱਲੋਂ ਕਰਵਾਏ ਚੋਣ ਸਰਵੇਖਣਾਂ ਵਿਚ ਜਸਟਿਨ ਟਰੂਡੋ ਨੂੰ ਮੁੱਖ ਵਿਰੋਧੀ ਧਿਰ ਕੰਜਰਵੇਟਿਵ ਅਤੇ ਬਾਹਰੋਂ ਰਹਿ ਕੇ ਸਰਕਾਰ ਦੀ ਹਮਾਇਤ ਕਰ ਰਹੀ ਐਨ.ਡੀ.ਪੀ. ਆਗੂਆਂ ਤੋਂ ਕਾਫੀ ਅੱਗੇ ਵਿਖਾਇਆ ਗਿਆ ਸੀ। ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਟਰੂਡੋ ਨੇ ਰਾਜਸੀ ਹਾਲਾਤ ਨੂੰ ਆਪਣੇ ਅਨੁਕੂਲ ਮੰਨਦਿਆਂ ਇਹ ਮੱਧਕਾਲੀ ਚੋਣ ਕਰਾਉਣ ਦਾ ਫੈਸਲਾ ਲਿਆ ਹੈ। ਹਾਲਾਂਕਿ ਚੋਣਾਂ ਦੇ ਐਲਾਨ ਮਗਰੋਂ ਸਿਆਸੀ ਸਮੀਕਰਨ ਬਦਲਦੇ ਵਿਖਾਈ ਦੇ ਰਹੇ ਹਨ।
ਚੋਣ ਮੁਹਿੰਮ ਉਤੇ ਨਿਕਲੇ ਪ੍ਰਧਾਨ ਮੰਤਰੀ ਟਰੂਡੋ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਕਈ ਥਾਵਾਂ ਉਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿਰੋਧ ਦੀ ਇਕ ਵਜ੍ਹਾ ਅਫਗਾਨਿਸਤਾਨ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੂੰ ਕੈਨੇਡਾ ਬੁਲਾਉਣਾ ਵੀ ਹੈ। ਕੁਝ ਆਲੋਚਕ ਇਹ ਵੀ ਕਹਿੰਦੇ ਹਨ ਕਿ ਕੈਨੇਡਾ ਵਿਚੋਂ ਜਦੋਂ ਹਾਲੇ ਕੋਵਿਡ-19 ਪੂਰੀ ਤਰ੍ਹਾਂ ਖਤਮ ਨਹੀਂ ਹੋਇਆ, ਤਾਂ ਅਜਿਹੀ ਹਾਲਤ ਵਿਚ ਇਹ ਚੋਣ ਨਹੀਂ ਹੋਣੀ ਚਾਹੀਦੀ ਸੀ।