ਕਿਸਾਨੀ ਵਿਰੋਧ ਨੂੰ ਲੈ ਕੇ ਸਿਆਸੀ ਧਿਰਾਂ ਆਪਸ ‘ਚ ਉਲਝੀਆਂ

ਚੰਡੀਗੜ੍ਹ: ਪੰਜਾਬ ਵਿਚ ਕਿਸਾਨਾਂ ਵੱਲੋਂ ਹੋ ਰਹੇ ਵਿਰੋਧ ਨੂੰ ਲੈ ਕੇ ਸੂਬੇ ਦੀਆਂ ਸਿਆਸੀ ਧਿਰਾਂ ਆਪਸ ਵਿਚ ਹੀ ਉਲਝ ਗਈਆਂ ਹਨ। ਸਿਆਸੀ ਧਿਰਾਂ ਵੱਲੋਂ ਇਸ ਵਿਰੋਧ ਲਈ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਮੋਗਾ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਗੱਲ ਪੰਜਾਬ ਦੀ` ਮੁਹਿੰਮ ਤਹਿਤ ਰੈਲੀ ਦੌਰਾਨ ਹੋਈ ਹਿੰਸਾ ਲਈ ਜ਼ਿੰਮੇਵਾਰ ਦੱਸੇ ਜਾਂਦੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਂਵਾਂ ਵਾਲੀ ਸੂਚੀ ਵਾਇਰ ਕੀਤੀ ਗਈ ਹੈ।

ਇਸ ਸੂਚੀ ਵਿਚ ਕਾਂਗਰਸ ਅਤੇ ‘ਆਪ` ਵਰਕਰਾਂ ਦੇ ਨਾਂ ਅਤੇ ਪਤੇ ਦਰਜ ਹਨ। ਲਾਠੀਚਾਰਜ ਮੁੱਦੇ `ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਆਹਮੋ-ਸਾਹਮਣੇ ਹੋਣ ਮਗਰੋਂ ਸਥਾਨਕ ਪੁਲਿਸ ਇਸ ਸੂਚੀ ਤੇ ਮਾਮਲੇ ਦੀ ਅੰਦਰੂਨੀ ਪੜਤਾਲ `ਚ ਜੁਟ ਗਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੇ ਨਾਰਾਜ਼ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਬਣਾਏ ਗਏ ਪੈਨਲ ਦੀ ਖਿੱਲੀ ਉਡਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਈ ਵੀ ਗੱਲਬਾਤ ਬਾਦਲਾਂ ਨੂੰ ਗੈਰ-ਜਮਹੂਰੀ ਖੇਤੀ ਕਾਨੂੰਨ ਥੋਪਣ ਵਿਚ ਨਿਭਾਈ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕਰ ਸਕਦੀ। ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਜਿੱਥੇ ਇਸ ਸਾਰੀ ਸਮੱਸਿਆ ਦੀ ਜੜ੍ਹ ਹਨ, ਉਥੇ ਹੀ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਏਜੰਡੇ ਦੀ ਸਾਜ਼ਿਸ਼ ਵਿਚ ਵੀ ਇਨ੍ਹਾਂ ਦੀ ਮਿਲੀਭੁਗਤ ਸੀ, ਜਿਸ ਕਰਕੇ ਅਕਾਲੀ ਆਗੂ ਮੁਆਫੀ ਦੇ ਲਾਇਕ ਨਹੀਂ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਅਕਾਲੀਆਂ ਦੇ ਰਵੱਈਏ ਦੀ ਮਿਸਾਲ ਤਾਂ ਇਸ ਗੱਲ ਤੋਂ ਮਿਲ ਜਾਂਦੀ ਹੈ ਕਿ ਹੁਣ ਵੀ ਕਿਸਾਨਾਂ ਦੀ ਪੀੜਾ ਤੇ ਵੇਦਨਾ ਦਾ ਅਹਿਸਾਸ ਕਰਨ ਦੀ ਜਗ੍ਹਾ ਸੁਖਬੀਰ ਪ੍ਰਦਰਸ਼ਨਕਾਰੀਆਂ ਨੂੰ ਕਿਸਾਨ ਮੰਨਣ ਤੋਂ ਹੀ ਇਨਕਾਰੀ ਹੋ ਰਹੇ ਹਨ।
ਉਧਰ, ਸੁਖਬੀਰ ਬਾਦਲ ਨੇ ਕਿਹਾ ਕਿ ਮੋਗਾ ਹਿੰਸਾ ਲਈ ਕਾਂਗਰਸ ਤੇ ‘ਆਪ` ਜ਼ਿੰਮੇਵਾਰ ਹੈ। ਸਾਡੇ ਲਈ ਪੰਜਾਬ ਦੀ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰਾ ਸਭ ਤੋਂ ਵੱਧ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਲਈ ਕੇਂਦਰ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਸਾਜ਼ਿਸ਼ ਰਚ ਰਿਹਾ ਹੈ। ਕਾਂਗਰਸ ਅਤੇ ‘ਆਪ` ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਜਪਾ ਦੇ ਇਸ਼ਾਰੇ `ਤੇ ਕੈਪਟਨ ਪੰਜਾਬ ਵਿਚ ਗਵਰਨਰ ਰਾਜ ਲਾਉਣ ਦੀ ਸਾਜ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਮੋਗਾ `ਚ ਹਿੰਸਾ ਕਰਨ ਵਾਲੇ ਕਾਂਗਰਸ ਅਤੇ ‘ਆਪ` ਵਰਕਰਾਂ ਦੇ ਨਾਂ ਅਤੇ ਪਤੇ ਦੀ ਲਿਸਟ ਜਾਰੀ ਕੀਤੀ ਹੈ। ਸੁਖਬੀਰ ਨੇ ਕਿਹਾ ਕਿ ਕਾਂਗਰਸ ਕਿਸਾਨ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੀ ਹੈ।
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਪੰਜਾਬ ਵਿਚ ਹੋ ਰਹੀਆਂ ਹਿੰਸਕ ਘਟਨਾਵਾਂ ਲਈ ਸਿਆਸੀ ਪਾਰਟੀਆਂ ਜ਼ਿੰਮੇਵਾਰ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਧਿਰਾਂ ਆਪਣੇ ਹਿੱਤਾਂ ਲਈ ਕਿਸਾਨੀ ਦਾ ਝੰਡਾ ਚੁੱਕ ਕੇ ਹੋਰ ਪਾਰਟੀਆਂ ਦੇ ਆਗੂਆਂ ਦਾ ਵਿਰੋਧ ਕਰ ਰਹੀਆਂ ਹਨ ਜਿਸ ਨਾਲ ਪਿੰਡਾਂ ਵਿਚ ਟਕਰਾਅ ਪੈਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੇ ਅੱਜ ਤੱਕ ਲੋਕ ਪੱਖੀ ਕੋਈ ਕੰਮ ਨਹੀਂ ਕੀਤੇ ਹਨ। ‘ਪਿੰਡਾਂ ਵਿਚ ਆਪਣੀ ਸਿਆਸੀ ਜ਼ਮੀਨ ਲੱਭਣ ਲਈ ਉਨ੍ਹਾਂ ਚੋਣ ਸਰਗਰਮੀਆਂ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਹਨ, ਜਿਸ ਦਾ ਲੋਕ ਵਿਰੋਧ ਕਰ ਰਹੇ ਹਨ।` ਸ੍ਰੀ ਰਾਜੇਵਾਲ ਨੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣ ਪ੍ਰਚਾਰ ਕਰਨ ਦੀ ਥਾਂ `ਤੇ ਕਿਸਾਨਾਂ ਦੇ ਮੁੱਦੇ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣ ਤਾਂ ਜੋ ਖੇਤੀ ਕਾਨੂੰਨਾਂ ਖਿਲਾਫ ਸਰਕਾਰ `ਤੇ ਦਬਾਅ ਬਣਾਇਆ ਜਾ ਸਕੇ।
ਉਨ੍ਹਾਂ ਸਪੱਸ਼ਟ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਿਰਫ ਭਾਜਪਾ ਦਾ ਘਿਰਾਓ ਕਰਨ ਅਤੇ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸਵਾਲ ਪੁੱਛਣ ਦਾ ਹੀ ਸੱਦਾ ਦਿੱਤਾ ਗਿਆ ਹੈ ਪਰ ਸਿਆਸੀ ਪਾਰਟੀਆਂ ਵੱਲੋਂ ਜਾਣ-ਬੁਝ ਕੇ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਛੇੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਿਆਸੀ ਆਗੂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਹਨ ਤਾਂ ਲੋਕ ਉਨ੍ਹਾਂ ਦਾ ਵਿਰੋਧ ਕਰਦੇ ਹਨ।