ਮੁੱਖ ਮੰਤਰੀ ਉਮੀਦਵਾਰ ਦੀ ‘ਟਿਕਟ` ਲਈ ਮੈਦਾਨ `ਚ ਨਿੱਤਰਿਆ ਭਗਵੰਤ ਮਾਨ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਦਾ ਚਿਹਰਾ ਬਣਨ ਲਈ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ। ਭਗਵੰਤ ਮਾਨ ਹਾਈ ਕਮਾਨ ਨੂੰ ਇਹ ਜਚਾਉਣ ਲਈ ਟਿੱਲ ਲਾ ਰਹੇ ਹਨ ਕਿ ਇਸ ਅਹੁਦੇ ਲਈ ਉਨ੍ਹਾਂ ਤੋਂ ਚੰਗਾ ਕੋਈ ਉਮੀਦਵਾਰ ਮਿਲਣਾ ਹੀ ਨਹੀਂ।
ਇਸ ਤੋਂ ਇਲਾਵਾ ਮਾਨ ਹਾਈਕਮਾਨ ਉਤੇ ਦਬਾਅ ਬਣਾਉਣ ਲਈ ਵਰਕਰਾਂ ਵਿਚ ਜੋਸ਼ ਭਰ ਰਹੇ ਹਨ ਤੇ ਇਹ ਸਾਬਤ ਕਰਨ ਦੀ ਕੋਸ਼ਿਸ਼ ਵਿਚ ਜੁਟੇ ਹਨ ਕਿ ਜੇਕਰ ਕਿਸੇ ਹੋਰ ਨੂੰ ਇਸ ਅਹੁਦੇ ਲਈ ਅੱਗੇ ਕੀਤਾ ਜਾ ਵਰਕਰ ਨਿਰਾਸ਼ ਹੋ ਜਾਣਗੇ।

ਸਿਆਸੀ ਹਲਕਿਆਂ ਦੀ ਚਰਚਾ ਹੈ ਕਿ ਭਗਵੰਤ ਮਾਨ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨੇ ਜਾਣ ਕਾਰਨ ਪਾਰਟੀ ਹਾਈਕਮਾਨ ਤੋਂ ਨਾਰਾਜ਼ ਦੱਸੇ ਜਾ ਰਹੇ ਹਨ ਪਰ ਪਾਰਟੀ ਦੇ ਆਗੂ ਇਸ ਤੋਂ ਇਨਕਾਰ ਕਰ ਰਹੇ ਹਨ। ਭਗਵੰਤ ਮਾਨ ਪਾਰਟੀ ਤੋਂ ਨਾਰਾਜ਼ ਹੋਣ ਜਾਂ ਨਾ ਪਰ ਉਹ ਪਿਛਲੇ ਕਈ ਦਿਨਾਂ ਤੋਂ ਇਥੇ ਸੰਗਰੂਰ ਆਪਣੀ ਰਿਹਾਇਸ਼ ਵਿਚ ਹੀ ਮੌਜੂਦ ਹਨ, ਜਿੱਥੇ ਰੋਜ਼ਾਨਾ ਪਾਰਟੀ ਵਰਕਰਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ।
ਪਿਛਲੇ ਦਿਨੀਂ ਅੰਮ੍ਰਿਤਸਰ ਦੀ ਫੇਰੀ ਦੌਰਾਨ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਲਈ ਕਿਸੇ ਸਿੱਖ ਚਿਹਰੇ ਦੀ ਚੋਣ ਕਰਨ ਦਾ ਐਲਾਨ ਕੀਤਾ ਸੀ। ਉਸ ਦਿਨ ਤੋਂ ਲੈ ਕੇ ਸਿਆਸੀ ਹਲਕਿਆਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਕਿਆਸਰਾਈਆਂ ਲੱਗ ਰਹੀਆਂ ਹਨ। ਸੂਬਾ ਪ੍ਰਧਾਨ ਭਗਵੰਤ ਮਾਨ ਵੀ ਹੁਣ ਤੱਕ ਸਟੇਜਾਂ ‘ਤੇ ਇਹ ਹੀ ਆਖਦੇ ਰਹੇ ਹਨ ਕਿ ਜੇ ਪਾਰਟੀ ਉਨ੍ਹਾਂ ਦੀ ਡਿਊਟੀ ਪੋਸਟਰ ਲਗਾਉਣ ਦੀ ਵੀ ਲਾਉਂਦੀ ਹੈ ਤਾਂ ਉਹ ਇਸ ਨੂੰ ਮਨਜ਼ੂਰ ਕਰਨਗੇ ਪਰ ਪਿਛਲੇ ਕੁਝ ਦਿਨਾਂ ਤੋਂ ਭਗਵੰਤ ਮਾਨ ਦੀਆਂ ਸਿਆਸੀ ਗਤੀਵਿਧੀਆਂ ਦੀ ਰਫਤਾਰ ਮੱਠੀ ਰਹੀ ਹੈ ਅਤੇ ਉਹ ਆਪਣੀ ਰਿਹਾਇਸ਼ ‘ਚ ਹੀ ਮੌਜੂਦ ਸਨ। ਪਾਰਟੀ ਦੇ ਕਈ ਵਿਧਾਇਕ ਵੀ ਮਾਨ ਨੂੰ ਇੱਥੇ ਮਿਲ ਕੇ ਗਏ ਹਨ।
ਆਪਣੀ ਰਿਹਾਇਸ਼ ਅੱਗੇ ਪਾਰਟੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਕਿਹਾ ਕਿ ਉਨ੍ਹਾਂ ਲਈ ‘ਸੀਐਮ` ਦਾ ਮਤਲਬ ‘ਕਾਮਨ ਮੈਨ` ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਦੇ ਖੂਨ ਪਸੀਨੇ ਨਾਲ ਬਣੀ ਹੈ। ਵਰਕਰਾਂ ਦਾ ਪਿਆਰ ਉਨ੍ਹਾਂ ਲਈ ਖੰਭ ਹਨ, ਜਿਨ੍ਹਾਂ ਆਸਰੇ ਉਹ ਉਡੇ ਫਿਰਦੇ ਹਨ। ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ 15-15 ਵਰਕਰਾਂ ਦੇ ਗਰੁੱਪ ਨੂੰ ਮਿਲਦੇ ਹਨ, ਜਿਨ੍ਹਾਂ ਵੱਲੋਂ ਦਿੱਤੇ ਜਾਂਦੇ ਸੁਝਾਅ ਉਹ ਨੋਟ ਕਰ ਰਹੇ ਹਨ। ਉਹ ਵਰਕਰਾਂ ਦੇ ਜਜ਼ਬਾਤ ਦੀ ਕਦਰ ਕਰਦੇ ਹਨ। ਵਰਕਰ ਆਪਣੇ ਦਿਲ ਦੇ ਵਲਵਲੇ ਖੁੱਲ੍ਹ ਕੇ ਦੱਸਣ ਤਾਂ ਜੋ ਪਾਰਟੀ ਨੂੰ ਵਧੀਆ ਤਰੀਕੇ ਨਾਲ ਅੱਗੇ ਵਧਾਇਆ ਜਾ ਸਕੇ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਮੁੱਖ ਮੰਤਰੀ ਲਈ ਸਿੱਖ ਚਿਹਰੇ ਦਾ ਐਲਾਨ ਕੀਤਾ ਹੋਇਆ ਹੈ, ਜਿਸ ਲਈ ਪਿਛਲੇ ਦਿਨਾਂ ਦੌਰਾਨ ਭਾਵੇਂ ਵੱਖ-ਵੱਖ ਵਰਗਾਂ ਨਾਲ ਸਬੰਧਤ ਸ਼ਖਸੀਅਤਾਂ ਦੇ ਨਾਂ ਵੀ ਸਾਹਮਣੇ ਆ ਚੁੱਕੇ ਹਨ ਪਰ ਉਨ੍ਹਾਂ ਸ਼ਖਸੀਅਤਾਂ ਵੱਲੋਂ ਰਾਜਨੀਤੀ ਵਿਚ ਨਾ ਆਉਣ ਦੇ ਦਿੱਤੇ ਬਿਆਨਾਂ ਤੋਂ ਬਾਅਦ ‘ਆਪ` ਨੂੰ ਮੁੱਖ ਮੰਤਰੀ ਦਾ ਚਿਹਰਾ ਲੱਭਣ ਲਈ ਕਾਫੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੂਸਰੇ ਪਾਸੇ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਵਿਚ ਹੋ ਰਹੀ ਦੇਰੀ ਨੂੰ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਸਮਰਥਕਾਂ ਨੇ ਆਪਣਾ ਹਥਿਆਰ ਬਣਾ ਕੇ ਪਾਰਟੀ ਹਾਈਕਮਾਨ ‘ਤੇ ਛੱਡਣ ਦਾ ਮਨ ਬਣਾ ਲਿਆ ਹੈ, ਜਿਨ੍ਹਾਂ ਨੇ ਬਗਾਵਤੀ ਸੁਰ ਅਲਾਪਦਿਆਂ ਭਗਵੰਤ ਮਾਨ ਦੇ ਹੱਕ ਵਿਚ ਮੀਟਿੰਗਾਂ ਦਾ ਸਿਲਸਲਾ ਵੀ ਸ਼ੁਰੂ ਕਰ ਦਿੱਤਾ ਹੈ।
ਜਿਲ੍ਹਾ ਬਰਨਾਲਾ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਭਗਵੰਤ ਮਾਨ ਦੇ ਸਮਰਥਕਾਂ ਵਲੋਂ ਰੈਸਟ ਹਾਊਸ ਬਰਨਾਲਾ ਵਿਖੇ ਬੀਤੇ ਦਿਨੀਂ ਇਕੱਠ ਕਰਕੇ ਇਹ ਐਲਾਨ ਕੀਤਾ ਗਿਆ ਕਿ ਜੇਕਰ ਪਾਰਟੀ ਨੇ ਭਗਵੰਤ ਮਾਨ ਦੀ ਜਗ੍ਹਾ ਕਿਸੇ ਹੋਰ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਤਾਂ ਉਹ ਘਰ ਬੈਠਣ ਲਈ ਮਜਬੂਰ ਹੋਣਗੇ ਅਤੇ ਪਾਰਟੀ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਵਾਂਗ ਹੀ ਨੁਕਸਾਨ ਝੱਲਣਾ ਪੈ ਸਕਦਾ ਹੈ।
ਸਮਰਥਕਾਂ ਵੱਲੋਂ ਕੀਤੇ ਇਸ ਇਕੱਠ ਵਿਚ ਜਿਲ੍ਹਾ ਬਰਨਾਲਾ ਦੇ ਦੋਵੇਂ ਮੌਜੂਦਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਤੋਂ ਇਲਾਵਾ ਹੋਰ ਸੀਨੀਅਰ ਆਗੂ ਦੂਰ ਰਹੇ। ਇਕੱਠ ਦੌਰਾਨ ਸਮਰਥਕਾਂ ਵੱਲੋਂ ਪਾਰਟੀ ਦੇ ਵਿਧਾਇਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਭਗਵੰਤ ਮਾਨ ਦੇ ਹੱਕ `ਚ ਆਵਾਜ਼ ਬੁਲੰਦ ਕਰਨ।