ਪੈਰਾਲੰਪਿਕ ਵਿਚ ਭਾਰਤੀ ਖਿਡਾਰੀਆਂ ਨੇ ਇਤਿਹਾਸ ਸਿਰਜਿਆ

ਟੋਕੀਓ: ਭਾਰਤ ਦਾ ਪੈਰਾਲੰਪਿਕ ਸਫਰ ਸੁਨਹਿਰੀ ਅੰਦਾਜ਼ ਵਿਚ ਖਤਮ ਹੋਇਆ। ਭਾਰਤ ਨੇ ਆਖਰੀ ਦਿਨ ਜਿਥੇ ਇਕ ਸੋਨ ਤਗਮਾ ਜਿੱਤਿਆ, ਉਥੇ ਇਕ ਚਾਂਦੀ ਦਾ ਤਗਮਾ ਵੀ ਜਿੱਤਿਆ। ਭਾਰਤ ਦੇ ਬੈਡਮਿੰਟਨ ਖਿਡਾਰੀ ਕ੍ਰਿਸ਼ਨਾ ਨਾਗਰ ਨੇ ਇਥੇ ਬੈਡਮਿੰਟਨ ਵਿਚ ਭਾਰਤ ਨੂੰ ਦੂਸਰਾ ਸੋਨ ਤਗਮਾ ਦਿਵਾਇਆ ਜਦੋਂ ਕਿ ਉਨ੍ਹਾਂ ਤੋਂ ਪਹਿਲਾਂ ਸੁਹਾਸ ਯਥੀਰਾਜ ਨੇ ਚਾਂਦੀ ਦਾ ਤਗਮਾ ਜਿੱਤਿਆ ਲਿਆ ਸੀ। ਜੇਕਰ ਕੁੱਲ ਤਗਮਿਆਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਨੇ ਟੋਕੀਓ ਪੈਰਾਲੰਪਿਕ ਵਿਚ 5 ਸੋਨ, 8 ਚਾਂਦੀ ਅਤੇ 6 ਕਾਂਸੀ ਦੇ ਤਗਮਿਆਂ ਨਾਲ ਕੁੱਲ 19 ਤਗਮੇ ਜਿੱਤੇ ਅਤੇ ਉਹ ਤਗਮਾ ਸੂਚੀ ‘ਚ 24ਵੇਂ ਸਥਾਨ ਉਤੇ ਰਿਹਾ।

ਭਾਰਤ ਨੇ 1972 ਵਿਚ ਪਹਿਲੀ ਵਾਰ ਪੈਰਾਲੰਪਿਕ ਖੇਡਾਂ ਵਿਚ ਹਿੱਸਾ ਲਿਆ ਸੀ। ਇਸ ਤੋਂ ਪਹਿਲਾਂ ਬੀਤੇ ਮਹੀਨੇ 8 ਅਗਸਤ ਨੂੰ ਸਮਾਪਤ ਹੋਈਆਂ ਉਲੰਪਿਕ ਖੇਡਾਂ ‘ਚ ਭਾਰਤੀ ਖਿਡਾਰੀਆਂ ਨੇ ਨੀਰਜ ਚੋਪੜਾ ਦੇ ਇਕ ਸੋਨ ਤਗਮੇ ਅਤੇ ਮੀਰਾ ਬਾਈ ਚਾਨੂ ਅਤੇ ਰਵੀ ਕੁਮਾਰ ਦਹੀਆ ਦੇ ਦੋ ਚਾਂਦੀ ਤਗਮਿਆਂ ਸਮੇਤ ਕੁੱਲ 7 ਤਗਮੇ ਜਿੱਤੇ ਸਨ ਅਤੇ ਹੁਣ ਪੈਰਾਲੰਪਿਕ ਵਿਚ ਦੇਸ਼ ਦੇ ਨੌਜਵਾਨ ਵਿਕਲਾਂਗ ਖਿਡਾਰੀਆਂ ਨੇ ਕੁੱਲ 19 ਤਗਮੇ ਜਿੱਤ ਕੇ ਉਲੰਪਿਕ ‘ਚ ਭਾਰਤ ਦੇ ਸੁਨਹਿਰੀ ਸਫਰ ਦੀ ਸ਼ੁਰੂਆਤ ਕੀਤੀ ਹੈ। ਉਲੰਪਿਕ ਵਿਚ 7 ਸਿਖਰਲੀਆਂ ਪ੍ਰਾਪਤੀਆਂ ਵਿਚ ਪੁਰਸ਼ ਹਾਕੀ ਟੀਮ ਵੱਲੋਂ ਮੁਕਾਬਲੇ ਵਿਚ 1980 ਵਿਚ ਮਾਸਕੋ ‘ਚ ਜਿੱਤੇ ਗਏ ਸੋਨ ਤਗਮੇ ਦੇ 41 ਸਾਲ ਬਾਅਦ ਜਿੱਤਿਆ ਗਿਆ ਕਾਂਸੀ ਦਾ ਤਗਮਾ ਵੀ ਸ਼ਾਮਲ ਸੀ। ਟੋਕੀਓ ਉਲੰਪਿਕ ਵਿਚ ਦੇਸ਼ ਦੇ ਲਈ ਇਕ ਹੋਰ ਮਾਣ ਦੀ ਗੱਲ ਇਹ ਵੀ ਰਹੀ ਸੀ ਕਿ ਭਾਰਤੀ ਮਹਿਲਾ ਹਾਕੀ ਟੀਮ ਪਹਿਲੀ ਵਾਰ ਸੈਮੀਫਾਈਨਲ ਤੱਕ ਪਹੁੰਚੀ। ਦੇਸ਼ ਵਿਚ ਉਲੰਪਿਕ ਜਿੱਤ ਦਾ ਜਸ਼ਨ ਅਜੇ ਚੱਲ ਹੀ ਰਿਹਾ ਸੀ ਕਿ 24 ਅਗਸਤ ਨੂੰ ਪੈਰਾਲੰਪਿਕ ਖੇਡਾਂ ਦੀ ਸ਼ੁਰੂਆਤ ਹੋ ਗਈ। ਇਨ੍ਹਾਂ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਨਾ ਸਿਰਫ ਨਵੇਂ ਕੀਰਤੀਮਾਨ ਸਥਾਪਤ ਕੀਤੇ ਸਗੋਂ ਨਵੇਂ ਰਿਕਾਰਡ ਵੀ ਆਪਣੇ ਨਾਂ ਕੀਤੇ, ਪੈਰਾਲੰਪਿਕ ਖੇਡਾਂ ਵਿਚ ਕਿਉਂਕਿ ਸਰੀਰਕ ਤੌਰ ‘ਤੇ ਅਪਾਹਜ ਅਤੇ ਵਿਕਲਾਂਗ ਖਿਡਾਰੀ ਹੀ ਹਿੱਸਾ ਲੈਂਦੇ ਹਨ, ਇਸ ਲਈ ਇਨ੍ਹਾਂ ਵੱਲ ਲੋਕਾਂ ਦਾ ਆਕਰਸ਼ਨ ਅਤੇ ਰੁਚੀ ਵਧ ਜਾਂਦੀ ਹੈ।
ਰਾਸ਼ਟਰ ਦੇ ਲਈ ਮਾਣ ਤੇ ਖ਼ੁਸ਼ੀ ਦੀ ਗੱਲ ਇਹ ਹੈ ਕਿ ਟੋਕੀਓ ਪੈਰਾਲੰਪਿਕ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ 5 ਸੋਨੇ, 8 ਚਾਂਦੀ ਅਤੇ 6 ਕਾਂਸੀ ਦੇ ਤਗਮੇ ਜਿੱਤੇ ਹਨ। ਦੱਸਣਯੋਗ ਹੈ ਕਿ ਇਕ-ਇਕ ਦਿਨ ਵਿਚ ਭਾਰਤ ਨੇ 4-4 ਤਗਮੇ ਵੀ ਜਿੱਤੇ। ਭਾਰਤੀ ਪੈਰਾਲੰਪਿਕ ਦਲ ਲਈ ਐਤਵਾਰ ਦਾ ਦਿਨ ਵੀ ਸੁਨਹਿਰੀ ਰਿਹਾ ਜਦੋਂ ਕ੍ਰਿਸ਼ਨਾ ਨਾਗਰ ਨੇ ਬੈਡਮਿੰਟਨ ਵਿਚ ਸੋਨ ਤਗਮਾ ਆਪਣੇ ਨਾਂ ਕਰ ਲਿਆ। ਇਸੇ ਖੇਡ ‘ਚ ਇਕ ਹੋਰ ਫਾਈਨਲ ਮੁਕਾਬਲਾ ਖੇਡ ਰਹੇ ਆਈ.ਏ.ਐਸ. ਅਧਿਕਾਰੀ ਸੁਹਾਸ ਐਲ. ਯਥੀਰਾਜ ਨੂੰ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ।
ਉਲੰਪਿਕ ਤਗਮਿਆਂ ਵਿਚ ਵੀ ਦੇਸ਼ ਦੀਆਂ ਲੜਕੀਆਂ ਅੱਗੇ ਰਹੀਆਂ ਸਨ, ਜਦਕਿ ਪੈਰਾਲੰਪਿਕ ਵਿਚ ਵੀ ਲੜਕੀਆਂ ਮੋਹਰੀ ਰਹੀਆਂ ਹਨ। ਪੈਰਾਲੰਪਿਕ ਦੇ ਨਿਸ਼ਾਨੇਬਾਜ਼ੀ ਮੁਕਾਬਲੇ ਵਿਚ ਅਤੇ ਬੈਡਮਿੰਟਨ ਵਿਚ ਜ਼ਿਆਦਾ ਤਗਮੇ ਆਏ। ਜਦਕਿ ਉੱਚੀ ਛਾਲ ਸਮੇਤ ਹੋਰ ਖੇਡਾਂ ਵਿਚ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਪ੍ਰਤਿਭਾ ਅਤੇ ਸਮਰੱਥਾ ਦਾ ਪ੍ਰਗਟਾਵਾ ਕੀਤਾ।
ਇਕ ਦਿਨ ਵਿਚ ਜਿੱਤੇ ਗਏ 2 ਸੋਨ ਤਗਮਿਆਂ ਵਿਚੋਂ ਇਕ 19 ਸਾਲਾ ਮਨੀਸ਼ ਨਰਵਾਲ ਨੇ ਨਿਸ਼ਾਨੇਬਾਜ਼ੀ ਵਿਚ ਹਾਸਲ ਕੀਤਾ, ਜਦੋਂਕਿ ਦੂਸਰਾ ਸੋਨ ਤਗਮਾ ਬੈਡਮਿੰਟਨ ਵਿਚ ਪ੍ਰਮੋਦ ਭਗਤ ਨੂੰ ਪ੍ਰਾਪਤ ਹੋਇਆ। ਪੈਰਾਲੰਪਿਕ ਵਿਚ ਇਹ ਵੀ ਇਕ ਵਿਸ਼ੇਸ਼ ਉਪਲਬਧੀ ਰਹੀ ਕਿ ਜਿਥੇ ਨਿਸ਼ਾਨੇਬਾਜ਼ੀ ਵਿਚ ਦੋ ਮੁਕਾਬਲਿਆਂ ਵਿਚ 2 ਤਗਮੇ ਇਕ ਸੋਨਾ ਅਤੇ ਇਕ ਕਾਂਸੀ ਜਿੱਤਣ ਵਾਲੀ ਅਵਨੀ ਲੇਖਾਰਾ ਪਹਿਲੀ ਭਾਰਤੀ ਮਹਿਲਾ ਬਣੀ, ਉਥੇ ਹੀ ਪੁਰਸ਼ ਵਰਗ ਵਿਚ ਸਿੰਘਰਾਜ ਅਡਾਨਾ ਨਿਸ਼ਾਨੇਬਾਜ਼ੀ ਵਿਚ ਦੋ ਤਗਮੇ ਜਿੱਤਣ ਵਾਲੇ ਪੈਰਾਲੰਪਿਕ ਦੇ ਪਹਿਲੇ ਖਿਡਾਰੀ ਬਣੇ। ਉਲੰਪਿਕ ਵਿਚ 7 ਅਤੇ ਹੁਣ ਪੈਰਾਲੰਪਿਕ ਵਿਚ ਹਾਸਲ ਹੋਏ 19 ਤਗਮਿਆਂ ਨੇ ਹੋਰ ਆਸ ਦੀ ਕਿਰਨ ਜਗਾਈ ਹੈ।