ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਖਿਲਾਫ ਰੋਹ ਭਖਿਆ

ਅੰਮ੍ਰਿਤਸਰ: ਕੇਂਦਰ ਸਰਕਾਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਕੀਤੇ ਨਵੀਨੀਕਰਨ ਖਿਲਾਫ ਰੋਹ ਭਖ ਗਿਆ ਹੈ। ਵੱਡੀ ਗਿਣਤੀ ਸਿੱਖ ਜਥੇਬੰਦੀਆਂ ਤੋਂ ਇਲਾਵਾ ਇਤਿਹਾਸਕਾਰ ਤੇ ਬੁੱਧੀਜੀਵੀਆਂ ਨੇ ਵੀ ਸਰਕਾਰ ਦੀ ਨੀਅਤ ਉਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਨ੍ਹਾਂ ਜਥੇਬੰਦੀਆਂ ਵੱਲੋਂ ਸ਼ਹੀਦੀ ਸਮਾਰਕ ਅੱਗੇ ਤਲਾਬ ਵਿਚ ਕਮਲ ਦੇ ਫੁੱਲ ਲਾਉਣ ਪਿੱਛੇ ਵੀ ਮੋਦੀ ਹਕੂਮਤ ਦੀ ਗੁੱਝੀ ਮਨਸ਼ਾ ਦੱਸੀ ਜਾ ਰੀਹ ਹੈ। ਦੋਸ਼ ਹਨ ਕਿ ਕਈ ਆਜ਼ਾਦੀ ਸੰਗਰਾਮੀਆਂ ਦੇ ਨਾਂ ਨਜ਼ਰ ਨਹੀਂ ਆਉਂਦੇ ਅਤੇ ਕਈਆਂ ਦੇ ਨਾਂ ਗਲਤ ਲਿਖੇ ਹੋਏ ਹਨ। ਗਦਰ ਪਾਰਟੀ ਦੇ ਬਾਨੀ ਮੀਤ ਪ੍ਰਧਾਨ ਪ੍ਰੋ. ਬਰਕਤ ਉੱਲ੍ਹਾ ਅਤੇ ਦੇਸ਼ ਭਗਤ ਡਾ. ਹਾਫ਼ਿਜ਼ ਮੁਹੰਮਦ ਬਸ਼ੀਰ ਦੇ ਨਾਂ ਗਾਇਬ ਹਨ। ਮੁਸਲਮਾਨ ਦੇਸ਼ ਭਗਤਾਂ ਨੂੰ ਨਜ਼ਰਅੰਦਾਜ ਕੀਤਾ ਗਿਆ ਹੈ। ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਆਦਿ ਦੀਆਂ ਤਸਵੀਰਾਂ ਹੇਠਾਂ ‘ਸ਼ਹੀਦ` ਵੀ ਨਹੀਂ ਲਿਖਿਆ ਗਿਆ।

ਜਲ੍ਹਿਆਂਵਾਲਾ ਬਾਗ ਸਾਕੇ ਨਾਲ ਸਬੰਧਤ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਬਣਾਈ ਗਈ ਜਥੇਬੰਦੀ ਜਲ੍ਹਿਆਂਵਾਲਾ ਬਾਗ ਫਰੀਡਮ ਫਾਈਟਰ ਫਾਊਂਡੇਸ਼ਨ ਨੇ ਕੇਂਦਰੀ ਸਭਿਆਚਾਰਕ ਮੰਤਰਾਲੇ ਦੇ ਸਕੱਤਰ ਰਾਘਵੇਂਦਰ ਸਿੰਘ ਨੂੰ ਇਕ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਯਾਦਗਾਰ ਦੇ ਪ੍ਰਵੇਸ਼ ਦੁਆਰ ਦੀ ਤੰਗ ਗਲੀ ਵਿਚ ਲਈਆਂ ਗਈਆਂ ਤਸਵੀਰਾਂ ਨੂੰ ਹਟਾਇਆ ਜਾਵੇ ਅਤੇ ਸ਼ਹੀਦੀ ਖੂਹ ਨੂੰ ਪਹਿਲਾਂ ਵਾਂਗ ਪੁਰਾਤਨ ਦਿੱਖ ਦਿੱਤੀ ਜਾਵੇ।
ਜਥੇਬੰਦੀ ਦੇ ਮੁਖੀ ਸੁਨੀਲ ਕੁਮਾਰ ਵੱਲੋਂ ਲਿਖੇ ਇਸ ਪੱਤਰ ਵਿਚ ਗਿਆਰਾਂ ਸੁਝਾਅ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਮਰ ਜੋਤੀ ਨੂੰ ਪਹਿਲਾਂ ਵਾਲੀ ਥਾਂ ‘ਤੇ ਹੀ ਸਥਾਪਤ ਕੀਤਾ ਜਾਵੇ, ਜਲ੍ਹਿਆਂਵਾਲਾ ਬਾਗ ਵਿਚ ਇਕ ਸਰਬ ਧਰਮ ਮੰਦਰ ਸਥਾਪਤ ਕੀਤਾ ਜਾਵੇ, ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਸਮੇਤ ਊਧਮ ਸਿੰਘ, ਭਗਤ ਸਿੰਘ ਅਤੇ ਹੋਰ ਸੁਤੰਤਰਤਾ ਸੈਨਾਨੀਆਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ, ਜਲ੍ਹਿਆਂਵਾਲਾ ਬਾਗ ਵਿਚ ਸ਼ਹੀਦਾਂ ਦੇ ਨਾਂ ‘ਤੇ ਇਕ ਕੰਧ ਬਣਾਈ ਜਾਵੇ ਜਿਸ ਉਪਰ ਉਨ੍ਹਾਂ ਦੀਆਂ ਤਸਵੀਰਾਂ ਲਾਈਆਂ ਜਾਣ। ਉਹ ਪਿੱਲਰ ਮੁੜ ਸਥਾਪਤ ਕੀਤਾ ਜਾਵੇ ਜਿਥੋਂ ਜਨਰਲ ਡਾਇਰ ਨੇ ਗੋਲੀ ਚਲਾਈ ਸੀ। ਸ਼ਹੀਦਾਂ ਦੇ ਪਰਿਵਾਰਾਂ ਨੂੰ ਟਰੱਸਟ ਅਤੇ ਕਮੇਟੀ ਵਿਚ ਸ਼ਾਮਲ ਕੀਤਾ ਜਾਵੇ, ਲਾਈਟ ਐਂਡ ਸਾਊਂਡ ਸ਼ੋਅ ਨੂੰ ਯਾਦਗਾਰ ਵਿੱਚ ਕਿਸੇ ਹੋਰ ਥਾਂ ‘ਤੇ ਚਲਾਇਆ ਜਾਵੇ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਤਾਮਰ ਪੱਤਰ ਅਤੇ ਸੁਤੰਤਰਤਾ ਸੈਨਾਨੀਆਂ ਵਾਲੀਆਂ ਸਹੂਲਤਾਂ ਦਿੱਤੀਆਂ ਜਾਣ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰਾਂ ਨੇ ਇਥੇ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਨਵੀਨੀਕਰਨ ਦੇ ਨਾਂ ਹੇਠ ਇਤਿਹਾਸਕ ਤੱਥਾਂ ਨਾਲ ਛੇੜਛਾੜ ਕੀਤੀ ਗਈ ਹੈ, ਜਿਸ ਕਾਰਨ ਦੇਸ਼ ਵਾਸੀਆਂ ਦੀ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਭੇਜ ਕੇ ਜਲ੍ਹਿਆਂਵਾਲਾ ਬਾਗ ਦੇ ਮੂਲ ਸਰੂਪ ਦੀ ਬਹਾਲੀ ਦੀ ਮੰਗ ਕੀਤੀ ਹੈ।
ਜਲ੍ਹਿਆਂਵਾਲਾ ਬਾਗ ਦੀ ਤੰਗ ਗਲੀ ਦਾ ਪੁਰਾਤਨ ਮੁਹਾਂਦਰਾ ਅਤੇ ਉਸ ‘ਚੋਂ ਉਭਰਦੇ ਖੌਫ਼ਨਾਕ ਮੰਜਰ ਦਾ ਪ੍ਰਭਾਵ ਮਿਟਾ ਕੇ ਵਿਸਾਖੀ ਦਾ ਮੇਲਾ ਵੇਖਣ ਜਾਂਦੇ ਹੱਸਦੇ-ਨੱਚਦੇ ਲੋਕਾਂ ਦੀਆਂ ਮੂਰਤੀਆਂ ਬਣਾ ਦਿੱਤੀਆਂ ਗਈਆਂ ਹਨ, ਜਿਸ ਤੋਂ ਅਜਿਹਾ ਨਹੀਂ ਲੱਗਦਾ ਕਿ ਇਹ ਲੋਕ ਇਥੇ ਬਰਤਾਨਵੀ ਸਾਮਰਾਜ ਦੇ ਕਾਨੂੰਨਾਂ ਖਿਲਾਫ ਰੋਸ ਪ੍ਰਗਟਾਉਣ ਲਈ ਲਾਈਆਂ ਗਈਆਂ ਰੋਕਾਂ ਦੇ ਬਾਵਜੂਦ ਆਏ ਸਨ। ਇਸੇ ਤਰ੍ਹਾਂ ਪ੍ਰਵੇਸ਼ ਗਲੀ ਰਾਹੀਂ ਦਾਖਲ ਹੋਣ ਤੋਂ ਪਹਿਲਾਂ ਹੀ ਖੱਬੇ ਹੱਥ ਦਾਖਲਾ ਫੀਸ ਹਾਸਲ ਕਰਨ ਲਈ ਆਧੁਨਿਕ ਮਸ਼ੀਨਾਂ ਲਾ ਦਿੱਤੀਆਂ ਗਈਆਂ ਹਨ, ਜਿੱਥੇ ਕਿਸੇ ਵੇਲੇ ਵੀ ਫੀਸ ਵਸੂਲੀ ਲਾਜ਼ਮੀ ਹੋ ਜਾਵੇਗੀ।
ਕਮੇਟੀ ਦੇ ਮੈਂਬਰਾਂ ਨੇ ਕਿਹਾ ਹੈ ਕਿ ਸੁੰਦਰੀਕਰਨ ਅਤੇ ਨਵੀਨੀਕਰਨ ਦੇ ਨਾਂ ਹੇਠ ਇਤਿਹਾਸਕ ਤੱਥਾਂ ਦੀ ਪ੍ਰਮਾਣਿਕਤਾ ਨਾਲ ਛੇੜਛਾੜ ਕੀਤੀ ਗਈ ਹੈ। ਬਾਗ ‘ਚ ਦਾਖਲ ਹੁੰਦੇ ਹੀ ਜੋ ਫਾਇਰਿੰਗ ਸਥਾਨ ਦਾ ਉੱਚਾ ਥੜਾ ਸੀ, ਜਿੱਥੇ ਮਸ਼ੀਨ ਗੰਨ ਫਿੱਟ ਕੀਤੀ ਗਈ ਸੀ, ਉਹ ਮਿਟਾ ਕੇ ਫਰਸ਼ ‘ਤੇ ਹੀ ਰਸਮੀ ਨਿਸ਼ਾਨੀ ਲਾ ਦਿੱਤੀ ਗਈ ਹੈ। ਸ਼ਹੀਦਾਂ ਦੀ ਯਾਦ ‘ਚ ਅਮਰ ਜੋਤ ਵੀ ਪਹਿਲਾਂ ਵਾਲੇ ਢੁਕਵੇਂ ਸਥਾਨ ਤੋਂ ਪਿੱਛੇ ਹਟਾ ਦਿੱਤੀ ਹੈ। ਸ਼ਹੀਦੀ ਖੂਹ ਦੀ ਪੁਰਾਤਨ ਦਿੱਖ ਖਤਮ ਹੋ ਗਈ ਹੈ। ਦੋ ਕੰਧਾਂ ‘ਤੇ ਭਾਵੇਂ ਗੋਲੀਆਂ ਦੇ ਨਿਸ਼ਾਨ ਸੰਭਾਲੇ ਗਏ ਹਨ ਪਰ ਉਨ੍ਹਾਂ ਦੀ ਪੁਰਾਤਨ ਦਿੱਖ ਬਦਲ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਲਾਈਟ ਐਂਡ ਸਾਊਂਡ ਅਤੇ ਹੋਰ ਵੱਖ-ਵੱਖ ਥਾਵਾਂ ‘ਤੇ ਲਿਖੀਆਂ ਸਤਰਾਂ ਵਿਚ ‘ਰਾਸ਼ਟਰਵਾਦ‘ ਤਾਂ ਵਾਰ-ਵਾਰ ਉਭਰਦਾ ਹੈ ਪਰ ਕਿਸੇ ਵੀ ਥਾਂ ‘ਤੇ ‘ਸਾਮਰਾਜਵਾਦ ਮੁਰਦਾਬਾਦ‘ ਲਿਖਿਆ ਨਹੀਂ ਮਿਲਦਾ।
ਸਿੱਖ ਜਥੇਬੰਦੀ ਪੰਥਕ ਤਾਲਮੇਲ ਸੰਗਠਨ ਨੇ ਦੋਸ਼ ਲਾਇਆ ਕਿ ਜਲ੍ਹਿਆਂਵਾਲਾ ਬਾਗ ਯਾਦਗਾਰ ਦੇ ਨਵੀਨੀਕਰਨ ਦੌਰਾਨ ਸ਼ਹੀਦਾਂ ਅਤੇ ਮਾਂ ਬੋਲੀ ਪੰਜਾਬੀ ਦੀ ਤੌਹੀਨ ਕੀਤੀ ਗਈ ਹੈ। ਉਨ੍ਹਾਂ ਇਸ ਵਿਚ ਸੋਧ ਦੀ ਮੰਗ ਕੀਤੀ ਹੈ। ਦੋਸ਼ ਹਨ ਕਿ ਇਥੇ ਸਥਾਪਤ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਬਣਤਰ ਪੰਜਾਬੀਆਂ ਵਾਲੀ ਨਹੀਂ ਹੈ ਅਤੇ ਉਸ ਦਾ ਪਹਿਰਾਵਾ ਵੀ ਪੰਜਾਬੀਆਂ ਵਾਂਗ ਨਹੀਂ ਹੈ।