ਅਮਰੀਕੀ ਤਾਕਤ ਦਾ ਭਵਿੱਖ

ਅਰੁੰਧਤੀ ਰਾਏ
ਅਨੁਵਾਦ: ਬੂਟਾ ਸਿੰਘ
ਫਰਵਰੀ 1989 `ਚ ਆਖਰੀ ਸੋਵੀਅਤ ਟੈਂਕ ਅਫਗਾਨਿਸਤਾਨ ਵਿਚੋਂ ਨਿੱਕਲ ਗਿਆ, ਉਸ ਦੀ ਫੌਜ ਨੂੰ ਮੁਜਾਹਿਦੀਨ ਦੇ ਢਿੱਲੜ ਜਿਹੇ ਗੱਠਜੋੜ (ਜਿਸ ਨੂੰ ਸਿਖਲਾਈ, ਹਥਿਆਰ, ਫੰਡਿੰਗ ਤੇ ਪ੍ਰੇਰਨਾ ਅਮਰੀਕੀ ਅਤੇ ਪਾਕਿਸਤਾਨੀ ਖੁਫੀਆ ਸੇਵਾਵਾਂ ਨੇ ਦਿੱਤੀ ਸੀ) ਨੇ ਲੱਗਭੱਗ ਦਹਾਕਾ ਲੰਮੇ, ਸਬਕ ਸਿਖਾਊ ਯੁੱਧ `ਚ ਫੈਸਲਾਕੁਨ ਰੂਪ ਵਿਚ ਹਰਾ ਦਿੱਤਾ ਗਿਆ ਸੀ। ਉਸ ਸਾਲ ਨਵੰਬਰ ਤੱਕ ਬਰਲਿਨ ਦੀ ਦੀਵਾਰ ਢਹਿ ਗਈ ਸੀ ਅਤੇ ਸੋਵੀਅਤ ਸੰਘ ਦਾ ਪਤਨ ਸ਼ੁਰੂ ਹੋ ਗਿਆ ਸੀ। ਜਦੋਂ ਸ਼ੀਤ ਯੁੱਧ ਖਤਮ ਹੋਇਆ ਤਾਂ ਅਮਰੀਕਾ ਇਕ-ਧਰੁਵੀ ਆਲਮੀ ਵਿਵਸਥਾ ਦਾ ਮੁਖੀ ਬਣ ਗਿਆ। ਬਹੁਤ ਥੋੜ੍ਹੇ ਸਮੇਂ `ਚ ਕੱਟੜਪੰਥੀ ਇਸਲਾਮ ਨੇ ਆਲਮੀ ਸ਼ਾਂਤੀ ਲਈ ਸਭ ਤੋਂ ਵੱਡੇ ਖਤਰੇ ਦੇ ਰੂਪ `ਚ ਕਮਿਊਨਿਜ਼ਮ ਦੀ ਜਗ੍ਹਾ ਲੈ ਲਈ। ਜਿਵੇਂ ਅਸੀਂ ਜਾਣਦੇ ਸੀ, 11 ਸਤੰਬਰ 2001 ਵਾਲੇ ਹਮਲਿਆਂ ਤੋਂ ਬਾਅਦ ਰਾਜਨੀਤਕ ਦੁਨੀਆ ਆਪਣੀ ਧੁਰੀ ਦੁਆਲੇ ਘੁੰਮਦੀ ਸੀ; ਤੇ ਉਸ ਧੁਰੀ ਦੀ ਧੁਰੀ ਕਿਤੇ ਅਫਗਾਨਿਸਤਾਨ ਦੇ ਪਹਾੜਾਂ ਵਿਚ ਸਥਿਤ ਜਾਪਦੀ ਸੀ।

ਹੁਣ ਜਦੋਂ ਅਮਰੀਕਾ ਦੀ ਅਫਗਾਨਿਸਤਾਨ ਵਿਚੋਂ ਨਮੋਸ਼ੀ ਭਰੀ ਵਾਪਸੀ ਹੋਈ ਹੈ ਤਾਂ ਜੇ ਹੋਰ ਕੁਝ ਨਹੀਂ ਤਾਂ ਬਿਰਤਾਂਤ ਦੀ ਸਮਰੂਪਤਾ ਦੇ ਕਾਰਨਾਂ ਕਰਕੇ ਇਸ ਦੀ ਤਾਕਤ ਦੇ ਪਤਨ, ਚੀਨ ਦੇ ਉਭਾਰ ਅਤੇ ਇਸ ਦੀਆਂ ਬਾਕੀ ਦੁਨੀਆ ਲਈ ਜੋ ਅਰਥ-ਸੰਭਾਵਨਾਵਾਂ ਹੋ ਸਕਦੀਆਂ ਹਨ, ਉਸ ਨੂੰ ਲੈ ਕੇ ਗੱਲਬਾਤ ਨੇ ਅਚਾਨਕ ਤੇਜ਼ੀ ਫੜ ਲਈ ਹੈ। ਯੂਰਪ, ਖਾਸ ਕਰਕੇ ਬਰਤਾਨੀਆ ਲਈ ਅਮਰੀਕਾ ਦੀ ਆਰਥਕ ਅਤੇ ਫੌਜੀ ਤਾਕਤ ਨੇ ਯਥਾ-ਸਥਿਤੀ ਨੂੰ ਕਾਰਗਰ ਤਰੀਕੇ ਨਾਲ ਬਰਕਰਾਰ ਰੱਖ ਕੇ ਇਕ ਤਰ੍ਹਾਂ ਦੀ ਸਭਿਆਚਾਰਕ ਲਗਾਤਾਰਤਾ ਮੁਹੱਈਆ ਕੀਤੀ ਹੈ। ਉਨ੍ਹਾਂ ਲਈ ਆਪਣਾ ਸਥਾਨ ਲੈਣ ਲਈ ਨਵੀਂ, ਕਰੂਰ ਸੱਤਾ ਦੀ ਇੰਤਜ਼ਾਰ ਲਾਜ਼ਮੀ ਹੀ ਡੂੰਘੀ ਚਿੰਤਾ ਦਾ ਸਰੋਤ ਹੋਣੀ ਚਾਹੀਦੀ ਹੈ।
ਦੁਨੀਆ ਦੇ ਹੋਰ ਹਿੱਸਿਆਂ ਜਿੱਥੇ ਯਥਾ-ਸਥਿਤੀ ਵੱਲੋਂ ਅਸਹਿ ਕਸ਼ਟ ਦਿੱਤੇ ਗਏ ਹਨ, ਵਿਚ ਅਫਗਾਨਿਸਤਾਨ ਤੋਂ ਆ ਰਹੀਆਂ ਖਬਰਾਂ ਨੂੰ ਘੱਟ ਭੈਅ ਨਾਲ ਲਿਆ ਗਿਆ ਹੈ।
ਜਿਸ ਦਿਨ ਤਾਲਿਬਾਨ ਨੇ ਕਾਬੁਲ `ਚ ਪ੍ਰਵੇਸ਼ ਕੀਤਾ, ਮੈਂ ਪਹਾੜਾਂ ਵਿਚ ਤੋਸਾ ਮੈਦਾਨ `ਚ ਸੀ। ਇਹ ਕਸ਼ਮੀਰ ਵਿਚ ਉਚੀ ਜਗ੍ਹਾ ਅਲਪਾਈਨ ਘਾਹ ਦਾ ਮੈਦਾਨ ਹੈ ਜਿਸ ਦਾ ਇਸਤੇਮਾਲ ਭਾਰਤੀ ਫੌਜ ਅਤੇ ਹਵਾਈ ਫੌਜ ਦਹਾਕਿਆਂ ਤੋਂ ਤੋਪਖਾਨੇ ਅਤੇ ਹਵਾਈ ਬੰਬਾਰੀ ਦਾ ਅਭਿਆਸ ਕਰਨ ਲਈ ਕਰਦੀ ਸੀ। ਘਾਹ ਦੇ ਮੈਦਾਨ ਦੇ ਇਕ ਕਿਨਾਰੇ ਤੋਂ ਅਸੀਂ ਥੱਲੇ ਘਾਟੀ ਦੇਖ ਸਕਦੇ ਹਾਂ ਜੋ ਸ਼ਹੀਦਾਂ ਦੇ ਕਬਰਸਤਾਨਾਂ ਨਾਲ ਘਿਰੀ ਹੋਈ ਹੈ। ਉਥੇ ਕਸ਼ਮੀਰ ਦੇ ਸਵੈ-ਨਿਰਣੇ ਲਈ ਸੰਘਰਸ਼ ਦੌਰਾਨ ਮਾਰੇ ਗਏ ਹਜ਼ਾਰਾਂ ਕਸ਼ਮੀਰੀ ਮੁਸਲਮਾਨਾਂ ਨੂੰ ਦਫਨਾਇਆ ਗਿਆ ਹੈ।
ਭਾਰਤ ਵਿਚ ਇਕ ਹਿੰਦੂ ਰਾਸ਼ਟਰਵਾਦੀ ਸਮੂਹ- ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ.) 9/11 ਤੋਂ ਬਾਅਦ ਦੇ ਕੌਮਾਂਤਰੀ ਇਸਲਾਮੀ ਹਊਏ ਦਾ ਚਲਾਕੀ ਨਾਲ ਇਸਤੇਮਾਲ ਕਰਦੇ ਹੋਏ ਸੱਤਾ ਵਿਚ ਆਈ ਜੋ ਮੁਸਲਿਮ ਵਿਰੋਧੀ ਕਤਲੇਆਮਾਂ ਦੀ ਖੂਨੀ ਲਹਿਰ `ਤੇ ਸਵਾਰ ਸੀ ਜਿਸ ਵਿਚ ਹਜ਼ਾਰਾਂ ਲੋਕ ਦਾ ਕਤਲੇਆਮ ਕੀਤਾ ਗਿਆ। ਉਹ ਖੁਦ ਨੂੰ ਅਮਰੀਕਾ ਦਾ ਕੱਟੜ ਸੰਗੀ ਮੰਨਦਾ ਹੈ। ਭਾਰਤੀ ਸੁਰੱਖਿਆ ਦੀ ਸਥਾਪਿਤ ਵਿਵਸਥਾ ਇਸ ਗੱਲ ਤੋਂ ਜਾਣੂ ਹੈ ਕਿ ਤਾਲਿਬਾਨ ਦੀ ਜਿੱਤ ਉਪ ਮਹਾਂਦੀਪ ਦੀ ਘਿਨਾਉਣੀ ਸਿਆਸਤ ਵਿਚ ਢਾਂਚਾਗਤ ਬਦਲਾਓ ਦੀ ਪ੍ਰਤੀਕ ਹੈ ਜਿਸ ਵਿਚ ਤਿੰਨ ਪਰਮਾਣੂ ਤਾਕਤਾਂ ਭਾਰਤ, ਪਾਕਿਸਤਾਨ ਤੇ ਚੀਨ ਸ਼ਾਮਿਲ ਹਨ ਜਿਸ ਦਾ ਉਤੇਜਨਾ ਬਿੰਦੂ ਕਸ਼ਮੀਰ ਹੈ। ਤਾਲਿਬਾਨ ਦੀ ਇਹ ਜਿੱਤ, ਇਸ ਨੇ ਭਾਵੇਂ ਕਿੰਨੀ ਵੀ ਕੀਮਤ ਵਸੂਲੀ, ਨੂੰ ਆਪਣੇ ਜਾਨੀ ਦੁਸ਼ਮਣ ਪਾਕਿਸਤਾਨ ਦੀ ਜਿੱਤ ਦੇ ਰੂਪ `ਚ ਦੇਖਦਾ ਹੈ ਜੋ ਤਾਲਿਬਾਨ ਨੂੰ ਅਮਰੀਕੀ ਕਬਜ਼ੇ ਖਿਲਾਫ ਆਪਣੀ 20 ਸਾਲ ਦੀ ਲੜਾਈ `ਚ ਗੁਪਤ ਰੂਪ ਵਿਚ ਹਮਾਇਤ ਦਿੰਦਾ ਰਿਹਾ ਹੈ। ਭਾਰਤ ਦੇ ਮੁੱਖ ਹਿੱਸੇ ਦੀ ਸਾਢੇ ਸਤਾਰਾਂ ਕਰੋੜ ਦੀ ਤਕੜੀ ਮੁਸਲਿਮ ਆਬਾਦੀ ਜੋ ਪਹਿਲਾਂ ਹੀ ਕਰੂਰ ਜਬਰ ਦੀ ਮਾਰ ਹੇਠ ਸੀ, ਜਿਸ ਨੂੰ ਬੰਦ ਬਸਤੀਆਂ `ਚ ਡੱਕਿਆ ਹੋਇਆ ਹੈ ਤੇ ਜਿਸ ਨੂੰ ‘ਪਾਕਿਸਤਾਨੀ` ਹੋਣ ਦਾ ਠੱਪਾ ਲਾ ਕੇ ਕਲੰਕਤ ਕੀਤਾ ਗਿਆ ਹੈ, ਲਈ ਹੁਣ ‘ਤਾਲਿਬਾਨ` ਦੇ ਰੂਪ ਵਿਚ ਵਿਤਕਰਾ ਅਤੇ ਜ਼ੁਲਮ ਹੋਰ ਵਧੇਰੇ ਜੋਖਮ ਭਰਿਆ ਹੋ ਗਿਆ ਹੈ।
ਭਾਰਤ ਦਾ ਜ਼ਿਆਦਾਤਰ ਮੁੱਖਧਾਰਾ ਮੀਡੀਆ ਜੋ ਘਿਨਾਉਣੇ ਰੂਪ `ਚ ਬੀ.ਜੇ.ਪੀ. ਦਾ ਹੱਥਠੋਕਾ ਹੈ, ਤਾਲਿਬਾਨ ਦਾ ਜ਼ਿਕਰ ਦਹਿਸ਼ਤਵਾਦੀ ਸਮੂਹ ਦੇ ਰੂਪ `ਚ ਕਰਦਾ ਆ ਰਿਹਾ ਹੈ। ਪੰਜ ਲੱਖ ਭਾਰਤੀ ਫੌਜ ਦੀਆਂ ਬੰਦੂਕਾਂ ਹੇਠ ਦਹਾਕਿਆਂ ਤੋਂ ਰਹਿ ਰਹੇ ਕਈ ਕਸ਼ਮੀਰੀ ਇਸ ਖਬਰ ਨੂੰ ਵੱਖਰੀ ਤਰ੍ਹਾਂ ਪੜ੍ਹਦੇ ਹਨ। ਚਾਹਤ ਨਾਲ। ਉਹ ਆਪਣੀ ਅੰਧਕਾਰ ਅਤੇ ਰੋਹ ਦੀ ਦੁਨੀਆ `ਚ ਝੀਤ ਵਿਚੋਂ ਆ ਰਹੇ ਚਾਨਣ ਦੀ ਭਾਲ ਵਿਚ ਸਨ।
ਦਰਅਸਲ ਜੋ ਕੁਝ ਹੋ ਰਿਹਾ ਸੀ, ਉਸ ਦਾ ਵੇਰਵਾ ਤੇ ਢਾਂਚਾ ਅਜੇ ਵੀ ਉਲਝਿਆ ਹੋਇਆ ਸੀ। ਜਿਨ੍ਹਾਂ ਲੋਕਾਂ ਨਾਲ ਮੈਂ ਗੱਲ ਕੀਤੀ, ਉਨ੍ਹਾਂ ਵਿਚੋਂ ਕੁਝ ਇਸ ਨੂੰ ਦੁਨੀਆ ਦੀ ਸਭ ਤੋਂ ਤਾਕਤਵਰ ਫੌਜ ਦੇ ਖਿਲਾਫ ਇਸਲਾਮ ਦੀ ਜਿੱਤ ਦੇ ਰੂਪ `ਚ ਦੇਖਦੇ ਸਨ। ਹੋਰ ਇਸ ਸੰਕੇਤ ਦੇ ਰੂਪ `ਚ ਕਿ ਧਰਤੀ ਉਪਰ ਕੋਈ ਵੀ ਤਾਕਤ ਸੱਚੇ ਸੁਤੰਤਰਤਾ ਸੰਗਰਾਮ ਨੂੰ ਕੁਚਲ ਨਹੀਂ ਸਕਦੀ। ਉਨ੍ਹਾਂ ਦਾ ਪੁਰਜੋਸ਼ ਵਿਸ਼ਵਾਸ ਸੀ, ਉਹ ਵਿਸ਼ਵਾਸ ਕਰਨਾ ਚਾਹੁੰਦੇ ਸਨ ਕਿ ਤਾਲਿਬਾਨ ਪੂਰੀ ਤਰ੍ਹਾਂ ਬਦਲ ਗਿਆ ਹੈ ਅਤੇ ਇਹ ਦੁਬਾਰਾ ਆਪਣੇ ਵਹਿਸ਼ੀ ਤਰੀਕੇ ਨਾਲ ਨਹੀਂ ਆਵੇਗਾ। ਉਨ੍ਹਾਂ ਨੇ ਵੀ ਦੇਖਿਆ ਕਿ ਖੇਤਰੀ ਸਿਆਸਤ ਅੰਦਰ ਇਸ ਦੀਆਂ ਹੇਠਲੀਆਂ ਤਹਿਆਂ `ਚ ਕੀ ਰੱਦੋਬਦਲ ਹੋਈ ਹੈ, ਜਿਸ ਨਾਲ ਉਨ੍ਹਾਂ ਨੂੰ ਉਮੀਦ ਬੱਝਦੀ ਸੀ ਕਿ ਕਸ਼ਮੀਰੀਆਂ ਨੂੰ ਕੁਛ ਸਾਹ ਲੈਣ ਦੀ ਜਗਾ੍ਹ ਮਿਲੇਗੀ, ਕੁਛ ਸਨਮਾਨ ਦੀ ਸੰਭਾਵਨਾ ਬਣੇਗੀ।
ਵਿਡੰਬਨਾ ਇਹ ਸੀ ਕਿ ਅਸੀਂ ਇਹ ਗੱਲਬਾਤ ਬੰਬਾਂ ਨਾਲ ਬਣੇ ਖੱਡਿਆਂ ਨਾਲ ਭਰੇ ਘਾਹ ਦੇ ਮੈਦਾਨ `ਚ ਬੈਠੇ ਕਰ ਰਹੇ ਸੀ। ਇਹ ਭਾਰਤ ਵਿਚ ਸੁਤੰਤਰਤਾ ਦਿਵਸ ਦਾ ਵਕਤ ਸੀ ਅਤੇ ਵਿਰੋਧ ਨੂੰ ਰੋਕਣ ਲਈ ਕਸ਼ਮੀਰ ਨੂੰ ਬੰਦ ਕਰ ਦਿੱਤਾ ਗਿਆ ਸੀ। ਇਕ ਸਰਹੱਦ ਉਪਰ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਤਣਾਓਪੂਰਨ ਹਾਲਾਤ `ਚ ਆਹਮੋ-ਸਾਹਮਣੇ ਸਨ। ਦੂਜੇ ਪਾਸੇ, ਲਾਗੇ ਲੱਦਾਖ ਵਿਚ ਚੀਨੀ ਫੌਜ ਨੇ ਸਰਹੱਦ ਪਾਰ ਕਰਕੇ ਭਾਰਤੀ ਖੇਤਰ `ਚ ਡੇਰਾ ਲਾ ਲਿਆ ਸੀ। ਅਫਗਾਨਿਸਤਾਨ ਬਹੁਤ ਨੇੜੇ ਮਹਿਸੂਸ ਹੋਇਆ।
ਦੂਜੇ ਆਲਮੀ ਯੁੱਧ ਤੋਂ ਬਾਅਦ ਆਪਣਾ ਗਲਬਾ ਸਥਾਪਤ ਕਰਨ ਅਤੇ ਸਲਾਮਤ ਰੱਖਣ ਦੀਆਂ ਬੇਸ਼ੁਮਾਰ ਫੌਜੀ ਮੁਹਿੰਮਾਂ `ਚ ਅਮਰੀਕਾ ਨੇ ਇਕ ਤੋਂ ਬਾਅਦ ਇਕ ਮੁਲਕ (ਗੈਰ ਗੋਰੇ ਮੁਲਕਾਂ) ਨੂੰ ਤੋੜ ਦਿੱਤਾ ਹੈ। ਇਸ ਨੇ ਮਿਲੀਸ਼ੀਆ ਦੀਆਂ ਵਾਗਾਂ ਖੁੱਲ੍ਹੀਆਂ ਛੱਡ ਦਿੱਤੀਆਂ ਹਨ, ਲੱਖਾਂ ਲੋਕਾਂ ਦਾ ਕਤਲੇਆਮ ਕੀਤਾ ਹੈ, ਨਵਜੰਮੀਆਂ ਜਮਹੂਰੀਅਤਾਂ ਦੇ ਤਖਤ ਉਲਟਾ ਦਿੱਤੇ ਹਨ ਅਤੇ ਉਨ੍ਹਾਂ ਦੀ ਜਗ੍ਹਾ ਜ਼ਾਲਮ ਅਤੇ ਵਹਿਸ਼ੀ ਫੌਜੀ ਕਬਜ਼ੇ ਦੀਆਂ ਹਕੂਮਤਾਂ ਸਥਾਪਤ ਕੀਤੀਆਂ ਹਨ। ਇਸ ਨੇ ਇਕ ਜਾਂ ਦੂਜੇ ਤਰੀਕੇ ਨਾਲ ਨਿਰਸਵਾਰਥ, ਸਭਿਅਕ ਬਣਾਉਣ ਦੀ ਬਰਤਾਨਵੀ ਬਸਤੀਵਾਦੀ ਲਫਾਜ਼ੀ ਦਾ ਆਧੁਨਿਕ ਐਡੀਸ਼ਨ ਲਾਗੂ ਕੀਤਾ ਹੈ। ਵੀਅਤਨਾਮ ਦੇ ਮਾਮਲੇ `ਚ ਵੀ ਇਹ ਇਸੇ ਤਰ੍ਹਾਂ ਸੀ; ਤੇ ਅਫਗਾਨਿਸਤਾਨ ਦੇ ਮਾਮਲੇ `ਚ ਵੀ ਇਸੇ ਤਰ੍ਹਾਂ ਹੈ।
ਇਸ ਉਪਰ ਮੁਨੱਸਰ ਕਰਦੇ ਹੋਏ ਕਿ ਤੁਸੀਂ ਇਤਿਹਾਸ ਦੇ ਨਿਸ਼ਾਨਾਂ ਨੂੰ ਕਿੱਥੇ ਲਗਾਉਣਾ ਚਾਹੁੰਦੇ ਹੋ, ਸੋਵੀਅਤ ਸੰਘ, ਅਮਰੀਕੀ ਅਤੇ ਪਾਕਿਸਤਾਨੀ ਹਮਾਇਤੀ ਮੁਜਾਹਿਦੀਨ, ਤਾਲਿਬਾਨ, ਉਤਰੀ ਗੱਠਜੋੜ, ਅਕਹਿ ਰੂਪ ਵਿਚ ਹਿੰਸਕ ਅਤੇ ਵਿਸ਼ਵਾਸਘਾਤੀ ਸਰਦਾਰਾਂ ਅਤੇ ਅਮਰੀਕਾ ਤੇ ਨਾਟੋ ਦੇ ਲਸ਼ਕਰਾਂ ਵੱਲੋਂ ਅਫਗਾਨ ਲੋਕਾਂ ਦੀਆਂ ਹੱਡੀਆਂ ਨੂੰ ਫੌਜੀ ਦੇਗਚੇ `ਚ ਉਬਾਲ ਕੇ ਉਨ੍ਹਾਂ ਦਾ ਬੇਕਿਰਕੀ ਨਾਲ ਲਹੂ ਪੀਤਾ ਗਿਆ ਹੈ। ਸਾਰਿਆਂ ਨੇ ਬਿਨਾ ਕਿਸੇ ਅਪਵਾਦ ਦੇ ਮਨੁੱਖਤਾ ਵਿਰੁੱਧ ਜੁਰਮ ਕੀਤੇ ਹਨ। ਸਾਰਿਆਂ ਨੇ ਅਲ-ਕਾਇਦਾ, ਆਈ.ਐਸ.ਆਈ.ਐਸ. ਅਤੇ ਉਨ੍ਹਾਂ ਦੇ ਸਹਿਯੋਗੀਆਂ ਵਰਗੇ ਦਹਿਸ਼ਤਵਾਦੀ ਗਰੁੱਪਾਂ ਦੇ ਕੰਮ ਕਰਨ ਲਈ ਮਿੱਟੀ ਅਤੇ ਪੌਣਪਾਣੀ ਮੁਹੱਈਆ ਕਰਨ `ਚ ਯੋਗਦਾਨ ਪਾਇਆ ਹੈ।
ਜੇ ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣਾ ਅਤੇ ਉਨ੍ਹਾਂ ਉਨ੍ਹਾਂ ਦੇ ਪਰਿਵਾਰਾਂ ਅਤੇ ਸਮਾਜਾਂ ਤੋਂ ਉਨ੍ਹਾਂ ਤੋਂ ਰੱਖਿਆ ਕਰਨਾ ਵਰਗੇ ਸਨਮਾਨਜਨਕ ‘ਇਰਾਦੇ` ਫੌਜੀ ਹਮਲਿਆਂ ਨੂੰ ਘਟਾਉਣ ਵਾਲੇ ਕਾਰਕ ਹਨ ਤਾਂ ਨਿਸ਼ਚਿਤ ਰੂਪ `ਚ ਸੋਵੀਅਤ ਅਤੇ ਅਮਰੀਕੀ ਦੋਨੋਂ ਹੀ ਸ਼ਹਿਰੀ ਅਫਗਾਨ ਔਰਤਾਂ ਦੇ ਨਿੱਕੇ ਜਿਹੇ ਹਿੱਸੇ ਨੂੰ ਔਰਤ ਵਿਰੋਧੀ ਮੱਧਯੁਗ ਨਫਰਤ ਦੇ ਉਬਲਦੇ ਦੇਗਚੇ `ਚ ਸੁੱਟਣ ਤੋਂ ਪਹਿਲਾਂ ਉਨ੍ਹਾਂ ਦੀ ਪਰਵਰਿਸ਼ ਕਰਨ, ਉਨ੍ਹਾਂ ਨੂੰ ਪੜ੍ਹਾਉਣ-ਲਿਖਾਉਣ ਅਤੇ ਸ਼ਕਤੀਸ਼ਾਲੀ ਬਣਾਉਣ ਦਾ ਹੱਕੀ ਦਾਅਵਾ ਕਰ ਸਕਦੇ ਹਨ। ਲੇਕਿਨ ਨਾ ਤਾਂ ਮੁਲਕਾਂ `ਚ ਲੋਕਤੰਤਰ ਨੂੰ ਅਤੇ ਨਾ ਹੀ ਨਾਰੀਵਾਦ ਨੂੰ ਬੰਬਾਂ ਰਾਹੀਂ ਸੁੱਟਿਆ ਜਾ ਸਕਦਾ ਹੈ। ਅਫਗਾਨ ਔਰਤਾਂ ਨੇ ਆਪਣੀ ਆਜ਼ਾਦੀ ਅਤੇ ਆਪਣੇ ਮਾਣ-ਸਨਮਾਨ ਲਈ ਆਪਣੇ ਤਰੀਕੇ ਨਾਲ, ਆਪਣੇ ਸਮੇਂ `ਚ ਲੜਾਈ ਲੜੀ ਹੈ ਅਤੇ ਅਗਾਂਹ ਵੀ ਲੜਦੀਆਂ ਰਹਿਣਗੀਆਂ।
ਕੀ ਅਮਰੀਕਾ ਦੀ ਵਾਪਸੀ ਉਸ ਦੇ ਗਲਬੇ ਦੇ ਅੰਤ ਦੀ ਸ਼ੁਰੂਆਤ ਹੈ? ਕੀ ਅਫਗਾਨਿਸਤਾਨ ਆਪਣੀ ਉਸੇ ਪੁਰਾਣੀ ਸੋਚ- ਸਾਮਰਾਜਾਂ ਦਾ ਕਬਰਸਤਾਨ – ਦੇ ਅਨੁਸਾਰ ਆਚਰਨ ਕਰਨ ਜਾ ਰਿਹਾ ਹੈ? ਸ਼ਾਇਦ ਨਹੀਂ। ਕਾਬੁਲ ਹਵਾਈ ਅੱਡੇ ਉਪਰ ਭਿਆਨਕ ਸ਼ੋਅ ਦੇ ਬਾਵਜੂਦ, ਵਾਪਸੀ ਦੀ ਹਾਰ ਅਮਰੀਕਾ ਲਈ ਉਨਾ ਬੜਾ ਝਟਕਾ ਨਹੀਂ ਹੋ ਸਕਦਾ, ਜਿੰਨਾ ਦੱਸਿਆ ਜਾ ਰਿਹਾ ਹੈ।
ਅਫਗਾਨਿਸਤਾਨ ਵਿਚ ਖਰਚੇ ਗਏ ਉਨ੍ਹਾਂ ਖਰਬਾਂ ਡਾਲਰਾਂ ਵਿਚੋਂ ਜ਼ਿਆਦਾਤਰ ਅਮਰੀਕੀ ਯੁੱਧ ਸਨਅਤ ਵਿਚ ਵਾਪਸ ਚਲੇ ਗਏ ਜਿਸ ਵਿਚ ਹਥਿਆਰ ਨਿਰਮਾਤਾ, ਨਿੱਜੀ ਭਾੜੇ ਦੇ ਫੌਜੀ, ਰਸਦ ਅਤੇ ਬੁਨਿਆਦੀ-ਢਾਂਚਾ ਕੰਪਨੀਆਂ ਅਤੇ ਗੈਰ-ਲਾਭਕਾਰੀ ਸੰਸਥਾਵਾਂ ਸ਼ਾਮਿਲ ਹਨ। ਅਫਗਾਨਿਸਤਾਨ ਉਪਰ ਅਮਰੀਕੀ ਹਮਲੇ ਅਤੇ ਕਬਜ਼ੇ `ਚ (ਬਰਾਊਨ ਯੂਨੀਵਰਸਿਟੀ ਦੇ ਖੋਜਕਾਰਾਂ ਵੱਲੋਂ ਲੱਗਭੱਗ ਇਕ ਲੱਖ ਸੱਤਰ ਹਜ਼ਾਰ ਲੋਕਾਂ ਦਾ ਅੰਦਾਜ਼ਾ ਲਗਾਇਆ ਗਿਆ ਹੈ) ਜਾਨ ਗਵਾਉਣ ਵਾਲੇ ਜ਼ਿਆਦਾਤਰ ਲੋਕ ਅਫਗਾਨਾਂ `ਚੋਂ ਸਨ, ਜਿਨ੍ਹਾਂ ਦੀ ਹਮਲਾਵਰਾਂ ਦੀ ਨਜ਼ਰ `ਚ ਸਪਸ਼ਟ ਰੂਪ `ਚ ਬਹੁਤ ਘੱਟ ਗਿਣਤੀ ਕੀਤੀ ਜਾਂਦੀ ਹੈ। ਮਗਰਮੱਛ ਦੇ ਹੰਝੂਆਂ ਨੂੰ ਛੱਡ ਦੇਈਏ ਤਾਂ ਮਾਰੇ ਗਏ 2400 ਅਮਰੀਕੀ ਫੌਜੀ ਵੀ ਕਿਸੇ ਗਿਣਤੀ `ਚ ਨਹੀਂ ਆਉਂਦੇ।
ਮੁੜ ਉਭਰਨ ਵਾਲੇ ਤਾਲਿਬਾਨ ਨੇ ਅਮਰੀਕਾ ਨੂੰ ਅਪਮਾਨਿਤ ਤਾਂ ਕੀਤਾ ਹੈ। ਸੱਤਾ ਦੇ ਸ਼ਾਂਤੀਪੂਰਨ ਤਬਾਦਲੇ ਲਈ 2020 `ਚ ਦੋਨਾਂ ਧਿਰਾਂ ਵੱਲੋਂ ਦਸਤਖਤ ਕੀਤਾ ਦੋਹਾ ਸਮਝੌਤਾ ਇਸ ਦਾ ਸਬੂਤ ਹੈ ਲੇਕਿਨ ਇਹ ਵਾਪਸੀ ਅਮਰੀਕੀ ਸਰਕਾਰ ਵੱਲੋਂ ਇਕ ਸਖਤ ਗਿਣਤੀ-ਮਿਣਤੀ ਨੂੰ ਵੀ ਦਰਸਾ ਸਕਦੀ ਹੈ ਕਿ ਤੇਜ਼ੀ ਨਾਲ ਬਦਲਦੀ ਦੁਨੀਆ `ਚ ਧਨ ਅਤੇ ਫੌਜੀ ਤਾਕਤ ਨੂੰ ਬਿਹਤਰ ਤਰੀਕੇ ਨਾਲ ਕਿਵੇਂ ਲਗਾਇਆ ਜਾਵੇ। ਲੌਕਡਾਊਨ ਅਤੇ ਕਰੋਨਾਵਾਇਰਸ ਨਾਲ ਤਬਾਹ ਹੋਏ ਅਰਥਚਾਰਿਆਂ ਨਾਲ, ਜਦੋਂ ਤਕਨਾਲੋਜੀ ਦੇ ਰੂਪ `ਚ ਬਿੱਗ ਡੇਟਾ ਅਤੇ ਮਸਨੂਈ ਬੌਧਿਕਤਾ ਇਕ ਨਵੀਂ ਤਰ੍ਹਾਂ ਦੇ ਯੁੱਧ ਲਈ ਜਗ੍ਹਾ ਬਣਾ ਰਹੇ ਹਨ, ਉਦੋਂ ਖੇਤਰ ਉਪਰ ਕਬਜ਼ਾ ਰੱਖਣਾ ਪਹਿਲਾਂ ਨਾਲੋਂ ਘੱਟ ਜ਼ਰੂਰੀ ਹੋ ਸਕਦਾ ਹੈ। ਕਿਉਂ ਨਾ ਰੂਸ, ਚੀਨ, ਪਾਕਿਸਤਾਨ ਅਤੇ ਇਰਾਨ ਨੂੰ ਅਫਗਾਨਿਸਤਾਨ ਦੀ ਦਲਦਲੀ ਰੇਤ `ਚ ਫਸਣ ਲਈ ਛੱਡ ਦਿੱਤਾ ਜਾਵੇ – ਜੋ ਛੇਤੀ ਹੀ ਕਾਲ, ਆਰਥਕ ਤਬਾਹੀ ਅਤੇ ਕੁਲ ਸੰਭਾਵਨਾਵਾਂ ਤਹਿਤ ਇਕ ਹੋਰ ਖਾਨਾਜੰਗੀ ਦਾ ਸਾਹਮਣਾ ਕਰਨ ਜਾ ਰਿਹਾ ਹੈ – ਅਤੇ ਅਮਰੀਕੀ ਫੌਜਾਂ ਨੂੰ ਦਮ ਦਿਵਾਇਆ ਜਾਵੇ, ਅਤੇ ਚੀਨ ਨਾਲ ਤਾਇਵਾਨ ਉਪਰ ਸੰਭਾਵਿਤ ਫੌਜੀ ਟੱਕਰ ਲਈ ਹਰਕਤ `ਚ ਅਤੇ ਤਿਆਰ-ਬਰ-ਤਿਆਰ ਰੱਖਿਆ ਜਾਵੇ?
ਅਮਰੀਕਾ ਲਈ ਅਸਲ ਤ੍ਰਾਸਦੀ ਅਫਗਾਨਿਸਤਾਨ ਵਿਚ ਹਾਰ ਨਹੀਂ ਹੈ ਸਗੋਂ ਇਹ ਹੈ ਕਿ ਇਸ ਨੂੰ ਲਾਈਵ ਟੈਲੀਵਿਜ਼ਨ ਉਪਰ ਦਿਖਾਇਆ ਜਾਣਾ ਹੈ। ਜਦੋਂ ਇਸ ਨੇ ਯੁੱਧ ਤੋਂ ਪੈਰ ਖਿੱਚ ਲਏ ਤਾਂ ਇਹ ਵੀਅਤਨਾਮ ਵਿਚ ਜਿੱਤ ਨਹੀਂ ਸਕਿਆ, ਘਰੇਲੂ ਮੁਹਾਜ਼ ਯੁੱਧ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਨਾਲ ਟੁੱਟ ਭੱਜ ਰਿਹਾ ਸੀ, ਜੋ ਹਥਿਆਰਬੰਦ ਲਸ਼ਕਰਾਂ `ਚ ਧੱਕੇ ਨਾਲ ਭਰਤੀ ਕੀਤੇ ਜਾਣ ਨਾਲ ਭੜਕ ਉਠੇ ਸਨ। ਜਦੋਂ ਮਾਰਟਿਨ ਲੂਥਰ ਕਿੰਗ ਨੇ ਪੂੰਜੀਵਾਦ, ਨਸਲਵਾਦ ਅਤੇ ਸਾਮਰਾਜਵਾਦ ਦਰਮਿਆਨ ਸਬੰਧ ਜੋੜ ਦੇ ਦਿਖਾਏ ਅਤੇ ਉਹ ਵੀਅਤਨਾਮ ਯੁੱਧ ਵਿਰੁੱਧ ਬੋਲਿਆ ਤਾਂ ਉਸ ਨੂੰ ਬਦਨਾਮ ਕੀਤਾ ਗਿਆ। ਮੁਹੰਮਦ ਅਲੀ, ਜਿਸ ਨੇ ਭਰਤੀ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਖੁਦ ਨੂੰ ਇਕ ਜਾਗਦੀ ਜ਼ਮੀਰ ਵਾਲਾ ਵਿਰੋਧੀ ਐਲਾਨ ਕਰ ਦਿੱਤਾ ਸੀ, ਉਸ ਦੇ ਮੁੱਕੇਬਾਜ਼ੀ ਦੇ ਖਿਤਾਬ ਖੋਹ ਲਏ ਗਏ ਅਤੇ ਉਸ ਨੂੰ ਜਲਾਵਤਨ ਕਰਨ ਦੀ ਧਮਕੀ ਦਿੱਤੀ ਗਈ। ਹਾਲਾਂਕਿ ਅਫਗਾਨਿਸਤਾਨ ਵਿਚ ਯੁੱਧ ਨੇ ਉਸ ਪੱਧਰ ਦਾ ਜਨੂੰਨ ਨਹੀਂ ਜਗਾਇਆ, ਲੇਕਿਨ ਬਲੈਕ ਲਾਈਵਜ਼ ਮੈਟਰ ਅੰਦੋਲਨ `ਚ ਕਈ ਲੋਕਾਂ ਨੇ ਉਹ ਸੰਬੰਧ ਵੀ ਦਿਖਾਏ ਹਨ।
ਕੁਝ ਦਹਾਕਿਆਂ `ਚ ਅਮਰੀਕਾ ਗੋਰੇ ਬਹੁਮਤ ਵਾਲਾ ਮੁਲਕ ਨਹੀਂ ਰਹੇਗਾ। ਗੈਰ-ਗੋਰੇ ਅਫਰੀਕੀਆਂ ਦੀ ਦਾਸਤਾ ਅਤੇ ਮੂਲ ਅਮਰੀਕੀਆਂ ਦੀ ਨਸਲਕੁਸ਼ੀ ਤੇ ਉਜਾੜਾ ਅੱਜ ਲੱਗਭੱਗ ਹਰ ਗੱਲਬਾਤ ਨੂੰ ਪ੍ਰੇਸ਼ਾਨ ਕਰਦਾ ਹੈ। ਗੱਲ ਸੰਭਾਵਨਾ ਤੋਂ ਕਿਤੇ ਜ਼ਿਆਦਾ ਹੈ ਕਿ ਇਹ ਕਹਾਣੀਆਂ ਅਮਰੀਕੀ ਯੁੱਧਾਂ ਜਾਂ ਅਮਰੀਕੀ ਸੰਗੀਆਂ ਵੱਲੋਂ ਦਿੱਤੇ ਦੁੱਖਾਂ-ਕਸ਼ਟਾਂ ਅਤੇ ਤਬਾਹੀ ਦੀਆਂ ਹੋਰ ਕਹਾਣੀਆਂ ਨਾਲ ਜੁੜ ਜਾਣਗੀਆਂ। ਰਾਸ਼ਟਰਵਾਦ ਅਤੇ ਵਿਸ਼ੇਸ਼ਵਾਦ ਦੇ ਐਸਾ ਹੋਣ ਤੋਂ ਰੋਕਣ `ਚ ਸਮਰੱਥ ਹੋਣ ਦੀ ਸੰਭਾਵਨਾ ਨਹੀਂ ਹੈ। ਅਮਰੀਕਾ ਅੰਦਰਲੀ ਪਾਲਾਬੰਦੀ ਅਤੇ ਵਿਵਾਦ ਸਮੇਂ ਨਾਲ ਜਨਤਕ ਵਿਵਸਥਾ ਦੇ ਗੰਭੀਰ ਰੂਪ `ਚ ਵਿਗੜ ਜਾਣ ਦਾ ਕਾਰਨ ਬਣ ਸਕਦੇ ਹਨ। ਸ਼ੁਰੂਆਤੀ ਸੰਕੇਤ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ। ਇਕ ਬਹੁਤ ਹੀ ਵੱਖਰੀ ਤਰ੍ਹਾਂ ਦੀ ਪ੍ਰੇਸ਼ਾਨੀ ਦੂਜੇ ਮੁਹਾਜ਼ ਉਪਰ ਵੀ ਹੈ। ਸਦੀਆਂ ਤੋਂ ਅਮਰੀਕਾ ਕੋਲ ਆਪਣੇ ਸਵੈ ਦੇ ਭੂਗੋਲ ਦੇ ਸੁੱਖ-ਆਰਾਮ `ਚ ਪਿੱਛੇ ਹਟਣ ਦਾ ਬਦਲ ਸੀ। ਇਸ ਕੋਲ ਭਰਪੂਰ ਧਰਤੀ ਅਤੇ ਤਾਜ਼ਾ ਪਾਣੀ ਸੀ, ਕੋਈ ਦੁਸ਼ਮਣ ਗੁਆਂਢੀ ਨਹੀਂ ਸੀ, ਦੋਨੋਂ ਪਾਸੇ ਮਹਾਸਾਗਰ ਹੈ। ਅਤੇ ਹੁਣ ਫਰੈਕਿੰਗ ਵਿਧੀ ਨਾਲ ਬਹੁਤ ਸਾਰਾ ਤੇਲ ਕੱਢਿਆ ਗਿਆ ਹੈ। ਲੇਕਿਨ ਅਮਰੀਕੀ ਭੂਗੋਲ ਹੁਣ ਚੇਤਾਵਨੀ ਦੀ ਹਾਲਤ `ਚ ਹੈ। ਇਸ ਦਾ ਕੁਦਰਤੀ ਲਾਭ ਹੁਣ ‘ਅਮਰੀਕੀ ਤਰਜ਼ੇ-ਜ਼ਿੰਦਗੀ` ਜਾਂ ਯੁੱਧ ਨੂੰ ਬਰਕਰਾਰ ਨਹੀਂ ਰੱਖ ਸਕਦਾ (ਨਾ ਹੀ ਇਸ ਪੱਖੋਂ ਚੀਨ ਦਾ ਭੂਗੋਲ ‘ਚੀਨੀ ਤਰਜ਼ੇ-ਜ਼ਿੰਦਗੀ` ਨੂੰ ਬਰਕਰਾਰ ਰੱਖ ਸਕਦਾ ਹੈ)।
ਸਾਗਰਾਂ ਦੇ ਪਾਣੀ ਦਾ ਪੱਧਰ ਉਚਾ ਉਠ ਰਿਹਾ ਹੈ, ਸਮੁੰਦਰੀ ਕੰਢੇ ਅਤੇ ਸਮੁੰਦਰੀ ਕੰਢਿਆਂ `ਤੇ ਵਸੇ ਸ਼ਹਿਰ ਅਸੁਰੱਖਿਅਤ ਹਨ, ਜੰਗਲ ਸੜ ਰਹੇ ਹਨ, ਵਸੀ ਹੋਈ ਸਭਿਅਤਾ ਦੇ ਕਿਨਾਰਿਆਂ ਨੂੰ ਇਸ ਅੱਗ ਦੀਆਂ ਲਪਟਾਂ ਆਪਣੀ ਲਪੇਟ `ਚ ਲੈ ਰਹੀਆਂ ਹਨ, ਇਹ ਪੂਰੇ ਸ਼ਹਿਰਾਂ ਨੂੰ ਭਸਮ ਕਰਨ ਦੀ ਹੱਦ ਤੱਕ ਫੈਲ ਰਹੀਆਂ ਹਨ। ਨਦੀਆਂ ਸੁੱਕ ਰਹੀਆਂ ਹਨ। ਹਰੀਆਂ-ਭਰੀਆਂ ਘਾਟੀਆਂ ਉਪਰ ਸੋਕੇ ਦਾ ਖਤਰਾ ਮੰਡਲਾ ਰਿਹਾ ਹੈ। ਝੱਖੜ ਅਤੇ ਹੜ੍ਹ ਸ਼ਹਿਰਾਂ `ਚ ਤਬਾਹੀ ਮਚਾ ਰਹੇ ਹਨ। ਜਿਉਂ-ਜਿਉਂ ਧਰਤੀ ਹੇਠਲਾ ਪਾਣੀ ਖਤਮ ਹੁੰਦਾ ਜਾਂਦਾ ਹੈ, ਕੈਲੀਫੋਰਨੀਆ ਦੀ ਹਾਲਤ ਵਿਗੜਦੀ ਜਾ ਰਹੀ ਹੈ। ਕੋਲੋਰਾਡੋ ਨਦੀ ਉਪਰਲੇ ਮਸ਼ਹੂਰ ਹੂਵਰ ਡੈਮ ਦਾ ਜਲ-ਭੰਡਾਰ, ਜੋ ਚਾਰ ਕਰੋੜ ਲੋਕਾਂ ਨੂੰ ਤਾਜ਼ਾ ਪਾਣੀ ਸਪਲਾਈ ਕਰਦਾ ਹੈ, ਖਤਰਨਾਕ ਦਰ ਨਾਲ ਸੁੱਕ ਰਿਹਾ ਹੈ।
ਜੇ ਸਾਮਰਾਜਾਂ ਅਤੇ ਉਨ੍ਹਾਂ ਦੀਆਂ ਚੌਕੀਆਂ ਨੂੰ ਆਪਣਾ ਗਲਬਾ ਬਣਾਈ ਰੱਖਣ ਲਈ ਧਰਤੀ ਦੀ ਧਾੜਵੀ ਲੁੱਟਮਾਰ ਕਰਨ ਦੀ ਜ਼ਰੂਰਤ ਹੈ, ਤਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਲੁੱਟ ਦਾ ਸੰਚਾਲਨ ਅਮਰੀਕੀ, ਯੂਰਪੀ, ਚੀਨੀ ਜਾਂ ਭਾਰਤੀ ਕਿਹੜੀ ਪੂੰਜੀ ਕਰਦੀ ਹੈ। ਇਹ ਹਕੀਕਤ `ਚ ਉਹ ਗੱਲਬਾਤ ਨਹੀਂ ਹੈ ਜੋ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਅਸੀਂ ਗੱਲਬਾਤ ਕਰਨ `ਚ ਮਸਰੂਫ ਹੁੰਦੇ ਹਾਂ, ਤਾਂ ਧਰਤੀ ਖਤਮ ਹੋਣ `ਚ ਮਸਰੂਫ ਹੁੰਦੀ ਹੈ।