ਕਰਨਲ ਬਲਬੀਰ ਸਿੰਘ ਦੀ ਸਵੈਜੀਵਨੀ

ਪ੍ਰਿੰ. ਸਰਵਣ ਸਿੰਘ
ਕਰਨਲ ਬਲਬੀਰ ਸਿੰਘ ਨੂੰ ਗੋਡੇ ਦੀ ਸੱਟ ਲੈ ਬੈਠੀ, ਨਹੀਂ ਤਾਂ ਉਹ ਘੱਟੋ-ਘੱਟ ਤਿੰਨ ਓਲੰਪਿਕਸ ਖੇਡਦਾ। ਉਹ ਹਾਕੀ ਦਾ ਓਲੰਪਿਕ ਖਿਡਾਰੀ, ਭਾਰਤੀ ਹਾਕੀ ਟੀਮਾਂ ਦਾ ਕੋਚ, ਮੈਨੇਜਰ ਤੇ ਚੋਣਕਾਰ ਰਿਹਾ। ਉਸ ਨੂੰ ਅਰਜਨਾ ਅਵਾਰਡ, ਵਸਿ਼ਸ਼ਠ ਸੇਵਾ ਮੈਡਲ ਤੇ ਕਈ ਹੋਰ ਮਾਣ-ਸਨਮਾਨ ਮਿਲੇ। ਉਹ ਖੇਡ ਲੇਖਕ ਵੀ ਬਣਿਆ। ਉਸ ਨੇ ਆਪਣੀ ਸਵੈ-ਜੀਵਨੀ ‘ਸੰਸਾਰਪੁਰ ਤੋਂ ਲੰਡਨ’ ਲਿਖੀ, ਜਿਸ ਦਾ ਅੰਗਰੇਜ਼ੀ ਵਿਚ ਨਾਂ ‘ਦਿ ਕਰਨਲ `ਜ਼ ਡੈਡਲੀ ਸਕੂਪ’ ਹੈ। ਇਹ ਕੌਫੀ ਟੇਬਲ ਬੁੱਕ ਹੈ, ਜਿਸ ਵਿਚ ਯਾਦਗਾਰੀ ਤਸਵੀਰਾਂ ਹਨ। ਬਲਬੀਰ ਸਿੰਘ ਦਾ ਪਿੰਡ ਸੰਸਾਰਪੁਰ ਹਾਕੀ ਦਾ ਘਰ ਕਿਹਾ ਜਾਂਦੈ, ਜਿਸ ਦੇ 14 ਹਾਕੀ ਖਿਡਾਰੀ ਓਲੰਪਿਕ ਖੇਡਾਂ ਵਿਚ ਭਾਗ ਲੈ ਚੁਕੇ ਹਨ। ਇਕੋ ਪਿੰਡ ਦੇ ਚੌਦਾਂ ਓਲੰਪੀਅਨ ਸੰਸਾਰਪੁਰ ਦਾ ਨਿਵੇਕਲਾ ਸੰਸਾਰ ਰਿਕਾਰਡ ਹੈ!

ਉਨ੍ਹਾਂ ਚੌਦਾਂ ਓਲੰਪੀਅਨਾਂ ਦੇ ਨਾਂ ਹਨ: ਗੁਰਮੀਤ ਸਿੰਘ ਕੁਲਾਰ, ਊਧਮ ਸਿੰਘ ਕੁਲਾਰ, ਗੁਰਦੇਵ ਸਿੰਘ ਕੁਲਾਰ, ਹਰਦੇਵ ਸਿੰਘ ਕੁਲਾਰ, ਦਰਸ਼ਨ ਸਿੰਘ ਕੁਲਾਰ, ਬਲਬੀਰ ਸਿੰਘ ਕੁਲਾਰ, ਜਗਜੀਤ ਸਿੰਘ ਕੁਲਾਰ, ਬਲਬੀਰ ਸਿੰਘ ਕੁਲਾਰ ਦੂਜਾ, ਤਰਸੇਮ ਸਿੰਘ ਕੁਲਾਰ, ਅਜੀਤਪਾਲ ਸਿੰਘ ਕੁਲਾਰ, ਜਗਜੀਤ ਸਿੰਘ ਕੁਲਾਰ ਦੂਜਾ, ਹਰਵਿੰਦਰ ਸਿੰਘ ਕੁਲਾਰ, ਬਿੰਦੀ ਸਿੰਘ ਕੁਲਾਰ ਤੇ ਕੀਨੀਆ ਦੀ ਓਲੰਪਿਕ ਟੀਮ ਦਾ ਮੈਨੇਜਰ ਹਰਦਿਆਲ ਸਿੰਘ ਕੁਲਾਰ। ਸਾਰੇ ਦੇ ਸਾਰੇ ਕੁਲਾਰ! ਬਹੁਤਿਆਂ ਦੇ ਘਰ ਇਕੋ ਬੀਹੀ ‘ਚ ਸਨ। ਇਨ੍ਹਾਂ ਓਲੰਪੀਅਨਾਂ ਵਿਚੋਂ ਕਈਆਂ ਨੇ ਇਕ ਵਾਰ, ਕਈਆਂ ਨੇ ਦੋ ਵਾਰ, ਅਜੀਤਪਾਲ ਸਿੰਘ ਨੇ ਤਿੰਨ ਵਾਰ ਤੇ ਊਧਮ ਸਿੰਘ ਨੇ ਚਾਰ ਵਾਰ 1952, 56, 60, 64 ਦੀਆਂ ਓਲੰਪਿਕ ਖੇਡਾਂ ਵਿਚ ਭਾਗ ਲਿਆ। ਉਨ੍ਹਾਂ ‘ਚੋਂ ਊਧਮ ਸਿੰਘ ਨੇ ਇਕ ਚਾਂਦੀ ਤੇ ਤਿੰਨ ਸੋਨੇ ਦੇ ਤਗਮੇ ਜਿੱਤੇ। ਪੰਜਵੀਂ ਓਲੰਪਿਕ ਉਹ ਜ਼ਖਮੀ ਹੋਣ ਕਾਰਨ ਨਹੀਂ ਖੇਡ ਸਕਿਆ। ਖੇਡਦਾ ਤਾਂ ਸੰਭਵ ਸੀ ਪੰਜਵਾਂ ਓਲੰਪਿਕ ਤਗਮਾ ਵੀ ਜਿੱਤ ਜਾਂਦਾ!
ਇਸ ਲੇਖ ਵਿਚ ਬਲਬੀਰ ਸਿੰਘ ਦੇ ਨਾਂ ਅੱਗੇ ਕਰਨਲ ਇਸ ਲਈ ਲਾਉਣਾ ਪਿਐ, ਕਿਉਂਕਿ ਕਈ ਬਲਬੀਰ ਭਾਰਤੀ ਹਾਕੀ ਟੀਮਾਂ ਵਿਚ ਖੇਡਦੇ ਰਹੇ ਹਨ। ਵੱਖਰੀ ਪਛਾਣ ਲਈ ਉਨ੍ਹਾਂ ਦੇ ਨਾਂ ਬਲਬੀਰ ਸਿੰਘ ਸੀਨੀਅਰ, ਬਲਬੀਰ ਸਿੰਘ ਜੂਨੀਅਰ, ਬਲਬੀਰ ਸਿੰਘ ਪੁਲਿਸ, ਬਲਬੀਰ ਸਿੰਘ ਰੇਲਵੇ, ਬਲਬੀਰ ਸਿੰਘ ਫੌਜ ਤੇ ਬਲਬੀਰ ਸਿੰਘ ਰੰਧਾਵਾ ਲਿਖੇ ਜਾਂਦੇ ਹਨ। ਬਲਬੀਰ ਪੁਲਿਸ, ਬਲਬੀਰ ਰੇਲਵੇ ਤੇ ਬਲਬੀਰ ਫੌਜ ਤਾਂ ਭਾਰਤ ਦੀ ਇਕੋ ਟੀਮ ਵਿਚ ਇਕੋ ਸਮੇਂ ਖੇਡਦੇ ਰਹੇ। ਪ੍ਰਸਿੱਧ ਕੁਮੈਂਟੇਟਰ ਜਸਦੇਵ ਸਿੰਘ ਨੂੰ ਮੈਚਾਂ ਦੀ ਕੁਮੈਂਟਰੀ ਕਰਦਿਆਂ ਅਕਸਰ ਕਹਿਣਾ ਪੈਂਦਾ, “ਬਲਬੀਰ ਫੌਜ ਨੇ ਬਾਲ ਬਲਬੀਰ ਰੇਲਵੇ ਨੂੰ ਦਿੱਤੀ, ਬਲਬੀਰ ਰੇਲਵੇ ਨੇ ਬਾਲ ਬਲਬੀਰ ਪੁਲਿਸ ਵੱਲ ਵਧਾਈ, ਬਲਬੀਰ ਪੁਲਿਸ ਨੇ ਬਾਲ ਮੁੜ ਬਲਬੀਰ ਰੇਲਵੇ ਵੱਲ ਸਰਕਾਈ ਜਿਸ ਨੇ ਗੋਲ ਕਰ ਦਿੱਤਾ!”
1966 ਵਿਚ ਬੈਂਕਾਕ ਦੀਆਂ ਏਸਿ਼ਆਈ ਖੇਡਾਂ ਦੇ ਫਾਈਨਲ ਮੈਚ ਸਮੇਂ ਹੋਇਆ ਵੀ ਇੰਜ ਹੀ ਸੀ। ਭਾਰਤੀ ਹਾਕੀ ਟੀਮ ਲਈ ਏਸਿ਼ਆਈ ਖੇਡਾਂ ਦਾ ਪਹਿਲਾ ਗੋਲਡ ਮੈਡਲ ਜਿੱਤਣ ਵਾਲਾ ਮੈਚ ਮੁੱਕਣ ਹੀ ਵਾਲਾ ਸੀ। ਭਾਰਤ ਓਲੰਪਿਕ ਚੈਂਪੀਅਨ ਹੋਣ ਦੇ ਬਾਵਜੂਦ ਉਦੋਂ ਤਕ ਏਸ਼ੀਆ ਚੈਂਪੀਅਨ ਨਹੀਂ ਸੀ ਬਣ ਸਕਿਆ। ਗੋਲ ਦੀ ਮੂਵ ਬਣਾਉਂਦਿਆਂ ਹਾਫ ਬੈਕ ਬਲਬੀਰ ਫੌਜ ਨੇ ਪਾਸ ਰਾਈਟ ਆਊਟ ਬਲਬੀਰ ਰੇਲਵੇ ਨੂੰ ਦਿੱਤਾ, ਬਲਬੀਰ ਰੇਲਵੇ ਨੇ ਰਾਈਟ ਇਨ ਬਲਬੀਰ ਪੁਲਿਸ ਨੂੰ ਤੇ ਬਲਬੀਰ ਪੁਲਿਸ ਨੇ ਗੋਲ ਕਰਨ ਲਈ ਫਿਰ ਬਲਬੀਰ ਰੇਲਵੇ ਨੂੰ ਦੇ ਦਿੱਤਾ, ਜਿਸ ਨੇ ਬਾਲ ਗੋਲ ਲਾਈਨ ਲੰਘਾ ਦਿੱਤੀ। ਇੰਜ ਉਹ ਤਿੰਨਾਂ ਬਲਬੀਰਾਂ ਦਾ ਸਾਂਝਾ ਗੋਲ ਸੀ, ਜੋ ਬਲਬੀਰ ਰੇਲਵੇ ਦਾ ਗਿਣਿਆ ਗਿਆ।
ਅਸਲ ਵਿਚ ਕਿਸੇ ਵੀ ਟੀਮ ਖੇਡ ਦਾ ਗੋਲ ਕਿਸੇ ‘ਕੱਲੇ ਖਿਡਾਰੀ ਦਾ ਨਹੀਂ ਹੁੰਦਾ, ਸਗੋਂ ਸਾਰੀ ਟੀਮ ਦਾ ਸਾਂਝਾ ਹੁੰਦੈ। ਵਧੇਰੇ ਗੋਲ ਆਮ ਤੌਰ ‘ਤੇ ਸੈਂਟਰ ਫਾਰਵਰਡ ਤੇ ਪੈਨਲਟੀ ਕਾਰਨਰ ਲਾਉਣ ਵਾਲੇ ਫੁੱਲ ਬੈਕ ਖਿਡਾਰੀ ਹੀ ਕਰਦੇ ਹਨ, ਪਰ ਗੋਲ ਕਰਨ ਵਿਚ ਸਹਿਯੋਗ ਸਾਰੀ ਟੀਮ ਦਾ ਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਨਾਮਾਜ਼ਾਦੀ ਆਖਰੀ ਮੌਕੇ ਬਾਲ ਗੋਲ ਲਾਈਨ ਲੰਘਾਉਣ ਵਾਲੇ ਖਿਡਾਰੀ ਦੀ ਹੋ ਜਾਂਦੀ ਹੈ। ਸੈਂਟਰ ਫਾਰਵਰਡ ਧਿਆਨ ਚੰਦ ਤੇ ਬਲਬੀਰ ਸਿੰਘ ਸੀਨੀਅਰ ਅਤੇ ਪੈਨਲਟੀ ਕਾਰਨਰ ਲਾਉਣ ਵਾਲੇ ਪ੍ਰਿਥੀਪਾਲ ਸਿੰਘ ਤੇ ਸੁਰਜੀਤ ਸਿੰਘ ਇਸੇ ਕਾਰਨ ਹੋਰਨਾਂ ਖਿਡਾਰੀਆਂ ਤੋਂ ਵੱਧ ਮਸ਼ਹੂਰ ਹੋਏ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਵੱਲੋਂ ਤਦੇ ਬਲਬੀਰ ਸਿੰਘ ਸੀਨੀਅਰ ਨੂੰ 2012 ਤਕ ਹੋਈਆਂ ਓਲੰਪਿਕ ਖੇਡਾਂ ਦਾ ਅੱਵਲ ਨੰਬਰ ਹਾਕੀ ਖਿਡਾਰੀ ਮੰਨ ਕੇ ‘ਆਈਕੌਨਿਕ ਓਲੰਪੀਅਨ’ ਐਲਾਨਿਆ ਗਿਆ। ਇਹੀ ਗੱਲ ਕਬੱਡੀ ਦੀ ਖੇਡ ਵਿਚ ਰੇਡਰ ਦੀ ਹੁੰਦੀ ਹੈ, ਕਿਉਂਕਿ ਵਧੇਰੇ ਅੰਕ ਰੇਡਰ ਨੇ ਹੀ ਲੈਣੇ ਹੁੰਦੇ ਹਨ। ਹਾਕੀ ਤੇ ਫੁੱਟਬਾਲ ਦੇ ਗੋਲਚੀ ਇਸੇ ਕਰਕੇ ਗੁੰਮਨਾਮੀ ‘ਚ ਗੁਆਚ ਜਾਂਦੇ ਹਨ।
ਕਰਨਲ ਬਲਬੀਰ ਸਿੰਘ ਦਾ ਜਨਮ 5 ਅਪਰੈਲ 1945 ਨੂੰ ਪਿੰਡ ਸੰਸਾਰਪੁਰ ਜਿਲਾ ਜਲੰਧਰ ਵਿਚ ਸੂਬੇਦਾਰ ਗੱਜਣ ਸਿੰਘ ਕੁਲਾਰ ਦੇ ਘਰ ਮਾਤਾ ਦਰਬਾਰ ਕੌਰ ਦੀ ਕੁੱਖੋਂ ਹੋਇਆ ਸੀ। ਉਹ ਦੋ ਭੈਣਾਂ ਤੇ ਤਿੰਨ ਭਰਾਵਾਂ ਵਿਚ ਵਿਚਕਾਰਲਾ ਭਾਈ ਹੈ। ਵੱਡੀ ਭੈਣ ਮਨਦੀਸ਼ ਕੌਰ ਬੈਂਸ ਸਾਬਕਾ ਪ੍ਰਿੰਸੀਪਲ ਸੀ, ਛੋਟੀ ਭੈਣ ਪ੍ਰਕਾਸ਼ ਕੌਰ ਇੰਗਲੈਂਡ ਵਿਚ ਹੈ, ਵੱਡਾ ਭਰਾ ਕਰਨਲ ਪ੍ਰੀਤਮ ਸਿੰਘ ਕੁਲਾਰ ਤੇ ਛੋਟਾ ਭਰਾ ਪ੍ਰੋ. ਪੋਪਿੰਦਰ ਸਿੰਘ ਕੁਲਾਰ ਹੈ, ਜਿਸ ਨੇ ਸੰਸਾਰਪੁਰ ਦੀ ਹਾਕੀ ‘ਤੇ ਪੀਐਚ.ਡੀ. ਕੀਤੀ ਹੈ। ਮੇਰਾ ਇਸ ਪਰਿਵਾਰ ਨਾਲ 1962 ਵਿਚ ਸਬੰਧ ਜੁੜਿਆ, ਜਦੋਂ ਮੈਂ ਦਿੱਲੀ ਦੇ ਖਾਲਸਾ ਕਾਲਜ ਵਿਚ ਦਾਖਲ ਹੋਇਆ। ਘਰੋਂ ਤਾਂ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਦਾਖਲ ਹੋਣ ਚੱਲਿਆ ਸਾਂ, ਪਰ ਗੇੜ ਐਸਾ ਬਣਿਆ ਕਿ ਜਾ ਪਹੁੰਚਾ ਖਾਲਸਾ ਕਾਲਜ ਦਿੱਲੀ। ਉਥੇ ਖੇਡਾਂ ਦੇ ਡਾਇਰੈਕਟਰ ਸਰਦਾਰ ਪ੍ਰੀਤਮ ਸਿੰਘ ਬੈਂਸ ਮਿਲ ਪਏ, ਜਿਨ੍ਹਾਂ ਨੇ ਮੈਨੂੰ ਖਿਡਾਰੀ ਵਿਦਿਆਰਥੀ ਵਜੋਂ ਬਿਨਾ ਦਾਖਲਾ ਫੀਸ ਲਏ ਐੱਮ. ਏ. ਵਿਚ ਦਾਖਲ ਕਰ ਲਿਆ। ਉਥੇ ਉਹੀ ਮੇਰੇ ਗਾਰਡੀਅਨ ਬਣੇ, ਜੋ ਹਰ ਐਤਵਾਰ ਮੈਨੂੰ ਦੁਪਹਿਰ ਦੇ ਖਾਣੇ ‘ਤੇ ਘਰ ਸੱਦਦੇ। ਉਥੇ ਹੀ ਗੁਲਜ਼ਾਰ ਸਿੰਘ ਸੰਧੂ ਨਾਲ ਮੇਲ ਹੋਇਆ। ਕਰਨਲ ਬਲਬੀਰ ਸਿੰਘ ਦੀ ਵੱਡੀ ਭੈਣ ਮਨਦੀਸ਼ ਕੌਰ, ਪ੍ਰੀਤਮ ਸਿੰਘ ਬੈਂਸ ਨਾਲ ਵਿਆਹੀ ਹੋਈ ਸੀ। ਹੁਣ ਤਾਂ ਦੋਵੇਂ ਜੀਅ ਚਲਾਣਾ ਕਰ ਚੁਕੇ ਹਨ। ਸੁਰਗਾਂ ‘ਚ ਵਾਸਾ ਹੋਵੇ ਉਨ੍ਹਾਂ ਦਾ। ਮੈਂ ਸਮਝਦਾ ਹਾਂ ਉਨ੍ਹਾਂ ਨੇ ਮੇਰਾ ਕੈਰੀਅਰ ਬਣਾਉਣ ਵਿਚ ਨਿਸ਼ਕਾਮ ਸਹਿਯੋਗ ਦਿੱਤਾ। ਕਰਨਲ ਬਣਨ ਵਾਲੇ ਬਲਬੀਰ ਨੂੰ ਮੈਂ ਪਹਿਲੀ ਵਾਰ ਉਥੇ ਹੀ ਮਿਲਿਆ ਸਾਂ। ਸੰਸਾਰਪੁਰ ਦੇ ਵੱਡੇ ਬਲਬੀਰ ਨਾਲ ਤਾਂ ਮੇਰੀ ਪਹਿਲਾਂ ਹੀ ਸਿਆਣ ਸੀ, ਕਿਉਂਕਿ ਅਸੀਂ ਸਤੰਬਰ 1960 ਵਿਚ ਪੰਜਾਬ ਯੂਨੀਵਰਸਿਟੀ ਦਾ ਹਾਕੀ ਕੋਚਿੰਗ ਕੈਂਪ ‘ਕੱਠਿਆਂ ਲਾਇਆ ਸੀ। ਵੱਡਾ ਬਲਬੀਰ ਡੀ. ਆਈ. ਜੀ. ਬਣ ਕੇ ਰਿਟਾਇਰ ਹੋਇਆ ਤੇ ਛੋਟਾ ਬਲਬੀਰ ਕਰਨਲ ਬਣ ਕੇ। ਵੱਡਾ ਬਲਬੀਰ ਕੱਦ ਦਾ ਸਮੱਧਰ ਸੀ, ਛੋਟਾ ਬਲਬੀਰ ਪੂਰਾ ਕੱਦਾਵਰ ਹੈ।
ਕਰਨਲ ਬਲਬੀਰ ਸਿੰਘ ਨੂੰ ਘਰ ਦੇ ਤੇ ਪਿੰਡ ਦੇ ਲੋਕ ਬੀਰਾ ਕਹਿੰਦੇ ਰਹੇ। ਬੀਰੇ ਨੇ ਸਕੂਲ ਦੀ ਪੜ੍ਹਾਈ ਕੈਂਟ ਬੋਰਡ ਹਾਈ ਸਕੂਲ ਜਲੰਧਰ ਛਾਉਣੀ ਤੋਂ ਕੀਤੀ। ਫਿਰ ਡੀ. ਏ. ਵੀ. ਕਾਲਜ ਤੇ ਸਪੋਰਟਸ ਕਾਲਜ ਜਲੰਧਰ ਵਿਚ ਪੜ੍ਹਿਆ ਤੇ ਹਾਕੀ ਖੇਡਿਆ। ਗ੍ਰੈਜੂਏਸ਼ਨ ਆਈ. ਐਮ. ਏ. ਦੇਹਰਾਦੂਨ ਤੋਂ ਅਤੇ ਐਨ. ਆਈ. ਐਸ. ਦਾ ਡਿਪਲੋਮਾ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ ਤੋਂ ਕੀਤਾ। ਖਾਸ ਸ਼ੌਕ ਫੋਟੋਗਰਾਫੀ ਤੇ ਪੁਰਾਣੇ ਸਿੱਕੇ ‘ਕੱਠੇ ਕਰਨ ਦਾ ਰਿਹਾ। ਹਾਕੀ ਦੀ ਖੇਡ ਵਿਚ ਉਹਦੀ ਮਨਪਸੰਦ ਪੁਜ਼ੀਸ਼ਨ ਰਾਈਟ ਹਾਫ ਸੀ, ਪਰ ਲੋੜ ਪੈਣ ‘ਤੇ ਉਹ ਹੋਰਨਾਂ ਪੁਜ਼ੀਸ਼ਨਾਂ ‘ਤੇ ਵੀ ਖੇਡ ਸਕਦਾ ਸੀ। ਉਸ ਦੀਆਂ ਵੱਡੀਆਂ ਪ੍ਰਾਪਤੀਆਂ ਵਿਚ ਓਲੰਪਿਕ ਖੇਡਾਂ ਵਿਚੋਂ ਬਰਾਂਜ਼ ਮੈਡਲ, ਏਸਿ਼ਆਈ ਖੇਡਾਂ ‘ਚੋਂ ਗੋਲਡ ਮੈਡਲ, ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਹੈਮਬਰਗ ‘ਚੋਂ ਗੋਲਡ ਮੈਡਲ ਅਤੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਮੈਡਰਿਡ ‘ਚੋਂ ਗੋਲਡ ਮੈਡਲ ਸ਼ਾਮਲ ਹੈ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਸਟੇਟਾਂ ਤੇ ਨੈਸ਼ਨਲ ਹਾਕੀ ਦੇ ਮੈਡਲਾਂ ਦੀ ਗਿਣਤੀ ਕਰਨੀ ਹੋਵੇ ਤਾਂ ਉਹ ਦਰਜਨਾਂ ਵਿਚ ਹੈ। ਉਸ ਨੇ ਲਿਖਿਆ:
ਮੈਨੂੰ ਉਹ ਦਿਨ ਯਾਦ ਹੈ, ਜਦ ਭਾਰਤ ਦੀ ਹਾਕੀ ਟੀਮ ਟੋਕੀਓ ਦੀਆਂ ਏਸਿ਼ਆਈ ਖੇਡਾਂ-1958 ਵਿਚੋਂ ਚਾਂਦੀ ਦਾ ਤਗਮਾ ਜਿੱਤੀ ਸੀ। ਉਦੋਂ ਸੰਸਾਰਪੁਰ ਦੇ ਚਾਰ ਖਿਡਾਰੀਆਂ ਊਧਮ ਸਿੰਘ, ਗੁਰਦੇਵ ਸਿੰਘ, ਬਲਬੀਰ ਸਿੰਘ ਜੂਨੀਅਰ, ਗੁਰਜੀਤ ਸਿੰਘ ਤੇ ਪੰਜਵੇਂ ਗੁਆਂਢੀ ਪਿੰਡ ਖੁਸਰੋਪੁਰ ਦੇ ਹਰੀਪਾਲ ਕੌਸਿ਼ਕ ਨੂੰ ਸੰਸਾਰਪੁਰ ਦੇ ਗੁਰਦੁਆਰੇ ਵਿਚ ਸਨਮਾਨਿਤ ਕੀਤਾ ਗਿਆ ਸੀ। ਮੈਂ ਉਸ ਵੇਲੇ 13 ਸਾਲ ਦਾ ਸੀ। ਜਦ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਸੀ, ਮੈਂ ਆਪਣੇ ਦਿਲ ਵਿਚ ਉਸੇ ਵੇਲੇ ਧਾਰ ਲਿਆ ਸੀ ਕਿ ਇਕ ਦਿਨ ਮੈਂ ਵੀ ਭਾਰਤ ਦੀ ਹਾਕੀ ਟੀਮ ਵੱਲੋਂ ਖੇਡਾਂਗਾ ਤੇ ਜਿੱਤ ਕੇ ਆਵਾਂਗਾ। ਠੀਕ ਅੱਠ ਸਾਲ ਬਾਅਦ ਮੇਰਾ ਸੁਪਨਾ ਸਾਕਾਰ ਹੋਇਆ। ਅਸੀਂ ਬੈਂਕਾਕ ਦੀਆਂ ਏਸਿ਼ਆਈ ਖੇਡਾਂ-1966 ਵਿਚੋਂ ਪਹਿਲੀ ਵਾਰ ਸੋਨੇ ਦਾ ਤਗਮਾ ਜਿੱਤ ਕੇ ਲਿਆਏ। ਇਸ ਜੇਤੂ ਭਾਰਤੀ ਟੀਮ ਵਿਚ ਪਹਿਲੇ 11 ਖਿਡਾਰੀਆਂ ਵਿਚੋਂ ਚਾਰ ਖਿਡਾਰੀ ਸੰਸਾਰਪੁਰ ਦੇ ਸਨ। ਬਲਬੀਰ ਸਿੰਘ ਪੁਲਿਸ, ਬਲਬੀਰ ਸਿੰਘ ਫੌਜ, ਜਗਜੀਤ ਸਿੰਘ ਕੁਲਾਰ ਤੇ ਤਰਸੇਮ ਸਿੰਘ ਕੁਲਾਰ।
ਅਜੇ ਮੈਂ ਸੱਤਵੀਂ ‘ਚ ਪੜ੍ਹਦਾ ਸੀ, ਜਦ 1956 ਦੀ ਹਾਕੀ ਨੈਸ਼ਨਲ ਚੈਂਪੀਅਨਸਿ਼ਪ ਜਲੰਧਰ ਵਿਚ ਹੋਈ। ਸਾਨੂੰ ਸਕੂਲ ਦੇ ਬੱਚਿਆਂ ਨੂੰ ਮੈਚ ਦੇਖਣ ਲਈ ਮੁਫਤ ਪਾਸ ਮਿਲੇ ਸਨ। ਮੈਂ ਹਰ ਰੋਜ਼ ਟੂਰਨਾਮੈਂਟ ਦੇ ਸਾਰੇ ਮੈਚ ਪੀ. ਏ. ਪੀ. ਹਾਕੀ ਗਰਾਊਂਡ ਰਾਮਾ ਮੰਡੀ, ਜੋ ਸੰਸਾਰਪੁਰ ਤੋਂ 5 ਕਿਲੋਮੀਟਰ ਦੂਰ ਹੈ, ਪੈਦਲ ਤੁਰ ਕੇ ਦੇਖਣ ਜਾਂਦਾ ਰਿਹਾ। ਹਰ ਮੈਚ, ਹਰ ਖਿਡਾਰੀ ਦੀ ਖੇਡ ਕਲਾ ਤੇ ਹਰ ਖਿਡਾਰੀ ਦੇ ਗੋਲ ਕਰਨ ਦਾ ਤਰੀਕਾ, ਅਜੇ ਵੀ ਮੇਰੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ। ਮੈਂ ਉਸੇ ਵਕਤ ਮਨ ਬਣਾ ਲਿਆ ਸੀ ਕਿ ਮੈਂ ਵੀ ਇਕ ਦਿਨ ਇਨ੍ਹਾਂ ਵਰਗਾ ਬਣਾਂਗਾ।
ਜਿ਼ੰਦਗੀ ਵਿਚ ਕਿਸਮਤ ਦਾ ਵੀ ਸਾਥ ਹੋਣਾ ਹੁੰਦਾ ਹੈ। ਪਰਮਾਤਮਾ ਨੇ ਮੈਨੂੰ ਤਕੜਾ ਸਰੀਰ, ਚੰਗੀ ਖੇਡ ਕਲਾ ਤੇ ਚੰਗਾ ਨਾਂ ਤਾਂ ਦਿੱਤਾ, ਪਰ ਚੰਗੀ ਕਿਸਮਤ ਨਾ ਦਿੱਤੀ। ਜੇ ਕਿਸਮਤ ਸਾਥ ਦਿੰਦੀ ਤਾਂ ਮੈਂ ਘੱਟੋ-ਘੱਟ ਦੋ ਓਲੰਪਿਕ ਹੋਰ ਖੇਡ ਜਾਣਾ ਸੀ। 1971 ਵਿਚ ਪਹਿਲੇ ਵਿਸ਼ਵ ਕੱਪ ਲਾਹੌਰ ਲਈ ਭਾਰਤੀ ਹਾਕੀ ਟੀਮ ਦਾ ਕੈਂਪ ਐਨ. ਆਈ. ਐੱਸ. ਪਟਿਆਲੇ ‘ਚ ਲੱਗਾ ਸੀ। ਅਖੀਰਲੇ ਦਿਨ ਟੀਮ ਦੀ ਚੋਣ ਹੋਈ, ਟੀਮ ਦਾ ਕਪਤਾਨ ਮੈਨੂੰ ਚੁਣ ਲਿਆ ਗਿਆ ਅਤੇ ਟੀਮ ਦਾ ਐਲਾਨ ਹੋਣ ਹੀ ਲੱਗਾ ਸੀ ਕਿ ਖਬਰ ਆਈ, ਭੁੱਟੋ ਨੇ ਕਿਹਾ ਹੈ, ਜੇ ਭਾਰਤ ਦੀ ਟੀਮ ਲਾਹੌਰ ਵਰਲਡ ਕੱਪ ਖੇਡਣ ਆਈ ਤਾਂ ਗਰਾਊਂਡ ਉਖਾੜ ਦਿੱਤੀ ਜਾਵੇਗੀ। ਧਮਕੀ ਮਿਲਣ ਕਾਰਨ ਭਾਰਤੀ ਟੀਮ ਦੀ ਚੋਣ ਵਿਸ਼ਵ ਕੱਪ ਲਈ ਨਵੀਂ ਥਾਂ ਘੋਸਿ਼ਤ ਹੋਣ ਤਕ ਰੁਕ ਗਈ। ਐਫ. ਆਈ. ਐੱਚ. ਨੇ ਕੁਝ ਸਮੇਂ ਬਾਅਦ ਪਹਿਲਾ ਵਿਸ਼ਵ ਕੱਪ ਲਾਹੌਰ ਦੀ ਥਾਂ ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿਚ ਕਰਾਉਣ ਦਾ ਐਲਾਨ ਕਰ ਦਿੱਤਾ, ਪਰ ਮੇਰੇ ਮੰਦੇ ਭਾਗ ਕਿ ਮੇਰਾ ਗੋਡਾ ਇਸੇ ਦੌਰਾਨ ਪ੍ਰੈਕਟਿਸ ਕਰਦਿਆਂ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜੋ ਠੀਕ ਨਾ ਹੋ ਸਕਿਆ ਤੇ ਮੇਰਾ ਹਾਕੀ ਖੇਡਣ ਦਾ ਭਵਿੱਖ ਸਦਾ ਲਈ ਖਤਮ ਹੋ ਗਿਆ।
ਮੇਰੇ ਲਈ ਸਿ਼ਵਾ ਜੀ ਸਟੇਡੀਅਮ ਦਿੱਲੀ ਦੀ ਗਰਾਊਂਡ ਵਿਚ ਖੇਡੇ ਹਾਕੀ ਦੇ ਪੰਜ ਮੈਚ ਕੌੜੀਆਂ ਤੇ ਮਿੱਠੀਆਂ ਯਾਦਾਂ ਬਣ ਗਏ ਹਨ। ਮਾਰਚ 1964 ਵਿਚ ਮੈਂ ਇਸੇ ਗਰਾਊਂਡ ਵਿਚ ਪੰਜਾਬ ਵੱਲੋਂ ਭੁਪਾਲ ਦੇ ਖਿਲਾਫ ਪਹਿਲੀ ਵਾਰ ਨੈਸ਼ਨਲ ਚੈਂਪੀਅਨਸਿ਼ਪ ਖੇਡਿਆ। ਦਸੰਬਰ 1964 ਵਿਚ ਸਾਡਾ ਸੈਂਟਰਲ ਕਮਾਂਡ ਦਾ ਸਾਊਦਰਨ ਕਮਾਂਡ ਦੀ ਤਕੜੀ ਟੀਮ ਨਾਲ ਕਾਂਟੇਦਾਰ ਮੈਚ ਹੋਇਆ। ਸਾਊਦਰਨ ਕਮਾਂਡ ਦੀ ਟੀਮ ਵੱਲੋਂ ਪੀਟਰ, ਬੰਧੂਪਾਟਲ, ਕੌਸਿ਼ਕ ਤੇ ਰਾਈਟ ਆਊਟ ਨਾਲ ਇਨੋ ਟਰਾਇਓ ਬਣਾ ਕੇ ਅੱਗੇ ਵਧਿਆ। ਹਰੀਪਾਲ ਨੇ ਮੈਨੂੰ ਵਧੀਆ ਬਾਲ ਬਣਾ ਕੇ ਪਾਸ ਦਿੱਤਾ ਤੇ ਮੈਂ ਰਾਈਟ ਹਾਫ ਦੀ ਸਾਈਡ ਤੋਂ ਅੱਗੇ ਵਧਦੇ ਹੋਏ, ਲਕਸ਼ਮਣ ਵਰਗੇ ਗੋਲਕੀਪਰ ਦੇ ਖਿਲਾਫ, ਆਪਣੇ ਖੇਡ ਕੈਰੀਅਰ ਦਾ ਵਧੀਆ ਗੋਲ ਕਰ ਕੇ ਆਪਣੀ ਟੀਮ ਨੂੰ ਜਿੱਤ ਦੁਆਈ। ਲਕਸ਼ਮਣ ਟੋਕੀਓ ਓਲੰਪਿਕ-1964 ਵਿਚ ਵਧੀਆ ਪ੍ਰਦਰਸ਼ਨ ਕਰ ਕੇ ਸੋਨੇ ਦਾ ਤਗਮਾ ਜਿੱਤ ਕੇ ਪਰਤਿਆ ਸੀ। ਲਕਸ਼ਮਣ ਨੇ ਪੂਰੀ ਓਲੰਪਿਕ, ਖਾਸ ਕਰ ਕੇ ਪਾਕਿਸਤਾਨ ਖਿਲਾਫ ਲੋਹੇ ਦੀ ਚੱਟਾਨ ਵਾਂਗ ਗੋਲ ਦੀ ਰਾਖੀ ਕੀਤੀ ਸੀ। ਉਸ ਦੇ ਖਿਲਾਫ 19 ਸਾਲ ਦੇ ਅਲੂੰਏਂ ਖਿਡਾਰੀ ਵੱਲੋਂ ਗੋਲ ਕਰਨਾ ਫਖਰ ਵਾਲੀ ਗੱਲ ਸੀ। ਇਸੇ ਮੈਚ ਤੋਂ ਮੇਰੇ ਹਾਕੀ ਕੈਰੀਅਰ ਦਾ ਮੁੱਢ ਬੱਝਾ ਸੀ। 1965 ਵਿਚ ਐਸ. ਆਰ. ਸੀ. ਮੇਰਠ ਵੱਲੋਂ ਬੰਬਈ ਵਿਰੁਧ ਖੇਡਦਿਆਂ ਮੇਰੇ ਗੋਲ ਨਾਲ ਨਹਿਰੂ ਹਾਕੀ ਟੂਰਨਾਮੈਂਟ ਜਿੱਤਿਆ ਗਿਆ ਸੀ। ਭਾਰਤ ਦੀ ਤਰਫੋਂ 7 ਮਾਰਚ 1972 ਨੂੰ ਖੇਡਿਆ ਮੈਚ ਭਾਰਤੀ ਟੀਮ ਇਸ ਲਈ ਹਾਰੀ ਕਿ ਮੈਂ ਇਹ ਮੈਚ ਖਰਾਬ ਹੋਏ ਗੋਡੇ ‘ਤੇ ਪੱਟੀ ਬੰਨ੍ਹ ਕੇ ਹੀ ਖੇਡ ਸਕਿਆ ਸੀ। 1975 ਵਿਚ ਮੈਂ ਆਪਣੀ ਜਿ਼ੰਦਗੀ ਦਾ ਆਖਰੀ ਮੈਚ ਏ. ਐੱਸ. ਈ. ਮੇਰਠ ਵੱਲੋਂ ਬੀ. ਐੱਸ. ਐਫ. ਜਲੰਧਰ ਵਿਰੁੱਧ ਨਹਿਰੂ ਹਾਕੀ ਟੂਰਨਾਮੈਂਟ ਵਿਚ ਖੇਡਿਆ। ਮੈਚ ਖੇਡਦਿਆਂ ਦੁਬਾਰਾ ਗੋਡੇ ਦੀ ਸੱਟ ਕਾਰਨ ਗਰਾਊਂਡ ਵਿਚ ਹੀ ਡਿੱਗ ਪਿਆ, ਜਿਸ ਨਾਲ ਮੇਰਾ ਹਾਕੀ ਦਾ ਭਵਿੱਖ ਸਦਾ ਲਈ ਖਤਮ ਹੋ ਗਿਆ।
ਜਿਥੇ ਮੈਂ ਰਈਟ ਹਾਫ ਖੇਡਦਿਆਂ ਰੱਖਿਆ ਪੰਗਤੀ ਦਾ ਰੋਲ ਅਦਾ ਕਰਦੇ ਹੋਏ ਛੇਵਾਂ ਫਾਰਵਰਡ ਬਣ ਕੇ ਕੁਝ ਯਾਦਗਾਰੀ ਗੋਲ ਕੀਤੇ ਜਾਂ ਸਾਥੀਆਂ ਤੋਂ ਕਰਵਾਏ, ਉਥੇ ਭਾਰਤ ਦੀ ਹਾਕੀ ਟੀਮ ਵੱਲੋਂ ਖੇਡਦਿਆਂ ਬੈਂਕਾਕ ਏਸਿ਼ਆਈ ਖੇਡਾਂ-1966 ਵਿਚ ਪਾਕਿਸਤਾਨ ਦੀ ਟੀਮ ਨੂੰ ਹਰਾ ਕੇ ਪਹਿਲੀ ਵਾਰ ਸੋਨੇ ਦਾ ਤਗਮਾ ਜਿੱਤਿਆ। ਉਸ ਮੈਚ ਵਿਚ ਇਕੋ ਇਕ ਗੋਲ ਕਰਨ ‘ਚ ਤਿੰਨੋਂ ਬਲਬੀਰਾਂ ਨੇ ਤਾਲ-ਮੇਲ ਕਰਦਿਆਂ ਰੇਲਵੇ ਦੇ ਬਲਬੀਰ ਕੋਲੋਂ ਗੋਲ ਕਰਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਮੈਂ ਜਲੰਧਰ ਦੀ ਨੈਸ਼ਨਲ ਹਾਕੀ ਚੈਂਪੀਅਨਸਿ਼ਪ-1972 ਵਿਚ ਸੈਨਾ ਦੀ ਟੀਮ ਵੱਲੋਂ ਰੇਲਵੇ ਦੀ ਟੀਮ ਖਿਲਾਫ ਸੈਮੀ ਫਾਈਨਲ ਵਿਚ ਸਕੂਪ ਨਾਲ ‘ਡੀ’ ਦੇ ਉਤੋਂ ਬਿਹਤਰੀਨ ਗੋਲ ਕੀਤਾ ਸੀ। ਮੈਂ ਮੈਕਸੀਕੋ ਓਲੰਪਿਕ ਵਿਚ ਵੀ ਪੱਛਮੀ ਜਰਮਨੀ, ਆਸਟ੍ਰੇਲੀਆ ਤੇ ਮੈਕਸੀਕੋ ਵਿਰੁੱਧ ਤਿੰਨ ਗੋਲ ਕੀਤੇ ਸਨ।
ਕਰਨਲ ਬਲਬੀਰ ਸਿੰਘ ਵਿਸ਼ਵ ਪੱਧਰ ਦਾ ਵਧੀਆ ਰਾਈਟ ਹਾਫ ਖਿਡਾਰੀ ਸੀ। ਉਸ ਦਾ ਨਿੱਗਰ ਜੁੱਸਾ ਕਸਰਤਾਂ ਨਾਲ ਗੱਠਿਆ ਹੋਇਆ ਸੀ। ਹੱਡ ਗੋਡੇ ਮਜਬੂਤ ਅਤੇ ਪਿੰਨੀਆਂ ਤੇ ਪੱਟ ਮੋਟੇ ਸਨ, ਪਰ ਉਸ ਨੂੰ ਗੋਡੇ ਦੀ ਇੰਜਰੀ ਲੈ ਬੈਠੀ। ਅਜਿਹੀ ਸੱਟ ਕਿਸੇ ਵੀ ਖਿਡਾਰੀ ਦਾ ਅੱਗਾ ਮਾਰ ਸਕਦੀ ਹੈ। ਕਾਸ਼ ਉਹ ਵੀ ਊਧਮ ਸਿੰਘ ਤੇ ਅਜੀਤਪਾਲ ਸਿੰਘ ਵਾਂਗ ਲੰਮਾ ਸਮਾਂ ਖੇਡ ਸਕਦਾ! ਬਲਬੀਰ ਸਿੰਘ ਬੀਰੇ ਦਾ ਹਾਫ ਬੈਕ ਤੋਂ ਛੇਵਾਂ ਫਾਰਵਰਡ ਬਣ ਕੇ ਖੇਡ ਜਾਣਾ ਅਤੇ ਕਈ ਵਾਰ ਗੋਲ ਕਰ ਜਾਣਾ ਕਾਬਲੇ ਤਾਰੀਫ ਹੁੰਦਾ ਸੀ। ਉਸ ਨੇ ਕਈ ਵਾਰ ਗੋਲਕੀਪਰ ਦੇ ਪਿੱਛੇ ਆ ਕੇ ਪੱਕੇ ਗੋਲ ਹੁੰਦੇ ਬਚਾਏ। ਜੇ ਉਸ ਨੂੰ ਅਜੋਕੀ ਆਸਟਰੋ ਟਰਫ ‘ਤੇ ਖੇਡਣ ਦਾ ਮੌਕਾ ਮਿਲਦਾ ਤਾਂ ਉਹ ਆਪਣੇ ਤਾਕਤਵਰ ਜੁੱਸੇ ਨਾਲ ਹੋਰ ਵੀ ਵਧੀਆ ਖੇਡ ਸਕਦਾ। ਹੁਣ ਉਹ ਅੱਸੀਆਂ ਸਾਲਾਂ ਨੂੰ ਢੁੱਕਣ ਵਾਲਾ ਹੈ ਤੇ ਆਪਣੇ ਜੱਦੀ ਘਰ ਤੋਂ ਚਾਰ ਕਿਲੋਮੀਟਰ ਦੂਰ ਜਲੰਧਰ ਵਿਚ ਰਹਿੰਦਾ ਹੈ।
ਉਸ ਦੀ ਆਟੋਬਾਇਓਗਰਾਫੀ ਦੇ ਟਾਈਟਲ ਉਤੇ ਉਹ ਹਾਕੀ ਉੱਚੀ ਚੁੱਕੀ ਵਿਖਾਈ ਦਿੰਦੀ ਹੈ, ਜਿਸ ਨਾਲ ਉਸ ਨੇ ਕਈ ਯਾਦਗਾਰੀ ਗੋਲ ਕੀਤੇ। ਡੈਡਲੀ ਸਕੂਪ ਯਾਨਿ ਘਾਤਕ ਸਕੂਪ ਮਾਰੇ। ਇਸੇ ਕਰਕੇ ਉਸ ਨੂੰ ਗੈਬੀ ਹਾਕੀ ਕਿਹਾ ਗਿਆ। ਇਹੋ ਹਾਕੀ ਏਸਿ਼ਆਈ ਖੇਡਾਂ-1966 ਦਾ ਗੋਲਡ ਮੈਡਲ ਅਤੇ ਮੈਕਸੀਕੋ ਓਲੰਪਿਕ-1968 ਦਾ ਬਰਾਂਜ਼ ਮੈਡਲ ਜਿੱਤਣ ਵਿਚ ਸਹਾਈ ਹੋਈ। ਇਸੇ ਨਾਲ ਉਸ ਨੇ ਜਰਮਨੀ ਦੀ ਟੀਮ ਸਿਰ ਜੇਤੂ ਗੋਲ ਕੀਤਾ ਸੀ। ਇਹੋ ਹਾਕੀ ਮੈਕਸੀਕੋ, ਜਪਾਨ ਤੇ ਆਸਟ੍ਰੇਲੀਆ ਦੀਆਂ ਟੀਮਾਂ ਨੂੰ ਹਰਾਉਣ ਲਈ ਰਾਸ ਆਈ।
ਕਰਨਲ ਬਲਬੀਰ ਸਿੰਘ ਦੇ ਦਾਦੇ ਹਵਾਲਦਾਰ ਜਗਤ ਸਿੰਘ ਸਪੁੱਤਰ ਫਤਿਹ ਸਿੰਘ ਨੇ ਪਹਿਲੀ ਵਿਸ਼ਵ ਜੰਗ ਵਿਚ ਹਿੱਸਾ ਲਿਆ ਸੀ। ਉਸ ਦੇ ਪਿਤਾ ਸੂਬੇਦਾਰ ਗੱਜਣ ਸਿੰਘ ਦੂਜੇ ਵਿਸ਼ਵ ਯੁੱਧ ਵਿਚ ਉੱਤਰੀ ਅਫਰੀਕਾ ਦੇ ਫਰੰਟ ਉਤੇ ਲੜੇ, ਜਿਥੇ ਉਹ ਗੋਲੀ ਨਾਲ ਜਖਮੀ ਹੋਏ। ਫਿਰ ਉਹ 1947 ਵਿਚ ਕਸ਼ਮੀਰ ਦੀ ਲੜਾਈ ਵਿਚ ਭਾਰਤੀ ਫੌਜ ਵੱਲੋਂ ਲੜੇ। ਕਰਨਲ ਬਲਬੀਰ ਸਿੰਘ ਦਾ ਪੁੱਤਰ ਸਰਫਰਾਜ਼ ਸਿੰਘ ਕੁਲਾਰ ਵੀ ਭਾਰਤੀ ਫੌਜ ਵਿਚ ਕਰਨਲ ਹੈ। ਇਉਂ ਚਾਰ ਪੀੜੀਆਂ ਤੋਂ ਉਨ੍ਹਾਂ ਦਾ ਪਰਿਵਾਰ ਭਾਰਤੀ ਫੌਜ ਦਾ ਅੰਗ ਬਣਿਆ ਆ ਰਿਹੈ। ਸਰਫਰਾਜ਼ ਸਿੰਘ ਦਾ ਸ਼ੌਕ ਤੈਨ ਸਿੰਘ ਤੇ ਹਿਲੈਰੀ ਵਾਂਗ ਪਰਬਤੀ ਚੋਟੀਆਂ ਫਤਿਹ ਕਰਨ ਦਾ ਹੈ। 11 ਸਤੰਬਰ 2004 ਨੂੰ ਉਸ ਨੇ 7112 ਮੀਟਰ ਉੱਚੀਆਂ ਮਾਊਂਟ ਨੱਨ ਤੇ ਮਾਊਂਟ ਹਾਰਮੁਖ ਚੋਟੀਆਂ ਫਤਿਹ ਕੀਤੀਆਂ। 2006 ਵਿਚ ਉਹ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਕਿਲਮਨਜਾਰੋ ਉਪਰ ਚੜ੍ਹਿਆ। 15 ਅਗਸਤ 2006 ਨੂੰ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰੱਸ-ਰੂਸ ‘ਤੇ ਹਾਕੀ ਅਤੇ ਭਾਰਤੀ ਝੰਡਾ ਲੈ ਕੇ ਚੜ੍ਹਿਆ। ਫੌਜੀ ਸਰਵਿਸ ਤੇ ਹਾਕੀ ਦੀ ਖੇਡ ਕੁਲਾਰ ਪਰਿਵਾਰ ਦੇ ਜੀਨਜ਼ ਵਿਚ ਹੀ ਹੈ। ਬਲਬੀਰ ਸਿੰਘ ਨੂੰ ਹਾਕੀ ਦੀ ਖੇਡ ਕਰਕੇ ਅਰਜਨਾ ਅਵਾਰਡ ਨਾਲ ਸਨਮਾਨਿਆ ਗਿਆ ਅਤੇ ਭਾਰਤੀ ਫੌਜ ਨੇ ਵਸਿ਼ਸ਼ਠ ਸੇਵਾ ਮੈਡਲ ਨਾਲ ਸਨਮਾਨ ਕੀਤਾ। ਅਜਿਹੇ ਮਾਣ-ਸਨਮਾਨ ਮਿਹਨਤ ਮੁਸ਼ੱਕਤ ਤੇ ਪ੍ਰਤਿਭਾ ਨਾਲ ਹੀ ਮਿਲਦੇ ਹਨ, ਧਨ ਦੌਲਤ ਨਾਲ ਨਹੀਂ ਖਰੀਦੇ ਜਾ ਸਕਦੇ।
ਬਲਬੀਰ ਸਿੰਘ ਨੂੰ ਆਪਣੀ ਸਵੈ-ਜੀਵਨੀ ਲਿਖਣ ਦਾ ਖਿਆਲ ਲੰਡਨ ਦੀਆਂ ਓਲੰਪਿਕ ਖੇਡਾਂ-2012 ਸਮੇਂ ਆਇਆ ਸੀ। ਤਦ ਤਕ ਉਸ ਨੇ ਬਤੌਰ ਖਿਡਾਰੀ, ਕੋਚ, ਮੈਨੇਜਰ ਤੇ ਸਿਲੈਕਟਰ ਅਤੇ ਫੌਜ ਵਿਚ ਕਰਨਲ ਬਣਨ ਤਕ ਦੇ ਦੌਰ ਹੰਢਾ ਲਏ ਸਨ। ਜੀਵਨ ਦੇ ਕੌੜੇ ਮਿੱਠੇ ਤਜ਼ਰਬੇ ਹੋ ਚੁਕੇ ਸਨ। ਫੌਜੀ ਸਰਵਿਸ ਤੋਂ ਰਿਟਾਇਰ ਹੋਣ ਕਰਕੇ ਕੋਈ ਬੱਝਵਾਂ ਜ਼ਾਬਤਾ ਵੀ ਨਹੀਂ ਸੀ। ਉਹਦੀ ਸਵੈ-ਜੀਵਨੀ ਦੀ ਪਹਿਲੀ ਕੌਫੀ ਟੇਬਲ ਐਡੀਸ਼ਨ 2013 ਵਿਚ ਛਪੀ। ਇਸ ਦਾ ਮੁੱਖ-ਬੰਦ ਉਸ ਵੇਲੇ ਦੇ ਫੌਜ ਮੁਖੀ ਜਨਰਲ ਵੀ. ਕੇ. ਸਿੰਘ ਨੇ ਲਿਖਿਆ, ਜਿਸ ਨਾਲ ਬਲਬੀਰ ਸਿੰਘ ਦੇਹਰਾਦੂਨ ਮਿਲਟਰੀ ਅਕੈਡਮੀ ਵਿਚ ਸਹਿ-ਕੈਡਿਟ ਰਿਹਾ ਸੀ। ਉਥੇ ਉਹ ‘ਕੱਠੇ ਹਾਕੀ ਵੀ ਖੇਡਦੇ ਰਹੇ ਸਨ। ਸੰਦੇਸ਼ ਡਾ. ਨਰਿੰਦਰ ਬੱਤਰਾ ਨੇ ਲਿਖਿਆ, ਜੋ ਉਸ ਵੇਲੇ ਹਾਕੀ ਇੰਡੀਆ ਦਾ ਜਨਰਲ ਸੈਕਟਰੀ ਸੀ ਅਤੇ ਅੱਜ ਕੱਲ੍ਹ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਦਾ ਮੁਖੀ ਹੈ।
ਆਈਕੌਨਿਕ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਨੇ ‘ਮੇਰਾ ਸਿਰਨਾਵੀਆਂ’ ਸਿਰਲੇਖ ਹੇਠ ਲਿਖਿਆ: ਮੈਂ ਬਲਬੀਰ ਸਿੰਘ ਨੂੰ ਪਹਿਲੀ ਵਾਰ ਪੰਜਾਬ ਸਪੋਰਟਸ ਕਾਲਜ ਜਲੰਧਰ ਵਿਚ ਹਾਕੀ ਦੇ ਉਭਰਦੇ ਖਿਡਾਰੀ ਵਜੋਂ ਵੇਖਿਆ ਸੀ। ਉਸ ਨੇ ਦੱਸਿਆ ਸੀ ਕਿ ਉਹ ਮੇਰੇ ਦੋਸਤ ਊਧਮ ਸਿੰਘ ਦੇ ਪਿੰਡ ਸੰਸਾਰਪੁਰ ਦਾ ਹੈ। ਉਦੋਂ ਹੀ ੳਹ ਊਧਮ ਸਿੰਘ ਬਣਨ ਦੇ ਸੁਪਨੇ ਲੈਣ ਲੱਗ ਪਿਆ ਸੀ। ਸਰਗਰਮ ਖੇਡ ਤੋਂ ਰਿਟਾਇਰ ਹੋਣ ਪਿੱਛੋਂ ਉਸ ਨੇ ਐਨ. ਐੱਸ. ਆਈ. ਪਟਿਆਲੇ ਤੋਂ ਹਾਕੀ ਕੋਚਿੰਗ ਦਾ ਕੋਰਸ ਕੀਤਾ ਤੇ ਬਤੌਰ ਕੋਚ ਹਾਕੀ ਨਾਲ ਜੁੜਿਆ ਰਿਹਾ। ਕੁਝ ਸਾਲ ਉਸ ਨੇ ਮੇਰੇ ਨਾਲ ਵੀ ਸਹਿ-ਕੋਚ ਦਾ ਸਹਿਯੋਗ ਦਿੱਤਾ ਅਤੇ ਟੀਮਾਂ ਦੀ ਚੋਣ ਵਿਚ ਵੀ ਸਹਾਈ ਹੋਇਆ। ਜਿਥੇ ਉਸ ਨੂੰ ਹਾਕੀ ਨਾਲ ਪਿਆਰ ਹੈ, ਉਥੇ ਆਪਣੇ ਪਿੰਡ ਦੀ ਹਾਕੀ ਪਨੀਰੀ ਨਾਲ ਵੀ ਮੋਹ ਹੈ।
ਭਾਰਤੀ ਹਾਕੀ ਟੀਮਾਂ ਦੇ ਕਈ ਵਾਰ ਕਪਤਾਨ ਰਹੇ ਅਜੀਤਪਾਲ ਸਿੰਘ ਨੇ ਲਿਖਿਆ ਕਿ ਮੈਂ ਤੇ ਬਲਬੀਰ ਇਕੋ ਬੀਹੀ ਵਿਚ ਜੰਮੇ ਪਲੇ ਤੇ ਇਕੋ ਮੈਦਾਨ ਵਿਚ ਖੇਡਦੇ ਵੱਡੇ ਹੋਏ। ਬਚਪਨ ਦੇ ਉਹ ਬੜੇ ਪਿਆਰੇ ਦਿਨ ਸਨ। ਅਸੀਂ ‘ਕੱਠੇ ਸਕੂਲ ਵਿਚ ਪੜ੍ਹੇ ਤੇ ‘ਕੱਠਿਆਂ ਨੇ ਹਾਕੀਆਂ ਚੁੱਕੀਆਂ। ਮੈਕਸੀਕੋ ਦੀਆਂ ਓਲੰਪਿਕ ਖੇਡਾਂ ਵਿਚ ਉਹ ‘ਕੱਠੇ ਖੇਡੇ ਤੇ ਇਕੋ ਕਮਰੇ ਵਿਚ ਰਹੇ। ਸੰਸਾਰਪੁਰੀਏ ਜਗਜੀਤ ਕੁਲਾਰ ਨੂੰ ਅਰਜਨਾ ਅਵਾਰਡ 1967 ਵਿਚ ਮਿਲਿਆ, ਬਲਬੀਰ ਕੁਲਾਰ ਨੂੰ 1968 ਵਿਚ ਤੇ ਅਜੀਤਪਾਲ ਕੁਲਾਰ ਨੂੰ 1970 ਵਿਚ। ਬਲਬੀਰ ਨੇ ਆਪਣਾ ਆਖਰੀ ਮੈਚ 7 ਮਾਰਚ 1972 ਨੂੰ ਜਰਮਨੀ ਵਿਰੁੱਧ ਖੇਡਿਆ, ਜਿਥੇ ਗੋਡੇ ਦੀ ਸੱਟ ਕਾਰਨ ਨਿਸਬਤਨ ਛੋਟੀ ਉਮਰ ਵਿਚ ਖੇਡ ਤੋਂ ਰਿਟਾਇਰ ਹੋਣਾ ਪਿਆ। ਅਜੀਤਪਾਲ ਦਾ ਕਹਿਣਾ ਹੈ, ਜੇ ਸੱਟ ਨਾ ਲੱਗਦੀ ਤਾਂ ਉਹ ਵੀ ਉਹਦੇ ਨਾਲ 1972 ਦੀ ਓਲੰਪਿਕ, 1975 ਦਾ ਵਰਲਡ ਕੱਪ ਤੇ 1976 ਦੀ ਓਲੰਪਿਕ ਖੇਡਦਾ।
ਦੋ ਵਾਰ ਓਲੰਪਿਕ ਕੈਪਟਨ ਬਣੇ ਪਰਗਟ ਸਿੰਘ ਨੇ ਲਿਖਿਆ ਕਿ ਬਲਬੀਰ ਸਿੰਘ ਸੰਸਾਰਪੁਰ ਦਾ ਬਹੁਗੁਣਾ ਹਾਕੀ ਖਿਡਾਰੀ ਸੀ, ਜੋ ਵਿਸ਼ਵ ਪੱਧਰ ਦਾ ਹਾਫ ਬੈਕ ਮੰਨਿਆ ਗਿਆ। ਗੋਡੇ ਦੀ ਇੰਜਰੀ ਕਾਰਨ ਬੇਸ਼ੱਕ ਉਹ 23 ਸਾਲ ਦੀ ਉਮਰ ਤਕ ਹੀ ਸਰਗਰਮ ਹਾਕੀ ਖੇਡ ਸਕਿਆ, ਪਰ ਇਸ ਦੌਰਾਨ ਉਸ ਨੇ ਏਸਿ਼ਆਈ ਖੇਡਾਂ ਗੋਲਡ ਮੈਡਲ ਤੇ ਓਲੰਪਿਕ ਖੇਡਾਂ ਦਾ ਬਰਾਂਜ਼ ਮੈਡਲ ਜਿੱਤਿਆ। ਉਸ ਨੂੰ ਹਾਕੀ ਖੇਡਣ ਦਾ ਜਨੂੰਨ ਸੀ, ਜਿਸ ਦਾ ਕਿਸਮਤ ਨੇ ਪੂਰਾ ਸਾਥ ਨਾ ਦਿੱਤਾ। ਮੈਕਸੀਕੋ ਓਲੰਪਿਕਸ ਵਿਚ ਉਸ ਨੇ ਫਾਰਵਰਡ ਖਿਡਾਰੀਆਂ ਤੋਂ ਵੀ ਵੱਧ ਗੋਲ ਕੀਤੇ। ਉਹ ਕੋਚ ਵੀ ਵਧੀਆ ਸੀ ਤੇ ਟੀਮਾਂ ਦਾ ਚੋਣਕਾਰ ਵੀ ਨਿਰਪੱਖ ਸੀ। ਉਸ ਨੇ ਪੰਜਾਬ ਹਾਕੀ ਦੀ ਬਿਹਤਰੀ ਲਈ ਪਰਗਟ ਸਿੰਘ ਨੂੰ ਪੂਰਾ ਸਹਿਯੋਗ ਦਿੱਤਾ। ਜਦੋਂ ਪਰਗਟ ਸਿੰਘ ਖੇਡ ਵਿਭਾਗ ਪੰਜਾਬ ਦਾ ਡਾਇਰੈਕਟਰ ਸੀ ਤਾਂ ਉਹ ਬਲਬੀਰ ਸਿੰਘ ਦੀਆਂ ਸਲਾਹਾਂ ਲੈਂਦਾ ਰਹਿੰਦਾ ਸੀ। ਬਲਬੀਰ ਸਿੰਘ ਦੀ ਸਵੈ-ਜੀਵਨੀ ਨੂੰ ਐਫ. ਆਈ. ਐਚ. ਦੇ ਤਤਕਾਲੀ ਮੁਖੀ ਲੀਐਂਡਰੋ ਨੀਗਰੇ ਨੇ ਵੀ ਸਲਾਹੁੰਦਿਆਂ ਲਿਖਿਆ ਸੀ ਕਿ ਇਹ ਹਾਕੀ ਦੇ ਨਵੇਂ ਖਿਡਾਰੀਆਂ ਨੂੰ ਉਤਸ਼ਾਹਿਤ ਕਰੇਗੀ।
ਬਲਬੀਰ ਜਿ਼ਕਰ ਕਰਦਾ ਹੈ ਕਿ ਮੈਕਸੀਕੋ ਓਲੰਪਿਕ ਖੇਡਣ ਵਾਲੀ ਭਾਰਤੀ ਹਾਕੀ ਟੀਮ ਵਿਚ 18 ਖਿਡਾਰੀਆਂ ‘ਚੋਂ ਤਿੰਨ ਬਲਬੀਰਾਂ ਸਮੇਤ 13 ਖਿਡਾਰੀ ਸਿੰਘ ਸਨ। ਮੈਚਾਂ ਦੀ ਕਵਰੇਜ ਕਰ ਰਹੇ ਮੀਡੀਏ ਨੂੰ ਭੁਲੇਖਾ ਲੱਗਦਾ ਰਹਿੰਦਾ ਸੀ ਕਿ ਕਿਹੜੇ ਸਿੰਘ ਦਾ ਕਿਹੜਾ ਨਾਂ ਲਿਖਿਆ ਜਾਵੇ, ਕਿਉਂਕਿ ਜੂੜਿਆਂ ‘ਤੇ ਰੁਮਾਲ ਬੰਨ੍ਹੀ ਸਾਰੇ ਇਕੋ ਜਿਹੇ ਹੀ ਲੱਗਦੇ ਸਨ! ਖਿਡਾਰੀਆਂ ਦੇ ਨਾਂ ਪ੍ਰਿਥੀਪਾਲ ਸਿੰਘ, ਗੁਰਬਖਸ਼ ਸਿੰਘ, ਧਰਮ ਸਿੰਘ, ਬਲਬੀਰ ਸਿੰਘ ਫੌਜ, ਅਜੀਤਪਾਲ ਸਿੰਘ, ਹਰਮੀਕ ਸਿੰਘ, ਜਗਜੀਤ ਸਿੰਘ, ਬਲਬੀਰ ਸਿੰਘ ਰੇਲਵੇ, ਬਲਬੀਰ ਸਿੰਘ ਪੁਲਿਸ, ਹਰਬਿੰਦਰ ਸਿੰਘ, ਇੰਦਰ ਸਿੰਘ, ਤਰਸੇਮ ਸਿੰਘ ਤੇ ਗੁਰਬਖਸ਼ ਸਿੰਘ ਸਨ। ਬਲਬੀਰ ਸਿੰਘ ਨੇ ਇਹ ਵੀ ਲਿਖਿਆ ਹੈ ਕਿ ਸੰਸਾਰਪੁਰ ਦੀ ਕੁੱਲ ਆਬਾਦੀ 4200 ਹੈ। ਸੰਸਾਰਪੁਰੀਆਂ ‘ਚੋਂ 14 ਓਲੰਪੀਅਨ, 15 ਇੰਟਰਨੈਸ਼ਨਲ, 90 ਨੈਸ਼ਨਲ, 49 ਯੂਨੀਵਰਸਿਟੀ ਲੈਵਲ, 112 ਕਾਲਜ ਲੈਵਲ, 97 ਫੌਜੀ ਟੀਮਾਂ ਅਤੇ 90 ਖਿਡਾਰੀ ਕਲੱਬ ਟੀਮਾਂ ਵਿਚ ਖੇਡ ਚੁਕੇ ਹਨ। ਸੰਸਾਰਪੁਰ ਨੂੰ ਹਾਕੀ ਦਾ ਘਰ ਨਾ ਕਿਹਾ ਜਾਵੇ ਤਾਂ ਕੀ ਕਿਹਾ ਜਾਵੇ?