ਭਾਰਤੀ ਹਾਕੀ ਦਾ ਸ਼ਾਰਪ-ਸ਼ੂਟਰ ਖਿਡਾਰੀ: ਸੁਰਿੰਦਰ ਸਿੰਘ ਸੋਢੀ

ਇਕਬਾਲ ਸਿੰਘ ਜੱਬੋਵਾਲੀਆ
ਫੋਨ: 917-375-6395

“ਰੱਬ ਦੀ ਰਹੀ ਮੇਹਰ ਸਦਾ,
ਉਚਾ ਰੁਤਬਾ ਹਾਕੀ ‘ਚ ਪਾ ਲਿਆ ਏ।
ਹਾਕੀ ਦੀ ਜਾਦੂਗਰੀ ਨਾਲ,
ਕਰੋੜਾਂ ਪ੍ਰੇਮੀਆਂ ਨੂੰ ਗਲ ਲਾ ਲਿਆ ਏ।
ਹਾਕੀ ਨੂੰ ‘ਇਕਬਾਲ ਸਿੰਹਾਂ’ ਚਾਰ ਚੰਨ ਲਾਏ,
ਭਾਰਤੀ ਹਾਕੀ ‘ਚ ਸੋਢੀ ਛਾ ਗਿਆ ਏ।

ਭਾਰਤੀ ਹਾਕੀ ਦੇ ਜਰਨੈਲ ਸ. ਸੁਰਿੰਦਰ ਸਿੰਘ ਸੋਢੀ ਦਾ ਖੇਡ ਜਗਤ ਵਿਚ ਵੱਡਾ ਨਾਂ ਹੈ। ਜਦੋਂ ਹਾਕੀ ਦੀ ਗੱਲ ਚਲਦੀ ਹੈ ਤਾਂ ਉਨ੍ਹਾਂ ਦਾ ਨਾਂ ਆਪ ਮੁਹਾਰੇ ਮੂੰਹ ‘ਤੇ ਆ ਜਾਂਦੈ। ਹਾਕੀ ਵਾਲਾ ਸੋਢੀ ਉਹ ਨਾਂ ਹੈ, ਜਿਸ ਨੇ ਖੇਡ ਮੈਦਾਨਾਂ ‘ਚ ਵਿਰੋਧੀਆਂ ਦੇ ਛੱਕੇ ਛੁਡਾਏ ਅਤੇ ਕੌਮੀ ਤੇ ਕੌਮਾਂਤਰੀ ਖੇਡਾਂ ਵਿਚ ਧੁੰਮਾਂ ਪਾਈ ਰੱਖੀਆਂ। ਕਦੇ ਉਹ ਪ੍ਰਤੀਨਿਧ ਬਣ ਖੇਡਿਆ, ਕਦੇ ਕਪਤਾਨ ਬਣ ਕੇ ਭਾਰਤੀ ਟੀਮ ਦੀ ਕਮਾਂਡ ਸਾਂਭੀ ਤੇ ਗੋਲਡ ਮੈਡਲਾਂ ਨਾਲ ਭਾਰਤ ਦੀਆਂ ਝੋਲੀਆਂ ਭਰੀਆਂ। 1980 ‘ਚ ਉਹਦੇ ਨਾਂ ਦੀ ਪੂਰੀ ਧਾਂਕ ਸੀ। ਅਖਬਾਰਾਂ, ਰਸਾਲਿਆਂ ਤੇ ਟੈਲੀਵਿਜ਼ਨ ‘ਤੇ ਪੂਰੀ ਤਰਥੱਲੀ ਮੱਚੀ। ਮੀਡੀਏ ਵਾਲੇ ਉਹਨੂੰ ਗੋਲ-ਗੈਟਰ, ਬਰੇਨੀ-ਪਲੇਅਰ, ਸ਼ਾਰਪ-ਸ਼ੂਟਰ ਤੇ ਹੋਰ ਪਤਾ ਨਹੀਂ ਕੀ ਕੀ ਖਿਤਾਬਾਂ ਨਾਲ ਨਿਵਾਜ਼ਦੇ ਰਹੇ। ਤੇ ਕਈਆਂ ਨੇ ਉਹਨੂੰ ਭਾਰਤੀ ਹਾਕੀ ਦਾ ਟਾਈਗਰ ਕਿਹਾ।
ਕੁਦਰਤ ਹਮੇਸ਼ਾ ਉਸ ਦੇ ਅੰਗ-ਸੰਗ ਰਹੀ। ਨਿਗ੍ਹਾ ਸਵੱਲੀ ਨਾਲ ਤੁਫਾਨਾਂ ਵਾਂਗ ਸ਼ੂਕਦਾ, ਚੜ੍ਹਾਈਆਂ ਚੜ੍ਹਦਾ ਬੜੀਆਂ ਬੜੀਆਂ ਚੋਟੀਆਂ ਸਰ ਕਰਦਾ ਅੱਗੇ ਨਿਕਲਦਾ ਗਿਆ। 1980 ਦੇ ਮਾਸਕੋ ਓਲੰਪਿਕਸ ਮੁਕਾਬਲਿਆਂ ‘ਚੋਂ ਗੋਲਡ ਮੈਡਲ ਜਿੱਤਣ ਲਈ 15 ਗੋਲ ਕਰਨ ਦਾ ਸਿਹਰਾ ਉਸ ਦੇ ਸਿਰ ਬੱਝਾ। (16 ਸਾਲਾਂ ਪਿਛੋਂ ਭਾਰਤੀ ਹਾਕੀ ਟੀਮ ਸੋਨ ਤਮਗੇ ਦੀ ਹੱਕਦਾਰ ਬਣੀ। ਹੁਣ ਤੱਕ ਦੇ ਹੋ ਚੁਕੇ ਚੈਂਪੀਅਨ ਮੁਕਾਬਲਿਆਂ ਵਿਚੋਂ ਭਾਰਤੀ ਹਾਕੀ ਟੀਮ ਨੂੰ ਉਹਦੀ ਕਪਤਾਨੀ ਹੇਠ ਵਿਸ਼ਵ-ਵਿਜੇਤਾ ਹੋਣ ਦਾ ਮਾਣ ਪ੍ਰਾਪਤ ਹੋਇਐ।) ਅਖੀਰ ਵਿਚ ਉਨ੍ਹਾਂ ਦਾ ਸਪੇਨ ਨਾਲ ਭੇੜ ਹੋਇਆ ਤੇ ਟੀਮ ‘ਚ ਖੇਡਦੇ ਚਾਰ ਜੂੜਿਆਂ ਵਾਲਿਆਂ ਵਿਚੋਂ ਪਹਿਲੇ ਦੋ ਗੋਲ ਸ. ਸੋਢੀ ਨੇ ਕੀਤੇ। ਭਾਰਤੀ ਹਾਕੀ ਦੇ ਇਤਿਹਾਸ ਵਿਚ ਇਹ ਪੱਕੀ ਮੋਹਰ ਲੱਗ ਚੁਕੀ ਹੈ ਕਿ ਸਭ ਤੋਂ ਘੱਟ ਸਮੇਂ ‘ਚ ਲਗਾਤਾਰ ਤਿੰਨ ਗੋਲ ਕਰਕੇ ਹੈਟ੍ਰਿਕ ਬਣਾਉਣ ਦਾ ਰਿਕਾਰਡ ਹਾਲੇ ਤੱਕ ਕਿਸੇ ਤੋਂ ਨਹੀਂ ਟੁੱਟਾ । ‘ਬੈਸਟ ਸਕੋਰਰ’ ਦਾ ਖਿਤਾਬ ਪ੍ਰਾਪਤ ਕਰਕੇ ਭਾਰਤੀ ਤਿਰੰਗੇ ਨੂੰ ਮਾਣ ਬਖਸ਼ਿਆ। 15 ਗੋਲ ਕਰਨ ਦਾ ਰਿਕਾਰਡ ਪਹਿਲਾਂ ਹਾਕੀ ਦੇ ਧਨੰਤਰ ਖਿਡਾਰੀ ਸ. ਊਧਮ ਸਿੰਘ ਨੇ ਬਣਾਇਆ ਸੀ। ਉਸ ਪਿਛੋਂ ਇਹ ਮਾਣ ਸ. ਸੋਢੀ ਦੇ ਹਿੱਸੇ ਆਇਐ।
“ਕਦੇ ਰਫਤਾਰ ਦੀ ਗੱਲ,
ਕਦੇ ਦਸਤਾਰ ਦੀ ਗੱਲ।
ਖੇਡ ਮੈਦਾਨਾਂ ‘ਚ,
ਉਹਦੇ ਤੇਜ਼-ਤਰਾਰ ਦੀ ਗੱਲ।
ਖੇਡ ਫਿਜ਼ਾਵਾਂ ‘ਚ ਗੂੰਜੇ ਜੂੜੇ ਵਾਲੇ,
ਸੋਢੀ ਸਰਦਾਰ ਦੀ ਗੱਲ।”
ਉਹਦਾ ਗੋਤਰ ਤਾਂ ਛੋਕਰ ਹੈ, ਪਰ ਉਹ ਯਾਰਾਂ-ਬੇਲੀਆਂ, ਪ੍ਰਸ਼ੰਸਕਾਂ, ਖੇਡ ਪ੍ਰੇਮੀਆਂ ਤੇ ਦੁਨੀਆਂ ਦੇ ਕੋਨੇ ਕੋਨੇ ‘ਚ ਉਹ ‘ਸੋਢੀ’ ਨਾਂ ਨਾਲ ਜਾਣਿਆਂ ਜਾਂਦੈ। ਕਿਸੇ ਦੇ ਮੂੰਹੋਂ ਅਚਾਨਕ ਜਦੋਂ ‘ਸੋਢੀ’ ਨਿਕਲਦੈ ਤਾਂ ਝੱਟ ਹਾਕੀ ਖਿਡਾਰੀ ਸੁਰਿੰਦਰ ਸਿੰਘ ਛੋਕਰ (ਸੋਢੀ) ਦਾ ਚਿਹਰਾ ਦਿਲ ਦਿਮਾਗ ‘ਤੇ ਛਾ ਜਾਂਦੈ। ਕਈ ਖੇਡ ਪ੍ਰੇਮੀਆਂ ਨੇ ਤਾਂ ਬੱਚਿਆਂ ਦੇ ਨਾਂ ਸ. ਸੋਢੀ ਦੇ ਨਾਂ ‘ਤੇ ਰੱਖੇ ਹੋਏ ਨੇ।
ਸ. ਸੋਢੀ ਨੇ ਭਾਰਤ ਦੇ ਵੱਖ ਵੱਖ ਰਾਜਾਂ/ਪ੍ਰਾਤਾਂ ਵਿਚ ਖੇਡ ਦਾ ਲੋਹਾ ਮੰਨਵਾਇਆ। ਨੈਸ਼ਨਲ ਖੇਡਾਂ ‘ਚ ਉਹਦੀਆਂ ਬੇਹੱਦ ਪ੍ਰਾਪਤੀਆਂ ਹਨ। ਪੰਜਾਬ ਵਲੋਂ ਖੇਡਦਿਆਂ 1977 ‘ਚ ਮਦਰਾਸ, 1978 ‘ਚ ਮੁਦਰਾਏ, 1979 ‘ਚ ਹੈਦਰਾਬਾਦ ਅਤੇ 1980 ‘ਚ ਕਟਕ ਦੀਆਂ ਚੈਂਪੀਅਨਸ਼ਿਪਾਂ ਵਿਚ ਹਿੱਸਾ ਲਿਆ। 1981 ‘ਚ ਪੰਜਾਬ ਵਲੋਂ ਖੇਡਦਿਆਂ ਜਲੰਧਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਤੇ ਟੀਮ ਨੇ ਗੋਲਡ ਮੈਡਲ ਪ੍ਰਾਪਤ ਕੀਤਾ। ਸੁਰਿੰਦਰ ਸਿੰਘ ਸੋਢੀ ਦੀ ਕਪਤਾਨੀ ਹੇਠ 1982 ‘ਚ ਕਲਕੱਤਾ ਅਤੇ 1983 ‘ਚ ਮੇਰਠ ਨੈਸ਼ਨਲ ਹਾਕੀ ਚੈਂਪੀਅਨਸ਼ਿਪਾਂ ਖੇਡੀਆਂ ਗਈਆਂ ਤੇ ਪੰਜਾਬ ਦੀ ਝੋਲੀ ‘ਚ ਗੋਲਡ ਮੈਡਲਾਂ ਨਾਲ ਭਰੀ। ਤਿੰਨ ਸਾਲ ਲਗਾਤਾਰ ਪੰਜਾਬ ਵਲੋਂ ਖੇਡਦਿਆਂ ਜਿੱਤ ਦੀ ਹੈਟ੍ਰਿਕ ਬਣਾਈ।
1984 ‘ਚ ਨਵੀਂ ਦਿੱਲੀ ਦੀ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਪ੍ਰਤੀਨਿਧਤਾ ਕੀਤੀ ਤੇ ਕਾਂਸੀ ਦਾ ਮੈਡਲ ਜਿੱਤਿਆ। 1985 ‘ਚ ਪਾਲਘਾਟ (ਸਾਊਥ) ਹਾਕੀ ਨੈਸ਼ਨਲ ਚੈਂਪੀਅਨਸ਼ਿਪ ਮੁਕਾਬਲੇ ਵਿਚੋਂ ਪੰਜਾਬ ਲਈ ਸਿਲਵਰ ਮੈਡਲ ਜਿੱਤਿਆ। ਇਸੇ ਤਰ੍ਹਾਂ 1986 ‘ਚ ਪੰਜਾਬ ਦੀ ਟੀਮ ਨੇ ਬੰਗਲੌਰ ਦੀ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਖੇਡ ਕੇ ਕਾਂਸੀ ਦਾ ਤਮਗਾ ਜਿੱਤਿਆ।
ਕੌਮਾਂਤਰੀ ਖੇਡਾਂ ‘ਚ ਤੇਜ਼ ਤਰਾਰ ਖਿਡਾਰੀ ਦੀਆਂ ਘਰ ਘਰ ਗੱਲਾਂ ਹੋਈਆਂ। 1975 ‘ਚ ਜੁਨੀਅਰ ਹਾਕੀ ਟੀਮ ਦਾ ਮੈਂਬਰ ਬਣ ਕੇ ਯੂਰਪੀ ਦੇਸਾਂ-ਜਰਮਨੀ, ਫਰਾਂਸ ਅਤੇ ਸਪੇਨ ‘ਚ ਖੇਡਣ ਗਿਆ। 1976 ਵਿਚ ਭਾਰਤੀ ਟੀਮ ਦੀ ਪ੍ਰਤੀਨਿਧਤਾ ਕਰਕੇ ਲਾਹੌਰ ਦਾ ਕਾਇਦੇ-ਆਜ਼ਮ ਕੌਮਾਂਤਰੀ ਹਾਕੀ ਟੂਰਨਾਮੈਂਟ ਖੇਡਿਆ।
ਹਾਲੈਂਡ ਦੀ ਟੈਸਟ ਸੀਰੀਜ਼ 1977 ‘ਚ ਖੇਡੀ ਅਤੇ ਉਸੇ ਸਾਲ ਹੀ ਇੰਡੀਆ-ਪਾਕਿਸਤਾਨ ਵਿਚ ਟੈਸਟ ਸੀਰੀਜ਼ ਖੇਡੀਆਂ। 1978 ‘ਚ ਅਰਜਨਟਾਇਨਾ ਵਰਲਡ ਹਾਕੀ ਕੱਪ ਲਈ ਭਾਰਤੀ ਟੀਮ ਦੀ ਪ੍ਰਤੀਨਿਧਤਾ ਕੀਤੀ ਅਤੇ ਉਸੇ ਸਾਲ ਹੀ ਭਾਰਤੀ ਟੀਮ ਦੀ ਬੈਂਕਾਕ ਏਸ਼ੀਅਨ-ਗੇਮਜ਼ ਲਈ ਪ੍ਰਤੀਨਿਧਤਾ ਕੀਤੀ ਤੇ ਭਾਰਤ ਲਈ ਸਿਲਵਰ ਮੈਡਲ ਜਿੱਤਿਆ। ਉਹਦੀ ਕਪਤਾਨੀ ਹੇਠ ਭਾਰਤੀ ਟੀਮ ਨੇ 1979 ਦੀ ਕਰਾਚੀ ਚੈਂਪੀਅਨ ਟਰਾਫੀ ਖੇਡੀ ਤੇ ਉਸੇ ਸਾਲ ਭਾਰਤ ਵਲੋਂ ਰੂਸ ਨਾਲ ਟੈਸਟ ਸੀਰੀਜ਼ ਖੇਡੀਆਂ।
ਪਰਥ ਆਸਟ੍ਰੇਲੀਆ ਵਿਖੇ ਖੇਡੇ ਗਏ ਇੰਟਰਨੈਸ਼ਨਲ ਹਾਕੀ ਟੂਰਨਾਮੈਂਟ ਵਿਚ ਭਾਰਤੀ ਟੀਮ ਦੀ ਪ੍ਰਤੀਨਿਧਤਾ ਕੀਤੀ। ਕੁਆਲਾਲੰਪੁਰ ਮਲੇਸ਼ੀਆ ਦੇ ਕੌਮਾਂਤਰੀ ਹਾਕੀ ਟੂਰਨਾਮੈਂਟ ਵਿਚ ਭਾਰਤੀ ਟੀਮ ਵਿਚ ਖੇਡਿਆ ਅਤੇ ਦੇਸ਼ ਲਈ ਕਾਂਸੀ ਦੇ ਤਮਗੇ ਜਿੱਤੇ।
1980 ਵਿਚ ਭਾਰਤੀ ਹਾਕੀ ਟੀਮ ਵਲੋਂ ਮਾਸਕੋ ਓਲੰਪਿਕ ਖੇਡਦਿਆਂ 15 ਗੋਲ ਕਰਨ ਦਾ ਮਾਣ ਵੀ ਸ. ਸੋਢੀ ਨੂੰ ਪ੍ਰਾਪਤ ਹੋਇਆ ਤੇ ਭਾਰਤ ਲਈ ਸੋਨ ਤਮਗਾ ਜਿੱਤਿਆ ਸੀ। ਭਾਰਤੀ ਹਾਕੀ ਦੇ ਇਤਿਹਾਸ ਵਿਚ ਇਹ ਮਾਣ ਹਮੇਸ਼ਾ ਲਈ ਸ. ਸੋਢੀ ਦੇ ਨਾਂ ਦਰਜ ਹੋ ਚੁਕਾ ਹੈ।
“ਦਿਲ ਦਾ ਸਮੰੁਦਰ ਹੈ ਤੂੰ।
ਹਾਕੀ ਦਾ ਸਿਕੰਦਰ ਹੈ ਤੂੰ।
ਸਿਰ ਘੁਮਾ ਕੇ ਵੇਖ ਸਾਰੇ,
ਖੇਡ ਸ਼ੌਕੀਨਾਂ ਦੇ ਵਸਦਾ ਅੰਦਰ ਹੈ ਤੂੰ।
1981 ‘ਚ ਯੂਰਪੀ ਦੇਸ਼ਾਂ ਦੇ ਦੌਰੇ ‘ਤੇ ਜਾਣ ਵਾਲੀ ਭਾਰਤੀ ਟੀਮ ਅਤੇ ਅੱਠ ਦੇਸ਼ਾਂ ‘ਚ ਖੇਡਣ ਦੇ ਮੌਕੇ ਮਿਲੇ। ਉਸੇ ਸਾਲ ਹੀ ਲਿਆਨੋ (ਇਟਲੀ) `ਚ ਭਾਰਤ ਵਲੋਂ ਕੌਮਾਂਤਰੀ ਹਾਕੀ ਟੂਰਨਾਮੈਂਟ ਖੇਡੇ ਤੇ ਗੋਲਡ ਮੈਡਲ ਜਿੱਤਿਆ। ਉਸੇ ਸਾਲ ਭਾਰਤ-ਪਾਕਿਸਤਾਨ ਅਤੇ ਰੂਸ ਨਾਲ ਟੈਸਟ ਸੀਰੀਜ਼ ਖੇਡੀਆਂ।
ਹਾਲੈਂਡ ਵਿਖੇ ਖੇਡੀ ਗਈ ਵਰਲਡ ਹਾਕੀ ਚੈਂਪੀਅਨਜ਼ ਟਰਾਫੀ ‘ਚ ਭਾਰਤੀ ਟੀਮ ਦੀ 1982 ’ਚ ਕਪਤਾਨੀ ਕੀਤੀ ਤੇ ਬਰੌਂਨਜ਼ ਮੈਡਲ ਜਿੱਤਿਆ। ਇਹ ਮੈਡਲ ਦੁਨੀਆਂ ਦੀਆਂ ਛੇ ਤਕੜੀਆਂ ਟੀਮਾਂ ਨਾਲ ਬੜੀ ਸਖਤ ਟੱਕਰ ਨਾਲ ਜਿੱਤਿਆ ਸੀ। ਉਸੇ ਸਾਲ ਹੀ ਬੰਬਈ ਚੈਂਪੀਅਨਸ਼ਿਪ ਵਿਚ ਭਾਰਤੀ ਟੀਮ ਦੀ ਪ੍ਰਤੀਨਿਧਤਾ ਕੀਤੀ।
ਕਲਾ ਤੇ ਸ਼ੋਹਰਤ ਕਿਸੇ ਦੀ ਜ਼ਾਗੀਰ ਨਹੀਂ ਹੁੰਦੀ। ਇਹ ਪਰਮਾਤਮਾ ਦੀ ਅਪਾਰ ਕ੍ਰਿਪਾ ਨਾਲ ਬਖਸ਼ਿਸ਼ ਹੁੰਦੀ ਹੈ। ਜਿਹਦੇ ‘ਤੇ ਮਾਲਕ ਦੀ ਮਿਹਰ ਹੋ ਜਾਵੇ, ਬੱਸ ਉਹਦੇ ਵਾਰੇ-ਨਿਆਰੇ ਹੋ ਜਾਂਦੇ ਹਨ। ਜਿਵੇਂ ਸ. ਸੋਢੀ ‘ਤੇ ਬਾਬੇ ਨਾਨਕ ਦੀ ਨਿਗਾ ਸਵੱਲੀ ਰਹੀ। ਹਮੇਸ਼ਾ ਚੜ੍ਹਦੀ-ਕਲਾ ‘ਚ ਰਹਿ ਕੇ ਉਸ ਨੇ ਹਾਕੀ ਦੇ ਜੌਹਰ ਵਿਖਾਏ ਤੇ ਆਲ ਇੰਡੀਆ ਪੁਲਿਸ ਖੇਡਾਂ ਵਿਚ 15 ਸਾਲ ਪੰਜਾਬ ਪੁਲਿਸ ਵਲੋਂ ਖੇਡਿਆ ਅਤੇ 11 ਵਾਰ ਗੋਲਡ ਮੈਡਲ ਅਤੇ 4 ਵਾਰ ਸਿਲਵਰ ਮੈਡਲ ਜਿੱਤ ਕੇ ਮਹਿਕਮੇ ਦਾ ਮਾਣ ਵਧਾਇਆ।
ਚੰਗੀ ਗੇਮ ਸਦਕਾ ਸ. ਸੋਢੀ ਨੂੰ ਵਿਦੇਸ਼ੀ ਕਲੱਬਾਂ ਵਿਚ ਖੇਡਣ ਦੇ ਮੌਕੇ ਮਿਲੇ। ਆਸਟ੍ਰੇਲੀਆ ਦੇ ਮੈਲਬੌਰਨ ਅਤੇ ਪਰਥ ਸ਼ਹਿਰਾਂ ਵਿਚ ਖੇਡਿਆ। ਇਟਲੀ ਦੇ ਮਲਾਨ ਸ਼ਹਿਰ ਦੇ ‘ਚਰਨੂਸਕੋ ਹਾਕੀ ਕਲੱਬ’ ਵਿਚ ਤਿੰਨ ਸਾਲ ਖੇਡ ਕੇ ਗੋਰਿਆਂ ਦਾ ਦਿਲ ਜਿੱਤਿਆ। ਇਟਲੀ ਖੇਡਦੇ ਸਮੇਂ ਉਨ੍ਹਾਂ ਨੇ ਜਰਮਨੀ, ਹਾਲੈਂਡ, ਸਵਿਟਜ਼ਰਲੈਂਡ ਤੇ ਹੋਰ ਲਾਗੇ ਲਾਗੇ ਦੇ ਕਈ ਮੁਲਕ ਕਾਰ ਰਾਹੀਂ ਘੁੰਮੇ।
“ਕੁਦਰਤ ਵੀ ਨਿਹਾਲ ਹੁੰਦੀ,
ਹਵਾਵਾਂ ਦਾ ਜਾਵੇ ਰੁਖ ਮੋੜਦਾ।
ਸਮੁੰਦਰਾਂ ਦੀ ਨਾ ਪ੍ਰਵਾਹ ਕੀਤੀ,
ਜਾਵੇ ਬੰਨ੍ਹ ਤੋੜਦਾ।
ਸੋਢੀ ਦੀ ਹਾਕੀ ਦਾ ਕਮਾਲ ਜਾਦੂ,
ਇਤਿਹਾਸਕ ਜਾਵੇ ਪੰਨੇ ਜੋੜਦਾ।”
ਭਾਰਤੀ ਹਾਕੀ ਦਾ ਸੁਨਹਿਰੀ ਇਤਿਹਾਸ ਸਿਰਜਣ ਲਈ ਉਸ ਦਾ 1978 ਵਿਚ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨ ਕੀਤਾ ਗਿਆ। ਉਹ ਲੜਕਿਆਂ ਵਿਚੋਂ ਪਹਿਲਾ ਭਾਰਤੀ ਹਾਕੀ ਖਿਡਾਰੀ ਸੀ, ਜਿਸ ਨੂੰ ਇਹ ਮਾਣ ਪ੍ਰਾਪਤ ਹੋਇਐ। ਸ. ਸੋਢੀ ਦੇ ਨਾਲ ਹੀ ਭਾਰਤ ਦੀ ਐਥਲੈਟਿਕਸ ਵਿਚੋਂ ਪ੍ਰਤੀਨਿਧਤਾ ਕਰਨ ਵਾਲੇ ਮਹਾਭਾਰਤ ਸੀਰੀਅਲ ਵਾਲੇ ਭੀਮ ਪ੍ਰਵੀਨ ਕੁਮਾਰ ਨੂੰ ਹੈਮਰ-ਥਰੋ ਵਿਚੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਦਿੱਤਾ ਗਿਆ ਸੀ।
1994 ‘ਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਭਾਰਤ ਸਰਕਾਰ ਵਲੋਂ ਸ. ਸੋਢੀ ਨੂੰ ‘ਪੰਜਾਬ ਪੁਲਿਸ ਮੈਡਲ’ ਨਾਲ ਨਿਵਾਜ਼ਿਆ ਗਿਆ ਅਤੇ ਉਸੇ ਸਾਲ ਹੀ ਆਸਟ੍ਰੇਲੀਆ ਦੌਰੇ ‘ਤੇ ਜਾਣ ਵਾਲੀ ਜੂਨੀਅਰ ਭਾਰਤੀ ਹਾਕੀ ਟੀਮ ਨਾਲ ਬਤੌਰ ਕੋਚ ਗਏ ਤੇ 1997 ‘ਚ ਕੇਂਦਰ ਸਰਕਾਰ ਵਲੋਂ ਅਰਜਨ ਐਵਾਰਡ ਦਿੱਤਾ ਗਿਆ।
ਸਾਬਕਾ ਹਾਕ ਓਲੰਪੀਅਨ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸ. ਸੁਰਿੰਦਰ ਸਿੰਘ ਸੋਢੀ ਨੇ ਹਾਕੀ ਛੱਡਣ ਤੋਂ ਬਾਅਦ ਡੀ. ਐਸ. ਪੀ., ਐਸ. ਪੀ., ਐਸ. ਐਸ. ਪੀ. ਅਤੇ ਡੀ. ਆਈ. ਜੀ. ਅਹੁਦਿਆਂ ‘ਤੇ ਤਾਇਨਾਤ ਹੁੰਦੇ ਹੋਏ ਆਈ. ਜੀ. (ਇੰਸਪੈਕਟਰ ਜਨਰਲ ਆਫ ਪੁਲਿਸ) ਅਹੁਦੇ ਤੋਂ ਸੇਵਾ ਮੁਕਤ ਹੋਏ।
“ਮੌਕੇ ਮੌਕੇ ਸਰਕਾਰਾਂ ਨੇ ਕਦਰ ਪਾਈ।
ਉਚੇ ਅਹੁਦੇ ਨਿਵਾਜ਼ਦੇ ਰਹੇ।
ਵੱਖ ਵੱਖ ਰੁਤਬੇ ਤੋਂ ‘ਆਈ. ਜੀ.’ ਤੱਕ ‘ਸੋਢੀ’,
ਸੁਖ ਸਹੂਲਤਾਂ ਮੈਡਲ ਮੋਢੇ ਸਜਾਵਦੇ ਰਹੇ।”
ਸੇਵਾ ਮੁਕਤੀ ਪਿਛੋਂ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਉਨ੍ਹਾਂ ਨੂੰ ‘ਮੈਰੀਟੋਰੀਅਸ ਸਰਵਿਸਿਜ਼ ਮੈਡਲ’ ਦਿੱਤਾ ਗਿਆ। 2009 ‘ਚ ਡੀ. ਜੀ. ਪੀ. ਵਲੋਂ ਦਸ ਸਾਲ ਦੀ ਬੇਦਾਗ ਨੌਕਰੀ ਪ੍ਰਤੀ ਡੀ. ਜੀ. ਪੀ. ਡਿਸਕ ਭੇਟ ਕੀਤੀ ਅਤੇ ਨੌਕਰੀ ਦੌਰਾਨ ਖੂੰਖਾਰ ਕਿਸਮ ਦੇ ਲੋਕਾਂ ਨੂੰ ਨੱਥ ਪਾਉਣੀ ਜਾਂ ਮਾਫੀਆ ਕਿਸਮ ਦੇ ਖਤਰਨਾਕ ਗਿਰੋਹਾਂ ਨੂੰ ਫੜਨ ਲਈ ‘ਕਠਿਨ ਪੁਲਿਸ ਸੇਵਾ ਮੈਡਲ’ ਭੇਟ ਕੀਤਾ ਗਿਆ। ਤਿੰਨ ਸਾਲ ਦੀ ਪ੍ਰੀਮੀਅਰ ਹਾਕੀ ਲੀਗ ਵਿਚ ਸ. ਸੋਢੀ ਨੂੰ ਭਾਰਤੀ ਹਾਕੀ ਸੰਘ ਵਲੋਂ ‘ਸ਼ੇਰੇ ਜਲੰਧਰ’ ਕਲੱਬ ਦੇ ਮੈਨੇਜਰ ਦੀ ਸੇਵਾ ਸੌਂਪੀ ਗਈ ਸੀ। ਉਨ੍ਹਾਂ ਦੀ ਚੰਗੀ ਮਿਹਨਤ ਸਦਕਾ ਟੀਮ ਨੇ ਦੋ ਵਾਰ ਗੋਲਡ ਅਤੇ ਇਕ ਵਾਰ ਸਿਲਵਰ ਮੈਡਲ ਜਿੱਤਿਆ। ਇਨਾਮ ਵਜੋਂ ਟੀਮ ਨੂੰ ਦਸ ਲੱਖ ਰੁਪਿਆ ਵੀ ਦਿੱਤਾ ਗਿਆ ਸੀ।
ਭਾਰਤੀ ਹਾਕੀ ਨੂੰ ਨਵੀਆਂ ਰੂਹਾਂ ਬਖਸ਼ਣ ਵਾਲਾ ਸੁਰਿੰਦਰ ਸਿੰਘ ਸੋਢੀ ਆਪਣੀ ਖੇਡ ਜਿ਼ੰਦਗੀ ਦੀ ਕਾਮਯਾਬੀ ‘ਚ ਆਪਣੇ ਕੋਚਾਂ-ਮਾਸਟਰ ਲਹਿੰਬਰ ਦਾਸ ਪੀ. ਟੀ. ਅਤੇ ਗੁਰਚਰਨ ਸਿੰਘ ਬੋਧੀ ਦਾ ਬੜਾ ਵੱਡਾ ਹੱਥ ਸਮਝਦਾ ਹੈ। ਮੁੱਖ ਕੋਚ ਗੁਰਚਰਨ ਸਿੰਘ ਤਾਂ ਆਖਰ ਤੱਕ ਨਾਲ ਰਿਹੈ ਤੇ ਉਹਦੀ ਛਤਰ-ਛਾਇਆ ਹੇਠ ਰਹਿ ਕੇ ਬਹੁਤ ਕੁਝ ਸਿਖਿਆ। ਵਿਰੋਧੀਆਂ ਦੀਆਂ ਖੜ੍ਹੀਆਂ ਕੀਤੀਆਂ ਕੰਧਾਂ ਚੀਰਦਾ ਚਲਾ ਜਾਂਦਾ। ਗੋਲ `ਤੇ ਗੋਲ ਕਰਕੇ ਮੈਦਾਨ ਫਤਿਹ ਕਰਦਾ।
ਜੱਦੀ ਪਿੰਡ ਗੁਣਾਚੌਰ, ਜਿਲਾ ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਦੇ ਸ. ਗੁਰਬਚਨ ਸਿੰਘ ਅਤੇ ਮਾਤਾ ਸੁਰਜੀਤ ਕੌਰ (ਦੋਵੇਂ ਹੁਣ ਇਸ ਦੁਨੀਆਂ ‘ਤੇ ਨਹੀਂ ਹਨ) ਨੇ ਲਾਡਲੇ ਬੇਟੇ ਸੁਰਿੰਦਰ ਸਿੰਘ ‘ਤੇ ਬੜਾ ਮਾਣ ਕੀਤਾ, ਜਿਸ ਨੇ ਭਾਰਤ ਦੇ ਖੇਡ ਨਕਸ਼ੇ ‘ਤੇ ਪਿੰਡ ਦਾ ਨਾਂ ਰੌਸ਼ਨ ਕੀਤਾ। ਉਹ ਪੰਜ ਭਰਾ ਤੇ ਇਕ ਭੈਣ ਹਨ। ਪਰਿਵਾਰ ਵਿਚੋਂ ਸੋਢੀ ਸਭ ਤੋਂ ਛੋਟਾ ਜਰੂਰ ਹੈ, ਪਰ ਮੱਲਾਂ ਵੱਡੀਆਂ ਵੱਡੀਆਂ ਮਾਰ ਕੇ ਸਭ ਨੂੰ ਹੈਰਾਨ ਕੀਤਾ। ਪਹਿਲੀ ਅਤੇ ਦੂਜੀ ਜਮਾਤ ਦੀ ਪੜ੍ਹਾਈ ਗੁਣਾਚੌਰ ਤੋਂ ਕਰਨ ਉਪਰੰਤ ਪਰਿਵਾਰ ਸਮੇਤ ਜਲੰਧਰ ਆ ਵਸਿਆ ਸੀ।
“ਮਾਂ-ਬਾਪ ਪੱਬਾਂ ਭਾਰ ਰਹਿੰਦੇ,
ਪੁੱਤ ਦੀ ਖੇਡ ਸਰੂਰ ਹੋਵੇ।
ਖਾਣਾ ਖਾਧਾ ਕਿ ਨਹੀਂ?
ਮਾਂ ਨੂੰ ਫਿਕਰ ਜਰੂਰ ਹੋਵੇ।
ਪ੍ਰਸੰਨ ਚਿੱਤ ਮਾਪੇ ਉਡੇ ਫਿਰਨ,
ਦੁਨੀਆਂ ਵਿਚ ਪੁੱਤ ਮਸ਼ਹੂਰ ਹੋਵੇ।”
ਪੁਰਾਣੇ ਤੇ ਇਤਿਹਾਸਕ ਪਿੰਡ ਗੁਣਾਚੌਰ ਦਾ ਰਾਜਾ ਗੋਪੀ ਚੰਦ ਦਰਬਾਰ ਲਾਇਆ ਕਰਦਾ ਸੀ। ਉਚਾਈ ਵਾਲੇ ਕਿਲੇ ‘ਚ ਬਹਿ ਕੇ ਰਾਜਾ ਆਮ ਲੋਕਾਂ ਦੀਆਂ ਫਰਿਆਦਾਂ ਸੁਣਦਾ ਤੇ ਫੈਸਲੇ ਕਰਦਾ। ਹਾਥੀ ਨਾਂ ਦਾ ਬਾਜ਼ੀਗਰ ਵੀ ਰੱਖਿਆ ਹੋਇਆ ਸੀ, ਜੋ ਆਪਣੇ ਕੌਤਕ ਵਿਖਾ ਕੇ ਰਾਜੇ ਅਤੇ ਪਰਜਾ ਨੂੰ ਖੁਸ਼ ਕਰਿਆ ਕਰਦਾ ਸੀ। ਇਕ ਦਿਨ ਉਸ ਬਾਜ਼ੀਗਰ ਨੇ ਬਾਹਾਂ ਨਾਲ ਛੱਜ ਬੰਨ੍ਹ ਉਚਾਈ ਤੋਂ ਖੜ੍ਹ ਪੰਛੀਆਂ ਵਾਂਗ ਅਸਮਾਨ ‘ਚ ਉਡਿਆ ਤੇ ਥੋੜ੍ਹੀ ਦੂਰ ਲਾਲੋਮਜ਼ਾਰੇ ਕੋਲ ਜਾ ਕੇ ਡਿੱਗ ਪਿਆ ਤੇ ਮੌਤ ਹੋ ਗਈ। ਹੁਣ ਪੰਜਾਬ ਦੇ ਸਾਰੇ ਬਾਜ਼ੀਗਰ ਉਸੇ ਥਾਂ ‘ਤੇ ਹਰ ਸਾਲ ਮੇਲਾ ਲਾਉਂਦੇ ਹਨ ਤੇ ਆਪਣੀਆਂ ਕਲਾਬਾਜ਼ੀਆਂ ਵਿਖਾਉਂਦੇ ਹਨ। ਰਾਜੇ ਦਾ ਉਹ ਕਿਲਾ ਹੁਣ ਢਹਿ ਢੇਰੀ ਹੋ ਗਿਆ। ਕਿਲੇ ਦੀ ਕੋਈ ਨਿਸ਼ਾਨੀ ਜਾਂ ਇੱਟਾਂ ਵਗੈਰਾ ਹੈ ਜਾਂ ਅਲੋਪ ਹੋ ਗਈਆਂ, ਪਤਾ ਨਹੀਂ। ਇਸੇ ਪਿੰਡ ਵਿਚ ਰਾਜਾ ਸਾਹਿਬ ਮਹਾਪੁਰਸ਼ਾਂ ਦੇ ਨਾਂ ‘ਤੇ ‘ਰਾਜਾ ਸਾਹਿਬ ਸਪੋਰਟਸ ਕਲੱਬ’ ਸਥਾਪਤ ਕੀਤਾ ਹੋਇਐ। ਜਿਥੋਂ ਨਾਮਵਰ ਵੇਟ ਲਿਫਟਰ ਤੇ ਪਾਵਰ ਲਿਫਟਰ ਪੈਦਾ ਹੋਏ ਨੇ ਤੇ ਵੱਖ ਵੱਖ ਸਰਕਾਰੀ ਵਿਭਾਗਾਂ ਵਿਚ ਨੌਕਰੀਆਂ ਕਰ ਰਹੇ ਨੇ ਤੇ ਕੁਝ ਵਿਦੇਸ਼ਾਂ ‘ਚ ਬੈਠੇ ਕਲੱਬ ਦਾ ਨਾਂ ਉਚਾ ਕਰ ਰਹੇ ਨੇ।
ਰਾਜਾ ਗੋਪੀ ਚੰਦ ਦਾ ਇਤਿਹਾਸ ਅਜੋਕੀ ਨੌਜਵਾਨ ਪੀੜ੍ਹੀ ਯਾਦ ਰੱਖੇਗੀ ਜਾਂ ਨਹੀਂ, ਵੱਖਰੀ ਗੱਲ ਹੈ, ਪਰ ਭਾਰਤੀ ਹਾਕੀ ਦੀ ਜਦੋਂ ਗੱਲ ਹੋਇਆ ਕਰੇਗੀ ਤਾਂ ਖੇਡ ਮਹਿਫਿਲਾਂ ਜਾਂ ਲੋਕ-ਸੱਥਾਂ ‘ਚ ਸੁਰਿੰਦਰ ਸਿੰਘ ਸੋਢੀ ਦੀਆਂ ਬਾਤਾਂ ਜਰੂਰ ਹੋਇਆ ਕਰਨਗੀਆਂ। ਕਿਸੇ ਵੀ ਖਿੱਤੇ ਦੇ ਨਾਇਕਾਂ/ਬਹਾਦਰਾਂ ਦੀਆਂ ਬਾਤਾਂ ਲੋਕ-ਤੱਥ/ਲੋਕ-ਗੀਤ ਜਰੂਰ ਬਣ ਜਾਂਦੇ ਹਨ। ਜਿਵੇਂ ਸ. ਸੋਢੀ ਨੂੰ ਭਾਰਤੀ ਹਾਕੀ ‘ਚ ਵੱਡੀਆਂ ਪ੍ਰਾਪਤੀਆਂ ਦਾ ਨਾਇਕ ਮੰਨ ਕੇ ਗੀਤਕਾਰਾਂ ਨੇ ਕਲਮ ਚਲਾਈ, “ਹਾਕੀ ਵਿਚ ਉਚਾ ਰੁਤਬਾ ਪਾ ਲਿਆ ਸੋਢੀ ਨੇ।” ਇਹ ਗੀਤ ਜਸਵੀਰ ਗੁਣਾਚੌਰੀਏ ਨੇ ਲਿਖਿਆ ਤੇ ਗਿੱਲ ਹਰਦੀਪ ਨੇ ਗਾਇਆ। ਇਕ ਗੀਤ ਮੱਖਣ ਬਰਾੜ ਨੇ ਵੀ ਲਿਖਿਆ, “ਸੁਣੋ, ਸੁਰਿੰਦਰ ਸੋਢੀ ਨੇ ਜੋ ਮੱਲਾਂ ਮਾਰੀਆਂ ਨੇ।”
ਸ. ਸੋਢੀ ਰਾਜਾ ਸਾਹਿਬ ਮਹਾਪੁਰਸ਼ਾਂ ਦੇ ਬੜੇ ਉਪਾਸ਼ਕ ਹਨ। ਜਦੋਂ ਵੀ ਸਮਾਂ ਮਿਲਦਾ, ਮਜ਼ਾਰੇ ਰਾਜਾ ਸਾਹਿਬ ਦੇ ਦਰਬਾਰ ਜਰੂਰ ਨਤਮਸਤਕ ਹੁੰਦੇ। ਉਹ ਅੱਜ ਜੋ ਵੀ ਹਨ, ਰਾਜਾ ਸਾਹਿਬ ਦੀ ਕ੍ਰਿਪਾ ਸਮਝ ਰਹੇ ਹਨ।
“ਮਹਾਪੁਰਸ਼ਾਂ ਦੇ ਲੜ ਜੋ ਲੱਗ ਜਾਂਦੇ।
ਮੂੰਹੋਂ ਮੰਗੀਆਂ ਮੁਰਾਦਾਂ ਪਾ ਜਾਂਦੈ।
ਬਣ ਖੇਡ ਮੈਦਾਨਾਂ ਦੇ ਸ਼ੇਰ ਉਹ,
ਨਾਂ ਦੇਸ਼ ਕੌਮ ਦਾ ਚਮਕਾ ਜਾਂਦੇ।”
ਇਤਿਹਾਸ ਗਵਾਹ ਹੈ ਕਿ ਭਾਰਤੀ ਹਾਕੀ ਟੀਮ ਲਈ ਸਿਲੈਕਟ ਹੋਣ ਵਾਲਾ ਤੇ ਸਭ ਤੋਂ ਛੋਟੀ ਉਮਰ ਵਾਲਾ ਉਹ ਪਹਿਲਾ ਖਿਡਾਰੀ ਹੈ। ਜੋ ਗਿਆਰਵੀਂ ਕਲਾਸ ‘ਚ ਪੜ੍ਹਦਿਆਂ ਹੀ ਭਾਰਤੀ ਹਾਕੀ ਦੀਆਂ ਜੂਨੀਅਰ ਤੇ ਸੀਨੀਅਰ ਟੀਮਾਂ ‘ਚ ਖੇਡਣ ਲੱਗ ਪਿਆ ਸੀ। ਦੋਆਬਾ ਖਾਲਸਾ ਹਾਇਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ, ਜਲੰਧਰ ਤੋਂ ਕਰਨ ਉਪਰੰਤ ਉਚੇਰੀ ਵਿਦਿਆ ਲਾਇਲਪੁਰ ਖਾਲਸਾ ਕਾਲਜ ਤੋਂ ਪੜ੍ਹਾਈ ਕੀਤੀ ਤੇ ਜ਼ਬਰਦਸਤ ਹਾਕੀ ਵੀ ਖੇਡੀ। ਖੇਡ ਦੇ ਝੰਡੇ ਝੂਲਦੇ ਰਹੇ। ਖੇਡ ਮੈਦਾਨਾਂ ‘ਚ ਪੂਰੀ ਧਾਂਕ ਜਮ੍ਹਾਂ ਕੇ ਰੱਖੀ।
ਸ. ਸੁਰਿੰਦਰ ਸਿੰਘ ਸੋਢੀ ਦੇ ਮਿੱਤਰਾਂ ਵਿਚ ਅਜੀਤਪਾਲ ਸਿੰਘ, ਸਵ. ਸੁਰਜੀਤ ਸਿੰਘ, ਬੀ. ਪੀ. ਗੋਬਿੰਦਾ, ਅਸ਼ੋਕ ਕੁਮਾਰ (ਧਿਆਨ ਚੰਦ ਦਾ ਬੇਟਾ), ਅਸਲਮ ਸ਼ੇਰ ਖਾਨ, ਜਫਰ ਇਕਬਾਲ, ਮੁਹੰਮਦ ਸ਼ਾਹਿਦ, ਐਮ. ਕੇ. ਕੌਸ਼ਿਕ, ਦਵਿੰਦਰ ਸਿੰਘ, ਰਾਜਿੰਦਰ ਸਿੰਘ, ਗੁਰਮੇਲ ਸਿੰਘ, ਚਰਨਜੀਤ ਕੁਮਾਰ, ਡੁੰਗ ਡੁੰਗ, ਵੀ. ਵਾਸਕਰਨ ਤੇ ਹੋਰ ਨਾਮੀ ਖਿਡਾਰੀ ਸ਼ਾਮਲ ਹਨ, ਜਿਨ੍ਹਾਂ ਨਾਲ ਖੇਡਦੇ ਵੀ ਰਹੇ।
ਜੀਵਨ ਸਾਥਣ ਰਾਜਵਿੰਦਰ ਕੌਰ ਪੀਐਚ. ਡੀ. ਹੈ। ਦੋ ਬੇਟੇ-ਅਜੈਪਾਲ ਸਿੰਘ ਛੋਕਰ ਤੇ ਅਮਰਿੰਦਰ ਸਿੰਘ ਛੋਕਰ; ਵੱਡੀ ਬਹੂ ਹਿਨਾ ਛੋਕਰ ਤੇ ਛੋਟੀ ਗਗਨਦੀਪ ਕੌਰ ਛੋਕਰ ਹੈ। ਪੋਤਰੇ ਅਬਿਤਾਜ਼ ਸਿੰਘ ਛੋਕਰ ਤੇ ਅਰਵਿੰਨ ਸਿੰਘ ਛੋਕਰ ਹਨ। ਪਿਤਾ ਦੇ ਰਾਹਾਂ ‘ਤੇ ਚਲਦੇ ਬੇਟੇ ਵੀ ਖੇਡ ਮੈਦਾਨਾਂ ਵਿਚ ਕੁੱਦੇ ਸਨ। ਵੱਡਾ ਬੇਟਾ ਅਜੈਪਾਲ ਨਾਰਥ ਇੰਡੀਆ ‘ਚ ਸਕੂਲਾਂ ਦਾ ਤਕੜਾ ਬਾਸਕਿਟਬਾਲ ਖਿਡਾਰੀ ਰਿਹੈ, ਜਦੋਂ ਕਿ ਛੋਟਾ ਅਮਰਿੰਦਰ ਜੂਨੀਅਰ ਪੰਜਾਬ ਕ੍ਰਿਕਟ ਖੇਡਿਆ।
ਵਡਮੁੱਲੀਆਂ ਮੱਲਾਂ ਮਾਰਨ ਕਰਕੇ ਸ. ਸੋਢੀ ਦੀਆਂ ਦੇਸ਼-ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੇ ਪਿਆਰ ਨਾਲ ਝੋਲੀਆਂ ਭਰੀਆਂ। ਹਰ ਮੁਲਕ ਵਿਚ ਉਹਦੇ ਯਾਰ-ਬੇਲੀ ਤੇ ਪ੍ਰਸ਼ੰਸਕ ਬੈਠੇ ਹਨ। ਉਹ ਕਿਤੇ ਵੀ ਚਲਾ ਜਾਵੇ, ਹੱਥੀਂ ਛਾਂਵਾਂ ਹੁੰਦੀਆਂ ਨੇ। ਦੁਨੀਆਂ ਦੇ ਕੋਨੇ ਕੋਨੇ ‘ਚ ਹੁੰਦੇ ਟੂਰਨਾਮੈਂਟਾਂ ‘ਚ ਚਾਹੁਣ ਵਾਲੇ ਉਚੇਚੇ ਤੌਰ ‘ਤੇ ਸੱਦ ਕੇ ਪੂਰਾ ਮਾਣ-ਤਾਣ ਕਰਦੇ ਹਨ। 45 ਤੋਂ 50 ਦੇਸ਼ਾਂ ‘ਚ ਉਹ ਘੁੰਮ ਚੁਕੈ।
ਲਾਇਲਪੁਰ ਖਾਲਸਾ ਕਾਲਜ ਦੇ ਪੁਰਾਣੇ ਸਾਥੀ ਖਿਡਾਰੀ ਤੇ ਕਲਾਸਮੇਟ ਸ਼ੰਕਰੀਏ ਪਾਲੇ ਨੇ ਵੀ ਸ. ਸੋਢੀ ਨੂੰ ਸ਼ਾਂਤ-ਸੁਭਾਅ, ਯਾਰਾਂ ਦਾ ਯਾਰ ਤੇ ਤਕੜਾ ਖਿਡਾਰੀ ਦੱਸਿਆ। ਆਪਣੇ ਆਪ ਨੂੰ ਫਿੱਟ ਰੱਖਣ ਲਈ ਰੋਜ਼ਾਨਾ ਸਵੇਰੇ ਸਾਢੇ ਪੰਜ ਉਠ ਕੇ ਉਹ ਐਕਸਰਸਾਈਜ਼ ਵਗੈਰਾ ਕਰ ਕੇ ਤਿਆਰ ਹੋ ਜਾਂਦੈ। ਚਿਹਰੇ ਦੀ ਤਾਜ਼ਗੀ ਤੇ ਮੁਸਕਾਨ ਤੋਂ ਪਤਾ ਲੱਗ ਜਾਂਦੈ ਕਿ ਉਹ ਅਜੋਕੇ ਨੌਜਵਾਨਾਂ ਨਾਲੋਂ ਹਾਲੇ ਵੀ ਫਿੱਟ ਹੈ। ਘਰ ‘ਚ ਬਣੇ ਬਗੀਚੇ ‘ਚ ਖੇਡ ਕੇ ਹਾਕੀ ਦਾ ਸ਼ੌਕ ਪੂਰਾ ਕਰ ਲਿਆ ਜਾਂਦੈ। ਉਹ ਭਾਰਤੀ ਹਾਕੀ ਦੇ ਇਤਿਹਾਸ ਵਿਚ ਹਮੇਸ਼ਾ ਗੂੰਜਣ ਵਾਲਾ ਸਦਾ-ਬਹਾਰ ਖਿਡਾਰੀ ਹੈ। ਅਜਿਹੇ ਹੀਰੋ ਖਿਡਾਰੀਆਂ ‘ਤੇ ਸਾਨੂੰ, ਸਮਾਜ ਅਤੇ ਦੇਸ਼ ਕੌਮ ਨੂੰ ਹਮੇਸ਼ਾ ਮਾਣ ਰਹੇਗਾ।
“ਖਿਡਾਰੀਆਂ ਨੇ ਮਿੱਟੀ ਦੀ ਲਾਜ ਰੱਖੀ,
ਖੇਡ ਮੈਦਾਨਾਂ ‘ਚ ਹਿੱਕਾਂ ਤਾਣਦੇ ਰਹੇ।
ਭਾਰਤੀ ਹਾਕੀ ‘ਚ ਨਵਾਂ ਇਤਿਹਾਸ ਰਚ ਕੇ,
ਭਰ ਜਿ਼ੰਦਗੀ ਮੌਜਾਂ ਮਾਣਦੇ ਰਹੇ।
‘ਨੇਰੀਆਂ, ਝੱਖੜਾਂ ‘ਚ ਕੀਤੀ ਤਪੱਸਿਆ ਕਿਵੇਂ,
ਸੋਢੀ ਸੂਰਮੇ ਹਾਕੀ ਦਾ ਮੁੱਲ ਜਾਣਦੇ ਨੇ।
ਖੇਡ ਸ਼ੌਕੀਨ ‘ਜੱਬੋਵਾਲੀਏ ਇਕਬਾਲ’ ਜਿਹੇ,
ਸੁਪਰ ਸਟਾਰ ਖਿਡਾਰੀਆਂ ਦਾ ਨਿੱਘ ਮਾਣਦੇ ਨੇ।