ਅਮਰੀਕਨ ਫੌਜ ਅਫਗਾਨਿਸਤਾਨ ‘ਚੋਂ ਕਿਉਂ ਭੱਜੀ?

ਸਿ਼ਵਚਰਨ ਜੱਗੀ ਕੁੱਸਾ (ਲੰਡਨ ਤੋਂ)
ਵੱਟਸਐਪ: +447853317891
ਸੋਵੀਅਤ ਯੂਨੀਅਨ ਦੇ ਅਫਗਾਨਿਸਤਾਨ ਵਿਚ ‘ਘੁਸਣ’ ਤੋਂ ਪਹਿਲਾਂ ਅਫਗਾਨਿਸਤਾਨ ਇੱਕ ਅਮੀਰ ਅਤੇ ਖੁਸ਼ਹਾਲ ਮੁਲਕ ਸੀ। ਸ਼ਾਇਦ ਕੋਈ ਇਸ ਗੱਲ ਤੋਂ ਅਣਭਿੱਜ ਹੋਵੇ ਕਿ ਅਫਗਾਨਿਸਤਾਨ ਵਿਚ 1400 ਤੋਂ ਜਿ਼ਆਦਾ ਖਣਿੱਜ ਖੇਤਰ ਹਨ, ਜਿਨ੍ਹਾਂ ਵਿਚ ਬਰੇਟ, ਕ੍ਰੋਮਾਈਟ, ਕੋਇਲਾ, ਤਾਂਬਾ, ਸੋਨਾ, ਲੋਹਾ ਧਾਤ, ਸ਼ੀਸ਼ਾ, ਸੰਗਮਰਮਰ, ਕੁਦਰਤੀ ਗੈਸ, ਪੈਟਰੋਲੀਅਮ, ਕੀਮਤੀ ਤੇ ਅਰਧ ਕੀਮਤੀ ਪੱਥਰ, ਨਮਕ, ਸਲਫਰ, ਟੈਲਕ ਅਤੇ ਜਿ਼ੰਕ ਸ਼ਾਮਲ ਹਨ। ਰਤਨ ਪੱਥਰਾਂ ਵਿਚ ਉੱਚ ਗੁਣਵਤਾ ਵਾਲਾ ਪੰਨਾ, ਲੈਪਿਸ ਲਾਜ਼ਲੀ, ਲਾਲ ਗਾਰਨੇਟ ਅਤੇ ਰੂਬੀ ਵੀ ਸ਼ਾਮਲ ਹਨ। ਇਸ ਦੇਸ਼ ਵਿਚ ਯੂਰੇਨੀਅਮ ਵੀ ਉਪਲੱਭਦ ਹੈ, ਜੋ ਪ੍ਰਮਾਣੂ ਹਥਿਆਰ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਦੇਸ਼ ਵਿਚ ਡੋਡਿਆਂ ਦੀ ਖੇਤੀ ਵੱਡੇ ਪੱਧਰ ‘ਤੇ ਹੁੰਦੀ ਹੈ ਅਤੇ ਇਸ ਤੋਂ ਉਪਜਣ ਵਾਲੀ ਅਫੀਮ ਦੁਨੀਆਂ ਭਰ ਵਿਚ ਦੁਆਈਆਂ ਬਣਾਉਣ ਵਾਲੀਆਂ ਨਾਮੀ ਕੰਪਨੀਆਂ ਨੂੰ ਸਪਲਾਈ ਹੁੰਦੀ ਸੀ। ਦੁਨੀਆਂ ਭਰ ਵਿਚੋਂ 22% ਸੋਨੇ ਦੀ ਉਪਜ ਇਕੱਲੇ ਅਫਗਾਨਿਸਤਾਨ ਵਿਚ ਹੁੰਦੀ ਹੈ।

ਇੱਥੇ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਕੰਧਾਰ, ਗਜ਼ਨੀ ਅਤੇ ਕਾਬਲ ਦੇ ਦੇਸ਼ਾਂ ਨੇ ਖੁਰਾਸਾਨ ਅਤੇ ਸਿੰਧੂ ਦਰਮਿਆਨ ਸਰਹੱਦੀ ਖੇਤਰ ਬਣਾਇਆ। ਅਫਗਾਨ ਕਬੀਲਿਆਂ ਭਾਵ ਪਸ਼ਤੂਨ ਦੇ ਪੂਰਵਜਾਂ ਦੁਆਰਾ ਵਸੇ ਇਸ ਦੇਸ਼ ਨੂੰ ‘ਅਫਗਾਨਿਸਤਾਨ’ ਕਿਹਾ ਜਾਂਦਾ ਸੀ, ਜੋ ਸੁਲੇਮਾਨ ਪਹਾੜਾਂ ਦੇ ਆਲੇ-ਦੁਆਲੇ, ਹਿੰਦੂਕੁਸ਼ ਅਤੇ ਸਿੰਧੂ ਨਦੀ ਦੇ ਵਿਚਕਾਰ ਇੱਕ ਵਿਸ਼ਾਲ ਖੇਤਰ ਨੂੰ ਕਵਰ ਕਰਦਾ ਸੀ। 24 ਦਸੰਬਰ 1979 ਨੂੰ ਸੋਵੀਅਤ ਯੂਨੀਅਨ ਨੇ 1978 ਦੀ ਸੋਵੀਅਤ-ਅਫਗਾਨ ਦੀ ਮਿੱਤਰਤਾ ਸੰਧੀ ਨੂੰ ਬਰਕਰਾਰ ਰੱਖਣ ਦੇ ਬਹਾਨੇ ਅਫਗਾਨਿਸਤਾਨ ਉਤੇ ਹਮਲਾ ਕਰ ਦਿੱਤਾ। ਮੁਜਾਹਿਦੀਨ ਅਖਵਾਉਣ ਵਾਲੇ ਵਿਰੋਧੀਆਂ ਨੇ ਈਸਾਈ ਜਾਂ ਨਾਸਤਿਕ ਸੋਵੀਅਤ ਸੰਘ ਨੂੰ ਅਫਗਾਨਿਸਤਾਨ ਨੂੰ ਨਿਯੰਤ੍ਰਿਤ ਕਰਦਿਆਂ ਇਸਲਾਮ ਦੇ ਨਾਲ ਨਾਲ ਉਨ੍ਹਾਂ ਦੇ ਰਵਾਇਤੀ ਸੱਭਿਆਚਾਰ ਨੂੰ ਅਪਵਿੱਤਰ ਸਮਝਿਆ।
ਦਸੰਬਰ 1979 ਦੇ ਅੰਤ ਵਿਚ ਸੋਵੀਅਤ ਯੂਨੀਅਨ ਨੇ ਹਜ਼ਾਰਾਂ ਫੌਜੀਆਂ ਨੂੰ ਅਫਗਾਨਿਸਤਾਨ ਵਿਚ ਭੇਜਿਆ ਅਤੇ ਤੁਰੰਤ ਕਾਬੁਲ ਤੇ ਦੇਸ਼ ਦੇ ਵੱਡੇ ਹਿੱਸਿਆਂ ਦਾ ਪੂਰਾ ਫੌਜੀ ਅਤੇ ਰਾਜਨੀਤਕ ਨਿਯੰਤਰਣ ਗ੍ਰਹਿਣ ਕਰ ਲਿਆ। 1973 ਦੀਆਂ ਗਰਮੀਆਂ ਵਿਚ ਅਫਗਾਨਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਮੁਹੰਮਦ ਦਾਊਦ ਨੇ ਰਾਜਾ ਜ਼ਾਹਿਰ ਦੇ ਵਿਰੁੱਧ ਇੱਕ ‘ਸਫਲ’ ਤਖਤਾ ਪਲਟ ਸਰਗਰਮੀ ਸ਼ੁਰੂ ਕੀਤੀ। 24 ਦਸੰਬਰ 1979 ਤੋਂ ਲੈ ਕੇ 15 ਫਰਵਰੀ 1989 ਤੱਕ ਕੀਤੇ ਯੁੱਧ ਦੌਰਾਨ ਸੋਵੀਅਤ ਬੁਰੀ ਤਰ੍ਹਾਂ ਅਸਫਲ ਹੋਇਆ ਅਤੇ ਅਫਗਾਨ ਮੁਜਾਹਿਦੀਨ ਦੀ 1988 ਦੇ ਜਨੇਵਾ ਸਮਝੌਤੇ ਅਨੁਸਾਰ ਜਿੱਤ ਹੋਈ, ਪਰ ਸਮਝੌਤੇ ਅਨੁਸਾਰ ਸੋਵੀਅਤ ਫੌਜਾਂ ਦੀ ਵਾਪਸੀ ਉਪਰੰਤ ਅਫਗਾਨਿਸਤਾਨ ਵਿਚ ਘਰੇਲੂ ਯੁੱਧ ਛਿੜ ਗਿਆ, ਜੋ ਅੱਜ ਤੱਕ ਨਿਰੰਤਰ ਜਾਰੀ ਹੈ।
ਅਫਗਾਨਿਸਤਾਨ ਵਿਚ ਅਮਰੀਕਾ ਦਾ ਦਾਖਲਾ ਓਸਾਮਾ ਬਿਨ ਲਾਦੇਨ ਕਰ ਕੇ ਹੋਇਆ ਸੀ ਅਤੇ ਰੂਸ ਅਮਰੀਕਾ ਦੇ ‘ਸੀਤ ਯੁੱਧ’ ਵੀ ਇਸ ਦੇਸ਼ ਦਾ ਹੀ ਹਿੱਸਾ ਸੀ। ਜਦ ਇਨ੍ਹਾਂ ਨੇ ਓਸਾਮਾ ਬਿਨ ਲਾਦੇਨ ਨੂੰ ਖਤਮ ਕਰ ਦਿੱਤਾ ਤਾਂ ਇਨ੍ਹਾਂ ਦਾ ਕਾਰਜ ਵੀ ਇੱਕ ਤਰ੍ਹਾਂ ਨਾਲ ਖਤਮ ਹੋ ਗਿਆ। ਅਮਰੀਕਾ ਦੇ ਅਫਗਾਨਿਸਤਾਨ ‘ਚ ਜਾਣ ਤੋਂ ਪਹਿਲਾਂ ਵੀ ਤਾਲਿਬਾਨ ਕਾਬਜ਼ ਸਨ ਅਤੇ ਹੁਣ ਇਨ੍ਹਾਂ ਦੀਆਂ ਫੌਜਾਂ ਨਿਕਲਣ ਤੋਂ ਬਾਅਦ ਵੀ ਤਾਲਿਬਾਨ ਦਾ ਰਾਜ ਹੋ ਗਿਆ। ਅਮਰੀਕਾ ਨੇ ਤਾਂ ਕਰੀਬ ਵੀਹ ਸਾਲ ਅਫਗਾਨਿਸਤਾਨ ਦੀ ‘ਸਰਕਾਰ’ ਬਣਾ ਕੇ ਵੀ ਚਲਾਈ। ਹੁਣ ਸ਼ਾਇਦ ਤਾਲਿਬਾਨ ਇਸ ਦੇਸ਼ ਨੂੰ ਚਲਾ ਲੈਣਗੇ। ਚਰਚਾ ਹੈ ਕਿ ਤਾਲਿਬਾਨ ਨੇ ਆਉਣਸਾਰ ਅਫਗਾਨਿਸਤਾਨ ਦਾ ਨਾਂ ਬਦਲਣ ਦਾ ਨਿਰਣਾ ਵੀ ਕਰ ਲਿਆ ਹੈ।
ਘਰੇਲੂ ਜੰਗ ਜਿੱਤਣੀ ਹਮੇਸ਼ਾ ਔਖੀ ਹੁੰਦੀ ਹੈ। ਮਨੋਵਗਿਆਨੀ ਦੱਸਦੇ ਹਨ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਉਨ੍ਹਾਂ ਦੇ ਆਪਣੇ ਸਕੇ ਸਬੰਧੀਆਂ ਤੋਂ ਡਰਾ ਧਮਕਾ ਕੇ ਜਾਂ ਮਜਬੂਰ ਕਰ ਕੇ ਵਕਤੀ ਤੌਰ ‘ਤੇ ਪਾਸੇ ਕਰਦੇ ਹੋ, ਇੱਕ ਨਾ ਇੱਕ ਦਿਨ ਉਹ ਤੁਹਾਡੇ ਤੋਂ ਬਾਗੀ ਹੋ ਕੇ, ਅਤੇ ਤੁਹਾਡੀ ਹਿੱਕ ‘ਤੇ ਪੈਰ ਧਰ ਕੇ ਆਪਣਿਆਂ ਨੂੰ ਗਲਵੱਕੜੀ ਪਾਉਣ ਲੱਗੇ ਪਲ ਨਹੀਂ ਲਾਉਣਗੇ। ਹੁਣ ਅਫਗਾਨ ਦੇ ਆਮ ਲੋਕਾਂ ਨੂੰ ਇੱਕ ਚਿੰਤਾ ਸਤਾ ਰਹੀ ਹੈ ਕਿ ਸਭ ਤੋਂ ਭੈੜ੍ਹੀਆਂ ਘਟਨਾਵਾਂ ਮਾਸੂਮ ਅਤੇ ਬੇਕਸੂਰ ਮੁਟਿਆਰਾਂ ਨਾਲ ਹੋਣਗੀਆਂ। ਉਨ੍ਹਾਂ ਦੇ ਸਮੂਹਿਕ ਬਲਾਤਕਾਰ ਕੀਤੇ ਜਾਣਗੇ ਅਤੇ ਬਹੁਤ ਸਾਰੇ ਮਾਸੂਮ ਲੋਕ ਨਮੋਸ਼ੀ ਦੇ ਮਾਰੇ ਖੁਦਕਸ਼ੀ ਕਰ ਲੈਣਗੇ। ਬਹੁਤ ਸਾਰੀਆਂ ਕੁੜੀਆਂ ਬਲਾਤਕਾਰ ਦੇ ਡਰ ਕਾਰਨ ਆਪਣੇ ਹੀ ਮਾਪਿਆਂ ਹੱਥੋਂ ਮਾਰੀਆਂ ਜਾਣਗੀਆਂ। ਅਮਰੀਕਾ ਨੇ ਅਰਬਾਂ ਡਾਲਰ ਬਰਬਾਦ ਕੀਤੇ ਅਤੇ ਦੋ ਦੇਸ਼ਾਂ ਨੂੰ ਤਬਾਹ ਕਰ ਦਿੱਤਾ, ਪਰ ਹਾਸਲ ਕੱਖ ਵੀ ਨਾ ਹੋਇਆ।
ਤਾਲਿਬਾਨ ਦੇ ਅਫਗਾਨਿਸਤਾਨ ‘ਤੇ ਕਬਜੇ ਨੂੰ ਇਉਂ ਪੇਸ਼ ਕੀਤਾ ਜਾ ਰਿਹਾ ਹੈ, ਜਿਵੇਂ ਉਨ੍ਹਾਂ ਨੇ ਅਮਰੀਕਾ ਜਿੱਤ ਲਿਆ ਹੋਵੇ। ਬਹੁਤ ਘੱਟ ਮੌਕੇ ਅਜਿਹੇ ਹੁੰਦੇ ਨੇ, ਜਿੱਥੇ ਅਮਰੀਕਾ ਦੀ ਮਰਜ਼ੀ ਦੇ ਖਿਲਾਫ ਕੁਝ ਵਾਪਰਦਾ ਹੋਵੇ! ਅਮਰੀਕਾ ਦੀ ਮਰਜ਼ੀ ਤੋਂ ਬਿਨਾ ਕੁਝ ਹੋ ਵੀ ਜਾਵੇ ਤਾਂ ਅਮਰੀਕਾ ਬਹੁਤਾ ਚਿਰ ਉਹ ਸਥਿਤੀ ਰਹਿਣ ਨਹੀਂ ਦਿੰਦਾ। ਅਮਰੀਕਾ ਦੀ ਫੌਜੀ ਤਾਕਤ ਅਸੀਮ ਹੈ। ਅਫਗਾਨਿਸਤਾਨ ਵਿਚ ਦਸ-ਵੀਹ ਹਜ਼ਾਰ ਫੌਜੀ ਬਿਠਾ ਕੇ ਰੱਖਣਾ ਅਮਰੀਕਾ ਵਾਸਤੇ ਕੋਈ ਵੱਡੀ ਗੱਲ ਨਹੀਂ। ਦੁਨੀਆਂ ਭਲੀਭਾਂਤ ਸੱਚਾਈ ਜਾਣਦੀ ਹੈ ਕਿ ਅਮਰੀਕਾ ਦਾ ਤਾਲਿਬਾਨ ਨਾਲ ਕੋਈ ਅੰਦਰੂਨੀ ਸਮਝੌਤਾ ਹੋਇਆ ਅਤੇ ਤਾਲਿਬਾਨ ਅਮਰੀਕਾ ਦੇ ਇਸ਼ਾਰੇ ‘ਤੇ ਹੀ ਅਫਗਾਨਿਸਤਾਨ ਉਪਰ ਕਾਬਜ ਹੋਇਆ ਹੈ। ਕਿਉਂ ਹੋਇਆ ਹੈ? ਇਸ ਦੇ ਅਸਲ ਕਾਰਨ ਆਉਣ ਵਾਲੇ ਸਮੇਂ ਵਿਚ ਸਪੱਸ਼ਟ ਹੋਣਗੇ। ਸਾਡਾ ਇਹ ਮੰਨਣਾ ਹੈ ਕਿ ਅਮਰੀਕਾ ਨੇ ਜਿਹੜਾ ਇਹ ਜਿੰਨ ਕੱਢ ਕੇ ਦਿਖਾਇਆ, ਇਹ ਦੱਖਣੀ ਏਸ਼ੀਆ ਦੀਆਂ ਵੱਡੀਆਂ ਤਾਕਤਾਂ ਦੀ ਸਿਰਦਰਦੀ ਬਣੇਗਾ। ਕਿਸੇ ਕੋਲੋਂ ਲੁਕਿਆ ਛੁਪਿਆ ਨਹੀਂ ਕਿ ਅਫਗਾਨਿਸਤਾਨ ਦਾ ਮੌਜੂਦਾ ਹਾਕਮ ਅਬਦੁਲ ਗਨੀ ਬਰਾਦਰ ਅਮਰੀਕਾ ਨੇ ਖੁਦ 2018 ਵਿਚ ਪਾਕਿਸਤਾਨ ਦੀ ਜੇਲ੍ਹ ਵਿਚੋਂ ਛੁਡਵਾਇਆ ਸੀ।
ਚਾਹੇ ਸਾਰੀ ਦੁਨੀਆਂ ਤਬਾਹ ਹੋ ਜਾਵੇ, ਪਰ ਅਮਰੀਕਾ ਕਦੇ ਇਹ ਨਹੀਂ ਚਾਹੇਗਾ ਕਿ ਹਾਂਗ ਕਾਂਗ ਤੇ ਚੀਨ ਅਫਗਾਨਿਸਤਾਨ ਦੇ ਰਸਤੇ ਭਾਰਤ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਨਾਲ ਵਪਾਰ ਕਰਨ। ਜੇ ਵਪਾਰ ਚੱਲੇਗਾ ਤਾਂ ਦੇਸ਼ਾਂ ਦੀ ਆਪਸ ਵਿਚ ਸਾਂਝ ਤਾਂ ਵਧੇਗੀ ਹੀ, ਨਾਲ ਦੀ ਨਾਲ ਖੁਸ਼ਹਾਲੀ ਵੀ ਆਵੇਗੀ। ਇਸ ਲਈ ਅਫਗਾਨਿਸਤਾਨ ਦੇ ਬੇਕਸੂਰ ਲੋਕਾਂ ਨੂੰ ਬਲਦੀ ਦੇ ਬੁੱਥੇ ਝੋਕਣਾ ਅਤੇ ਉਥੋਂ ਦੀ ਸ਼ਾਂਤੀ ਦੀ ਬਲੀ ਦੇਣੀ ਜ਼ਰੂਰੀ ਸੀ। ਜੇ ਅਫਗਾਨਿਸਤਾਨ ਵਿਚ ਦਹਿਸ਼ਤ ਵਾਲਾ ਮਾਹੌਲ ਹੋਵੇਗਾ ਤਾਂ ਕੋਈ ਵੀ ਦੇਸ਼ ਸੜਕੀ ਰਸਤੇ ਵਪਾਰ ਕਰਨ ਦੀ ਹਿੰਮਤ ਨਹੀਂ ਕਰੇਗਾ। ਚੀਨ, ਭਾਰਤ, ਪਾਕਿਸਤਾਨ ਅਤੇ ਹੋਰ ਦੇਸ਼ਾਂ ਦਾ ਆਪਸੀ ਵਪਾਰ ਠੱਪ ਰਹੇਗਾ ਅਤੇ ਲੋਕ ਭੁੱਖਮਰੀ ਤੇ ਗਰੀਬੀ ਨਾਲ ਜੁੱਤੀਓ-ਜੁੱਤੀ ਰਹਿਣਗੇ। ਇਹ ਵੀ ਗੱਲ ਭੁੱਲਣ ਵਾਲੀ ਨਹੀਂ ਕਿ ਅਫਗਾਨਿਸਤਾਨ ‘ਤੇ ਕਾਬਜ ਹੋ ਕੇ ਤਾਲਿਬਾਨ ਹੋਰ ‘ਕੱਟੜਪੰਥੀ’ ਸੰਗਠਨਾਂ ਨੂੰ ਹਵਾ ਦੇਵੇਗਾ, ਇਸ ਨਾਲ ਖਾਸ ਤੌਰ ‘ਤੇ ਪਾਕਿਸਤਾਨ ਲਈ ਵੱਡੀ ਮੁਸੀਬਤ ਖੜ੍ਹੀ ਹੋ ਸਕਦੀ ਹੈ। ਹੁਣ ਤਾਲਿਬਾਨ ਦੀ ਜਿੱਤ ‘ਤੇ ਖੁਸ਼ੀਆਂ ਮਨਾਉਣ ਵਾਲੇ ਕੀ ਇਹ ਭੁੱਲ ਗਏ ਕਿ ਕੁੜੀਆਂ ਨੂੰ ਪੜ੍ਹਨ ਦੀ ਮਨਾਹੀ, ਜੋ ਬੁਰਕੇ ਤੋਂ ਬਗੈਰ ਬਾਹਰ ਨਿਕਲੇ ਸਿਰ ਕਲਮ, ਕੋਈ ਔਰਤ ਦੋ ਮਿੰਟ ਤੋਂ ਜਿ਼ਆਦਾ ਬਾਹਰ ਜਾਵੇ ਤਾਂ ਉਸ ਦੇ ਪਤੀ ਦਾ ਨਾਲ ਹੋਣਾ ਜ਼ਰੂਰੀ, ਔਰਤ ਬਿਮਾਰ ਜਾਂ ਗਰਭਵਤੀ ਹੋਵੇ ਉਸ ਦਾ ਇਲਾਜ ਔਰਤ ਹੀ ਕਰ ਸਕਦੀ ਹੈ। ਜਦ ਕੁੜੀਆਂ ਨੂੰ ਦਸਵੀਂ ਤੋਂ ਵੱਧ ਪੜ੍ਹਨ ਦਾ ਹੁਕਮ ਹੀ ਨਹੀਂ, ਡਾਕਟਰ ਕਿੱਥੋਂ ਬਣਗੀਆਂ? ਇਨ੍ਹਾਂ ਹਾਲਾਤਾਂ ਵਿਚ ਜੇ ਬਿਮਾਰ ਜਾਂ ਗਰਭਵਤੀ ਔਰਤਾਂ ਆਪਣੀ ਜਾਨ ਨਹੀਂ ਗੁਆਉਣਗੀਆਂ ਤਾਂ ਹੋਰ ਕੀ ਹੋਵੇਗਾ?
“ਅਫਗਾਨਿਸਤਾਨ ਵਿਚ ਵਾਪਰ ਰਹੀਆਂ ਦੁਖਦਾਈ ਘਟਨਾਵਾਂ ਨੂੰ ਡੂੰਘੀ ਉਦਾਸੀ ਨਾਲ ਵੇਖ ਰਹੇ ਹਾਂ!” ਜਿਹੇ ਲਫਜ਼ ਆਖ ਕੇ 2001 ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਫੌਜੀ ਦਖਲ ਨੂੰ ਅਧਿਕਾਰਤ ਕੀਤਾ ਸੀ। ਸੰਯੁਕਤ ਰਾਜ ਨੇ ਅਫਗਾਨਿਸਤਾਨ ਵਿਚ ਸੰਘਰਸ਼ ਨੂੰ ਇੱਕ ਸੀਤ ਯੁੱਧ ਦੇ ਰੂਪ ਵਿਚ ਦੇਖਿਆ ਅਤੇ ਸੀ. ਆਈ. ਏ. ਨੇ ਪਾਕਿਸਤਾਨੀ ਖੁਫੀਆ ਸੇਵਾਵਾਂ ਦੁਆਰਾ ਵਿਰੋਧੀ ਮੁਜਾਹਿਦੀਨ ਵਿਦਰੋਹੀਆਂ ਨੂੰ ਆਪਰੇਸ਼ਨ ਚੱਕਰਵਾਤ ਨਾਮਕ ਵਿਚ ਸਹਾਇਤਾ ਪ੍ਰਦਾਨ ਕੀਤੀ, ਪਰ ਹੁਣ ਰਾਤੋ ਰਾਤ ਜੁੱਲੀ ਬਿਸਤਰਾ ਚੁੱਕ ਅਫਗਾਨੀਆਂ ਨੂੰ ਤਾਲਿਬਾਨਾਂ ਦੇ ਰਹਿਮ ‘ਤੇ ਛੱਡ ਕੇ ਭੱਜਣ ਵਾਲੀ ਨੀਅਤ ਕਿਸ ਪਾਸੇ ਵੱਲ ਨੂੰ ਇਸ਼ਾਰਾ ਕਰਦੀ ਹੈ, ਦੁਨੀਆਂ ਬਹੁਤ ਜਲਦੀ ਦੇਖੇਗੀ।