ਤੜਕੇ ਵਾਲੀ ਦਾਲ

ਅਵਤਾਰ ਗੋਂਦਾਰਾ
ਫੋਨ: 559-375-2589
ਤੜਕਾ ਸਿਰਫ ਜੀਭ ਦਾ ਸੁਆਦ ਨਹੀਂ, ਇਹ ਸਮਰਿੱਧੀ ਅਤੇ ਰੁਤਬੇ ਦਾ ਖਲਾਇਕ ਵੀ ਹੈ। ਕਈ ਬਜ਼ੁਰਗਾਂ ਨੂੰ ਦੇਖਿਐ, ਉਹ ਆਪਣੀ ਚਾਹ ਨੂੰ ਦੇਸੀ ਘਿਊ ਦਾ ਤੜਕਾ ਲਾਉਂਦੇ ਸੀ। ਅੱਜ ਕੱਲ੍ਹ ਰੇਸਤਰਾਂ ਵਿਚ ਮਿਲਦੀ ‘ਦਾਲ ਮੱਖਣੀ’ ਤਾਂ ਥੋੜ੍ਹੇ ਦਿਨਾਂ ਦੀ ਗੱਲ ਹੈ। ਤੜਕੇ `ਚ ਭੁੱਜਦੇ ਲਸਣ-ਅਦਰਕ ਦੀ ਮਹਿਕ ਜਦੋਂ ਆਂਢ-ਗੁਆਂਢ ਫੈਲ ਜਾਵੇ ਤਾਂ ਸਮਝਿਆ ਜਾਂਦਾ ਹੈ ਕਿ ਘਰ ਵਿਚ ਜਸ਼ਨ ਦਾ ਮਾਹੌਲ ਹੈ। ਇਸ ਵਿਚ ਮਹਿਮਾਨ ਨਿਵਾਜੀ ਦੀ ਖੁਸ਼ਬੂ ਵੀ ਲੁਕੀ ਹੁੰਦੀ ਹੈ।

ਕਚਹਿਰੀ ਵਿਚ ਬਹੁਤ ਸਾਰੇ ਬਜ਼ੁਰਗਾਂ ਨਾਲ ਵਾਹ ਪਿਆ, ਜਿਨ੍ਹਾਂ ਨੂੰ ਔਲਾਦ ਨੇ ਹਾਸ਼ੀਏ ਵੱਲ ਧੱਕ ਦਿੱਤਾ ਸੀ। ਆਪਣੇ ਹੱਥੀਂ ਬਣਾਏ, ਕਈ ਕਮਰਿਆਂ ਵਾਲੇ ਘਰਾਂ `ਚ ਉਨ੍ਹਾਂ ਲਈ ਕੋਈ ਥਾਂ ਨਹੀਂ ਸੀ। ਉਨ੍ਹਾਂ ਦਾ ਜੇਬ ਖਰਚ ਬੰਦ ਸੀ। ਉਹ ਆਪਣੇ ਖੁੱਸ ਗਏ ਰੁਤਬੇ ਲਈ ਮਸ਼ਵਰਾ ਲੈਣ ਆਉਂਦੇ। ਕਈ ਨਿੱਤ ਨੇਮੀਆਂ ਦੀ ‘ਰੁੱਖੀ ਸੁੱਖੀ ਖਾ ਕੇ, ਠੰਢਾ ਪਾਣੀ ਪੀ’ ਵਾਲੀ ਬਾਬਾ ਫਰੀਦ ਦੀ ਸਿਖਿਆ ਵੀ ਢਾਰਸ ਨਹੀਂ ਸੀ ਬੰਨ੍ਹਾਉਂਦੀ।
ਅਜਿਹਾ ਇਕ ਕੇਸ ਸਾਬਕਾ ਫੌਜੀ ਦਾ ਸੀ, ਉਸ ਨਾਲ ਗੱਲ ਕਰਕੇ ਪਤਾ ਲੱਗਿਆ ਕਿ ਉਸ ਨੂੰ ਤੜਕੇ ਵਾਲੀ ਦਾਲ-ਸਬਜੀ ਖਾਣ, ਸਵੈ-ਮਾਣ ਤੇ ਆਪਣੀਆਂ ਸ਼ਰਤਾਂ `ਤੇ ਜਿਊਣ ਦੀ ਲਲਕ ਵੀ ਸੀ। ਉਹ ਪਿੰਡ ਦੀ ਨੰਬਰਦਾਰੀ ਦੀ ਦਾਅਵੇਦਾਰੀ ਦੇ ਕੇਸ ਲਈ ਆਇਆ ਸੀ। ਸਾਹਿਬ-ਏ-ਜਾਇਦਾਦ, ਸਾਬਕਾ ਫੌਜੀ ਹੋਣ ਦੇ ਨਾਲ ਨਾਲ ਉਹ ਭਰਵੇਂ ਜੁੱਸੇ ਦਾ ਮਾਲਕ ਵੀ ਸੀ। ਪਿੰਡ ਦੇ ਹੋਰ ਵੀ ਦਾਅਵੇਦਾਰ ਸਨ, ਮੁਕਾਬਲਾ ਫਸਵਾਂ ਸੀ, ਪਰ ਜਮੀਨ, ਫੌਜ ਦੀ ਨੌਕਰੀ, ਪਿੰਡ ਦੇ ਮੋਹਤਬਰਾਂ ਵਲੋਂ ਉਸ ਦੀ ਸ਼ਰਾਫਤ, ਲੋਕ ਭਲਾਈ ਦੇ ਕੰਮਾਂ ਲਈ ਦਿੱਤੀਆਂ ਗਵਾਹੀਆਂ ਕਾਰਨ ਕੇਸ ਉਸ ਦੇ ਹੱਕ ਵਿਚ ਹੋ ਗਿਆ। ਹੁਣ ਉਹ ਨੰਬਰਦਾਰ ਸੀ।
ਆਦਤਨ, ਜਿੱਤੇ ਕੇਸ ਦੀ ਵਧਾਈ ਦਿੰਦਿਆਂ ਮੈਂ ਉਸ ਨੂੰ ਕਿਹਾ, “ਨੰਬਰਦਾਰ ਜੀ, ਆਪਣਾ ਵਕੀਲ ਤੇ ਸਾਇਲ ਵਾਲਾ ਰਿਸ਼ਤਾ ਹੁਣ ਖਤਮ ਅਤੇ ਭਾਈਚਾਰਕ ਸ਼ੁਰੂ ਹੋ ਗਿਐ, ਲੰਘਦੇ ਟੱਪਦੇ ਮੇਲ-ਜੋਲ ਬਣਾਈ ਰੱਖਣਾ।” ਉਸ ਲਈ ਚਾਹ ਮੰਗਵਾਈ ਗਈ।
ਚਾਹ ਪੀਂਦਿਆਂ ਮੈਂ ਉਸ ਦਾ ਹਾਲ-ਚਾਲ ਪੁੱਛਿਆ, “ਹੁਣ ਤੱਕ ਤਾਂ ਕੇਸ ਬਾਰੇ ਹੀ ਗੱਲਾਂ ਹੁੰਦੀਆਂ ਰਹੀਆਂ। ਆਵਦੀ ਕਬੀਲਦਾਰੀ ਬਾਰੇ ਦੱਸੋ, ਕਿਵੇਂ ਬੀਤਦੀ ਐ?”
ਉਸ ਨੇ ਮੇਰੇ ਵੱਲ ਨੀਝ ਨਾਲ ਵੇਖਿਆ, ਸੁਆਲ ਜਿਵੇਂ ਸਿੱਧਾ ਉਸ ਦੇ ਸੀਨੇ ਵਿਚ ਵੱਜਿਆ ਹੋਵੇ। ਸ਼ਾਇਦ ਉਸ ਦਾ ਗੱਚ ਭਰ ਆਇਆ। ਮੈਨੂੰ ਲੱਗਿਆ, ਮੈਂ ਉਸ ਦੀ ਕਿਸੇ ਦੁਖਦੀ ਰਗ `ਤੇ ਹੱਥ ਰੱਖ ਦਿੱਤਾ ਸੀ। ਭਰੇ ਗਲੇ ਨਾਲ ਉਸ ਨੇ ਗੱਲ ਸ਼ੁਰੂ ਕੀਤੀ, “ਚੰਗਾ ਤੁਸੀਂ ਗੱਲ ਛੇੜ`ਤੀ। ਮੇਰਾ ਹਾਲ ਤਾਂ ਕਿਸੇ ਨੇ ਪੁੱਛਿਆ ਈ ਨ੍ਹੀਂ। ਮੇਰੇ ਕੋਲ 20 ਏਕੜ ਜ਼ਮੀਨ ਆ, ਪੈਨਸ਼ਨ ਵੀ ਮਿਲਦੀ ਆ। ਹਰ ਮਹੀਨੇ ਕੰਟੀਨ ਤੋਂ ਤਿੰਨ ਬੋਤਲਾਂ ਰੰਮ ਦੀਆਂ ਲਿਆਉਂਦਾ ਹਾਂ। ਖੇਤ ਬੰਨੇ ਵੀ ਜਾਂਦਾ ਹਾਂ। ਹੁਣ ਨੰਬਰਦਾਰੀ ਵੀ ਮਿਲ ਗਈ। ਏਨਾ ਕੁਝ ਐ, ਪਰ ਮੇਰੀ ਹਾਲਤ ਮੰਗਤਿਆਂ ਤੋਂ ਬਦਤਰ ਐ।”
ਮੈਨੂੰ ਉਸ ਦੀ ਬੇਵਸੀ ਦੀ ਗੱਲ ਸਮਝ ਨਾ ਆਈ। ਉਸ ਕੋਲ ਜਮੀਨ ਹੈ, ਪੈਸਾ ਹੈ। ਹੁਣ ਤੱਕ ਇਹੀ ਸੁਣਿਆ ਸੀ ਕਿ ਆਰਥਿਕ ਤੌਰ `ਤੇ ਸਵੈ-ਨਿਰਭਰ ਹੋਣ ਨਾਲ ਬੰਦਾ, ਆਜ਼ਾਦ ਹੋ ਜਾਂਦਾ ਹੈ। ਉਸ ਕੋਲ ਕਾਹਦੀ ਘਾਟ ਸੀ, ਜੋ ਉਸ ਨੂੰ ਬੇਵਸ ਬਣਾਈ ਜਾ ਰਹੀ ਸੀ। ਮੈਂ ਉਸ ਨੂੰ ਹੋਰ ਕੁਰੇਦਿਆ।
ਉਸ ਨੇ ਗੱਲ ਤੋਰੀ, “ਦਸ ਵਰ੍ਹੇ ਪਹਿਲਾਂ ਮੇਰੀ ਘਰ ਵਾਲੀ ਗੁਜਰ ਗਈ। ਪਹਿਲਾਂ ਰੋਟੀ-ਟੁੱਕ ਦਾ ਉਹ ਖਿਆਲ ਰੱਖਦੀ ਸੀ। ਮੇਰਾ ਇਕੋ ਇੱਕ ਮੁੰਡਾ ਸੀ। ਉਸ ਦਾ ਵਿਆਹ ਕੀਤਾ ਕਿ ਘਰੇ ਰੋਟੀ ਪਕਦੀ ਹੋ`ਜੂ। ਮੈਨੂੰ ਮੁੱਢੋਂ, ਤੜਕੇ ਵਾਲੀ ਦਾਲ-ਸਬਜੀ ਖਾਣੀ ਚੰਗੀ ਲਗਦੀ ਆ, ਦੂਜੀ ਹਜ਼ਮ ਈ ਨਹੀਂ ਆਉਂਦੀ। ਨੂੰਹ ਨੇ ਆਉਣ ਸਾਰ ਉਲਟਾ-ਪਲਟਾ ਕਰ`ਤਾ। ਕਹਿੰਦੀ, ਘਿਊ ਤਾਂ ਬੁੱਢੇ ਵਾਰੇ ਊਂ ਈ ਚੰਗਾ ਨ੍ਹੀਂ, ਨਾਲੇ ਹੁਣ ਕਿਹੜਾ ਬਾਪੂ ਨੇ ਘੁਲਣ ਲਗਣੈ। ਕਲੇਸ਼ ਤੋਂ ਡਰਦਿਆਂ, ਮੈਂ ਸਟੋਵ, ਤੜਕਣੀ, ਘਿਊ, ਲੂਣ-ਮਿਰਚਾਂ ਆਦਿ ਲਿਆ ਕੇ ਆਵਦੀ ਬੈਠਕ `ਚ ਰੱਖ ਲੀਆਂ। ਮਰਜੀ ਨਾਲ ਚਾਹ ਬਣਾ ਲੈਣੀ, ਦਾਲ-ਸਬਜੀ ਨੂੰ ਤੜਕਾ ਲਾ ਲੈਣਾ, ਪਰ ਕੁਝ ਦਿਨਾਂ ਬਾਅਦ ਗੱਲ ਵਧ ਗਈ। ਨੂੰਹ ਨੇ ਮੁੰਡੇ ਨੂੰ ਕਿਹਾ ਹੋਊ। ਮੁੰਡਾ ਮੇਰੇ ਨਾਲ ਖਹਿਬੜ ਪਿਆ ਕਿ ਬਾਪੂ ਤੂੰ ਸਾਨੂੰ ਲੋਕਾਂ `ਚ ਠਿੱਠ ਕਰਨੈਂ। ਸਾਨੂੰ ਲੋਕ ਕਹਿਣਗੇ ਕਿ ਪਿਊ ਨੂੰ ਰੋਟੀ ਨ੍ਹੀਂ ਦਿੰਦੇ। ਆਵਦੀ ਬੈਠਕ ਵਾਲੀ ਰਸੋਈ ਬੰਦ ਕਰ। ਮੇਰਾ ਖਾਣਾ-ਪੀਣਾ ਦੁੱਭਰ ਕਰ`ਤਾ।” ਉਸ ਨੇ ਹੱਥ ਜੋੜ ਕੇ ਮੱਥੇ ਨੂੰ ਲਾਏ ਤੇ ਅਸਮਾਨ ਵੱਲ ਦੇਖਿਆ।
ਮੈਂ ਡੌਰ-ਭੌਰ ਉਸ ਵਲ ਦੇਖਿਆ, ਇਹ ਕਾਨੂੰਨ ਤੋਂ ਬਾਹਰ ਦਾ ਮਸਲਾ ਸੀ। ਉਹ ਬੋਲਿਆ, “ਮੈਂ ਰੋਜ਼ ਆਥਣੇ ਰੋਟੀ ਤੋਂ ਪਹਿਲਾਂ ਦੋ ਹਾਅੜੇ ਲਾਉਂਨਾ। ਕੰਟੀਨ ਤੋਂ ਲਿਆਂਦੀ ਰੰਮ ਨਾਲ ਮੇਰਾ ਸੋਹਣਾ ਮਹੀਨਾ ਲੰਘ ਜਾਂਦਾ ਸੀ। ਵਿਆਹ ਤੋਂ ਮਗਰੋਂ ਮੁੰਡਾ ਆਨੀ-ਬਹਾਨੀ ਉਹ ਵੀ ਚੁੱਕ ਕੇ ਲੈ ਜਾਂਦਾ ਹੈ। ਉਸ ਦਾ ਸਹੁਰਿਆਂ ਤੋਂ ਕੋਈ ਨਾ ਕੋਈ ਆਇਆ ਰਹਿੰਦਾ ਹੈ। ਮੈਂ ਠੇਕੇ ਤੋਂ ਲਿਆ ਕੇ ਡੰਗ ਸਾਰਦਾਂ। ਮੇਰੇ `ਚ ਆਹ ਈ ਐਬ ਆ, ਜੇ ਇਸ ਨੂੰ ਐਬ ਆਖਣੈ। ਲੋਕਾਂ ਦੀਆਂ ਨਜ਼ਰਾਂ `ਚ ਮੈਂ ਸਰਦਾਰ ਹਾਂ, ਪਰ ਮੇਰੀ ਜੂਨ ਕੋਈ ਨ੍ਹੀਂ।”
“ਮੈਂ ਵਧੀਆ ਘਰ ਪਾਇਆ। ਮਾਂ-ਬਾਪ ਵਲੋਂ ਮਿਲੀ ਜਾਇਦਾਦ ਨ੍ਹੀਂ ਗੁਆਈ। ਸ਼ਰਾਬੀ ਹੋ ਕੇ ਗਲੀਆਂ `ਚ ਲਲਕਾਰੇ ਨ੍ਹੀਂ ਮਾਰਦਾ ਫਿਰਦਾ, ਨੰਬਰਦਾਰੀ ਦਾ ਕੇਸ ਥੋਡੇ ਸਾਹਮਣੇ ਆ, ਸਾਰਾ ਪਿੰਡ ਮੇਰੇ ਹੱਕ `ਚ ਭੁਗਤਿਆ। ਝੱਗਾ ਚੁੱਕਿਆਂ ਆਵਦਾ ਹੀ ਢਿੱਡ ਨੰਗਾ ਹੁੰਦਾ। ਦੱਸੋ, ਮੇਰਾ ਕਸੂਰ ਕੀ ਆ।” ਉਸ ਨੇ ਲੰਮਾ ਸਾਹ ਲਿਆ ਤੇ ਗੱਲ ਖਤਮ ਕੀਤੀ।
ਮੇਰੇ ਕੋਲ ਉਸ ਦੇ ਸੁਆਲ ਦਾ ਕੋਈ ਜੁਆਬ ਨਹੀਂ ਸੀ। ਮੈਂ ਚੁੱਪ ਸੀ। ਮੈਨੂੰ ਲੱਗਿਆ ਕਿ ਉਹ ਜਿੱਤਿਆ ਹੋਇਆ ਸਾਇਲ ਤੇ ਹਾਰਿਆ ਹੋਇਆ ਕਬੀਲਦਾਰ ਸੀ।
ਮੈਨੂੰ ਇੱਕ ਹੋਰ ਸਰਪੰਚ ਰਹਿ ਚੁਕੇ ਬੰਦੇ ਦਾ ਕੇਸ ਯਾਦ ਆਇਆ। ਕੰਮ ਸੰਭਾਲਦਿਆਂ ਹੀ, ਉਸ ਦੇ ਇਕਲੌਤੇ ਮੁੰਡੇ ਨੇ ਉਸ ਦਾ ‘ਹੁੱਕਾ-ਪਾਣੀ’ ਬੰਦ ਕਰ ਦਿੱਤਾ। ਮੈਂ ਉਸ ਨੂੰ ਕਿਹਾ, ਉਹ ਮਾਲਕ ਹੈ, ਜ਼ਮੀਨ ਵੇਚ ਕੇ ਸ਼ਹਿਰ ਰਹਿ ਸਕਦਾ ਹੈ। ਉਹ ਬੋਲਿਆ, “ਮੁੰਡਾ ਮਰਵਾ ਦੇਵੇਗਾ।” ਉਸ ਨੇ ਹਾਲੀਆ ਵਾਪਰੀਆਂ ਘਟਨਾਵਾਂ ਦਾ ਹਵਾਲਾ ਦਿੰਦਿਆ ਕਿਹਾ ਕਿ ਉਸ ਦਾ ਮੁੰਡਾ ਕੁਝ ਵੀ ਕਰਵਾ ਸਕਦਾ ਹੈ। ਉਸ ਦੀ ਹਾਲਤ ਬੜੀ ਤਰਸਯੋਗ ਸੀ। ਮੁੰਡੇ ਦੇ ਜਨਮ ਵੇਲੇ ਉਸ ਨੇ ਪਤਾ ਨਹੀਂ ਕੀ ਕੀ ਜਸ਼ਨ ਮਨਾਏ ਹੋਣਗੇ, ਤੇ ਕੀ ਕੀ ਸੁਫਨੇ ਲਏ ਹੋਣਗੇ। ਮੈਂ ਸੋਚਿਆ, ਕਾਨੂੰਨ ਵੀ ਉਸ ਦੀ ਮਦਦ ਕਰਦਾ ਹੈ, ਜਿਸ ਦੀਆਂ ਲੱਤਾਂ ਵਿਚ ਜਾਨ ਹੋਵੇ।
ਮੈਨੂੰ ਯਾਦ ਆਇਆ, ਫਰੀਦਕੋਟ ਰਾਜੇ ਦੇ ਬੀੜ ਵਿਚ ਡੇਰਾ ਬਣਾਈ ਬੈਠੇ ਸਾਧ ਨੇ ਕਈ ਕਿੱਲੇ ਜਮੀਨ ਵਲੀ ਹੋਈ ਸੀ। ਉਥੇ ਉਸ ਦੀ ਵਾਹਵਾ ਸਿੱਖੀ-ਸੇਵਕੀ ਸੀ। ਪਿੰਡ ਵਾਲੇ ਉਸ ਨੂੰ ਬੇਦਖਲ ਕਰਨਾ ਚਾਹੁੰਦੇ ਸਨ। ਸਾਧ ਮੇਰੇ ਕੋਲ ਆਇਆ, ਕਬਜੇ ਦੇ ਆਧਾਰ `ਤੇ ਉਸ ਨੂੰ ਆਰਜੀ ਸਟੇਅ ਮਿਲ ਗਿਆ। ਕੁਝ ਦਿਨਾਂ ਬਾਅਦ ਫੇਰ ਮੇਰੇ ਕੋਲ ਆਇਆ, ਮੈਨੂੰ ਉਸ ਦੀ ਪਛਾਣ ਨਾ ਆਈ। ਉਸ ਦਾ ਮੂੰਹ ਸੁੱਜਿਆ ਹੋਇਆ ਸੀ। ਪਿੰਡ ਵਾਲਿਆਂ ਨੇ ਉਸ ਦੀ ਗਿੱਦੜ ਕੁੱਟ ਕੀਤੀ। ਉਸ ਦਾ ਡੇਰਾ ਢਾਹ ਦਿੱਤਾ, ਤੇ ਸਾਰਾ ਮਲਬਾ ਰਾਤੋ ਰਤਾ ਚੁੱਕ ਕੇ, ਡੇਰ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ। ਸਾਧ ਮੈਨੂੰ ਬੁੜ ਬੁੜ ਕਰ ਰਿਹਾ ਸੀ ਕਿ ਉਸ ਦੀ ਬੇਦਖਲੀ ਵਿਚ ਸਟੇਅ ਕੰਮ ਨ੍ਹੀਂ ਆਇਆ।
ਮੈਂ ਸਰਪੰਚ ਨੂੰ ਕਿਹਾ ਕਿ ਕਾਨੂੰਨ ਵੀ ਤਕੜੇ ਦੀ ਹੀ ਮੱਦਦ ਕਰਦਾ ਹੈ। ਇਸ ਲਈ ਉਸ ਕੋਲ ਦੋ ਹੀ ਰਾਹ ਹਨ, ਆਜ਼ਾਦ ਹੋ ਕੇ ਮਰਨਾ ਜਾਂ ਗੁਲਾਮ ਹੋ ਕੇ ਜਿਉਣਾ। ਮੇਰੇ ਦਿਮਾਗ ਵਿਚ ਸੁਆਲਾਂ ਦਾ ਘਮਸਾਨ ਚੱਲ ਰਿਹਾ ਸੀ। ਇਹ ਰਿਸ਼ਤਿਆਂ ਦੇ ਪਾਣੀਆਂ `ਚ ਆਈ ਹੋਈ ਸੁਨਾਮੀ ਆਪਣੇ ਵੇਗ `ਚ ਪਰਿਵਾਰਾਂ ਨੂੰ ਵਹਾ ਰਹੀ ਹੈ।
ਜਮੀਨ ਮਾਲਕੀ ਦੇ ਆਸਰੇ ਖੜ੍ਹੇ ਬਾਪੂਆਂ ਦੇ ਦਬਦਬੇ ਦਾ ਸੂਰਜ ਅਸਤ ਹੋ ਰਿਹਾ ਹੈ। ਨੰਬਰਦਾਰ ਤੇ ਸਰਪੰਚ ਵਰਗੇ ਬੰਦੇ ਕਿਸ ਤਰ੍ਹਾਂ ਦੇ ਕੈਦੀ ਹਨ, ਜਿਨ੍ਹਾਂ ਦੇ ਪੈਰਾਂ `ਚ ਨਾ ਬੇੜੀਆਂ ਹਨ, ਨਾ ਆਸੇ-ਪਾਸੇ ਜੇਲ੍ਹ ਦੀਆਂ ਕੰਧਾਂ!