ਸੁਖਵਿੰਦਰ ਅੰਮ੍ਰਿਤ ਦੀ ਰਚਨਾ ਵਿਚ ਦਸਤਾਰ ਚੇਤਨਾ

ਡਾ. ਆਸਾ ਸਿੰਘ ਘੁੰਮਣ, ਨਡਾਲਾ
ਫੋਨ: 91-97798-53245
ਸੁਖਵਿੰਦਰ ਅੰਮ੍ਰਿਤ ਕਿਸੇ ਰਸਮੀ ਵਾਕਫੀਅਤ ਦੀ ਮੁਥਾਜ ਨਹੀਂ, ਉਸ ਨੂੰ ਸਾਰਾ ਪੰਜਾਬੀ ਜਗਤ ਬਾਖੂਬੀ ਜਾਣਦਾ ਹੈ। ਪਿੰਡ ਸਦਰਪੁਰਾ, ਤਹਿਸੀਲ ਜਗਰਾਓਂ, ਜਿਲਾ ਕਪੂਰਥਲਾ ਦੀ ਜੰਮਪਲ ਸੁਖਵਿੰਦਰ ਜਿੱਥੇ ਇੱਕ ਗਜ਼ਲਗੋ, ਕਵਿਤਰੀ ਅਤੇ ਗੀਤਕਾਰ ਕਰਕੇ ਮਸ਼ਹੂਰ ਹੈ, ਉਥੇ ਉਹ ਆਪਣੇ ਇਸ ਮੁਕਾਮ ‘ਤੇ ਪਹੁੰਚਣ ਲਈ ਸਰ ਕੀਤੀਆਂ ਵੰਗਾਰਾਂ ਲਈ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਛੋਟੀ ਹੁੰਦੀ ਹੀ ਕਵਿਤਾ ਅਤੇ ਗੀਤ ਲਿਖਣ ਲੱਗ ਪਈ, ਪਰ ਭਾਵਨਾਵਾਂ ਦੇ ਪ੍ਰਗਟਾਵੇ ਲਈ ਕਾਪੀ ਉਤੇ ਉਤਾਰਿਆ ਕਾਵਿ-ਪ੍ਰਵਾਹ ਮਾਂ ਦੀ ਨਜ਼ਰੇ ਚੜ੍ਹਦਿਆਂ ਹੀ ਲੀਰੋ-ਲੀਰ ਕਰ ਦਿੱਤਾ ਗਿਆ। ਪੁਰਾਤਨ ਪੇਂਡੂ ਪੰਜਾਬ ਵਾਲੀ ਸੋਚ ‘ਤੇ ਚੱਲਦਿਆਂ ਇਸ ਮਰਜ਼ ਦਾ ਇੱਕੋ-ਇੱਕ ਇਲਾਜ ਉਚਿਤ ਸਮਝਿਆ ਗਿਆ: ਅਜੇ ਨੌਵੀਂ ਕਲਾਸ ਹੀ ਪੂਰੀ ਕੀਤੀ ਸੀ ਕਿ ਵਿਆਹ ਦਿੱਤੀ ਗਈ। ਸੁਖਵਿੰਦਰ ਨੇ ਸੋਚਿਆ, ਕੀ ਪਤਾ ਚੰਗਾ ਹੀ ਹੋਇਆ ਹੋਵੇ ਤੇ ਅਗਲਾ ਘਰ ਥੋੜ੍ਹਾ ਖੁਲ੍ਹਦਿਲਾ ਹੋਵੇ; ਪਰ ਐਵੇਂ ਵਹਿਮ ਹੀ ਸੀ। ਇਥੇ ਵੀ ਗੀਤਾਂ ਵਾਲੀ ਕਾਪੀ ਲਈ ਅੱਗ ਦੇ ਚੁੱਲੇ ਤੋਂ ਉਰ੍ਹਾਂ ਕੋਈ ਥਾਂ ਨਹੀਂ ਸੀ।

ਖੈਰ! ਵਕਤ ਗੁਜ਼ਰਦਾ ਗਿਆ, ਗ੍ਰਹਿਸਤੀ ਗਹਿਰੀ ਹੁੰਦੀ ਗਈ। ਬੱਚੇ ਆ ਗਏ, ਪਰ ਗੀਤ/ ਗਜ਼ਲ ਕਹਿਣ ਦੀ ਤਮੰਨਾ ਮਨ ਹੀ ਮਨ ਭਟਕਦੀ ਰਹੀ, ਕਵਿਤਾਵਾਂ ਮਨ ਮਸਤਕ ਨਾਲ ਟਕਰਾ ਟਕਰਾ ਕੇ ਟੁੱਟਦੀਆਂ ਭੱਜਦੀਆਂ ਰਹੀਆਂ। ਅਧੂਰੀ ਰਹਿ ਗਈ ਵਿਦਿਆ ਦਾ ਭੂਤ ਉਵੇਂ ਹੀ ਸਵਾਰ ਰਿਹਾ। ਸ਼ੁਕਰ ਹੈ, ਸਮਾਂ ਪਾ ਕੇ ਸੱਸ-ਸਹੁਰੇ ਦਾ ਪ੍ਰਤਾਪ ਕੁਝ ਢਿੱਲ੍ਹਾ ਪਿਆ ਤੇ ਪਤੀ ਅਮਰਜੀਤ ਸਿੰਘ ਗੱਲ ਸੁਣਨ-ਮੰਨਣ ਲੱਗ ਪਿਆ। ਉਸ ਦੀ ਸਹਿਮਤੀ ਮਿਲਣ ਨਾਲ ਅਧੂਰੀ ਰਹਿ ਗਈ ਪੜ੍ਹਾਈ ਸ਼ੁਰੂ ਹੋ ਗਈ। ਮਾਂ ਨਿਆਣਿਆਂ ਦੇ ਨਾਲ ਸਕੂਲੇ ਜਾਣ ਲੱਗੀ। ਫੇਰ ਗਰੈਜੂਏਸ਼ਨ ਤੇ ਫਿਰ ਪੰਜਾਬੀ ਦੀ ਪੋਸਟ-ਗਰੈਜੂਏਸ਼ਨ। ਥੋੜ੍ਹੀ ਦੇਰ ਕਾਲਜ ਦੀ ਪ੍ਰੋਫੈਸਰੀ ਕਰਨ ਦਾ ਮੌਕਾ ਵੀ ਮਿਲ ਗਿਆ। ਕਾਵਿ-ਰਚਨਾ ਦਾ ਸ਼ੌਕ ਬਰਕਰਾਰ ਰਿਹਾ। ਆਪਣੀਆਂ ਰਚਨਾਵਾਂ ਉਸ ਵੇਲੇ ਦੇ ਮਕਬੂਲ ਸ਼ਾਇਰ ਸੁਰਜੀਤ ਪਾਤਰ ਨੂੰ ਵਿਖਾਈਆਂ। ਵੱਡੀ ਸ਼ਾਬਾਸ਼ ਮਿਲੀ, ਹੌਸਲਾ ਬੁਲੰਦ ਹੋ ਗਿਆ। ਸ਼ਾਇਰੀ ਦੇ ਬੂਟੇ ਨੂੰ ਰਹਿਮਤੀ ਫੁਹਾਰਾਂ ਨਸੀਬ ਹੋਣ ਲੱਗੀਆਂ ਤੇ ਕਵਿਤਾ ਮੌਲਣ ਲੱਗੀ। ਫੇਰ ਬੱਸ ਚੱਲ ਸੋ ਚੱਲ!
ਉਸ ਦਾ ਪਹਿਲਾ ਕਾਵਿ-ਸੰਗ੍ਰਹਿ ‘ਸੂਰਜ ਦੀ ਦਹਿਲੀਜ਼’ 1997 ਵਿਚ ਆਇਆ। ਇਹ ਗਜ਼ਲ-ਸੰਗ੍ਰਹਿ ਸੀ, ਜੋ ਪੰਜਾਬੀ ਸਾਹਿਤ ਵਿਚ ਇੱਕ ਅਲੋਕਾਰੀ ਗੱਲ ਸੀ, ਕਿਉਂਕਿ ਪੰਜਾਬੀ ਕਵਿੱਤਰੀਆਂ ਵਿਚ ਗਜ਼ਲਗੋ ਦੇ ਤੌਰ `ਤੇ ਉਸ ਸਮੇਂ ਤੱਕ ਕਿਸੇ ਨੇ ਵੀ ਵੱਡੀ ਕਾਮਯਾਬੀ ਹਾਸਲ ਨਹੀਂ ਸੀ ਕੀਤੀ, ਹਾਲਾਂਕਿ ਉਸ ਤੋਂ ਪਹਿਲਾਂ ਅੰਮ੍ਰਿਤਾ ਪ੍ਰੀਤਮ, ਪ੍ਰਭਜੋਤ ਕੌਰ, ਮਨਜੀਤ ਟਿਵਾਣਾ, ਪਾਲ ਕੌਰ ਵਰਗੀਆਂ ਨਾਰੀ-ਹਸਤੀਆਂ ਕਾਵਿ ਰਚਨਾ ਵਿਚ ਖੂਬ ਨਾਮਣਾ ਖੱਟ ਚੁਕੀਆਂ ਸਨ। ਦੂਜੀਆਂ ਕਵਿੱਤਰੀਆਂ ਵਾਂਗ ਉਸ ਵਿਚ ਨਾਰੀ-ਚੇਤਨਾ ਸੁਭਾਵਕ ਸੀ ਅਤੇ ਉਸ ਦੇ ਕਲਾਮ ਵਿਚਲਾ ਵਿਸ਼ਾ ਵਸਤੂ ਵੀ ਮੁੱਖ ਤੌਰ `ਤੇ ਸਮਾਜ ਵਿਚਲੇ ਔਰਤ-ਵਿਰੋਧੀ ਵਰਤਾਰਿਆਂ ਦਾ ਵਿਰੋਧ ਸੀ, ਪਰ ਉਹ ਮਨਜੀਤ ਟਿਵਾਣਾ ਜਾਂ ਪਾਲ ਕੌਰ ਵਾਂਗ ਜ਼ਿੰਦਗੀ ਦੇ ਏਨੇ ਕੌੜੇ ਤਜਰਬਿਆਂ ਵਿਚੋਂ ਨਹੀਂ ਸੀ ਨਿਕਲੀ ਕਿ ਉਹ ਸਮਾਜਿਕ ਰਿਸ਼ਤਿਆਂ ਨੂੰ ਮੂਲੋਂ ਨਕਾਰ ਦਿੰਦੀ। ਉਸ ਦੀ ਰਚਨਾ ਹੈ ਤਾਂ ‘ਮੈਂ’ ਦਾ ਹੀ ਪ੍ਰਗਟਾਵਾ, ਪਰ ਇਹ ਪ੍ਰਗਟਾਵਾ ‘ਮੈਂ’ ਤੋਂ ਪਾਰ ਹੋ ‘ਸਰਵ’ ਦਾ ਸਫਰ ਵੀ ਕਰਦਾ ਹੈ। ਉਸ ਦੀ ਸ਼ਾਇਰੀ ਵਿਚ ਬਿਨਾ ਸ਼ੱਕ ਇਨਕਲਾਬੀ ਸੁਰ ਹੈ, ਜੋ ਨਾਰੀ ਹੋਣ ਕਰਕੇ ਸੁਭਾਵਕ ਹੈ, ਪਰ ਉਸ ਦੀ ਰਚਨਾ ਵਿਚ ਮਾਸੂਮੀਅਤ, ਨਿਰਛੱਲਤਾ ਅਤੇ ਸਮਰਪਣਾ ਉਵੇਂ ਹੀ ਵਿਦਮਾਨ ਹੈ, ਜਿਵੇਂ ਉਸ ਦੀ ਆਪਣੀ ਸ਼ਖਸੀਅਤ ਵਿਚ। ਉਸ ਦਾ ਆਪਣੇ ਸਮਾਜ-ਸਭਿਆਚਾਰ ਅਤੇ ਆਪਣੇ ਭਾਈਚਾਰੇ ਵਿਚ ਪੂਰਾ ਵਿਸ਼ਵਾਸ ਹੈ। ਉਹ ਆਪਣੀ ਸ਼ਕਤੀ ਤੋਂ ਵੀ ਵਾਕਫ ਹੈ, ਪਰ ਇਸ ਪ੍ਰਤੀ ਵੀ ਚੇਤੰਨ ਹੈ ਕਿ ਔਰਤ ਦੂਸਰੀ ਧਿਰ ਬਿਨ ਅਧੂਰੀ ਹੈ; ਸੰਪੂਰਨਤਾ ਲਈ ਚੁੰਨੀ ਦਾ ਦਸਤਾਰ ਨਾਲ ਮੇਲ-ਸੁਮੇਲ ਜ਼ਰੂਰੀ ਹੈ। ਪੰਜਾਬੀ ਸਭਿਆਚਾਰ ਵਿਚ ਚੁੰਨੀ ਅਤੇ ਦਸਤਾਰ ਦੋਵੇਂ ਸਿਰ-ਵਸਤਰ ਆਪੋ-ਆਪਣੇ ਥਾਂ ਮਰਦ ਔਰਤ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਦੋਵੇਂ ਵਸਤਰ ਇੱਜ਼ਤ ਦਾ ਪ੍ਰਤੀਕ ਹਨ। ਹਾਲਾਂਕਿ ਇਹ ਵੀ ਸੱਚ ਹੈ ਕਿ ਚੁੰਨੀ ਸਿਰ `ਤੇ ਲੈਣ ਵਿਚ ਕੋਈ ਕਲਾ ਨਹੀਂ, ਪਰ ਦਸਤਾਰ ਆਪਣੇ ਹੱਥੀਂ ਬੰਨ੍ਹੀ ਜਾਂਦੀ ਹੈ, ਸਜਾਈ ਜਾਂਦੀ ਹੈ। ਦਸਤਾਰ ਸਜਾਉਣਾ ਇੱਕ ਕਲਾ ਹੈ।
ਸੁਖਵਿੰਦਰ ਅੰਮ੍ਰਿਤ ਦੀ ਪਲੇਠੀ ਪੁਸਤਕ ਵਿਚ ਦਸਤਾਰ ਬਹੁ-ਪਰਤੀ ਅਰਥਾਂ ਵਿਚ ਵਰਤੀ ਗਈ ਹੈ। ਅਸਲ ਵਿਚ ਦਸਤਾਰ ਦੇ ਪੇਚਾਂ ਵਿਚ ਕਈ ਇਤਿਹਾਸਕ-ਮਿਥਿਹਾਸਕ ਪ੍ਰਤੀਕ ਲੁਕੇ ਪਏ ਹਨ, (ਪੇਚ ਅਸਲ ਵਿਚ ਅੰਗਰੇਜ਼ੀ ਦੇ ਸ਼ਬਦ ‘ਪੇਜ’ ਤੋਂ ਬਣਿਐਂ। ਅੰਗਰੇਜ਼ਾਂ ਨੇ ਜਦ ਆਰਮੀ ਵਿਚ ਸਿੱਖ ਰੈਜੀਮੈਂਟਾਂ ਖੜ੍ਹੀਆਂ ਕੀਤੀਆਂ ਤਾਂ ਯੂਨੀਫਾਰਮ ਵਜੋਂ ਪੱਗ ਦੇ ਪੇਜ ਨਿਸ਼ਚਿਤ ਕੀਤੇ)। ਪੰਜਾਬੀ ਸਭਿਆਚਾਰ ਵਿਚ ‘ਚੁੰਨੀ ਰੰਗ ਦੇ ਲਲਾਰੀਆ ਵੇ ਮੇਰੀ, ਮਿੱਤਰਾਂ ਦੀ ਪੱਗ ਵਰਗੀ’ ਅਤੇ ‘ਰੁਲ ਗਈ ਰੁਲ ਗਈ ਰੁਲ ਗਈ ਵੇ, ਤੇਰੇ ਪੱਗ ਦੇ ਪਲੇਚ ਉਤੇ ਡੁੱਲ ਗਈ ਵੇ’ ਵਰਗੀਆਂ ਅਨੇਕਾਂ ਹੀ ਲੋਕ ਬੋਲੀਆਂ ਅਜਿਹੇ ਪਿਆਰ ਦਾ ਇਜ਼ਹਾਰ ਕਰਦੀਆਂ ਹਨ। ਸੁਖਵਿੰਦਰ ਦੀ ਕਾਵਿ-ਰਚਨਾ ਵਿਚ ‘ਏਕਿ ਜੋਤਿ ਦੋਇ ਮੂਰਤੀ ਹੋਇ’ ਦਾ ਸੰਕਲਪ ਚੁੰਨੀ-ਦਸਤਾਰ ਦੇ ਮੇਲ ਰਾਹੀਂ ਦਰਸਾਇਆ ਹੈ:
ਇਹ ਕਿਸ ਦੀ ਪੈੜ ਹੈ ਵੇਖੋ
ਜੋ ਸਾਡੇ ਬਾਰ ਤੱਕ ਆਈ,
ਗੁਆਚੀ ਮਹਿਕ ਹੈ ਸ਼ਾਇਦ
ਜੋ ਇਸ ਗੁਲਜ਼ਾਰ ਤੱਕ ਆਈ।
ਕਰੀ ਜਾ ਖੂਨ ਰੀਝਾਂ ਦਾ
ਲਿਖਾ ਲੈ ਨਾਮ ਬੀਰਾਂ ਵਿਚ,
ਕਿ ਮੇਰੇ ਸ਼ੌਂਕ ਦੀ ਗਰਦਨ
ਤੇਰੀ ਤਲਵਾਰ ਤੱਕ ਆਈ।
ਕੋਈ ਵੀ ਨਾਮ ਦੇ ਇਸ ਨੂੰ
ਕੋਈ ਵੀ ਅਰਥ ਕਰ ਇਸ ਦਾ,
ਮੇਰੀ ਰੰਗੀਨ ਚੁੰਨੀ ਅੱਜ
ਤੇਰੀ ਦਸਤਾਰ ਤੱਕ ਆਈ।
ਰੰਗੀਨ ਚੁੰਨੀ ਚੜ੍ਹਦੀ ਜਵਾਨੀ ਦੀ ਪ੍ਰਤੀਕ ਹੈ, ਜਦੋਂਕਿ ਦਸਤਾਰ ਸਿੱਖ ਧਰਮ ਵਿਚ ਪੱਗ ਜਾਂ ਪਗੜੀ ਲਈ ਸਤਿਕਾਰਯੋਗ ਸ਼ਬਦ ਹੈ। ਦਸਤਾਰ ਨਿਰਾ ਸਿਰ-ਵਸਤਰ ਹੀ ਨਹੀਂ, ਇਹ ਇੱਜ਼ਤ ਆਬਰੂ ਦੀ ਪ੍ਰਤੀਕ ਹੈ, ਇਹ ਦਗਦੇ, ਮਗਦੇ ਸਿਰਾਂ ਦਾ ਤਾਜ ਰਹੀ ਹੈ। ਇਹ ਉਸ ਗੁਰੂ ਦੀ ਸੌਗਾਤ ਹੈ, ਜੋ ਸਿਰ ਸਜੀ ਦਸਤਾਰ ਉਤੇ ਉਚਤਾ-ਸੁੱਚਤਾ ਦੀ ਕਲਗੀ ਵੀ ਸਜਾਉਂਦਾ ਹੈ ਅਤੇ ਹੱਥ ਵਿਚ ਤਲਵਾਰ ਰੱਖਦਾ ਹੈ। ਅਜਿਹੀ ਦਸਤਾਰ ਫਿਰ ਝੂਠੇ ਬਾਦਸ਼ਾਹਾਂ ਅੱਗੇ ਝੁਕਦੀ ਨਹੀਂ, ਜ਼ੁਲਮ ਸਾਹਮਣੇ ਨਿਉਂਦੀ ਨਹੀਂ ਅਤੇ ਤੇਗ ਮਿਆਨ ਵਿਚ ਮਿਉਂਦੀ ਨਹੀਂ। ਸਿਰ ਕਟਾ ਤਾਂ ਸਕਦੀ ਹੈ, ਝੁਕਾ ਨਹੀਂ ਸਕਦੀ। ਸਿੱਖ-ਇਤਿਹਾਸ ਵਿਚ ਦਸਤਾਰ ਦੀ ਚੜ੍ਹਦੀ ਕਲਾ ਲਈ ਤਲਵਾਰਾਂ ਵਾਹੁਣੀਆਂ ਵੀ ਪਈਆਂ ਤੇ ਗਰਦਨਾਂ ਕਟਵਾਉਣੀਆਂ ਵੀ ਪਈਆਂ:
ਕਦੇ ਤਾਂ ਜ਼ਖਮ ਦੇ ਚਰਚੇ
ਕਦੇ ਤਲਵਾਰ ਦੇ ਚਰਚੇ,
ਬਹਾਨੇ ਨਾਲ ਹੁੰਦੇ ਨੇ
ਨਜ਼ਰ ਦੇ ਵਾਰ ਦੇ ਚਰਚੇ।
ਜੋ ਕਟ ਜਾਂਦੀ ਹੈ ਐਪਰ
ਜ਼ੁਲਮ ਦੇ ਅੱਗੇ ਨਹੀਂ ਝੁਕਦੀ,
ਹੋਈ ਜਾਂਦੇ ਉਸੇ ਗਰਦਨ
ਉਸੇ ਦਸਤਾਰ ਦੇ ਚਰਚੇ।
ਜਿਵੇਂ ਸਮਾਂ ਵਿਹਾਉਣ ਨਾਲ ਦਸਤਾਰ ਸਿੱਖੀ ਦੀ ਪ੍ਰਤੀਕ ਬਣ ਗਈ ਹੈ, ਉਸੇ ਤਰ੍ਹਾਂ ਟੋਪੀ ਹਿੰਦੂ ਭਾਈਚਾਰੇ ਦੀ ਨਿਸ਼ਾਨੀ ਮੰਨੀ ਜਾਣ ਲੱਗੀ। ਪੰਜਾਬ ਵਿਚ ਬਦਕਿਸਮਤੀ ਨਾਲ ਕੁਝ ਮੁਦਿਆਂ ‘ਤੇ ਹਿੰਦੂ-ਸਿੱਖ ਟਕਰਾਅ ਚੱਲਦਾ ਆ ਰਿਹਾ ਹੈ। ਇਸ ਵਿਚ ਸਿਆਸਤ ਵੀ ਬਹੁਤ ਸ਼ਰਾਰਤ ਖੇਡ ਜਾਂਦੀ ਹੈ। ਹਰ ਚੇਤੰਨ ਸੁਪਨਸਾਜ਼ ਸਾਹਿਤਕਾਰ ਤਾਂ ਇਹੀ ਚਾਹੇਗਾ ਕਿ ਹਿੰਦੂ-ਸਿੱਖ ਏਕਤਾ ਬਰਕਰਾਰ ਰਹੇ ਤੇ ਦੋਵੇਂ ਸਹਿਹੋਂਦ ਕਾਇਮ ਰੱਖਣ, ਪਰ ਸ਼ਰਾਰਤੀ ਸਿਆਸੀਆਂ ਨੂੰ ਇਹ ਗੱਲ ਕਦੀ ਨਹੀਂ ਸੁਖਾਉਂਦੀ:
ਤੇਰੇ ਵੀ ਕਰ ਦੇਵਣਗੇ ਉਹ
ਵੱਢ ਕੇ ਟੋਟੇ ਚਾਰ ਕਦੇ,
ਬੇ-ਕਦਰਾਂ ਨੂੰ ਭੋਲਿਆ ਬਿਰਖਾ
ਛਾਂਵੇਂ ਨਾ ਖਲਿਆਰ ਕਦੇ।
ਦੋਖੀ ਦੇ ਨੈਣਾਂ ਵਿਚੋਂ
ਨੀਂਦ ਉਡਾਰੀ ਮਾਰ ਗਈ,
ਇਕ ਦੂਜੀ ਦੇ ਗਲ ਲਗ ਮਿਲੀਆਂ
ਜਦ ਟੋਪੀ ਦਸਤਾਰ ਕਦੇ।
ਪਹਿਲੇ ਗਜ਼ਲ-ਸੰਗ੍ਰਹਿ ਨੂੰ ਪਾਠਕਾਂ ਵਲੋਂ ਭਰਪੂਰ ਹੁਲਾਰਾ ਮਿਲਣ ਤੋਂ ਉਤਸ਼ਾਹਤ ਹੋ ਸੁਖਵਿੰਦਰ ਅੰਮ੍ਰਿਤ ਆਪਣਾ ਦੂਸਰਾ ਗਜ਼ਲ-ਸੰਗ੍ਰਹਿ ਛੇਤੀ ਹੀ 1999 ਵਿਚ ਪਾਠਕਾਂ ਦੇ ਹੱਥ ਪਹੁੰਚਾ ਦਿੰਦੀ ਹੈ, ‘ਚਿਰਾਗਾਂ ਦੀ ਡਾਰ।’ ਇਸ ਵਿਚ ਵੀ ਪਿਆਰ-ਵਲਵਲਿਆਂ ਦਾ ਪ੍ਰਵਾਹ ਪੂਰੇ ਵਹਿਣ ਵਿਚ ਹੈ। ਨਿਰਛਲ ਇਸ਼ਕ ਦੇ ਚਸ਼ਮੇ ਫੁੱਟ-ਫੁੱਟ, ਹੁੱਭ-ਹੁੱਭ ਪੈਂਦੇ ਹਨ। ਨਾਰੀਤਵ ਭਾਵਨਾਵਾਂ ਦੀ ਉਹੀ ਸ਼ਿੱਦਤ, ਉਹੀ ਮਸੂਮੀਅਤ, ਉਹੀ ਨਿਰਛੱਲਤਾ, ਉਹੀ ਵਹਿਣ ਅਤੇ ਰਵਾਨੀ। ਜਿਵੇਂ ਅਸੀਂ ਪਹਿਲਾਂ ਕਹਿ ਆਏ ਹਾਂ, ਉਹ ਮਰਦ-ਔਰਤ ਪਿਆਰ ਵਿਚ ਦੋਹਾਂ ਧਿਰਾਂ ਨੂੰ ਬਰਾਬਰ ਅਤੇ ਇੱਕ ਦੂਜੇ ਦੇ ਪੂਰਕ ਸਮਝਦੀ ਹੈ।
ਸੁਰਜੀਤ ਪਾਤਰ ‘ਚਿਰਾਗਾਂ ਦੀ ਡਾਰ’ ਦੀ ਭੂਮਿਕਾ ਵਿਚ ਲਿਖਦੇ ਹਨ, ‘ਏਥੇ ਉਹ ਨਾਰੀਵਾਦ ਤੋਂ ਹਾਂ-ਮੁਖੀ ਤੌਰ `ਤੇ ਵੱਖ ਹੋ ਜਾਂਦੀ ਹੈ, ਜਿਹੜਾ ਨਾਰੀਵਾਦ ਪੁਰਖ-ਵਿਰੋਧੀ ਪੈਂਤੜਾ ਅਖਤਿਆਰ ਕਰਕੇ ਸਿਰਫ ਨਾਰੀ ਕੇਂਦਰਿਤ ਹੋ ਜਾਂਦਾ ਹੈ। ਉਸ ਦੇ ਸਮਰਪਣ ਪਿੱਛੇ, ਆਪਣੇ ਆਪ ਨੂੰ ਸਾਜ਼ ਤੇ ਆਪਣੇ ਪ੍ਰਿਅ ਨੂੰ ਸਾਜ਼ਿੰਦਾ ਕਹਿਣ ਪਿੱਛੇ ਇਹ ਭਾਵਨਾ ਹਰਗਿਜ਼ ਨਹੀਂ ਕਿ ਉਹ ਪੁਰਖ ਨੂੰ ਕਰਤਾ ਤੇ ਨਾਰੀ ਨੂੰ ਕਰਮ ਮੰਨਦੀ ਹੈ ਜਾਂ ਨਾਰੀ ਨੂੰ ਇਕ ਵਸਤੂ ਤੇ ਪੁਰਖ ਨੂੰ ਵਸਤੂ ਨੂੰ ਅਰਥ ਦੇਣ ਵਾਲਾ ਚੇਤਨ ਸਮਝਦੀ ਹੈ। ਭਾਵਨਾ ਇਸਤਰੀ ਪੁਰਖ ਦੇ ਭੇਦ ਦੀ ਨਹੀਂ, ਇਸ਼ਕ ਦੇ ਰਿਸ਼ਤੇ ਦੀ ਹੈ…।’
ਹਰ ਇਸ਼ਕ ਵਿਚ ਸੂਖਮਤਾ ਵੀ ਹੁੰਦੀ ਹੈ, ਸਥੂਲਤਾ ਵੀ; ਜਿਸਮ ਵੀ ਹੁੰਦੇ ਹਨ, ਰੂਹਾਂ ਵੀ। ਇਹ ਸੱਚ ਹੈ ਕਿ ਇਸ ਸੰਸਾਰ ਵਿਚ ਸਾਡੀ ਹੋਂਦ ਸਰੀਰਾਂ ਕਰਕੇ ਹੀ ਹੈ, ਇਸ ਤੱਥ ਤੋਂ ਦਰਕਿਨਾਰ ਨਹੀਂ ਹੋਇਆ ਜਾ ਸਕਦਾ। ਨਰ-ਨਾਰੀ ਦੀ ਆਪਸੀ ਖਿੱਚ ਨਿਰੀ ਕੁਦਰਤਨ ਨਹੀਂ ਹੁੰਦੀ, ਇਸ ਵਿਚ ਬਹੁਤ ਸਾਰਾ ਰੋਲ ਸਮਾਜਿਕਤਾ ਵੀ ਅਦਾ ਕਰਦੀ ਹੈ। ਕੋਈ ਸਾਨੂੰ ਸੋਹਣਾ ਕਿਉਂ ਲੱਗਦਾ ਹੈ, ਦੱਸ ਸਕਣਾ ਏਨਾ ਸੌਖਾ ਨਹੀਂ ਹੁੰਦਾ। ਕਿਸੇ ਪੰਜਾਬਣ ਨੂੰ ‘ਸਾਬਤ ਸੂਰਤ ਦਸਤਾਰ ਸਿਰਾ’ ਹੀ ਕਿਉਂ ਪਸੰਦ ਆਉਂਦਾ ਹੈ, ਇੱਕ ਗਹਿਰਾ ਵਿਸ਼ਾ ਹੈ। ਇਸ ਪਿੱਛੇ ਸਦੀਆਂ ਪੁਰਾਣੀ ਬੁਨਿਆਦੀ ਮੂਲ ਭਾਵਨਾ ਵੀ ਹੋ ਸਕਦੀ ਹੈ ਅਤੇ ਆਪਣੀ ਵਿਅਕਤੀਗਤ ਮਾਨਸਿਕਤਾ ਤੇ ਮਨੋ-ਵਿਗਿਆਨਕਿਤਾ ਵੀ। ਵਿਰਾਸਤ ਨਾਲ ਜੁੜੇ ਰਹਿਣ ਦੀ ਪਰਬਲ ਇੱਛਾ ਵੀ ਅਤੇ ਵਿਲੱਖਣਤਾ ਕਾਇਮ ਰੱਖਦਿਆਂ ਆਪਣੇ ਵਿਰਾਸਤੀ ਸੋਮਿਆਂ ਤੋਂ ਸ਼ਕਤੀ ਪ੍ਰਾਪਤ ਕਰੀ ਰੱਖਣ ਦੀ ਤਮੰਨਾ ਵੀ। ਪਹਿਨਣਹਾਰੇ ਦੇ ਬਹੁਮੁੱਲੇ ਗੁਣ ਵੀ ਕਾਰਨ ਹੋ ਸਕਦਾ ਹੈ ਅਤੇ ਇਤਿਹਾਸਕ ਵਡੱਪਣਤਾ ਦੀ ਮਨੋਬਿਰਤੀ ਵੀ:
ਝਨਾਂ ਦੇ ਪਾਣੀਆਂ ਵਿਚ
ਹਿਲਾਂ ਆਪਣਾ ਅਕਸ ਘੋਲਾਂਗੀ,
ਤੇ ਉਸ ਵਿਚ ਰੰਗ ਕੇ ਦੇਵਾਂਗੀ
ਫਿਰ ਦਸਤਾਰ ਮੈਂ ਉਸ ਨੂੰ।

ਉਹ ਪੁੱਛਦਾ ਹੈ ਕਦੋਂ ਤੀਕਰ
ਕਰਾਂਗੀ ਪਿਆਰ ਮੈਂ ਉਸ ਨੂੰ,
ਕਰਾਵਾਂ ਕਿੰਜ ਵਫਾ ਦਾ
ਦੋਸਤੋ ਇਤਬਾਰ ਮੈਂ ਉਸ ਨੂੰ।

ਵਫਾ ਦੇ ਪਹਿਰਨਾਂ ਵਿਚ ਲਿਪਟਿਆ
ਉਹ ਇਸ਼ਕ ਹੈ ਸੁੱਚਾ,
ਕਿ ਹੋ ਕੇ ਨੇੜਿਓਂ ਤੱਕਿਆ
ਅਨੇਕਾਂ ਵਾਰ ਮੈਂ ਉਸ ਨੂੰ।

ਕਿਸੇ ਫੁੱਲ ‘ਤੇ ਤਾਂ ਆਖਰ
ਬੈਠਣਾ ਸੀ ਏਸ ਤਿਤਲੀ ਨੇ,
ਚੁਕਾ ਦਿੱਤਾ ਮੁਹੱਬਤ ਦਾ
ਲਓ ਅੱਜ ਭਾਰ ਮੈਂ ਉਸ ਨੂੰ।

ਕਰੇ ਉਹ ਬਾਝ ਮੇਰੇ ਵੀ
ਕਿਸੇ ‘ਤੇ ਵਾਰ ਨਜ਼ਰਾਂ ਦੇ,
ਨਹੀਂ ਦੇਣਾ, ਨਹੀਂ ਦੇਣਾ
ਇਹ ਹੁਣ ਅਧਿਕਾਰ ਮੈਂ ਉਸ ਨੂੰ।

ਉਹ ਉਡ ਕੇ ਡਾਲ ਤੋਂ
ਸੱਯਾਦ ਦੇ ਮੋਢੇ ‘ਤੇ ਜਾ ਬੈਠਾ,
ਕਿਹਾ ਜਦ ‘ਐ ਪਰਿੰਦੇ,
ਹੋ ਜ਼ਰਾ ਹੁਸ਼ਿਆਰ’ ਮੈਂ ਉਸ ਨੂੰ।

ਜੋ ਮੇਰੇ ਸੁਪਨਿਆਂ ‘ਚ
ਹਕੀਕਤਾਂ ਦਾ ਰੰਗ ਭਰਦਾ ਹੈ,
ਕਹਾਂ ਦੁਨੀਆਂ ਦਾ ਸਭ ਤੋਂ
ਖੂਬ ਚਿੱਤਰਕਾਰ ਮੈਂ ਉਸ ਨੂੰ।
ਪੰਜਾਬੀ ਸਿਰ-ਵਸਤਰ ਲਈ ਪੱਗ, ਪਗੜੀ, ਦਸਤਾਰ, ਸਾਫਾ, ਚੀਰਾ ਆਦਿ ਸ਼ਬਦ ਮੌਜੂਦ ਹਨ। ਚੀਰੇ ਨਾਲ ਮਰਦ-ਔਰਤ ਸੰਬੰਧਾਂ ਦੀਆਂ ਬੜੀਆਂ ਮੰਗਲ-ਮਈ ਭਾਵਨਾਵਾਂ ਅਤੇ ਉਮੰਗਾਂ ਲਬਰੇਜ਼ ਹਨ। ਚੀਰਾ ਸ਼ਬਦ ਆਮ ਤੌਰ ‘ਤੇ ਸ਼ਾਦੀ ਮੌਕੇ ਲਾੜੇ ਵੱਲੋਂ ਬੰਨੀ ਪੱਗ ਲਈ ਵਰਤਿਆ ਜਾਂਦਾ ਹੈ। ਪਰੰਪਰਾ ਅਨੁਸਾਰ ਚੀਰਾ ਲਾਲ ਰੰਗ ਦੀ ਪਗੜੀ ਨੂੰ ਕਿਹਾ ਜਾਂਦਾ ਹੈ। ਚੀਰਾ ਹਮੇਸ਼ਾ ਸ਼ੋਖ ਰੰਗ ਦਾ ਹੁੰਦਾ ਹੈ ਅਤੇ ਕਦੀ ਵੀ ਸਫਿਆਨੇ ਰੰਗ ਲਈ ਅਤੇ ਬਜੁਰਗ ਵਿਅਕਤੀ ਲਈ ਨਹੀਂ ਵਰਤਿਆ ਜਾਂਦਾ। ਚੀਰਾ ਚੜ੍ਹਦੀ ਜਵਾਨੀ ਅਤੇ ਸ਼ੋਖ ਜਜ਼ਬਾਤ ਦਾ ਸੰਕੇਤਕ ਹੈ:
ਉਦ੍ਹੇ ਸੀਨੇ ‘ਚ ਸੱਧਰ ਹੈ
ਤੇ ਹੈ ਵਿਸ਼ਵਾਸ ਹੱਥਾਂ ‘ਤੇ,
ਉਹ ਤਾਰੇ ਤੋੜ ਕੇ ਅੰਬਰੋਂ
ਤੇਰਾ ਚੀਰਾ ਸਜਾਵੇਗੀ।

ਇਹ ਤੇਰਾ ਵਹਿਮ ਹੈ
ਡਰ ਕੇ ਪਿਛਾਂਹ ਪਰਤ ਜਾਵਾਂਗੀ,
ਉਹ ਤਿੱਖੀ ਧਾਰ ਤੇ ਤੁਰ ਕੇ
ਤੇਰੇ ਪਹਿਲੂ ‘ਚ ਆਵੇਗੀ।

ਸੁਲਘਦੇ ਥਲ ‘ਚ ਉਗਿਆ ਹੈਂ
ਤੂੰ ਬਣ ਕੇ ਬਿਰਖ ਜਿਸ ਖਾਤਰ,
ਉਹ ਤੇਰੇ ਹਰ ਇਕ ਪੱਤੇ ‘ਤੇ
ਵਫਾ ਦਾ ਹਰਫ ਪਾਵੇਗੀ।

ਉਡੀਕਾਂ ਤੇਰੀਆਂ ਨੇ ਓਸ ਨੂੰ
ਕਦ ਸੌਣ ਦੇਣਾ ਹੈ,
ਉਹ ਅੱਧੀ ਰਾਤ ਉਠੇਗੀ
ਤੇ ਦਰ ਵਿਚ ਬੈਠ ਜਾਵੇਗੀ।

ਤੂੰ ਉਸ ਦੀ ਬੀਹੀ ‘ਚੋਂ ਗੁਜ਼ਰੀ
ਜਾਂ ਨਾਂ ਗੁਜਰੀ, ਤੇਰੀ ਮਰਜ਼ੀ,
ਤੇਰੇ ਰਾਹਾਂ ‘ਚ ਉਲਫਤ ਦੇ
ਉਹ ਨਿਤ ਦੀਵੇ ਜਗਾਵੇਗੀ।

ਕਰੇ ਜਦ ਇਸ਼ਕ ਆਪਣੇ
ਖੂਨ ਦਾ ਦਰਿਆ ਵੀ ਤਰ ਜਾਵੇ,
ਉਹ ਤਿੱਖੀ ਧਾਰ ‘ਤੇ ਤੁਰ ਕੇ
ਤੇਰੇ ਤਕ ਪਹੁੰਚ ਜਾਵੇਗੀ।

ਉਦ੍ਹੇ ਖੰਭਾਂ ਨੂੰ ਕੈਂਚੀ ਫੇਰ ਕੇ
ਨਿਸ਼ਚਿੰਤ ਨਾ ਹੋਇਓ,
ਉਦ੍ਹੇ ਸਾਹਾਂ ‘ਚ ਪਰਵਾਜ਼ਾਂ ਨੇ
ਉਹ ਤਾਂ ਉਡ ਹੀ ਜਾਵੇਗੀ।

ਉਦ੍ਹੇ ਸੀਨੇ ‘ਚ ਸੱਧਰ ਹੈ
ਤੇ ਹੈ ਵਿਸ਼ਵਾਸ ਹੱਥਾਂ ‘ਤੇ,
ਉਹ ਤਾਰੇ ਤੋੜ ਕੇ ਅੰਬਰੋਂ
ਤੇਰਾ ਚੀਰਾ ਸਜਾਵੇਗੀ।
ਸੰਨ 2000 ਵਿਚ ਸੁਖਵਿੰਦਰ ਦਾ ਪਹਿਲਾ ਨਜ਼ਮ-ਸੰਗ੍ਰਹਿ ‘ਕਣੀਆਂ’ ਆਇਆ। ਇਨ੍ਹਾਂ ਨਜ਼ਮਾਂ ਦੇ ਵਿਸ਼ੇ ਬਾਰੇ ਉਹ ਆਪ ਲਿਖਦੀ ਹੈ, ‘ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਦਾ ਕੇਂਦਰੀ ਵਿਸ਼ਾ ਮਾਨਵੀ ਰਿਸ਼ਤਿਆਂ ਨਾਲ ਸੰਬੰਧਿਤ ਹੈ। ਮੁਹੱਬਤ ਦੇ ਰਿਸ਼ਤੇ ਤੋਂ ਲੈ ਕੇ ਸਾਰੇ ਸਮਾਜਿਕ ਰਿਸ਼ਤਿਆਂ ਦਾ ਤਾਣਾ-ਬਾਣਾ ਇਨ੍ਹਾਂ ਕਵਿਤਾਵਾਂ ਵਿਚ ਵੇਖਿਆ ਜਾ ਸਕਦਾ ਹੈ।’
ਸਮਾਜਿਕ ਰਿਸ਼ਤਿਆਂ ਦੇ ਤਾਣੇ-ਬਾਣੇ ਵਿਚ ਕਿਸੇ ਵੀ ਔਰਤ ਲਈ, ਖਾਸਕਰ ਸੰਵੇਦਨਸ਼ੀਲ ਔਰਤ ਲਈ, ਪੁਰਸ਼-ਪ੍ਰਧਾਨ ਸਮਾਜ ਵਿਚ ਪਿਤਾ ਅਤੇ ਪਤੀ ਦਾ ਰੋਹਬਦਾਰ ਅਤੇ ਉਲਾਰੂ ਰੋਲ ਹਮੇਸ਼ਾ ਸਿਰ-ਦਰਦੀ ਬਣਿਆ ਰਹਿੰਦਾ ਹੈ। ਇਨ੍ਹਾਂ ਰਿਸ਼ਤਿਆਂ ਦੀ ਬੁਨਿਆਦ ਆਦਿ ਕਾਲੀ ਹਲਾਤਾਂ ਵਿਚੋਂ ਸਿਰਜੀ ਗਈ ਹੁੰਦੀ ਹੈ। ਪੰਜਾਬ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਸੋਨ-ਚਿੜੀ ਹਿੰਦੁਸਤਾਨ ‘ਤੇ ਹਮਲਾ ਕਰਨ ਵਾਲੇ ਸਾਰੇ ਹਮਲਾਵਰ ਇਸੇ ਨੂੰ ਲਿਤਾੜ ਕੇ ਅੱਗੇ ਨਿਕਲਦੇ ਰਹੇ। ਯੁੱਧ-ਪ੍ਰਸਥਿਤੀਆਂ ਵਿਚ ਔਰਤ ਸਭ ਤੋਂ ਵੱਧ ਪੀੜੀ ਜਾਂਦੀ ਹੈ, ਕਮਜ਼ੋਰ ਹੋਣ ਕਰਕੇ ਵੀ ਅਤੇ ਭੋਗਣਯੋਗ-ਵਸਤੂ ਦੇ ਤੌਰ `ਤੇ ਵੀ। ਅਜਿਹੀਆਂ ਪ੍ਰਸਥਿਤੀਆਂ ਵਿਚ ਧੀ-ਭੈਣ ਇੱਜ਼ਤ ਦਾ ਪ੍ਰਤੀਕ ਬਣ ਜਾਂਦੀ ਹੈ, ਜਿਸ ਦੀ ਰਖਵਾਲੀ ਦੀ ਜਿ਼ੰਮੇਵਾਰੀ ਭਰਾ-ਪਿਤਾ-ਪਤੀ ਦੀ ਬਣ ਜਾਂਦੀ ਹੈ। ਅਜਿਹੀਆਂ ਸਮਾਜਿਕ ਪ੍ਰਸਥਿਤੀਆਂ ਵਿਚ ਔਰਤ ਦਾ ਭਰਪੂਰ ਸ਼ਖਸੀ ਵਿਕਾਸ ਸੰਭਵ ਨਹੀਂ ਹੁੰਦਾ, ਉਹ ਆਪਣੀ ਮਰਜ਼ੀ ਦੀ ਮਾਲਕ ਨਹੀਂ ਰਹਿੰਦੀ। ਪਿਆਰ, ਇਸ਼ਕ ਅਤੇ ਜਿਨਸੀ-ਮੇਲ ਦੇ ਸਭ ਸੰਕਲਪ ਸ਼ਾਦੀ ਤੱਕ ਸੀਮਤ ਹੋ ਜਾਂਦੇ ਹਨ। ਅਜਿਹੀ ਰੂਹਾਨੀ ਅਤੇ ਜਿਸਮਾਨੀ ਅਧੀਨਤਾ ਵਿਚੋਂ ਸਾਹਿਬਾਂ ਅਤੇ ਹੀਰਾਂ ਵਰਗੀਆਂ ਇਨਕਲਾਬੀ ਰੂਹਾਂ ਉਠ ਪੈਂਦੀਆਂ ਹਨ, ਜਿਨ੍ਹਾਂ ਨੂੰ ਪੁਰਸ਼-ਪ੍ਰਧਾਨ ਸਮਾਜ ‘ਵਿਗੜੀਆਂ ਕੁੜੀਆਂ’ ਦਾ ਖਿਤਾਬ ਦਿੰਦਾ ਹੈ। ਉਨ੍ਹਾਂ ਦੀ ਬਹਾਦੁਰੀ ਦੇ ਕਿੱਸੇ ਵੀ ਗਉਂਦਾ ਹੈ, ਪਰ ਇਹ ਕਦੀ ਨਹੀਂ ਚਾਹੁੰਦਾ ਕਿ ਆਪਣੀ ਧੀ-ਭੈਣ ਸਾਹਿਬਾਂ ਜਾਂ ਹੀਰ ਬਣੇ। ਅਜਿਹੀਆਂ ਔਰਤਾਂ ਦੇ ਜੁਝਾਰੂ ਅਤੇ ਆਪਾ ਵਾਰਨ ਦੇ ਕਾਰਨਾਮਿਆਂ ਨੂੰ ਵੀ ਕਈ ਵਾਰ ਸਿਫਤਯੋਗ ਨਾ ਸਮਝ ਕੇ ਮੋੜ-ਤਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਸੁਖਵਿੰਦਰ ਵਰਗੀਆਂ ਰੂਹਾਂ ਹੀਰ, ਸਾਹਿਬਾਂ, ਸੱਸੀ ਆਦਿ ਪੰਜਾਬੀ ਨਾਇਕਾਵਾਂ ਦੀਆਂ ਰੂਹਾਂ ਦੇ ਬਹੁਤ ਨਜ਼ਦੀਕ ਵਿਚਰਨ ਵਾਲੀਆਂ ਰੂਹਾਂ ਹੁੰਦੀਆਂ ਹਨ। ਉਹ ਇਹ ਨਹੀਂ ਬਰਦਾਸ਼ਤ ਕਰ ਸਕਦੀਆਂ ਕਿ ਸਾਹਿਬਾਂ ਵਰਗੀ ਸਾਹਸੀ, ਨਿਡਰ ਅਤੇ ਸੁਹਿਰਦ ਔਰਤ ਉਤੇ ਬੇ-ਵਫਾ ਦਾ ਦੋਸ਼ ਲਾਇਆ ਜਾਵੇ:
ਇਹ ਝੂਠ ਹੈ ਕਿ ਮੈਨੂੰ
ਭਰਾਵਾਂ ਦਾ ਮੋਹ ਮਾਰ ਗਿਆ।

ਮੈਂ ਤਾਂ ਤੋੜ ਕੇ ਆ ਗਈ ਸੀ
ਭਰਾਵਾਂ ਦੇ ਮੋਹ ਦੀ ਸੰਗਲੀ
ਮੈਂ ਤਾਂ ਬਾਬਲ ਦੀ ਪੱਗ ਦਾ ਵੀ
ਖਿਆਲ ਨਾ ਕੀਤਾ
ਭਿੱਜਦੀ ਰਹੀ ਹੋਵੇਗੀ
ਹੰਝੂਆਂ ਦੇ ਮੋਹਲੇਧਾਰ ਮੀਂਹ ਵਿਚ
ਮੇਰੀ ਮਾਂ ਦੀ ਚੁੰਨੀ
ਕਿ ਮੈਨੂੰ ਤੇਰੇ ਇਸ਼ਕ ਨੇ ਮਾਰਿਆ।

ਤੇਰੇ ਪਿਆਰ ਦੀ ਬੁੱਕਲ ਦਾ ਨਿੱਘ
ਮਾਣਨ ਦੀ ਲਾਲਸਾ ਨੇ
ਮੈਨੂੰ ਅੰਨੀ ਕਰ ਦਿੱਤਾ
ਕਿ ਤੇਰੀ ਬੱਕੀ ‘ਤੇ ਬੈਠ ਕੇ
ਮੈਂ ਇਕ ਵਾਰ ਵੀ ਪਿੱਛੇ ਨਾ ਤੱਕਿਆ
ਹਾਂ, ਮੈਨੂੰ ਤੇਰੇ ਇਸ਼ਕ ਨੇ ਮਾਰਿਆ।

ਉਠ! ਜੱਗ ਨੂੰ ਜਵਾਬ ਦੇ
ਮੈਂ ਦਗਾ ਨਹੀਂ ਕਮਾਇਆ
ਮੈਂ ਤੇਰਾ ਤਰਕਸ਼ ਜੰਡ ‘ਤੇ ਨਹੀਂ ਟੰਗਿਆ
ਮੈਂ ਤੇਰੀਆਂ ਕਾਨੀਆਂ ਨਹੀਂ ਤੋੜੀਆਂ।

ਮੈਂ ਜੰਡ ‘ਤੇ ਟੰਗਿਆ
ਆਪਣਾ ਰੱਤ ਭਿੱਜਾ ਸਾਲੂ
ਮੈਂ ਤੋੜੀਆਂ ਆਪਣੀਆਂ ਬਾਹਾਂ ਵਿਚੋਂ
ਸੁਹਾਗ ਦੀਆਂ ਵੰਗਾਂ
ਕਿ ਮੈਨੂੰ ਤਾਂ ਤੇਰੇ ਇਸ਼ਕ ਨੇ ਮਾਰਿਆ।
ਪੰਜਾਬੀ ਸਮਾਜ ਵਿਚ ਬਾਬਲ ਦੀ ਪੱਗ ਇੱਜ਼ਤ ਦਾ ਪ੍ਰਤੀਕ ਰਹੀ ਹੈ। ਧੀਆਂ ਦੀਆਂ ਮਾਂਵਾਂ ਹਮੇਸ਼ਾ ਆਪਣੀਆਂ ਧੀਆਂ ਨੂੰ ਬਾਬਲ ਦੀ ਇੱਜ਼ਤ ਬੁਲੰਦ ਰੱਖਣ ਦੀ ਤਾਕੀਦ ਕਰਦੀਆਂ ਆਈਆਂ ਹਨ। ਧੀਆਂ ਵੱਲੋਂ ਜਦ ਮਰਿਆਦਾ ਦੀਆਂ ਵਲਗਣਾਂ ਉਲੰਘੀਆਂ ਜਾਂਦੀਆਂ ਹਨ ਜਾਂ ਜਦੋਂ ਵਿਵਰਜਤ ਫਲ ਮਨ-ਇੱਛਤ ਫਲ ਬਣ ਜਾਂਦਾ ਹੈ ਤਾਂ ਪਿਤਾ ਦੀ ਪੱਗ ਦਾਗਦਾਰ ਅਤੇ ਤਾਰ ਤਾਰ ਹੋ ਜਾਂਦੀ ਹੈ, ਸ਼ਮਲਾ ਸ਼ਰਮਸਾਰ ਅਤੇ ਸਰਨਗੂੰ ਹੋ ਜਾਂਦਾ ਹੈ। ਸੁਖਵਿੰਦਰ ਅੰਮ੍ਰਿਤ ਦਾ ਬਾਪ ਵੀ ਅਜਿਹਾ ਹੀ ਪਰੰਰਾਗਤ ਬਾਪ ਹੈ, ਜਿਸ ਬਾਰੇ ਲਿਖੀ ਉਸ ਦੀ ਲੰਬੀ ਨਜ਼ਮ ਬਹੁਤ ਮਕਬੂਲ ਹੋਈ:
ਉਹ ਪੁਰਸ਼, ਜਿਸ ਦੀ
ਕੌੜੀ ਹਵਾੜ ਨਾਲ ਬੁਝ ਜਾਂਦਾ ਸੀ
ਹਰ ਆਥਣ ਨੂੰ
ਕੰਧੋਲੀ ‘ਤੇ ਧਰਿਆ ਦੀਵਾ।

ਜਿਸ ਦੀਆਂ ਦਹਿਕਦੀਆਂ
ਅੱਖਾਂ ਸਾਹਵੇਂ ਪੈ ਜਾਂਦੀ ਸੀ
ਚੁੱਲ੍ਹੇ ਦੀ ਅੱਗ ਮੱਠੀ
ਜਿਸ ਦੀ ਦਹਾੜ ਸੁਣਦਿਆਂ ਹੀ
ਪੱਠੇ ਛੱਡ ਕੇ ਖੜੋ ਜਾਂਦੇ ਸਨ
ਗਊ ਦੇ ਜਾਏ
ਤ੍ਰਭਕ ਕੇ ਉਡ ਜਾਂਦੀਆਂ ਸਨ
ਡੇਕ ਤੋਂ ਨੀਂਦ ਨਾਲ
ਭਰੀਆਂ ਹੋਈਆਂ ਚਿੜੀਆਂ
ਦਾਦੀ ਨੂੰ ਭੁੱਲ ਜਾਂਦਾ ਸੀ
ਰਹਿਰਾਸ ਦਾ ਪਾਠ,
ਕੰਬ ਕੇ ਛਲਕ ਜਾਂਦੀ ਸੀ
ਵੀਰੇ ਦੇ ਹੱਥ ‘ਚੋਂ
ਦੁੱਧ ਵਾਲੀ ਗਲਾਸੀ
ਮਾਂ ਦੇ ਹੱਥ ‘ਚੋਂ ਛੁੱਟ ਜਾਂਦਾ ਸੀ
ਆਟੇ ਦਾ ਪੇੜਾ
ਤੇ ਦਰਵਾਜਿਆਂ ਪਿੱਛੇ
ਲੁਕ ਜਾਂਦੀਆਂ ਸਨ ਛੋਟੀਆਂ ਭੈਣਾਂ।

ਹਾਂ, ਮੈਂ ਉਸੇ ਪੁਰਸ਼ ਦੀ
ਗੱਲ ਕਰ ਰਹੀ ਹਾਂ
ਜਿਸ ਦੀ ਛਤਰ ਥੱਲੇ ਚੜ੍ਹੀ ਸੀ ਮੈਨੂੰ
ਮੈਲੀ ਜਿਹੀ ਬੁੱਕਲ ਵਿਚ
ਲਿਪਟੀ ਸਹਿਮੀ ਜਿਹੀ ਜਵਾਨੀ।

ਜਿਥੇ ਮੇਰੀ ਕਵਿਤਾ ਦੀ
ਕਰੂੰਬਲ ਨੂੰ ਛਾਂਗ ਕੇ
ਚਾੜ੍ਹੀ ਗਈ ਸੀ
ਸਿਸਕੀ ਦੀ ਪਿਉਂਦ
ਤੇ ਮੇਰੇ ਗੀਤਾਂ ਨੂੰ ਦਿੱਤੀ ਗਈ ਸੀ
ਹਉਕੇ ਦੀ ਗੁੜ੍ਹਤੀ।

ਜਿਸ ਦੇ ਵਿਹੜੇ ਵਿਚ ਫਿਰਦਿਆਂ
ਵਿੰਨਦਾ ਰਿਹਾ ਮੇਰੀ ਹਿੱਕ ਨੂੰ
ਵੰਗਾਂ ਵਾਲੇ ਦਾ ਹੋਕਾ
ਜਿਸ ਦੀਆਂ ਉਚੀਆਂ ਕੰਧਾਂ ਦਾ ਰਿਹਾ
ਮੇਰੀ ਤੱਕਣੀ ਨਾਲ ਸ਼ਰੀਕਾ
ਜਿਸ ਨੂੰ ਵੇਖ ਕੇ ਕੰਬ ਜਾਂਦੀ ਸੀ
ਮੇਰੀ ਕੱਜਲੇ ਨਾਲ ਲਿਬੜੀ ਉਂਗਲ
ਠਠੰਬਰ ਜਾਂਦਾ ਸੀ
ਮੇਰੇ ਹੱਥ ਵਿਚ ਫੜਿਆ ਦੰਦਾਸਾ
ਉਲਝ ਜਾਂਦੀ ਸੀ
ਕੰਘੀ ਦੇ ਦੰਦਿਆਂ ਵਿਚ
ਦੋ ਗੁੱਤਾਂ ਕਰਨ ਦੀ ਰੀਝ।

ਜਿਸ ਨੂੰ ਵੇਖਦਿਆਂ
ਟੁਕੀ ਜਾਂਦੀ ਸੀ
ਮੇਰੇ ਦੰਦਾਂ ਥੱਲੇ ਆ ਕੇ
ਗਿੱਧੇ ਦੀ ਬੋਲੀ
ਦਮ ਤੋੜ ਜਾਂਦਾ ਸੀ
ਪੈਰਾਂ ਵਿਚ ਮਚਲਦਾ ਗਿੱਧਾ
ਪੈ ਜਾਂਦੀ ਸੀ
ਮੇਰੀ ਕਿੱਕਲੀ ਨੂੰ ਦੰਦਲ
ਤੇ ਆਤਮਘਾਤ ਕਰ ਲੈਂਦਾ ਸੀ
ਤੀਆਂ ‘ਤੇ ਜਾਣ ਦਾ ਚਾਅ।

ਪਰ ਫਿਰ ਵੀ
ਮੈਂ ਤਾਂ ਚਾਹੁੰਦੀ ਸੀ
ਨਾ ਭਰਾਂ ਉਚਾ ਹਟਕੋਰਾ
ਨਾ ਝਲਕੇ ਮੇਰੀ ਅੱਖ ‘ਚੋਂ
ਰੀਝਾਂ ਦਾ ਮਾਤਮ
ਨਾ ਹੋਵੇ ਸਿਆਣਪ ਦੀ ਬੁੱਕਲ ਢਿੱਲ੍ਹੀ
ਝੂਮਦਾ ਰਵ੍ਹੇ ਉਸ ਦੀ ਪੱਗ ਦਾ ਸ਼ਮਲਾ
ਹੰਢਾਈ ਜਾਵਾਂ ਚੁੱਪ-ਚਾਪ ਉਹਦਾ ਅਨਿਆਂ
ਪਾਲੀ ਜਾਵਾਂ ਉਹਦੇ ਅੰਨ ਨਾਲ ਵਫਾ।

ਪਰ ਇਕ ਦਿਨ ਸ਼ੀਸ਼ਾ ਵੇਖਦਿਆਂ ਵੇਖਦਿਆਂ
ਚੜ੍ਹ ਗਿਆ ਮੇਰੀ ਉਦਾਸੀ ਨੂੰ ਰੋਹ
ਚੰਘਿਆੜ ਪਈ ਮੇਰੀ ਬੇਬਸੀ
ਤੜਪ ਉਠੇ ਮੇਰੇ ਗੀਤ
ਮੈਥੋਂ ਛੁਟ ਗਿਆ
ਉਸ ਦੀ ਸਰਦਲ ਦਾ ਲਿਹਾਜ਼
ਮੈਥੋਂ ਟੁਟ ਗਿਆ ਡੇਕ ਦੀ ਛਾਂ ਦਾ ਮੋਹ
ਮਰ ਗਿਆ ਮੇਰੇ ਖੂਨ ‘ਚੋਂ
ਉਸ ਦੀ ਹਰ ਚੀਜ਼ ਨਾਲ ਰਿਸ਼ਤਾ।

ਤੇ ਮੈਂ ਦੌੜ ਪਈ ਉਸ ਪਗਡੰਡੀ ‘ਤੇ
ਜਿਹੜੀ ਕਵਿਤਾ ਦੇ ਦੇਸ ਨੂੰ ਜਾਂਦੀ ਹੈ…
ਜਿਹੜੀ ਪਿਆਰ ਦੇ ਦੇਸ ਨੂੰ ਜਾਂਦੀ ਹੈ…
ਜਿਹੜੀ ਜ਼ਿੰਦਗੀ ਦੇ ਦੇਸ ਨੂੰ ਜਾਂਦੀ ਹੈ…।
ਸੁਖਵਿੰਦਰ ਅੰਮ੍ਰਿਤ ਦਾ ਚੌਥਾ ਕਾਵਿ-ਸੰਗ੍ਰਹਿ ਫਿਰ ਗਜ਼ਲ-ਸੰਗ੍ਰਹਿ ਹੀ ਸੀ। ‘ਪਤਝੜ ਵਿਚ ਪੁੰਗਰਦੇ ਪੱਤੇ’ ਨਾਮੀਂ ਇਸ ਗਜ਼ਲ-ਸੰਗ੍ਰਹਿ ਵਿਚਲੀਆਂ ਗਜ਼ਲਾਂ ਵੀ ਪਿਆਰ ਮੁਹੱਬਤ ਦਾ ਹੀ ਇਜ਼ਹਾਰ ਹਨ। ਗਜ਼ਲ ਰਾਹੀਂ ਆਪਣੀ ਬਾਤ ਕਹਿਣ ਤੋਂ ਪਹਿਲਾਂ ਉਹ ਭੂਮਿਕਾ ਵਿਚ ਸਪਸ਼ਟ ਕਰਦੀ ਹੈ, ‘ਗਜ਼ਲਾਂ ਦਾ ਪ੍ਰਮੁੱਖ ਵਿਸ਼ਾ ਪੁਰਖ ਪ੍ਰਧਾਨ ਸਮਾਜ ਵਿਚ ਔਰਤ ਦੀ ਸਥਿਤੀ ਨਾਲ ਸੰਬੰਧਿਤ ਹੈ। ਇਹ ਸਥਿਤੀ ਕਾਫੀ ਅਸੰਤੋਸ਼ਜਨਕ ਹੈ, ਪਰ ਮੈਂ ਆਪਣੀਆਂ ਗਜ਼ਲਾਂ ਵਿਚ ਪੁਰਸ਼ ਨੂੰ ਦੋਸ਼ੀ ਨਹੀਂ ਠਹਿਰਾਉਂਦੀ। ਮੈਨੂੰ ਤਾਂ ਉਸ ਸਮਾਜ, ਸਭਿਆਚਾਰ ਅਤੇ ਇਤਿਹਾਸ ਨਾਲ ਗਿਲਾ ਹੈ, ਜਿਸ ਨੇ ਪੁਰਸ਼ ਦੀ ਅਜਿਹੀ ਮਾਨਸਿਕਤਾ ਸਿਰਜੀ ਹੈ…।’
ਉਸ ਦਾ ਸੁਪਨਮਈ ਸਮਾਜ ਪਿਆਰ ਵਿਚ ਬੱਝਿਆ ਸਮਾਜ ਹੈ। ਅਜਿਹੇ ਆਦਰਸ਼ਕ ਸਮਾਜ ਵਿਚ ਨਰ-ਨਾਰੀ ਦਾ ਮੁਹੱਬਤੀ ਰਿਸ਼ਤਾ ਸਾਹਿਤ ਦਾ ਕਦੀਮੀ ਸਰੋਤ ਰਿਹਾ ਹੈ। ਜੇ ਇਹ ਮਾਨਵੀ ਰਿਸ਼ਤਾ ਸਿਰਫ ਜਿਸਮਾਨੀ ਪਿਆਸ-ਤ੍ਰਿਪਤੀ ਤੱਕ ਸੀਮਤ ਰਹੇ ਤਾਂ ਉਹ ਆਦਰਸ਼ਕ ਪਿਆਰ ਦੀਆਂ ਉਨ੍ਹਾਂ ਤ੍ਰਿਪਤੀਆਂ ਤੋਂ ਵਾਂਝਾ ਰਹੇਗਾ, ਜੋ ਰੂਹਾਨੀ ਪਿਆਰ ਕਰਦੀਆਂ ਜੋੜੀਆਂ ਨੂੰ ਨਸੀਬ ਹੁੰਦਾ ਹੈ। ਸਾਡੇ ਸਭਿਆਚਾਰ ਵਿਚ ਔਰਤ ਮਰਦ ਦੇ ਲੜ ਲੱਗਦੀ ਹੈ, ‘ਪਲੇ ਮੈਂ ਤੈਂਡੇ ਲਾਗੀ।’
ਪਹਿਲੇ ਜ਼ਮਾਨੇ ਵਿਚ ਵਿਆਹੁਣ ਗਿਆ ਲਾੜਾ ਆਪਣੀ ਪੱਗ ਦਾ ਲੰਬਾ ਲੜ ਛੱਡਦਾ ਸੀ, ਜਿਸ ਨੂੰ ਪਕੜ ਕੇ ਔਰਤ ਫੇਰੇ ਲੈਂਦੀ ਸੀ। ਅੱਜ ਕੱਲ੍ਹ ਇਹ ਲੜ ਇੱਕ ਪਰਨੇ ਦੇ ਰੂਪ ਵਿਚ ਮੋਢਿਆਂ ‘ਤੇ ਰੱਖ ਲਿਆ ਜਾਂਦਾ ਹੈ। ਸੁਖਵਿੰਦਰ ਅੰਮ੍ਰਿਤ ਦੇ ਚੇਤਨਾ ਪ੍ਰਵਾਹ ਵਿਚ ਨਰ-ਨਾਰੀ ਦਾ ਮੇਲ ਜਿਸਮਾਨੀ ਹੀ ਨਹੀਂ, ਸਗੋਂ ਰੂਹਾਨੀ ਹੈ। ਇਸ ਮੇਲ ਵਿਚ ਸਮਾਜਿਕ-ਸਭਿਆਚਾਰਕ ਜੀਵਨ ਦੀ ਇੱਕ-ਸੁਰਤਾ ਅਤੇ ਇੱਕ-ਲੈਅਤਾ ਵੀ ਅਹਿਮ ਹੈ। ਇਸ ਸੁਮੇਲ ਨੂੰ ਸੁਖਵਿੰਦਰ ਅੰਮ੍ਰਿਤ ਵਾਰ ਵਾਰ ਚੁੰਨੀ ਅਤੇ ਦਸਤਾਰ ਦੇ ਸੰਗਮ ਰਾਹੀਂ ਰੂਪਮਾਨ ਕਰਦੀ ਹੈ:
ਮਖਮਲੀ ਅਹਿਸਾਸ ਤਿੱਖੀ ਧਾਰ ਵੀ
ਇਸ਼ਕ ਗੁੰਚਾ ਇਸ਼ਕ ਹੈ ਤਲਵਾਰ ਵੀ।

ਇਹ ਸਿਰਫ ਸਾਗਰ ਮੁਹੱਬਤ ਦਾ ਨਹੀਂ
ਇਹ ਗਹਿਰੇ ਦਰਦ ਦੀ ਮੰਝਧਾਰ ਵੀ।

ਕਸ਼ਮਕਸ਼ ਕੈਸੀ ਕਿ ਮੈਨੂੰ ਓਸ ‘ਤੇ
ਬੇਯਕੀਨੀ ਵੀ ਹੈ ਤੇ ਇਤਬਾਰ ਵੀ।

ਮੇਰਿਆਂ ਰਾਹਾਂ ਦਾ ਹੈ ਉਹ ਰਹਿਨੁਮਾ
ਤੇ ਅਵਾਰਾ ਸੋਚ ਦੀ ਦੀਵਾਰ ਵੀ।

ਖੌਲਦਾ ਨਾ ਕਿਉਂ ਝਨਾਂ ਦਾ ਨੀਰ ਫਿਰ
ਇਸ਼ਕ ਬਲਦਾ ਸੀ ਉਰ੍ਹਾਂ ਵੀ, ਪਾਰ ਵੀ।

ਦਾਗ ਨਾ ਲੱਗੇ ਮੁਹੱਬਤ ਨੂੰ ਕਿਤੇ
ਇਹ ਮੇਰੀ ਚੁੰਨੀ, ਤੇਰੀ ਦਸਤਾਰ ਵੀ।

ਕੀ ਕਹਾਂ ਉਸ ਨਰਮ ਡਾਲੀ ਦੀ ਕਥਾ
ਸਹਿ ਸਕੀ ਨਾ ਜੋ ਕਲੀ ਦਾ ਭਾਰ ਵੀ।
ਪੱਗ, ਪਗੜੀ, ਦਸਤਾਰ ਕਈ ਹਾਵਾਂ-ਭਾਵਾਂ-ਚਾਵਾਂ ਦਾ ਮੁਜੱਸਮਾ ਰਹੀ ਹੈ। ਇਹ ਹਿੰਦੁਸਤਾਨ ਸਮੇਤ ਬਹੁਤ ਸਾਰੇ ਮੁਲਖਾਂ ਵਿਚ ਕਲਗੀ ਅਤੇ ਗਹਿਣੇ ਸਜਾਉਣ ਲਈ ਆਧਾਰ ਦੇ ਤੌਰ ‘ਤੇ ਵੀ ਵਰਤੀ ਜਾਂਦੀ ਰਹੀ ਹੈ। ਲਾੜਾ ਵਿਆਹ ਸਮੇਂ ਕਲਗੀ ਸਜਾਉਂਦਾ ਹੈ ਅਤੇ ਬਾਦਸ਼ਾਹ ਗੱਦੀ ਪ੍ਰਾਪਤ ਕਰਨ ਸਮੇਂ। ਮਿਸਰ ਵਰਗੇ ਕਈ ਮੁਲਖਾਂ ਵਿਚ ਦਸਤਾਰ ਦੇ ਰੰਗ ਅਤੇ ਉਸ ‘ਤੇ ਲੱਗੇ ਖੰਭ ਕਈ ਅਰਥ ਸੰਚਾਰਦੇ ਸਨ। ਪੁਰਾਤਨ ਸਮਿਆਂ ਵਿਚ ਕਈ ਰਾਜਿਆਂ ਨੂੰ ਐਵੇਂ ਹੀ ਰਾਜ ਮਿਲ ਜਾਂਦਾ, ਉਹ ਉਸ ਦੇ ਕਾਬਲ ਵੀ ਨਹੀਂ ਸਨ ਹੁੰਦੇ। ਸੁਖਵਿੰਦਰ ਇੱਕ ਗਜ਼ਲ ਵਿਚ ਇਸ ਬੇਤੁਕੀ ਬਾਦਸ਼ਾਹੀਅਤ ਵੱਲ ਇਸ਼ਾਰਾ ਕਰਦੀ ਹੈ:
ਨਿਭਦਾ ਹੈ ਏਸ ਦੁਨੀਆਂ ਵਿਚ
ਪਿਆਰ ਕੋਈ ਕੋਈ,
ਅਗਨੀ ਦੀ ਧੁਨ ‘ਤੇ
ਝੂਮੇ ਮਲਹਾਰ ਕੋਈ ਕੋਈ।

ਦੁੱਖ ਨੂੰ ਕਲੇਜੇ ਲਾਇਆ
ਤਾਂ ਇਹ ਭੇਤ ਸਮਝ ਆਇਆ,
ਸੀਨੇ ‘ਚੋਂ ਜ਼ਹਿਰ ਪੀਂਦੀ ਹੈ
ਕਟਾਰ ਕੋਈ ਕੋਈ।

ਜੰਮਦੇ ਨਾ ਰੋਜ਼ ਦੁਨੀਆਂ ‘ਤੇ
ਸੱਚ ਦੇ ਦੀਵਾਨੇ,
ਰੱਖਦਾ ਹੈ ਜੀਭ ਉਤੇ
ਅੰਗਿਆਰ ਕੋਈ ਕੋਈ।

ਕਰਦੀ ਜੋ ਜ਼ਿੰਦਗੀ ਦੇ
ਜ਼ਖਮਾਂ ‘ਤੇ ਮਰ੍ਹਮ-ਪੱਟੀ,
ਕਲਗੀ ਦੇ ਯੋਗ ਹੁੰਦੀ
ਦਸਤਾਰ ਕੋਈ ਕੋਈ।

ਡਿਗਿਆਂ ਨੂੰ ਜੋ ਉਠਾਲੇ
ਬੁਝਿਆਂ ਨੂੰ ਜਿਹੜੀ ਬਾਲੇ,
ਸਮਿਆਂ ਨੂੰ ਯਾਦ ਰਹਿੰਦੀ
ਤਲਵਾਰ ਕੋਈ ਕੋਈ।
‘ਪੱਤਝੜ ਵਿਚ ਪੁੰਗਰਦੇ ਪੱਤੇ’ ਤੋਂ ਬਾਅਦ 2006 ਵਿਚ ਉਸ ਦਾ ਅਗਲਾ ਕਵਿਤਾ-ਸੰਗ੍ਰਹਿ ‘ਧੁੱਪ ਦੀ ਚੁੰਨੀ’ ਆਇਆ, ਜਿਸ ਵਿਚ ਅਣੀਆਂ-ਕਣੀਆਂ ਵਰਗੀਆਂ ਨਿੱਕੀਆਂ ਕਵਿਤਾਵਾਂ ਹਨ। ਹੁਣ ਜਜ਼ਬਾਤ ਅਤੇ ਭਾਵਨਾਵਾਂ ਤਰੰਗਾਂ ਨਹੀਂ ਮਾਰਦੀਆਂ, ਨਾ ਹੀ ਸ਼ੋਖ ਸ਼ੋਰ ਕਰਦੀਆਂ ਹਨ। ਇਨ੍ਹਾਂ ਵਿਚ ਤਹੱਮਲ ਹੈ, ਟਿਕਾਅ ਹੈ, ਗਹਿਰਾਈ ਹੈ, ਦਨਾਈ ਹੈ, ਜੋ 2014 ਵਿਚ ਆਏ ਕਾਵਿ-ਸੰਗ੍ਰਹਿ ‘ਚਿੜੀਆਂ’ ਵਿਚ ਵੀ ਕਾਇਮ ਰਹਿੰਦਾ ਹੈ। ਪੰਜਾਬ ਵਿਚੋਂ ਚਿੜੀਆਂ ਸਮੇਤ ਬਹੁਤ ਕੁਝ ਮਨਫੀ ਹੋਈ ਜਾ ਰਿਹਾ ਹੈ। ਵਿਸ਼ਵੀਕਰਨ ਦੇ ਪ੍ਰਭਾਵ ਨੇ ਅਤੇ ਆਪਣੇ ਦੇਸ਼ ਵਿਚਲੀਆਂ ਸਹੂਲਤਾਂ ਅਤੇ ਸੰਭਾਵਨਾਵਾਂ ਦੇ ਅਭਾਵ ਨੇ ਬਰੇਨ-ਡਰੇਨ ਨੂੰ ਸਿਖਰਾਂ `ਤੇ ਲੈ ਆਂਦਾ ਹੈ। ਵਿਸ਼ਵ ਮੰਡੀ ਨੇ ਆਪਣੇ ਪੈਰ ਇਸ ਤਰ੍ਹਾਂ ਪਸਾਰੇ ਹਨ ਕਿ ਵਿਰਾਸਤੀ ਸਭਿਆਚਾਰ ਦਾ ਤਾਜੋ-ਤਖਤ ਬੁਰੀ ਤਰ੍ਹਾਂ ਡੋਲ ਰਿਹਾ ਹੈ। ਘੁੱਗ ਵੱਸਦੇ ਚੁਬਾਰਿਆਂ ਅਤੇ ਰੌਣਕੀਲੀਆਂ ਹਵੇਲੀਆਂ ਵਿਚ ਉਲੂ ਬੋਲਣ ਲੱਗੇ ਹਨ (ਹੁਣ ਤਾਂ ਉਲੂ ਵੀ ਘੱਟਦੇ ਜਾ ਰਹੇ ਹਨ)। ਪੰਜਾਬ ਦੇ ਇਤਿਹਾਸ ਵਿਚ ਵਾਪਰੇ ਸੰਤਾਲੀ, ਪੈਂਹਠ, ਚੁਰਾਸੀ ਦੇ ਦੁਖਾਤਾਂ ਤੋਂ ਵੀ ਵੱਧ ਘਾਤਕ ਹੋ ਸਕਦੈ ਇਹ ਮੌਜੂਦਾ ਦੌਰ। ਨੌਜਵਾਨ ਪਰਵਾਸ ਕਰਦੇ ਜਾ ਰਹੇ ਹਨ, ਪਿਛੇ ਰਹਿ ਰਹੇ ਬਜੁਰਗ ਬੇਆਸਰਾ ਅਤੇ ਬੇਉਮੀਦ ਜ਼ਿੰਦਗੀ ਜਿਊਂ ਰਹੇ ਹਨ। ਖਾਣ-ਪੀਣ, ਪਹਿਨਣ-ਪਚਰਣ, ਰਹਿਣ-ਸਹਿਣ ਪੰਜਾਬੀਅਤ ਤੋਂ ਦੂਰ ਹੋਈ ਜਾ ਰਿਹਾ ਹੈ। ਅਮੀਰ ਵਿਰਾਸਤ ਵਾਲਾ ਪੰਜਾਬ ਅੱਜ ਅਜੀਬ ਕਿਸਮ ਦੇ ਪਰਵਰਤਿਤ ਦੌਰ `ਚੋਂ ਗੁਜ਼ਰ ਰਿਹਾ ਹੈ। ਪਿਛਾਂਹ ਝਾਤ ਪਾਉਣੀ ਦੁਖਦਾਈ ਹੋਈ ਜਾਂਦੀ ਹੈ:
ਇਕ ਦਿਨ ਬਹੁਤ ਦੂਰ ਉਡ ਗਈਆਂ
ਮੇਰੇ ਖਿਆਲਾਂ ਦੀਆਂ ਚਿੜੀਆਂ।

ਮੇਰੇ ਪਿੰਡ ਵਾਲੇ ਘਰ
ਸੁੱਕ ਚੁੱਕੀ ਡੇਕ ਦੇ
ਟੁੰਡ-ਮਰੁੰਡ ਟਾਹਣਿਆਂ ‘ਤੇ
ਜਾ ਉਤਰੀਆਂ ਚੰਚਲ ਚਿੜੀਆਂ
ਚਿੜੀਆਂ ਨੇ ਦੇਖਿਆ
ਸੁੰਨ-ਮਸੁੰਨਾ ਵਿਹੜਾ
ਢੱਠੀਆਂ ਖੁਰਲੀਆਂ
ਕੰਧਾਂ ਤੋਂ ਡਿੱਗਦੇ ਲਿਓੜ
ਚੁੱਲ੍ਹੇ ਵਿਚ ਪਿਆ ਪਾਣੀ
ਠੀਕਰੀਆਂ ਬਣੇ ਦੀਵੇ।

ਸੋਚਾਂ ਵਿਚ ਪੈ ਗਈਆਂ
ਵਿਚਾਰੀਆਂ ਚਿੜੀਆਂ।

ਡੇਕ ਤੋਂ ਉਡ
ਫਿਰਨੀ ਵਾਲੀ ਕਿੱਕਰ ‘ਤੇ
ਜਾ ਬੈਠੀਆਂ ਉਦਾਸ ਚਿੜੀਆਂ।

ਚਿੜੀਆਂ ਨੇ ਦੇਖਿਆ
ਉਜੜਿਆ ਖੂਹ
ਟੁੱਟੇ ਹੋਏ ਘੜੇ
ਲੀਰਾਂ ਲੀਰਾਂ ਸਾਲੂ
ਖੰਡਰ ਬਣੀਆਂ ਹਵੇਲੀਆਂ
ਹਉਕੇ ਭਰਦੀ ਮਸੀਤ
ਪਤਾ ਨਹੀਂ ਕਿਹੜੇ
ਕਾਲੇ ਦਿਨਾਂ ਦੇ ਵਰਕੇ
ਫੋਲਣ ਬਹਿ ਗਈਆਂ ਚਿੜੀਆਂ।

ਚਿੜੀਆਂ ਨੇ ਦੇਖਿਆ
ਕਬਰਾਂ ‘ਤੇ ਡੁੱਲ੍ਹਿਆ ਲਹੂ
ਰੂੜੀ ‘ਤੇ ਰੁਲਦੀ ਪੱਗ
ਰਾਤੋ ਰਾਤ
ਕਾਲਿਓਂ ਬੱਗੀਆਂ ਹੋਈਆਂ ਦਾੜੀਆਂ
ਸੱਥ ਵਿਚ ਪਿਆ ਸੋਗ
ਦਰਗਾਹ ਨੂੰ ਲੱਗਿਆ ਜਿੰਦਾ।

ਸੁਣ ਕੇ ਉਲੂਆਂ ਦੇ ਬੋਲ
ਤ੍ਰਭਕ ਗਈਆਂ
ਪੀਲੀਆਂ ਪੈ ਗਈਆਂ ਚਿੜੀਆਂ
ਸੋਚਣ ਲੱਗ ਪਈਆਂ
ਇਸ ਵਸਦੇ ਰਸਦੇ ਪਿੰਡ ਨੂੰ
ਕੀ ਹੋਇਆ?

ਚਿੜੀਆਂ ਨੂੰ ਕੋਈ ਨਹੀਂ ਦੱਸਦਾ
ਇਹ ਸੰਨ ਸੰਤਾਲੀ ਹੈ,
ਕਿ ਪੈਂਹਠ ਹੈ, ਕਿ ਚੁਰਾਸੀ
ਜਾਂ ਇਹ ਹੈ ਵਿਕ ਰਹੇ ਪਿੰਡਾਂ ਵਾਲੀ
ਇੱਕੀਵੀਂ ਸਦੀ ਦੀ ਉਦਾਸੀ…।

ਚਿੜੀਆਂ ਨੂੰ ਕੋਈ ਨਹੀਂ ਦੱਸਦਾ
ਕਿ ਇਹ ਚੰਦਰੇ ਦਿਨ
ਵਾਰ ਵਾਰ ਕਿਉਂ ਆਉਂਦੇ ਨੇ
ਚਿੜੀਆਂ ਨੂੰ ਕੌਣ ਦੱਸੇ!
ਹਰ ਵਿਅਕਤੀ ਉਮਰ ਦੇ ਛੇਕੜਲੇ ਪੜਾਅ ‘ਤੇ ਪਹੁੰਚ ਕੇ ਜਾਂ ਲੰਬੇ ਵਿਛੋੜੇ ਦੇ ਦਿਨ ਹੰਢਾਉਂਦਿਆਂ ਅਕਸਰ ਯਾਦਾਂ ਆਸ਼ਰਿਤ ਹੋ ਜਾਂਦਾ ਹੈ। ਜੁਆਨੀ ਦੀਆਂ ਯਾਦਾਂ ਮਿੱਠੀਆਂ ਅਤੇ ਪਿਆਰੀਆਂ ਲੱਗਣ ਲੱਗਦੀਆਂ ਹਨ। ਜੁਆਨੀ ਸਮੇਂ ਦੇ ਚੋਂਚਲੇ, ਨੋਕਾਂ-ਝੋਕਾਂ, ਚਾਅ-ਮਲਾਰ ਵਾਰ ਵਾਰ ਯਾਦਾਂ ਵਿਚ ਉਭਰਦੇ ਹਨ। ਮਨ ਲੁੱਛਦੈ, ਕਾਸ਼! ਉਹ ਦਿਨ ਮੁੜ ਵਾਪਸ ਆ ਜਾਣ! ਸੁਖਵਿੰਦਰ ਅੰਮ੍ਰਿਤ ਦੇ ਚੇਤਨਾ-ਪ੍ਰਵਾਹ ਵਿਚ ਦਸਤਾਰ ਨਾਲ ਸੰਬੰਧਿਤ ਇੱਕ ਮਿੱਠੀ ਪਿਆਰੀ ਯਾਦ ਵਾਰ ਵਾਰ ਉਠਦੀ ਹੈ:
ਪੱਥਰ ਦੀਆਂ ਅੱਖਾਂ
ਕਈ ਵਰ੍ਹਿਆਂ ਤੋਂ ਤੂੰ
ਮੇਰਿਆਂ ਚੇਤਿਆਂ ਦੀ ਧੁੱਪ ਵਿਚ
ਬੈਠਾ ਵਾਲ ਸੁਕਾਉਂਦਾ ਹੈਂ।

ਮੇਰੀਆਂ ਸੋਚਾਂ ਦੇ
ਬਨੇਰਿਆਂ ‘ਤੇ ਸੁੱਕਦੀ ਹੈ
ਤੇਰੇ ਸੂਹੇ ਰੰਗ ਦੀ ਦਸਤਾਰ
ਮੈਂ ਤੇਰੀ ਪਿੱਠ ਪਿੱਛੇ ਖੜ੍ਹੀ
ਤੇਰੇ ਕੂਲੇ ਕੇਸ ਪਲੋਸਦੀ ਹਾਂ।

ਤੂੰ ਪਿੱਛੇ ਮੁੜ ਕੇ ਮੇਰੀ ਵੀਣੀ ਫੜਦਾ ਹੈਂ
ਤੇ ਖਿੱਚ ਕੇ ਆਪਣੇ ਮੂਹਰੇ
ਬਿਠਾਉਂਦਾ ਹੋਇਆ ਆਖਦਾ ਹੈਂ,
ਐਥੇ ਬੈਠ ਮੇਰੇ ਮੂਹਰੇ
ਮੈਂ ਤੇਰੇ ਬਲੌਰੀ ਨੈਣਾਂ ਵਿਚ ਵੇਖ ਕੇ
ਪੱਗ ਬੰਨਣੀ ਹੈ।

ਤੇਰੀ ਗੱਲ ਸੁਣ ਕੇ
ਮੇਰਾ ਲਹੂ ਲਰਜ਼ਾ ਜਾਂਦਾ ਹੈ
ਤੇ ਮੈਂ ਸੰਗ ਨਾਲ ਸੂਹੀ ਹੋ ਕੇ
ਬਾਹਾਂ ਵਿਚ ਲਕੋ ਲੈਂਦੀ ਹਾਂ ਆਪਣਾ ਚਿਹਰਾ
ਫੇਰ ਕਈ ਵਰ੍ਹੇ
ਮੈਨੂੰ ਹੋਸ਼ ਨਹੀਂ ਆਉਂਦੀ।

ਜਦੋਂ ਹੋਸ਼ ਪਰਤਦੀ ਹੈ
ਤੂੰ ਪੱਗ ਬੰਨ੍ਹ ਕੇ
ਜਾ ਚੁੱਕਿਆ ਹੁੰਦਾ ਹੈਂ
ਧੁੱਪ ਢਲ ਚੁੱਕੀ ਹੁੰਦੀ ਹੈ
ਤੇ ਮੇਰੀਆਂ ਅੱਖਾਂ
ਪੱਥਰ ਦੀਆਂ ਹੋ ਜਾਂਦੀਆਂ ਨੇ।

ਤੂੰ ਕਦੋਂ ਪਰਤੇਂਗਾ?
ਮੈਂ ਤੈਨੂੰ ਪੱਗ ਬੰਨ੍ਹਦੇ ਨੂੰ ਵੇਖਣਾ ਹੈ
ਉਹੀ ਸੂਹੀ ਪੱਗ
ਜੋ ਅਜੇ ਤੀਕ
ਮੇਰੀਆਂ ਸੋਚਾਂ ਦੇ
ਬਨੇਰਿਆਂ ‘ਤੇ ਸੁੱਕਦੀ ਹੈ…।
ਇਸ ਤਰ੍ਹਾਂ ਅਸੀਂ ਸਪਸ਼ਟ ਤੌਰ ‘ਤੇ ਕਹਿ ਸਕਦੇ ਹਾਂ ਕਿ ਸੁਖਵਿੰਦਰ ਅੰਮ੍ਰਿਤ ਦੀ ਮਾਨਸਿਕਤਾ ਵਿਚ ਦਸਤਾਰ ਬੜੀ ਗਹਿਰੀ ਉਕਰੀ ਪਈ ਹੈ। ਉਸ ਲਈ ਇਹ ਸੁੰਦਰਤਾ ਦਾ ਬਿੰਬ ਵੀ ਬਣਦੀ ਹੈ, ਮਰਦਾਨਗੀ ਦਾ ਪਰਚਮ ਵੀ। ਇਤਿਹਾਸਕ ਤੇ ਗੌਰਵਮਈ ਪਛਾਣ ਦਾ ਸਬੱਬ ਵੀ ਅਤੇ ਚੀਰੇ ਦੇ ਰੂਪ ਵਿਚ ਚੜ੍ਹਦੀ ਜਵਾਨੀ ਦਾ ਪ੍ਰਤੀਕ ਵੀ। ਇਹ ਕੁਰਬਾਨੀ ਦਾ ਚਿੰਨ੍ਹ ਵੀ ਬਣਦੀ ਹੈ ਅਤੇ ਬਾਦਸ਼ਾਹੀਅਤ ਦਾ ਵੀ।
ਸੁਖਵਿੰਦਰ ਅੰਮ੍ਰਿਤ ਦੀ ਸਾਰੀ ਸ਼ਾਇਰੀ ਵਿਚ ਹੀ ਪੱਗ, ਪਗੜੀ, ਦਸਤਾਰ, ਚੀਰਾ ਵਾਰ ਵਾਰ ਕਿਸੇ ਨਾ ਕਿਸੇ ਰੂਪ ਵਿਚ ਉਭਰਦੇ ਰਹਿੰਦੇ ਹਨ।