ਅੰਦਾਜ਼-ਏ-ਮੁਹੱਬਤ

ਡਾ. ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ, ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਇਕੱਲ ਭੰਨਣ ਲਈ ਮਿਲਣ ਦੀਆਂ ਮੁਰਾਦਾਂ ਤਾਂਘਣ ਦੇ ਹੋਕਰੇ ਲਾਏ ਸਨ, ‘ਮਿਲਣਾ ਸਮਾਜਿਕ ਸਬੰਧਾਂ ਦੀ ਮਜ਼ਬੂਤੀ ਦੇ ਨਾਲ-ਨਾਲ ਮਾਨਸਿਕ ਤੇ ਸਰੀਰਕ ਤੰਦਰੁਸਤੀ ਲਈ ਵੀ ਅਹਿਮ; ਕਿਉਂਕਿ ਇਕੱਲ ਤਾਂ ਬੰਦੇ ਨੂੰ ਹਜ਼ਮ ਕਰਨ ਲਈ ਕਾਹਲੀ।’

ਹਥਲੇ ਲੇਖ ਵਿਚ ਡਾ. ਭੰਡਾਲ ਨੇ ਮੁਹੱਬਤ ਦੀਆਂ ਤਰਬਾਂ ਛੇੜੀਆਂ ਹਨ ਅਤੇ ਕਿਹਾ ਹੈ, “ਭਾਗਾਂ ਵਾਲਿਆਂ ਦੀ ਝੋਲੀ ਮੁਹੱਬਤ ਨਾਲ ਭਰਦੀ ਅਤੇ ਮੁਹੱਬਤੀ ਜਾਹੋ-ਜਲਾਲ ‘ਚ ਸ਼ਰਸ਼ਾਰ ਹੁੰਦੇ।… ਮੁਹੱਬਤ ਤੋਂ ਮੁਹੱਬਤ ਤੀਕ ਦੀ ਯਾਤਰਾ, ਸਭ ਤੋਂ ਸੁਹਾਵਣਾ ਸਫਰ ਅਤੇ ਬਹੁਤ ਘੱਟ ਲੋਕ ਬਣਦੇ ਅਜਿਹੇ ਹਮਰਾਹੀ।” ਉਹ ਕਹਿੰਦੇ ਹਨ, “ਮੁਹੱਬਤ ਲਈ ਜਰੂਰੀ ਹੈ ਕਿ ਜਿੰ਼ਦਗੀ ਨੂੰ ਪਿਆਰ ਕਰੋ, ਜਿਹੜੀ ਤੁਹਾਡੀ ਹੈ। ਉਨ੍ਹਾਂ ਨੂੰ ਮੁਹੱਬਤ ਕਰੋ, ਜਿਨ੍ਹਾਂ ਲਈ ਜੀਅ ਰਹੇ ਹੋ। ਮੁਹੱਬਤ ਤਾਂ ਖੁਦ ਨੂੰ ਮਿਟਾ, ਕਿਸੇ ਦੇ ਨਾਮ ਲਾਉਣ ਦਾ ਕਰਮ। ਜਿ਼ੰਦਗੀ ਤਾਂ ਮੁਹੱਬਤ ਨਾਲ ਹੀ ਖੂਬਸੂਰਤ ਤੇ ਪਾਕੀਜ਼ ਹੁੰਦੀ ਅਤੇ ਇਹ ਸਿਰਫ ਕਮਾਈ ਹੀ ਜਾਂਦੀ।” ਸਮਾਜ ਵਿਚ ਫੈਲ ਰਹੇ ਪਦਾਰਥਵਾਦੀ ਵਰਤਾਰੇ ਉਤੇ ਵੀ ਡਾ. ਭੰਡਾਲ ਨੇ ਤਨਜ਼ ਕੱਸੀ ਹੈ, “ਕੇਹੀ ਤ੍ਰਾਸਦੀ ਹੈ ਕਿ ਮਨੁੱਖ ਨੇ ਮੁਹੱਬਤ ਲਈ ਵੀ ਮਖੌਟਾ ਪਹਿਨ ਲਿਆ ਅਤੇ ਉਸ ਦੀ ਸਤਹੀ ਮੁਹੱਬਤ ਨੇ ਮਨੁੱਖੀ ਰਿਸ਼ਤਿਆਂ, ਸਬੰਧਾਂ ਅਤੇ ਦੋਸਤੀਆਂ ਨੂੰ ਤਾਰ-ਤਾਰ ਕਰ ਦਿੱਤਾ ਏ ਅਤੇ ਸੰਵੇਦਨਸ਼ੀਲ ਮਨੁੱਖ, ਮੁਹੱਬਤ ‘ਦੇ ਨਾਮ ਤੋਂ ਹੀ ਤ੍ਰਹਿਣ ਲੱਗ ਪਿਆ ਏ।”

ਡਾ. ਗੁਰਬਖਸ਼ ਸਿੰਘ ਭੰਡਾਲ

ਮੁਹੱਬਤ, ਇਕ ਅਹਿਸਾਸ। ਭਾਵਨਾਵਾਂ ਦਾ ਸੁੱਚਾ ਪ੍ਰਗਟਾਅ। ਮਨ ਦੀਆਂ ਤਰੰਗਾਂ ਦੀ ਝਰਨਾਹਟ ਅਤੇ ਵਿਸਮਾਦੀ ਲੋਰ।
ਮੁਹੱਬਤ, ਆਪਣੇ ਤੋਂ ਆਪਣੇ ਤੱਕ ਦਾ ਅਲਾਹੀ ਸਫਰ। ਆਪਣੇ ਵਿਚ ਗੁਆਚਣ ਦਾ ਸਰੂਰ ਅਤੇ ਆਪੇ ਨੂੰ ਪਛਾਣਨ ਦੀ ਖੋਜ-ਧਰਾਤਲ।
ਮੁਹੱਬਤ ਦੇ ਕਈ ਰੰਗ। ਹਰ ਰੰਗ ਦੀ ਆਪਣੀ ਲਿਸ਼ਕੋਰ, ਵੱਖਰੀ ਤਾਸੀਰ, ਵੱਖਰੀ ਪਰਵਾਜ਼, ਵੱਖਰੇ ਅੰਦਾਜ਼ ਅਤੇ ਵਿਭਿੰਨ ਨਾਦ-ਅਨਾਦ।
ਮੁਹੱਬਤ ਦੀਆਂ ਅਸੀਮ ਪਰਤਾਂ, ਅਸੀਮ ਪਰਿਭਾਸ਼਼ਾਵਾਂ, ਅਣਗਿਣਤ ਸਿਰਲੇਖ, ਅਸੀਮਤ ਸਿਰਹੱਦੇ ਅਤੇ ਸਿਰਨਾਵੇਂ।
ਮੁਹੱਬਤ ਦੇ ਪਿੰਡੇ ‘ਤੇ ਉਕਰੇ ਨੇ ਅਣਗਿਣਤ ਪ੍ਰਾਪਤੀਆਂ ਦੇ ਸ਼ਿਲਾਲੇਖ ਅਤੇ ਨਾ-ਗਿਣਨਯੋਗ ਅਸਫਲਤਾਵਾਂ ਦੇ ਰੇਤੀਲੇ ਮਿਨਾਰ।
ਮੁਹੱਬਤ ਨੂੰ ਆਪਣੀ ਅਕੀਦਤ ‘ਤੇ ਮਾਣ, ਇਬਾਦਤ ਦਾ ਫਖਰ, ਅਕੀਦੇ ਦੀ ਭਰਪਾਈ ਦਾ ਹੁਲਾਸ ਅਤੇ ਮਾਣਤਾ ਦਾ ਗਰੂਰ।
ਮੁਹੱਬਤ ਕਈ ਰੰਗਾਂ ਸੰਗ ਜਿ਼ੰਦਗੀ ਦੇ ਦਰ ‘ਤੇ ਦਸਤਕ ਦਿੰਦੀ। ਹਰ ਦਸਤਕ ਦਾ ਆਪਣਾ ਮਿਜ਼ਾਜ਼, ਅਲੋਕਾਰੀ ਸੁਰ ਤੇ ਸੰਗੀਤਕਤਾ, ਪਰਵਾਜ਼ ਤੇ ਪ੍ਰਾਪਤੀ।
ਮੁਹੱਬਤ ਸਭ ਦਾ ਸੁਪਨਾ। ਹਰ ਹੀਲੇ ਇਸ ਨੂੰ ਪਾਉਣ ਅਤੇ ਇਸ ਦੇ ਰੰਗ ਵਿਚ ਰੰਗੇ ਜਾਣ ਲਈ ਉਤਾਵਲੇ। ਭਾਗਾਂ ਵਾਲਿਆਂ ਦੀ ਝੋਲੀ ਮੁਹੱਬਤ ਨਾਲ ਭਰਦੀ ਅਤੇ ਮੁਹੱਬਤੀ ਜਾਹੋ-ਜਲਾਲ ‘ਚ ਸ਼ਰਸ਼ਾਰ ਹੁੰਦੇ।
ਮੁਹੱਬਤ ਕਈ ਰੂਪਾਂ ‘ਚ ਸਾਡੇ ਆਲੇ-ਦੁਆਲੇ ਬਿਖਰੀ। ਅਸੀਂ ਕਿਸ ਮੁਹੱਬਤ ਨੂੰ, ਕਿਸ ਰੰਗ ਅਤੇ ਕਿਹੜੇ ਰੂਪ ਵਿਚ ਮਾਣਨਾ, ਇਹ ਸਾਡੀ ਮਾਨਸਿਕਤਾ ਤੇ ਸੰਵੇਦਨਾ ‘ਤੇ ਨਿਰਭਰ।
ਮੁਹੱਬਤ, ਬਰਫ ਦਾ ਕਦੇ ਪਾਣੀ ਤਰਨਾ, ਕਦੇ ਇਸ ‘ਚ ਪਿੱਘਲ ਕੇ ਅਭੇਦ ਹੋਣਾ। ਮਹਿਕ ਦਾ ਹਵਾਵਾਂ ਵਿਚ ਬਿਖਰਨਾ ਅਤੇ ਫਿਜ਼ਾ ਵਿਚ ਸੁਗੰਧੀਆਂ ਦਾ ਆਵਾਗੌਣ।
ਮੁਹੱਬਤ ਦੀ ਉਮਰ ਪਾਣੀ ਜੇਡ, ਕਿਉਂਕਿ ਪਾਣੀ ਤੋਂ ਹੀ ਜੀਵ ਦੀ ਉਤਪਤੀ ਹੋਈ ਅਤੇ ਜੀਵ ਦੀ ਹੋਂਦ ਦੇ ਨਾਲ ਹੀ ਮੁਹਬੱਤ ਪੈਦਾ ਹੋ ਗਈ।
ਮੁਹੱਬਤ, ਪ੍ਰਤੱਖ ਵੀ ਅਤੇ ਓਝਲ ਵੀ। ਨਜ਼ਰ ਵੀ ਆਉਂਦੀ ਤੇ ਅਦ੍ਰਿਸ਼ਟ ਵੀ। ਮੁਹੱਬਤ ਵਿਚੋਂ ਝਰਦਾ ਹੈ ਮੋਹ ਦਾ ਚਸ਼ਮਾ। ਅਦ੍ਰਿਸ਼ਟ ਮੁਹੱਬਤ ਦੀਆਂ ਨਿਆਮਤਾਂ ਤੇ ਬਖਸਿ਼ਸ਼ਾਂ ਨੂੰ ਸਿਰਫ ਉਹੀ ਜਾਣ ਸਕਦਾ, ਜਿਨ੍ਹਾਂ ਨੇ ਇਸ ਨੂੰ ਮਾਣਿਆ ਹੁੰਦਾ ਜਾਂ ਮਾਣਦੇ ਨੇ।
ਮੁਹੱਬਤ ਦਾ ਅੰਦਾਜ਼ ਵੱਖਰਾ, ਪਰਵਾਜ਼ ਵਿਲੱਖਣ। ਸੁਹਜ ਅਤੇ ਸੰਵੇਦਨਾ ਵਿਭਿੰਨ। ਇਸ ਦੀ ਸੁਪਨਗੋਈ ਤੇ ਸਾਰਥਿਕਤਾ ਨਿਵੇਕਲੀ। ਇਸ ਦੇ ਅੰਦਾਜ਼ ਵਿਚੋਂ ਇਸ ਦੀਆਂ ਬਹੁ-ਪਰਤਾਂ ਨੂੰ ਫਰੋਲਿਆ ਜਾ ਸਕਦਾ। ਇਸ ਦੀ ਅਸੀਮਤਾ ਨੂੰ ਸੀਮਤ ਦਾਇਰਿਆਂ ਵਿਚ ਨਹੀਂ ਬੰਨਿਆ ਜਾ ਸਕਦਾ।
ਕੇਹੀ ਤ੍ਰਾਸਦੀ ਹੈ ਕਿ ਮਨੁੱਖ ਨੇ ਮੁਹੱਬਤ ਲਈ ਵੀ ਮਖੌਟਾ ਪਹਿਨ ਲਿਆ ਅਤੇ ਉਸ ਦੀ ਸਤਹੀ ਮੁਹੱਬਤ ਨੇ ਮਨੁੱਖੀ ਰਿਸ਼ਤਿਆਂ, ਸਬੰਧਾਂ ਅਤੇ ਦੋਸਤੀਆਂ ਨੂੰ ਤਾਰ-ਤਾਰ ਕਰ ਦਿੱਤਾ ਏ ਅਤੇ ਸੰਵੇਦਨਸ਼ੀਲ ਮਨੁੱਖ, ਮੁਹੱਬਤ ‘ਦੇ ਨਾਮ ਤੋਂ ਹੀ ਤ੍ਰਹਿਣ ਲੱਗ ਪਿਆ ਏ।
ਮਨੁੱਖ ਦੇ ਕੁਦਰਤ ਸੰਗ ਪਿਆਰ ਨੇ, ਮਨੁੱਖ ਅਤੇ ਕੁਦਰਤੀ ਚਿਰੰਜੀਵਤਾ ਅਤੇ ਸਿਹਤਮੰਦੀ ਦਾ ਰਾਗ ਬਣਨਾ ਸੀ, ਪਰ ਮਨੁੱਖ ਨੇ ਇਸ ਨੂੰ ਮਰਸੀਆ ਬਣਾ ਦਿਤਾ ਜੋ ਹਰ ਸੰਜੀਵ ਪ੍ਰਾਣੀ ਦੇ ਕੰਨਾਂ ਵਿਚ ਸਰਾਪ ਬਣ ਕੇ ਗੂੰਜ ਰਿਹਾ।
ਮੁਹੱਬਤ ਜਦ ਨਿੱਜੀ ਮੁਫਾਦ ਦੇ ਦਾਇਰਿਆਂ ਵਿਚ ਸੁੰਘੜ ਜਾਵੇ ਤਾਂ ਨਿੱਘੇ ਅਹਿਸਾਸਾਂ ਨੂੰ ਕੰਬਣੀ ਛਿੱੜਦੀ ਅਤੇ ਇਸ ਦੇ ਮੁਖੜੇ ਦੀ ਲਾਲੀ ‘ਤੇ ਪਿਲੱਤਣਾਂ ਦੀ ਰੰਗਤ ਫੈਲਦੀ।
ਮੁਹੱਬਤ ਤਾਂ ਬਿਰਖਾਂ, ਪਰਿੰਦਿਆਂ, ਪੌਣ ਅਤੇ ਪਾਣੀਆਂ ਨਾਲ ਵੀ ਹੁੰਦੀ, ਜੋ ਜੀਵਨ-ਦਾਨੀ ਨੇ। ਪਰ ਅਸੀਂ ਇਨ੍ਹਾਂ ਤੋਂ ਬੇਮੁੱਖ ਹੋ, ਆਪਣੇ ਰਾਹਾਂ ਵਿਚ ਕੰਡੇ ਬੀਜਣ ਵਿਚ ਰੁੱਝੇ ਹੋਏ ਹੀ ਜੀਵਨ ਵਿਹਾਜ ਰਹੇ ਹਾਂ।
ਮੁਹੱਬਤ ਤਾਂ ਰੱਬ ਨਾਲ ਵੀ ਹੋ ਸਕਦੀ ਏ, ਪਰ ਅਜੋਕੇ ਬਨਾਵਟੀ ਪ੍ਰਭੂ-ਪ੍ਰੇਮ ਨੇ ਨਿੱਜੀ ਸੁੱਖਾਂ ਨੂੰ ਪਹਿਲ ਦਿੱਤੀ ਏ। ਰੱਬ ਦੀ ਅੱਖ ਵਿਚ ਉਤਰੀ ਨਮੀ, ਮਨੁੱਖਤਾ ਨੂੰ ਗਲਣ ਤੋਂ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਏ, ਪਰ ਅਜਿਹਾ ਹੋਣਾ ਨਹੀਂ।
ਮਾਪੇ ਆਪਣੀ ਸੱਚੀ ਅਤੇ ਸੁੱਚੀ ਮੁਹੱਬਤ ਆਪਣੇ ਬੱਚਿਆਂ ਦੀ ਝੋਲੀ ਵਿਚ ਪਾਉਂਦੇ, ਸੁੱਖਾਂ ਨੂੰ ਤਿਆਗ ਉਨ੍ਹਾਂ ਦੀ ਤਲੀ ‘ਤੇ ਸੁੱਖ ਖੁਣਦੇ। ਉਨ੍ਹਾਂ ਦੇ ਮਨ-ਮਸਤਕ ‘ਤੇ ਸੁਪਨਿਆਂ ਦੀ ਤਸ਼ਬੀਹ ਉਕਰਦੇ; ਪਰ ਜਦ ਬੱਚੇ, ਮਾਪਿਆਂ ਦੀ ਮੁਹੱਬਤ ਨੂੰ ਵਿਸਾਰ ਕੇ, ਉਨ੍ਹਾਂ ਨੂੰ ਪਿੰਡ ਦੇ ਬੁੱਢੇ ਦਰਾਂ ਵਿਚ ਆਖਰੀ ਸਾਹ ਲੈਣ ਲਈ ਮਜਬੂਰ ਕਰ ਦੇਣ ਜਾਂ ਉਨ੍ਹਾਂ ਦੀਆਂ ਵਿਲਕਦੀਆਂ ਆਂਦਰਾਂ ਨੂੰ ਠੰਡਕ ਪਹੁੰਚਾਉਣ ਤੋਂ ਨਕਾਮ ਰਹਿਣ ਅਤੇ ਉਨ੍ਹਾਂ ਦੇ ਸਿਵੇ ਦੀ ਮਿੱਟੀ ਨੂੰ ਨਤਮਸਤਕ ਹੋਣ ਤੋਂ ਵੀ ਟਾਲਾ ਵੱਟ ਲੈਣ ਤਾਂ ਬੱਚੇ ਫਰਜੰ਼ਦ ਅਖਵਾਉਣ ਦਾ ਹੱਕ ਗਵਾ ਬਹਿੰਦੇ।
ਮੁਹੱਬਤ ਦਾ ਕੋਈ ਦਿਨ ਨਿਸ਼ਚਿਤ ਨਹੀਂ। ਹਰ ਦਿਨ ਹੀ ਮੁਹੱਬਤ ਵਿਚ ਰੰਗਿਆ ਅਤੇ ਲਬਰੇਜ਼ਤਾ ਸੰਗ ਭਰਪੂਰ ਹੋਣਾ ਚਾਹੀਦਾ। ਇਸ ਨੂੰ ਮਹਿਸੂਸ ਕਰਨ ਦੀ ਸੋਝੀ ਅਤੇ ਮਾਣਨ ਦੇ ਯੋਗ ਹੋਣਾ ਚਾਹੀਦਾ ਏ। ਤੁਹਾਡੇ ਚੌਫੇਰੇ ਵਿਚ ਹਰ ਪਲ ‘ਤੇ ਮੁਹੱਬਤੀ ਪਲਾਂ ਦੀ ਦਸਤਕ ਹੁੰਦੀ ਏ, ਮੁਹੱਬਤੀ ਬੋਲਾਂ ਦਾ ਸੰਗੀਤ ਗੂੰਜਦਾ ਏ, ਮੁਹੱਬਤੀ ਕਰਮਾਂ ਦੀ ਫਸਲ ਲਹਿਰਾਉਂਦੀ ਏ ਅਤੇ ਮੁਹੱਬਤੀ ਬਚਨਾਂ ਦੀ ਫਿਜ਼ਾ ਫੈਲਦੀ ਏ, ਤੁਸੀਂ ਇਸ ਨੂੰ ਕਿੰਜ ਮਾਣਦੇ ਹੋ, ਇਹ ਤੁਹਾਡੇ ਨਿੱਜ ‘ਤੇ ਨਿਰਭਰ ਕਰਦਾ।
ਮਾਂ ਦਾ ਬੱਚਿਆਂ ਨੂੰ ਨਿਹਾਰਨਾ, ਪੁੱਤਰ ਵਲੋਂ ਬਾਪ ਦੀ ਪੱਗ ਦੀ ਪੂਣੀ ਕਰਵਾਉਣੀ, ਪ੍ਰੇਮੀ ਵਲੋਂ ਕਿਤਾਬ ਵਿਚ ਰੱਖੇ ਸੁੱਕੇ ਗੁਲਾਬ ਦੀਆਂ ਪੱਤੀਆਂ ਨੂੰ ਗਾਹੇ-ਬਗਾਹੇ ਫਰੋਲਣਾ, ਦਾਦੇ ਵਲੋਂ ਪੋਤੇ ਦਾ ਪਹਿਰੇਦਾਰ ਬਣਨਾ, ਵੀਰੇ ਵਲੋਂ ਭੈਣ ਦੀਆਂ ਰੀਝਾਂ ਦੀ ਪੂਰਤੀ ਜਾਂ ਮਿੱਤਰ ਸੰਗ ਮਾਣੇ ਅਲਮਸਤੀ ਦੇ ਪਲ ਆਦਿ, ਮੁਹੱਬਤੀ ਅੰਦਾਜ਼ ਦੇ ਅਦਿੱਖ ਪਰ ਸੁੱਚੇ ਅਤੇ ਉਚੇ ਰੂਪ।
ਸਭ ਤੋਂ ਉਤਮ ਮੁਹੱਬਤ ਉਹ ਹੁੰਦੀ, ਜੋ ਮੁਹੱਬਤ ਹੁੰਦਿਆਂ ਵੀ ਬਾਹਰੀ ਤੌਰ `ਤੇ ਨਜ਼ਰ ਨਹੀਂ ਆਉਂਦੀ। ਇਹ ਮਾਂ ਦੀ ਮੁਹੱਬਤ ਦਾ ਅੰਦਾਜ਼ ਹੈ ਕਿ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਭੱਜੀ ਆਉਣਾ, ਉਸ ਦੀ ਭੁੱਖ ਤੇ ਪਿਆਸ ਦਾ ਹਰਦਮ ਖਿਆਲ ਰੱਖਣਾ, ਬੱਚੇ ਨੂੰ ਧਿਆਨ ਨਾਲ ਤੁਰਨ ਲਈ ਕਹਿਣਾ, ਖੇਡਣ ਵੇਲੇ ਸੱਟ-ਫੇਟ ਤੋਂ ਬਚਣ ਲਈ ਤਾਕੀਦ ਕਰਨੀ, ਸਕੂਲ ਜਾਣ ਤੋਂ ਪਹਿਲਾਂ ਉਸ ਦੇ ਬਸਤੇ ਵਿਚ ਟਿੱਫਨ ਤੇ ਕਿਤਾਬਾਂ ਪਾਉਣੀਆਂ, ਘਰੋਂ ਬਾਹਰ ਜਾਣ ਲੱਗਿਆਂ ਦਰਾਂ ਵਿਚ ਪਾਣੀ ਡੋਲ੍ਹਣਾ ਤੇ ਉਸ ਦੇ ਸੁੱਖੀਂ-ਸਾਂਦੀ ਪਰਤਣ ਲਈ ਦੁਆਵਾਂ ਕਰਨੀਆਂ, ਪਰਤ ਆਉਣ ਤੀਕ ਦਰਾਂ ਦੀ ਬਿੜਕ ਲੈਣਾ, ਬੱਚੇ ਦੀ ਉਦਾਸੀ ਤੇ ਉਪਰਾਮਤਾ ਨੂੰ ਹਰਨਾ, ਬਿਮਾਰ ਬੱਚੇ ਦੀ ਤਾਮੀਰਦਾਰੀ ਵਿਚ ਪਲ ਪਲ ਮਰਨਾ, ਰਾਤ ਨੂੰ ਪੜ੍ਹਦਿਆਂ ਪੜ੍ਹਦਿਆਂ ਸੌਂ ਗਏ ਬੱਚੇ ‘ਤੇ ਖੇਸ ਦੇਣਾ ਅਤੇ ਹੌਲੀ ਜਿਹੇ ਬੱਤੀ ਬੁਝਾ ਕੇ, ਉਸ ਦੀ ਨੀਂਦ ਵਿਚ ਖਲਲ ਪਾਉਣ ਤੋਂ ਬਚਣਾ। ਮਾਂ ਆਪਣੀ ਮੁਹੱਬਤ ਨੂੰ ਜੱਗ-ਜਾਹਰ ਨਾ ਕਰਕੇ, ਮੁਹੱਬਤ ਦਾ ਮੁਕੱਦਸ ਮੁਕਾਮ ਸਿਰਜਦੀ। ਇਹ ਵੀ ਮਾਂ ਦਾ ਪਿਆਰ ਹੀ ਹੁੰਦਾ ਸੀ ਕਿ ਜਦ ਬੱਚਾ ਦੁੱਧ ਪੀ ਕੇ ਘਰੋਂ ਨਿਕਲਦਾ ਤਾਂ ਲੂਣ ਦੀ ਚੁਟਕੀ ਮੂੰਹ ਨੂੰ ਲਾਉਂਦੀ ਤਾਂ ਕਿ ਬੱਚਾ ਬਲਾਵਾਂ ਤੋਂ ਬਚਿਆ ਰਹੇ। ਨਜ਼ਰ ਉਤਾਰਨ ਲਈ ਮਿਰਚਾਂ ਵਾਰਨੀਆਂ ਵੀ ਤਾਂ ਮਾਂਵਾਂ ਦੇ ਹੀ ਹਿੱਸੇ ਆਇਆ।
ਬਾਪ ਦੀ ਮੁਹੱਬਤ ਦੇ ਅੰਦਾਜ਼ ਨੂੰ ਕਦੇ ਦੇਖਣਾ ਹੋਵੇ ਤਾਂ ਬੱਚਿਆਂ ਦੀਆਂ ਲੋੜਾਂ ਨੂੰ ਖਾਲੀ ਬੋਝੇ ਨਾਲ ਵੀ ਪੂਰੀਆਂ ਕਰਦੇ ਦੇਖਣਾ; ਹੰਝੂਆਂ, ਤੰਗੀਆਂ ਅਤੇ ਹਾਵਿਆਂ ਨੂੰ ਘੁੱਟ-ਘੁੱਟ ਪੀ ਬੱਚਿਆਂ ਦੇ ਮੁਖੜੇ `ਤੇ ਹਾਸੇ ਖਿਲਾਰਨਾ, ਉਨ੍ਹਾਂ ਦੀਆਂ ਖੁਸ਼ੀਆਂ ਤੇ ਖੁਆਬਾਂ ਲਈ ਰਾਤਾਂ ਹੰਘਾਲਣਾ, ਥਕਾਵਟ ਮਹਿਸੂਸ ਨਾ ਕਰਨਾ, ਬੇਆਰਾਮੀ ਦੇ ਆਲਮ ਵਿਚ ਬੱਚਿਆਂ ਲਈ ਬਹਿਸ਼ਤਾਂ ਕਿਆਸਣਾ, ਉਨ੍ਹਾਂ ਦੇ ਸੁਪਨਿਆਂ ਦੀ ਤਾਮੀਰਦਾਰੀ ਵਿਚ ਕੋਈ ਕਸਰ ਨਾ ਰਹਿਣ ਦੇਣਾ, ਬੱਚਿਆਂ ਦੀਆਂ ਪ੍ਰਾਪਤੀਆਂ ਵਿਚੋਂ ਹੀ ਜੀਵਨ ਦੀ ਸਾਰਥਿੱਕਤਾ ਸਮਝਣਾ ਅਤੇ ਸਬਰ-ਸੰਤੋਖ ਦਾ ਮੁਜੱਸਮਾ ਬਣ ਕੇ, ਸੀਮਤ ਜਿਹੀ ਜਿ਼ੰਦਗੀ ਨੂੰ ਵਿਸ਼ਾਲ ਅਰਥ ਦੇਣਾ। ਇਸ ਮੁਹੱਬਤ ਨੂੰ ਕਿਹੜੇ ਸ਼ਬਦਾਂ ਵਿਚ ਉਲਥਾ ਸਕਦਾ ਏ ਕੋਈ ਅਦੀਬ?
ਭੈਣ ਦੀ ਵੀਰੇ ਪ੍ਰਤੀ ਅਦਿੱਖ ਮੁਹੱਬਤ ਕਿਆਸਣੀ ਹੋਵੇ ਤਾਂ ਰੱਖੜੀ ਬੰਨਣ ਵੇਲੇ ਉਸ ਦੇ ਦੀਦਿਆਂ ਵਿਚ ਆਇਆ ਹੁਲਾਸ ਤੇ ਚਾਅ ਦਾ ਹੜ੍ਹ ਦੇਖਣਾ, ਵਾਗ ਫੜ ਕੇ ਵੀਰੇ ਨੂੰ ਵਿਆਹੁਣ ਲਈ ਤੋਰਨ ਵਾਲੇ ਪਲ ਦੇਖਣਾ, ਉਸ ਦੇ ਸੁਪਨਿਆਂ ਵਿਚ ਭਰਾ ਦੀ ਅਹਿਮੀਅਤ ਹੁੰਦੀ ਹੈ, ਸਹੁਰੇ ਘਰ ਵਿਚ ਵੀਰੇ ਦੀ ਦਸਤਕ। ਉਸ ਦੇ ਬੋਲਾਂ, ਤੋਰ ਅਤੇ ਅਪਣੱਤ ਵਿਚ ਆਏ ਬਦਲਾਓ ਨੂੰ ਦੇਖ ਕੇ ਵੀਰੇ ਲਈ ਪਿਆਰ ਦੀ ਇੰਤਹਾ ਨੂੰ ਸਮਝ ਜਾਵੋਗੇ ਕਿ ਭੈਣਾਂ ਆਪਣੇ ਵੀਰਾਂ ਨੂੰ ਕਿੰਨਾ ਪਿਆਰ ਕਰਦੀਆਂ ਭਾਵੇਂ ਕਿ ਉਹ ਆਪਣੇ ਮੂੰਹੋਂ ਕੁਝ ਵੀ ਨਾ ਕਹਿਣਾ।
ਘਰ ਦੀ ਸਵਾਣੀ ਦਾ ਆਪਣੇ ਆਰ-ਪਰਿਵਾਰ ਲਈ ਅਦ੍ਰਿਸ਼ਟ ਪਿਆਰ ਹੁੰਦਾ, ਜਦ ਉਹ ਹਰੇਕ ਦੇ ਮਨਪਸੰਦ ਦਾ ਖਾਣਾ ਬਣਾਉਂਦੀ, ਹੱਥੀਂ ਖਵਾਉਂਦੀ ਅਤੇ ਸਾਰਿਆਂ ਨੂੰ ਖੁਆ ਕੇ ਫਿਰ ਆਪ ਬਚਿਆ ਖਾਣਾ ਖਾਂਦੀ। ਆਪਣੇ ਪਰਿਵਾਰ ਵਿਚੋਂ ਮਿਲਿਆ ਰੱਜ ਹੀ ਉਸ ਦੀ ਤ੍ਰਿਪਤੀ ਦਾ ਆਧਾਰ। ਇਸ ਨਾਲ ਚੜ੍ਹਦਾ ਏ ਅਜਿਹਾ ਖੁਮਾਰ ਕਿ ਇਸ ਦੇ ਤੁੱਲ ਨਹੀਂ ਹੋ ਸਕਦਾ ਕੋਈ ਵੀ ਪਿਆਰ। ਇਹ ਹੈ ਅਦਿੱਖ ਮੁਹੱਬਤ ਦਾ ਉਹ ਝਲਕਾਰਾ, ਜਿਸ ਤੋਂ ਵਿਰਵਾ ਹੋ ਰਿਹਾ ਏ ਅਜੋਕਾ ਸਮਾਜ। ਨਿੱਜ ਵਿਚ ਸੁੰਗੜੇ ਵਿਅਕਤੀ ਤੋਂ ਅਜਿਹੇ ਪਿਆਰ ਦੀ ਤਵੱਕੋਂ ਕਿਵੇਂ ਕੀਤੀ ਜਾ ਸਕਦੀ?
ਕਦੇ ਵੇਲਾ ਸੀ ਜਦੋਂ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਪਿਆਰ ਕਾਰਨ, ਸਹੀ ਸੇਧ ਦੇਣ ਅਤੇ ਵਧੀਆ ਮਨੁੱਖ ਬਣਨ ਲਈ ਝਿੜਕਦੇ ਤੇ ਕੁੱਟਦੇ ਵੀ ਸਨ। ਉਨ੍ਹਾਂ ਨੂੰ ਆਪਣੇ ਵਿਦਿਆਰਥੀਆਂ ਦੀ ਪ੍ਰਤਿਭਾ `ਤੇ ਮਾਣ ਹੁੰਦਾ ਸੀ ਅਤੇ ਉਹ ਉਨ੍ਹਾਂ ਨੂੰ ਅਜਿਹੇ ਰੁਤਬੇ `ਤੇ ਪਹੁੰਚਾਣਾ ਲੋਚਦੇ ਸਨ, ਜੋ ਸਮਾਜ ਅਤੇ ਅਧਿਆਪਕ ਲਈ ਨਾਜ਼ ਦਾ ਸਬੱਬ ਬਣੇ। ਅਜਿਹੀ ਅਧਿਆਪਕੀ ਮੁਹੱਬਤ ਹੁਣ ਨਹੀਂ ਰਹੀ ਅਤੇ ਨਾ ਹੀ ਵਿਦਿਆਰਥੀ ਆਪਣੇ ਅਧਿਆਪਕਾਂ ਦਾ ਅਦਬ ਕਰਦੇ ਨੇ।
ਸੱਚੇ ਮਿੱਤਰਾਂ ਦੀ ਪਾਕ ਮੁਹੱਬਤ ਦੇ ਦੀਦਾਰੇ ਕਰਨੇ ਹੋਣ ਤਾਂ ਯਾਦ ਕਰਨਾ ਆਪਣੇ ਯਾਰ ਨੂੰ, ਜਿਸ ਨੇ ਭੈੜੀ ਸੰਗਤ ਤੋਂ ਵਰਜਿਆ, ਸਹੀ ਮੌਕਿਆਂ ਦੀ ਤਲਾਸ਼ ਵਿਚ ਹਮਰੁੱਬਾ ਬਣੇ, ਕਿਵੇਂ ਮਿੱਤਰ ਦੇ ਸੁਪਨਿਆਂ ਦੀ ਪੂਰਤੀ ਲਈ ਖੁਦ ਸਬੱਬ ਬਣੇ। ਕੁਝ ਮਿੱਤਰ ਤਾਂ ਸਹੂਲਤਾਂ ਤੋਂ ਥੁੜ੍ਹੇ ਦੋਸਤਾਂ ਲਈ ਸੁਵਿਧਾਵਾਂ ਦੇਣ ਤੋਂ ਵੀ ਨਾ ਹਟਕੇ ਤਾਂ ਕਿ ਉਨ੍ਹਾਂ ਦਾ ਸਾਥੀ ਵੀ ਆਪਣੀਆਂ ਰਾਹਾਂ ਨੂੰ ਰੁਸ਼ਨਾ ਕੇ ਨਵੀਆਂ ਤੇ ਉਚੇਰੀਆਂ ਮੰਜਿ਼ਲਾਂ ਸਰ ਕਰ ਸਕੇ।
ਮੁਹੱਬਤ ਪਾਕੀਜ਼ ਇਬਾਦਤ। ਸੱਚੀ-ਸੁੱਚੀ ਇਬਾਰਤ, ਸਵੈ ਦੀ ਜਿ਼ਆਰਤ ਅਤੇ ਇਸ ਵਿਚੋਂ ਹੀ ਮਿਲਦੀ ਹੈ ਖੁਦ ਦੀ ਹਰਾਕਤ। ਕਦੇ ਖੁਦ ਤੋਂ ਖੁਦਾਈ ਤੀਕ ਦੇ ਹਰਫਨਾਮੇ ਵਿਚੋਂ ਮੁਹੱਬਤ ਦੇ ਦੀਦਾਰੇ ਕਰਨੇ, ਅਲਾਹੀ ਆਬਸ਼ਾਰ ਅੰਤਰੀਵ ਵਿਚ ਵਗਣ ਲੱਗ ਪਵੇਗੀ।
ਬੁੱਢੇ ਮਾਪਿਆਂ ਲਈ ਬੱਚਿਆਂ ਦਾ ਪਿਆਰ ਸੂਖਮ ਰੂਪ ਵਿਚ ਪ੍ਰਗਟਦਾ ਜਦ ਬੱਚਾ ਆਪਣੇ ਮਾਪਿਆਂ ਲਈ ਡੰਗੋਰੀ ਬਣਦਾ, ਉਸ ਦੀ ਗਵਾਚੀ ਹੋਈ ਐਨਕ ਲੱਭਦਾ ਤਾਂ ਕਿ ਮਾਪਾ ਅਖਬਾਰ ਪੜ੍ਹ ਸਕੇ। ਸਮੇਂ ਸਿਰ ਦਵਾਈ ਦੇਣ ਲਈ ਪਾਣੀ ਦਾ ਗਿਲਾਸ ਲੈ ਕੇ ਸਿਰਹਾਣੇ ਆਣ ਖੜ੍ਹਦਾ। ਚਾਹ ਦਾ ਕੱਪ ਬਾਪ ਦੇ ਕੋਲ ਬਹਿ ਕੇ ਪੀਂਦਾ ਅਤੇ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਢਲਦੇ ਪ੍ਰਛਾਂਵਿਆਂ ਲਈ ਜਿਊਣ ਦਾ ਆਹਰ ਬਣਦਾ। ਕਦੇ ਉਨ੍ਹਾਂ ਨਾਲ ਹੌਲੀ ਹੌਲੀ ਤੁਰਦਾ ਸੈਰ ਵੀ ਕਰਦਾ ਅਤੇ ਨਿੱਕੇ ਨਿੱਕੇ ਹੁੰਗਾਰਿਆਂ ਨਾਲ, ਉਨ੍ਹਾਂ ਦੀਆਂ ਜੀਵਨ-ਪਰਤਾਂ ਵਿਚੋਂ ਰੌਸ਼ਨ ਕਾਤਰਾਂ ਆਪਣੇ ਨਾਮ ਕਰਦਾ। ਮਾਪਿਆਂ ਨੂੰ ਪਿਆਰ ਕਰਨ ਵਾਲੇ ਬੱਚੇ, ਬੇਸਮੈਂਟ ਜਾਂ ਗੈਰਾਜ ਵਿਚ ਮਾਪਿਆਂ ਦਾ ਰੈਣ-ਬਸੇਰਾ ਨਹੀਂ ਬਣਾਉਂਦੇ ਅਤੇ ਨਾ ਹੀ ਆਏ ਮਹਿਮਾਨਾਂ ਸਾਹਮਣੇ, ਮਾਪਿਆਂ ਦੀ ਹਾਜ਼ਰੀ ਦਾ ਬੁਰਾ ਮਨਾਉਂਦੇ। ਸਗੋਂ ਉਨ੍ਹਾਂ ਲਈ ਮਾਪੇ ਘਰ ਦਾ ਮਾਣ ਅਤੇ ਮਕਾਨ ਨੂੰ ਘਰ ਬਣਾਉਣ ਵਿਚ ਖਾਸਮ-ਖਾਸ ਹੁੰਦੇ।
ਮੁਹੱਬਤ ਅੱਖਾਂ ਵਿਚੋਂ ਪੜ੍ਹੀ ਜਾਂਦੀ, ਬੰਦ ਹੋਠਾਂ `ਤੇ ਉਕਰੀ, ਚੁੱਪ ਵਿਚ ਬਿਰਾਜਮਾਨ ਅਤੇ ਸੁਪਨਿਆਂ ਵਿਚ ਤੈਰਦੀ। ਅਬੋਲ ਮੁਹੱਬਤ ਸਭ ਤੋਂ ਬਿਹਤਰੀਨ ਅਤੇ ਇਸ ਮੁਹੱਬਤ ਨੂੰ ਕਿਸ ਨਾਲ ਤਸ਼ਬੀਹ ਦੇਵੋਗੇ? ਕਦੇ ਘਰ ਵਿਚ ਰੱਖੇ ਪਾਲਤੂ ਜੀਵ ਨਾਲ ਲਾਡ-ਲਡਾਉਂਦਿਆਂ, ਪਲੋਸਦਿਆਂ ਤੇ ਖਵਾਉਂਦਿਆਂ, ਉਸ ਦੀਆਂ ਅੱਖਾਂ ‘ਚ ਝਾਕਣਾ, ਪਤਾ ਲੱਗੇਗਾ ਕਿ ਉਹ ਤੁਹਾਡੀ ਮੁਹੱਬਤ ਵਿਚ ਕਿੰਨਾ ਸ਼ਰਸ਼ਾਰ ਹੈ? ਤੁਹਾਡੇ ਪੈਰਾਂ ਵਿਚ ਲੋਟਣੀਆਂ ਲੈ, ਇਸ ਦਾ ਇਜ਼ਹਾਰ ਕਰਦਾ। ਉਹ ਬੋਲਦਾ ਨਹੀਂ, ਪਰ ਉਸ ਦੀਆਂ ਹਰਕਤਾਂ ਪਿਆਰ-ਪ੍ਰਗਟਾਵੇ ਦਾ ਬਿਹਤਰ ਸਾਧਨ।
ਮੁਹੱਬਤ ਮੁੱਲ ਨਹੀਂ ਮਿਲਦੀ, ਮੰਗਵੀਂ ਵੀ ਨਹੀਂ ਮਿਲਦੀ ਅਤੇ ਨਾ ਹੀ ਵਟਾਈ/ਬਦਲਾਈ ਜਾ ਸਕਦੀ। ਇਹ ਸਿਰਫ ਕਮਾਈ ਜਾਂਦੀ। ਨਿਰ-ਸੁਆਰਥ, ਨਿੱਜੀ ਮੁਫਾਦ ਤੋਂ ਉਪਰ ਅਤੇ ਸਮਰਪਣ ਤੇ ਸਮੁੱਚਤਾ ਦਾ ਸੰਗਮ। ਗੁਰਬਾਣੀ ਦਾ ਫੁਰਮਾਨ ਹੈ, “ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ॥” ਮੁਹੱਬਤ ਤਾਂ ਖੁਦ ਨੂੰ ਮਿਟਾ, ਕਿਸੇ ਦੇ ਨਾਮ ਲਾਉਣ ਦਾ ਕਰਮ।
ਮੁਹੱਬਤ, ਇਕ ਦੂਜੇ ਵਿਚ ਭਿੱਜਣਾ, ਮੋਹਲੇਧਾਰ ਬਾਰਸ਼ ਵਿਚ ਨੁੱਚੜਨਾ, ਇਕ ਦੂਜੇ ਦੇ ਰੰਗ ਵਿਚ ਰੰਗੇ ਜਾਣਾ। ਇਕ ਦੂਜੇ ‘ਚ ਅਭੇਦ ਹੋਣਾ। ਵਿਸਮਾਦੀ ਲੋਰ, ਅਲਾਹੀ ਅਨੰਦ ਅਤੇ ਅਕਹਿ ਤ੍ਰਿਪਤੀ। ਲੋਚਾ, ਲਾਲਚ ਅਤੇ ਲਾਲਸਾਵਾਂ ਦਾ ਅਲੋਪ ਹੋਣਾ।
ਮੁਹੱਬਤ ਤੋਂ ਮੁਹੱਬਤ ਤੀਕ ਦੀ ਯਾਤਰਾ, ਸਭ ਤੋਂ ਸੁਹਾਵਣਾ ਸਫਰ ਅਤੇ ਬਹੁਤ ਘੱਟ ਲੋਕ ਬਣਦੇ ਅਜਿਹੇ ਹਮਰਾਹੀ।
ਮੁਹੱਬਤ ਲਈ ਜਰੂਰੀ ਹੈ ਕਿ ਜਿੰ਼ਦਗੀ ਨੂੰ ਪਿਆਰ ਕਰੋ, ਜਿਹੜੀ ਤੁਹਾਡੀ ਹੈ। ਉਨ੍ਹਾਂ ਨੂੰ ਮੁਹੱਬਤ ਕਰੋ, ਜਿਨ੍ਹਾਂ ਲਈ ਜੀਅ ਰਹੇ ਹੋ। ਜਿ਼ੰਦਗੀ ਤਾਂ ਮੁਹੱਬਤ ਨਾਲ ਹੀ ਖੂਬਸੂਰਤ ਅਤੇ ਪਾਕੀਜ਼ ਹੁੰਦੀ।
ਮੁਹੱਬਤ ਲਈ ਸਭ ਤੋਂ ਜਰੂਰੀ ਹੈ ਕਿ ਖੁਦ ਨੂੰ ਪਿਆਰ ਕਰੋ। ਫਿਰ ਅੰਤਰੀਵੀ ਪਿਆਰ ਬਾਹਰ ਦੇ ਸਫਰ `ਤੇ ਤੁਰੇਗਾ ਤਾਂ ਤੁਸੀਂ ਮੁਹੱਬਤ ਦਾ ਚਿਰਾਗ ਹਰ ਬਰੂਹਾਂ `ਤੇ ਧਰ, ਚੌਗਿਰਦੇ ਨੂੰ ਰੌਸ਼ਨੀ ਨਾਲ ਭਰ ਦੇਵੋਗੇ।
ਮੁਹੱਬਤ, ਬੂੰਦ ਦਾ ਵਾਸ਼ਪ ਹੋਣਾ, ਬੱਦਲ ਬਣ ਕੇ ਵਰ੍ਹਨਾ, ਪਾਣੀ ਦਾ ਅਰੋਕ ਵਹਾਅ ਤੇ ਫਿਰ ਸਮੁੰਦਰ ਵਿਚ ਸਮਾਉਣਾ ਅਤੇ ਇਕਮਿਕ ਹੋ ਜਾਣਾ। ਧਰਤ ਤੋਂ ਅੰਬਰ ਅਤੇ ਫਿਰ ਅੰਬਰ ਤੋਂ ਧਰਤੀ `ਤੇ ਆਉਣ ਦਾ ਸਫਰ ਕਰਨਾ ਜਰੂਰੀ ਹੈ ਬੂੰਦ ਦਾ ਸਮੁੰਦਰ ਵਿਚ ਤਬਦੀਲ ਹੋਣ ਲਈ।
ਕਦੇ ਕਦੇ ਭੈਣਾਂ-ਭਰਾਵਾਂ ਵਿਚਲੀ ਮੁਹੱਬਤੀ ਕਣੀ ਦੀ ਲੋਅ, ਆਪਣੇ ਮਨ ਵਿਚ ਜਰੂਰ ਪੈਦਾ ਕਰਨੀ ਭਾਵੇਂ ਇਹ ਲੋਅ ਆਪਸੀ ਲੋਭ ਅਤੇ ਲਾਲਚ ਦੀ ਕਾਲੀ ਬੋਲੀ ਹਨੇਰੀ ਦਾ ਸ਼ਿਕਾਰ ਹੋ ਚੁਕੀ ਏ।
ਕਦੇ ਕਦੇ ਆਪਣੇ ਰੰਗਾਂ ਵਿਚ ਆਪਣੀ ਹੋਣੀ ਦੇ ਰੰਗਾਂ ਨੂੰ ਵੀ ਲਿਸ਼ਕੋਰਨਾ, ਕਿਉਂਕਿ ਕਈ ਵਾਰ ਮਰ ਕੇ ਜਿਊਣਾ ਅਤੇ ਜਿਉਂਦਿਆਂ ਮਰਨਾ ਵੀ ਮੁਹੱਬਤ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੁੰਦੀ। ਪ੍ਰੇਮ ਦੇ ਮਹਾਂ ਨਾਇਕਾਂ ਦੀ ਹੋਣੀ ਇਸ ਦੀ ਤਸਦੀਕ ਕਰਦੀ ਏ।
ਅਸੀਂ ਮੁਹੱਬਤ ਨੂੰ ਆਪਣੇ ਘਰਾਂ, ਦਰਾਂ ਅਤੇ ਗਰਾਂ ਤੋਂ ਛਿਛਕਾਰ ਦਿੱਤਾ ਏ। ਪਿੰਡ ਦੀ ਜੂਹ ਵਿਚ ਬਾਉਰਿਆਂ ਹਾਰ ਫਿਰਦੀ ਮੁਹੱਬਤ ਨੂੰ ਕੋਈ ਟਿਕਾਣਾ ਹੀ ਨਹੀਂ ਥਿਆਉਂਦਾ। ਕਦੇ ਕਦੇ ਇਸ ਲਈ ਆਪਣੇ ਦਰਾਂ ‘ਤੇ ਪਾਣੀ ਡੋਲ੍ਹੋ, ਤੇਲ ਚੋਵੋ ਅਤੇ ਬਨੇਰਿਆਂ ਨੂੰ ਇਸ ਦੇ ਚਾਨਣ ਵਿਚ ਰੁਸ਼ਨਾਓ, ਤਵਾਰੀਖ ਤੁਹਾਡੀ ਸਦਾ ਰਿਣੀ ਰਹੇਗੀ।