ਸਿਸਟਮ ਨੇ ਸਟੇਨ ਸਵਾਮੀ ਨੂੰ ਕਿਵੇਂ ਤੋੜਿਆ

ਫਾਦਰ ਸਟੇਨ ਸਵਾਮੀ ਭਾਰਤ ਵਿਚ ਸਭ ਤੋਂ ਵੱਡੀ ਉਮਰ (84 ਸਾਲ) ਦੇ ਸ਼ਖਸ ਸਨ ਜਿਨ੍ਹਾਂ ਨੂੰ ਦਹਿਸ਼ਤਪਸੰਦੀ ਦੇ ਦੋਸ਼ ਵਿਚ ਜੇਲ੍ਹਾਂ ਅੰਦਰ ਸੁੱਟਿਆ ਗਿਆ। ਸਾਰੀ ਉਮਰ ਲੋਕਾਂ, ਖਾਸ ਕਰਕੇ ਕਬਾਇਲੀ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਰੇ ਫਾਦਰ ਸਟੇਨ ਸਵਾਮੀ (26 ਅਪਰੈਲ 1937-5 ਜੁਲਾਈ 2021) ਜਾਬਰ ਜੇਲ੍ਹ ਪ੍ਰਬੰਧ ਦਾ ਮੁਕਾਬਲਾ ਕਰਦਿਆਂ 5 ਜੁਲਾਈ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਨਾਲ ਇਕੋ ਸੈੱਲ ਵਿਚ ਬੰਦ ਰਹੇ ਅਰੁਣ ਫਰੇਰਾ ਨੇ ਇਸ ਲੇਖ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।

ਅਰੁਣ ਫਰੇਰਾ
ਅਨੁਵਾਦ: ਬੂਟਾ ਸਿੰਘ
ਸਾਨੂੰ ਫਾਦਰ ਸਟੇਨ ਸਵਾਮੀ ਦੀ ਗ੍ਰਿਫਤਾਰੀ ਦੀ ਖਬਰ 8 ਅਕਤੂਬਰ 2020 ਨੂੰ ਦੇਰ ਸ਼ਾਮ ਨੂੰ ਮਿਲੀ ਪਰ ਅਗਲੀ ਸਵੇਰ ਮੁਲਤਵੀ ਬੈਰਕ ਵਿਚ ਕੈਦੀਆਂ ਨਾਲ ਉਨ੍ਹਾਂ ਨੂੰ ਸ਼ੁੱਧ ਹਿੰਦੀ ਵਿਚ ਗੱਲਬਾਤ ਕਰਦੇ ਦੇਖ ਕੇ ਸਾਨੂੰ ਬਹੁਤ ਹੈਰਾਨੀ ਹੋਈ। ਮੈਂ ਉਸ ਸਮੇਂ ਆਪਣੇ ਸਹਿ-ਦੋਸ਼ੀ ਵਰਵਰਾ ਰਾਓ (ਵੀ.ਵੀ.) ਅਤੇ ਵਰਨੋਨ ਗੋਂਜ਼ਾਲਵੇਜ਼ ਨਾਲ ਜੇਲ੍ਹ ਹਸਪਤਾਲ ਦੀ ਇਕ ਕੋਠੜੀ (ਸੈੱਲ) ਵਿਚ ਬੰਦ ਸੀ। ਵੀ.ਵੀ. ਅਤੇ ਮੇਰੇ ਵੱਲੋਂ ਸਵੇਰ ਦੇ ਨਾਸ਼ਤੇ ਤੋਂ ਪਹਿਲਾਂ ਉਸ ਦੀ ਵ੍ਹੀਲਚੇਅਰ `ਤੇ ਕੁਝ ਚੱਕਰ ਲਗਾਉਣਾ ਸਾਡੇ ਨਿੱਤਨੇਮ ਦਾ ਹਿੱਸਾ ਸੀ। ਅਸੀਂ ਤਿੰਨਾਂ ਨੇ ਇਹ ਮੰਨ ਲਿਆ ਸੀ ਕਿ ਕੌਮੀ ਜਾਂਚ ਏਜੰਸੀ ਸਟੇਨ ਨੂੰ ਪੁੱਛਗਿੱਛ ਲਈ ਹਿਰਾਸਤ `ਚ ਲੈਣਾ ਚਾਹੇਗੀ ਅਤੇ ਇਸ ਲਈ ਉਸ ਨੂੰ ਨਿਆਂਇਕ ਹਿਰਾਸਤ, ਭਾਵ ਜੇਲ੍ਹ ਭੇਜਣ ਤੋਂ ਕੁਝ ਦਿਨ ਪਹਿਲਾਂ ਤੱਕ ਐਸਾ ਨਹੀਂ ਹੋਣ ਲੱਗਾ।
ਅਸੀਂ ਗਲਤ ਸੀ, ਉਹ ਤਾਂ ਉਸ ਨੂੰ ਜੇਲ੍ਹ ਵਿਚ ਸੁੱਟਣਾ ਚਾਹੁੰਦੇ ਸਨ।
ਸਟੇਨ ਸਾਨੂੰ ਮਿਲ ਕੇ ਬਹੁਤ ਖੁਸ਼ ਹੋਏ ਅਤੇ ਰਾਤ, ਭਾਵ ਜੇਲ੍ਹ ਵਿਚ ਉਨ੍ਹਾਂ ਦੀ ਪਹਿਲੀ ਰਾਤ ਦਾ ਤਣਾਓ ਤੁਰੰਤ ਕਾਫੂਰ ਹੋ ਗਿਆ। ਅਗਲੇ ਦੋ ਮਹੀਨਿਆਂ ਦੌਰਾਨ ਸਾਡੀ ਤਿੰਨਾਂ ਦੀ ਸਟੇਨ ਨਾਲ ਦੋਸਤੀ ਹੋ ਗਈ ਜਿਸ ਨੇ ਸਾਨੂੰ ਆਪਣੇ ਵਿਸ਼ਾਲ ਤਜਰਬੇ ਦੀਆਂ ਕਹਾਣੀਆਂ ਤੇ ਕਦੇ-ਕਦੇ ਗੀਤਾਂ ਨਾਲ ਜੋੜਿਆ। ਵੀ.ਵੀ. ਜਲਦੀ ਹੀ ਹਾਈ ਕੋਰਟ ਦੇ ਆਦੇਸ਼ ਦੁਆਰਾ ਪ੍ਰਾਈਵੇਟ ਹਸਪਤਾਲ ਵਿਚ ਭੇਜ ਦਿੱਤੇ ਗਏ ਅਤੇ ਵਰਨੋਨ ਅਤੇ ਮੈਨੂੰ ਜੋ ਉਸ ਸਮੇਂ ਤੱਕ ਵੀ.ਵੀ. ਦੀ ਦੇਖਭਾਲ ਕਰ ਰਹੇ ਸੀ, ਵਾਪਸ ਸਾਡੀਆਂ ਬੈਰਕਾਂ ਵਿਚ ਭੇਜ ਦਿੱਤਾ ਗਿਆ।
ਅਮਿੱਟ ਛਾਪ
ਸਟੇਨ ਨੇ ਹਾਲਾਂਕਿ, ਜੇਲ੍ਹ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਸ ਨੂੰ ਸਹਾਇਤਾ ਦੀ ਲੋੜ ਹੈ, ਨਾ ਸਿਰਫ ਉਸ ਨੂੰ ਆਪਣੇ ਨਿੱਤ ਦੇ ਕਿਰਿਆਕ੍ਰਮ ਸਗੋਂ ਸਾਰਥਕ ਸੰਚਾਰ ਲਈ ਵੀ। ਫਿਰ 5 ਦਸੰਬਰ 2020 ਨੂੰ ਮੈਨੂੰ ਇਕ ਹੋਰ ਕੈਦੀ ਨਾਲ ਸਟੇਨ ਵਾਲੀ ਕੋਠੜੀ `ਚ ਭੇਜ ਦਿੱਤਾ ਗਿਆ ਜਿਸ ਨੂੰ ਅਸੀਂ ਪਿਆਰ ਨਾਲ ‘ਚਾਚਾ` ਕਹਿੰਦੇ ਹਾਂ। ਅਸੀਂ ਤਿੰਨਾਂ ਨੇ ਘੰਟੇ, ਦਿਨ ਅਤੇ ਮਹੀਨੇ ਇਕੱਠਿਆਂ ਗੁਜ਼ਾਰੇ, ਤੇ ਇਹ ਉਹ ਵਕਤ ਸੀ ਜਦੋਂ ਮੈਨੂੰ ਮਨੁੱਖ ਸਟੇਨ ਦਾ ਅਨੁਭਵ ਹੋਇਆ ਜਿਸ ਕੋਲ ਹਰ ਮਿਲਣ ਵਾਲੇ ਉਪਰ ਅਮਿੱਟ ਛਾਪ ਛੱਡਣ ਦੀ ਕਮਾਲ ਦੀ ਯੋਗਤਾ ਸੀ। ਚਕਾਚੌਂਧ ਕਰਨ ਵਾਲੀ ਇਹ ਕਾਬਲੀਅਤ ਉਸ ਦੀ ਸਾਦੀ ਅਤੇ ਸ਼ੁੱਧ ਸਾਦਗੀ ਤੋਂ ਆਈ ਸੀ, ਅਜਿਹੀ ਸਾਦਗੀ ਜੋ ਉਸ ਦੇ ਜੀਵਨ ਦੇ ਹਰ ਕਾਰਜ ਅਤੇ ਪਹਿਲੂ ਵਿਚ ਰਚ ਗਈ ਸੀ। ਮਿਸਾਲ ਵਜੋਂ, ਸਟੇਨ ਦੀ ਖੂਬਸੂਰਤ ਆਦਤ ਸੀ ਕਿ ਉਹ ਨਿਮਰਤਾ ਸਹਿਤ ਆਪਣੀ ਛਾਤੀ ਉਪਰ ਹੱਥ ਰੱਖ ਕੇ ਹਰ ਕਿਸੇ ਨੂੰ ਮੋਹ ਨਾਲ ਸਵੀਕਾਰ ਕਰਦੇ ਸਨ। ਨੌਜਵਾਨ ਕੈਦੀਆਂ ਜਾਂ ਜੇਲ੍ਹ ਅਫਸਰਾਂ ਨਾਲ ਆਪਸੀ ਸਤਿਕਾਰ ਦੇ ਇਸ ਸਾਧਾਰਨ ਸੰਕੇਤ ਵਿਚ ਦਿਲਾਂ ਨੂੰ ਮੋਹ ਲੈਣ ਦਾ ਸੁਹਜ ਸੀ।
ਸਟੇਨ ਨੂੰ ਮੈਂ ਕਦੇ ਵੀ ਦੂਜਿਆਂ ਨੂੰ ਇੱਥੋਂ ਤੱਕ ਕਿ ਜੋ ਉਨ੍ਹਾਂ ਤੋਂ ਉਮਰ `ਚ ਬਹੁਤ ਛੋਟੇ ਸਨ, ਨਜ਼ਰਅੰਦਾਜ਼ ਕਰਦੇ ਜਾਂ ਅਹਿਸਾਨ ਜਤਾਉਂਦੇ ਨਹੀਂ ਦੇਖਿਆ। ਉਹ ਹਮੇਸ਼ਾ ਵਿਸ਼ਵਾਸ ਕਰਦੇ ਸਨ ਕਿ ਪਿਆਰ ਦਾ ਸਿੱਧਾ ਜਿਹਾ ਮਤਲਬ ਹੈ ਸਾਂਝੀ ਕਰਨ ਵਾਲੀ ਚੀਜ਼; ਤੇ ਸਾਂਝਾ ਕਰਨ ਦਾ ਮਤਲਬ ਦੇਣ ਦਾ ਕਾਰਜ ਨਹੀਂ ਹੋਵੇਗਾ, ਜਿਵੇਂ ਸਾਡੇ ਵਿਚੋਂ ਬਹੁਤ ਸਾਰੇ ਸਮਝਦੇ ਹਨ। ਸਟੇਨ ਲਈ ਇਸ ਦੇ ਮਾਇਨੇ ਬਹੁਤ ਬੜੇ ਸਨ – ਇਸ ਦਾ ਮਤਲਬ ਦੂਜਿਆਂ ਦੇ ਦੁੱਖਾਂ, ਦਰਦਾਂ ਵਿਚ ਸ਼ਰੀਕ ਹੋਣਾ ਸੀ।
ਚਾਚਾ ਅਤੇ ਮੈਂ ਤਕਰੀਬਨ ਰੋਜ਼ ਹੀ ਸਟੇਨ ਨੂੰ ਹੋਰ ਖਾਣਾ ਖਾ ਲੈਣ ਦੀ ਬੇਨਤੀ ਕਰਦੇ। ਅਸੀਂ ਫਿਕਰਮੰਦ ਸੀ ਕਿ ਕੈਦ ਦੇ ਹਾਲਾਤ ਵਿਚ ਉਨ੍ਹਾਂ ਦੀ ਥੋੜ੍ਹਾ ਖਾਣ ਦੀ ਆਦਤ ਅਕਲਮੰਦੀ ਨਹੀਂ ਹੋਵੇਗੀ। ਜਵਾਬ ਵਿਚ ਸਟੇਨ ਸਾਨੂੰ ਦੱਸਦੇ ਕਿ ਕਿਵੇਂ ਇਕ ਨੌਜਵਾਨ ਈਸਾਈ ਦੇ ਰੂਪ `ਚ ਝਾਰਖੰਡ ਦੇ ਚਾਇਬਾਸਾ ਵਿਖੇ ਇਕ ਕਬਾਇਲੀ ਪਰਿਵਾਰ ਦੇ ਨਾਲ ਰਹਿੰਦੇ ਹੋਏ ਉਸ ਨੂੰ ਆਪਣੇ ਆਪ ਨੂੰ ਪਰਿਵਾਰ ਦੇ ਦੂਜੇ ਬਾਲਗਾਂ ਵਾਂਗ ਅੱਧਾ ਖਾਣਾ ਖਾਣ ਦੇ ਅਭਿਆਸ ਅਨੁਸਾਰ ਢਾਲਣਾ ਪਿਆ ਸੀ, ਇਸ ਕਰਕੇ 50 ਸਾਲਾਂ ਤੋਂ ਐਸੀ ਆਦਤ ਨਾਲ ਉਸ ਦਾ ‘ਪੇਟ ਸੁੰਗੜ ਗਿਆ ਸੀ`।
ਸਾਨੂੰ ਇਹ ਦਲੀਲ ਜਚਦੀ ਨਹੀਂ ਸੀ। ਇਸ ਕਰਕੇ ਮੈਂ ਅਤੇ ਚਾਚਾ ਨੇ ਫਿਰ ਜੇਲ੍ਹ ਦੀ ਕੰਟੀਨ ਤੋਂ ਸਪਲੀਮੈਂਟ ਵਜੋਂ ਕੁਝ ਪੌਸ਼ਟਿਕ ਸਨੈਕਸ ਅਤੇ ਸੁੱਕੇ ਮੇਵੇ ਖਰੀਦਣ ਦੀ ਕੋਸ਼ਿਸ਼ ਕੀਤੀ। ਸਟੇਨ ਆਪਣੀ ਗੱਲ `ਤੇ ਅੜੇ ਰਹੇ। ਉਨ੍ਹਾਂ ਵਾਲੀ ਸਾਦ-ਮੁਰਾਦੀ ਅਤੇ ਤਪੱਸਵੀ ਜੀਵਨ ਸ਼ੈਲੀ ਸਮਝੌਤਾ ਨਹੀਂ ਕਰ ਸਕਦੀ ਸੀ, ਜੇਲ੍ਹ ਵਿਚ ਤਾਂ ਇਹ ਹੋਰ ਵੀ ਜ਼ਿਆਦਾ ਸੀ। ਉਨ੍ਹਾਂ ਨੇ ਆਪਣੀ ਮਨਪਸੰਦ ਮੂੰਗਫਲੀ (ਭੁੰਨੀ ਹੋਈ ਮੂੰਗਫਲੀ) ਖਰੀਦਣ ਲਈ ਕਿਹਾ। ਦੂਜਿਆਂ ਦੇ ਦੁੱਖਾਂ `ਚ ਸ਼ਰੀਕ ਹੋਣ ਦੇ ਰੂਪ ਵਿਚ ਪਿਆਰ ਦੀ ਇਹ ਡੂੰਘੀ ਅੰਦਰੂਨੀ ਸਮਝਦਾਰੀ ਹੀ ਸ਼ਾਇਦ ਉਨ੍ਹਾਂ ਨੂੰ ਉਨ੍ਹਾਂ ਸਭ ਤੋਂ ਨਿਤਾਣੇ ਲੋਕਾਂ ਦੀ ਮਾੜੀ ਦਸ਼ਾ ਵੱਲ ਖਿੱਚਦੀ ਸੀ।
ਸਟੇਨ ਨੇ ਯਾਦ ਸਾਂਝੀ ਕੀਤੀ ਸੀ ਕਿ ਕਿਵੇਂ ਨਵੇਂ ਨਿਯੁਕਤ ਹੋਏ ਪਾਦਰੀ ਵਜੋਂ ਉਸ ਨੇ ਜਮਸ਼ੇਦਪੁਰ ਦੇ ਆਦਿਵਾਸੀਆਂ `ਚ ਕੰਮ ਕਰਨ ਦੀ ਚੋਣ ਕੀਤੀ ਸੀ। ਇਸ ਖੇਤਰ ਦਾ ਬਹੁਤਾ ਹਿੱਸਾ ਹੁਣ ਝਾਰਖੰਡ ਵਿਚ ਪੈਂਦਾ ਹੈ। ਇਹ ਉਹ ਸਮਾਂ ਸੀ ਜਦੋਂ ਚਰਚ ਆਪਣੇ ਦਾਨ-ਪੁੰਨ ਦੇ ਕਾਰਜ ਵਜੋਂ ਭੋਜਨ ਸਹਾਇਤਾ ਵੰਡਣ ਵਿਚ ਸ਼ਾਮਲ ਸੀ। ਹਾਲਾਂਕਿ ਸਟੇਨ ਨੇ ਆਪਣੇ ਆਪ ਨੂੰ ਇਨ੍ਹਾਂ ਪ੍ਰੋਗਰਾਮਾਂ ਵਿਚ ਸ਼ਾਮਿਲ ਕੀਤਾ, ਉਹ ਸ਼ੁਰੂ ਤੋਂ ਹੀ ਜਾਣਦੇ ਸਨ ਕਿ ਉਸ ਨੂੰ ਇਸ ਤੋਂ ਅੱਗੇ ਜਾਣਾ ਹੈ।
ਸਟੇਨ ਕਹਿੰਦੇ ਸਨ, ਈਸਾਈ ਮੱਤ ਦੇ ਬਾਨੀ ਸੇਂਟ ਇਗਨਾਟੀਅਸ ਲੋਯੋਲਾ ਦਾ ਮੰਨਣਾ ਸੀ ਕਿ ‘ਇਕ ਜ਼ਰੂਰੀ ਚੀਜ਼` ਕਰਨਾ ਹਮੇਸ਼ਾ ਮਹੱਤਵਪੂਰਨ ਹੁੰਦਾ ਹੈ; ਇਸ ਦਾ ਭਾਵ ਗਰੀਬਾਂ ਉਤੇ ਹੋ ਰਹੇ ਜ਼ੁਲਮ ਦੀ ਜੜ੍ਹ ਤੱਕ ਪਹੁੰਚਣ ਦੀ ਜ਼ਰੂਰਤ ਹੈ ਤਾਂ ਜੋ ਉਨ੍ਹਾਂ ਦੀ ਮੁਕਤੀ ਸੰਭਾਵਨਾ ਬਣ ਜਾਵੇ।
ਇਥੇ ਹੀ ਸਟੇਨ ਨੇ ਦੇਖਿਆ ਹੋਣਾ ਹੈ ਕਿ ਵਿਸ਼ਲੇਸ਼ਣ ਦੇ ਮਾਰਕਸਵਾਦੀ ਸੰਦ ਸਮਾਜੀ ਬਦਲਾਓ ਅਤੇ ਲੋਕਾਂ ਦੇ ਸੰਘਰਸ਼ਾਂ ਦੀ ਕੇਂਦਰੀ ਏਜੰਸੀ ਨੂੰ ਸਮਝਣ ਲਈ ਸਭ ਤੋਂ ਢੁੱਕਵੇਂ ਸਨ। ਬਾਅਦ ਵਿਚ ਇੰਡੀਅਨ ਸੋਸ਼ਲ ਇੰਸਟੀਚਿਊਟ, ਬੰਗਲੌਰ ਦੇ ਡਾਇਰੈਕਟਰ ਦੇ ਰੂਪ ਵਿਚ ਉਨ੍ਹਾਂ ਨੂੰ ਨਾ ਸਿਰਫ ਇਸ ਸਮਝ ਨੂੰ ਸਾਣ `ਤੇ ਲਾਉਣ ਦਾ ਮੌਕਾ ਮਿਲਿਆ ਸਗੋਂ ਉਨ੍ਹਾਂ ਨੌਜਵਾਨਾਂ ਨੂੰ ਸਮਾਜੀ ਕਾਰਜਾਂ ਵਿਚ ਸ਼ਾਮਲ ਹੋਣ ਲਈ ਵੀ ਪ੍ਰੇਰਿਆ (ਵਰਨੋਨ ਗੋਂਜ਼ਾਲਵੇਜ਼ ਉਨ੍ਹਾਂ ਵਿਚੋਂ ਇਕ ਹਨ)।
ਸੋਚ ਦੀ ਸਪਸ਼ਟਤਾ
ਸਾਂਝੀ ਕੋਠੜੀ ਵਿਚ ਨਜ਼ਰਬੰਦ ਹੋਣ ਕਰਕੇ ਸਾਨੂੰ ਵੱਖ-ਵੱਖ ਵਿਸ਼ਿਆਂ ਜਿਵੇਂ ਆਸਤਿਕਤਾ, ਧਰਮ, ਇਨਕਲਾਬ, ਰਾਜਨੀਤੀ, ਪਾਰਟੀਆਂ, ਕਬਾਇਲੀ ਸਮਾਜ ਅਤੇ ਕੈਥੋਲਿਕ ਚਰਚ ਉਪਰ ਵਿਚਾਰ-ਚਰਚਾ ਅਤੇ ਬਹਿਸ ਕਰਨ ਦਾ ਮੌਕਾ ਮਿਲਿਆ। ਰਾਤ ਨੂੰ ਜਦੋਂ ਸਾਨੂੰ ਕੋਠੜੀ ਵਿਚ ਬੰਦ ਕਰ ਦਿੱਤਾ ਜਾਂਦਾ ਸੀ ਤਾਂ ਭੁੰਨੀ ਹੋਈ ਮੂੰਗਫਲੀ ਚੱਬਦਿਆਂ ਐਸੀਆਂ ਚਰਚਾਵਾਂ ਸ਼ਾਮ ਦੇ ਸਮੇਂ ਹਮੇਸ਼ਾ ਹੁੰਦੀਆਂ ਰਹਿੰਦੀਆਂ ਸਨ।
ਇਨ੍ਹਾਂ ਸਾਰੇ ਵਿਸ਼ਿਆਂ `ਤੇ ਸਟੇਨ ਦੀ ਦਲੀਲ ਕਦੇ ਪੇਚੀਦਾ ਨਹੀਂ ਸੀ ਹੁੰਦੀ, ਉਨ੍ਹਾਂ ਦੀ ਸੋਚ ਸਪਸ਼ਟ ਤੇ ਸਰਲ ਹੁੰਦੀ। ਮੈਂ ਸ਼ਰਾਰਤੀ ਸਵਾਲਾਂ ਨਾਲ ਉਨ੍ਹਾਂ ਦੀ ਦਲੀਲ ਕੱਟਣ ਦੀ ਉਮੀਦ ਨਾਲ ਸ਼ੈਤਾਨ ਦੇ ਵਕੀਲ ਦਾ ਕਿਰਦਾਰ ਨਿਭਾਉਣਾ ਪਸੰਦ ਕਰਦਾ। ਮੈਂ ਦੇਖਿਆ ਕਿ ਸਟੇਨ ਹਮੇਸ਼ਾ ਦ੍ਰਿੜ ਹੁੰਦੇ ਸਨ, ਖਾਸਕਰ ਲੋਕਾਂ ਦੇ ਹੱਕਾਂ ਨਾਲ ਸਬੰਧਿਤ ਮੁੱਦਿਆਂ ਉਪਰ, ਫਿਰ ਵੀ ਉਨ੍ਹਾਂ ਮਾਮਲਿਆਂ `ਚ ਉਹ ਬਹੁਤ ਲਚਕੀਲੇ ਹੁੰਦੇ ਜਿਨ੍ਹਾਂ ਬਾਰੇ ਉਹ ਕਹਿੰਦੇ ਕਿ ਉਸ ਨੂੰ ਸੱਚਮੁੱਚ ਜਾਣਕਾਰੀ ਨਹੀਂ ਤੇ ਉਹ ਜਾਣਨਾ ਚਾਹੁੰਦੇ ਹਨ।
ਮੈਂ ਇਸ ਨਤੀਜੇ `ਤੇ ਪਹੁੰਚਿਆ ਕਿ ਉਨ੍ਹਾਂ ਦੀ ਸਮਝ (ਘੱਟੋ-ਘੱਟ ਪੁਜਾਰੀ ਵਜੋਂ ਸ਼ੁਰੂਆਤੀ ਸਾਲਾਂ ਵਿਚ) 1968 ਦੇ ਫਰਾਂਸੀਸੀ ਵਿਦਿਆਰਥੀ ਵਿਦਰੋਹ ਅਤੇ ਮੁਕਤੀ ਧਰਮ-ਸ਼ਾਸਤਰ (ਲਿਬਰੇਸ਼ਨ ਥੀਓਲੌਜੀ) ਦੇ ਆਦਰਸ਼ਾਂ ਤੋਂ ਬਹੁਤ ਪ੍ਰਭਾਵਤ ਸੀ ਜਿਸ ਨੇ ਚਰਚ ਦੇ ਅੰਦਰ ਆਲੋਚਨਾਤਮਕ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਸਨ। ਸਟੇਨ ਦੀ ਸਾਦਗੀ ਵੀ ਈਸਾ ਦੀ ਜ਼ਿੰਦਗੀ ਤੋਂ ਬਹੁਤ ਪ੍ਰਭਾਵਿਤ ਸੀ। ਸਟੇਨ ਲਈ ਈਸਾ ਦੇ ਤੌਰ-ਤਰੀਕੇ ਗੈਲੀਲੀਓ ਵਾਲੇ ਸਨ ਜਿਸ ਨੇ ਪਰਮਾਤਮਾ ਦੀ ਹਕੂਮਤ ਦਾ ਐਲਾਨ ਭਵਿੱਖ ਦੀ ਚੀਜ਼ ਵਜੋਂ ਨਹੀਂ ਸਗੋਂ ਵਰਤਮਾਨ ਵਿਚ ਸਭ ਤੋਂ ਦੱਬੇ-ਕੁਚਲਿਆਂ ਤੇ ਨਫਰਤ ਦਾ ਸ਼ਿਕਾਰ ਭਾਈਚਾਰੇ ਵਿਚ ਅਤੇ ਬਿਨਾ ਸ਼ਰਤ ਪ੍ਰੇਮ ਦੇ ਸਰਲ ਕਾਰਜਾਂ ਰਾਹੀਂ ਕੀਤਾ। ਸਟੇਨ ਅਕਸਰ ਈਸਾ ਵੱਲੋਂ ਉਸ ਵਕਤ ਦੇ ਸ਼ਕਤੀਸ਼ਾਲੀ ਰੋਮਨ ਸਾਮਰਾਜ ਨੂੰ ਸੱਚ ਸੁਣਾਏ ਜਾਣ ਦੀ ਮਿਸਾਲ ਐਸੇ ਮਹੱਤਵਪੂਰਨ ਗੁਣ ਦੇ ਰੂਪ ਵਿਚ ਦਿੰਦੇ ਸਨ ਜੋ ਸਾਡੇ `ਚ ਵੀ ਹੋਣਾ ਚਾਹੀਦਾ ਹੈ। ਹਾਲਾਂਕਿ ਧਾਰਮਿਕ ਰਵਾਇਤਾਂ ਦਾ ਸਤਿਕਾਰ ਕਰਨ ਦੀ ਜ਼ਰੂਰਤ ਹੈ, ਉਹ ਮੰਨਦੇ ਸਨ ਕਿ ਮਨੁੱਖ ਨੂੰ ਹਮੇਸ਼ਾ ਬਾਹਰੀ ਦਿਖਾਵੇ ਤੋਂ ਉਪਰ ਉੱਠਣਾ ਚਾਹੀਦਾ ਹੈ ਤਾਂ ਜੋ ਮੂਲ ਸਮਾਜੀ ਅਤੇ ਭਾਈਚਾਰਕ ਤੱਤ ਨੂੰ ਸਮਝਿਆ ਜਾ ਸਕੇ। ਸਟੇਨ ਮਹਿਸੂਸ ਕਰਦੇ ਸਨ ਕਿ ਇਸ ਰੌਸ਼ਨੀ ਵਿਚ ਕਬਾਇਲੀ ਸਮਾਜ ਐਸਾ ਸਮਾਜ ਸੀ ਜਿਸ ਨੇ ਭਾਈਚਾਰੇ ਨੂੰ ਕੇਂਦਰੀ ਮਹੱਤਵ ਦਿੱਤਾ। ਇਸੇ ਕਰਕੇ ‘ਅਪਰੇਸ਼ਨ ਗ੍ਰੀਨ ਹੰਟ’ ਦੇ ਰੂਪ ਵਿਚ ਕਾਰਪੋਰੇਟ ਵੱਲੋਂ ਉਜਾੜੇ ਦੇ ਹਮਲੇ ਜਾਂ ਸਟੇਟ ਦੇ ਜਬਰ ਤੋਂ ਆਦਿਵਾਸੀ ਸਮਾਜ ਨੂੰ ਬਚਾਉਣ ਦਾ ਮਤਲਬ ਇਸ ਦੀ ਭਾਈਚਾਰਕ ਰੂਹ ਦੀ ਰੱਖਿਆ ਕਰਨਾ ਹੋਵੇਗਾ। ਐਸੇ ਟਾਕਰੇ ਵਿਚ ਸਟੇਨ ਦੇ ਸ਼ਾਮਿਲ ਹੋਣ ਨੂੰ ਉਸ ਦੇ ਅਖੌਤੀ ਮਾਓਵਾਦੀ ਅਕੀਦਿਆਂ ਅਤੇ ਸਬੰਧਾਂ ਦੇ ਸਬੂਤ ਵਜੋਂ ਦੇਖਣਾ ਲੋਕ ਭਾਈਚਾਰਿਆਂ `ਚ ਸਟੇਨ ਦੇ ਦ੍ਰਿੜ ਵਿਸ਼ਵਾਸ ਨੂੰ ਦੇਖਣ-ਸਮਝਣ `ਚ ਨਾਕਾਮੀ ਤੋਂ ਸਿਵਾਏ ਹੋਰ ਕੁਝ ਨਹੀਂ ਹੈ।
ਸਟੇਨ ਮੇਰੇ ਨਾਲੋਂ ਦੁੱਗਣੀ ਉਮਰ ਦੇ ਸਨ। ਮੇਰੇ ਡੈਡੀ ਤੋਂ ਕੁਝ ਸਾਲ ਛੋਟੇ ਪਰ ਬਹੁਤ ਸਾਰੇ ਤਰੀਕਿਆਂ ਨਾਲ ਉਨ੍ਹਾਂ ਵਰਗੇ ਸਨ। ਉਹ ਮੇਰੇ ਮਾਮੇ ਦੇ ਗੂੜ੍ਹੇ ਮਿੱਤਰ ਵੀ ਸਨ ਜੋ ਪੁਜਾਰੀ ਵੀ ਸੀ। ਮੇਰੇ ਮਾਮੇ ਦੇ ਦੇਹਾਂਤ ਤੋਂ ਪਹਿਲਾਂ ਉਹ ਦੋਵੇਂ ਮੁਕਤੀ ਧਰਮ-ਸ਼ਾਸਤਰ ਦੇ ਆਪਣੇ ਵਿਸ਼ਵਾਸ ਵਿਚ ਸਾਥੀ ਸਨ ਅਤੇ ਸਟੇਨ ਅਕਸਰ ਯਾਦ ਕਰਦੇ ਸਨ ਕਿ ਜਦੋਂ ਵੀ ਉਹ ਅੱਸੀ ਵਾਲੇ ਦਹਾਕੇ `ਚ ਬੰਬਈ ਜਾਂਦੇ ਸਨ ਤਾਂ ਉਹ ਉਨ੍ਹਾਂ ਕੋਲ ਠਹਿਰਦੇ ਹੁੰਦੇ ਸਨ। ਸ਼ੁਰੂ ਵਿਚ ਵਰਨੋਨ ਅਤੇ ਮੈਂ, ਸਟੇਨ ਨੂੰ ਉਨ੍ਹਾਂ ਉਪਰ ਬਣਾਏ ਝੂਠੇ ਕੇਸ ਨੂੰ ਸਮਝਣ ਅਤੇ ਬੁੱਝਣ `ਚ ਭੂਮਿਕਾ ਨਿਭਾਈ। ਵਰਨੋਨ ਦੇ ਜਾਣ ਤੋਂ ਬਾਅਦ ਸਟੇਨ ਦੇ ਗੈਰ-ਰਸਮੀ ਕਾਨੂੰਨੀ ਸਲਾਹਕਾਰ ਵਜੋਂ ਇਹ ਜ਼ਿੰਮੇਵਾਰੀ ਮੇਰੇ ਉਪਰ ਆ ਪਈ ਸੀ।
ਬਾਅਦ ਵਿਚ ਸਟੇਨ ਨਾਲ ਮੇਰਾ ਰਿਸ਼ਤਾ ਇਸ ਸਭ ਕਾਸੇ ਤੋਂ ਅੱਗੇ ਨਿਕਲ ਗਿਆ। ਹੋਰ ਸਹਿ-ਦੋਸ਼ੀਆਂ ਵਾਂਗ ਛੇਤੀ ਹੀ ਅਸੀਂ ਦੋਸਤਾਂ ਤੋਂ ਵੀ ਵਧ ਨੇੜੇ ਹੋ ਗਏ। ਅਸੀਂ ਇਕ ਪਰਿਵਾਰ, ਨਿਆਂ ਲਈ ਸਾਂਝੇ ਸੰਘਰਸ਼ ਦੇ ਸੰਗੀ-ਸਾਥੀ ਬਣ ਗਏ। ਫਾਦਰ ਸਟੇਨ ਸਾਡੇ ਸਾਰਿਆਂ ਲਈ ਸਿਰਫ ਸਟੇਨ ਸਨ। ਸਟੇਟ ਨੇ ਸਾਨੂੰ ਸਾਰਿਆਂ ਨੂੰ ਐਸੇ ਤਰੀਕਿਆਂ ਨਾਲ ਏਕਤਾ ਅਤੇ ਬੰਧਨ ਵਿਚ ਬੰਨ੍ਹ ਦਿੱਤਾ ਸੀ ਜਿਨ੍ਹਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਫਰਵਰੀ 2021 ਵਿਚ ਵੀ.ਵੀ. ਨੂੰ ਬੰਬੇ ਹਾਈ ਕੋਰਟ ਨੇ ਛੇ ਮਹੀਨਿਆਂ ਲਈ ਅੰਤ੍ਰਿਮ ਜ਼ਮਾਨਤ ਦੇ ਦਿੱਤੀ। ਹਾਲਾਂਕਿ ਇਸ ਆਦੇਸ਼ ਨਾਲ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਸੀ, ਸਟੇਨ ਦੀ ਖੁਸ਼ੀ ਬਹੁਤ ਸੰਜਮੀ ਸੀ। ਉਹ ਅਦਾਲਤ ਦੁਆਰਾ ਲਾਈਆਂ ਸ਼ਰਤਾਂ ਤੋਂ ਬਹੁਤ ਫਿਕਰਮੰਦ ਸਨ, ਖਾਸ ਕਰਕੇ ਜਿਨ੍ਹਾਂ ਤਹਿਤ ਵੀ.ਵੀ. ਨੂੰ ਮੁੰਬਈ ਵਿਚ ਰਹਿਣਾ ਪੈਣਾ ਸੀ, ਸਹਿ-ਦੋਸ਼ੀਆਂ ਨਾਲ ਸੰਪਰਕ ਤੋੜਨਾ ਪੈਣਾ ਸੀ ਅਤੇ ਭੀਮਾ ਕੋਰੇਗਾਓਂ ਕੇਸ ਨਾਲ ਜੁੜੇ ਮੁੱਦਿਆਂ ਉਪਰ ਸੋਸ਼ਲ ਮੀਡੀਆ ਸਮੇਤ ਮੀਡੀਆ ਵਿਚ ਆਪਣੀ ਰਾਏ ਪ੍ਰਗਟਾਉਣ ਤੋਂ ਪਰਹੇਜ਼ ਕਰਨਾ ਪੈਣਾ ਸੀ।
ਮੈਂ ਉਸ ਦੇ ਨਜ਼ਰੀਏ ਨੂੰ ਬੁੱਝਣ ਵਿਚ ਅਸਫਲ ਰਿਹਾ ਅਤੇ ਅਕਸਰ ਹੀ ਉਨ੍ਹਾਂ ਨੂੰ ਕਾਨੂੰਨੀ ਰਣਨੀਤੀ ਦੀਆਂ ਬਾਰੀਕੀਆਂ ਬਾਰੇ ਸਿੱਖਿਅਤ ਕਰਨ ਦੀ ਕੋਸ਼ਿਸ਼ ਵਿਚ ਬਹਿਸ ਕਰਦਾ ਰਹਿੰਦਾ ਸੀ ਪਰ ਦੇਖਣ ਨੂੰ ਭੋਲੇ-ਭਾਲੇ ਜਾਪਦੇ ਨਜ਼ਰੀਏ ਪਿੱਛੇ ਦਰਅਸਲ ਉਨ੍ਹਾਂ ਦੀ ਇਹ ਡੂੰਘੀ ਸਮਝ ਕੰਮ ਕਰਦੀ ਸੀ ਕਿ ਉਸ ਲਈ ਆਜ਼ਾਦੀ ਦੇ ਮਾਇਨੇ ਕੀ ਹਨ। ਇਸ ਦਾ ਮਤਲਬ ਨਾ ਸਿਰਫ ਪਾਬੰਦੀਆਂ ਤੋਂ ਮੁਕਤ ਅੰਦੋਲਨ ਦਾ ਹੋਣਾ ਸੀ ਸਗੋਂ ਦਰਅਸਲ ਆਪਣੇ ਵਿਚਾਰਾਂ ਦਾ ਸੰਚਾਰ ਕਰਨ ਅਤੇ ਸਾਂਝੇ ਕਰਨ ਦੀ ਖੁਸ਼ੀ ਅਤੇ ਸੱਚ ਬੋਲਣ ਦੀ ਕਾਬਲੀਅਤ ਸੀ। ਇਸ ਤੋਂ ਬਾਅਦ ਆਪਣੇ ਈਸਾਈ ਸਾਥੀਆਂ ਅਤੇ ਵਕੀਲਾਂ ਨੂੰ ਆਪਣੇ ਕੁਲ ਸੰਦੇਸ਼ਾਂ ਵਿਚ ਸਟੇਨ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਦੀ ਜ਼ਮਾਨਤ ਦੀ ਸੁਣਵਾਈ ਕਰਨ ਵਾਲੀ ਅਦਾਲਤ ਨੂੰ ਇਸ ਬਾਬਤ ਉਨ੍ਹਾਂ ਦੀ ਇੱਛਾ ਬਾਰੇ ਸੂਚਿਤ ਕਰ ਦਿੱਤਾ ਜਾਵੇ।
ਮਈ ‘ਚ ਜਦੋਂ ਹਾਈ ਕੋਰਟ ਨੇ ਵੀਡੀਓ ਕਾਨਫਰੰਸ ਰਾਹੀਂ ਸਟੇਨ ਦੀ ਸੁਣਵਾਈ ਕੀਤੀ ਤੇ ਉਨ੍ਹਾਂ ਨੂੰ ਮੌਕਾ ਦਿੱਤਾ, ਉਨ੍ਹਾਂ ਇਹੀ ਗੱਲ ਦੁਹਰਾਈ। ਕੈਦ ਤੋਂ ਰਾਹਤ ਦਾ ਮਤਲਬ ਸਿਰਫ ਆਪਣੇ ਲੋਕਾਂ (ਰਾਂਚੀ, ਝਾਰਖੰਡ ਵਿਚ) ਦੇ ਨਾਲ ਹੋਣਾ ਹੋ ਸਕਦਾ ਹੈ। ਇਹ ਸਿਖਾਇਆ ਹੋਇਆ ਨਹੀਂ ਸੀ ਸਗੋਂ ਚੰਗੀ ਤਰ੍ਹਾਂ ਸੋਚਿਆ ਵਿਚਾਰਿਆ ਸੀ।
ਗੁਣਵਾਨ ਸਟੇਨ
ਸਟੇਨ ਦੀ ਸ਼ਖਸੀਅਤ ਦਾ ਸਾਰ ਇਹ ਸੀ, ਉਨ੍ਹਾਂ ਨੂੰ ਸੰਜਮੀ ਗੱਲ ਕਰਨਾ ਪਸੰਦ ਸੀ। ਉਹ ਬੋਲੇ ਜਾਂ ਲਿਖੇ ਸ਼ਬਦਾਂ ਵੱਲ ਬਹੁਤ ਧਿਆਨ ਦਿੰਦੇ ਸਨ, ਆਪਣੇ ਵਾਕਾਂ ਨੂੰ ਨਿਖਾਰਦੇ ਰਹਿੰਦੇ ਤਾਂ ਜੋ ਆਪਣੀ ਰਾਇ ਦੀ ਬਿਹਤਰ ਨੁਮਾਇੰਦਗੀ ਕਰ ਸਕਣ। ਉਨ੍ਹਾਂ ਨਾਲ ਗੱਲਬਾਤ ਕਰਦੇ ਸਮੇਂ ਗੱਲ ਪੂਰੇ ਧਿਆਨ ਨਾਲ ਸੁਣਨੀ ਪੈਂਦੀ ਸੀ। ਉਹ ਕਦੇ ਵੀ ਊਲ-ਜਲੂਲ ਨਹੀਂ ਬੋਲਦੇ ਸਨ। ਇਹ ਐਸੀ ਗੱਲ ਸੀ ਜਿਸ ਨੂੰ ਅਫਸਰ ਅਕਸਰ ਸਮਝਣ ਵਿਚ ਅਸਫਲ ਰਹਿੰਦੇ ਸਨ। ਉਨ੍ਹਾਂ ਦੇ ਥੋੜ੍ਹੇ ਸ਼ਬਦਾਂ ਦਾ ਹਮੇਸ਼ਾ ਵੱਧ ਤੋਂ ਵੱਧ ਪ੍ਰਭਾਵ ਪੈਂਦਾ। ਉਨ੍ਹਾਂ ਦੁਆਰਾ ਰਚੇ ਸਾਧਾਰਨ ਵਾਕੰਸ਼ ਵਿਚ ਸੁਰਖੀਆਂ ਬਣਨ ਦੀ ਸਮਰੱਥਾ ਸੀ। ਇੱਥੋਂ ਤੱਕ ਕਿ ਉਨ੍ਹਾਂ ਵੱਲੋਂ ਮੌਤ ਨੂੰ ਗਲੇ ਲਗਾਉਣ ਦੀ ਆਖਰੀ ਕਾਰਵਾਈ ਵੀ ਸਾਡੇ ਫੌਜਦਾਰੀ ਨਿਆਂ ਪ੍ਰਬੰਧ, ਨਿਆਂਪਾਲਿਕਾ ਅਤੇ ਸਮੁੱਚੇ ਰੂਪ `ਚ ਲੋਕਤੰਤਰ ਬਾਰੇ ਬੇਹੱਦ ਡੂੰਘੀਆਂ ਟਿੱਪਣੀਆਂ ਵਿਚੋਂ ਇਕ ਸਾਬਤ ਹੋਈ।
28 ਮਈ, 2021 ਨੂੰ ਜਦੋਂ ਅਸੀਂ ਆਖਰੀ ਵਾਰ ਗਲਵੱਕੜੀ ਪਾ ਕੇ ਮਿਲੇ ਅਤੇ ਅਲਵਿਦਾ ਕਹੀ, ਮੈਨੂੰ ਸੱਚਮੁੱਚ ਵਿਸ਼ਵਾਸ ਸੀ ਕਿ ਸਟੇਨ ਕੈਦ ਨੂੰ ਮਾਤ ਦੇ ਦੇਣਗੇ। ਹਾਲਾਂਕਿ ਪਿਛਲਝਾਤ ਮਾਰਦਿਆਂ ਮੈਂ ਇਹ ਦੇਖਣ `ਚ ਨਾਕਾਮ ਰਿਹਾ ਕਿ ਪ੍ਰਬੰਧ ਤੋਂ ਸਟੇਨ ਦੀ ਆਸ ਮੁੱਕਦੀ ਜਾ ਰਹੀ ਸੀ। ਆਦਿਵਾਸੀਆਂ ਅਤੇ ਗਰੀਬਾਂ ਦੇ ਹੱਕਾਂ ਲਈ ਦਹਾਕਿਆਂ ਤੋਂ ਸੰਘਰਸ਼ ਲੜਨ ਦੇ ਬਾਵਜੂਦ ਸਟੇਨ ਦਾ ਮੰਨਣਾ ਸੀ ਕਿ ਜਦੋਂ ਪ੍ਰਬੰਧ ਨੂੰ ਤਰਕ ਅਤੇ ਸਮੂਹਿਕ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਤਾਂ ਆਖਰਕਾਰ ਇਸ ਨੂੰ ਹੱਕ ਦੇਣੇ ਪੈਣਗੇ।
ਭੀਮਾ ਕੋਰੇਗਾਓਂ-ਐਲਗਰ ਪ੍ਰੀਸ਼ਦ ਕੇਸ `ਚ ਸਰਕਾਰੀ ਪੱਖ ਇਸ ਵਿਸ਼ਵਾਸ ਨੂੰ ਵਾਰ-ਵਾਰ ਅਤੇ ਘਾਤਕ ਸੱਟਾਂ ਮਾਰਦਾ ਰਿਹਾ। ਇਸ ਕੇਸ ਵਿਚ ਉਨ੍ਹਾਂ ਨੂੰ ਸ਼ਾਮਲ ਕੀਤਾ ਜਾਣਾ ਇਕ ਐਸੀ ਚੀਜ਼ ਸੀ ਜੋ ਉਨ੍ਹਾਂ ਦੀ ਸਮਝ ਤੋਂ ਬਾਹਰ ਸੀ। ਸਟੇਨ ਵਾਰ-ਵਾਰ ਕਹਿੰਦੇ ਰਹੇ ਕਿ ਉਸ ਦੇ ਕੰਪਿਊਟਰ ਵਿਚੋਂ ਜਿਸ ਸੁਭਾਅ ਦੀਆਂ ਇਲੈਕਟ੍ਰਾਨਿਕ ਫਾਈਲਾਂ ਬਰਾਮਦ ਹੋਈਆਂ ਦੱਸੀਆਂ ਜਾ ਰਹੀਆਂ ਹਨ, ਉਹ ‘(ਉਸ ਦੀ) ਕਲਪਨਾ ਤੋਂ ਬਾਹਰ` ਹੈ। ਆਪਣੀ ਗ੍ਰਿਫਤਾਰੀ ਤੋਂ ਬਾਅਦ ਪਹਿਲੇ ਕੁਝ ਮਹੀਨਿਆਂ ਤੱਕ ਉਹ ਇਹ ਸਮਝਣ ਵਿਚ ਅਸਫਲ ਰਹੇ ਕਿ ਐਨ.ਆਈ.ਏ. ਦੇ ਅਧਿਕਾਰੀ ਉਸ ਨੂੰ ਹਿਰਾਸਤ ਵਿਚ ਲੈਣ ਲਈ ਵਾਰ-ਵਾਰ ਝੂਠ ਕਿਉਂ ਬੋਲ ਰਹੇ ਸਨ। ਸਿਸਟਮ ਦੀ ਆਮ ਅਸੰਵੇਦਨਸ਼ੀਲਤਾ ਅਤੇ ਬੇਇਨਸਾਫੀ ਉਨ੍ਹਾਂ ਨੂੰ ਵਧੇਰੇ ਤੋਂ ਵਧੇਰੇ ਦੁਖੀ ਕਰ ਰਹੀ ਸੀ। ਹਾਲਾਂਕਿ ਉਨ੍ਹਾਂ ਨੂੰ ਅਜੇ ਵੀ ਇਹ ਭਰੋਸਾ ਸੀ ਕਿ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ ਇਹ ਸਭ ਕਾਸੇ ਦੀ ਘੋਖ-ਪੜਤਾਲ ਕਰੇਗੀ ਅਤੇ ਉਸ ਨੂੰ ਜ਼ਮਾਨਤ ਦੇ ਦੇਵੇਗੀ। ਫਿਰ ਜ਼ਮਾਨਤ ਦੀ ਸੁਣਵਾਈ ਬਹੁਤ ਲੰਮੀ ਹੋਣੀ ਸ਼ੁਰੂ ਹੋ ਗਈ। ਇਸ ਅਮਲ ਦਾ ਹੋਰ ਵਿਸਤਾਰ ਕਰਨ ਲਈ ਐਨ.ਆਈ.ਏ. ਨੇ ਉਸ ਦੇ ਰਾਂਚੀ ਨਿਵਾਸ (ਬਗਾਇਚਾ) ਦੇ ਖਾਤਿਆਂ ਦੀ ਛਾਣਬੀਣ ਕਰਨ ਅਤੇ ਉਸ ਦੇ ਈਸਾਈ ਸਾਥੀਆਂ ਨੂੰ ਪ੍ਰੇਸ਼ਾਨ ਕਰਨ ਦਾ ਸਹਾਰਾ ਲਿਆ। ਇਸ ਨਾਲ ਸਟੇਨ ਨੂੰ ਹੋਰ ਠੇਸ ਪਹੁੰਚੀ, ਤੇ ਆਖਿਰਕਾਰ ਜਦੋਂ ਐਨ.ਆਈ.ਏ. ਦੇ ਵਿਸ਼ੇਸ਼ ਜੱਜ ਨੇ ਜ਼ਮਾਨਤ ਰੱਦ ਕਰਨ ਦਾ ਆਦੇਸ਼ ਦਿੱਤਾ ਤਾਂ ਸਟੇਨ ਨੂੰ ਇਸ ਦੇ ਨਤੀਜਿਆਂ `ਤੇ ਵਿਸ਼ਵਾਸ ਨਹੀਂ ਹੋਇਆ। ਅਦਾਲਤ ਨੇ ਐਨ.ਆਈ.ਏ. ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਸੀ।
ਉਸ ਆਦੇਸ਼ ਨੂੰ ਵਾਰ-ਵਾਰ ਪੜ੍ਹਦਿਆਂ ਅਸੀਂ ਸ਼ਾਮ ਖਾਮੋਸ਼ੀ `ਚ ਲੰਘਾ ਦਿੱਤੀ। ਇਹ ਅਪਰੈਲ ਦੇ ਸ਼ੁਰੂ ਦੀ ਗੱਲ ਸੀ ਅਤੇ ਸਟੇਨ ਦੇ ਮਿਜ਼ਾਜ ਵਿਚ ਬਦਲਾਓ ਹੋਰ ਪ੍ਰਤੱਖ ਹੋ ਰਿਹਾ ਸੀ। ਉਨ੍ਹਾਂ ਦਾ ਹਾਸਾ ਵੀ ਹੌਲੀ-ਹੌਲੀ ਲੋਪ ਹੋ ਗਿਆ। ਇੱਥੋਂ ਤਕ ਕਿ 26 ਅਪਰੈਲ ਨੂੰ ਦੁਨੀਆ ਭਰ ਦੇ ਬਹੁਤ ਸਾਰੇ ਸ਼ੁਭਚਿੰਤਕਾਂ ਨੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਜੋ ਸ਼ੁਭਕਾਮਨਾਵਾਂ ਭੇਜੀਆਂ, ਉਨ੍ਹਾਂ ਨਾਲ ਵੀ ਹਾਲਤ `ਚ ਕੋਈ ਸੁਧਾਰ ਨਹੀਂ ਹੋਇਆ।
ਵਧਦੀ ਕਮਜ਼ੋਰੀ ਨੇ ਉਨ੍ਹਾਂ ਦੀਆਂ ਦਿਮਾਗੀ ਬਿਮਾਰੀਆਂ ਹੋਰ ਵਧਾ ਦਿੱਤੀਆਂ। ਉਨ੍ਹਾਂ ਦੀ ਸੁਣਨ ਸ਼ਕਤੀ ਹੋਰ ਖਰਾਬ ਗਈ, ਪਾਰਕਿਨਸਨ ਦੇ ਝਟਕੇ ਹੋਰ ਵੀ ਹਿੰਸਕ ਹੋ ਗਏ, ਉਨ੍ਹਾਂ ਦੀ ਨਜ਼ਰ ਦੀ ਸਮੱਸਿਆ ਐਨੀ ਵਧ ਗਈ ਕਿ ਅਖਬਾਰ ਪੜ੍ਹਨਾ ਵੀ ਮੁਸ਼ਕਿਲ ਹੋ ਗਿਆ। ਇਸ ਲਈ ਉਸ ਭਿਆਨਕ ਦਿਨ `ਤੇ ਜਦੋਂ ਅਸੀਂ ਵਿਦਾ ਹੋਏ, ਮੈਨੂੰ ਸੱਚਮੁੱਚ ਵਿਸ਼ਵਾਸ ਸੀ ਕਿ ਘਟਨਾਵਾਂ ਦਾ ਇਹ ਸਕਾਰਾਤਮਕ ਮੋੜ ਸਟੇਨ ਨੂੰ ਠੀਕ ਹੋਣ ਵਿਚ ਸਹਾਇਤਾ ਕਰੇਗਾ (28 ਮਈ ਨੂੰ ਬੰਬਈ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਆਦੇਸ਼ ਦਿੱਤਾ ਕਿ ਉਹ ਸਵਾਮੀ ਨੂੰ ਇਲਾਜ ਲਈ ਨਿੱਜੀ ਹੋਲੀ ਫੈਮਿਲੀ ਹਸਪਤਾਲ ਵਿਚ ਤਬਦੀਲ ਕਰੇ, ਹਾਲਾਂਕਿ ਅਦਾਲਤ ਨੇ ਉਸ ਨੂੰ ਜ਼ਮਾਨਤ ਨਹੀਂ ਦਿੱਤੀ)।
ਮੈਨੂੰ ਲਗਦਾ ਹੈ, ਮੈਂ ਗਲਤ ਸੀ। ਉਹ ਜੋ ਆਜ਼ਾਦੀ ਚਾਹੁੰਦੇ ਸਨ, ਉਹ ਅਜੇ ਵੀ ਬਹੁਤ ਦੂਰ ਜਾਪਦੀ ਸੀ। ਐਨੀ ਦੂਰ ਕਿ ਜਿਸ ਨੂੰ ਉਨ੍ਹਾਂ ਦਾ ਥੱਕ ਕੇ ਚੂਰ-ਚੂਰ ਹੋਇਆ ਸਰੀਰ ਸਹਿਣ ਨਹੀਂ ਸੀ ਕਰ ਸਕਦਾ।
ਅਸੀਂ ਸਟੇਨ ਨੂੰ ਗੁਆ ਲਿਆ।