ਅਮਰ ਸੂਫੀ ਨੇ ਦੋਹਿਆਂ ਦੀ ਆਪਣੀ ਕਿਤਾਬ ਵਿਚ ਲੋਕਾਈ ਦੇ ਵੱਖ-ਵੱਖ ਰੰਗ ਪੇਸ਼ ਕੀਤੇ ਹਨ। ਇਨ੍ਹਾਂ ਅੰਦਰ ਜ਼ਿੰਦਗੀ ਦੀ ਧੜਕਣ ਸੁਣਾਈ ਦਿੰਦੀ ਹੈ। ਇਸ ਲੇਖ ਵਿਚ ਲੇਖਕ ਨੇ ਇਨ੍ਹਾਂ ਸਾਰੇ ਰੰਗਾਂ ਦੀ ਇਕ-ਇਕ ਕਰਕੇ ਬਾਤ ਪਾਈ ਹੈ ਅਤੇ ਮੌਜੂਦਾ ਨਿਜ਼ਾਮ ਨੂੰ ਬੇਪਰਦ ਕਰਨ ਦਾ ਯਤਨ ਕੀਤਾ ਹੈ।
ਅਮਰ ਸੂਫੀ
ਫੋਨ: +91-98555-43660
ਵਰ੍ਹਿਆਂ ਤੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਭਾਰਤ ਦੁਨੀਆ ਵਿਚ ਸਭ ਤੋਂ ਵੱਡਾ ਲੋਕਤੰਤਰ ਹੈ। ਰਤਾ ਗਹੁ ਨਾਲ ਝਾਤੀ ਮਾਰੀ ਜਾਵੇ ਤਾਂ ਇਸ ਤੋਂ ਵੱਡਾ ਜੋਕ-ਤੰਤਰ ਕਿਧਰੇ ਵੀ ਨਹੀਂ। ਭਾਰਤ ਦੀ ਹਾਲਤ ਬਹੁਤ ਗੰਭੀਰ ਤੇ ਤਰਸਯੋਗ ਹੈ। ਅੰਨਦਾਤਾ ਫਾਹਾ ਲੈ ਕੇ ਮਰ ਰਿਹਾ ਹੈ, ਮੰਤਰੀ ਇਸ ਗੱਲ ਨੂੰ ਫੈਸ਼ਨ ਦੱਸ ਰਹੇ ਹਨ। ਖੁਦਕੁਸ਼ੀ ਉਪਰੰਤ ਸਬੰਧਤ ਕਿਸਾਨ ਦੇ ਪਰਿਵਾਰ ਨੂੰ ਸਰਕਾਰ ‘ਇਨਾਮ’ ਵਜੋਂ ਕੁਝ ਧਨ ਭੇਟ ਕਰ ਕੇ ਹੋਰਨਾਂ ਨੂੰ ਆਤਮ-ਹੱਤਿਆ ਵਾਸਤੇ ਪ੍ਰੇਰ ਰਹੀ ਹੈ। ਨੌਜਵਾਨ ਥੱਬਾ-ਥੱਬਾ ਡਿਗਰੀਆਂ ਚੁੱਕੀ ਬੇਰੁਜ਼ਗਾਰ ਘੁੰਮ ਰਹੇ ਹਨ ਅਤੇ ਨਕਲੀ ਡਿਗਰੀਆਂ ਵਾਲੇ ਤਰੱਕੀਆਂ ਮਾਠੀ ਬੈਠੇ ਹਨ। ਸ਼ਰਮ ਵਾਲੀ ਗੱਲ ਇਹ ਹੈ ਕਿ ਚਪੜਾਸੀ ਲੱਗਣ ਵਾਸਤੇ ਪੀਐਚ.ਡੀ. ਕਰ ਚੁੱਕੇ ਨੌਜਵਾਨ ਅਰਜ਼ੀਆਂ ਦਿੰਦੇ ਹਨ। ਸਕੂਲਾਂ ਨਾਲੋਂ ਸ਼ਰਾਬ ਦੇ ਠੇਕੇ ਵੱਧ ਹਨ। ਸਰਕਾਰ ਸ਼ਰਾਬੀਆਂ ਦੇ ਸਿਰ ‘ਤੇ ਚੱਲਦੀ ਹੈ। ਜਿੱਥੇ ਸਕੂਲ ਹਨ, ਉੱਥੇ ਪੂਰੇ ਅਧਿਆਪਕ ਨਹੀਂ। ਜਿੱਥੇ ਕਿਧਰੇ ਹਨ, ਉਹਨਾਂ ਨੂੰ ਰਸੋਈਏ ਤੇ ਡਾਕੀਏ ਬਣਾਇਆ ਹੋਇਆ ਹੈ। ਲੱਖ ਦਮਗਜ਼ੇ ਮਾਰੀ ਜਾਈਏ, ਅਮਲੀ ਰੂਪ ਵਿਚ ਕੁਝ ਵੀ ਨਹੀਂ ਹੋ ਰਿਹਾ। ਸਿੱਖਿਆ ਦੀ ਚੂਲ ਹਿੱਲੀ ਪਈ ਹੈ, ਐਪਰ ਸਰਕਾਰ ਨੂੰ ਸਿੱਖਿਆ ਦੇ ਖੇਤਰ ਵੱਲ ਧਿਆਨ ਦੇਣ ਦੀ ਕੀ ਲੋੜ ਹੈ? ਪੜ੍ਹ-ਲਿਖ ਕੇ ਨੌਜਵਾਨ ਸਿਆਣੇ ਹੋਣਗੇ, ਚੇਤਨਤਾ ਆਵੇਗੀ, ਚੰਗੇ ਤੇ ਮਾੜੇ ਦਾ ਫਰਕ ਪਤਾ ਕਰਨ ਦੀ ਸੂਝ ਆਵੇਗੀ, ਨੌਕਰੀਆਂ ਮੰਗਣਗੇ ਆਦਿ ਆਦਿ।
ਸਿੱਖਿਆ ਤੋਂ ਬਾਅਦ ਸਿਹਤ ਦੇ ਖੇਤਰ ਵਿਚ ਜਿੰਨਾ ਨਿਘਾਰ ਦੇਖਣ ਨੂੰ ਮਿਲ ਰਿਹਾ ਹੈ, ਦੁਨੀਆ ਭਰ ਵਿਚ ਸ਼ਾਇਦ ਹੀ ਕਿਧਰੇ ਹੋਵੇ। ਘਰ-ਘਰ ਕੈਂਸਰ ਤੇ ਕਾਲਾ ਪੀਲੀਆ ਵਰਗੀ ਨਾ-ਮੁਰਾਦ ਬਿਮਾਰੀ ਦੇ ਰੋਗੀ ਪਏ ਹੋਏ ਹਨ। ਇਲਾਜ ਮਹਿੰਗਾ ਹੋਣ ਕਾਰਨ ਰੋਗੀ ਦੁੱਖ ਭੋਗਦੇ ਫੌਤ ਹੋ ਰਹੇ ਹਨ। ਹਸਪਤਾਲਾਂ ਵਿਚ ਡਾਕਟਰ ਪੂਰੇ ਨਹੀਂ; ਜਿੱਥੇ ਹਨ, ਉਹਨਾਂ ਆਪਣੇ ਪ੍ਰਾਈਵੇਟ ਹਸਪਤਾਲ ਖੋਲ੍ਹੇ ਹੋਏ ਹਨ। ਆਮ ਆਦਮੀ ਚੱਕੀ ਦੇ ਪੁੜਾਂ ਵਿਚ ਪਿਸ ਰਿਹਾ ਹੈ।
ਕੋਵਿਡ-19 ਨੇ ਦੁਨੀਆ ਸੁੱਕਣੇ ਪਾਈ ਹੋਈ ਹੈ। ਇਮਾਨਦਾਰ ਸ਼ਾਸਕਾਂ ਤੇ ਯੋਗ ਪ੍ਰਬੰਧ ਵਾਲੇ ਮੁਲਕਾਂ ਨੇ ਇਸ ਵਬਾਅ ‘ਤੇ ਕਾਬੂ ਪਾ ਲਿਆ ਹੈ। ਇੱਥੇ ਇਸ ‘ਤੇ ਕਾਬੂ ਪਾਉਣ/ਭਜਾਉਣ ਵਾਸਤੇ ਪ੍ਰਧਾਨ ਮੰਤਰੀ ਥਾਲੀਆਂ ਖੜਕਾਉਣ ਲਈ ਕਹਿ ਰਿਹਾ ਹੈ। ਹਸਪਤਾਲ ਨਾਕਾਫੀ ਹਨ, ਸਟਾਫ ਦੀ ਤਾਂ ਗੱਲ ਹੀ ਛੱਡੋ। ਆਕਸੀਜਨ ਵੀ ਪੂਰੀ ਮਾਤਰਾ ਵਿਚ ਨਹੀਂ ਮਿਲ ਰਹੀ। ਲੋਕਾਂ ਨੂੰ ਡਰਾ ਕੇ ‘ਡਰ ਦੀ ਸਿਆਸਤ’ ਕੀਤੀ ਜਾ ਰਹੀ ਹੈ। ਸਿਹਤ ਖੇਤਰ ਦਾ ਦੀਵਾਲਾ ਨਿਕਲਿਆ ਪਿਆ ਹੈ।
ਹਾਲਾਤ ਦਾ ਵਿਅੰਗ ਦੇਖੋ, ਜਿਹੜਾ ਬੰਦਾ ਆਪਣਾ ਘਰ ਨਹੀਂ ਚਲਾ ਸਕਿਆ, ਉਹ ਦੂਜੀ ਵਾਰੀ ਦੇਸ਼ ਚਲਾ ਰਿਹਾ ਹੈ। ਉਹ ‘ਅੱਛੇ ਦਿਨ ਆਨੇ ਵਾਲੇ ਹੈਂ’ ਦਾ ਲਾਰਾ ਅਤੇ ‘ਮਨ ਕੀ ਬਾਤ’ ਦੀ ਲੋਰੀ ਸੁਣਾਉਂਦਾ ਹੈ। ਇਹ ‘ਬਾਤ’ ਉਹ ਇਸ ਤਰ੍ਹਾਂ ਪੇਸ਼ ਕਰਦਾ ਰਹਿੰਦਾ ਹੈ ਜਿਵੇਂ ਨਜ਼ੂਮੀ ਹੋਵੇ। ਪੁੱਛਣਾ ਬਣਦਾ ਹੈ ਕਿ ਸਰਕਾਰ ਚਲਾਈ ਜਾ ਰਹੀ ਹੈ ਜਾਂ ਜੋਤਿਸ਼ ਦਾ ਅੱਡਾ? ਨਿੱਤ ਨਵੇਂ ਆਡੰਬਰ ਰਚ ਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਵੱਲੋਂ ਭਟਕਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਲੋਕਾਂ ਦੇ ਨਕਾਰੇ, ਹਾਰੇ ਹੋਏ ਲੋਕਾਂ ਨੂੰ ਵੱਡੀ ਜ਼ਿੰਮੇਵਾਰੀ ਵਾਲੇ ਵਿਭਾਗਾਂ ਦੇ ਮੰਤਰੀ ਥਾਪਿਆ ਜਾਂਦਾ ਹੈ। ਕਿਤੇ ਸਰਕਾਰ ਨੂੰ ਕੱਟੜ ਧਾਰਮਿਕ ਲੋਕ ਚਲਾ ਰਹੇ ਹਨ, ਕਿਧਰੇ ਘਾਗ ਸਿਆਸੀ ਲੋਕ ਧਰਮ ਨੂੰ ਆਪਣੇ ਹਿੱਤ ਵਾਸਤੇ ਵਰਤ ਰਹੇ ਹਨ। ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋ ਰਹੀ ਹੈ। ਸ਼ਰਾਰਤੀ ਲੋਕ ਲੱਭੇ ਨਹੀਂ ਜਾ ਰਹੇ। ਲੋਕਾਂ ਦਾ ਬਹੁਤਾ ਸਮਾਂ, ਤਾਕਤ ਅਤੇ ਧਨ ਧਰਨੇ-ਮੁਜ਼ਾਹਰੇ ਕਰਨ ‘ਤੇ ਅਜਾਈਂ ਜਾ ਰਿਹਾ ਹੈ। ਪੁਲਿਸ ਦੀ ਗੋਲੀ ਨਾਲ ਗੱਭਰੂ ਮਰ ਰਹੇ ਹਨ। ਬੈਂਕਾਂ ਲੁੱਟੀਆਂ ਜਾ ਰਹੀਆਂ ਹਨ। ਔਰਤਾਂ ਤੋਂ ਪਰਸ ਤੇ ਮੋਬਾਈਲ ਖੋਹਣ ਅਤੇ ਗਹਿਣੇ ਲੁੱਟਣ ਵਾਲਾ ਵਰਤਾਰਾ ਆਮ ਹੈ। ਵੱਖ-ਵੱਖ ਤਰ੍ਹਾਂ ਦਾ ਮਾਫੀਆ ਆਪਣੀ ਸਮਾਨੰਤਰ ਸਰਕਾਰ ਚਲਾ ਰਿਹਾ ਹੈ। ਜਾਨਵਰ ਮਾਰਨ ‘ਤੇ ਤਾਂ ਸਜ਼ਾ ਭੁਗਤਣੀ ਪੈਂਦੀ ਹੈ, ਐਪਰ ਮਨੁੱਖੀ ਘਾਣ ਕਰਨ ਵਾਲਿਆਂ ਨੂੰ ਅਹੁਦੇ ਬਖਸ਼ੇ ਜਾਂਦੇ ਹਨ। ਕਾਨੂੰਨ ਦੀ ਦੇਵੀ ਅੱਖਾਂ ‘ਤੇ ਪੱਟੀ ਬੰਨ੍ਹ ਕੇ ਮੂਕ ਦਰਸ਼ਕ ਬਣ ਕੇ ਬੈਠੀ ਹੈ।
ਚੋਣਾਂ ਵੀ ਹੁਣ ਲੜੀਆਂ ਨਹੀਂ, ਲੁੱਟੀਆਂ ਜਾਂਦੀਆਂ ਹਨ। ਹੋਰ ਸੂਬਿਆਂ ਤੋਂ ਲਿਆਂਦੇ ਬਦਮਾਸ਼ ਦਿੱਖ ਵਾਲੇ ਲੱਠਮਾਰ, ਵੋਟਰਾਂ ਨੂੰ ਡਰਾਉਣ ਧਮਕਾਉਣ ਅਤੇ ਧੌਂਸ ਦੇਣ ਵਾਸਤੇ ਹਰਲ ਹਰਲ ਕਰਦੇ ਫਿਰਦੇ ਹਨ। ਚੋਣ ਲੜਨ ਵਾਲੇ ਥਾਂ-ਪੁਰ-ਥਾਂ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਦੇ ਲੰਗਰ ਲਾਉਂਦੇ ਹਨ। ਪੁਲਿਸ ਇਸ ਵਰਤਾਰੇ ਨੂੰ ਰੋਕਣ ਦੀ ਥਾਂ ਮੂਕ ਦਰਸ਼ਕ ਬਣ ਕੇ ਕੇਵਲ ਦੇਖਦੀ ਹੀ ਨਹੀਂ ਸਗੋਂ ‘ਗੱਫਾ’ ਵੀ ਛਕਦੀ ਹੈ। ਬੋਲੀ ਦੇ ਕੇ ਵੋਟਾਂ ਖਰੀਦੀਆਂ ਜਾਂਦੀਆਂ ਹਨ। ਹਰ ਚੋਣ ਦੌਰਾਨ ਗੋਲੀਬਾਰੀ, ਕਤਲ, ਸੱਟਾਂ ਮਾਰਨ, ਚੋਣ ਬੂਥ ਲੁੱਟਣ ਤੇ ਡਰਾਉਣ ਧਮਕਾਉਣ ਦੀਆਂ ਘਟਨਾਵਾਂ ਆਮ ਹਨ। ਕੋਈ ਵੀ ਚੋਣ ਸੁੱਖੀਂ-ਸਾਂਦੀ ਨੇਪਰੇ ਨਹੀਂ ਚੜ੍ਹਦੀ। ਸਿਆਸਤ ਵਿਚ ਸ਼ਰੀਫ ਆਦਮੀ ਦੀ ਕੋਈ ਅਹਿਮੀਅਤ ਨਹੀਂ ਰਹੀ। ਸਾਊ ਮਨੁੱਖ ਹਾਰ ਜਾਂਦੇ ਹਨ ਅਤੇ ਘਟੀਆ ਕਿਰਦਾਰ ਵਾਲੇ ਲੋਕ ਜਿੱਤ ਜਾਂਦੇ ਹਨ।
ਬੇਕਾਰੀ ਦੀ ਭੰਨੀ ਨੌਜਵਾਨੀ ਪੁੱਠੇ ਸਿੱਧੇ ਤਰੀਕੇ ਨਾਲ ਵਿਦੇਸ਼ ਨਿਕਲਣ ਦਾ ਯਤਨ ਕਰਦਿਆਂ ਸਾਗਰਾਂ ਵਿਚ ਡੁੱਬ ਰਹੀ ਹੈ ਜਾਂ ਨਸ਼ਿਆਂ ਦੀ ਦਲਦਲ ਵਿਚ ਫਸ ਰਹੀ ਹੈ। ਪ੍ਰਤਿਭਾਸ਼ਾਲੀ ਮੁੰਡੇ ਕੁੜੀਆਂ ਦੀ ਵੱਡੀ ਗਿਣਤੀ ਵਿਦੇਸ਼ਾਂ ਵਿਚ ਪੜ੍ਹਨ ਬਹਾਨੇ ਜਾ ਰਹੇ ਹਨ। ਮੋਟਾ ਧਨ ਵੀ ਬਾਹਰ ਜਾ ਰਿਹਾ ਹੈ। ਵਿਹਲ ਦੇ ਸਤਾਏ ਗੱਭਰੂ ਨਸ਼ਾ ਸੌਦਾਗਰਾਂ ਦੇ ‘ਪਿੱਠੂ’ ਬਣ ਤੁਰਦੇ ਹਨ। ਸਿਆਸਤਦਾਨਾਂ ਦੀ ਨਸ਼ੇ ਦੇ ਵਪਾਰ ਵਿਚ ਸ਼ਮੂਲੀਅਤ ਮੁੱਢੋਂ ਹੀ ਚਰਚਾ ਦਾ ਵਿਸ਼ਾ ਰਹੀ ਹੈ। ਕਰੋੜਾਂ ਰੁਪਏ ਨਿੱਤ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਕਿਸੇ ਵੀ ਖੇਤਰ ਵਿਚ ਬਦਲਾਓ ਲਿਆਉਣ ਵਿਚ ਨੌਜਵਾਨੀ ਦਾ ਅਹਿਮ ਯੋਗਦਾਨ ਹੁੰਦਾ ਹੈ ਪਰ ਗਿਣੀ-ਮਿਥੀ ਸਾਜ਼ਿਸ਼ ਅਧੀਨ ਨੌਜਵਾਨੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ, ਸੋਚ ਖੁੰਢੀ ਕੀਤੀ ਜਾ ਰਹੀ ਹੈ, ਨਿਪੁੰਸਕ ਬਣਾਇਆ ਜਾ ਰਿਹਾ ਹੈ। ਵਿਰਲਾ ਹੀ ਕੋਈ ਪਰਿਵਾਰ ਅਜਿਹਾ ਬਚਿਆ ਹੋਵੇਗਾ ਜਿਸ ਨੂੰ ਨਸ਼ੇ ਦਾ ਸੰਤਾਪ ਨਾ ਹੰਢਾਉਣਾ ਪੈ ਰਿਹਾ ਹੋਵੇ। ਅੱਧ ਤੋਂ ਵੱਧ ਘਰਾਂ ਵਿਚ ਨਸ਼ੇ ਦੀਆਂ ਮਾਰੀਆਂ ਸਾਹ ਲੈਂਦੀਆਂ ਲੋਥਾਂ ਦੇਖੀਆਂ ਜਾ ਸਕਦੀਆਂ ਹਨ। ਸਿਆਸੀ ਨੇਤਾ ਅਤੇ ਭ੍ਰਿਸ਼ਟ ਅਫਸਰ ਲੋਕਾਂ ਦੀ ਰੱਤ ਚੂਸ ਕੇ ਇਕੱਠਾ ਕੀਤਾ ਧਨ ਧੜਾਧੜ ਸਵਿੱਸ ਬੈਂਕਾਂ ਵਿਚ ਜਮ੍ਹਾਂ ਕਰਵਾ ਰਹੇ ਹਨ। ਭਾਈ-ਭਤੀਜਾਵਾਦ ਸਿਖਰ ‘ਤੇ ਹੈ। ਧਾਰਮਿਕ ਕੱਟੜਤਾ ਚਰਮ-ਸੀਮਾ ‘ਤੇ ਹੈ। ਜਾਣਬੁੱਝ ਕੇ ਕਿਸੇ ਖਾਸ ਨੀਤੀ ਤਹਿਤ ਅਸਹਿਣਸ਼ੀਲਤਾ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਮੁਕਾਬਲੇ ਦੇ ਇਸ ਦੌਰ ਵਿਚ ਨੌਕਰੀ ਲੈਣ ਵਾਸਤੇ ਦਲਾਲ ਕਿਸਮ ਦੇ ਲੋਕ ਹਰ ਮੋੜ ‘ਤੇ ਮਿਲ ਜਾਂਦੇ ਹਨ।
ਡੇਰਾਵਾਦ ਆਪਣੇ ਪੈਰ ਪੂਰੀ ਤਰ੍ਹਾਂ ਪਸਾਰ ਚੁੱਕਾ ਹੈ। ਇਸ ਵਿਚ ਸਿਆਸੀ ਲੋਕਾਂ ਦੀ ਪੂਰੀ ਸ਼ਹਿ ਹੈ। ਆਰਥਿਕ ਤੌਰ ‘ਤੇ ਟੁੱਟੇ, ਅਨਪੜ੍ਹਤਾ ਦੇ ਮਾਰੇ ਅਤੇ ਅਗਿਆਨੀ ਲੋਕ ਡੇਰਿਆਂ ‘ਚੋਂ ਮਾਨਸਿਕ ਸ਼ਾਂਤੀ ਭਾਲ ਰਹੇ ਹਨ। ਇਹ ਲੋਕ ਆਪਣਾ ਬਹੁਮੁੱਲਾ ਵਕਤ ਖਰਾਬ ਕਰ ਕੇ, ਚੜ੍ਹਾਵਾ ਚੜ੍ਹਾਅ ਅਤੇ ਵਗਾਰ ਦੇ ਰੂਪ ਵਿਚ ਸੇਵਾ ਕਰ ਕੇ ਡੇਰੇ ਪ੍ਰਫੁੱਲਤ ਕਰ ਰਹੇ ਹਨ। ਅਸਲ ਵਿਚ ਡੇਰੇ ਸਿਆਸੀ ਦਲਾਂ ਦੇ ਵੋਟ ਬੈਂਕ ਹਨ। ਇਹਨਾਂ ਡੇਰਾ ਮੁਖੀਆਂ ਦੇ ਹਲਕੇ ਜਿਹੇ ਇਸ਼ਾਰੇ ‘ਤੇ ਹੀ ਡੇਰਾ ਪੈਰੋਕਾਰ ਕਿਸੇ ਵੀ ਉਮੀਦਵਾਰ ਦਾ ਪਲੜਾ ਭਾਰੀ ਕਰ ਸਕਦੇ ਹਨ।
ਗਾਇਕਾਂ ਮਾੜੇ/ਲੱਚਰ ਗੀਤ ਗਾ ਕੇ ਸਭਿਆਚਾਰ ਦੀ ਮਿੱਟੀ ਪੁੱਟ ਰਹੇ ਹਨ। ਸੱਚੀਆਂ ਸੁੱਚੀਆਂ ਕਦਰਾਂ-ਕੀਮਤਾਂ ਦਾ ਘਾਣ ਕੀਤਾ ਜਾ ਰਿਹਾ ਹੈ। ਧਨ ਪ੍ਰਾਪਤੀ ਅਤੇ ਸਥਾਪਿਤ ਹੋਣ ਦੀ ਅੰਨ੍ਹੀ ਦੌੜ ਵਿਚ ਮਨੁੱਖੀ ਰਿਸ਼ਤਿਆਂ ਅਤੇ ਮਾਂ ਬੋਲੀ ਨੂੰ ਪੈਰਾਂ ਹੇਠ ਰੋਲਿਆ-ਮਧੋਲਿਆ ਜਾ ਰਿਹਾ ਹੈ। ਗਾਣਿਆਂ ਵਿਚਲੇ ਵਿਸ਼ੇਸ਼ ਪਾਤਰ ‘ਜੱਟ’ ਨੂੰ ਬੱਦੂ ਕਰ ਕੇ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਜਦੋਂਕਿ ਜੱਟ ਕਰਜ਼ੇ ਦਾ ਸਤਾਇਆ ਹੋਇਆ ਜੀਵਨ ਲੀਲ੍ਹਾ ਖਤਮ ਕਰਨ ਵਾਸਤੇ ਸਲਫਾਸ ਖਾ ਰਿਹਾ ਹੈ, ਕੋਈ ਖੂਹ ਟੋਭਾ ਜਾਂ ਗੱਡੀ ਦੀ ਲੀਹ ਗੰਦੀ ਕਰ ਰਿਹਾ ਹੈ ਜਾਂ ਰੁੱਖ ਨਾਲ ਫਾਹਾ ਲੈ ਕੇ ਤੋਰੀ ਵਾਂਙ ਲਮਕ ਰਿਹਾ ਹੈ। ਬੱਸਾਂ ਵਿਚ ਅਜਿਹੇ ਗਾਣੇ ਚਲਾਏ ਜਾ ਰਹੇ ਹਨ ਜਿਸ ਨੂੰ ਪਿਉ-ਧੀ ਜਾਂ ਭੈਣ-ਭਰਾ ਇਕੱਠੇ ਬਹਿ ਕੇ ਸੁਣ ਨਹੀਂ ਸਕਦੇ। ਲੱਚਰ ਗੀਤਾਂ ਜਿਨ੍ਹਾਂ ਨੂੰ ਗੀਤ ਕਹਿੰਦਿਆਂ ਵੀ ਸ਼ਰਮ ਆਉਂਦੀ ਹੈ, ਦਾ ਸ਼ੋਰ-ਸ਼ਰਾਬਾ ਧੱਕੇ ਨਾਲ ਥੋਪਿਆ ਜਾ ਰਿਹਾ ਹੈ। ਕਿਸੇ ਕਿਸਮ ਦਾ ਕੋਈ ਨਿਯਮ ਲਾਗੂ ਨਹੀਂ, ਕੋਈ ਪਾਬੰਦੀ ਨਹੀਂ, ਕੋਈ ਰੋਕ-ਟੋਕ ਨਹੀਂ।
ਹਰ ਸਿਆਸੀ ਦਲ ਦੇ ਆਗੂ ਦਮਗਜ਼ੇ ਮਾਰ ਰਹੇ ਹਨ ਕਿ ਅਸੀਂ ਆਹ ਕਰ ਦਿੱਤਾ, ਅਸੀਂ ਅਹੁ ਕਰ ਦਿੱਤਾ ਪਰ ਸਾਰਥਿਕ ਨਤੀਜਾ ਕੁਝ ਵੀ ਨਹੀਂ ਹੁੰਦਾ। ਉਹ ਵਿਕਾਸ ਦੀਆਂ ਟਾਹਰਾਂ ਤਾਂ ਮਾਰਦੇ ਹਨ ਪਰ ਇਹ ਦਿਖਾਈ ਕਿਧਰੇ ਵੀ ਨਹੀਂ ਦਿੰਦਾ। ਗੈਰ-ਜ਼ਿੰਮੇਵਾਰਾਨਾ ਬਿਆਨ ਦੇ ਕੇ, ਧੜੀ ਧੜੀ ਦੇ ਗੱਪ ਰੋੜ੍ਹੇ ਜਾ ਰਹੇ ਹਨ। ਜਦੋਂ ਕਿਸੇ ਆਗੂ ਦੇ ਮੂੰਹੋਂ ‘ਵਿਕਾਸ’ ਸ਼ਬਦ ਨਿਕਲਦਾ ਹੈ ਤਾਂ ਕੀ ਇੰਞ ਨਹੀਂ ਲੱਗਦਾ, ਜਿਵੇਂ ਉਸ ਨੇ ਵਿਨਾਸ਼ ਸ਼ਬਦ ਬੋਲਿਆ ਹੋਵੇ! ਲੋਕ-ਲੁਭਾਊ ਜੁਮਲੇ ਛੱਡ ਕੇ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਹੈ। ਸਾਰੇ ਆਗੂਆਂ ਦਾ ਹਾਲ ਉਸ ਨਵੀਂ ਨਵੇਲੀ ਬਹੂ ਵਰਗਾ ਹੈ ਜੋ ਕੰਮ ਘੱਟ ਕਰਦੀ ਹੈ, ਚੂੜਾ ਵੱਧ ਛਣਕਾਉਂਦੀ ਹੈ।
ਧਰਮਾਂ, ਜਾਤਾਂ, ਫਿਰਕਿਆਂ ਦੇ ਨਾਂ ‘ਤੇ ਵੰਡੀਆਂ ਪਾ ਕੇ ਲੋਕਾਂ ਨੂੰ ਆਪਸ ਵਿਚ ਲੜਾਉਣ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ। ਨਿੱਜੀ ਸਵਾਰਥ ਵਾਸਤੇ ਫਿਰਕੂ ਭਾਵਨਾਵਾਂ ਭੜਕਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾ ਰਿਹਾ। ਜਾਤੀਵਾਦ ਦਾ ਜਿੰਨ ਬੂ-ਮਾਨਸ ਬੂ-ਮਾਨਸ ਕਰਦਾ ਫਿਰਦਾ ਹੈ। ਜਬਰ ਜ਼ੁਲਮ ਵਿਰੁੱਧ ਜਿਹੜਾ ਬੋਲਦਾ ਹੈ, ਉਸ ‘ਤੇ ਦੇਸ਼ਧ੍ਰੋਹੀ ਹੋਣ ਦਾ ਠੱਪਾ ਲਾ, ਪੁੱਠੀਆਂ ਸਿੱਧੀਆਂ ਧਾਰਾਵਾਂ ਲਾ ਕੇ ਮੁਕੱਦਮੇ ਦਰਜ ਕੀਤੇ ਜਾਂਦੇ ਹਨ। ਉਸ ਨੂੰ ਗਦਾਰ ਕਹਿ ਕੇ ਬੱਦੂ ਕੀਤਾ ਜਾਂਦਾ ਹੈ। ਲੋਕਾਂ ਦਾ ਚੁਣਿਆ ਪ੍ਰਤੀਨਿਧ ਲੋਕ ਸੇਵਕ ਵਜੋਂ ਨਹੀਂ, ਰਾਜੇ ਵਜੋਂ ਵਿਚਰਦਾ ਪਿਆ ਹੈ। ਉਹ ਆਪਣੀ ਜ਼ਿੰਮੇਵਾਰੀ ਉਸ ਤਰ੍ਹਾਂ ਨਹੀਂ ਨਿਭਾਉਂਦਾ, ਜਿਵੇਂ ਦੇਸ਼ ਦਾ ਸੰਵਿਧਾਨ ਆਖਦਾ ਹੈ। ਲੋਕ ਰਾਜ ਦੀ ਥਾਂ ਆਪਹੁਦਰੇਪਣ ਤੋਂ ਕੰਮ ਲਿਆ ਜਾ ਰਿਹਾ ਹੈ। ਇਹ ਇਕ ਕਿਸਮ ਦਾ ਆਪਹੁਦਰਾ ਲੋਕਰਾਜ ਹੈ। ਸੱਤਾ ਆਸੀਨ ਲੋਕ, ਆਮ ਲੋਕਾਂ ਦੀ ਬਿਹਤਰੀ ਜਾਂ ਭਲਾਈ ਨੂੰ ਖਿਆਲ ਵਿਚ ਰੱਖਣ ਦੀ ਥਾਂ ਨਿੱਜ ਦੇ ਨਾਲ-ਨਾਲ ਆਪਣੇ ਸਿਆਸੀ ਦਲ ਨੂੰ ਸਾਹਵੇਂ ਰੱਖ ਕੇ, ਇਸ ਨੂੰ ਮਜ਼ਬੂਤ ਕਰਨ ਵਾਸਤੇ ਹਰ ਹਰਬਾ ਵਰਤਰਹੇ ਹਨ।
ਕਲਮ ਨੇ ਕੁਰਸੀ ਨੂੰ ਸਦਾ ਸੇਧ ਦਿੱਤੀ ਹੈ, ਚੇਤਨ ਕੀਤਾ ਹੈ। ਲੋੜ ਪਈ ਤਾਂ ਫਿਟਕਾਰ ਵੀ ਪਾਈ ਹੈ ਪਰ ਇੱਥੇ ਸੱਚ ਬੋਲਣਾ ਗੁਨਾਹ ਹੋਇਆ ਪਿਆ ਹੈ। ਨਰੇਂਦਰ ਦਾਭੋਲਕਰ, ਐਮ.ਐਮ. ਕੁਲਬਰਗੀ ਤੇ ਗੋਬਿੰਦ ਪਨਸਾਰੇ ਵਰਗੇ ਅਨੇਕਾਂ ਜ਼ਹੀਨ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਕਈ ਵਿਦਵਾਨਾਂ ਨੂੰ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ਹੈ। ਮੰਤਰ ਉਚਾਰ ਕੇ ਦੇਸ਼ ਦੀ ਤਰੱਕੀ ਕਰਵਾਈ ਜਾ ਰਹੀ ਹੈ। ਲੜਾਕੂ ਜਹਾਜ਼ਾਂ ਨੂੰ ਨਿੰਬੂ-ਮਿਰਚਾਂ ਦੇ ਹਾਰ ਪਾਏ ਜਾ ਰਹੇ ਹਨ, ਸੰਧੂਰੀ ਟਿੱਕੇ ਲਾਏ ਜਾ ਰਹੇ ਹਨ। ਕੋਵਿਡ ਦੇ ਮਰਨਊ ਮਰੀਜ਼ ਹਸਪਤਾਲਾਂ ਵਿਚ ਤੜਫਦੇ ਆਕਸੀਜਨ ਉਡੀਕ ਰਹੇ ਹਨ ਪਰ ਆਕਸੀਜਨ ਦੇ ਟੈਂਕਰਾਂ ਨੂੰ ਹਵਨ ਕਰਨ ਤੇ ਆਗੂਆਂ ਵੱਲੋਂ ਮੂਰਤਾਂ ਖਿੱਚਣ ਵਾਸਤੇ ਕਈ ਕਈ ਘੰਟੇ ਰਾਹ ‘ਚ ਰੋਕ ਕੇ ਰੱਖਿਆ ਜਾਂਦਾ ਹੈ। ਸਾਜਿ਼ਸ਼ ਰਚ ਕੇ ਕੁਰਸੀ-ਕਾਰੋਬਾਰ ਕੀਤਾ ਜਾ ਰਿਹਾ ਹੈ। ਹੱਕ ਮੰਗਣ ਵਾਲਿਆਂ ‘ਤੇ ਡਾਂਗ ਵਰ੍ਹਾਈ ਜਾ ਰਹੀ ਹੈ। ਔਰਤਾਂ ਨੂੰ ਵਾਲਾਂ ਤੋਂ ਫੜ ਕੇ ਧੂਹਣਾ ਘੜੀਸਣਾ ਆਮ ਵਰਤਾਰਾ ਹੈ। ਭ੍ਰਿਸ਼ਟ ਮੰਤਰੀਆਂ ਤੇ ਅਫਸਰਾਂ ਨੂੰ ਬਚਾਉਣ ਦਾ ਹਰ ਹੀਲਾ ਕੀਤਾ ਜਾਂਦਾ ਹੈ। ਸੜਕਾਂ ਦਾ ਹਾਲ ਅੱਡ ਬੁਰਾ ਹੋਇਆ ਪਿਆ ਹੈ। ਸੈਂਕੜੇ ਲੋਕ ਦੁਰਘਟਨਾਵਾਂ ਕਾਰਨ ਨਿੱਤ ਅਣਿਆਈ ਮੌਤ ਮਰ ਰਹੇ ਹਨ।
ਇਹਨਾਂ ਦਿਨਾਂ ਵਿਚ ਸਭ ਤੋਂ ਵੱਡਾ ਮਸਲਾ ਕਿਸਾਨੀ ਨਾਲ ਸਬੰਧਤ ਹੈ। ਕੇਂਦਰ ਸਰਕਾਰ ਨੇ ਮੋਟਾ ਪਾਰਟੀ ਫੰਡ ਲੈਣ ਦੇ ਬਦਲੇ ਕਾਰਪੋਰੇਟ ਘਰਾਣਿਆਂ ਨੂੰ ਵਡੇਰਾ ਲਾਭ ਪਹੁੰਚਾਉਣ ਅਤੇ ਕਿਰਤੀ ਕਿਸਾਨਾਂ ਤੋਂ ਜ਼ਮੀਨ ਖੋਹਣ ਵਾਸਤੇ ਕਰੋਨਾ ਕਾਲ ਦੌਰਾਨ ਪੁੱਠੇ-ਸਿੱਧੇ ਢੰਗ ਨਾਲ ਤਿੰਨ ਬਿੱਲ ਲਿਆ ਕੇ ਕਾਨੂੰਨ ਬਣਾ ਧਰੇ ਹਨ। ਇਹ ਕਾਨੂੰਨ ਰੱਦ ਕਰਵਾਉਣ ਵਾਸਤੇ ਕਿਸਾਨ ਮਜ਼ਦੂਰ ਤੇ ਹੋਰ ਸੰਘਰਸ਼ੀ ਲੋਕ, ਨੰਗੇ ਧੜ ਲੱਖਾਂ ਦੀ ਤਾਦਾਦ ਵਿਚ ਦਿੱਲੀ ਦੁਆਲੇ ਮੋਰਚਾ ਲਾ ਕੇ ਬੈਠੇ ਹਨ। ਇਹ ਮੋਰਚਾ ਦੁਨੀਆ ਭਰ ਦਾ ਸਭ ਤੋਂ ਵੱਡਾ ਤੇ ਲੰਮਾ ਮੋਰਚਾ ਬਣ ਚੁਕੱਾ ਹੈ। ਸਰਕਾਰ ਨੇ ਕਈ ਹਰਬੇ ਵਰਤ ਕੇ ਇਹ ਮੋਰਚਾ ਚੁਕਵਾਉਣ ਦਾ ਨਾਕਾਮ ਯਤਨ ਕੀਤਾ। ਇਹਨਾਂ ਸੰਘਰਸ਼ਸ਼ੀਲਾਂ ਨੂੰ ਕਦੇ ਖਾਲਿਸਤਾਨੀ ਪ੍ਰਚਾਰ ਕੇ ਬੱਦੂ ਕੀਤਾ ਜਾਂਦਾ ਹੈ, ਕਦੇ ਨਕਸਲਵਾਦੀ ਹੋਣ ਦਾ ਠੱਪਾ ਲਾ ਦਿੱਤਾ ਜਾਂਦਾ। ਕਦੇ ਗੁੰਡੇ ਲਿਆ ਕੇ ਮਾਹੌਲ ਵਿਗਾੜਨ ਦਾ ਕੋਝਾ ਯਤਨ ਕੀਤਾ ਜਾਂਦਾ ਹੈ। ਵਿਕਾਊ ਮੀਡੀਆ ਆਪਣਾ ਅਸਲ ਕਾਰਜ ਨਿਭਾਉਣ ਦੀ ਥਾਂ ਇਹਨਾਂ ਦੇ ਵਿਰੁਧ ਤੇ ਸਰਕਾਰ ਦੇ ਹੱਕ ‘ਚ ਤਿੰਘ-ਤਿੰਘ ਕੇ ਪ੍ਰਚਾਰ ਕਰਨ ਵਾਲਾ ਧੂਤੂ ਬਣਿਆ ਹੋਇਆ ਹੈ। ਸੜਕਾਂ ‘ਤੇ ਕਿਧਰੇ ਖਾਈਆਂ ਪੁੱਟੀਆਂ ਜਾ ਰਹੀਆਂ ਹਨ, ਕਿਧਰੇ ਨੁਕੀਲੇ ਕਿੱਲ ਗੱਡੇ ਜਾ ਰਹੇ ਹਨ। ਇਹ ਕਿਹੋ ਜਿਹੀ ਕਿਸਮ ਦਾ ਲੋਕਤੰਤਰ ਹੈ?
ਸਰਕਾਰ ਅਤੇ ਕਿਸਾਨਾਂ ਵਿਚ ਕਈ ਗੇੜਾਂ ਦੀ ਗੱਲਬਾਤ ਹੋਈ ਹੈ, ਐਪਰ ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਨਹੀਂ ਰਹੀ। ਰਾਜ ਧਰਮ ਦੀ ਥਾਂ ਹਠ ਧਰਮੀ ਤੋਂ ਕੰਮ ਲਿਆ ਜਾ ਰਿਹਾ ਹੈ। ਸਿਰੜੀ ਤੇ ਸਿਦਕੀ ਯੋਧੇ ਆਪਣੇ ਹੱਕਾਂ ਵਾਸਤੇ ਪੂਰੀ ਮੁਸਤੈਦੀ ਨਾਲ ਡਟੇ ਹੋਏ ਹਨ। ਮਾਰੂ ਸਰਦੀ ਤੇ ਗਰਮੀ, ਮਾਨਸਿਕ ਤਣਾਅ ਅਤੇ ਬਦਤਰ ਹਾਲਾਤ ਵਿਚ ਰਹਿਣ ਕਾਰਨ ਸੈਂਕੜੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਪਰ ਠੀਢਤਾਈ ਦੀ ਹੱਦ ਦੇਖਣ ਵਾਲੀ ਹੈ ਕਿ ਅਜੇ ਤਕ ਸਰਕਾਰ ਦੇ ਕੰਨ ‘ਤੇ ਜੂੰਅ ਨਹੀਂ ਸਰਕੀ। ਹੋਰ ਤਾਂ ਹੋਰ, ਸੈਂਕੜੇ ਮੌਤਾਂ ‘ਤੇ ਇਕ ਵਾਰ ਵੀ ਅਫਸੋਸ ਪ੍ਰਗਟ ਨਹੀਂ ਕੀਤਾ ਗਿਆ।
ਇਹ ਅੜੀਅਲ ਆਗੂ ਕਰੋੜਾਂ ਦਾ ਤੇਲ ਘੁਮੱਕੜੀ ‘ਤੇ ਉਡਾ ਰਹੇ ਹਨ, ਹਜ਼ਾਰਾਂ ਮੁਲਾਜ਼ਮ ਆਪਣੀ ਸੁਰੱਖਿਆ ‘ਤੇ ਲਾਏ ਹਨ। ਇਕ ਆਗੂ ਦੇ ਕਿਧਰੇ ਜਾਣ ਵਾਸਤੇ ਦਰਜਨਾਂ ਗੱਡੀਆਂ ਦਾ ਕਾਫਲਾ ਅੱਗੇ ਪਿੱਛੇ ਹੁੰਦਾ ਹੈ। ਗੱਡੀਆਂ ਵਿਚ ਤੇਲ ਨਹੀਂ, ਆਮ ਲੋਕਾਂ ਦੀ ਰੱਤ ਮੱਚਦੀ ਹੈ। ਆਗੂਆਂ ਨੇ ਵਿਦੇਸ਼ਾਂ ਨੂੰ ਬਾਹਰਲਾ ਘਰ ਹੀ ਸਮਝ ਰੱਖਿਆ ਹੈ। ਲੋਕਾਂ ਵੱਲੋਂ ਦਿੱਤੇ ਕਰ ਵਾਲੇ ਧਨ ਨੂੰ ਬੇਰੋਕ-ਟੋਕ ਉਡਾਇਆ ਜਾ ਰਿਹਾ ਹੈ। ਕੋਈ ਪੁੱਛ-ਗਿੱਛ ਨਹੀਂ।
ਪੁਲਿਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਹੁੰਦੀ ਹੈ, ਐਪਰ ਸਿਆਸੀ ਲੋਕਾਂ ਨੇ ਇਸ ਨੂੰ ਆਪਣੀ ਰਖੇਲ ਬਣਾਇਆ ਹੋਇਆ ਹੈ। ਕਤਲ ਅਤੇ ਲੁੱਟ-ਖੋਹ ਦਾ ਪਰਚਾ ਦਰਜ ਕਰਵਾਉਣ ਵਾਸਤੇ ਵੀ ਵੱਢੀ ਦੇਣੀ ਪੈਂਦੀ ਹੈ, ਧਰਨੇ ਲਾਉਣੇ ਜਾਂ ਮੁਜ਼ਾਹਰੇ ਕਰਨੇ ਪੈਂਦੇ ਹਨ। ਇਹ ਕਾਨੂੰਨ ਨੂੰ ਛਿੱਕੇ ਟੰਗ ਕੇ, ਸੱਤਾ ਆਸੀਨ ਲੋਕਾਂ ਦੇ ਇਸ਼ਾਰੇ ‘ਤੇ ਕੰਮ ਕਰਦੀ ਹੈ। ਪੁਲਿਸ ਰਾਹੀਂ ਸਿਆਸੀ ਵਿਰੋਧੀਆਂ ‘ਤੇ ਨਾਜਾਇਜ਼ ਪਰਚੇ ਦਰਜ ਕਰਵਾ ਕੇ ਉਹਨਾਂ ਨੂੰ ਕਮਜ਼ੋਰ ਅਤੇ ਬੱਦੂ ਕਰਨ ਦਾ ਚਾਰਾ ਕੀਤਾ ਜਾਂਦਾ ਹੈ। ਨਿੱਜੀ ਕਿੜਾਂ ਵੀ ਕੱਢੀਆਂ ਜਾਂਦੀਆਂ ਹਨ। ਅਜੋਕੀ ਸਿਆਸਤ, ਲੋਕ ਸੇਵਾ ਦੀ ਥਾਂ ਜੱਦੀ-ਪੁਸ਼ਤੀ ਕਿੱਤਾ ਅਤੇ ਕਮਾਈ ਦਾ ਸਾਧਨ ਬਣੀ ਹੋਈ ਹੈ।
ਸਿਆਸੀ ਲੋਕਾਂ ਵਿਚੋਂ ਨੈਤਿਕਤਾ ਨਾਂ ਦੀ ਚੀਜ਼ ਖੰਭ ਲਾ ਕੇ ਉੱਡ ਗਈ ਹੋਈ ਹੈ। ਸਿਆਸੀ ਦਲਾਂ ਵੱਲੋਂ ਪ੍ਰੈਸ ਤੇ ਮੀਡੀਆ ਨੂੰ ਆਪਣੇ ਪੱਖ ‘ਚ ਭੁਗਤਾਉਣ ਵਾਸਤੇ ਕੋਝੇ ਯਤਨ ਕੀਤੇ ਜਾਂਦੇ ਹਨ। ਲੋਕਤੰਤਰ ਦੇ ਇਸ ਚੌਥੇ ਥੰਮ੍ਹ ਦਾ ਪੱਖਪਾਤੀ ਝੁਕਾਅ ਖਾਸ ਦਲਾਂ ਵੱਲ ਹੋਣਾ ਵੀ ਕਿਸੇ ਤੋਂ ਗੁੱਝਾ ਨਹੀਂ ਹੈ।
ਮਹਿੰਗਾਈ ਦਾ ਆਲਮ ਇਹ ਹੈ ਕਿ ਆਮ ਆਦਮੀ ਇਕ ਦਿਹਾੜੀ ਦੀ ਉਜਰਤ ਬਦਲੇ ਕਿਲੋ ਦਾਲ ਹੀ ਮਸਾਂ ਖਰੀਦ ਸਕਦਾ ਹੈ। ਗੈਸ ਤੇ ਬਿਜਲੀ ਦੀਆਂ ਕੀਮਤਾਂ ਲੱਕ ਤੋੜ ਰਹੀਆਂ ਹਨ। ਡੀਜ਼ਲ ਤੇ ਪੈਟਰੋਲ ਦੇ ਭਾਅ ਵਿਚ ਨਿੱਤ ਵਾਧਾ ਹੋ ਰਿਹਾ ਹੈ। ਆਮ ਆਦਮੀ ਦੀ ਵਰਤੋਂ ਦੀਆਂ ਚੀਜ਼ਾਂ ਨੂੰ ਅੱਗ ਲੱਗੀ ਪਈ ਹੈ। ਦੋ ਚਾਰ ਲੱਖ ਦੇ ਕਰਜ਼ੇ ਵਾਲੇ ਕਿਰਤੀ ਕਿਸਾਨਾਂ ਨੂੰ ਬੈਂਕਾਂ ਤੇ ਸ਼ਾਹੂਕਾਰਾਂ ਵਿਸ਼ੇਸ਼ ਕਰ ਕੇ ਫਾਇਨਾਂਸ ਕੰਪਨੀਆਂ ਵੱਲੋਂ ਇੰਨਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਕਿ ਉਹਨਾਂ ਕੋਲ ਆਤਮ-ਹੱਤਿਆ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਹੀ ਨਹੀਂ ਬਚਦਾ ਜਦੋਂ ਕਿ ਉਦਯੋਗਪਤੀਆਂ ਵੱਲੋਂ ਬੈਂਕਾਂ ਤੋਂ ਲਏ ਕਰੋੜਾਂ ਰੁਪਏ ਕਿਸੇ ਨਾ ਕਿਸੇ ਬਹਾਨੇ ਮੁਆਫ ਕਰ ਕੇ ਵੱਟੇ-ਖਾਤੇ ਪਾ ਦਿੱਤੇ ਜਾਂਦੇ ਹਨ। ਪਰਦੇ ਪਿਛਲਾ ਚਿੱਟਾ ਸੱਚ ਇਹ ਹੈ ਕਿ ਉਦਯੋਗਪਤੀ ਸਿਆਸੀ ਦਲਾਂ ਨੂੰ ਮੋਟਾ ਚੋਣ ਫੰਡ ਦਿੰਦੇ ਹਨ, ਇਸ ਬਦਲੇ ਉਹਨਾਂ ਨੂੰ ਵੱਡੀਆਂ ਛੋਟਾਂ ਦਿੱਤੀਆਂ ਜਾਂਦੀਆਂ ਹਨ। ਪਿਛਲੇ ਕੁਝ ਕੁ ਸਮੇਂ ਦੌਰਾਨ ਕਿੰਨੇ ਹੀ ਉਦਯੋਗਪਤੀ ਅਰਬਾਂ ਰਪਏ ਦੀ ਠੱਗੀ ਮਾਰ ਕੇ ਚੁੱਪ-ਚਾਪ ਵਿਦੇਸ਼ਾਂ ‘ਚ ਜਾ ਬੈਠੇ ਹੀ ਨਹੀਂ ਹਨ ਸਗੋਂ ਇੱਥੋਂ ਦੇ ਪ੍ਰਬੰਧ ਨੂੰ ਟਿੱਚਰਾਂ ਵੀ ਕਰ ਰਹੇ ਹਨ, ਇਸ ਦਾ ਮੂੰਹ ਚਿੜਾਅ ਰਹੇ ਹਨ। ਸਾਡੀ ਸਰਕਾਰ ਦੀ ਇੰਨੀ ਵੀ ਜੁਰਅਤ ਨਹੀਂ ਕਿ ਠੱਗਾਂ ਨੂੰ ਵਾਪਿਸ ਲਿਆ ਕੇ ਉਹਨਾਂ ‘ਤੇ ਮੁਕੱਦਮੇ ਚਲਾ ਕੇ ਸਜ਼ਾ ਦਾ ਭਾਗੀ ਬਣਾਇਆ ਜਾ ਸਕੇ ਤੇ ਉਹਨਾਂ ਤੋਂ ਧਨ ਵਾਪਿਸ ਲਿਆ ਜਾ ਸਕੇ।
ਭਾਸ਼ਾ/ਬੋਲੀ ਦੇ ਮਾਮਲੇ ‘ਤੇ ਵੀ ਪੁੱਠੀ ਗੰਗਾ ਵਗਾਈ ਜਾ ਰਹੀ ਹੈ। ਵੇਲਾ ਵਿਹਾਅ ਕੇ ਮਰ ਮੁੱਕ ਚੁੱਕੀ ਸੰਸਕ੍ਰਿਤ ਨੂੰ ਪੂਰੇ ਦੇਸ਼ ਵਿਚ ਹਰ ਸੰਸਥਾ ਵਿਚ ਪੜ੍ਹਾਉਣ ਦੇ ਤੁਗਲਕੀ ਹੁਕਮ ਜਾਰੀ ਕੀਤੇ ਗਏ। ਹਾਸਾ ਤੇ ਗੁੱਸਾ ਵੀ ਆਉਂਦਾ ਹੈ ਕਿ ਇਹ ਹੁਕਮ ਦੇਸ਼ ਦੀ ਉਸ ਤਤਕਾਲੀ ਸਿੱਖਿਆ ਮੰਤਰੀ ਨੇ ਜਾਰੀ ਕੀਤੇ ਸਨ ਜਿਸ ਦੇ ਆਪਣੇ ਵਿੱਦਿਅਕ ਪ੍ਰਮਾਣ ਪੱਤਰ ਨਕਲੀ ਹੋਣ ਦਾ ਰੌਲਾ ਪੈਂਦਾ ਰਿਹਾ ਹੈ। ਕੀ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕੇਵਲ ਪੁਜਾਰੀ ਜਾਂ ਜੋਤਸ਼ੀ ਬਣਾਉਣਾ ਹੈ ਜਾਂ ਵਿਗਿਆਨ ਤੇ ਤਕਨੀਕ ਦੇ ਖੇਤਰ ਵਿਚ ਦੂਜੇ ਮੁਲਕਾਂ ਦੇ ਮੁਕਾਬਲੇ ਖੜ੍ਹੇ ਕਰਨਾ ਹੈ। ਖੈਰ, ਇਹ ਤਾਂ ਗੱਲ ਹੀ ਕੁਝ ਨਹੀਂ, ਰਾਜਨੀਤੀ ਦੀ ਮਾਸਟਰ ਡਿਗਰੀ ਤਾਂ ਆਪਣੇ ਨਰਿੰਦਰ ਮੋਦੀ ਦੀ ਵੀ ਸ਼ੱਕ ਦੇ ਘੇਰੇ ਵਿਚ ਹੈ। ਦੂਜੇ ਪਾਸੇ ਦੁਨੀਆ ਭਰ ਵਿਚ ਅਹਿਮ ਸਥਾਨ ਬਣਾਈ ਬੈਠੀਆਂ ਪੰਜਾਬੀ ਤੇ ਉਰਦੂ ਵਰਗੀਆਂ ਜ਼ਬਾਨਾਂ ਦੇ ਗਲ ਅੰਗੂਠਾ ਦਿੱਤਾ ਜਾ ਰਿਹਾ ਹੈ। ਇਸ ਮਾਮਲੇ ਵਿਚ ਸਰਕਾਰ ਦੇ ਭਾਈਵਾਲ, ਘੋਗਲ-ਕੰਨੇ ਆਗੂ ਵੀ ਚੁੱਪ ਧਾਰ ਕੇ ਬੈਠੇ ਰਹੇ ਹਨ। ਆਮ ਆਦਮੀ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ। ਬੇਕਾਰੀ ਦੇ ਮਾਰੇ ਹੱਥ ਕੰਮ ਮੰਗਦੇ ਹਨ। ਸਿਆਸੀ ਕਮਾਲ ਵੇਖੋ, ਉਹਨਾਂ ਨੂੰ ਕੰਮ ਦੇਣ ਦੀ ਥਾਂ ਆਟਾ ਦਾਲ ਦਾ ਚੋਗਾ ਪਾ ਕੇ ਕਾਣਾ ਕਰ ਲਿਆ ਜਾਂਦਾ ਹੈ ਅਤੇ ਵਿਹਲੜ ਤੇ ਨਿਕੰਮੇ ਬਣਾਇਆ ਜਾ ਰਿਹਾ ਹੈ। ਲੋਕਤੰਤਰੀ ਰਾਜ ਕਲਿਆਣਕਾਰੀ ਹੁੰਦਾ ਹੈ, ਹੋਣਾ ਵੀ ਚਾਹੀਦਾ ਹੈ। ਰਾਜੇ ਦਾ ਕੰਮ ਲੋਕ ਹਿੱਤਾਂ ਨੂੰ ਤਰਜੀਹ ਦੇਣਾ ਹੁੰਦਾ ਹੈ ਨਾ ਕਿ ਕੇਵਲ ਚੌਧਰ ਕਰਨੀ। ਅਫਸੋਸ ਕਿ ਇਸ ਮਾੜੇ ਵਰਤਾਰੇ ਵਿਰੁੱਧ ਬੋਲਣ ਵਾਲੀਆਂ ਕਲਮਾਂ ਵੀ ਚੁੱਪ ਹਨ।
‘ਆਗਿਆ ਭਈ ਅਕਾਲ ਕੀ’ ਸੁਣਦਿਆਂ ਸੁਣਦਿਆਂ, ਦੋਹਾ ਪੰਜਾਬੀ ਲੋਕਾਂ ਦੇ ਮਨ ਮਸਤਕ ਵਿਚ ਪੂਰੀ ਤਰ੍ਹਾਂ ਘਰ ਕਰ ਕੇ ਬੈਠਾ ਹੋਇਆ ਕਾਵਿ ਰੂਪ ਹੈ। ਇਸ ਦੇ ਦੋ ਮਿਸਰਿਆਂ ਵਿਚ ਹੀ ਪੂਰੇ ਵਿਸ਼ੇ ਨੂੰ ਸਮੇਟਿਆ ਜਾ ਸਕਦਾ ਹੈ। ਬਾਕੀ ਇਸ ਦੇ ਉਚਾਰਨ ਦੀ ਚਾਲ ਇਸ ਤਰ੍ਹਾਂ ਦੀ ਹੈ ਕਿ ਇਹ ਆਪ ਮੁਹਾਰੇ ਹੀ ਮੂੰਹ ‘ਤੇ ਚੜ੍ਹ ਜਾਂਦਾ ਹੈ, ਸੌਖਾ ਹੀ ਮੂੰਹ ਜ਼ਬਾਨੀ ਚੇਤੇ ਹੋ ਜਾਂਦਾ ਹੈ। ਆਪਣੀ ਦੋਹਾ ਮਟਕੀ ‘ਰਾਜ ਕਰੇਂਦੇ ਰਾਜਿਆ’ ਵਿਚ ਮੈਂ ਵੇਲੇ ਦੇ ਹੁਕਮਰਾਨ, ਚਾਹੇ ਉਹ ਸੂਬੇ ਦਾ ਮੁੱਖ ਮੰਤਰੀ ਹੋਵੇ, ਚਾਹੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਪਰ ਉਹ ਆਪਣੇ ਆਪ ਨੂੰ ਲੋਕ ਸੇਵਕ ਸਮਝਣ ਦੀ ਥਾਂ ਰਾਜਾ ਸਮਝਦਾ ਹੋਵੇ, ਨੂੰ ਕੁਝ ਸਵਾਲ ਕੀਤੇ ਹਨ, ਸੁਚੇਤ ਕੀਤਾ ਹੈ, ਕਿਤੇ ਤਨਜ਼ੀਆ ਢੰਗ ਨਾਲ ਵੀ ਕੁਝ ਕਿਹਾ ਹੈ ਤੇ ਕਿਤੇ ਉਲਾਂਭਾ ਦੇ ਕੇ ਫਿਟਕਾਰ ਵੀ ਪਾਈ ਹੈ।
ਮੈਂ ਤਾਂ ਕੀ, ਸਾਰੇ ਚੇਤਨ ਲੋਕ ਹੀ ਮਹਿਸੂਸ ਕਰਦੇ ਹਨ ਕਿ ਮਾੜੇ ਵਰਤਾਰੇ ਦੇ ਵਿਰੁੱਧ ਸੋਚਿਆ, ਬੋਲਿਆ, ਲਿਖਿਆ ਤੇ ਪ੍ਰਚਾਰ ਕੀਤਾ ਜਾਵੇ ਅਤੇ ਜੇ ਕਰ ਲੋੜ ਪਵੇ ਤਾਂ ਜਥੇਬੰਦਕ ਤਰੀਕੇ ਨਾਲ ਸੰਘਰਸ਼ਸ਼ੀਲ ਹੋ ਕੇ ਲੜਾਈ ਵੀ ਲੜੀ ਜਾਵੇ। ਇਸ ਯੁਗ ਵਿਚ ਲੜਾਈ ਦਾ ਸਭ ਤੋਂ ਕਾਰਗਰ ਹਥਿਆਰ ਵੋਟ ਹੈ। ਵੋਟ ਪਾਉਣ ਵੇਲੇ ਵੀ ਡਾਢੀ ਸੋਚ-ਵਿਚਾਰ ਤੋਂ ਕੰਮ ਲੈਣਾ ਚਾਹੀਦਾ ਹੈ। ਹਰਲ-ਹਰਲ ਕਰ ਕੇ ਬਿਨਾ ਸੋਚੇ ਸਮਝੇ ਵੋਟ ਪਾ ਕੇ ਅਸੀਂ ਬਹੁਤ ਵੱਡੇ ਨੁਕਸਾਨ ਕਰਵਾ ਚੁੱਕੇ ਹਾਂ।
ਮੇਰੀ ਇਹ ਪੁਸਤਕ ਸੰਘਰਸ਼ੀ ਕਿਰਤੀ ਕਿਸਾਨਾਂ ਤੇ ਮੋਰਚੇ ‘ਤੇ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਯੋਧਿਆਂ ਦੇ ਨਾਂ ਹੈ। ਮੇਰੀ ਇੱਛਾ ਵਿਚ ਸ਼ਾਮਿਲ ਹੈ ਕਿ ਮੇਰੀ ਇਸ ਪੁਸਤਕ ਨੂੰ ਹਰ ਇਕ ਜਾਗਰੂਕ ਤੇ ਸੂਝਵਾਨ ਮਨੁੱਖ, ਵਿਸ਼ੇਸ਼ ਤੌਰ ‘ਤੇ ਕਿਰਤੀ, ਕਿਸਾਨ ਤੇ ਹਰ ਵੋਟਰ ਪੜ੍ਹੇ ਤੇ ਹੋਰਾਂ ਨੂੰ ਵੀ ਪੜ੍ਹਾਵੇ। ਪੜ੍ਹ ਕੇ ਇਸ ਬਾਰੇ ਸੋਚੇ, ਅਮਲ ਕਰੇ ਤੇ ਬਣਦਾ ਸਰਦਾ ਪ੍ਰਚਾਰ ਵੀ ਕਰੇ। ਇਸ ਵਿਚ ਰਹਿ ਗਈਆਂ ਘਾਟਾਂ ਬਾਰੇ ਉਹ ਮੈਨੂੰ ਸੁਝਾਅ ਦੇਵੇ। ਸੁਧਾਰ ਵਾਸਤੇ ਸਭ ਦੀ ਠੋਸ ਰਾਇ ਦਾ ਤਲ਼ਬਗ਼ਾਰ ਹਾਂ। ਪੂਰੇ ਭਾਰਤ ਦੇ ‘ਰਾਜਿਆਂ’ ਨੂੰ ਸ਼ੀਸ਼ਾ ਵਿਖਾਉਣ ਵਾਸਤੇ, ਇਸ ਪੁਸਤਕ ਨੂੰ ਦੇਵਨਾਗਰੀ ਲਿੱਪੀ ਵਿਚ ਅਨੁਵਾਦ ਕਰਵਾਉਣ ਬਾਰੇ ਵੀ ਯਤਨ ਕੀਤਾ ਜਾ ਰਿਹਾ ਹੈ।
ਲੋਕ-ਪੀੜਾ ਨੂੰ ਮੈਂ ਜਿਸ ਤਰ੍ਹਾਂ ਮਹਿਸੂਸ ਕੀਤਾ, ਉਸ ਤਰ੍ਹਾਂ ਹੀ ਆਪਣੀ ਸਮਰੱਥਾ ਅਨੁਸਾਰ, ਛੇ ਸੌ ਅਠੱਤਰ ਦੋਹਿਆਂ ਦੀ ਦੋਹਾ-ਮਟਕੀ ਤੁਹਾਡੇ ਅੱਗੇ ਪਰੋਸ ਦਿੱਤੀ ਹੈ। ਪੜ੍ਹਨ ਉਪਰੰਤ ਫੈਸਲਾ ਤੁਸੀਂ ਕਰਨਾ ਹੈ ਕਿ ਮੈਂ ਸਮੁੱਚੇ ਆਮ ਲੋਕਾਂ ਦੀ ਗੱਲ ਕਰਨ ਵਿਚ ਕਿੰਨਾ ਕੁ ਕਾਮਯਾਬ ਹੋਇਆ ਹਾਂ?
ਇਸ ਤੋਂ ਅਗਲੀ ਗੱਲ, ਮੇਰੀ ਦੋਹਾ-ਮਟਕੀ ‘ਰਾਜ ਕਰੇਂਦੇ ਰਾਜਿਆ’ ਕਿਤਾਬੀ ਰੂਪ ‘ਚ ਆ ਗਈ ਹੈ। ਇਸ ਨੂੰ ਆਮ ਕਿਤਾਬ ਵਾਂਙ ਪੜ੍ਹਨ ਦੀ ਥਾਂ ਕਿਸਾਨੀ ਸੰਘਰਸ਼/ਮੋਰਚਾ, ਮੁਲਾਜ਼ਮਾਂ ਦੀ ਹੱਕਾਂ ਪ੍ਰਤੀ ਲੜਾਈ, ਮਹਿੰਗਾਈ, ਸਿਹਤ, ਸਿੱਖਿਆ, ਸੁਰੱਖਿਆ ਤੇ ਪ੍ਰਬੰਧ ‘ਚ ਨਿਘਾਰ, ਰਿਸ਼ਵਤਖੋਰੀ, ਸਾਮਰਾਜਵਾਦ ਦਾ ਵਿਸਥਾਰ ਅਤੇ ਨਪੀੜੇ ਜਾ ਰਹੇ ਆਮ ਆਦਮੀ ਦੀ ਹੋਣੀ ਆਦਿ ਨੂੰ ਧਿਆਨ ਵਿਚ ਰੱਖ ਕੇ ਪੜ੍ਹਨਾ ਹੈ। ਇਹ ਦੋਹੇ ਸਖਤ ਰੌਂਅ ਵਿਚ ਰਚੇ ਗਏ ਹਨ। ਇਹਨਾਂ ਦੋਹਿਆਂ ਵਿਚੋਂ ਪ੍ਰੇਮ-ਰਸ ਤੇ ਇਸ਼ਕ-ਮੁਸ਼ਕ ਦੇ ਚਟਖਾਰੇ ਨਹੀਂ, ਲੋਕ-ਪੱਖੀ ਹੁਲਾਰੇ ਮਿਲਣਗੇ।
ਦੋਹਾ ਲੋਕਾਂ ਦੀ ਮਾਨਸਿਕਤਾ ਵਿਚ ਵਸਿਆ ਹੋਇਆ ਕਾਵਿ-ਰੂਪ ਹੈ। ਇਸ ਦੇ ਦੋ ਮਿਸਰਿਆਂ ਵਿਚ ਹੀ ਵਡੇਰੀ/ਪੂਰੀ ਗੱਲ ਕੀਤੀ ਜਾ ਸਕਦੀ ਹੈ। ਮੈਂ ਇਹਨਾਂ ਦੋਹਿਆਂ ਵਿਚ ਹਾਕਮ ਨੂੰ ਮਾੜੀ ਨੀਤੀ ਤੋਂ ਹੋੜਨ ਦਾ ਯਤਨ ਕੀਤਾ ਹੈ, ਬਣਦੀ ਰਾਇ ਦਿੱਤੀ ਹੈ, ਚੂੰਢੀ ਵੱਢੀ ਹੈ, ਫਿਟਕਾਰ ਪਾਈ ਹੈ, ਲਾਣ੍ਹਤ ਘੱਲੀ ਹੈ। ਜਿੰਨੀ ਮੇਰੀ ਸਮਰੱਥਾ ਹੈ, ਮੈਂ ਕਲਮਕਾਰ ਹੋਣ ਦਾ ਆਪਣਾ ਫਰਜ਼ ਨਿਭਾਅ ਦਿੱਤਾ ਹੈ। ਮੇਰਾ ਇਕ ਦੋਹਾ ਹੈ:
ਬੋਲੇ ਜੇਕਰ ਸ਼ਾਇਰ ਨਾ, ਬੋਲੇਗਾ ਫਿਰ ਕੌਣ।
ਬਿਨ ਬੋਲੇ ਨਾ ਨਿਕਲਣੀ, ਜੂਲੇ ਹੇਠੋਂ ਧੌਣ।
ਜਾਗਰੂਕ ਹੋਣਾ ਇਸ ਵੇਲੇ ਦੀ ਮੁੱਢਲੀ ਤੇ ਅਤਿਅੰਤ ਜ਼ਰੂਰੀ ਲੋੜ ਹੈ। ਨਾ ਜਾਗੇ ਤਾਂ ਹਰਲ-ਹਰਲ ਕਰਦੇ ਛਤਰੇ ਸਾਡੇ ਖੇਤ ਚਰ ਜਾਣਗੇ, ਸਾਡੀਆਂ ਰੀਝਾਂ ਵਲੂੰਧਰ ਕੇ ਰੱਖ ਦੇਣਗੇ, ਸਾਡੇ ਚਾਵਾਂ ਨੂੰ ਲੰਗਾਰ ਕਰ ਦੇਣਗੇ, ਸਾਡੀਆਂ ਖੁਸ਼ੀਆਂ ਮਧੋਲ ਕੇ ਸੁੱਟ ਦੇਣਗੇ। ਆਪਣੀ ਰਾਖੀ ਵਾਸਤੇ ਹੁਣ ਪੂਰੀ ਤਰ੍ਹਾਂ ਮੁਸਤੈਦ ਹੋ ਕੇ ਸਭ ਨੂੰ ਚੌਕੀਦਾਰਾ ਕਰਨਾ ਪੈਣਾ ਹੈ।
ਕੀਮਤ ਬਾਰੇ ਗੱਲ ਕਰਾਂ, ਕਿਤਾਬ ਦਾ ਮੁੱਲ ਛਿੱਲੜਾਂ ਵੱਲ ਵੇਖ ਕੇ ਨਹੀਂ ਭਰਨਾ ਚਾਹੀਦਾ, ਕੀਮਤ ਵਿਚਲੀ ਸਮੱਗਰੀ ਦੀ ਹੁੰਦੀ ਹੈ। ਪੜ੍ਹਨ ਵਾਲਿਆਂ ਵਾਸਤੇ ਕਿਤਾਬ ਦੀ ਕੀਮਤ ਨਹੀਂ ਹੁੰਦੀ, ਕਿਤਾਬ ਕੀਮਤੀ ਹੁੰਦੀ ਹੈ।
ਆਕਾਰ ਵਜੋਂ ਇਹ 128 ਪੰਨਿਆਂ ਦੀ ਕਿਤਾਬ ਹੈ ਅਤੇ 678 ਦੋਹਿਆਂ ਨਾਲ ਇਕ ਪੈਂਤੀ ਅੱਖਰੀ (ਦੋਹੇ) ਵੀ ਹੈ। ਸ੍ਵ. ਮਹਿੰਦਰ ਸਾਥੀ ਜੀ ਅਤੇ ਜਨਾਬ ਸੁਲੱਖਣ ਸਰਹੱਦੀ ਜੀ ਨੇ ਇਸ ਕਿਤਾਬ ਦੀ ਭੂਮਿਕਾ ਲਿਖੀ ਹੈ। ਮੇਰਾ ਯਕੀਨ ਹੈ ਕਿ ਇਸ ਪੁਸਤਕ ਵਿਚਲੇ ਦੋਹੇ ਤੁਹਾਨੂੰ ਹਲੂਣ ਕੇ ਰੱਖ ਦੇਣਗੇ।