ਬੈਚ ਫੁੱਲ ਵਰਵੇਨ: ਬੇਲੋੜਾ ਜੋਸ਼

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਵਰਵੇਨ (ੜੲਰਵਅਨਿ) ਅਣਥੱਕ ਤੇ ਉਤਸ਼ਾਹੀ ਵਿਅਕਤੀਆਂ ਦੀ ਦਵਾਈ ਹੈ। ਇਹ ਲੋਕ ਉਹ ਭਲੇ ਇਨਸਾਨ ਹੁੰਦੇ ਹਨ, ਜਿਨ੍ਹਾਂ ਦੇ ਸਿਰ `ਤੇ ਸੱਚੀ ਮੁੱਚੀ ਸਮਾਜ ਚਲਦਾ ਹੈ। ਸਮਾਜ ਦੇ ਅਰਥ ਹੀ ਸ਼ਾਂਤੀ, ਕਲਿਆਣ ਤੇ ਉੱਨਤੀ ਪਸੰਦ ਭਾਈਚਾਰਿਆਂ ਦਾ ਭਾਈਚਾਰਾ ਹੁੰਦੇ ਹਨ। ਇਸ ਨੂੰ ਚੋਰ, ਡਾਕੂ, ਲੁਟੇਰੇ, ਝੂਠੇ, ਫਰੇਬੀ, ਲਾਲਚੀ, ਆਲਸੀ, ਸਵਾਰਥੀ, ਕੰਮਚੋਰ, ਸੋਸ਼ਕ, ਬੇਇਨਸਾਫੇ ਤੇ ਅਨੈਤਿਕ ਵਿਅਕਤੀ ਨਹੀਂ ਚਲਾ ਸਕਦੇ। ਇਨ੍ਹਾਂ ਗੈਰ-ਸਮਾਜੀ ਅਨਸਰਾਂ ਦੀਆਂ ਭ੍ਰਿਸ਼ਟ ਗਤੀਵਿਧੀਆਂ ਨਾਲ ਤਾਂ ਸਗੋਂ ਇਹ ਗਰਕ ਜਾਵੇਗਾ। ਜਿਨ੍ਹਾਂ ਲੋਕਾਂ ਵਿਚ ਸਵਾਰਥ ਨੂੰ ਤਿਆਗਣ ਤੇ ਲੋਕ ਸੇਵਾ ਦਾ ਜਜ਼ਬਾ ਹੁੰਦਾ ਹੈ, ਉਹੀ ਇਸ ਦੀ ਉਸਾਰੀ ਵਿਚ ਹਿੱਸਾ ਪਾ ਸਕਦੇ ਹਨ।

ਇਹ ਲੋਕ ਇਨਸਾਨ ਨੂੰ ਇਨਸਾਨ ਸਮਝਦੇ ਹਨ ਤੇ ਇਨ੍ਹਾਂ ਕੋਲ ਮਨੁੱਖਤਾ ਦੀ ਪ੍ਰਗਤੀ ਦੀ ਯੋਜਨਾ ਹੁੰਦੀ ਹੈ। ਇਹ ਆਪਣੇ ਅਣਥੱਕ ਤੇ ਨਿਸ਼ਕਾਮ ਕਰਮਾਂ ਰਾਹੀਂ ਆਪਣੇ ਵਿਚਾਰਾਂ ਨੂੰ ਯਥਾਰਥ ਵਿਚ ਬਦਲਣ ਲਈ ਯਤਨਸ਼ੀਲ ਹੁੰਦੇ ਹਨ। ਇਹ ਮਿਸ਼ਨਰੀ ਹੁੰਦੇ ਹਨ, ਇਨ੍ਹਾਂ ਕੋਲ ਤਰਕ ਹੁੰਦਾ ਹੈ, ਵਿਵੇਕ ਹੁੰਦਾ ਹੈ ਤੇ ਆਤਮ ਬਲ ਹੁੰਦਾ ਹੈ। ਇਹ ਤਿਆਗ-ਮੂਰਤੀ ਪ੍ਰਚਾਰ ਰਾਹੀਂ ਦੂਜਿਆਂ ਨੂੰ ਨਾਲ ਲਾਉਂਦੇ ਹਨ, ਹੱਕ ਸੱਚ ਲਈ ਲੜਦੇ ਹਨ ਤੇ ਕਿਸੇ ਦੇ ਰੋਕੇ ਰੁਕਦੇ ਨਹੀਂ। ਸਮਾਜ ਦੇ ਸਾਰੇ ਲੋਕ ਅਜਿਹੇ ਨਹੀਂ ਹੁੰਦੇ, ਪਰ ਇਹ ਵੀ ਨਹੀਂ ਕਿ ਇਹ ਹੁੰਦੇ ਹੀ ਨਹੀਂ। ਅਜਿਹੇ ਸਿਰੜੀ ਜਿਊੜਿਆਂ ਨੂੰ ਜੇ ਕੋਈ ਤਕਲੀਫ ਆ ਜਾਵੇ ਜਾਂ ਉਨ੍ਹਾਂ ਦਾ ਜੋਸ਼ ਜੇ ਬੇਹੁਦਾ ਹੋ ਜਾਵੇ ਤਾਂ ਉਸ ਦਾ ਨਿਸਤਾਰਾ ਵਰਵੇਨ ਕਰਦੀ ਹੈ।
ਡਾ. ਬੈਚ ਨੇ ਵਰਵੇਨ ਕਿਸਮ ਦੇ ਵਿਅਕਤੀਆਂ ਬਾਰੇ ਵਿਸਥਾਰ ਵਿਚ ਲਿਖਿਆ ਹੈ। ਉਸ ਅਨੁਸਾਰ, “ਇਹ ਉਹ ਵਿਅਕਤੀ ਹੁੰਦੇ ਹਨ, ਜਿਨ੍ਹਾਂ ਦੇ ਪੱਕੇ ਅਸੂਲ ਤੇ ਵਿਚਾਰ ਹੁੰਦੇ ਹਨ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਸਹੀ ਹੋਣ ਦਾ ਦ੍ਰਿੜ ਵਿਸ਼ਵਾਸ ਹੁੰਦਾ ਹੈ ਤੇ ਜਿਨ੍ਹਾਂ ਨੂੰ ਉਹ ਕਦੇ ਬਦਲਦੇ ਨਹੀਂ। ਉਨ੍ਹਾਂ ਦੀ ਤੀਬਰ ਇੱਛਾ ਹੁੰਦੀ ਹੈ ਕਿ ਦੁਆਲੇ ਦੇ ਸਭ ਲੋਕਾਂ ਨੂੰ ਆਪਣੇ ਵਿਚਾਰਾਂ ਅਨੁਸਾਰ ਬਦਲ ਦੇਣ। ਉਹ ਪੱਕੇ ਇਰਾਦੇ ਵਾਲੇ ਹੁੰਦੇ ਹਨ ਤੇ ਉਨ੍ਹਾਂ ਚੀਜ਼ਾਂ ਨੂੰ ਦਲੇਰੀ ਨਾਲ ਪ੍ਰਚਾਰਦੇ ਹਨ, ਜਿਨ੍ਹਾਂ ਨੂੰ ਉਹ ਯਕੀਨ ਨਾਲ ਸੱਚਾ ਸਮਝਦੇ ਹਨ। ਬਿਮਾਰੀ ਵੇਲੇ ਉਹ ਦੂਜਿਆਂ ਤੋਂ ਲਮੇਰੇ ਸਮੇਂ ਤੀਕ ਜੂਝਦੇ ਰਹਿੰਦੇ ਹਨ ਤੇ ਠੀਕ ਹੋਣ ਉਪਰੰਤ ਉਹ ਦੂਜਿਆਂ ਨੂੰ ਉਹੀ ਦਵਾਈ ਲੈਣ ਲਈ ਪ੍ਰੇਰਦੇ ਹਨ, ਜਿਸ ਨਾਲ ਉਹ ਆਪ ਠੀਕ ਹੋਏ ਹੁੰਦੇ ਹਨ।” ਜੇ ਇਸ ਕਿਸਮ ਦੇ ਲੋਕ ਕਿਸੇ ਗਲਤੀ ਦਾ ਸ਼ਿਕਾਰ ਹੋ ਜਾਣ ਤਾਂ ਉਨ੍ਹਾਂ ਨੂੰ ਵਰਵੇਨ ਠੀਕ ਕਰਦੀ ਹੈ।
ਡਾ. ਬੈਚ ਦੀ ਪਰਿਭਾਸ਼ਾ ਟਟੋਲਦਿਆਂ ਵਰਵੇਨ ਦੇ ਜੋ ਮੁੱਖ ਪਹਿਲੂ ਸਾਹਮਣੇ ਆਉਂਦੇ ਹਨ, ਉਹ ਇਸ ਤਰ੍ਹਾਂ ਹਨ। ਪਹਿਲਾ, ਵਰਵੇਨ ਦੇ ਵਿਅਕਤਿਤਵ ਦੇ ਲੋਕ ਪੱਕੇ ਅਸੂਲਾਂ ਵਾਲੇ ਹੁੰਦੇ ਹਨ। ਉਹ ਜੋ ਕਹਿੰਦੇ ਹਨ, ਉਹੀ ਕਰਦੇ ਹਨ। ਉਹ ਵਾਅਦੇ ਕਰ ਕੇ ਮੁਕਰਦੇ ਨਹੀਂ ਤੇ ਝੂਠੇ ਲਾਰੇ ਨਹੀਂ ਲਾਉਂਦੇ। ਜੇ ਉਹ ਕਿਸੇ ਦਾ ਕੁਝ ਕਰਨ ਤੋਂ ਅਸਮਰੱਥ ਹੁੰਦੇ ਹਨ ਤਾਂ ਤੁਰੰਤ ਜਵਾਬ ਦੇ ਦਿੰਦੇ ਹਨ। ਉਨ੍ਹਾਂ ਨੂੰ ਆਪਣਾ ਅਸੂਲ ਕਿਸੇ ਵੀ ਹੋਰ ਚੀਜ਼ ਨਾਲੋਂ ਪਿਆਰਾ ਹੁੰਦਾ ਹੈ। ਦੂਜਾ, ਉਨ੍ਹਾਂ ਦੇ ਅਸੂਲ ਪੱਕੇ ਵਿਚਾਰਾਂ `ਤੇ ਟਿਕੇ ਹੁੰਦੇ ਹਨ। ਇਨ੍ਹਾਂ ਵਿਚਾਰਾਂ ਵਿਚ ਉਨ੍ਹਾਂ ਦਾ ਦ੍ਰਿੜ ਵਿਸ਼ਵਾਸ ਹੁੰਦਾ ਹੈ। ਇਸ ਦਾ ਆਰਥ ਇਹ ਹੋਇਆ ਕਿ ਉਹ ਦੀਨ ਇਮਾਨ ਵਾਲੇ ਜਾਂ ਕਿਸੇ ਪ੍ਰਚੱਲਤ ਵਿਚਾਰਧਾਰਾ ਤੋਂ ਪ੍ਰਭਾਵਿਤ ਜਾਂ ਅਰਪਿਤ ਲੋਕ ਹੁੰਦੇ ਹਨ। ਉਹ ਹਿੰਦੂਤਵ, ਇਸਲਾਮ, ਸਿੱਖੀ, ਆਰ. ਐਸ. ਐਸ., ਕਮਿਊਨਿਜ਼ਮ ਆਦਿ ਕਿਸੇ ਕੱਟੜ ਵਿਚਾਰਧਾਰਾ ਵਾਲੇ ਸੰਗਠਨ ਨਾਲ ਜੁੜੇ ਹੋ ਸਕਦੇ ਹਨ। ਉਹ ਆਪਣੇ ਇਨ੍ਹਾਂ ਵਿਚਾਰਾਂ ਨੂੰ ਬਦਲ ਨਹੀਂ ਸਕਦੇ, ਕਿਉਂਕਿ ਉਹ ਇਨ੍ਹਾਂ ਨਾਲ ਸਹਿਮਤ ਹੁੰਦੇ ਹਨ। ਤੀਜੇ ਉਨ੍ਹਾਂ ਨੂੰ ਆਪਣੇ ਵਿਚਾਰ ਇੰਨੇ ਚੰਗੇ ਪ੍ਰਤੀਤ ਹੁੰਦੇ ਹਨ ਕਿ ਉਹ ਦੁਨੀਆਂ ਦੇ ਹਰ ਬੱਚੇ ਨੂੰ ਇਨ੍ਹਾਂ ਵਲ ਮੋੜਨਾ ਚਾਹੁੰਦੇ ਹਨ। ਉਹ ਸਮਝਦੇ ਹਨ ਕਿ ਜੇ ਸਾਰੇ ਉਨ੍ਹਾਂ ਦੇ ਵਿਚਾਰਾਂ ਨੂੰ ਅਪਨਾ ਲੈਣ ਤਾਂ ਸੰਸਾਰ ਦੀਆਂ ਸਭ ਸਮੱਸਿਆਵਾਂ ਹੱਲ ਹੋ ਜਾਣਗੀਆਂ। ਉਹ ਦੂਜੀਆਂ ਵਿਚਾਰਧਾਰਾਂ ਵਾਲਿਆਂ ਨੂੰ ਬੇਸਮਝ, ਬੇਅਕਲ ਤੇ ਪਿਛਾਂਹ-ਖਿੱਚੂ ਜਾਣਦੇ ਹਨ ਤੇ ਆਪਣੇ ਆਪ ਨੂੰ ਅਗਾਹਾਂ-ਵਧੂ।
ਚੌਥੇ, ਉਹ ਆਪਣੇ ਵਿਚਾਰਾਂ ਨੂੰ ਸਭ ਤੋਂ ਸਹੀ ਸਮਝਦੇ ਹੋਏ ਦ੍ਰਿੜਤਾ ਨਾਲ ਪ੍ਰਚਾਰਦੇ ਹਨ। ਸਭ ਮਿਸ਼ਨਰੀ, ਸਾਧ ਸੰਤ, ਸਮਾਜ ਸੁਧਾਰਕ, ਲੇਖਕ, ਵਕਤਾ, ਪ੍ਰਵਕਤਾ ਇਸੇ ਗਤੀਵਿਧੀ ਨਾਲ ਜੁੜੇ ਹੋਏ ਹੁੰਦੇ ਹਨ। ਉਹ ਇਕ ਪਾਸੇ, ਭਗਤ ਪੂਰਨ ਸਿੰਘ, ਮਦਰ ਟਰੇਸਾ ਤੇ ਸੰਤ ਸੀਚੇਵਾਲ ਹੋ ਸਕਦੇ ਹਨ ਤੇ ਦੂਜੇ ਪਾਸੇ ਭੁੱਖਿਆਂ ਨੂੰ ਖਾਣਾ ਦੇਣ ਵਾਲੇ, ਝੁੱਗੀ ਝੋਂਪੜੀਆਂ ਦੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਤੇ ਲਾਵਾਰਸ ਲਾਸ਼ਾਂ ਉਠਾਉਣ ਵਾਲੇ ਲੋਕ-ਸੇਵਕ ਹੋ ਸਕਦੇ ਹਨ। ਉਹ ਮਹਾਤਮਾ ਗਾਂਧੀ, ਕਿਸਾਨ ਮੋਰਚਿਆਂ ਦੇ ਲੀਡਰ ਤੇ ਧਾਰਮਿਕ ਅਸਥਾਨਾਂ ਦੇ ਚਲਾਉਣ ਵਾਲੇ ਵੀ ਹੋ ਸਕਦੇ ਹਨ ਅਤੇ ਤਾਨਾਸ਼ਾਹੀ ਸੰਗਠਨਾਂ ਦੇ ਸੰਚਾਲਕ, ਕੱਟੜ ਵਿਚਾਰਧਾਰਾਵਾਂ ਦੇ ਪੈਰੋਕਾਰ, ਪੁਰਾਤਨ ਸੰਸਕਾਰਾਂ ਵਿਚ ਬੰਨੇ ਰੂੜ-ਕਰਮੀ ਜਾਂ ਸਿੱਧੇ ਸਾਦੇ ਆਮ ਇਨਸਾਨ ਵੀ ਹੋ ਸਕਦੇ ਹਨ। ਪੰਜਵੇਂ, ਬਿਮਾਰੀ ਦੀ ਅਵਸਥਾ ਵਿਚ ਉਹ ਦੂਜਿਆਂ ਤੋਂ ਜਿਆਦਾ ਹੌਸਲਾ ਰੱਖਦੇ ਹਨ। ਅਵਲ ਬਿਮਾਰ ਹੁੰਦੇ ਨਹੀਂ, ਪਰ ਜੇ ਹੋ ਜਾਣ ਤਾਂ ਲੰਮੇ ਸਮੇਂ ਤੀਕ ਬਿਮਾਰੀ ਦਾ ਟਾਕਰਾ ਕਰਦੇ ਹਨ। ਛੇਵੇਂ, ਆਪਣੀ ਆਦਤ ਅਨੁਸਾਰ ਉਹ ਜਿਸ ਦਵਾ, ਜਿਸ ਹਸਪਤਾਲ ਜਾਂ ਜਿਸ ਡਾਕਟਰ ਦੇ ਇਲਾਜ ਤੋਂ ਠੀਕ ਹੋਏ ਹੁੰਦੇ ਹਨ, ਉਸ ਦੇ ਕਾਇਲ ਹੋ ਜਾਂਦੇ ਹਨ। ਇਸ ਲਈ ਉਹ ਦੂਜਿਆਂ ਨੂੰ ਵੀ ਉਹੀ ਹਸਪਤਾਲ, ਉਸੇ ਡਾਕਟਰ ਤੇ ਉਸੇ ਦਵਾ ਦੀ ਸਿਫਾਰਸ਼ ਕਰਦੇ ਹਨ।
ਕਹਿਣ ਦਾ ਭਾਵ, ਆਮ ਹਾਲਤ ਵਿਚ ਵਰਵੇਨ ਦੇ ਵਿਅਕਤਿਤਵ ਵਾਲੇ ਲੋਕ ਦ੍ਰਿੜ ਵਿਸ਼ਵਾਸੀ, ਨਿਸਵਾਰਥੀ ਤੇ ਸੇਵਾ ਭਾਵਨਾ ਵਾਲੇ ਹੁੰਦੇ ਹਨ। ਉਹ ਅਣਥੱਕ ਮਿਹਨਤ ਤੇ ਜੋਸ਼ ਨਾਲ ਦੂਜਿਆਂ ਨੂੰ ਪ੍ਰੇਰਣਾ ਦਿੰਦੇ ਹਨ। ਜੇ ਉਨ੍ਹਾਂ ਦੇ ਬਸ ਇਹੀ ਗੁਣ ਹੋਣ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਡਾ. ਬੈਚ ਨੂੰ ਵੀ ਨਹੀਂ। ਇਹ ਸਭ ਗੁਣ ਧਨ-ਪੱਖੀ (ਫੋਸਟਿਵਿੲ) ਹਨ ਤੇ ਮਾਨਵ ਕਲਿਆਣ ਤੋਂ ਪ੍ਰੇਰਿਤ ਭਾਵ ਚੜ੍ਹਦੀ ਕਲਾ ਵਾਲੇ ਹਨ। ਜੇ ਉਹ ਇਨ੍ਹਾਂ ਨੂੰ ਅਪਨਾਉਂਦੇ ਹਨ ਜਾਂ ਦੂਜਿਆਂ ਲੋਕਾਂ ਵਿਚ ਇਨ੍ਹਾਂ ਦਾ ਪ੍ਰਚਾਰ ਕਰਦੇ ਹਨ ਤਾਂ ਇਹ ਸਮਾਜ ਭਲਾਈ ਦੀ ਗੱਲ ਹੈ। ਸਮੱਸਿਆ ਉਦੋਂ ਪੈਦਾ ਹੁੰਦੀ ਹੈ, ਜਦੋਂ ਉਨ੍ਹਾਂ ਦੇ ਉਤਸ਼ਾਹ ਨੂੰ ਚੋਟ ਵੱਜਦੀ ਹੈ। ਆਲਸੀ ਲੋਕ ਉਨ੍ਹਾਂ ਵਾਂਗ ਭੱਜ ਕੇ ਕੰਮ ਨਹੀਂ ਕਰਦੇ, ਸਵਾਰਥੀ ਲੋਕ ਉਨ੍ਹਾਂ ਦੇ ਪ੍ਰੋਗਰਾਮਾਂ ਵਿਚੋਂ ਆਪਣਾ ਸਵਾਰਥ ਪੂਰਾ ਕਰਦੇ ਹਨ ਤੇ ਚੁਸਤ ਲੋਕ ਉਨ੍ਹਾਂ ਦੀ ਪ੍ਰਸਿੱਧੀ ਤੋਂ ਫਾਇਦਾ ਚੁੱਕ ਕੇ ਆਪਣਾ ਅਕਸ਼ ਉਭਾਰਨ ਲਗਦੇ ਹਨ। ਤੰਗ ਨਜ਼ਰੀਏ ਤੇ ਸੌੜੇ ਹਿੱਤਾਂ ਕਾਰਨ ਲੋਕ ਉਨ੍ਹਾਂ ਨਾਲ ਨਹੀਂ ਚਲਦੇ। ਵੱਡੀ ਸਮੱਸਿਆ ਉਦੋਂ ਖੜ੍ਹੀ ਹੁੰਦੀ ਹੈ, ਜਦੋਂ ਵਿਰੋਧੀ ਵਿਚਾਰਧਾਰਾ ਵਾਲੇ ਜਾਂ ਉਲਟ ਰਾਜਸੀ ਹਿੱਤਾਂ ਵਾਲੇ ਲੋਕ ਉਨ੍ਹਾਂ ਦੇ ਨਿਰਸਵਾਰਥ ਮਨਸੂਬਿਆਂ ਵਿਰੁਧ ਮੁਹਿੰਮ ਵਿੱਢ ਦਿੰਦੇ ਹਨ। ਅਜਿਹੇ ਮੌਕਿਆਂ `ਤੇ ਉਹ ਤਣਾਓ ਵਿਚ ਆ ਜਾਂਦੇ ਹਨ ਤੇ ਵਿਰੋਧਾਤਮਿਕ ਸ਼ਕਤੀਆਂ ਨਾਲ ਨਿਪਟਣ ਲਈ ਹੋਰ ਵਧੇਰੇ ਮਿਹਨਤ ਕਰਦੇ ਹਨ। ਆਪਣੇ ਕੰਮ ਵਿਚ ਰੁਝੇ ਹੋਏ ਉਹ ਸਮੇਂ ਸਿਰ ਖਾਣਾ ਨਹੀਂ ਖਾਂਦੇ, ਲੋੜੀਂਦਾ ਆਰਾਮ ਨਹੀਂ ਕਰਦੇ। ਉਨ੍ਹਾਂ ਦੇ ਦਵਾ ਦਾਰੂ ਤੇ ਪ੍ਰਹੇਜ਼ ਵਿਚ ਵੀ ਢਿੱਲ੍ਹ ਆਉਂਦੀ ਹੈ। ਇਸ ਨਾਲ ਉਨ੍ਹਾਂ ਦੀ ਸਿਹਤ ਵਿਚ ਹੋਰ ਗਿਰਾਵਟ ਆਉਂਦੀ ਹੈ ਤੇ ਉਨ੍ਹਾਂ ਦੀਆਂ ਤਕਲੀਫਾਂ ਵਧ ਜਾਂਦੀਆਂ ਹਨ। ਉਨ੍ਹਾਂ ਨੂੰ ਚਿੰਤਾ, ਰੋਸ, ਤਲਖੀ ਤੇ ਬਲੱਡ ਪ੍ਰੈਸ਼ਰ ਜਿਹੇ ਰੋਗ ਲੱਗ ਜਾਂਦੇ ਹਨ। ਬੇ-ਆਰਾਮ ਹੋ ਕੇ ਉਹ ਉਪਰਾਮ ਹੋ ਜਾਂਦੇ ਹਨ ਤੇ ਮੰਜੇ ਨਾਲ ਲੱਗ ਜਾਂਦੇ ਹਨ।
ਅਜਿਹੀ ਹਾਲਤ ਵਿਚ ਉਨ੍ਹਾਂ ਨੂੰ ਡਾਕਟਰ ਨੂੰ ਦਿਖਾਇਆ ਜਾਂਦਾ ਹੈ ਜਾਂ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ ਤੇ ਕੁਝ ਦਿਨ ਦੇ ਇਲਾਜ ਮਗਰੋਂ ਘਰ ਭੇਜ ਦਿੱਤਾ ਜਾਂਦਾ ਹੈ। ਬਾਹਰ ਆ ਕੇ ਉਹ ਉਸੇ ਮਿਹਨਤ-ਭਰਪੂਰ ਰੱਟ ਵਿਚ ਫਸ ਜਾਂਦੇ ਹਨ ਤੇ ਮੁੜ ਢਿੱਲ੍ਹੇ ਹੋ ਜਾਂਦੇ ਹਨ। ਅਜਿਹੇ ਲੋਕਾਂ ਦੀ ਅਸਲ ਦਵਾਈ ਵਰਵੇਨ ਹੈ, ਜੋ ਉਨ੍ਹਾਂ ਦੀਆਂ ਮੁਸ਼ਕਿਲਾਂ ਆਸਾਨ ਕਰ ਦੇਵੇਗੀ। ਇਹ ਉਨ੍ਹਾਂ ਦੇ ਉਤਸ਼ਾਹ ਨੂੰ ਸਾਵਾ ਕਰ ਕੇ ਉਨ੍ਹਾਂ ਵਿਚ ਸੰਤੋਖ ਦੀ ਭਾਵਨਾ ਪੈਦਾ ਕਰੇਗੀ। ਇਹ ਉਨ੍ਹਾਂ ਦੇ ਵਿਚਾਰਾਂ ਵਿਚ ਲਚਕੀਲਾਪਣ ਲਿਆਵੇਗੀ ਤੇ ਉਨ੍ਹਾਂ ਦੀਆਂ ਕਸੀਆਂ ਨਾੜੀਆਂ ਦਾ ਤਣਾਓ ਘੱਟ ਕਰਕੇ ਉਨ੍ਹਾਂ ਨੂੰ ਸਿਹਤਮੰਦ ਰੱਖੇਗੀ।
ਡਾ. ਕਾਰਨੇਲੀਆ ਰਿਚਰਡਸਨ-ਬੋਡਲਰ ਅਨੁਸਾਰ ਵਰਵੇਨ ਨੀਮ-ਪਾਗਲ ਖਪਤੀਆਂ ਦੀ ਦਵਾਈ ਹੈ, ਜੋ ਆਪਣੇ ਵਿਚਾਰਾਂ ਨੂੰ ਸਰਬੁਤਮ ਮੰਨ ਕੇ ਦੂਜਿਆਂ `ਤੇ ਲਾਗੂ ਕਰਨ ਲਈ ਚੜ੍ਹ ਜਾਂਦੇ ਹਨ। ਉਨ੍ਹਾਂ ਦੀ ਤਾਕਤ ਤੇ ਅਣਥਕਤਾ ਉਨ੍ਹਾਂ ਦੇ ਜਨੂੰਨ ਵਿਚੋਂ ਆਉਂਦੀ ਹੈ। ਉਨ੍ਹਾਂ ਦਾ ਮਾਨਸਿਕ ਤਵਾਜ਼ਨ ਵਿਗੜੇ ਹੋਣ ਕਾਰਨ ਉਨ੍ਹਾਂ ਦੇ ਸੁਭਾਅ ਵਿਚ ਉਲਾਰ ਆਇਆ ਹੁੰਦਾ ਹੈ। ਇਹ ਠੀਕ ਹੈ ਕਿ ਉਨ੍ਹਾਂ ਦੀ ਨੀਅਤ ਵਿਚ ਨਿਜ-ਸਵਾਰਥ ਨਹੀਂ ਹੁੰਦਾ, ਪਰ ਇਹ ਵੀ ਸੱਚ ਹੈ ਕਿ ਉਹ ਹਮੇਸ਼ਾ ਵਿਅਕਤੀਗਤ ਉਤਸ਼ਾਹ ਤੇ ਉਛਲਦੇ ਹਨ। ਇਹ ਵਿਅਕਤੀ ਨਾ ਲੋਕ-ਪੱਖੀ ਹੁੰਦੇ ਹਨ ਨਾ ਲੋਕਤੰਤਰੀ। ਇਹ ਧੁਰੀਓਂ ਹਿੱਲੀ ਮਾਨਸਿਕਤਾ ਵਾਲੇ ਲੋਕ ਹੁੰਦੇ ਹਨ, ਜਿਨ੍ਹਾਂ ਦਾ ਇਲਾਜ ਹੋਣ ਵਾਲਾ ਹੁੰਦਾ ਹੈ। ਆਪਣੀ ਮਾਨਸਿਕ ਸਿਹਤ ਦੀ ਬੁਰੀ ਹਾਲਤ ਵਿਚ ਇਹ ਦੰਗੇ ਕਰਾਉਣ ਵਾਲੇ, ਫਿਰਕੂ ਫਸਾਦ ਖੜ੍ਹੇ ਕਰਨ ਵਾਲੇ, ਤੇ ਤਰ੍ਹਾਂ ਤਰ੍ਹਾਂ ਦੇ ਜਨੂੰਨੀ ਦਲ, ਸਕੂਐਡ ਤੇ ਟਾਸਕ ਫੋਰਸਾਂ ਦੇ ਨੇਤਾ ਹੁੰਦੇ ਹਨ। ਇਹ ਬਿਮਾਰ ਨਾ ਹੋਇਆਂ ਵੀ ਬਿਮਾਰਾਂ ਵਰਗੇ ਹੀ ਹੁੰਦੇ ਹਨ। ਇਨ੍ਹਾਂ ਦੀ ਮੁੱਖ ਦਵਾਈ ਵਰਵੇਨ ਹੈ।
ਡਾ. ਕਾਰਨੇਲੀਆ ਕਹਿੰਦੇ ਹਨ ਕਿ ਵਰਵੇਨ ਦੇ ਮਰੀਜ਼ ਬੜੇ ਉਤਸ਼ਾਹੀ ਤੇ ਵਲਵਲਾ ਪ੍ਰਧਾਨ ਹੁੰਦੇ ਹਨ। ਕੁਝ ਨਾ ਕੁਝ ਕਰਨ ਦੀ ਉਮੰਗ ਤਾਂ ਉਨ੍ਹਾਂ ਵਿਚ ਹੁੰਦੀ ਹੀ ਹੈ, ਪਰ ਕਈ ਵਾਰ ਉਹ ਛੋਟੇ ਤੋਂ ਛੋਟੇ ਉਦਗਾਰ ਨਾਲ ਵੀ ਭੜ੍ਹਕ ਉਠਦੇ ਹਨ। ਛੋਟੀ ਜਿਹੀ ਬੇਇਨਸਾਫਿ ਜਾਂ ਕਿਸੇ ਨਾਲ ਧੱਕੇ ਕਾਰਨ ਉਹ ਤੈਸ਼ ਵਿਚ ਆ ਜਾਂਦੇ ਹਨ ਤੇ ਫਿਰ ਅੱਗਾ-ਪਿੱਛਾ ਨਹੀਂ ਦੇਖਦੇ। ਇਹ ਵਿਸ਼ਵਾਸ ਤਾਂ ਉਨ੍ਹਾਂ ਦੇ ਅੰਦਰ ਘਰ ਕਰ ਗਿਆ ਹੁੰਦਾ ਹੈ ਕਿ ਉਹ ਸਭ ਤੋਂ ਇਨਸਾਫ ਪਸੰਦ ਤੇ ਸਿਆਣੇ ਹਨ, ਬਸ ਇਸੇ ਵਿਸ਼ਵਾਸ ਦੇ ਸਹਾਰੇ ਉਹ ਸਾਰਾ ਦਿਨ ਦੂਜਿਆਂ ਦੇ ਕੰਮ ਆਉਂਦੇ ਫਿਰੀ ਜਾਂਦੇ ਹਨ। ਜੇ ਕਦੇ ਅਜਿਹੇ ਵਿਅਕਤੀ ਦੇਖੋ ਤਾਂ ਉਨ੍ਹਾਂ ਨੂੰ ਵਰਵੇਨ ਦੇ ਕੇ ਉਨ੍ਹਾਂ ਦਾ ਭਲਾ ਕਰੋ।
ਮੇਰਾ ਇਕ ਅਧਿਆਪਕ ਆਪਣੇ ਧਰਮ ਤੇ ਅਸੂਲਾਂ ਦਾ ਬੜਾ ਪੱਕਾ ਸੀ। ਉਹ ਆਪਣੇ ਵਿਅਕਤੀਗਤ ਕਿਰਦਾਰ ਤੇ ਉਦਾਰਤਾ ਦੀ ਮਿਸਾਲ ਪੇਸ਼ ਕਰ ਕੇ ਲੋਕਾਂ ਨੂੰ ਆਪਣੀ ਵਿਚਾਰਧਾਰਾ ਵੱਲ ਪ੍ਰੇਰਦਾ ਸੀ। ਦੂਜੇ ਮੱਤਾਂ ਦੇ ਲੋਕਾਂ ਅੱਗੇ ਉਹ ਸਾਰੇ ਹੀ ਫਿਰਕਿਆਂ ਦਾ ਸਤਿਕਾਰ ਕਰਦਾ ਸੀ। ਉਸ ਦੇ ਸਾਹਮਣੇ ਉਸ ਦਾ ਕੋਈ ਵਿਰੋਧ ਨਹੀਂ ਸੀ ਕਰਦਾ, ਪਰ ਪਿੱਠ ਪਿੱਛੇ ਲੋਕ ਉਸ ਨੂੰ ਸੰਪਰਦਾਈ ਕਹਿੰਦੇ ਸਨ। ਇਕ ਵਾਰ ਯੂਨੀਵਰਸਿਟੀ ਵਲੋਂ ਉਹ ਕਿਸੇ ਕਾਲਜ ਵਿਚ ਇੰਸਪੈਕਸ਼ਨ ਕਰਨ ਗਿਆ ਤਾਂ ਉੱਥੋਂ ਦੇ ਇਕ ਹੋਰ ਮੱਤ ਦੇ ਪ੍ਰੋਫੈਸਰ ਨੇ ਉਸ ਨੂੰ ਧਾਰਮਿਕ ਜਨੂੰਨੀ ਤੇ ਫਿਰਕਾਪ੍ਰਸਤ ਕਹਿ ਦਿੱਤਾ। ਮੇਰੇ ਅਧਿਆਪਕ ਨੇ ਉਸ ਨੂੰ ਕੋਈ ਜਵਾਬ ਨਾ ਦਿੱਤਾ। ਅਗਲੇ ਸਾਲ ਉਸ ਕਾਲਜ ਦੀ ਪ੍ਰਬੰਧਕ ਕਮੇਟੀ ਨੇ ਕਿਸੇ ਕਾਰਨ ਉਸ ਫਿਰਕਾਪ੍ਰਸਤ ਕਹਿਣ ਵਾਲੇ ਅਧਿਆਪਕ ਨੂੰ ਨੌਕਰੀ ਵਿਚੋਂ ਕੱਢ ਦਿੱਤਾ। ਜਦੋਂ ਮੇਰੇ ਅਧਿਆਪਕ ਨੂੰ ਇਸ ਗੱਲ ਦਾ ਪਤਾ ਲੱਗਿਆ, ਉਸ ਨੇ ਉਸ ਕੱਢੇ ਅਧਿਆਪਕ ਨੂੰ ਨਾ ਸਿਰਫ ਹੌਸਲਾ ਰਖਣ ਲਈ ਖੱਤ ਲਿਖ ਕੇ ਯੂਨੀਵਰਸਿਟੀ ਵਿਚ ਅਪੀਲ ਕਰਨ ਲਈ ਪ੍ਰੇਰਿਆ, ਸਗੋਂ ਉੱਥੇ ਉਸ ਦਾ ਕੇਸ ਲੜਨ ਦੀ ਪੇਸ਼ਕਸ਼ ਵੀ ਕੀਤੀ। ਉਹ ਉਸ ਦਾ ਪ੍ਰਤੀਨਿਧੀ ਬਣ ਕੇ ਉਸ ਨਾਲ ਕਈ ਵਾਰ ਯੂਨੀਵਰਸਿਟੀ ਗਿਆ ਤੇ ਹਰ ਵਾਰ ਆਪਣਾ ਚਾਰ ਸੌ ਕਿਲੋਮੀਟਰ ਦਾ ਕਿਰਾਇਆ ਵੀ ਆਪ ਖਰਚਦਾ ਰਿਹਾ। ਅੰਤ ਆਪਣੀਆਂ ਲਾਜਵਾਬ ਦਲੀਲਾਂ ਨਾਲ ਉਹ ਉਸ ਨੂੰ ਜਿਤਾ ਕੇ ਆਇਆ। ਬਹਾਲ ਹੋਇਆ ਉਹ ਪ੍ਰੋਫੈਸਰ ਮਗਰੋਂ ਉਸ ਦਾ ਪ੍ਰਸੰ਼ਸਕ ਬਣ ਗਿਆ। ਇਹੀ ਨਹੀਂ, ਇਕ ਹੋਰ ਯੂਨੀਵਰਸਿਟੀ ਦਾ ਸੈਨੇਟਰ ਹੁੰਦਾ ਹੋਇਆ ਉਹ ਨਿਰਸਵਾਰਥ ਤੇ ਹਮਦਰਦ ਅਧਿਆਪਕ ਸੈਨੇਟ ਮੀਟਿੰਗਾਂ ਵਿਚ ਬੇਆਵਾਜ਼ ਤੇ ਕਮਜ਼ੋਰ ਵਰਗਾਂ ਦੀ ਆਵਾਜ਼ ਬਣਦਾ। ਜਦੋਂ ਉਹ ਸੈਨੇਟ ਹਾਲ ਵਿਚ ਜਾਂਦਾ, ਅਨੇਕਾਂ ਚੌਥਾ ਦਰਜਾ ਕਰਮਚਾਰੀ, ਕਲਰਕ ਤੇ ਵਿਦਿਆਰਥੀ ਗੇਟ `ਤੇ ਖੜ੍ਹੇ ਆਪਣੀਆਂ ਮੰਗਾਂ ਦੱਸਣ ਲਈ ਉਸ ਦਾ ਇੰਤਜ਼ਾਰ ਕਰਦੇ ਰਹਿੰਦੇ। ਕੁਝ ਸਮੇਂ ਬਾਅਦ ਉਹ ਥੱਕ ਗਿਆ, ਉਸ ਨੂੰ ਸਾਹ ਚੜ੍ਹਨ ਲੱਗ ਪਿਆ ਤੇ ਉਹ ਇਕਾਹਠ ਸਾਲ ਦੀ ਉਮਰ ਵਿਚ ਦਿਲ ਦੇ ਦੌਰੇ ਕਾਰਨ ਮਰ ਗਿਆ। ਅਤੀਤ ਵਲ ਝਾਤ ਮਾਰਦਿਆਂ ਮੈਨੂੰ ਵਿਚਾਰ ਆਉਂਦਾ ਹੈ ਕਿ ਉਹ ਵਰਵੇਨ ਦਾ ਮਰੀਜ਼ ਸੀ ਤੇ ਸਹੀ ਸਮੇਂ ਦਿਤਿਆਂ ਇਹ ਫੁੱਲ ਦਵਾ ਉਸ ਦੀ ਉਮਰ ਕਈ ਸਾਲ ਵਧਾ ਸਕਦੀ ਸੀ।
ਫੁੱਲ ਦਵਾ ਵਰਵੇਨ ਦੇਣ ਲਈ ਮਰੀਜ਼ ਨੂੰ ਲੱਭਣ ਜਾਣਾ ਨਹੀਂ ਪੈਂਦਾ। ਇਸ ਦੇ ਕਈ ਮਰੀਜ਼ ਇਉਂ ਹੀ ਸਾਹਮਣੇ ਆ ਜਾਂਦੇ ਹਨ। ਕੋਈ ਕੱਟੜ ਵਿਚਾਰਧਾਰਾ ਵਾਲਾ ਹੋਵੇ, ਕੋਈ ਪੱਕਾ ਪਰੰਪਰਾਵਾਦੀ ਹੋਵੇ, ਕੋਈ ਆਪਣੀ ਦਵਾਈ ਦੂਜਿਆਂ ਨੂੰ ਦੱਸਣ ਵਾਲਾ ਹੋਵੇ, ਕੋਈ ਦਬੇ ਕੁਚਲਿਆਂ ਦੇ ਹੱਕ ਵਿਚ ਨਾਹਰਾ ਮਾਰਦਾ ਹੋਵੇ, ਕੋਈ ਸਮਾਜ ਸੁਧਾਰ ਦੀ ਗੱਲ ਕਰਦਾ ਹੋਵੇ, ਕੋਈ ਘਰ ਦੇ ਕੰਮ ਘੱਟ ਤੇ ਲੋਕਾਂ ਦੇ ਕੰਮ ਵਧੇਰੇ ਕਰਦਾ ਹੋਵੇ ਜਾਂ ਕੋਈ ਭਾਵੁਕ ਤੌਰ `ਤੇ ਉਲਾਰ ਹੋਵੇ, ਇਹ ਸਾਰੇ ਇਸੇ ਦਵਾ ਦੇ ਮਰੀਜ਼ ਹਨ। ਮੇਰਾ ਇਕ ਮਰੀਜ਼ ਬਹੁਤ ਹੀ ਹਲੀਮੀ ਨਾਲ ਕਾਲ ਕਰਦਾ, ਆਉਂਦਿਆਂ ਹੀ ਗੋਡੀਂ ਹੱਥ ਲਾਉਂਦਾ ਤੇ ਵਿਤੋਂ ਬਾਹਰਾ ਚੰਗਾ ਬਣਨ ਦੀ ਕੋਸਿ਼ਸ਼ ਕਰਦਾ। ਉਹ ਆਪਣੇ ਗੋਡਿਆਂ ਦੀ ਪੀੜ ਦੀ ਦਵਾ ਲੈਣ ਆਉਂਦਾ ਤੇ ਦੱਸਦਾ ਇਹ ਉਸ ਦੀ ਸਮਾਜ ਸੇਵਾ ਦੀ ਆਦਤ ਕਰ ਕੇ ਹੋਈ ਹੈ। ਹੌਲੀ ਹੌਲੀ ਉਹ ਆਪਣੀ ਉੱਚ ਮਰਦਾਨਗੀ ਦੀਆਂ ਗੱਲਾਂ ਕਰਦਾ ਤੇ ਉਨ੍ਹਾਂ ਔਰਤਾਂ ਦੀਆਂ ਗੱਲਾਂ `ਤੇ ਉੱਤਰ ਆਉਂਦਾ ਜਿਨ੍ਹਾਂ ਦੀ ਉਸ ਨੇ ਆਪਣੀ ਪਤਨੀ ਤੋਂ ਚੋਰੀ ‘ਸਮਾਜ ਸੇਵਾ’ ਕੀਤੀ ਹੁੰਦੀ। ਕਈ ਵਾਰ ਉਹ ਦੱਸਦਾ ਕਿ ਉਹ ਸਭ ਔਰਤਾਂ ਤਕਲੀਫ ਵਿਚ ਹਨ ਤੇ ਕਹਿੰਦਾ ਕਿ ਉਹ ਮੈਨੂੰ ਆਪਣੇ ਸ਼ਹਿਰ ਸੱਦ ਕੇ ਉਨ੍ਹਾਂ ਦੇ ਇਲਾਜ ਲਈ ਵਿਸ਼ੇਸ਼ ਕੈਂਪ ਲਗਵਾਵੇਗਾ। ਮੈਂ ਉਸ ਨੂੰ ਉਸ ਦੇ ਗੋਡਿਆਂ ਦੇ ਦਰਦ ਲਈ ਕਈ ਦਵਾਈਆਂ ਬਦਲ ਬਦਲ ਕੇ ਦਿੱਤੀਆਂ, ਪਰ ਉਸ ਨੂੰ ਆਰਾਮ ਨਾ ਆਇਆ। ਜਦੋਂ ਵੀ ਉਸ ਦੀ ਪਤਨੀ ਨਾਲ ਆਉਂਦੀ, ਇਹ ਉਸ ਦੇ ਇੱਲਤਪੁਣੇ ਦੀ ਸ਼ਿਕਾਇਤ ਕਰਦੀ ਰਹਿੰਦੀ। ਇਸ ਤੋਂ ਮੈਂ ਉਸ ਦੇ ਕਿਰਦਾਰ ਦਾ ਵਿਸ਼ਲੇਸ਼ਣ ਕੀਤਾ, ਜੋ ਵਰਵੇਨ ਨਾਲ ਮਿਲਦਾ ਦਿਖਾਈ ਦਿੱਤਾ। ਉਸ ਵਿਚ ਅਥਾਹ ਸ਼ਕਤੀ ਸੀ, ਪਰ ਉਹ ਇਸ ਦਾ ਸੰਜਮੀ ਇਸਤੇਮਾਲ ਨਹੀਂ ਸੀ ਕਰਦਾ। ਇੱਧਰ ਮੈਂ ਉਸ ਨੂੰ ਵਰਵੇਨ ਦਿੱਤੀ ਤੇ ਉੱਧਰ ਉਸ ਦਾ ਗਠੀਆ ਠੀਕ ਹੋਣਾ ਸ਼ੁਰੂ ਹੋ ਗਿਆ।
ਵਰਵੇਨ ਬਾਰੇ ਮੈਕਥੀਲਡ ਸ਼ੈਫਰ ਲਿਖਦਾ ਹੈ ਕਿ ਇਸ ਦਾ ਸਬੰਧ ਆਤਮਾ ਦੇ ਸਵੈ-ਸੰਜਮ ਤੇ ਆਤਮ ਰੋਕਾਂ ਦੇ ਝੁਕਾਵਾਂ ਨਾਲ ਹੈ। ਆਪਣੀ ਰਿਣਾਤਮਿਕ ਅਵਸਥਾ ਵਿਚ ਇਸ ਦਾ ਰੋਗੀ ਬਹੁਤਾ ਹੀ ਬਾਹਰਵਾਰ ਝੁਕਿਆ ਹੁੰਦਾ ਹੈ ਤੇ ਉਹ ਆਪਣੀਆਂ ਸ਼ਕਤੀਆਂ ਨੂੰ ਯੋਗਤਾ ਨਾਲ ਨਹੀਂ ਵਰਤਦਾ ਭਾਵ ਉਨ੍ਹਾਂ ਦਾ ਉਜਾੜਾ ਕਰਦਾ ਹੈ। ਉਸ ਅਨੁਸਾਰ ਵਰਵੇਨ ਦੇ ਮਰੀਜ਼ ਦੀ ਹਾਲਤ ਉਸ ਨੌਜਵਾਨ ਪੀਟਰ ਜਿਹੀ ਹੁੰਦੀ ਹੈ, ਜਿਸ ਨੂੰ ਚੁਸਤ ਤੇ ਹਿੰਮਤੀ ਸਮਝ ਕੇ ਕਲਾਸ ਅਧਿਆਪਕ ਨੇ ਸਕੂਲ ਦੇ ਸੈਰ ਸਪਾਟੇ ਦੇ ਟਰਿੱਪ ਦਾ ਮਨੀਟਰ ਬਣਾ ਦਿੱਤਾ। ਉਸ ਨੇ ਉਸ ਜਿੰਮੇ ਦੋ ਗੱਲਾਂ ਲਾਈਆਂ, ਸਭ ਬੱਚਿਆਂ ਨੂੰ ਘੇਰ ਕੇ ਟਰਿੱਪ ਦੇ ਨਾਲ ਰੱਖਣਾ ਅਤੇ ਸਮੇਂ ਸਮੇਂ ਤੇ ਉਸ ਨੂੰ ਟਾਇਮ ਦੱਸਦੇ ਰਹਿਣਾ ਤਾਂ ਹੋ ਟਰਿੱਪ ਲੇਟ ਨਾ ਹੋਵੇ। ਇਹ ਸੁਣ ਕੇ ਉਸ ਵਿਦਿਆਰਥੀ ਵਿਚ ਵਰਵੇਨ ਦੀ ਹਵਾ ਆ ਵੜੀ ਤੇ ਦੇਖਦੇ ਹੀ ਦੇਖਦੇ ਉਹ ਆਪਣੇ ਆਪ ਨੂੰ ਉਸ ਅਧਿਆਪਕ ਅਤੇ ਦੂਜੇ ਵਿਦਿਆਰਥੀਆਂ ਤੋਂ ਉੱਤੇ ਸਮਝਣ ਲੱਗਿਆ। ਇਕ ਪਾਸੇ ਉਸ ਨੇ ਵਿਦਿਆਰਥੀਆਂ ਨੂੰ ਘੇਰ ਘੇਰ ਕੇ ਤੰਗ ਕਰ ਦਿੱਤਾ ਤੇ ਦੂਜੇ ਪਾਸੇ ਘੜੀ ਘੜੀ ਸਮਾਂ ਦੱਸ ਕੇ ਅਧਿਆਪਕ ਨੂੰ ਵੀ ਤੰਗ ਕਰ ਮਾਰਿਆ। ਦੁਖੀ ਹੋ ਕੇ ਮਾਸਟਰ ਨੇ ਉਸ ਦਾ ਅਹੁਦਾ ਵਾਪਸ ਲੈ ਲਿਆ। ਕਈ ਪੁੱਛਣਗੇ ਕਿ ਇਸ ਲੜਕੇ ਦੀ ਦਵਾ ਵਰਵੇਨ ਕਿਵੇਂ ਹੋਈ। ਉਹ ਇਸ ਲਈ ਕਿ ਅੰਦਰੋਂ ਉਸ ਵਿਚ ਵਰਵੇਨ ਦੇ ਸਾਰੇ ਤੱਤ ਹਨ। ਉਹ ਸੱਚਾ ਹੈ, ਲਗਨ ਵਾਲਾ ਹੈ, ਵਫਾਦਾਰ ਹੈ, ਪ੍ਰਮਾਰਥੀ ਹੈ, ਦੂਜਿਆਂ ਦੀ ਸੇਵਾ ਵਿਚ ਲੱਗਿਆ ਹੋਇਆ ਹੈ, ਕਾਇਦੇ ਦਾ ਪੱਕਾ ਹੈ ਤੇ ਅਣਥੱਕ ਸ਼ਕਤੀ ਦਾ ਮਾਲਕ ਹੈ; ਪਰ ਉਸ ਨੂੰ ਆਪਣੀ ਸ਼ਕਤੀ `ਤੇ ਸਹੀ ਕੰਟਰੋਲ ਨਹੀਂ ਹੈ। ਉਹ ਸਭ ਕੁਝ ਲੋੜ ਨਾਲੋਂ ਵਾਧੂ ਕਰ ਰਿਹਾ ਹੈ। ਉਹ ਆਪਣੇ ਅਹੁਦੇ ਦੀਆਂ ਸਹੀ ਜਿ਼ੰਮੇਵਾਰੀਆਂ ਭੁੱਲ ਕੇ ਲੋਕਾਂ ਦਾ ਨੱਕ ਵਿਚ ਦਮ ਕਰ ਰਿਹਾ ਹੈ। ਉਸ ਦਾ ਇਲਾਜ ਫੁੱਲ ਦਵਾਈ ਵਰਵੇਨ ਵਿਚ ਹੈ।
ਛੇ ਕੁ ਸਾਲ ਪਹਿਲਾਂ ਮੇਰੇ ਕੋਲ ਇਕ ਬੀਬੀ ਆਪਣੇ ਸੱਤ ਸਾਲ ਦੇ ਲੜਕੇ ਨੂੰ ਲੈ ਕੇ ਆਈ। ਕਹਿਣ ਲੱਗੀ, “ਇਸ ਨੂੰ ਟੌਂਸਲਜ਼ ਹਨ। ਕਦੇ ਆਰਾਮ ਆ ਜਾਂਦਾ ਹੈ ਤੇ ਕਦੇ ਮੁੜ ਫੁੱਲ ਜਾਂਦੇ ਹਨ। ਦਰਦ ਨਾਲ ਕੁਝ ਖਾਂਦਾ ਨਹੀਂ ਤੇ ਘਟਦਾ ਜਾਂਦਾ ਹੈ। ਡਾਕਟਰ ਕਹਿੰਦਾ ਹੈ, ਉਪ੍ਰੇਸ਼ਨ ਕਰਨਾ ਪਵੇਗਾ ਤਾਂ ਇਹ ਠੀਕ ਹੋਵੇਗਾ। ਤੁਸੀਂ ਕੋਈ ਦਵਾਈ ਦਿਓ ਜੇ ਇਹ ਬਿਨਾ ਆਪਰੇਸ਼ਨ ਠੀਕ ਹੋ ਜਾਵੇ।” ਸੱਚੀ ਗੱਲ ਇਹ ਹੈ ਕਿ ਹੋਮਿਓਪੈਥੀ ਵਿਚ ਨਾ ਬਿਮਾਰੀ ਦੇ ਨਾਂ ਦੀ ਪ੍ਰਵਾਹ ਕੀਤੀ ਜਾਂਦੀ ਹੈ ਤੇ ਨਾ ਹੀ ਇਸ ਮੁਤਾਬਿਕ ਇਲਾਜ ਕੀਤਾ ਜਾਂਦਾ ਹੈ। ਕੀਤਾ ਇਸ ਲਈ ਨਹੀਂ ਜਾਂਦਾ ਕਿਉਂਕਿ ਹੁੰਦਾ ਹੀ ਨਹੀਂ। ਬਿਮਾਰੀ ਦਾ ਨਾਂ ਤਕਲੀਫ ਦੀ ਕਿਸਮ ਜਾਂ ਸਰੀਰ ਦੇ ਉਸ ਸਥਾਨ ਅਨੁਸਾਰ ਹੁੰਦਾ ਹੈ, ਜਿੱਥੇ ਤਕਲੀਫ ਹੁੰਦੀ ਹੋਵੇ, ਪਰ ਅਸਲ ਤਕਲੀਫ ਅੰਗਿਕ ਨਾ ਹੋ ਕੇ ਪੂਰੇ ਵਜੂਦ ਨਾਲ ਜੁੜੀ ਹੁੰਦੀ ਹੈ। ਫਿਰ ਗਲਿਆਂ ਭਾਵ ਟੌਂਸਿਲਜ਼ ਦਾ ਹੋਣਾ ਤਾਂ ਸਿੱਧੇ ਤੌਰ `ਤੇ ਵਿਅਕਤੀ ਦੇ ਵਧਣ ਫੁੱਲਣ ਤੇ ਉਸ ਦੇ ਦਿਮਾਗੀ ਵਿਕਾਸ ਨਾਲ ਜੁੜੀ ਚੀਜ਼ ਹੈ। ਇਨ੍ਹਾਂ ਦੇ ਆਪਰੇਸ਼ਨ ਕਰਨ ਨਾਲ ਮਰੀਜ਼ ਦਾ ਕੋਈ ਸੁਧਾਰ ਨਹੀਂ ਹੋ ਸਕਦਾ। ਇਸ ਲਈ ਸਭ ਤੋਂ ਪਹਿਲਾਂ ਮੈਂ ਬੀਬੀ ਨੂੰ ਬੱਚੇ ਦੀ ਪੜ੍ਹਾਈ ਲਿਖਾਈ ਬਾਰੇ ਪੁੱਛਿਆ। ਉਸ ਨੇ ਕਿਹਾ, “ਪੜ੍ਹ ਲਿਖ ਤਾਂ ਲਵੇ ਜੀ ਜੇ ਪੜ੍ਹੇ, ਪਰ ਪੜ੍ਹਦਾ ਹੀ ਨਹੀਂ। ਸਾਰਾ ਦਿਨ ਭੱਜਿਆ ਨੱਠਿਆ ਫਿਰਦਾ ਰਹਿੰਦਾ ਹੈ, ਜੇ ਪੜ੍ਹਨ ਨੂੰ ਕਹੋ ਤਾਂ ਬਹਾਨੇਬਾਜੀ ਕਰਦਾ ਹੈ।”
ਮੈਨੂੰ ਕੁਝ ਪਤਾ ਨਾ ਲੱਗਿਆ ਇਸ ਲਈ ਫਿਰ ਪੁੱਛਿਆ, “ਜੇ ਪੜ੍ਹਦਾ ਹੀ ਨਹੀਂ, ਤੁਹਾਨੂੰ ਕਿਵੇਂ ਪਤਾ ਹੈ ਕਿ ਪੜ੍ਹਾਈ ਲਿਖਾਈ ਵਿਚ ਚੰਗਾ ਹੈ?” ਉਹ ਬੋਲੀ, “ਇਹ ਤਾਂ ਮੈਨੂੰ ਹੋਮ ਵਰਕ ਕਰਵਾਉਣ ਵੇਲੇ ਪਤਾ ਲੱਗ ਜਾਂਦਾ ਹੈ ਜੀ ਕਿ ਇਸ ਨੂੰ ਪੜ੍ਹਾਈ ਹੋਈ ਸਭ ਗੱਲ ਸਮਝ ਵਿਚ ਆਉਂਦੀ ਹੈ। ਇਸ ਦੀ ਟੀਚਰ ਵੀ ਇਹੀ ਕੁਝ ਦੱਸਦੀ ਹੈ।” ਗੱਲ ਨੂੰ ਹੋਰ ਸਪਸ਼ਟ ਕਰਨ ਲਈ ਮੈਂ ਕਿਹਾ, “ਫਿਰ ਸਕੂਲ ਵਿਚ ਮਨ ਲਗਾ ਕੇ ਪੜ੍ਹਦਾ ਹੋਵੇਗਾ।” ਉਹ ਬੋਲੀ, “ਪੜ੍ਹਦਾ ਕਿੱਥੇ ਹੈ ਜੀ, ਤੁਹਾਨੂੰ ਦੱਸਿਆ ਤਾਂ ਹੈ ਬੱਸ ਭੱਜਣ-ਨੱਠਣ ਤੇ ਸ਼ਰਾਰਤਾਂ ਵਿਚ ਬਹੁਤਾ ਮਨ ਰਹਿੰਦਾ ਐ ਇਸ ਦਾ। ਕਲਾਸ ਵਿਚ ਕਈ ਹੋਰ ਬੱਚੇ ਨੇ ਇਸ ਵਰਗੇ। ਨਾ ਇਹ ਉਨ੍ਹਾਂ ਦਾ ਖਹਿੜਾ ਛੱਡਦਾ ਹੈ, ਨਾ ਉਹ ਇਸ ਦਾ ਛੱਡਦੇ ਨੇ। ਇਕ ਦੂਜੇ ਨੂੰ ਛੇੜੀ ਜਾਂਦੇ ਨੇ, ਗੱਲਾਂ ਕਰੀ ਜਾਂਦੇ ਨੇ। ਰਿਸੈਸ ਵਿਚ ਖੇਡਣ ਨੂੰ ਭੱਜ ਲੈਂਦੇ ਹਨ। ਇਹ ਤਾਂ ਲੰਚ ਕਰਨਾ ਵੀ ਭੁੱਲ ਜਾਂਦਾ ਹੈ। ਟੀਚਰ ਨੇ ਕਈ ਵਾਰ ਨੋਟ ਭੇਜਿਆ ਹੈ, ਅਸੀਂ ਵੀ ਸਮਝਾਉਂਦੇ ਹਾਂ, ਪਰ ਇਸ ਦਾ ਧਿਆਨ ਪੜ੍ਹਾਈ ਤੋਂ ਦੂਜੇ ਪਾਸੇ ਹੀ ਰਹਿੰਦਾ ਹੈ। ਕਈ ਵਾਰ ਤਾਂ ਬਸਤਾ ਤੇ ਹੋਮਵਰਕ ਸਲਿਪ ਵੀ ਸਕੂਲੇ ਛੱਡ ਆਉਂਦਾ ਹੈ।”
ਬੱਚੇ ਵਿਚ ਮੈਨੂੰ ਕੁਝ ਵੀ ਮਾੜਾ ਨਜ਼ਰ ਨਾ ਆਇਆ। ਸਮਝ ਪੱਖੋਂ ਠੀਕ ਸੀ, ਬਸ ਉਹ ਆਪਣੀ ਮਾਨਸਿਕ ਸ਼ਕਤੀ `ਤੇ ਨਿਯੰਤਰਣ ਨਹੀਂ ਸੀ ਰੱਖ ਰਿਹਾ। ਜੇ ਉਹ ਸਮਝ ਪੱਖੋਂ ਢਿੱਲ੍ਹਾ ਹੁੰਦਾ, ਮੈਂ ਉਸ ਨੂੰ ਚੈਸਟਨਟ ਬੱਡ ਦਿੰਦਾ, ਪਰ ਹੁਣ ਮੈਂ ਉਸ ਨੂੰ ਆਪਣੇ ਕੰਮ ਵਿਚ ਸ਼ਕਤੀ ਲਾਉਣ ਲਈ ਵਰਵੇਨ ਦਿੱਤੀ। ਇਕ ਮਹੀਨੇ ਬਾਅਦ ਜਦੋਂ ਉਹ ਉਸ ਬੱਚੇ ਨੂੰ ਫਿਰ ਦਿਖਾਉਣ ਲਿਆਈ, ਉਸ ਦੇ ਟੌਂਸਲ ਠੀਕ ਸਨ ਤੇ ਉਸ ਦਾ ਸਕੂਲੀ ਵਿਹਾਰ ਬਦਲ ਰਿਹਾ ਸੀ। ਵਰਵੇਨ ਜਾਰੀ ਰੱਖੀ। ਇਹ ਬੀਬੀ ਉਸ ਬੱਚੇ ਨੂੰ ਟੌਂਸਲਾਂ ਬਾਰੇ ਮੁੜ ਲੈ ਕੇ ਨਾ ਆਈ।
ਦੂਜੀਆਂ ਬੈਚ ਫੁੱਲ ਦਵਾਈਆਂ ਵਾਂਗ ਵਰਵੇਨ ਵੀ ਮਨੁੱਖ ਦੇ ਸੁਭਾਅ ਤੇ ਆਦਤਾਂ ਦਾ ਸ਼ੁੱਧੀਕਰਨ ਕਰਦੀ ਹੈ। ਜੇ ਕੋਈ ਲੋਕ ਭਲਾਈ ਲਈ ਅੱਖਾਂ ਦਾ ਕੈਂਪ ਲਾ ਕੇ ਅੰਦਰੋਂ ਡਾਕਟਰਾਂ ਤੋਂ ਉਨ੍ਹਾਂ ਦੀ ਮਸ਼ਹੂਰੀ ਬਦਲੇ ਪੈਸੇ ਬਟੋਰਦਾ ਹੈ ਤਾਂ ਉਹ ਵਰਵੇਨ ਸੁਭਾਅ ਦੇ ਹੋ ਕੇ ਨਿਖੇਧਾਤਮਿਕ ਕੰਮ ਕਰਦਾ ਹੈ। ਜੇ ਕੋਈ ਡਾਕਟਰ ਕਿਸੇ ਬੀਮਾਰੀ ਦੇ ਇਲਾਜ ਲਈ ਮੁਫਤ ਕੈਂਪ ਲਾਉਂਦਾ ਹੈ, ਪਰ ਅੰਦਰੋਂ ਉਸ ਦਾ ਉਦੇਸ਼ ਆਪਣੇ ਹਸਪਤਾਲ ਜਾਂ ਕਲਿਨਿਕ ਲਈ ਬਿਮਾਰ ਖਿੱਚਣਾ ਹੈ ਤਾਂ ਵੀ ਉਹ ਦਿਆਨਤ ਵਿਚ ਖਿਆਨਤ ਕਰਦਾ ਹੈ। ਇਨ੍ਹਾਂ ਦੋਹਾਂ ਹਾਲਤਾਂ ਵਿਚ ਵਰਵੇਨ ਕੰਮ ਆਉਂਦੀ ਹੈ। ਕਈ ਨੌਜਵਾਨ ਕੰਮ ਤਾਂ ਪੂਰਾ ਕਰਦੇ ਹਨ, ਪਰ ਉਨ੍ਹਾਂ ਦੀ ਰੁਚੀ ਕਿਤੇ ਹੋਰ ਧਰੀ ਰਹਿੰਦੀ ਹੈ। ਕਈ ਕੰਮ ਦਾ ਭਾਰ ਲਾਹੁੰਦਿਆਂ ਹੀ ਤਾਸ਼ ਖੇਡਣ ਭੱਜ ਲੈਂਦੇ ਹਨ। ਕਈ ਕੰਮ ਖਤਮ ਹੁੰਦਿਆਂ ਹੀ ਸ਼ਰਾਬ `ਤੇ ਲਪਕ ਪੈਂਦੇ ਹਨ। ਕਈ ਮੁੱਖ ਕੰਮ ਛੱਡ ਕੇ ਕਿਸੇ ਹੋਰ ਛੋਟੇ ਕੰਮ ਵਿਚ ਰੁਝ ਜਾਂਦੇ ਹਨ। ਬੱਚੇ ਨਾਂ ਦਾ ਹੋਮ ਵਰਕ ਕਰਕੇ ਝੱਟ ਟੀ. ਵੀ. ਜਾਂ ਫੋਨ ਨਾਲ ਜਾ ਚਿਪਕਦੇ ਹਨ। ਇਹ ਵਰਵੇਨ ਦੀਆਂ ਨਿਸ਼ਾਨੀਆਂ ਹਨ ਤੇ ਵਰਵੇਨ ਹੀ ਇਨ੍ਹਾਂ ਨੂੰ ਠੀਕ ਕਰਦੀ ਹੈ।
ਇਸੇ ਤਰ੍ਹਾਂ ਜਿਹੜੇ ਆਦਤਨ ਫਜ਼ੂਲ ਖਰਚੀ ਕਰਦੇ ਹਨ ਤੇ ਘਰ ਦਾ ਬਜਟ ਨਹੀਂ ਸੰਭਾਲ ਸਕਦੇ, ਉਹ ਵੀ ਵਰਵੇਨ ਨਾਲ ਸੁਧਰ ਜਾਂਦੇ ਹਨ। ਸੈਨ ਹੋਜ਼ੇ ਰਹਿੰਦੇ ਇਕ ਸਕੂਲ ਅਧਿਆਪਕ ਆਪਣੀ ਨਰਸ ਪਤਨੀ ਨੂੰ ਇਲਾਜ ਲਈ ਮੇਰੇ ਕੋਲ ਲੈ ਕੇ ਆਇਆ। ਉਸ ਨੇ ਕਿਹਾ, “ਇਹ ਮੇਰੀ ਵਾਈਫ ਨੇ। ਡਾਕਟਰਾਂ ਨੇ ਇਨ੍ਹਾਂ ਨੂੰ ਓ. ਸੀ. ਡੀ. ਦੀ ਬੀਮਾਰੀ ਦੱਸੀ ਹੈ। ਕੀ ਤੁਹਾਡੇ ਕੋਲ ਓ. ਸੀ. ਡੀ. ਦਾ ਇਲਾਜ ਹੈ?” ਮੈਂ ਕਿਹਾ, “ਮੇਰੇ ਕੋਲ ਓ. ਸੀ. ਡੀ. ਦਾ ਤਾਂ ਕੋਈ ਇਲਾਜ਼ ਨਹੀਂ, ਪਰ ਜੋ ਤਕਲੀਫ ਤੁਹਾਡੀ ਪਤਨੀ ਨੂੰ ਹੈ, ਉਸ ਦਾ ਹੋ ਸਕਦਾ ਹੈ।” ਜਵਾਬ ਸੁਣ ਕੇ ਉਹ ਘਬਰਾ ਜਿਹਾ ਗਿਆ ਤੇ ਦੱਸਣ ਲੱਗਿਆ, “ਜੀ ਇਹ ਫਜ਼ੂਲ ਦੀ ਸ਼ਾਪਿੰਗ ਕਰਦੀ ਰਹਿੰਦੀ ਹੈ। ਜਦੋਂ ਦਿਲ ਕਰਦਾ ਹੈ, ਸਟੋਰਾਂ ਨੂੰ ਚਲੀ ਜਾਂਦੀ ਹੈ ਤੇ ਬੋਲੋੜੀਆਂ ਚੀਜ਼ਾਂ ਖਰੀਦ ਕੇ ਲੈ ਆਉਂਦੀ ਹੈ। ਘਰੋਂ ਜਰੂਰਤ ਦੀ ਇਕ ਚੀਜ਼ ਲੈਣ ਜਾਂਦੀ ਹੈ, ਪੰਜ ਹੋਰ ਇਧਰ ਉਧਰ ਦੀਆਂ ਲੈ ਆਉਂਦੀ ਹੈ। ਆਪਣੇ ਹਸਪਤਾਲ ਦੇ ਕੰਮ ਤੋਂ ਬਿਨਾ ਇਸ ਦਾ ਇਹੀ ਮੁੱਖ ਧੰਦਾ ਹੈ। ਇਸ ਦੀ ਸਾਰੀ ਤਨਖਾਹ ਬੇਲੋੜੀਆਂ ਚੀਜ਼ਾਂ ਖਰੀਦਣ `ਤੇ ਹੀ ਜਾਂਦੀ ਹੈ।”
ਮੈਂ ਉਸ ਦੀ ਪਤਨੀ ਤੋਂ ਪੁੱਛਿਆ ਕਿ ਜੇ ਇਹ ਸੱਚ ਹੈ ਤਾਂ ਉਹ ਇਸ ਤਰ੍ਹਾਂ ਕਿਉਂ ਕਰਦੀ ਹੈ। ਉਸ ਨੇ ਕਿਹਾ, “ਮੈਨੂੰ ਘਰ ਬੈਠੇ ਕਿਸੇ ਨਾ ਕਿਸੇ ਚੀਜ਼ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਮੈਂ ਉਸ ਨੂੰ ਖਰੀਦਣ ਲਈ ਸਟੋਰ ਚਲੀ ਜਾਂਦੀ ਹਾਂ, ਪਰ ਉੱਥੇ ਜਾ ਕੇ ਹਰ ਚੀਜ਼ ਹੀ ਲੋੜਵੰਦ ਲੱਗਣ ਲਗਦੀ ਹੈ ਤੇ ਮੈਂ ਖਰੀਦ ਲਿਆਉਂਦੀ ਹਾਂ।” ਮੈਂ ਉਸ ਨੂੰ ਸਮਝਾਇਆ ਕਿ ਘਰੋਂ ਲਿਸਟ ਬਣਾ ਕੇ ਲੈ ਜਾਇਆ ਕਰੇ ਤੇ ਲਿਸਟ ਤੋਂ ਬਾਹਰ ਕੁਝ ਨਾ ਖਰੀਦੇ। ਉਸ ਨੇ ਕਿਹਾ, “ਜੀ ਘਰੋਂ ਤਾਂ ਲਿਸਟ ਹੀ ਬਣਾ ਕੇ ਜਾਂਦੀ ਹਾਂ ਪਰ ਅੱਗੇ ਜਾ ਕੇ ਲਿਸਟ ਵੱਡੀ ਹੋ ਜਾਂਦੀ ਹੈ।” ਜੇ ਚੰਗੇ ਇਰਾਦੇ ਨਾਲ ਕੀਤਾ ਕੰਮ ਵੀ ਗਲਤ ਹੋ ਜਾਵੇ ਜਾਂ ਪੱਕੇ ਧਾਗੇ ਨਾਲ ਬੰਨ੍ਹਿਆ ਮਨ ਵੀ ਖੁੱਲ੍ਹ ਜਾਵੇ ਤਾਂ ਵਰਵੇਨ ਕੰਮ ਆਉਂਦੀ ਹੈ। ਮੈਂ ਉਸ ਨੂੰ ਇਕ ਮਹੀਨਾ ਵਰਵੇਨ ਖਾਣ ਨੂੰ ਦਿੱਤੀ ਤੇ ਉਸ ਦੀ ਫਜ਼ੂਲ ਖਰਚੀ `ਤੇ ਲਗਾਮ ਕੱਸੀ ਗਈ।
ਓ. ਸੀ. ਡੀ. ਹੀ ਨਹੀਂ, ਜੇ ਵਰਵੇਨ ਦੇ ਸੰਕੇਤ ਮਿਲਦੇ ਹੋਣ ਤਾਂ ਇਹ ਫੁੱਲ ਦਵਾਈ ਸਕਿਜ਼ੋਫਰੇਨੀਆ, ਬਾਈਪੋਲਰ ਡਿਸਆਰਡਰ, ਸਪਲਿਟ ਪਰਸਨੈਲਿਟੀ, ਜਨੂੰਨੀ ਖੁਰਾਫਾਤ, ਧਾਰਮਿਕ ਪੱਖਪਾਤ, ਬਲੱਡ ਪ੍ਰੈਸ਼ਰ, ਟੈਨਸ਼ਨ ਤੇ ਉਨੀਂਦਰਾਪਣ ਜਿਹੀਆਂ ਬਹੁਤ ਸਾਰੀਆਂ ਹੋਰ ਬਿਮਾਰੀਆਂ ਨੂੰ ਵੀ ਠੀਕ ਕਰਨ ਦਾ ਦਮ ਰੱਖਦੀ ਹੈ।