ਮਾਣਯੋਗ ਸੰਪਾਦਕ ਜੀਓ,
ਪੰਜਾਬ ਟਾਈਮਜ਼ ਦੇ 28 ਅਗਸਤ ਵਾਲੇ ਅੰਕ ਵਿਚ ਡਾ. ਬਲਵੰਤ ਐਸ. ਹੰਸਰਾ ਦਾ ਲਘੁ-ਲੇਖ “ਮੇਰੀ ਪੱਗ ਮੇਰੀ ਪਛਾਣ” ਪੜ੍ਹਿਆ। ਲਿਖਤ ਦਾ ਵਿਸ਼ਾ ਦਿਲਚਸਪ ਸੀ, ਪਰ ਇਸ ਦਾ ਕੋਈ ਤਾਤਪਰਜ ਨਿਕਲਦਾ ਨਜ਼ਰ ਨਹੀਂ ਆਇਆ। ਬਸ ਇਹੀ ਲਗਦਾ ਹੈ ਕਿ ਲੇਖਕ ਅਜਨਬੀ ਦੇਸ ਵਿਚ ਪੱਗ ਦੇ ਬਹਾਨੇ ਪੀੜਿਤ ਬਣ ਕੇ ਨਾਮਣਾ ਖੱਟਣਾ ਚਾਹੁੰਦਾ ਹੈ। ਉਨ੍ਹਾਂ ਦੀ ਲੇਖਣੀ ਵਿਚ ਇਕ ਤਰ੍ਹਾਂ ਦਾ ਅਹਿਸਾਸ-ਏ-ਕਮਤਰੀ, ਇੱਕਲੇਪਣ ਦਾ ਖੌਫ ਅਤੇ ਸਿਰ `ਤੇ ਪੱਗ ਬੰਨ੍ਹਣ ਦਾ ਅਹਿਸਾਨ ਜਿਹਾ ਛਾਇਆ ਹੋਇਆ ਹੈ। ਸ਼ਾਇਦ ਇਸ ਦਬੇ ਅਹਿਸਾਸ ਦੀ ਨਿਕਾਸੀ ਲਈ ਹੀ ਉਨ੍ਹਾਂ ਨੇ ਇਹ ਲਿਖਤ ਲਿਖੀ ਹੋਵੇ। ਉਨ੍ਹਾਂ ਦੀ ਲਿਖਤ `ਚੋਂ ਅਜਿਹਾ ਕੋਈ ਧਰਮ ਸੰਕਟ ਸਾਹਮਣੇ ਨਹੀਂ ਆਉਂਦਾ, ਜਿਸ ਦੇ ਸੰਦਰਭ ਵਿਚ ਉਨ੍ਹਾਂ ਦੀ ਇਹ ਗੱਲ ਢੁੱਕ ਸਕੇ। ਅਮਰੀਕਾ-ਕੈਨੇਡਾ ਵਿਚ ਲੱਖਾਂ ਅਜਿਹੇ ਲੋਕ ਰਹਿ ਰਹੇ, ਜੋ ਪੱਗੜੀ ਬੰਨ੍ਹਦੇ ਹਨ ਅਤੇ ਜਿਨ੍ਹਾਂ ਦੀ ਪਛਾਣ ਇਸ ਸਭਿਆਚਾਰਕ ਚਿੰਨ ਨਾਲ ਜੁੜੀ ਹੋਈ ਹੈ; ਪਰ ਉਨ੍ਹਾਂ ਨੇ ਕਦੇ ਇਸ ਗੱਲ ਦਾ ਬੇ-ਵਜ੍ਹਾ ਲਾਹਾ ਨਹੀਂ ਖੱਟਿਆ।
ਇੱਕਲਪੁਣੇ ਦੇ ਡਰ ਦੀ ਗੱਲ ਉਨ੍ਹਾਂ ਦੀਆਂ ਬਿਆਨ ਕੀਤੀਆਂ ਸਾਰੀਆਂ ਘਟਨਾਵਾਂ ਵਿਚੋਂ ਟਪਕਦੀ ਹੈ। ਜਦੋਂ ਉਹ 1959 ਵਿਚ ਸ਼ਿਕਾਗੋ ਦੇ ਕਿਸੇ ਵਿਦਿਅਕ ਅਦਾਰੇ ਵਿਚ ਪੜ੍ਹਨ ਆਏ ਤਾਂ ਮਨੋ ਮਨੀ ਇਹ ਸੋਚਣ ਲੱਗੇ ਕਿ ਉੱਥੇ ਇੱਕੋ ਇਕ ਉਹੀ ਦਸਤਾਰਧਾਰੀ ਸਰਦਾਰ ਹਨ। ਭਾਵੇਂ ਕਿਸੇ ਨੇ ਉਨ੍ਹਾਂ ਨੂੰ ਕੁਝ ਕਿਹਾ ਨਹੀਂ ਤਾਂ ਵੀ ਉਹ ਇਸ ਭੈਅ ਦਾ ਜਿ਼ਕਰ ਕਰਦੇ ਹਨ। ਇਸੇ ਤਰ੍ਹਾਂ ਜਦੋਂ ਉਹ ਰੈਸਟੋਰੈਂਟ ਦੀ ਭਾਲ ਵਿਚ ਫਿਰਦੇ ਲੋਕਾਂ ਦੀ ਭੀੜ ਵਿਚ ਚਲੇ ਜਾਂਦੇ ਹਨ ਤਾਂ ਵੀ ਸਹਿਮ ਜਾਂਦੇ ਹਨ। ਉਨ੍ਹਾਂ ਨੂੰ ਡਰ ਸੀ ਕਿ ਕੋਈ ਉਨ੍ਹਾਂ ਬਾਰੇ ਚੰਗੀ ਮਾੜੀ ਟਿੱਪਣੀ ਕਰੇਗਾ ਜਾਂ ਉਨ੍ਹਾਂ ਨੂੰ ਕੋਈ ਨੁਕਸਾਨ ਪਹੁੰਚਾਵੇਗਾ, ਪਰ ਕਿਸੇ ਨੇ ਅਜਿਹਾ ਕੁਝ ਨਹੀਂ ਕੀਤਾ। ਇਸ ਤਰ੍ਹਾਂ ਬਿਨਾ ਕਿਸੇ ਭੈਅ ਦੇ ਡਰ ਡਰ ਕੇ ਸਮਾਂ ਕੱਟਣ ਤੋਂ ਬਾਅਦ ਵੀ ਉਹ ਇਕੋ ਇਕ ਪਗੜੀਵਾਲੇ ਹੋਣ ਦਾ ਸਿਹਰਾ ਆਪਣੇ ਸਿਰ ਲੈਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੇ ਇਹ ਨਹੀਂ ਸੋਚਿਆ ਕਿ ਜੇ ਕੋਈ ਘਟਨਾ ਘਟੇ ਤਾਂ ਹੀ ਕਹਾਣੀ ਬਣਦੀ ਹੈ, ਜੇ ਨਾ ਘਟੇ ਤਾਂ ਕੁਝ ਦੱਸਣਯੋਗ ਨਹੀਂ ਹੁੰਦਾ।
ਡਾ. ਸਾਹਿਬ ਦਾ ਭਾਰਤੋਂ ਲਿਆਂਦਾ ਮਾਨਸਿਕ ਡਰ ਉਦੋਂ ਪੂਰੀ ਤਰ੍ਹਾਂ ਜਾਹਰ ਹੋ ਜਾਂਦਾ ਹੈ, ਜਦੋਂ ਉਹ ਅਮਰੀਕਾ ਵਿਚ ਆਪਣੀਆਂ ਨੌਕਰੀਆਂ ਦੀ ਗੱਲ ਕਰਦੇ ਹਨ। ਜੇ ਇਕ ਕੰਪਨੀ ਨੇ ਨੌਕਰੀ ਨਾ ਦਿੱਤੀ ਤਾਂ ਉਹ ਪੱਗੜੀ ਦੇ ਨਾਂ ਲਾ ਦਿੰਦੇ ਹਨ, ਪਰ ਜਿਨ੍ਹਾਂ ਕਈਆਂ ਨੇ ਪੱਗੜੀ ਦੇ ਬਾਵਜੂਦ ਜੌਬਾਂ ਦੇ ਦਿੱਤੀਆਂ, ਉਨ੍ਹਾਂ ਦਾ ਕੋਈ ਜ਼ਿਕਰ ਹੀ ਨਹੀਂ ਕਰਦੇ।
ਜਿਨ੍ਹਾਂ ਲੋਕਾਂ ਨੂੰ ਸਾਡੇ ਸਭਿਆਚਾਰ ਦਾ ਬਹੁਤਾ ਇਲਮ ਨਹੀਂ, ਜਿਨ੍ਹਾਂ ਦੀਆਂ ਇਸ ਨਾਲ ਭਾਵਨਾਵਾਂ ਨਹੀਂ ਜੁੜੀਆਂ ਹੋਈਆਂ ਅਤੇ ਜੋ ਆਪਣੇ ਕੰਮ ਨਾਲ ਕੰਮ ਰੱਖਦੇ ਹੋਏ ਦੂਜਿਆਂ ਦੀ ਦਿੱਖ ਦਾ ਸਨਮਾਨ ਕਰਦੇ ਹਨ, ਉਨ੍ਹਾਂ ਤੋਂ ਆਪਣੇ ਸਭਿਆਚਾਰ ਪ੍ਰਤੀ ਦਵੈਸ਼ ਜਾਂ ਉਚੇਚ ਦੀ ਆਸ ਰੱਖਣਾ ਖੁਦ ਆਪਣੇ ਦਵੈਸ਼ ਦਾ ਇਜ਼ਹਾਰ ਕਰਨਾ ਹੈ। ਹਾਂ, 2001 ਤੋਂ ਬਾਅਦ ਦੀ ਸਥਿਤੀ ਰਤਾ ਵੱਖਰੀ ਹੈ ਤੇ ਇਸ ਦੇ ਕਾਰਨ ਵੀ ਵੱਖਰੇ ਹਨ। ਪਰ ਅੱਜ ਕੱਲ੍ਹ ਵੀ ਜੇ ਕੋਈ ਜਾਹਲ ਤੇ ਅਗਿਆਨੀ ਪੱਗ ਤੋਂ ਸ਼ਨਾਖਤ ਕਰ ਕੇ ਕਿਸੇ `ਤੇ ਵਾਰ ਕਰਦਾ ਹੈ, ਇਸ ਦਾ ਇਹ ਕਾਰਨ ਨਹੀਂ ਕਿ ਉਹ ਪੱਗ ਦਾ ਵਿਰੋਧੀ ਹੈ। ਉਹ ਇਕ ਅਕਲ ਤੋਂ ਕੋਰਾ ਤੇ ਅਜਿਹਾ ਗੁਮਰਾਹ ਵਿਅਕਤੀ ਤਾਂ ਹੋ ਸਕਦਾ ਹੈ, ਜਿਸ ਨੂੰ ਆਪਣੀਆਂ ਦਿਸ਼ਾਹੀਣ ਭਾਵਨਾਵਾਂ ਨੂੰ ਵਿਅਕਤ ਕਰਨ ਦਾ ਵੱਲ ਨਾ ਹੋਵੇ, ਪਰ ਉਹ ਪੱਗੜੀ ਦਾ ਦੁਸ਼ਮਣ ਨਹੀਂ ਹੋ ਸਕਦਾ।
ਸੰਨ 1996 ਵਿਚ ਜਦੋਂ ਮੈਂ ਅਮਰੀਕਾ ਆਇਆ ਤਾਂ ਮੈਂ ਸਾਈਕਲ `ਤੇ ਚੜ੍ਹ ਕੇ ਨੇੜੇ-ਤੇੜੇ ਦੀਆਂ ਸਭ ਯੂਨੀਵਰਸਿਟੀਆਂ ਦਾ ਦੌਰਾ ਕੀਤਾ। ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਤੇ ਧਰਮ ਅਧਿਐਨ ਵਿਭਾਗਾਂ ਵਿਚ ਗਿਆ ਤੇ ਉਨ੍ਹਾਂ ਦੇ ਮੁਖੀਆਂ ਨੂੰ ਮਿਲਿਆ। ਧਰਮ ਅਧਿਐਨ ਦੇ ਮੁਖੀ ਪ੍ਰੋ. ਕ੍ਰਿਸ਼ਚੀਅਨ ਨੇ ਮੇਰੇ ‘ਜਪੁਜੀ ਸਾਹਿਬ ਦੇ ਪ੍ਰਾਜੈਕਟ’ ਵਿਚ ਬਹੁਤ ਰੁਚੀ ਦਿਖਾਈ ਤੇ ਉਸੇ ਵੇਲੇ ਮੈਨੂੰ ਆਪਣੇ ਵਿਭਾਗ ਵਿਚ ਏਸ਼ੀਅਨ ਰਿਲੀਜਨਜ਼ ਦਾ ਪਰਚਾ ਪੜ੍ਹਾਉਣ ਦੀ ਪੇਸ਼ਕਸ਼ ਕੀਤੀ। ਉਸ ਨੇ ਕਿਹਾ ਉੱਥੇ ਸਿੱਖਿਜ਼ਮ ਹਾਲੇ ਇਸੇ ਪਰਚੇ ਦਾ ਭਾਗ ਹੈ, ਪਰ ਅਗਲੇ ਸਾਲ ਮੇਰੀ ਸਲਾਹ ਨਾਲ ਸਿੱਖੀ ਦਾ ਪੂਰਾ ਪਰਚਾ ਸਿਲੇਬਸ ਵਿਚ ਲਾ ਦਿੱਤਾ ਜਾਵੇਗਾ। ਥੋੜ੍ਹੇ ਸਮੇਂ ਲਈ ਆਇਆ ਹੋਣ ਕਰਕੇ ਮੈਂ ਨੌਕਰੀ ਲੈਣ ਤੋਂ ਨਾਂਹ ਕਰ ਦਿੱਤੀ। ਮੈਂ ਪੱਗੜੀ ਪਹਿਨੀ ਹੋਈ ਸੀ ਤੇ ਪ੍ਰੋ. ਕ੍ਰਿਸ਼ਚੀਅਨ ਨੇ ਇਹ ਨਹੀਂ ਸੀ ਪਹਿਨੀ ਹੋਈ। ਜੇ ਉਹ ਮੇਰੀ ਪੱਗੜੀ ਨੂੰ ਨਫਰਤ ਕਰਦਾ ਹੁੰਦਾ ਜਾਂ ਪੱਗੜੀ ਕਰਕੇ ਮੈਨੂੰ ਘਟੀਆ ਸਮਝਦਾ ਹੁੰਦਾ ਤਾਂ ਮੈਨੂੰ ਜੌਬ ਦੀ ਪੇਸ਼ਕਸ਼ ਨਾ ਕਰਦਾ।
ਇਸ ਤੋਂ ਬਾਅਦ ਮੈਂ ਵੈਸਟ ਵੈਲੀ ਕਾਲਜ ਵਿਚ ਜਾ ਕੇ ਜਾਬ ਮੰਗੀ, ਉਨ੍ਹਾਂ ਨੇ ਉਸੇ ਵੇਲੇ ਮੇਰੇ ਕੋਲੋਂ ਅਰਜ਼ੀ ਭਰਵਾ ਕੇ ਇੰਟਰਵਿਊ `ਤੇ ਸੱਦਣ ਦੀ ਗੱਲ ਕੀਤੀ। ਮੈਂ ਕੋਈ ਜਾਬ ਲੈਣੀ ਨਹੀਂ ਸੀ, ਮੈਂ ਤਾਂ ਇੱਥੋਂ ਦੀ ਜਾਬ ਮਾਰਕਿਟ ਦਾ ਜਾਇਜ਼ਾ ਲੈਣਾ ਚਾਹੁੰਦਾ ਸਾਂ। ਪੱਗੜੀ ਪਹਿਨਿਆਂ ਮੈਂ ਕਈ ਸਟਾਫਿੰਗ ਏਜੰਸੀਆਂ ਕੋਲ ਗਿਆ, ਸਟੋਰਾਂ ਵਿਚ ਗਿਆ, ਸਕੂਲ ਜਿਲ੍ਹਿਆਂ ਵਿਚ ਗਿਆ ਤੇ ਹਸਪਤਾਲਾਂ ਵਿਚ ਗਿਆ। ਮੈਨੂੰ ਕਿਸੇ ਥਾਂ ਪਗੜੀ ਕਾਰਨ ਕੰਮ ਤੋਂ ਇਨਕਾਰ ਨਹੀਂ ਹੋਇਆ। ਪੱਗੜੀ ਹੁੰਦਿਆਂ ਮੈਨੂੰ ਇਕ ਹਸਪਤਾਲ ਨੇ ਇਕ ਨਰਸਿੰਗ ਜਾਬ ਦੀ ਪੇਸ਼ਕਸ ਕੀਤੀ ਤੇ ਇਕ ਵੱਡੇ ਬੁੱਕ ਸਟੋਰ ਨੇ ਕਸਟਮਰ ਸਰਵਿਸ ਦੀ ਜਾਬ ਦੇਣ ਦੀ ਗੱਲ ਕੀਤੀ। ਇਕ ਨਾਮਾਵਰ ਸਟੋਰ ਨੇ ਮੈਨੂੰ ਕੈਸ਼ੀਅਰ ਦੀ ਤੇ ਇਕ ਮਨੋਰੰਜਨ ਕੰਪਨੀ ਨੇ ਸਿਨੇਮਾ ਮੈਨੇਜਰ ਦੀ ਅਸਾਮੀ `ਤੇ ਨਿਯੁਕਤ ਕਰਨ ਦੀ ਗੱਲ ਕਹੀ। ਕਿਸੇ ਨੇ ਮੇਰਾ ਧਰਮ ਨਹੀਂ ਪੁੱਛਿਆ ਤੇ ਕਿਸੇ ਨੇ ਪੱਗੜੀ `ਤੇ ਇਤਰਾਜ਼ ਨਹੀਂ ਕੀਤਾ।
ਸਾਲ 2001 ਵਿਚ ਜਦੋਂ ਅਮਰੀਕੀ ਟਰੇਡ ਸੈਂਟਰਾਂ `ਤੇ ਅਤਿਵਾਦੀ ਹਮਲਾ ਹੋਇਆ ਤਾਂ ਸਾਰਾ ਦੇਸ ਗੁੱਸੇ ਵਿਚ ਆਇਆ ਹੋਇਆ ਸੀ। ਗਹਿਰੇ ਰਾਸ਼ਟਰੀ ਸਦਮੇ ਕਾਰਨ ਚਾਰੇ ਪਾਸੇ ਦਹਿਸ਼ਤ ਤੇ ਖਾਮੋਸ਼ੀ ਦਾ ਮਾਹੌਲ ਬਣ ਗਿਆ ਸੀ। ਉਨ੍ਹਾਂ ਦਿਨਾਂ ਵਿਚ ਮੈਂ ਸੈਨ ਹੋਜ਼ੇ ਦੇ ਸਕੂਲਾਂ ਵਿਚ ਸਬਸਟੀਚਿਊਟ ਟੀਚਰ ਦੀ ਜਾਬ ਕਰਦਾ ਸਾਂ। ਹਮਲੇ ਤੋਂ ਦੂਜੇ ਦਿਨ ਲੰਚ ਬ੍ਰੇਕ ਖਤਮ ਹੋਣ ਤੋਂ ਬਾਅਦ ਮੈਂ ਆਪਣੇ ਕਮਰੇ ਵਲ ਜਾ ਰਿਹਾ ਸਾਂ। ਪੱਗੜੀ ਪਹਿਨੀ ਦੇਖ ਇਕ ਮਨਚਲਾ ਵਿਦਿਆਰਥੀ ਮੇਰੇ ਵੱਲ ਇਸ਼ਾਰਾ ਕਰ ਕੇ “ਆਬੂ”, “ਆਬੂ” ਚਿਲਾਉਣ ਲੱਗਿਆ। ਉਸ ਨੂੰ ਦੇਖ ਕੇ ਪੰਜ-ਚਾਰ ਹੋਰ ਵਿਦਿਆਰਥੀ ਵੀ ਉਹੀ ਕੁਝ ਕਹਿਣ ਲੱਗੇ। ਸਭ ਨੂੰ ਪਤਾ ਸੀ ਕਿ ਇਹ ਇਕ ਵਿਸ਼ੇਸ਼ ਮੱਧ-ਏਸ਼ੀਆਈ ਭਾਈਚਾਰੇ ਦੀ ਛੇੜ ਸੀ। ਮੈਂ ਬਿਨਾ ਧਿਆਨ ਦਿੱਤੇ ਚਲਦਾ ਗਿਆ। ਰਸਤੇ ਵਿਚ ਮੈਨੂੰ ਇਕ ਅਧਿਆਪਕ ਖੜ੍ਹੀ ਮਿਲੀ। ਉਸ ਨੇ ਮੈਨੂੰ ਸਰਸਰੀ ਤੌਰ `ਤੇ ਕਿਹਾ, “ਮੈਨੂੰ ਪਤਾ ਹੈ, ਇਹ ਮੇਰੇ ਵਿਦਿਆਰਥੀ ਹਨ।” ਮੈਂ ਮੁਸਕੁਰਾ ਕੇ ਅੱਗੇ ਲੰਘ ਗਿਆ। ਥੋੜ੍ਹੀ ਦੇਰ ਬਾਅਦ ਮੇਰੇ ਕਮਰੇ ਵਿਚ ਪ੍ਰਿੰਸੀਪਲ ਆਇਆ ਤੇ ਕਹਿਣ ਲੱਗਿਆ, “ਤੁਹਾਡੀ ਕਲਾਸ ਮੈਂ ਸੰਭਾਲਦਾ ਹਾਂ, ਤੁਸੀਂ ਫਲਾਂ ਕਮਰੇ ਵਿਚ ਜਾਓ।” ਮੈਂ ਦੇਖਿਆ ਕਿ ਉੱਥੇ ਉਹੀ ਅਧਿਆਪਕ ਹਾਜਰ ਸੀ, ਜੋ ਬਾਹਰ ਮਿਲੀ ਸੀ। ਉਸ ਨੇ ਸਾਰੀ ਕਲਾਸ ਸਾਹਮਣੇ ਮੇਰੇ ਕੋਲੋਂ ਮੁਆਫੀ ਮੰਗੀ ਕਿ ਉਸ ਦੇ ਵਿਦਿਆਰਥੀਆਂ ਨੇ ਮੇਰੇ ਨਾਲ ਅਸੱਭਿਆ ਸਲੂਕ ਕੀਤਾ ਸੀ। ਉਸ ਨੇ ਕਿਹਾ ਕਿ ਇਸ ਵਿਚ ਕੁਝ ਉਸ ਦਾ ਕਸੂਰ ਵੀ ਹੈ, ਜੋ ਉਸ ਨੇ ਉਨ੍ਹਾਂ ਨੂੰ ਚੰਗੀ ਤਹਿਜ਼ੀਬ ਨਹੀਂ ਸਿਖਾਈ। ਫਿਰ ਉਸ ਨੇ ਉਨ੍ਹਾਂ ਵਿਦਿਆਰਥੀਆਂ `ਤੇ ਵੀ ਲੈਕਚਰ ਝਾੜਿਆ ਤੇ ਉਨ੍ਹਾਂ ਤੋਂ ਮੁਆਫੀ ਮੰਗਵਾਈ। ਮੈਨੂੰ ਬੜਾ ਗੌਰਵ ਹੋਇਆ। ਆਪਣੇ `ਤੇ ਨਹੀਂ, ਸਗੋਂ ਉਨ੍ਹਾਂ `ਤੇ ਜਿਨ੍ਹਾਂ ਨੇ ਮੇਰੇ ਜਿਹੇ ਅਜਨਬੀ ਦੇ ਕਲਚਰ ਦਾ ਇੰਨਾ ਮਾਣ ਕੀਤਾ।
ਦੂਜੇ ਦਿਨ ਇਕ ਹੋਰ ਸਕੂਲ ਵਿਚ ਇਕ ਅਧਿਆਪਕ ਨੇ ਮੈਨੂੰ ਦੌੜ ਕੇ ਰੋਕਿਆ ਤੇ ਮੇਰੀ ਪੱਗੜੀ ਬਾਰੇ ਜਾਣਕਾਰੀ ਲਈ। ਉਹ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਮੈਨੂੰ ਉਸ ਦੇ ਕਲਾਸ ਰੂਮ ਵਿਚ ਜਾ ਕੇ ਉਸ ਦੇ ਵਿਦਿਆਰਥੀਆਂ ਨੂੰ ਪੱਗੜੀ ਬਾਰੇ ਸੰਬੋਧਨ ਕਰਨ ਲਈ ਸਮਾਂ ਮੰਗਿਆ। ਉੱਥੇ ਪਹੁੰਚ ਕੇ ਮੈਂ ਉਸ ਦੇ ਵਿਦਿਆਰਥੀਆਂ ਨੂੰ ਪਗੜੀ ਬਾਰੇ ਦੱਸਿਆ। ਉਸ ਅਧਿਆਪਕ ਸਮੇਤ ਸਾਰੀ ਕਲਾਸ ਉਦੋਂ ਬਹੁਤ ਖੁਸ਼ ਹੋਈ, ਜਦੋਂ ਮੈਂ ਸਿੱਖਾਂ ਦੀਆਂ ਬਹੁ-ਰੰਗੀ ਪੱਗੜੀਆਂ ਅਤੇ ਇਨ੍ਹਾਂ ਦੇ ਕਸਵੇਂ ਸਟਾਈਲ ਦਾ ਵੇਰਵਾ ਦਿੱਤਾ। ਮੈਂ ਇਨ੍ਹਾਂ ਦੀ ਹੋਰ ਫਿਰਕਿਆਂ ਦੀਆਂ ਲਪੇਟ ਕੇ ਬੰਨੀਆਂ ਸਫੈਦ ਪੱਗਾਂ ਤੋਂ ਭਿੰਨਤਾ ਸਮਝਾਈ। ਵਿਦਿਆਰਥੀਆਂ ਨੇ ਇਸ ਨੂੰ ਆਪਣੀ ਜਾਣਕਾਰੀ ਵਿਚ ਠੋਸ ਵਾਧਾ ਦੱਸਿਆ। ਅਗਲੇ ਦਿਨ ਇਕ ਹੋਰ ਅਧਿਆਪਕ ਭੈਣ ਨੇ ਤਾਂ ਹੋਰ ਵੀ ਅਨੋਖੀ ਪੇਸ਼ਕਸ਼ ਕਰ ਦਿੱਤੀ। ਉਸ ਨੇ ਆਪਣੀ ਕਲਾਸ ਵਿਚ ਬੱਚਿਆਂ ਨੂੰ ਪੱਗੜੀ ਦੇ ਇਤਿਹਾਸ ਬਾਰੇ ਦੱਸਣ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਪੱਗੜੀ ਬੰਨ੍ਹ ਕੇ ਦਿਖਾਉਣ ਲਈ ਬੇਨਤੀ ਕੀਤੀ। ਜਦੋਂ ਮੈਂ ਬੰਨ ਕੇ ਦਿਖਾਉਣ ਲਈ ਪੱਗੜੀ ਖੋਲ੍ਹੀ ਤਾਂ ਬੱਚੇ ਪੱਗ ਦੀ ਲੰਬਾਈ ਦੇਖ ਕੇ ਹੈਰਾਨ ਰਹਿ ਗਏ। ਸ਼ਾਇਦ ਉਨ੍ਹਾਂ ਨੇ ਜੀਵਨ ਵਿਚ ਪਹਿਲੀ ਵਾਰ ਕੱਪੜੇ ਦਾ ਇੱਡਾ ਲੰਮਾ ਟੁਕੜਾ ਦੇਖਿਆ ਹੋਵੇ। ਕਈ ਤਾਂ ਉਚੇਚੇ ਪੱਗੜੀ ਨੂੰ ਹੱਥ ਲਾਉਣ ਲਈ ਆਏ। ਜਦੋਂ ਮੈਂ ਪਗੜੀ ਬੰਨ ਹਟਿਆ ਤਾਂ ਉਨ੍ਹਾਂ ਦੀ ਅਧਿਆਪਕ ਨੇ ਉਹੀ ਪੱਗੜੀ ਆਪਣੇ ਸਿਰ `ਤੇ ਲਪੇਟਣ ਦੀ ਇਜਾਜ਼ਤ ਮੰਗੀ। ਮੈਂ ਉਸ ਨੂੰ ਇਸ ਕੰਮ ਲਈ ਆਪਣੀ ਇਕ ਪੱਗੜੀ ਅਗਲੇ ਦਿਨ ਭੇਟ ਕਰ ਕੇ ਆਇਆ।
ਮੈਂ ਅਮਰੀਕਾ ਦੇ ਵੱਖ ਵੱਖ ਅਦਾਰਿਆਂ ਵਿਚ ਕੋਈ ਪੰਦਰਾਂ ਸਾਲ ਪੜ੍ਹਾਇਆ ਤੇ ਵੱਖ ਵੱਖ ਗਰੇਡਾਂ ਦੀਆਂ ਕਲਾਸਾਂ ਵਿਚ ਗਿਆ, ਪਰ ਕਿਸੇ ਇਕ ਥਾਂ ਵੀ ਮੈਨੂੰ ਕਿਸੇ ਨੇ ਪਗੜੀ ਕਾਰਨ ਓਪਰਾ ਨਹੀਂ ਸਮਝਿਆ ਤੇ ਨਾ ਹੀ ਇਸ ਕਾਰਨ ਵਿਤਕਰਾ ਦਰਸਾਇਆ। ਇੱਥੋਂ ਤੀਕ ਕਿ ਜਦੋਂ ਮੈਂ ਪੜ੍ਹਾਉਣ ਦਾ ਲਾਈਸੈਂਸ ਲੈਣ ਲਈ ਯੂਨੀਵਰਸਿਟੀ ਕੋਰਸ ਵਿਚ ਦਾਖਲਾ ਲਿਆ ਤਾਂ ਕੋਰਸ ਡਾਇਰੈਕਟਰ ਡਾ. ਜੇਨ ਗਰੋਡੀਅਨ ਨੂੰ ਪੁੱਛਿਆ, “ਮੈਂ ਪੱਗੜੀ ਪਹਿਨਦਾ ਹਾਂ, ਕੀ ਮੈਨੂੰ ਇਸ ਕਾਰਨ ਜੌਬ ਲੈਣ ਵਿਚ ਕਠਿਨਾਈ ਤਾਂ ਨਹੀਂ ਆਵੇਗੀ?”
ਉਹ ਸਮਝ ਗਈ ਤੇ ਬੋਲੀ, “ਮੇਰੇ 50 ਸਾਲਾਂ ਦੇ ਕੈਰੀਅਰ ਵਿਚ ਤਾਂ ਮੈਂ ਅਜਿਹਾ ਕੁਝ ਸੁਣਿਆ ਨਹੀਂ, ਅੱਗੋਂ ਵੀ ਅਜਿਹਾ ਕੁਝ ਨਹੀਂ ਹੋਵੇਗਾ। ਉਹ ਤਾਂ ਸਗੋਂ ਤੁਹਾਨੂੰ ਜੀ ਆਇਆਂ ਕਹਿਣਗੇ, ਕਿਉਂਕਿ ਤੁਸੀਂ ਉਨ੍ਹਾਂ ਦੇ ਸਟਾਫਰੂਮ ਨੂੰ ਬਹੁ-ਸਭਿਆਚਾਰਕ ਬਣਾਉਗੇ।” ਉਸ ਦੇ ਭਰੋਸੇ ਮੈਂ ਉਹ ਕੋਰਸ ਕੀਤਾ ਤੇ ਕੰਮ ਧੰਦੇ ਵਿਚ ਹਰ ਥਾਂ ਬਰਾਬਰ ਦਾ ਵਰਤਾਓ ਪ੍ਰਾਪਤ ਕੀਤਾ। ਉਸ ਵੇਲੇ ਦੀ ਚੁਰਾਸੀ ਸਾਲਾਂ ਦੀ ਅਣਥੱਕ ਤੇ ਗਹਿਣਿਆਂ ਨਾਲ ਲੱਦੀ ਪ੍ਰੋ. ਜੇਨ ਜੇ ਅੱਜ ਜਿਉਂਦੀ ਹੋਈ ਤਾਂ ਇਸ ਗੱਲ ਦੀ ਜਰੂਰ ਗਵਾਹੀ ਦੇਵੇਗੀ।
ਸੰਖੇਪ ਵਿਚ ਪੱਗੜੀ ਅਸੀਂ ਇਸ ਲਈ ਸਜਾਉਂਦੇ ਹਾਂ ਕਿ ਇਹ ਸਾਡੇ ਸਭਿਆਚਾਰ ਦਾ ਅੰਗ ਹੈ। ਇਸ ਵਿਚ ਡਰਨ-ਡਰਾਉਣ ਤੇ ਊਚ-ਨੀਚ ਦੀ ਕੋਈ ਗੱਲ ਨਹੀਂ। ਕਿੰਨਾ ਅਜੀਬ ਹੈ ਕਿ ਲੋਕ ਪੈਰਾਂ ਵਿਚ ਵੀ ਜੁਰਾਬਾਂ ਪਾਈ ਫਿਰਦੇ ਹਨ ਤੇ ਕੋਈ ਨਹੀਂ ਗੌਲਦਾ, ਤੇ ਦੂਜੇ ਪਾਸੇ ਦਸਤਾਰ ਪ੍ਰੇਮੀ ਆਪਣੇ ਪਿਤਾ-ਪੁਰਖੀ ਪਹਿਰਾਵੇ ਲਈ ਵੀ ਸਪਸ਼ਟੀਕਰਣ ਦਿੰਦੇ ਫਿਰਦੇ ਹਨ। ਪੱਗੜੀ ਨੂੰ ਅਸੀਂ ਆਪਣੇ ਲਈ ਪਹਿਨਦੇ ਹਾਂ, ਨਾ ਕਿ ਕਿਸੇ ਨੂੰ ਦਿਖਾਉਣ, ਧਮਕਾਉਣ ਜਾਂ ਅਹਿਸਾਨ ਜਤਾਉਣ ਲਈ। ਚੰਗਾ ਹੁੰਦਾ ਜੇ ਡਾ. ਹੰਸਰਾ ਪੱਗੜੀ ਦੀ ਮਹੱਤਤਾ ਨੂੰ ਮੁੱਖ ਰੱਖ ਕੇ ਲਿਖਦੇ।
-ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310