ਪੰਜਾਬੀ ਵਾਰਤਕ ਦੀ ਖੜੋਤ ਨੂੰ ਤੋੜਦੀ ਸ਼ਬਦ ਚਿੱਤਰ ਦੀ ਪੁਸਤਕ ‘ਮਾਣ ਸੁੱਚੇ ਇਸ਼ਕ ਦਾ’

ਨਿਰੰਜਣ ਬੋਹਾ
ਗੁਰਦੀਪ ਸਿੰਘ
ਪੰਨੇ: 184; ਮੁੱਲ: 260 ਰੁਪਏ
ਕੈਲੀਬਰ ਪਬਲੀਕੇਸ਼ਨਜ਼, ਪਟਿਆਲਾ
ਮੈਂ ਵਧੇਰੇ ਕਰਕੇ ਪੰਜਾਬੀ ਗਲਪ ਦਾ ਪਾਠਕ ਹਾਂ। ਕਵਿਤਾ ਤੇ ਵਾਰਤਕ ਮੈਂ ਉਦੋਂ ਹੀ ਪੜ੍ਹਦਾ ਹਾਂ, ਜਦੋਂ ਮੇਰੇ ਪਸੰਦ ਦੇ ਗਲਪਕਾਰ ਦੀ ਕੋਈ ਪੁਸਤਕ ਮੇਰੇ ਕੋਲ ਉਪਲਬਧ ਨਾ ਹੋਵੇ। ਲੰਘੇ ਮਹੀਨੇ ਮੇਰੇ ਕੋਲ ਤਿੰਨ ਵਾਰਤਕ ਪੁਸਤਕਾਂ ਅੱਗੜ-ਪਿੱਛੜ ਪੁੱਜੀਆਂ ਤਾਂ ਕਿਸੇ ਪੜ੍ਹਨਯੋਗ ਗਲਪੀ ਪੁਸਤਕ ਦੀ ਅਣਹੋਂਦ ਵਿਚ ਮੈਂ ਇਹ ਪੁਸਤਕਾਂ ਆਪਣੀ ਪੜ੍ਹਨ ਵਿਉਂਤਬੰਦੀ ਵਿਚ ਸ਼ਾਮਿਲ ਕਰ ਲਈਆਂ। ਇਤਫਾਕ ਨਾਲ ਇਹ ਤਿੰਨੋ ਪੁਸਤਕਾਂ ਨੌਜਵਾਨ ਲੇਖਕਾਂ ਦੀਆਂ ਸਨ ਤੇ ਇਸ ਤੋਂ ਵੱਡਾ ਇਤਫਾਕ ਇਹ ਸੀ ਕਿ ਇਹ ਤਿੰਨੇ ਲੇਖਕ ਮੇਰੇ ਆਪਣੇ ਮਾਨਸਾ ਜਿਲੇ ਤੋਂ ਸਨ। ਕੁਝ ਪੜ੍ਹਨ-ਸੁਣਨ ਵਾਲਿਆਂ ਨੂੰ ਮੇਰੀ ਗੱਲ ਘੁਮਿਆਰੀ ਵੱਲੋਂ ਆਪਣੇ ਭਾਂਡੇ ਦੀ ਵਡਿਆਈ ਕਰਨ ਵਰਗੀ ਲੱਗ ਸਕਦੀ ਹੈ, ਪਰ ਮੈਂ ਇਮਾਨਦਾਰੀ ਨਾਲ ਕਹਿ ਰਿਹਾ ਹਾਂ ਕਿ ਗੁਰਦੀਪ ਸਿੰਘ ਦੀ ਸ਼ਬਦ ਚਿੱਤਰ ਪੁਸਤਕ ‘ਮਾਣ ਸੁੱਚੇ ਇਸ਼ਕ ਦਾ’, ਵੀਰ ਦਵਿੰਦਰ ਸਿੰਘ ਦੀ ਪੁਸਤਕ ‘ਪਾ ਦੇ ਪੈਲਾਂ’ ਅਤੇ ਚਿੱਟਾ ਸਿੱਧੂ ਦੀ ਪੁਸਤਕ ‘ਦੋ ਢਾਈ ਸਾਲ’ ਮੈਨੂੰ ਪੰਜਾਬੀ ਵਾਰਤਕ ਖੇਤਰ ਦੀ ਖੜੋਤ ਨੂੰ ਤੋੜਨ ਵਾਲੀਆਂ ਲੱਗੀਆਂ ਹਨ।

ਜਦੋਂ ਨਰਿੰਦਰ ਕਪੂਰ ਨੇ ਪੰਜਾਬੀ ਵਾਰਤਕ ਵਿਚਲੀ ਉਪਦੇਸ਼ਾਤਮਕ ਖੜੋਤ ਨੂੰ ਤੋੜ ਕੇ ਨਵੀਂ ਮਨੋ ਵਿਗਿਆਨਕ ਵਿਧੀ ਰਾਹੀਂ ਆਪਣੀ ਗੱਲ ਆਖੀ ਤਾਂ ਉਸ ਦੀਆਂ ਪੁਸਤਕਾਂ ਵਿਕਰੀ ਦੇ ਮਾਮਲੇ ਵਿਚ ਹੋਰ ਸਾਹਿਤ ਵਿਧਾਵਾਂ ਨੂੰ ਪਿੱਛੇ ਛੱਡਣ ਲੱਗੀਆਂ। ਇਸ ਵੇਲੇ ਇੱਕ ਸੱਚ ਇਹ ਹੈ ਕਿ ਨਰਿੰਦਰ ਕਪੂਰ ਅਜੇ ਵੀ ਪੰਜਾਬੀ ਵਾਰਤਕ ਦੇ ਵਧੇਰੇ ਪਾਠਕਾਂ ਦੀ ਪਹਿਲੀ ਪਸੰਦ ਹੈ ਤਾਂ ਦੂਜਾ ਸੱਚ ਇਹ ਵੀ ਹੈ ਜੀਵਨ ਦੇ ਹੋਰ ਨਵੇਂ ਅਨੁਭਵਾਂ ਨਾਲ ਜੁੜਨ ਦੀ ਇੱਛਾ ਰੱਖਣ ਵਾਲੇ ਕੁਝ ਪਾਠਕਾਂ ਨੂੰ ਹੁਣ ਉਸ ਦੀ ਵਾਰਤਕ ਦੁਹਰਾਉ ਦੀ ਸ਼ਿਕਾਰ ਲੱਗਣ ਲੱਗ ਪਈ ਹੈ ਤੇ ਉਹ ਇਸ ਤੋਂ ਅੱਗੇ ਦੀ ਵਾਤਰਕ ਦੀ ਭਾਲ ਵਿਚ ਹਨ।
ਮੇਰਾ ਇਹ ਦਾਅਵਾ ਕਦਾਚਿਤ ਨਹੀਂ ਹੈ ਕਿ ਇਨ੍ਹਾਂ ਵਾਰਤਕਕਾਰਾਂ ਦੀ ਵਾਰਤਕ ਨਰਿੰਦਰ ਕਪੂਰ ਤੋਂ ਅੱਗੇ ਹੈ, ਪਰ ਇਹ ਦਾਅਵਾ ਜ਼ਰੂਰ ਹੈ ਕਿ ਇਨ੍ਹਾਂ ਦਾ ਮੁਹਾਵਰਾ ਤੇ ਅੰਦਾਜ਼-ਏ-ਬਿਆਂ ਪੂਰਵਲੇ ਵਾਰਤਾਕਾਰਾਂ ਨਾਲੋਂ ਵੱਖਰਾ ਤੇ ਮੌਲਿਕ ਹੈ। ਹਰ ਵਾਰਤਕਕਾਰ ਆਪਣੇ ਖੇਤਰ ਦੇ ਲੋਕ ਜੀਵਨ ਦੀ ਵਸ਼ਿਸ਼ਟਤਾ ਨੂੰ ਉਭਾਰ ਕੇ ਹੀ ਸਾਹਿਤ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਉਂਦਾ ਹੈ, ਇਸ ਲਿਹਾਜ ਨਾਲ ਇਹ ਤਿੰਨੇ ਪੁਸਤਕਾਂ ਮੈਨੂੰ ਆਪਣੀਆਂ ਮੌਲਿਕ ਸੰਭਾਵਨਾਵਾਂ ਸਮੇਤ ਵਾਰਤਕ ਖੇਤਰ ਵਿਚ ਪ੍ਰਵੇਸ਼ ਪਾਉਂਦੀਆਂ ਲੱਗੀਆਂ ਹਨ। ਇਨ੍ਹਾਂ ਵਿਚੋਂ ਜੇ ਗੁਰਦੀਪ ਸਿੰਘ ਦੀ ਪੁਸਤਕ ‘ਮਾਣ ਸੁੱਚੇ ਇਸ਼ਕ ਦਾ’ ਦੇ ਹਵਾਲੇ ਨਾਲ ਪੰਜਾਬੀ ਸਾਹਿਤ ਪ੍ਰਤੀ ਲੇਖਕ ਦੇ ਇਸ਼ਕ ਦੀ ਗੱਲ ਕਰੀਏ ਤਾਂ ਇਹ ਸੱਚਾ ਤੇ ਸੁੱਚਾ ਇਸ਼ਕ ਉਸ ਦੇ ਨਾਲ ਪੰਜਾਬੀ ਵਾਰਤਕ ਸਾਹਿਤ ਲਈ ਵੀ ਮਾਣ ਵਾਲੀ ਗੱਲ ਹੈ।
ਇਸ ਪੁਸਤਕ ਰਾਹੀਂ ਉਸ ਨੇ ਉਨ੍ਹਾਂ ਤੇਰਾਂ ਸ਼ਖਸੀਅਤਾਂ ਦੇ ਮਾਨਵੀ ਬਿੰਬ ਨੂੰ ਪ੍ਰਤੀਬਿੰਬਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਦੀ ਸਮਾਜਿਕ ਹੋਂਦ ਉਸ ਨੂੰ ਮਾਨਸਿਕ ਰਾਹਤ ਦਿੰਦੀ ਰਹੀ ਹੈ। ਇਨ੍ਹਾਂ ਸ਼ਖਸੀਅਤਾਂ ਵਿਚੋਂ ਡਾ. ਸੁਖਦੇਵ ਸਿੰਘ ਸਿਰਸਾ, ਨਾਟਕਕਾਰ ਅਜਮੇਰ ਸਿੰਘ ਔਲਖ, ਕਹਾਣੀਕਾਰ ਦਰਸ਼ਨ ਜੋਗਾ, ਸਿੱਖ ਚਿੰਤਕ ਪ੍ਰਿੰ. ਜਗਜੀਤ ਸਿੰਘ ਤੇ ਪ੍ਰੋ. ਸਤਿਗੁਰੂ ਸਿੰਘ ਵਰਗੇ ਨਾਮਵਰ ਅਦੀਬ ਵੀ ਸ਼ਾਮਿਲ ਹਨ ਅਤੇ ਸੰਗੀਤ ਦੀ ਦੁਨੀਆਂ ਨਾਲ ਜਨੂੰਨੀ ਇਸ਼ਕ ਕਰਨ ਵਾਲੇ ਅਸ਼ੋਕ ਬਾਂਸਲ ਤੇ ਦੇਬੀ ਮਕਸੂਦਪੁਰੀ ਵਰਗੇ ਫੱਕਰ ਵੀ। ਆਪਣੀਆਂ ਖੇਡ ਪ੍ਰਾਪਤੀਆਂ ਦੇ ਹਾਣ ਦਾ ਸਰਕਾਰੀ ਸਨਮਾਨ ਜਾਂ ਰੁਜ਼ਗਾਰ ਪ੍ਰਾਪਤ ਨਾ ਕਰ ਸਕਣ ਵਾਲੀ ਮੁਖਤਿਆਰ ਕੌਰ ਦੀ ਚੁੱਪ ਵੀ ਇਸ ਪੁਸਤਕ ਰਾਹੀਂ ਬੋਲਦੀ ਹੈ ਤੇ ਰੰਗਕਰਮੀ ਸੁਰਿੰਦਰ ਸਾਗਰ ਦਾ ਜੀਵਨ ਸੰਘਰਸ਼ ਵੀ ਆਪਣੀ ਵੱਖਰੀ ਬਾਤ ਪਾਉਂਦਾ ਹੈ। ਇਹ ਪੁਸਤਕ ਆਪਣੇ ਪਾਠਕਾਂ ਦੀ ਸਾਂਝ ਸਕੂਲ ਪ੍ਰਿੰਸੀਪਲ ਜਸਮੇਲ ਸਿੰਘ ਗਿੱਲ ਤੇ ਤਾਏ ਮਹਿੰਦਰ ਪਾਲ ਅੰਦਰ ਬੈਠੇ ਦਮਦਾਰ ਮਨੁੱਖ ਨਾਲ ਵੀ ਪਵਾਉਂਦੀ ਹੈ ਅਤੇ ਲੇਖਕ ਦੇ ਸਿੱਧੇ ਸਪੱਸ਼ਟ ਤੇ ਅੜਬ ਚਾਚੇ ਅੰਦਰਲਾ ਮਨ ਵੀ ਫਰੋਲਦੀ ਹੈ।
ਗੁਰਦੀਪ ਨੇ ਆਪਣੇ ਸ਼ਬਦ ਚਿੱਤਰਾਂ ਰਾਹੀਂ ਨਾਮਵਾਰ ਅਦੀਬਾਂ ਅੰਦਰਲੇ ਵਿਅਕਤੀ ਵਿਸ਼ੇਸ਼ ਦੀ ਗੱਲ ਘੱਟ ਤੇ ਉਨ੍ਹਾਂ ਅੰਦਰਲੇ ਆਮ ਬੰਦੇ ਦੀ ਗੱਲ ਵੱਧ ਕੀਤੀ ਹੈ। ਅਸਲ ਵਿਚ ਇਹ ਆਮ ਬੰਦਾ ਹੀ ਕਿਸੇ ਨੂੰ ਲੋਕਤਾ ਨਾਲ ਜੋੜ ਕੇ ਉਸ ਵਿਅਕਤੀ ਵਿਸ਼ੇਸ਼ ਬਣਾਉਣ ਦੇ ਸਮਰੱਥ ਹੁੰਦਾ ਹੈ। ਪੁਸਤਕ ਦਾ ਪਾਠ ਕਰਦਿਆਂ ਪਤਾ ਚਲਦੈ ਕਿ ਡਾ. ਸੁਖਦੇਵ ਸਿੰਘ ਸਿਰਸਾ ਅੰਦਰਲਾ ਆਮ ਬੰਦਾ ਹਮੇਸ਼ਾ ਆਪਣੇ ਵਿਦਿਆਰਥੀਆਂ ਦੇ ਹਿਤਾਂ ਲਈ ਸਥਾਪਤੀ ਟੱਕਰ ਲੈਣ ਲਈ ਤਿਆਰ ਰਹਿੰਦਾ ਹੈ ਤੇ ਨਾਟਕਕਾਰ ਅਜਮੇਰ ਸਿੰਘ ਔਲਖ ਅੰਦਰਲਾ ਪੇਂਡੂ ਬੰਦਾ ਥੀਏਟਰ ਨੂੰ ਪੇਂਡੂ ਸੱਥਾਂ ਤੱਕ ਲੈ ਕੇ ਗਿਆ ਹੈ। ਪ੍ਰੋ. ਸਤਿਗੁਰੂ ਅੰਦਰਲੀ ਵਿਚਾਰਧਾਰਕ ਸਪੱਸ਼ਟਤਾ ਵਿਚੋਂ ਆਮ ਬੰਦੇ ਦੀ ਇਮਾਨਦਾਰੀ ਬੋਲਦੀ ਹੈ ਤਾਂ ਅਸ਼ੋਕ ਬਾਂਸਲ ਅੰਦਰਲਾ ਬੰਦਾ ਅੱਧੀ ਰਾਤੀ ਉਠ ਕੇ ਆਪਣੇ ਮਿੱਤਰ ਪਿਆਰਿਆਂ ਨਾਲ ਸੰਗੀਤ ਦੀਆਂ ਗੱਲਾਂ ਕਰਨ ਲੱਗ ਪੈਂਦਾ ਹੈ। ਇਹ ਕਹਾਣੀਕਾਰ ਦਰਸ਼ਨ ਜੋਗਾ ਅੰਦਰਲੇ ਆਮ ਬੰਦੇ ਦੀ ਹੀ ਬੇਬਾਕ ਸਲਾਹ ਹੈ, “ਗੁਰਦੀਪ ਤੇਰੇ ਕੋਲ ਗੱਲ ਵੀ ਹੈ ਤੇ ਅੰਦਾਜ਼ ਵੀ, ਪਰ ਸਿਹਰਾ ਪੜ੍ਹਨ ਤੋਂ ਬਚੀਂ।” ਕੋਈ ਡਿਪਲੋਮੈਟ ਤੇ ਖਾਸ ਬੰਦਾ ਅਜਿਹੀ ਸਲਾਹ ਦੇ ਹੀ ਨਹੀਂ ਸਕਦਾ।
ਗੁਰਦੀਪ ਵਰਗੀ ਗੱਲ ਤਾਂ ਕੁਝ ਬਦਲਵੀਂ ਭਾਸ਼ਾ ਵਿਚ ਹੋਰ ਲੇਖਕ ਤੇ ਵਿਦਵਾਨ ਵੀ ਕਰ ਸਕਦੇ ਹਨ, ਪਰ ਗੱਲ ਕਹਿਣ ਦੇ ਅੰਦਾਜ਼ ਦੀ ਮੌਲਿਕਤਾ ਉਸ ਨੂੰ ਦੂਸਰੇ ਵਾਰਤਕਕਾਰਾਂ ਨਾਲੋਂ ਵਖਰਿਆਉਂਦੀ ਹੈ। ਸਾਹਿਤ ਸਿਰਜਣਾ ਵੇਲੇ ਸਿਰਫ ਗੱਲ ਕਰਨਾ ਹੀ ਸਾਡੇ ਲਈ ਕਾਫੀ ਨਹੀਂ ਹੁੰਦਾ, ਸਗੋਂ ਗੱਲ ਦੀ ਰਮਜ਼ ਤੱਕ ਪਹੁੰਚਣਾ ਵੀ ਜ਼ਰੂਰੀ ਹੁੰਦਾ ਹੈ। ਗੁਰਦੀਪ ਦੂਸਰਿਆਂ ਦੀਆਂ ਗੱਲਾਂ ਵਿਚਲੀਆਂ ਰਮਜ਼ ਨੂੰ ਫੜ੍ਹਦਾ ਵੀ ਹੈ ਤੇ ਇਨ੍ਹਾਂ ਨੂੰ ਸੰਕੇਤਕ ਭਾਸ਼ਾ ਪੇਸ਼ ਕਰਨ ਦੀ ਮੁਹਾਰਤ ਵੀ ਰੱਖਦਾ ਹੈ। ਉਹ ਸੁਣੀਆਂ-ਸੁਣਾਈਆਂ ਗੱਲਾਂ ਨੂੰ ਆਪਣੀਆਂ ਲਿਖਤਾਂ ਵਿਚ ਚੇਪੀ ਵਜੋਂ ਨਹੀਂ ਚਿਪਕਾਉਂਦਾ, ਸਗੋਂ ਗੱਲ ਦੇ ਅਸਲ ਮਾਲਕ ਦਾ ਹਵਾਲਾ ਵੀ ਜ਼ਰੂਰ ਦਿੰਦਾ ਹੈ। ਆਪਣੀਆਂ ਕੁਝ ਧਾਰਨਾਵਾਂ ਨੂੰ ਪ੍ਰਮਾਣਿਕ ਸਿੱਧ ਕਰਨ ਲਈ ਉਹ ਸਮਕਾਲੀ ਤੇ ਪੂਰਵਲੇ ਲੇਖਕਾਂ ਦੀਆਂ ਉਕਤੀਆਂ ਨੂੰ ਪੁਸ਼ਟੀ ਮੂਲਕ ਮਿਸਾਲਾਂ ਵਜੋਂ ਵੀ ਵਰਤਦਾ ਹੈ। ਉਸ ਵੱਲੋਂ ਅਜਿਹਾ ਕੀਤੇ ਜਾਣ ਨਾਲ ਪਾਠਕ ਇੱਕ ਲਿਖਤ ਪੜ੍ਹਦਿਆਂ ਅਨੁਭਵ ਦੇ ਧਰਾਤਲ `ਤੇ ਕਈ ਲਿਖਤਾਂ ਨੂੰ ਪੜ੍ਹ ਲੈਂਦਾ ਹੈ।
ਗੁਰਦੀਪ ਦੀ ਵਾਰਤਕ ਕਲਾ ਕਿਸੇਂ ਬੱਝਵੀਂ ਤਰਤੀਬ ਅਨੁਸਾਰ ਅੱਗੇ ਨਹੀਂ ਤੁਰਦੀ ਸਗੋਂ ਜਿਵੇਂ ਅੱਜ ਦੇ ਮਨੁੱਖ ਦਾ ਜੀਵਨ ਕਈ ਟੁਕੜਿਆਂ ਵਿਚ ਵੰਡਿਆ ਹੋਇਆ ਹੈ, ਉਵੇਂ ਉਸ ਦੇ ਸ਼ਬਦ ਚਿੱਤਰ ਵੀ ਕਈ ਟੁਕੜਿਆਂ ਵਿਚ ਵੰਡੇ ਹੋਏ ਹਨ। ਸ਼ਬਦ ਚਿੱਤਰ ਦਾ ਹਰ ਟੁਕੜਾ ਉਸ ਦੇ ਸ਼ਬਦ ਚਿੱਤਰ ਵਿਚਲੀ ਕਿਸੇ ਸ਼ਖਸੀਅਤ ਦੇ ਕਿਸੇ ਨਿਵੇਕਲੇ ਪਸਾਰ ਨੂੰ ਪਾਠਕਾਂ ਦੇ ਦ੍ਰਿਸ਼ਟੀਗੋਚਰ ਕਰਦਾ ਹੈ। ਉਹ ਲੇਖਕ ਤੇ ਆਲੋਚਕ ਹੋਣ ਤੋਂ ਪਹਿਲਾਂ ਸਾਹਿਤ ਦਾ ਗੰਭੀਰ ਪਾਠਕ ਹੈ, ਇਸ ਲਈ ਉਸ ਦੇ ਅਧਿਐਨ ਦੀ ਵਿਦਵਤਾ ਉਸ ਦੇ ਸਿਰ ਚੜ੍ਹ ਕੇ ਬੋਲਦੀ ਹੈ ਤੇ ਕਈ ਵਾਰ ਇਹ ਉਸ ਦੇ ਸਿਰਫ ਬੌਧਿਕ ਕਿਸਮ ਦੇ ਪਾਠਕਾਂ ਦੇ ਵਾਰਤਾਕਾਰ ਹੋਣ ਦਾ ਪ੍ਰਭਾਵ ਸਿਰਜਣ ਦੇ ਰਾਹ ਵੀ ਪੈ ਜਾਂਦੀ ਹੈ। ਭਾਵੇਂ ਉਹ ਨਿਰੰਤਰ ਸਹਿਜਤਾ, ਸੁਭਾਵਿਤਕਤਾ ਤੇ ਸਪਸ਼ਟਤਾ ਵੱਲ ਵੱਧ ਰਿਹਾ ਹੈ, ਫਿਰ ਵੀ ਮੈਂ ਉਸ ਨੂੰ ਇਸ ਸਬੰਧੀ ਆਪਣਾ ਅਭਿਆਸ ਹੋਰ ਵਧਾਉਣ ਦੀ ਲੋੜ ਹੈ। ਨਾਟਕਕਾਰ ਅਜਮੇਰ ਔਲਖ ਤੇ ਡਾ. ਸੁਖਦੇਵ ਸਿੰਘ ਸਿਰਸਾ ਵਿਚਲੀ ਆਪਸੀ ਗੂੜ੍ਹੀ ਸਾਂਝ ਕਾਰਨ ਇਨ੍ਹਾਂ ਦੋਹਾਂ ਦੇ ਸ਼ਬਦ ਚਿੱਤਰਾਂ ਵਿਚ ਮਿਲਦੀਆਂ ਜੁਲਦੀਆਂ ਗੱਲਾਂ ਵੀ ਕੀਤੀਆਂ ਗਈਆਂ ਹਨ।