ਭਾਰਤ ਦਾ ਪਹਿਲਾ ਰੱਖਿਆ ਮੰਤਰੀ ਤੇ ਪ੍ਰਿੰਸੀਪਲ ਹਰਭਜਨ ਸਿੰਘ

ਗੁਲਜ਼ਾਰ ਸਿੰਘ ਸੰਧੂ
ਇਨ੍ਹੀਂ ਦਿਨੀਂ ਮੈਨੂੰ ਅਜੀਤ ਲੰਗੇਰੀ ਦੀ ਪੁਸਤਕ ‘ਪ੍ਰਿੰਸੀਪਲ ਹਰਭਜਨ ਸਿੰਘ ਦਾ ਵਿਦਿਅਕ ਤੇ ਖੇਡ ਸੰਸਾਰ’ ਮਿਲੀ ਹੈ। ਅਜੀਤ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦਾ ਵਿਦਿਆਰਥੀ ਰਿਹਾ ਹੈ, ਜਿਸ ਦਾ ਸੰਸਥਾਪਕ ਪ੍ਰਿੰਸੀਪਲ ਹਰਭਜਨ ਸਿੰਘ ਸੀ। ਮੈਂ ਖੁਦ 1949 ਤੋਂ 1953 ਤੱਕ ਉਸ ਕਾਲਜ ਵਿਚ ਪੜ੍ਹਿਆ ਹਾਂ। ਇਹ ਕਾਲਜ ਪ੍ਰਿੰਸੀਪਲ ਸਾਹਿਬ ਦੇ ਉੱਦਮ ਤੇ ਸਿਰੜ ਸਦਕਾ ਹੀ ਹੋਂਦ ਵਿਚ ਆਇਆ, ਨਹੀਂ ਤਾਂ ਸ਼ਿਵਾਲਿਕ ਦੇ ਪੈਰਾਂ ਵਿਚ ਪੈਂਦੇ ਕੰਢੀ ਦੇ ਇਸ ਖੇਤਰ ਵਿਚ ਕਾਲਜ ਸਥਾਪਤ ਕਰਨਾ ਸੌਖਾ ਨਹੀਂ ਸੀ। ਇਸ ਦੀ ਬਦੌਲਤ ਕੰਢੀ ਖੇਤਰ ਦੇ ਮੇਰੇ ਵਰਗੇ ਅਨੇਕਾਂ ਨੌਜਵਾਨ ਤੇ ਬੀਬੀਆਂ ਡਿਗਰੀ ਲੈਵਲ ਦੀ ਵਿਦਿਆ ਪ੍ਰਾਪਤ ਕਰ ਸਕੇ। ਅਜੀਤ ਲੰਗੇਰੀ ਦੀ ਪੁਸਤਕ ਲੇਖਕ ਵਲੋਂ ਇਕ ਤਰ੍ਹਾਂ ਦਾ ਖਿਰਾਜ ਤੇ ਅਕੀਦਤ ਹੈ, ਜਿਸ ਦਾ ਸਵਾਗਤ ਕਰਨਾ ਬਣਦਾ ਹੈ।

ਮੈਂ ਇਸ ਰਚਨਾ ਦੀ ਗੱਲ ਸੁਤੰਤਰ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਬਲਦੇਵ ਸਿੰਘ ਨਾਲ ਜੋੜ ਕੇ ਕਰਨੀ ਚਾਹਾਂਗਾ। ਉਹ ਵੀ ਮੇਰੇ ਤੇ ਅਜੀਤ ਲੰਗੇਰੀ ਵਾਂਗ ਹਰਭਜਨ ਸਿੰਘ ਦਾ ਵਿਦਿਆਰਥੀ ਰਿਹਾ ਸੀ। ਅੰਬਾਲਾ ਦੇ ਸਕੂਲ ਵਿਚ ਮਾਹਿਲਪੁਰ ਵਾਲੇ ਸਕੂਲ ਦੀ ਕਮਾਂਡ ਸੰਭਾਲਣ ਤੋਂ ਪਹਿਲਾਂ ਹਰਭਜਨ ਸਿੰਘ ਅੰਬਾਲਾ ਦੇ ਸਕੂਲ ਵਿਚ ਅਧਿਆਪਕ ਸੀ। ਜਿੱਥੇ ਅੰਬਾਲਾ ਜਿਲੇ ਦੇ ਚੰੁਮਣਾ ਪਿੰਡ ਦਾ ਜੰਮਪਲ ਬਲਦੇਵ ਸਿੰਘ ਉਨ੍ਹਾਂ ਦਾ ਵਿਦਿਆਰਥੀ ਰਿਹਾ। ਮੇਰੇ ਤੇ ਅਜੀਤ ਲੰਗੇਰੀ ਤੋਂ ਬਲਦੇਵ ਸਿੰਘ ਹੀ ਸੀ, ਜਿਸ ਨੇ ਮਾਹਿਲਪੁਰ ਵਾਲੇ ਖਾਲਸਾ ਕਾਲਜ ਦੀ ਸਥਾਪਨਾ ਵਿਚ ਹਰਭਜਨ ਸਿੰਘ ਨੂੰ ਰੱਜਵਾਂ ਸਹਿਯੋਗ ਦਿੱਤਾ।
ਹਰਭਜਨ ਸਿੰਘ ਵਰਗੇ ਖੇਡ ਜਗਤ ਨੂੰ ਪ੍ਰਨਾਏ ਤੇ ਚੁਪ-ਚੁਪੀਤੇ ਕੰਮ ਕਰਨ ਵਾਲੇ ਵਿਅਕਤੀ ਬਾਰੇ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨਾ ਕੋਈ ਸੌਖਾ ਕੰਮ ਨਹੀਂ ਹੰੁਦਾ। ਅਜੀਤ ਦਾ ਆਪਣਾ ਪਿੰਡ ਲੰਗੇਰੀ ਮਾਹਿਲਪੁਰ ਦੀ ਬੁੱਕਲ ਵਿਚ ਪੈਂਦਾ ਹੈ ਤੇ ਉਹ ਇਸ ਇਲਾਕੇ ਤੋਂ ਭਲੀਭਾਂਤ ਜਾਣੂ ਹੈ। ਉਹੀਓ ਸੀ, ਜੋ ਮਾਹਿਲਪੁਰ ਦੇ ਇਲਾਕੇ, ਹਰਭਜਨ ਸਿੰਘ ਦੇ ਨਾਂ ਤੇ ਉਸ ਦੇ ਬਚਪਨ ਤੇ ਉਚੇਰੀ ਵਿਦਿਆ ਬਾਰੇ ਅਜਿਹੀ ਸਮਗਰੀ ਇਕੱਠੀ ਕਰ ਸਕਿਆ, ਜੋ ਇਸ ਪੁਸਤਕ ਦੀ ਸ਼ਾਨ ਹੈ। ਇਸ ਵਿਚ ਖਾਲਸਾ ਹਾਈ ਸਕੂਲ ਮਾਹਿਲਪੁਰ ਦੇ ਮਾਪ-ਦੰਡ ਵੀ ਦਰਜ ਹਨ ਤੇ ਹਰਭਜਨ ਸਿੰਘ ਦਾ ਲੋਅ ਵੀ।
ਪ੍ਰਿੰਸੀਪਲ ਹਰਭਜਨ ਸਿੰਘ ਨੇ ਮਾਹਿਲਪੁਰ ਕਾਲਜ ਵਿਚ ਇਸਤਰੀ ਵਿਦਿਆ ਦਾ ਮੁੱਢ ਕਿਵੇਂ ਬੰਨਿਆ, ਅਜੀਤ ਨੇ ਇਸ ਬਾਰੇ ਵੀ ਚਾਨਣਾ ਪਾਇਆ ਹੈ। ਇਲਾਕਾ ਨਿਵਾਸੀ ਆਪਣੀ ਧੀ ਧਿਆਣੀ ਨੂੰ ਕਾਲਜ ਵਿਚ ਦਾਖਲ ਕਰਵਾਉਣ ਤੋਂ ਕੰਨੀ ਕਤਰਾਉਦੇ ਸਨ। ਹਰਭਜਨ ਸਿੰਘ ਨੇ ਅਪਣੀ ਭਾਣਜ-ਨੂੰਹ ਅਮਰਜੀਤ ਕੌਰ ਨੂੰ ਦਾਖਲ ਕਰ ਲਿਆ। ਉਹ ਸਕੂਲ ਦੇ ਗੇਟ ਤੱਕ ਮੰੂਹ ਸਿਰ ਢਕ ਕੇ ਪਿੰਡ ਦੀ ਬਹੂ ਬਣ ਕੇ ਆਉਂਦੀ ਤੇ ਗੇਟ ਉੱਤੇ ਫਾਲਤੂ ਪਹਿਰਾਵਾ ਉਤਾਰ ਕੇ ਵਿਦਿਆਰਥਣ ਬਣ ਪ੍ਰਵੇਸ਼ ਕਰ ਜਾਂਦੀ। ਦੇਖਾ ਦੇਖੀ ਪਿੰਡ ਦੇ ਉਹ ਸਰਦਾਰ, ਜਿਹੜੇ ਅਪਣੀਆਂ ਧੀਆਂ ਨੂੰ ਕਾਲਜ ਭੇਜਣ ਦੇ ਹੱਕ ਵਿਚ ਨਹੀਂ ਸਨ, ਇੱਕ ਦੂਜੇ ਨਾਲ ਬਿਦ ਕੇ ਅੱਗੇ ਵਧਣ ਲਗੇ। ਹਰਭਜਨ ਸਿੰਘ ਦਾ ਕਰਨਾ ਕਮਾਲ ਹੋ ਗਿਆ।
ਪ੍ਰਿੰਸੀਪਲ ਸਾਹਿਬ ਨੂੰ ਖੇਡਾਂ ਦਾ ਏਨਾ ਸ਼ੌਕ ਸੀ ਕਿ ਜਿਸ ਖਿਡਾਰੀ ਦੀ ਖੇਡ ਪਸੰਦ ਹੰੁਦੀ, ਉਸ ਨੂੰ ਦੂਰ-ਦੁਰਾਡੇ ਕਾਲਜ ਤੋਂ ਲਿਆ ਕੇ ਆਪਣੇ ਕਾਲਜ ਵਿਚ ਦਾਖਲ ਕਰਕੇ ਉਸ ਦੇ ਹੋਸਟਲ ਵਿਚ ਰਹਿਣ ਤੇ ਖਾਣ-ਪੀਣ ਦਾ ਖਰਚਾ ਮੁਆਫ ਕਰ ਦਿੰਦੇ। ਅਰਜਨ ਐਵਾਰਡੀ ਜਰਨੈਲ ਸਿੰਘ ਉਨ੍ਹਾਂ ਵਿਚੋਂ ਇੱਕ ਸੀ। ਉਸ ਦੇ ਮਾਪੇ ਪਾਕਿਸਤਾਨ ਤੋਂ ਉਜੜ ਕੇ ਆਏ ਹੋਣ ਕਾਰਨ ਉਸ ਦਾ ਖਰਚਾ ਦੇਣ ਦੇ ਸਮਰਥ ਨਹੀਂ ਸਨ। ਜਰਨੈਲ ਸਿੰਘ ਫੁਟਬਾਲਰ ਦੀ ਗੱਲ ਤੁਰੀ ਹੈ ਤਾਂ ਪੁਸਤਕ ਵਿਚ ਉਸ ਜਰਨੈਲ ਸਿੰਘ ਦਾ ਜ਼ਿਕਰ ਵੀ ਹੈ, ਜਿਹੜਾ ਅਥਲੀਟ ਵਜੋਂ ਪ੍ਰਸਿੱਧ ਹੋਇਆ ਅਤੇ ਉਸ ਜਰਨੈਲ ਸਿੰਘ ਦਾ ਵੀ ਜਿਹੜਾ ਪੋਲੀਓ ਦਾ ਸ਼ਿਕਾਰ ਰਿਹਾ ਹੋਣ ਕਾਰਨ ਤੁਰਨ ਦੇ ਯੋਗ ਨਹੀਂ ਸੀ। ਮਾਪਿਆਂ ਕੋਲ ਘੋੜੀ ਲੈਣ ਦੀ ਸਮਰਥ ਨਹੀਂ ਸੀ ਤਾਂ ਉਨ੍ਹਾਂ ਨੇ ਆਪਣੇ ਹੋਣਹਾਰ ਪੁੱਤਰ ਨੂੰ ਆਪਣੇ ਪਿੰਡ ਮੇਘੋਵਾਲ ਤੋਂ ਮਾਹਿਲਪੁਰ ਖੋਤੀ ਉੱਤੇ ਚੜ੍ਹ ਕੇ ਜਾਣ ਲਈ ਤਿਆਰ ਕਰ ਲਿਆ। ਉਹ ਖੋਤੀ ਦਾ ਚਾਰਾ ਲੈ ਕੇ ਖੋਤੀ ਉੱਤੇ ਬੈਠ ਜਾਂਦਾ ਤੇ ਸਕੂਲ ਜਾ ਕੇ ਖੋਤੀ ਨੂੰ ਚਾਰਾ ਪਾ ਦਿੰਦਾ ਤੇ ਖੁਦ ਪੜ੍ਹਾਈ ਕਰ ਆਉਂਦਾ। ਉਸ ਇਸ ਤਰ੍ਹਾਂ ਪੜ੍ਹ ਕੇ ਅਧਿਆਪਕ ਬਣਨ ਦੇ ਯੋਗ ਹੋ ਗਿਆ ਤੇ ਬਣਿਆ।
ਅੰਤ ਵਿਚ ਮੈਂ 1951 ਦੀ ਉਹ ਘਟਨਾ ਵੀ ਦੱਸ ਦਿਆਂ ਜਿਸ ਵਿਚ ਮੈਂ ਵੀ ਸ਼ਾਮਲ ਸਾਂ। ਆਪਣੇ ਆਪ ਨੂੰ ਕਮਿਊਨਿਸਟ ਕਹਿਣ ਵਾਲੇ ਮੇਰੇ ਵਰਗੇ ਵਿਦਿਆਰਥੀਆਂ ਤੇ ਸਾਰੇ ਲੀਡਰਾਂ ਨੇ ਕੁਝ ਮੰਗਾਂ ਲੈ ਕੇ ਹੜਤਾਲ ਕਰ ਦਿੱਤੀ। ਜਿਹੜੇ ਨਹੀਂ ਸਨ ਕਰਨਾ ਚਾਹੰੁਦੇ, ਉਨ੍ਹਾਂ ਨੂੰ ਹਾਜ਼ਰ ਹੋਣ ਤੋਂ ਰੋਕਣ ਲਈ ਲਾਠੀਆਂ ਦੀ ਵਰਤੋਂ ਕੀਤੀ। 10-15 ਦਿਨ ਇਸੇ ਤਰ੍ਹਾਂ ਲੰਘ ਗਏ ਤਾਂ ਪ੍ਰਿੰਸੀਪਲ ਸਾਹਿਬ ਨੇ ਸਾਡੇ ਲੀਡਰਾਂ ਨੂੰ ਆਪਣੇ ਦਫਤਰ ਸੱਦ ਲਿਆ। ਜਿਹੜੀਆਂ ਮੰਗਾਂ ਪੂਰੀਆਂ ਕਰ ਸਕਦੇ ਸਨ, ਉਹ ਮੰਨ ਲਈਆਂ ਤੇ ਬਾਕੀਆਂ ਬਾਰੇ ਆਪਣੀ ਮਜਬੂਰੀ ਦੱਸੀ। ਲੀਡਰ ਫੇਰ ਵੀ ਨਹੀਂ ਮੰਨੇ ਤਾਂ ਪ੍ਰਿੰਸੀਪਲ ਸਾਹਿਬ ਨੇ ਸਮੱੁਚੇ ਹੜਤਾਲੀਆਂ ਨੂੰ ਆਪਣਾ ਅੰਤਿਮ ਫੈਸਲਾ ਸੁਣਾਉਣ ਲਈ ਕਾਲਜ ਦੀ ਵਿਸ਼ੇਸ਼ ਗਰਾਊਂਡ ਵਿਚ ਸੱਦ ਲਿਆ।
ਫੈਸਲਾ ਦੋ ਹਰਫਾ ਸੀ ਕਿ ਕਾਲਜ ਦੀ ਉਸਾਰੀ ਤੇ ਸਥਾਪਨਾ ਲਈ ਉਹ ਝੋਲੀ ਅੱਡ ਕੇ ਵਿਦਿਆਰਥੀਆਂ ਦੇ ਮਾਪਿਆਂ ਕੋਲ ਗਏ ਸਨ ਤੇ ਉਨ੍ਹਾਂ ਕੋਲੋਂ ਪ੍ਰਾਪਤ ਹੋਈ ਮਾਇਆ ਨਾਲ ਕਾਲਜ ਦੀ ਬਿਲਡਿੰਗ ਤਿਆਰ ਹੋਈ ਸੀ, ਜਿਸ ਵਿਚ ਉਨ੍ਹਾਂ ਮਾਪਿਆਂ ਦੀ ਔਲਾਦ ਪੜ੍ਹ ਰਹੀ ਹੈ। ਜੇ ਉਹ ਆਪਣੇ ਦਿਆਲੂ ਮਾਪਿਆਂ ਦੇ ਪੈਸੇ ਨਾਲ ਤਿਆਰ ਹੋਈ ਬਿਲਡਿੰਗ ਨੂੰ ਵਿਦਿਆ ਦੇਣ ਦੇ ਯੋਗ ਨਹੀਂ ਸਮਝਦੇ ਤਾਂ ਇਸ ਨੂੰ ਅਗਲੇ ਦਿਨ ਹੀ ਪਾਕਿਸਤਾਨ ਤੋਂ ਉਜੜ ਕੇ ਆਏ ਸ਼ਰਨਾਰਥੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਉਨ੍ਹਾਂ ਨੂੰ ਚੰਗਾ ਟਿਕਾਣਾ ਮਿਲ ਜਾਵੇਗਾ ਤੇ ਹੜਤਾਲੀ ਵੀ ਮਜ਼ੇ ਕਰਨਗੇ। ਉਨ੍ਹਾਂ ਨੂੰ ਪੜ੍ਹਾਈ ਦੀ ਖੇਚਲ ਨਹੀਂ ਕਰਨੀ ਪਵੇਗੀ। ਪ੍ਰਿੰਸੀਪਲ ਸਾਹਿਬ ਨੇ ਅੰਤਿਮ ਫੈਸਲਾ ਹੜਤਾਲੀਆਂ ਉੱਤੇ ਛੱਡ ਦਿੱਤਾ ਕਿ ਉਹ ਅਗਲੇ ਦਿਨ ਤੋਂ ਹਾਜਰ ਹੋਣਾ ਚਾਹੁਣਗੇ ਜਾਂ ਕਲਾਸਾਂ ਤੋਂ ਬਾਹਰ ਮੌਜ ਮਸਤੀ ਕਰਨਗੇ। ਮੈਨੂੰ ਕੱਲ੍ਹ ਵਾਂਗ ਚੇਤੇ ਹੈ ਕਿ ਥੋੜ੍ਹੀ ਜਿਹੀ ਘੁਸਰ-ਮੁਸਰ ਤੋਂ ਪਿਛੋਂ ਸਾਰੇ ਵਿਦਿਆਰਥੀ ਉਨ੍ਹਾਂ ਲੀਡਰਾਂ ਨਾਲ ਤੰੂ-ਤੰੂ, ਮੈਂ-ਮੈਂ ਤੇ ਉਤਰ ਆਏ, ਜਿਨ੍ਹਾਂ ਨੇ ਉਨ੍ਹਾਂ ਨੂੰ ਹੜਤਾਲ ਦੇ ਪੁੱਠੇ ਰਾਹ ਤੋਰਿਆ ਸੀ। ਨਤੀਜੇ ਵਜੋਂ ਅਗਲੇ ਦਿਨ ਕਾਲਜ ਵਿਚ ਹਾਜ਼ਰੀ ਭਰਨ ਵਾਲੇ ਆਪਣੇ ਲੀਡਰਾਂ ਨੂੰ ਏਦਾਂ ਧਮਕਾ ਰਹੇ ਸਨ, ਜਿਵੇਂ ਕੱਲ ਤੱਕ ਉਨ੍ਹਾਂ ਦੇ ਲੀਡਰ ਉਨ੍ਹਾਂ ਨਾਲ ਕਰਦੇ ਆਏ ਸਨ।
ਪ੍ਰਿੰਸੀਪਲ ਸਾਹਿਬ ਵਲੋਂ ਕੀਤੀ ਗਈ ਉਗਰਾਹੀ ਦੀ ਗੱਲ ਚੱਲੀ ਹੈ ਤਾਂ ਪੁਸਤਕ ਵਿਚ ਇਸ ਦਾ ਵੀ ਜ਼ਿਕਰ ਹੈ। ਉਹ ਢਾਡਾ ਨਾਂ ਦੇ ਪਿੰਡ ਗਏ ਤਾਂ ਦੋ ਰੱਜੇ ਪੁੱਜੇ ਘਰ ਵਾਲਿਆਂ ਨੇ ਸਿਰਫ ਸਵਾ ਸਵਾ ਰੁਪਿਆ ਦਿੱਤਾ। ਪਿੰਡ ਦੇ ਲੋਕਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦ ਲੈਣ ਵਾਲੇ ਨੇ ਇਹ ਵੀ ਖਿੜ੍ਹੇ ਮੱਥੇ ਪ੍ਰਵਾਨ ਕੀਤਾ ਤੇ ਦੇਣ ਵਾਲਿਆਂ ਦਾ ਨਾਂ-ਪਤਾ ਨੋਟ ਕਰ ਲਿਆ। ਫੇਰ ਕੀ ਸੀ, ਇੱਕ ਹੋਰ ਸੱਜਣ ਨੇ ਦਸ ਰੁਪਏ ਦਾਨ ਕੀਤੇ ਤਾਂ ਉਸ ਦੀ ਬੱਲੇ ਬੱਲੇ ਹੋ ਗਈ। ਹੋਰ ਵੀ ਕਈ ਨਿੱਤਰ ਆਏ।
ਅਜੀਤ ਲੰਗੇਰੀ ਨੇ ਪੁਸਤਕ ਦੇ ਅੰਤਲੇ 24 ਪੰਨਿਆਂ ਵਿਚ 60-70 ਦੁਰਲਭ ਤਸਵੀਰਾਂ ਵੀ ਦਿੱਤੀਆਂ ਹਨ, ਜਿਨ੍ਹਾਂ ਵਿਚ 1954 ਦੀ ਕਨਵੋਕੇਸ਼ਨ ਵਾਲੀ ਉਹ ਤਸਵੀਰ ਹੈ, ਜਿਸ ਦਾ ਮੁੱਖ ਮਹਿਮਾਨ ਉਸ ਸਮੇਂ ਦਾ ਵਿਕਾਸ ਮੰਤਰੀ ਪ੍ਰਤਾਪ ਸਿੰਘ ਕੈਰੋਂ ਸੀ, ਜਿਸ ਦੇ ਹੱਥੋਂ ਡਿਗਰੀ ਪ੍ਰਾਪਤ ਕਰਨ ਵਾਲਿਆਂ ਵਿਚ ਮੈਂ ਵੀ ਸੀ। ਅਜੋਕੀ ਸਿੱਖ ਐਜੂਕੇਸ਼ਨਲ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ ਦੀ ਤਸਵੀਰ ਸਮੇਤ ਜਿਹੜਾ ਇਸ ਕਾਲਜ ਦਾ ਵਿਦਿਆਰਥੀ ਅਤੇ ਅਮਰਜੀਤ ਕੌਰ ਨਾਮੀ ਉਸ ਵਿਦਿਆਰਥਣ ਦਾ ਭਾਣਜਾ ਹੈ, ਜਿਹੜੀ ਮਾਹਿਲਪੁਰੀਆਂ ਦੀ ਨੂੰਹ ਸੀ ਤੇ ਕਾਲਜ ਦੀ ਪ੍ਰਥਮ ਮਹਿਲਾ ਵਿਦਿਆਰਥਣ।
ਮੈਂ ਦਸ ਚੁਕਾ ਹਾਂ ਕਿ ਮੈਂ ਵੀ ਬਲਦੇਵ ਸਿੰਘ (ਦੁੱਮਣਾ) ਤੇ ਅਜੀਤ ਲੰਗੇਰੀ ਵਾਂਗ ਹਰਭਜਨ ਸਿੰਘ ਦਾ ਵਿਦਿਆਰਥੀ ਰਿਹਾ ਹਾਂ, ਪਰ ਮੈਂ ਅਪਣੇ ਗੁਰੂ ਤੋਂ ਮਿਲੀ ਦਾਤ ਦਾ ਉਨ੍ਹਾਂ ਦੋਹਾਂ ਜਿਹਾ ਗੁਣਗਾਨ ਨਹੀਂ ਕਰ ਸਕਿਆ। ਏਨਾ ਜਾਣਦਾ ਹਾਂ ਕਿ ਜੇ ਉਹ ਹਸਤੀ ਮਾਹਿਲਪੁਰ ਵਾਲਾ ਸਕੂਲ ਤੇ ਕਾਲਜ ਸਥਾਪਤ ਨਾ ਕਰਦੀ ਤਾਂ ਮੈਂ ਅੱਜ ਦੇ ਦਿਨ ਹਲ-ਵਾਹਕ ਹੋਣਾ ਸੀ।
ਲੋਕਤੰਤਰ ਦੇ ਦੋਖੀਆਂ ਦੀ ਮਾਨਸਿਕਤਾ: ਲੰਘੇ ਹਫਤੇ ਗੁਜਰਾਤ ਦੇ ਡਿਪਟੀ ਚੀਫ ਮਨਿਸਟਰ ਨਿਤਿਨ ਭਾਈ ਪਟੇਲ ਦਾ ਗਾਂਧੀਨਗਰ ਦੇ ਇਕ ਮੰਦਰ ਵਿਚ ਦਿੱਤਾ ਭਾਸ਼ਣ ਅਤੇ ਸੁਭਾਸ਼ ਚੰਦਰ ਬੋਸ ਦੇ ਮੱਦਾਹਾਂ ਵਲੋਂ ਭਾਰਤ ਦੀ ਸੁਤੰਤਰਤਾ ਦੇ 75 ਸਾਲਾ ਉਤਸਵ ਦੇ ਪ੍ਰਸੰਗ ਵਿਚ ਜਾਰੀ ਕੀਤਾ ਪੋਸਟਰ ਮੀਡੀਆ ਵਿਚ ਚਰਚਾ ਦਾ ਵਿਸ਼ਾ ਹੈ। ਨਿਤਿਨ ਭਾਈ ਪਟੇਲ ਨੇ ਆਪਣੇ ਭਾਸ਼ਣ ਵਿਚ ਲੋਕਤੰਤਰੀ ਰੁਚੀਆਂ ਦੀ ਹੋਂਦ ਦਾ ਮੂਲ ਕਾਰਨ ਭਾਰਤ ਵਿਚ ਹਿੰਦੂ ਬਹੁਗਿਣਤੀ ਦੱਸਿਆ ਹੈ ਅਤੇ ਜਦੋਂ ਕਦੀ ਵੀ ਇਹ ਗਿਣਤੀ ਘਟੇਗੀ-ਨਾ ਅਦਾਲਤਾਂ ਹੋਣਗੀਆਂ, ਨਾ ਲੋਕ ਸਭਾ, ਨਾ ਸੰਵਿਧਾਨ। ਦੂਜੇ ਧਰਮਾਂ ਉੱਤੇ ਇਹ ਹਮਲਾ ਸੁਤੰਤਰਤਾ ਸੰਗਰਾਮ ਸਮੇਂ ਪਣਪੀਆਂ, ਧਰਮ ਨਿਰਪੱਖ, ਜਮਹੂਰੀ ਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਮਲੀਆਮੇਟ ਕਰਨ ਦੀ ਸਾਜਿਸ਼ ਨਹੀਂ ਤਾਂ ਹੋਰ ਕੀ ਹੈ? ਸੁਭਾਸ਼ਵਾਦੀਆਂ ਵਲੋਂ ਆਪਣੇ ਪੋਸਟਰ ਵਿਚ ਮਹਾਤਮਾ ਗਾਂਧੀ ਦੇ ਇੱਕ ਪਾਸੇ ਬਾਬੂ ਰਾਜਿੰਦਰ ਪ੍ਰਸ਼ਾਦ ਤੇ ਦੂਜੇ ਪਾਸੇ ਸੁਭਾਸ਼ ਚੰਦਰ ਬੋਸ ਨੂੰ ਦਿਖਾਉਣਾ ਸੁਤੰਤਰ ਭਾਰਤ ਦੇ ਲੰਮਾ ਸਮਾਂ ਪ੍ਰਧਾਨ ਮੰਤਰੀ ਰਹੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਛੁਟਿਆਉਣਾ ਹੈ। ਇਹ ਵੀ ਨਹਿਰੂ ਵਿਰੋਧੀਆਂ ਦੀ ਰੋਗੀ ਮਾਨਸਿਕਤਾ ਦਾ ਸਬੂਤ ਹੈ। ਪੰਡਿਤ ਨਹਿਰੂ ਦੇ ਪ੍ਰਧਾਨ ਮੰਤਰੀ ਕਾਲ ਦੀਆਂ ਪ੍ਰਾਪਤੀਆਂ ਦੀ ਗੱਲ ਨਾ ਵੀ ਕਰੀਏ ਤਾਂ ਇਹ ਕਿਵੇਂ ਭੁਲਾ ਸਕਦੇ ਹਾਂ ਕਿ ਉਹ ਸੁਤੰਤਰਤਾ ਸੰਗਰਾਮ ਦਾ ਮੋਹਰੀ ਸੀ ਤੇ ਉਸ ਨੇ ਪੂਰੇ ਨੌਂ ਸਾਲ ਜੇਲ੍ਹ ਵਿਚ ਬਿਤਾਏ ਸਨ।
ਲੋਕਤੰਤਰ ਦੋਖੀਆਂ ਦੀ ਇਸ ਮਾਨਸਿਕਤਾ ਦੇ ਉਭਾਰ ਦਾ ਇਕੋ ਇਕ ਧੁਰਾ ਕੇਂਦਰ ਵਿਚ ਹਿੰਦੂ ਬਹੁਗਿਣਤੀ ਸਰਕਾਰ ਦੀ ਹੋਂਦ ਹੈ। ਧਰਮ ਨਿਰਪੱਖ ਤੇ ਜਮਹੂਰੀਅਤ ਪਸੰਦ ਧਿਰਾਂ ਨੂੰ ਚਾਹੀਦਾ ਹੈ ਕਿ ਇਸ ਰੁਝਾਨ ਨੂੰ ਨੱਥ ਪਾਉਣ ਲਈ ਇੱਕਜੁੱਟ ਹੋ ਕੇ ਹੰਭਲਾ ਮਾਰਨ।
ਅੰਤਿਕਾ: (ਬਾਬਾ ਨਜ਼ਮੀ)
ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁੱਕਦਰਾਂ ਦਾ,
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ।