ਕੀ ਖਣਿਜ ਪਦਾਰਥਾਂ ਸਦਕਾ ਅਫਗਾਨਿਸਤਾਨ ਦੀ ਬਦਲੇਗੀ ਤਕਦੀਰ!

ਅੱਬਾਸ ਧਾਲੀਵਾਲ
ਅਫਗਾਨਿਸਤਾਨ ਵਿਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਵਿਸ਼ਵ ਦੇ ਬਹੁਤੇ ਲੋਕਾਂ ਦੇ ਮਨਾਂ ਵਿਚ ਇਹੋ ਸਵਾਲ ਘੁੰਮ ਰਿਹਾ ਹੈ ਕਿ ਸਰਕਾਰ ਬਣਾਉਣ ਤੋਂ ਬਾਅਦ ਤਾਲਿਬਾਨ ਦੇਸ਼ ਨੂੰ ਕਿਵੇਂ ਚਲਾਉਣਗੇ? ਅਫਗਾਨਿਸਤਾਨ ਦੀ ਅਰਥ ਵਿਵਸਥਾ ਦਾ ਕੀ ਹੋਵੇਗਾ? ਦੇਸ਼ ਦੇ ਖਰਚਿਆਂ ਲਈ ਪੈਸਾ ਕਿੱਥੋਂ ਆਵੇਗਾ? ਇਹ ਸਵਾਲ ਇਸ ਲਈ ਉਠਾਏ ਜਾ ਰਹੇ ਹਨ, ਕਿਉਂਕਿ ਅਮਰੀਕਾ ਨੇ ਅਫਗਾਨਿਸਤਾਨ ਦੇ ਖਾਤੇ ਫਰੀਜ਼ ਕਰ ਦਿੱਤੇ ਹਨ ਅਤੇ ਵਿਸ਼ਵ ਬੈਂਕ ਨੇ ਹਾਲ ਦੀ ਘੜੀ ਸਾਰੀਆਂ ਸਹਾਇਤਾ ਸਹੂਲਤਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਅਜਿਹੀ ਸਥਿਤੀ ਵਿਚ, ਜੇ ਦੁਨੀਆਂ ਦੇ ਦੇਸ਼ ਤਾਲਿਬਾਨ ਸਰਕਾਰ ਨੂੰ ਮਾਨਤਾ ਨਹੀਂ ਦਿੰਦੇ, ਤਾਂ ਇਸ ਦੇ ਨਤੀਜੇ ਵਜੋਂ ਅੰਤਰਰਾਸ਼ਟਰੀ ਫੰਡਿੰਗ ਨਹੀਂ ਹੋਵੇਗੀ। ਫਿਰ ਅਫਗਾਨਿਸਤਾਨ ਦੇ ਵਿਕਾਸ ਕਾਰਜਾਂ ਨੂੰ ਚਲਾਉਣਾ ਕਿਵੇਂ ਸੰਭਵ ਹੋਵੇਗਾ? ਬਿਨਾ ਸ਼ੱਕ, ਇਹ ਇੱਕ ਵੱਡਾ ਪ੍ਰਸ਼ਨ ਹੈ। ਅਫਗਾਨਿਸਤਾਨ ਅਜਿਹੇ ਬਹੁਤ ਸਾਰੇ ਪ੍ਰਸ਼ਨਾਂ ਨੂੰ ਲੈ ਕੇ ਵਿਸ਼ਲੇਸ਼ਕਾਂ ਅਤੇ ਬੁੱਧੀਜੀਵੀਆਂ ਦੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਵਿਸ਼ਵ ਪੱਧਰ ‘ਤੇ ਅਫਗਾਨਿਸਤਾਨ ਦੀ ਸਥਿਤੀ ’ਤੇ ਨਜ਼ਰ ਮਾਰਦੇ ਹਾਂ, ਤਾਂ ਵੇਖਦੇ ਹਾਂ ਕਿ ਜਿਸ ਤਰੀਕੇ ਨਾਲ ਅਫਗਾਨਿਸਤਾਨ ਪਿਛਲੇ ਚਾਰ ਦਹਾਕਿਆਂ ਤੋਂ ਲਗਾਤਾਰ ਬਾਹਰੀ ਅਤੇ ਅੰਦਰੂਨੀ ਘਰੇਲੂ ਯੁੱਧਾਂ ਨਾਲ ਜੂਝਦਾ ਆ ਰਿਹਾ ਹੈ, ਉਸ ਦੇ ਨਤੀਜੇ `ਚ ਅਫਗਾਨਿਸਤਾਨ ਚੋਟੀ ਦੇ ਦੋ-ਤਿੰਨ ਦੇਸ਼ਾਂ ਵਿਚੋਂ ਇੱਕ ਅਜਿਹੇ ਦੇਸ਼ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ, ਜਿਸ ਦੇ ਫਲਸਰੂਪ ਆਮਦਨੀ, ਸਿੱਖਿਆ ਅਤੇ ਸਿਹਤ ਦੇ ਮਾਮਲੇ ਵਿਚ ਦੁਨੀਆਂ ਦੇ ਤਿੰਨ ਸਭ ਤੋਂ ਪਛੜੇ ਦੇਸ਼ਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ।
ਅਫਗਾਨਿਸਤਾਨ ਦੇ ਮਾਮਲੇ ਵਿਚ, ਜੇ ਨਿਊ ਯਾਰਕ ਟਾਈਮਜ਼ 2010 ਵਿਚ ਪੈਂਟਾਗਨ ਦੀ ਇੱਕ ਰਿਪੋਰਟ ਦਾ ਵਿਸ਼ਲੇਸ਼ਣ ਕਰੀਏ ਤਾਂ ਅਫਗਾਨਿਸਤਾਨ ਇਸ ਵੇਲੇ ਘੱਟੋ ਘੱਟ ਇੱਕ ਟ੍ਰਿਲੀਅਨ ਡਾਲਰ ਦੇ ਖਣਿਜਾਂ ਨਾਲ ਭਰਪੂਰ ਹੈ। ਯੂ. ਐਸ. ਡਿਪਾਰਟਮੈਂਟ ਆਫ ਡਿਫੈਂਸ ਅਤੇ ਜੀਓਲੌਜੀਕਲ ਸਰਵੇ ਦੇ ਸਹਿਯੋਗ ਨਾਲ ਕੀਤੇ ਗਏ ਵਿਸ਼ਲੇਸ਼ਣ ਅਨੁਸਾਰ ਖਣਿਜ ਪਦਾਰਥ ਭੰਡਾਰਾਂ ਵਿਚ ਇੱਕ ਧਾਤ ਸ਼ਾਮਲ ਹੈ, ਜੇ ਉਹ ਅੱਜ ਖਤਮ ਹੋ ਗਈ ਤਾਂ ਕੱਲ੍ਹ ਤੱਕ ਵਿਸ਼ਵ `ਚ ਵਿਕਾਸ ਕਾਰਜਾਂ ਵਿਚ ਇੱਕ ਖੜੋਤ ਆ ਜਾਏਗੀ। ਦਰਅਸਲ ਲਿਥੀਅਮ ਨਾਂ ਵਜੋਂ ਜਾਣੀ ਜਾਂਦੀ ਇਸ ਧਾਤ ਦੀ ਵਰਤੋਂ ਮੋਬਾਈਲ ਫੋਨਾਂ, ਟੈਬਲੇਟਾਂ, ਲੈਪਟੌਪਾਂ, ਕੈਮਰਿਆਂ, ਡਰੋਨਾਂ ਅਤੇ ਹੋਰ ਉਪਕਰਣਾਂ ਦੀਆਂ ਬੈਟਰੀਆਂ ਦੇ ਨਾਲ ਨਾਲ ਚੱਲਣ ਵਾਲੀਆਂ ਇਲੈਕਟ੍ਰਿਕ ਕਾਰਾਂ ਲਈ ਰੀਚਾਰਜ ਕਰਨ ਯੋਗ ਬੈਟਰੀਆਂ ਲਈ ਕੀਤੀ ਜਾਂਦੀ ਹੈ।
ਦੂਜੇ ਪਾਸੇ 2017 ਵਿਚ ਕਰਵਾਏ ਗਏ ਇੱਕ ਹੋਰ ਸਰਵੇਖਣ ਅਨੁਸਾਰ ਅਫਗਾਨਿਸਤਾਨ ਦੇ ਖਣਿਜ ਸਰੋਤਾਂ ਦੀ ਕੀਮਤ 30 ਟ੍ਰਿਲੀਅਨ ਤੋਂ ਵੱਧ ਹੈ, ਪਰ ਦੇਸ਼ ਅੰਦਰ ਲੰਮੇ ਸਮੇਂ ਤੋਂ ਚੱਲ ਰਹੇ ਤਣਾਅ ਦੇ ਕਾਰਨ ਇਸ ਸਰਵੇਖਣ ਨੂੰ ਅੰਤਿਮ ਨਹੀਂ ਕਿਹਾ ਜਾ ਸਕਦਾ।
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਦੇ ਇੰਟਰਨੈਟ ਦੇ ਇਸ ਯੁੱਗ ਵਿਚ ਮੋਬਾਈਲ ਉਪਕਰਣਾਂ ਅਤੇ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਦਾ ਰੁਝਾਨ ਦਿਨ ਪ੍ਰਤੀ ਦਿਨ ਵਧ ਰਿਹਾ ਹੈ। ਇਸ ਲਈ ਲਿਥੀਅਮ ਦੀ ਮੰਗ ਵੀ ਦਿਨੋ ਦਿਨ ਵਧ ਰਹੀ ਹੈ। ਇੱਕ ਅਨੁਮਾਨ ਮੁਤਾਬਕ 2040 ਵਿਚ ਇਸ ਧਾਤ ਦੀ ਮੰਗ 40 ਗੁਣਾਂ ਵਧਣ ਦੀ ਸੰਭਾਵਨਾ ਹੈ। ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਜਿਸ ਤਰ੍ਹਾਂ ਤੇਲ ਨੇ ਮੱਧ ਪੂਰਬ ਦੀ ਅਰਥ ਵਿਵਸਥਾ ਨੂੰ ਬਦਲ ਕੇ ਰੱਖ ਦਿੱਤਾ ਹੈ, ਉਸੇ ਤਰ੍ਹਾਂ ਖਣਿਜ ਪਦਾਰਥਾਂ ਨਾਲ ਭਰਪੂਰ ਅਫਗਾਨਿਸਤਾਨ ਵੀ ਇਨ੍ਹਾਂ ਸਰੋਤਾਂ ਦੀ ਵਰਤੋਂ ਕਰਕੇ ਆਪਣੀ ਕਿਸਮਤ ਬਦਲਣ ਦੀ ਸਮਰੱਥਾ ਰੱਖਦਾ ਹੈ।
ਸਵਾਲ ਇਹ ਵੀ ਉੱਠਦਾ ਹੈ ਕਿ ਅਫਗਾਨਿਸਤਾਨ ਵਿਚ ਆਖਰ ਕਿੰਨੀ ਕੁ ਲਿਥੀਅਮ ਮੌਜੂਦ ਹੈ? ਇਸ ਸਬੰਧੀ ਪੈਂਟਾਗਨ ਦੀ ਇੱਕ ਰਿਪੋਰਟ ਵਿਚ ਅਫਗਾਨਿਸਤਾਨ ਨੂੰ “ਲਿਥੀਅਮ ਦਾ ਸਾਊਦੀ ਅਰਬ” ਦੱਸਿਆ ਗਿਆ ਹੈ। ਯੂ. ਐਸ. ਫੌਜ ਦੇ ਕਮਾਂਡਰ-ਇਨ-ਚੀਫ ਜਨਰਲ ਡੇਵਿਡ ਪੈਟਰੌਇਸ ਨੇ ਇੱਕ ਬਿਆਨ ਵਿਚ ਕਿਹਾ ਕਿ ‘ਇੱਥੇ ਬਹੁਤ ਸੰਭਾਵਨਾਵਾਂ ਹਨ।’
ਇਥੇ ਜਿ਼ਕਰਯੋਗ ਹੈ ਕਿ ਲਿਥੀਅਮ ਅਫਗਾਨਿਸਤਾਨ ਦੇ ਗਜ਼ਨੀ, ਹੇਰਾਤ ਅਤੇ ਨਿਮਰੋਜ਼ ਪ੍ਰਾਂਤਾਂ ਵਿਚ ਮੌਜੂਦ ਹੈ। ਮਾਹਿਰਾਂ ਅਨੁਸਾਰ ਲਿਥੀਅਮ ਤੋਂ ਇਲਾਵਾ ਤਾਂਬਾ, ਸੋਨਾ, ਲੋਹਾ ਅਤੇ ਕੋਬਾਲਟ ਵੀ ਅਫਗਾਨਿਸਤਾਨ ਵਿਚ ਵੱਡੀ ਮਾਤਰਾ ਵਿਚ ਪਾਇਆ ਜਾਂਦਾ ਹੈ।
ਇਕ ਹੋਰ ਰਿਪੋਰਟ ਅਨੁਸਾਰ ਅਫਗਾਨਿਸਤਾਨ ਕੋਲ ਅਰਬਾਂ ਡਾਲਰ ਦੇ ਖਣਿਜ ਹਨ। ਇੱਕ ਅੰਦਾਜ਼ਾ ਇਹ ਵੀ ਹੈ ਕਿ ਅਫਗਾਨਿਸਤਾਨ ਦੀਆਂ ਵਾਦੀਆਂ, ਚੱਟਾਨਾਂ ਅਤੇ ਪਹਾੜਾਂ ਵਿਚ ਲਗਭਗ ਤਿੰਨ ਟ੍ਰਿਲੀਅਨ ਡਾਲਰ ਦੇ ਖਣਿਜ ਅਤੇ ਧਾਤ ਲੁਕੇ ਹੋਏ ਹੋ ਸਕਦੇ ਹਨ, ਜੋ ਕਿਸੇ ਨੂੰ ਕਦੇ ਨਹੀਂ ਮਿਲੇ। ਸ਼ਾਇਦ ਇਹੋ ਕਾਰਨ ਹੈ ਕਿ ਅਫਗਾਨਿਸਤਾਨ ਨੂੰ ਇਨ੍ਹਾਂ ਧਾਤਾਂ ਦੇ ਕਾਰਨ ਲਿਥੀਅਮ ਦਾ ਸਾਊਦੀ ਅਰਬ ਕਿਹਾ ਜਾ ਰਿਹਾ ਹੈ।
ਅਫਗਾਨਿਸਤਾਨ ਵਿਚ ਦੁਰਲਭ ਧਾਤਾਂ ਵਿਚੋਂ ਨਿਓਹੀਡੀਮੀਅਮ, ਪ੍ਰੈਜੀਡੀਮੀਅਮ ਤੇ ਡਿਸਪ੍ਰੋਜੀਅਮ ਅਤੇ ਤਾਂਬੇ ਦੇ ਵਿਸ਼ਾਲ ਭੰਡਾਰ ਹਨ, ਜਿਨ੍ਹਾਂ ਦੀ ਭਵਿੱਖ ਵਿਚ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਵਿਸ਼ਵ ਨੂੰ ਕਲੀਨ ਐਨਰਜੀ ਦੀ ਵੱਡੀ ਮਾਤਰਾ ਵਿਚ ਲੋੜ ਪਵੇਗੀ।
ਇਸ ਤੋਂ ਇਲਾਵਾ ਅਫਗਾਨਿਸਤਾਨ ਦੀਆਂ ਚੱਟਾਨਾਂ ਦੁਰਲਭ ਪੱਥਰਾਂ ਦੀਆਂ ਖਾਣਾਂ ਹਨ। ਇਨ੍ਹਾਂ ਵਿਚ ਕੀਮਤੀ ਪੱਥਰ ਜਿਵੇਂ ਕਿ ਜਮਰਦ, ਯਾਕੂਤ, ਲਾਲ, ਸੰਗਮਰਮਰ ਅਤੇ ਲੈਪਿਸ ਲਾਜਵਰਦ ਜਿਹੇ ਕੀਮਤੀ ਪੱਥਰ ਮਿਲਦੇ ਹਨ। ਇਨ੍ਹਾਂ ਖਾਣਾਂ ਤੋਂ ਕੋਲਾ, ਆਇਰਨ ਕੋਬਾਲਟ ਅਤੇ ਟਾਲਕ ਵੀ ਉਪਲਬਧ ਹੈ।
ਅਫਗਾਨਿਸਤਾਨ ਵਿਚ ਇਨ੍ਹਾਂ ਖਣਿਜਾਂ ਦੀ ਮੌਜੂਦਗੀ ਦੇ ਮੱਦੇਨਜ਼ਰ ਹੀ ਸ਼ਾਇਦ ਚੀਨ, ਰੂਸ ਅਤੇ ਹੋਰ ਯੂਰਪੀਅਨ ਦੇਸ਼ ਹੁਣ ਅਫਗਾਨਿਸਤਾਨ ਵਿਚ ਇੱਕ ਸਥਿਰ ਸਰਕਾਰ ਦੇਖਣਾ ਚਾਹੁੰਦੇ ਹਨ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਚੀਨ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਹੈ, ਜੋ ਤਾਲਿਬਾਨ ਨਾਲ ‘ਦੋਸਤਾਨਾ ਸੰਬੰਧ’ ਸਥਾਪਤ ਕਰਨ ਦਾ ਚਾਹਵਾਨ ਹੈ। ਇਸੇ ਦੇ ਫਲਸਰੂਪ 28 ਜੁਲਾਈ ਨੂੰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਬੀਜਿੰਗ ਵਿਚ ਤਾਲਿਬਾਨ ਦੇ ਵਫਦ ਨਾਲ ਮੁਲਾਕਾਤ ਕੀਤੀ ਅਤੇ ਕਿਹਾ, “ਤਾਲਿਬਾਨ ਅਫਗਾਨਿਸਤਾਨ ਵਿਚ ਸ਼ਾਂਤੀ, ਸੁਲ੍ਹਾ ਅਤੇ ਪੁਨਰ ਨਿਰਮਾਣ ਵਿਚ ਮੁੱਖ ਭੂਮਿਕਾ ਨਿਭਾਉਣਗੇ।” ਜਦੋਂ ਕਿ ਇਸ ਮੌਕੇ ਅਫਗਾਨ ਵਫਦ ਦੇ ਮੁਖੀ ਮੁੱਲਾ ਅਬਦੁਲ ਗਨੀ ਬਰਾਦਰ ਨੇ ਉਮੀਦ ਪ੍ਰਗਟ ਕੀਤੀ ਕਿ ਚੀਨ ਅਫਗਾਨਿਸਤਾਨ ਦੇ ਮੁੜ ਨਿਰਮਾਣ ਅਤੇ ਆਰਥਿਕ ਵਿਕਾਸ ਵਿਚ ਵੱਡੀ ਭੂਮਿਕਾ ਨਿਭਾਏਗਾ।
ਇਥੇ ਵਰਣਨਯੋਗ ਹੈ ਕਿ ਜਦੋਂ ਅਮਰੀਕਾ ਨੇ 2001 ਵਿਚ ਤਾਲਿਬਾਨ ਉੱਤੇ ਹਮਲਾ ਕੀਤਾ ਤਾਂ ਚੀਨ ਨੇ ਅਫਗਾਨਿਸਤਾਨ ਦੇ ਲੋਗਰ ਪ੍ਰਾਂਤ ਵਿਚ ‘ਮਿਸ ਐਨ’ (ਪਸ਼ਤੋ ਅਤੇ ਫਾਰਸੀ ਭਾਸ਼ਾ ਵਿਚ ‘ਮਿਸ’ ਨੂੰ ਤਾਂਬਾ ਅਤੇ ਅਰਬੀ ਭਾਸ਼ਾ ਦੇ ‘ਐਨ’ ਦਾ ਅਰਥ ਹੈ, ਮਾਖਜ ਭਾਵ ਸਰੋਤ) ਨਾਮਕ ਤਾਂਬੇ ਦੀ ਖਾਣ ਵਿਚ ਇੱਕ ਖਨਨ ਪ੍ਰਾਜੈਕਟ `ਤੇ ਕੰਮ ਕਰ ਰਿਹਾ ਸੀ।
ਉਧਰ ਆਸਟ੍ਰੀਆ ਇੰਸਟੀਚਿਊ ਫਾਰ ਯੂਰਪੀਅਨ ਐਂਡ ਸਿਕਿਉਰਿਟੀ ਪਾਲਿਸੀ ਦੇ ਸੀਨੀਅਰ ਫੈਲੋ ਮਾਈਕਲ ਟੈਂਕਮ ਡੋਏਚੇ ਵੈਲੇ ਦਾ ਕਹਿਣਾ ਹੈ ਕਿ ਅਫਗਾਨਿਸਤਾਨ ‘ਤੇ ਤਾਲਿਬਾਨ ਦਾ ਕਬਜ਼ਾ ਅਜਿਹੇ ਸਮੇਂ ਹੋਇਆ ਹੈ, ਜਦੋਂ ਦੁਨੀਆਂ ਨੂੰ ਨੇੜੇ ਭਵਿੱਖ ਵਿਚ ਉਕਤ ਖਣਿਜਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਚੀਨ ਨੂੰ ਇਸ ਦੀ ਬੇਹੱਦ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ, “ਚੀਨ ਪਹਿਲਾਂ ਹੀ ਇਨ੍ਹਾਂ ਖਣਿਜਾਂ ਨੂੰ ਕੱਢਣ ਦੀ ਸਥਿਤੀ ਵਿਚ ਹੈ।”