‘ਅਸਾਂ ਮਾਹੀ ਨੂੰ ਮਨਾਇਆ’ ਵਾਲੀ ਜਗਜੀਤ ਕੌਰ

ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੰਗ ਮਈ ਵਿਚ ਪੈਦਾ ਹੋਈ ਜਗਜੀਤ ਕੌਰ ਨੇ ਆਪਣੀ ਬੁਲੰਦ ਆਵਾਜ਼ ਦੇ ਦਮ ‘ਤੇ ਹਿੰਦੀ ਸਿਨੇਮਾ ਵਿਚ ਪੰਜਾਬ ਦਾ ਨਾਂ ਰੌਸ਼ਨ ਕੀਤਾ। 1950 ਤੇ 60ਵਿਆਂ ਵਿਚ ਜਿੱਥੇ ਉਸ ਦੇ ਗਾਏ ਲੋਕ ਗੀਤ ਪੰਜਾਬ ਦੇ ਘਰ-ਘਰ ਵਿਚ ਗੂੰਜਦੇ ਸਨ, ਉਥੇ ਉਸ ਨੇ 1960ਵਿਆਂ ਤੋਂ 80ਵਿਆਂ ਤਕ ਹਿੰਦੀ ਸਿਨਮਾ ਵਿਚ ਪਿੱਠਵਰਤੀ ਗੁਲੂਕਾਰਾ ਵਜੋਂ ਪ੍ਰਸਿੱਧੀ ਹਾਸਲ ਕੀਤੀ। ਉਸ ਦਾ ਵਿਆਹ ਮਸ਼ਹੂਰ ਸੰਗੀਤਕਾਰ ਖਯਾਮ ਨਾਲ ਹੋਇਆ।

ਜਗਜੀਤ ਕੌਰ ਦੀ ਪੈਦਾਇਸ਼ ਪਹਿਲੀ ਨਵੰਬਰ 1931 ਨੂੰ ਹੁਸ਼ਿਆਰਪੁਰ ਦੇ ਪਿੰਡ ਕੰਗ ਮਈ ਦੇ ਜੱਟ ਸਿੱਖ ਪਰਿਵਾਰ ਵਿਚ ਹੋਈ। ਪਿਤਾ ਸ਼ਿਵਚਰਨ ਸਿੰਘ ਸਿੱਧੂ ਅਤੇ ਮਾਤਾ ਭਾਨ ਕੌਰ ਦੀ ਇਸ ਲਾਡਲੀ ਧੀ ਨੂੰ ਬਾਲ ਵਰੇਸੇ ਹੀ ਸੰਗੀਤ ਨਾਲ ਬੇਹੱਦ ਉਲਫਤ ਸੀ। ਪਿਤਾ ਦੀ ਹੌਸਲਾ-ਅਫਜ਼ਾਈ ਦੌਰਾਨ ਜਗਜੀਤ ਨੇ ਸੰਗੀਤ ਦੀ ਬਕਾਇਦਾ ਤਾਲੀਮ ਮਾਸਟਰ ਨੱਥੂ ਰਾਮ ਕੋਲੋਂ ਹਾਸਲ ਕੀਤੀ। ਦਸਵੀਂ ਤਕ ਪੜ੍ਹਾਈ ਕਰਨ ਤੋਂ ਬਾਅਦ ਉਹ ਪੱਕੇ ਤੌਰ ‘ਤੇ ਸੰਗੀਤ ਨੂੰ ਸਮਰਪਿਤ ਹੋ ਗਈ। ਉਸ ਨੇ ਕੁਝ ਸਮਾਂ ਆਲ ਇੰਡੀਆ ਰੇਡੀਓ, ਜਲੰਧਰ ਤੇ ਦਿੱਲੀ ਤੋਂ ਲੋਕ ਗੀਤਾਂ ਦੀ ਪੇਸ਼ਕਾਰੀ ਵੀ ਕੀਤੀ। 1951 ਵਿਚ ਇਕ ਪੰਜਾਬੀ ਫਿਲਮ ‘ਚ ਗੀਤ ਗਾਉਣ ਤੋਂ ਬਾਅਦ ਉਹ ਪੱਕੇ ਤੌਰ ‘ਤੇ ਬੰਬਈ ਆ ਗਈ।
ਜਦੋਂ ਐਨ.ਐਸ. ਕਵਾਤੜਾ ਨੇ ਕੇ.ਡੀ. ਮਹਿਰਾ (ਕ੍ਰਿਸ਼ਨ ਦੇਵ ਮਹਿਰਾ) ਦੀ ਹਿਦਾਇਤਕਾਰੀ ਵਿਚ ਮਜ਼ਾਹੀਆ ਪੰਜਾਬੀ ਫਿਲਮ ‘ਪੋਸਤੀ’ (1951) ਬਣਾਈ ਤਾਂ ਇਨ੍ਹਾਂ ਦੇ ਛੋਟੇ ਭਰਾ ਸਰਦੂਲ ਕਵਾਤੜਾ (ਸਹਾਇਕ ਭਗਵੰਤ ਸਿੰਘ ਕਵਾਤੜਾ) ਨੇ ਆਪਣੀ ਸੰਗੀਤ ਨਿਰਦੇਸ਼ਨਾ ਵਿਚ ਜਗਜੀਤ ਕੌਰ ਨੂੰ ਨਵੀਂ ਗੁਲੂਕਾਰਾ ਵਜੋਂ ਪੇਸ਼ ਕੀਤਾ। ਜਗਜੀਤ ਕੌਰ ਨੇ ਇਸ ਫਿਲਮ ਦੇ ਦੋ ਗੀਤ ਗਾਏ। ਪਹਿਲਾ ਅਦਾਕਾਰਾ ਸ਼ਿਆਮਾ ਤੇ ਮਨੋਰਮਾ ‘ਤੇ ਫਿਲਮਾਇਆ ਤੇ ਮਨੋਹਰ ਸਿੰਘ ਸਹਿਰਾਈ ਦਾ ਲਿਖਿਆ ‘ਸੁਣ ਵੇ ਦੁਪੱਟਿਆ ਸੱਤ ਰੰਗਿਆ ਹਾਏ ਵੇ ਦੁਪੱਟਿਆ’ (ਆਸ਼ਾ ਭੌਸਲੇ, ਜਗਜੀਤ ਕੌਰ) ਅਤੇ ਦੂਜਾ ਅਦਾਕਾਰਾ ਰਜਨੀ, ਮੋਤੀ ਸੂਦ (ਮਜਨੂੰ) ਤੇ ਸਾਥੀਆਂ ‘ਤੇ ਫਿਲਮਾਇਆ ਅਤੇ ਵਰਮਾ ਮਲਿਕ ਦਾ ਲਿਖਿਆ ਕੱਵਾਲੀ ਗੀਤ ‘ਅੱਖ ਨਾਲ ਦਿਲ ਨੂੰ… ਦਿਲ ਲੈਣ ਵਾਲਿਆ ਤੇਰਾ ਕੱਖ ਨਾ ਰਹੇ’ (ਆਸ਼ਾ ਭੌਸਲੇ, ਜਗਜੀਤ ਕੌਰ, ਮੁਹੰਮਦ ਰਫੀ) ਬਹੁਤ ਪਸੰਦ ਕੀਤੇ ਗਏ। ਇਹ ਕਾਮਯਾਬ ਫਿਲਮ 8 ਜੂਨ 1951 ਨੂੰ ਅੰਮ੍ਰਿਤਸਰ ਵਿਚ ਲੱਗੀ। ਬਲਦੇਵ ਆਰ. ਝੀਂਗਣ ਨਿਰਦੇਸ਼ਿਤ ਪੰਜਾਬੀ ਫਿਲਮ ‘ਬੰਤੋ’ (1962) ਵਿਚ ਸੰਗੀਤਕਾਰ ਬਾਬੁਲ ਨੇ ਨਗਮਾਨਿਗਾਰ ਮਨੋਹਰ ਸਿੰਘ ਸਹਿਰਾਈ ਦੇ ਲਿਖੇ 3 ਗੀਤ ਜਗਜੀਤ ਕੌਰ ਕੋਲੋਂ ਗਵਾਏ। ਨਿਸ਼ੀ, ਦਲਜੀਤ ਤੇ ਸਾਥੀਆਂ ‘ਤੇ ਫਿਲਮਾਏ ਇਨ੍ਹਾਂ ਗੀਤਾਂ ਦੇ ਬੋਲ ਹਨ- ‘ਓ ਮੇਰੀ ਚੁੰਨੀ ਡਿੱਗ-ਡਿੱਗ ਪੈਂਦੀ ਨੀਂ, ਨੀਂ ਮੈਂ ਕੁਝ ਵੀ ਮੂੰਹੋਂ ਕਹਿੰਦੀ ਨੀਂ’ (ਜਗਜੀਤ ਕੌਰ), ਉਦਾਸ ਗੀਤ ‘ਨੀਂ ਅੱਜ ਛਣਕੇ ਨਾ ਝਾਂਜਰ ਮੇਰੀ’ (ਜਗਜੀਤ ਕੌਰ) ਅਤੇ ਭੰਗੜਾ ਗੀਤ ‘ਨੰਗਾ ਰੱਖ ਕੇ… ਬੰਤੋ ਦੀ ਟੌਰ੍ਹ ਵੱਖਰੀ’ (ਮੀਨੂੰ ਪ੍ਰਸ਼ੋਤਮ, ਜਗਜੀਤ ਕੌਰ, ਮਹਿੰਦਰ ਕਪੂਰ, ਐਸ.ਡੀ. ਬਾਤਿਸ਼)। ਇਹ ਫਿਲਮ 20 ਜੁਲਾਈ 1962 ਨੂੰ ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ।
ਬੂਟਾ ਸਿੰਘ ਸ਼ਾਦ ਦੇ ਫਿਲਮਸਾਜ਼ ਅਦਾਰੇ ਦੀ ਵੇਦ ਮਹਿਰਾ ਨਿਰਦੇਸ਼ਿਤ ਪਹਿਲੀ ਪੰਜਾਬੀ ਫਿਲਮ ‘ਕੁੱਲੀ ਯਾਰ ਦੀ’ (1970) ਵਿਚ ਸੰਗੀਤਕਾਰ ਮਨੋਹਰ ਨੇ ਜਗਜੀਤ ਕੌਰ ਕੋਲੋਂ ਗੀਤ ਗਵਾਇਆ ‘ਬੀਨ ਵਜਾ ਕੇ ਨੈਣ ਮਿਲਾ ਕੇ ਜੋਗੀ ਮੰਤਰ ਪੜ੍ਹ ਗਿਆ ਵੇ’ (ਨਾਲ ਸ਼ਮਸ਼ਾਦ ਬੇਗਮ)। ਕਾਮੇਡੀ ਕਿੰਗ ਮਿਹਰ ਮਿੱਤਲ ਦੇ ਫਿਲਮਸਾਜ਼ ਅਦਾਰੇ ਦੀ ਸੁਭਾਸ਼ ਭਾਖੜੀ ਨਿਰਦੇਸ਼ਿਤ ਮਜ਼ਾਹੀਆ ਫਿਲਮ ‘ਮਾਂ ਦਾ ਲਾਡਲਾ’ (1973) ਵਿਚ ਸੰਗੀਤਕਾਰ ਮਨੋਹਰ ਨੇ ਜਗਜੀਤ ਕੌਰ ਕੋਲੋਂ ਇੰਦਰਜੀਤ ਹਸਨਪੁਰੀ ਦਾ ਲਿਖਿਆ ਗੀਤ ਗਵਾਇਆ ‘ਲੁਧਿਆਣੇ ਮੇਰੀ ਝਾਂਜਰ ਛਣਕੇ’ (ਜਗਜੀਤ ਕੌਰ, ਨੂਰਜਹਾਂ) ਜੋ ਨ੍ਰਿਤ ਅਦਾਕਾਰਾਵਾਂ ਸ਼ੈਫਾਲੀ ਤੇ ਰਤਨਾ ‘ਤੇ ਫਿਲਮਾਇਆ ਗਿਆ ਸੀ। ਇਹ ਫਿਲਮ 6 ਅਪਰੈਲ 1973 ਨੂੰ ਰਿਲੀਜ਼ ਹੋਈ।
ਬੀ.ਆਰ. ਸਾਹਨੀ ਦੇ ਫਿਲਮਸਾਜ਼ ਅਦਾਰੇ ਦੀ ਕਾਕਾ ਸ਼ਰਮਾ ਨਿਰਦੇਸ਼ਿਤ ਪੰਜਾਬੀ ਫਿਲਮ ‘ਸਤਿਗੁਰੂ ਤੇਰੀ ਓਟ’ (1974) ‘ਚ ਪਹਿਲੀ ਵਾਰ ਜਗਜੀਤ ਕੌਰ ਨੇ ਗੀਤ ਗਾਉਣ ਦੇ ਨਾਲ-ਨਾਲ ਫਿਲਮ ਦਾ ਸੋਹਣਾ ਸੰਗੀਤ ਵੀ ਤਾਮੀਰ ਕੀਤਾ। ਫਿਲਮ ‘ਚ ਪੰਜਾਬੀ ਨਗਮਾਨਿਗਾਰ ਨਕਸ਼ ਲਾਇਲਪੁਰੀ ਦੇ ਲਿਖੇ 7 ਗੀਤਾਂ ‘ਚੋਂ 6 ਗੀਤ ਜਗਜੀਤ ਕੌਰ ਨੇ ਗਾਏ। ਮੀਨਾ ਰਾਏ, ਮਧੂਮਤੀ, ਵੀਨਾ ਤੇ ਸੋਮ ਦੱਤ ‘ਤੇ ਫਿਲਮਾਏ ਇਨ੍ਹਾਂ ਗੀਤਾਂ ਦੇ ਖੂਬਸੂਰਤ ਬੋਲ ਹਨ ‘ਭੁੱਲ ਜਾਏਂਗੀ ਤੂੰ ਸਾਨੂੰ ਭੁੱਲ ਜਾਏਂਗੀ’, ‘ਤੇਰਾ ਨਾਮ ਸਦਾ ਸੁਖਦਾਈ, ਸਤਿਗੁਰੂ ਤੇਰੀ ਓਟ’ (ਜਗਜੀਤ ਕੌਰ), ‘ਰਾਂਝਣਾ ਓ ਮੇਰਾ ਨਾਜ਼ੁਕ ਦਿਲ ਨਾ ਤੋੜੀਂ ਵੇ’ (ਜਗਜੀਤ ਕੌਰ) ਅਤੇ 3 ਦੋਗਾਣਾ ਮਹਿੰਦਰ ਕਪੂਰ ਨਾਲ ‘ਸਾਡੀ ਹਿੱਕ ‘ਤੇ ਨਿਸ਼ਾਨਾ ਲਾਇਆ’, ‘ਮੈਂ ਚਿੱਠੀਆਂ ਨਿੱਤ ਪਾਵਾਂ’ ਤੇ ਤੀਜਾ ਦੇਸ਼ ਭਗਤੀ ਗੀਤ ‘ਸੌ ਬਹਾਰਾਂ…ਕੌਮ ਦੇ ਪਿਆਰੇ ਸ਼ਹੀਦੋ’। ਇਹ ਫਿਲਮ 14 ਮਾਰਚ 1975 ਨੂੰ ਅੰਮ੍ਰਿਤਸਰ ਵਿਖੇ ਪਰਦਾਪੇਸ਼ ਹੋਈ।
ਜਦੋਂ ਫਿਲਮਸਾਜ਼ ਹਰੀ ਦੱਤ ਨੇ ਪੰਜਾਬੀ ਫਿਲਮ ‘ਉਡੀਕਾਂ’ (1978) ਬਣਾਈ ਤਾਂ ਫਿਲਮ ਵਿਚ ਸੰਗੀਤਕਾਰ ਸਪਨ-ਜਗਮੋਹਨ ਦੀ ਜੋੜੀ ਨੇ ਨਕਸ਼ ਲਾਇਲਪੁਰੀ ਦਾ ਲਿਖਿਆ ਮੁਜਰਾ ਗੀਤ ‘ਹੱਥ ਜੋੜ-ਜੋੜ ਕੇ ਹਉਕੇ ਭਰ-ਭਰ ਕੇ, ਅਸਾਂ ਮਾਹੀ ਨੂੰ ਮਨਾਇਆ ਮਸਾਂ ਮਰ-ਮਰ ਕੇ’ ਜਗਜੀਤ ਕੌਰ ਕੋਲੋਂ ਗਵਾਇਆ ਜੋ ਬੜਾ ਹਿੱਟ ਹੋਇਆ। ਇਹ ਫਿਲਮ 6 ਜੁਲਾਈ 1979 ਨੂੰ ਅੰਮ੍ਰਿਤਸਰ ਵਿਚ ਨੁਮਾਇਸ਼ ਹੋਈ ਤੇ ਸੁਪਰਹਿੱਟ ਰਹੀ।
ਐਸ.ਐਮ. ਯੂਸਫ ਨਿਰਦੇਸ਼ਿਤ ਹਿੰਦੀ ਫਿਲਮ ‘ਗੁਮਾਸ਼ਤਾ’ (1951) ਵਿਚ ਸੰਗੀਤਕਾਰ ਕੇ. ਦੱਤਾ (ਸਹਾਇਕ ਐਮ.ਏ. ਤਾਜ਼ੀ, ਢੋਲੇ ਬੂਆ) ਨੇ ਪਹਿਲੀ ਵਾਰ ਪੰਜਾਬਣ ਗੁਲੂਕਾਰਾ ਜਗਜੀਤ ਕੌਰ ਕੋਲੋਂ ਰਾਜਾ ਮਹਿੰਦੀ ਅਲੀ ਖਾਨ ਦਾ ਲਿਖਿਆ ਗੀਤ ‘ਦਿਲ ਨਾਚੇ ਔਰ ਗਾਏ ਜਵਾਨੀ’ (ਨਾਲ ਜੀ.ਐਮ. ਦੁੱਰਾਨੀ) ਗਵਾਇਆ ਜੋ ਅਦਾਕਾਰਾ ਨਿਗਾਰ ਸੁਲਤਾਨਾ ਤੇ ਵਾਸਤੀ ‘ਤੇ ਫਿਲਮਾਇਆ ਬੜਾ ਮਕਬੂਲ ਰੁਮਾਨੀ ਗੀਤ ਸੀ। ਏ.ਆਰ. ਕਾਰਦਾਰ ਦੇ ਫਿਲਮਸਾਜ਼ ਅਦਾਰੇ ਦੀ ਨਿਰਦੇਸ਼ਿਤ ਫਿਲਮ ‘ਦਿਲ-ਏ-ਨਾਦਾਨ’ (1953) ‘ਚ ਗੁਲਾਮ ਮੁਹੰਮਦ ਦੇ ਦਿਲਕਸ਼ ਸੰਗੀਤ ‘ਚ ਸ਼ਕੀਲ ਬਦਾਯੂੰਨੀ ਦੇ ਲਿਖੇ ਫਿਲਮ ਦੇ 9 ਗੀਤਾਂ ‘ਚੋਂ 3 ਗੀਤ ਜਗਜੀਤ ਕੌਰ ਨੇ ਗਾਏ- ‘ਖਾਮੋਸ਼ ਜ਼ਿੰਦਗੀ ਕੋ ਏਕ ਅਫਸਾਨਾ ਮਿਲ ਗਯਾ’, ‘ਚੰਦਾ ਗਾਏ ਰਾਗਨੀ ਛਮ-ਛਮ ਬਰਸੇ ਚਾਂਦਨੀ’ (ਜਗਜੀਤ ਕੌਰ) ਨਵੀਂ ਅਦਾਕਾਰਾ ਪੀਸ ਕੰਵਲ ‘ਤੇ ਫਿਲਮਾਏ ਗਏ ਅਤੇ ਤੀਜਾ ਗੀਤ ‘ਮੁਹੱਬਤ ਕੀ ਧੁਨ ਬੇਕਰਾਰੋਂ ਸੇ ਪੂਛੋ’ (ਤਲਤ ਮਹਿਮੂਦ, ਜਗਜੀਤ ਕੌਰ, ਸੁਧਾ ਮਲਹੋਤਰਾ) ਤਲਤ ਮਹਿਮੂਦ, ਪੀਸ ਕੰਵਲ ਤੇ ਸ਼ਿਆਮਾ ‘ਤੇ ਫਿਲਮਾਇਆ ਬਿਹਤਰੀਨ ਗੀਤ ਸੀ। ਬਲਵੰਤ ਭੱਟ ਨਿਰਦੇਸ਼ਿਤ ਫਿਲਮ ‘ਖੋਜ’ (1953) ਵਿਚ ਸੰਗੀਤਕਾਰ ਨਿਸਾਰ ਬਜ਼ਮੀ ਨੇ ਫਿਲਮ ਦੇ 9 ਗੀਤਾਂ ‘ਚੋਂ ਹਸਰਤ ਜੈਪੁਰੀ ਦਾ ਲਿਖਿਆ ਗੀਤ ‘ਮੇਰੇ ਚੰਦਾ ਮੈਂ ਤੇਰੀ ਚਾਂਦਨੀ ਮੇਰਾ ਦਿਲ ਭੀ ਤੂ’ ਜਗਜੀਤ ਕੌਰ ਤੋਂ ਗਵਾਇਆ ਜੋ ਅਦਾਕਾਰਾ ਲਲਿਤਾ ਕੁਮਾਰੀ ‘ਤੇ ਫਿਲਮਾਇਆ ਗਿਆ ਸੀ।
1960ਵਿਆਂ ਦੇ ਦਹਾਕੇ ਤਕ ਆਉਂਦਿਆਂ ਜਗਜੀਤ ਕੌਰ ਫਿਲਮ ਸੰਗੀਤਕਾਰੀ ਦੇ ਖੇਤਰ ਵਿਚ ਆਪਣੀ ਸ਼ਨਾਖਤ ਕਾਇਮ ਕਰ ਚੁੱਕੀ ਸੀ। ਜਦੋਂ ਫਿਲਮਸਾਜ਼ ਤੇ ਹਿਦਾਇਤਕਾਰ ਰਾਮੇਸ਼ ਸਹਿਗਲ ਨੇ ਫਿਲਮ ‘ਸ਼ੋਲਾ ਔਰ ਸ਼ਬਨਮ’ (1961) ਸ਼ੁਰੂ ਕੀਤੀ ਤਾਂ ਸੰਗੀਤਕਾਰ ਸ਼ਿਆਮ ਨੇ ਜਗਜੀਤ ਕੌਰ ਕੋਲੋਂ ਫਿਲਮ ਦੇ 10 ਗੀਤਾਂ ‘ਚੋਂ 3 ਗੀਤ ਗਵਾਏ ‘ਫਿਰ ਵਹੀ ਸਾਵਨ ਆਇਆ ਸਾਜਨ ਆਏ ਨਾ’, ‘ਲੜੀ ਰੇ ਲੜੀ ਤੁਝਸੇ ਆਂਖ ਜੋ ਲੜੀ’ ਜੋ ਨਵੀਂ ਅਦਾਕਾਰਾ ਤਰਲਾ ਉਤੇ ਫਿਲਮਾਏ ਗਏ ਤੇ ਤੀਜਾ ਗੀਤ ‘ਪਹਿਲੇ ਤੋ ਆਂਖ ਮਿਲਾਨਾ ਫਿਰ ਥੋੜ੍ਹਾ ਸਾ ਸ਼ਰਮਾਨਾ’ (ਮੁਹੰਮਦ ਰਫੀ, ਜਗਜੀਤ ਕੌਰ) ਧਰਮਿੰਦਰ ਤੇ ਤਰਲਾ ‘ਤੇ ਫਿਲਮਾਇਆ ਗਿਆ ਚੁਲਬੁਲਾ ਗੀਤ ਸੀ। ਫਿਲਮ ‘ਸ਼ਗੁਨ’ (1964) ਵਿਚ ਜਗਜੀਤ ਕੌਰ ਨੇ ਆਪਣੇ ਪਤੀ ਖਯਾਮ ਦੀ ਸੰਗੀਤ-ਨਿਰਦੇਸ਼ਨਾ ‘ਚ ਸਾਹਿਰ ਲੁਧਿਆਣਵੀ ਦੇ ਲਿਖੇ 2 ਗੀਤਾਂ ਨੂੰ ਆਪਣੇ ਸੁਰੀਲੇ ਸੁਰ ਦਿੱਤੇ। ਪਹਿਲਾ ‘ਗੋਰੀ ਸਸੂਰਾਲ ਚਲੀ ਡੋਲੀ ਸਜ ਗਈ ਸ਼ਗੁਨੋਂ ਵਾਲੀ’ ਅਤੇ ਦੂਜੀ ਅਦਾਕਾਰਾ ਲਿਬੀ ਰਾਣਾ (ਨਾਲ ਕਮਲਜੀਤ) ‘ਤੇ ਫਿਲਮਾਈ ਉਮਦਾ ਗਜ਼ਲ ‘ਤੁਮ ਅਪਨਾ ਰੰਜ-ਓ-ਗ਼ਮ ਅਪਨੀ ਪਰੇਸ਼ਾਨੀ ਮੁਝੇ ਦੇ ਦੋ’ ਨੇ ਬੇਪਨਾਹ ਮਕਬੂਲੀਅਤ ਹਾਸਲ ਕੀਤੀ।
1970ਵਿਆਂ ਦੇ ਦਹਾਕੇ ਵਿਚ ਆਈ ਫਿਲਮ ‘ਹੀਰ ਰਾਂਝਾ’ (1970) ‘ਚ ਜਗਜੀਤ ਕੌਰ ਨੇ ਮਦਨ ਮੋਹਨ ਦੇ ਸੰਗੀਤ ਵਿਚ ਕੈਫੀ ਆਜ਼ਮੀ ਦਾ ਲਿਖਿਆ ਗੀਤ ‘ਨਾਚੇ ਅੰਗ ਵੇ ਛਲਕੇ ਰੰਗ ਵੇ’ (ਜਗਜੀਤ ਕੌਰ, ਨੂਰਜਹਾਂ, ਸ਼ਮਸ਼ਾਦ ਬੇਗਮ) ਕਾਮਿਨੀ ਕੌਸ਼ਲ, ਅਚਲਾ ਸਚਦੇਵ, ਦੁਲਾਰੀ ਤੇ ਸਹੇਲੀਆਂ ‘ਤੇ ਫਿਲਮਾਇਆ ਲਾਜਵਾਬ ਗੀਤ ਸੀ। ਚਰਨਦਾਸ ਸ਼ੋਖ ਨਿਰਦੇਸ਼ਿਤ ਫਿਲਮ ‘ਪਯਾਸੇ ਦਿਲ’ (1974) ‘ਚ ਖਯਾਮ ਦੇ ਸੰਗੀਤ ਵਿਚ ਨਗਮਾਨਿਗਾਰ ਜਾਂ ਨਿਸਾਰ ਅਖਤਰ ਦੇ ਲਿਖੇ 2 ਗੀਤ ਜਗਜੀਤ ਕੌਰ ਨੇ ਗਾਏ। ਪਹਿਲਾ ਅਦਾਕਾਰ ਯਸ਼ ਟੰਡਨ ਤੇ ਅਲਕਾ ‘ਤੇ ਫਿਲਮਾਇਆ ਰੁਮਾਨੀ ਗੀਤ ‘ਝੁਕਤੀ ਘਟਾ ਹਮਸੇ ਕਹੇ’ (ਨਾਲ ਮਹਿੰਦਰ ਕਪੂਰ) ਤੇ ਦੂਜਾ ਵਿਆਹ ਗੀਤ ‘ਸਖੀ ਰੀ ਸ਼ਰਮਾਏ ਦੁਲਹਨ ਸਜ ਬਨ ਕੇ’ ਵੀ ਖੂਬ ਹਿੱਟ ਹੋਏ। ਸੁਰਿੰਦਰ ਸ਼ੇਲਜ਼ ਨਿਰਦੇਸ਼ਿਤ ਫਿਲਮ ‘ਮੁੱਠੀ ਭਰ ਚਾਵਲ’ (1975) ‘ਚ ਸੰਗੀਤਕਾਰ ਖਯਾਮ (ਸਹਾਇਕ ਜਗਜੀਤ ਕੌਰ) ਦੇ ਸੰਗੀਤ ਵਿਚ ਜਗਜੀਤ ਕੌਰ ਨੇ 4 ਗੀਤਾਂ ਵਿਚੋਂ ਜਾਂ ਨਿਸਾਰ ਅਖਤਰ ਦਾ ਲਿਖਿਆ ਗੀਤ ‘ਅੱਛਾ ਕਯਾ ਹੈ ਬੁਰਾ ਕਯਾ ਹੈ ਕੋਈ ਨਾ ਜਾਨੇ ਕੋਈ ਨਾ ਸਮਝੇ’ (ਨਾਲ ਮਹਿੰਦਰ ਕਪੂਰ) ਜੋ ਰਾਕੇਸ਼ ਪਾਂਡੇ ਤੇ ਮੱਲਿਕਾ ਸਾਰਾਭਾਈ ‘ਤੇ ਫਿਲਮਾਇਆ ਗਿਆ ਸੀ। ਯਸ਼ ਚੋਪੜਾ ਨਿਰਦੇਸ਼ਿਤ ਫਿਲਮ ‘ਕਭੀ ਕਭੀ’ (1976) ‘ਚ ਸਾਹਿਰ ਲੁਧਿਆਣਵੀ ਦੇ ਲਿਖੇ 10 ਗੀਤਾਂ ਦਾ ਸੰਗੀਤ ਖਯਾਮ ਨੇ ਦਿੱਤਾ ਜਿਸ ਨਾਲ ਸਹਾਇਕ ਸੰਗੀਤਕਾਰਾ ਵਜੋਂ ਜਗਜੀਤ ਕੌਰ ਤੇ ਐਨਾਕ ਡੈਨੀਅਲਸ ਮੌਜੂਦ ਸਨ। ਫਿਲਮ ਦੀ ਕਾਸਟਿੰਗ ‘ਤੇ ਚੱਲਦਾ ਵਿਆਹ ਗੀਤ ‘ਸੁਰਖ ਜੋੜੇ ਦੀ ਜਗਮਗਾਹਟ’ (ਭਾਗ ਪਹਿਲਾ/ਲਤਾ ਮੰਗੇਸ਼ਕਰ) ਤੇ ਇਸ ਗੀਤ ਦੇ ਦੂਜੇ ਪੰਜਾਬੀ ਭਾਗ ਵਾਲੇ ਗੀਤ ‘ਸਾਡਾ ਚਿੜੀਆਂ ਦਾ ਚੰਬਾ ਵੇ ਬਾਬੁਲ ਅਸਾਂ ਉਡ ਜਾਣਾ’ ਨੂੰ ਜਗਜੀਤ ਕੌਰ ਤੇ ਪਾਮੇਲਾ ਚੋਪੜਾ (ਪਤਨੀ ਯਸ਼ ਚੋਪੜਾ) ਨੇ ਆਪਣੀ ਆਵਾਜ਼ ਦਿੱਤੀ ਸੀ।
ਯਸ਼ ਚੋਪੜਾ ਨਿਰਦੇਸ਼ਿਤ ਫਿਲਮ ‘ਤ੍ਰਿਸ਼ੂਲ’ (1978) ‘ਚ ਇਕ ਵਾਰ ਫਿਰ ਸੰਗੀਤਕਾਰ ਖਯਾਮ ਨਾਲ ਸਹਾਇਕ ਸੰਗੀਤਕਾਰਾ ਵਜੋਂ ਜਗਜੀਤ ਕੌਰ (ਨਾਲ ਡੈਨੀਅਲ, ਕ੍ਰਿਸ ਪੈਰੀ) ਮੌਜੂਦ ਸੀ। ਫਿਲਮ ‘ਚ ਸਾਹਿਰ ਲੁਧਿਆਣਵੀ ਦੇ ਲਿਖੇ 7 ਗੀਤ ਬੜੇ ਪਸੰਦ ਕੀਤੇ ਗਏ। ਮਨਮੋਹਨ ਕ੍ਰਿਸ਼ਨ ਨਿਰਦੇਸ਼ਿਤ ਫਿਲਮ ‘ਨੂਰੀ’ (1979) ‘ਚ ਖਯਾਮ ਦੀ ਸੰਗੀਤ ਨਿਰਦੇਸ਼ਨਾ (ਸਹਾਇਕ ਜਗਜੀਤ ਕੌਰ ਤੇ ਅਨਿਲ ਮੋਹਿਲੇ) ‘ਚ ਜਗਜੀਤ ਕੌਰ ਨੇ ਫਿਲਮ ਦੇ 5 ਗੀਤਾਂ ‘ਚੋਂ 2 ਗੀਤ ‘ਕਸਮ ਹੈ ਯਾਰ ਤੇਰੀ’ (ਨਾਲ ਮਹਿੰਦਰ ਕਪੂਰ, ਪਾਮੇਲਾ ਚੋਪੜਾ, ਐਸ. ਕੇ. ਮਹਾਨ) ਤੇ ਦੂਜਾ ‘ਉਸਕੇ ਖੇਲ ਨਿਰਾਲੇਂ ਹੈਂ’ (ਨਾਲ ਅਨਵਰ, ਪਾਮੇਲਾ ਚੋਪੜਾ) ਗਾਏ। ਰਾਮ ਮਾਹੇਸ਼ਵਰੀ ਨਿਰਦੇਸ਼ਿਤ ਫਿਲਮ ‘ਚੰਬਲ ਕੀ ਕਸਮ’ (1979) ‘ਚ ਖਯਾਮ ਦੇ ਸੰਗੀਤ ‘ਚ (ਸਹਾਇਕ ਅਨਿਲ ਦੀਪਕ) ਸਾਹਿਰ ਲੁਧਿਆਣਵੀ ਦੇ ਲਿਖੇ 8 ਗੀਤਾਂ ‘ਚੋਂ ਇਕ ਗੀਤ ਜਗਜੀਤ ਕੌਰ ਤੇ ਸਾਥੀਆਂ ਨੇ ਗਾਇਆ ‘ਬਾਜੇ ਸ਼ਹਿਨਾਈ ਰੀ ਬੰਨੋ ਤੋਰੇ ਅੰਗਨਾ’ ਵੀ ਪਸੰਦ ਕੀਤਾ ਗਿਆ।
1980ਵਿਆਂ ਦੇ ਦਹਾਕੇ ‘ਚ ਆਈਆਂ ਫਿਲਮਾਂ ‘ਚ ਇਸਮਾਇਲ ਸ਼ਰਾਫ ਨਿਰਦੇਸ਼ਿਤ ਫਿਲਮ ‘ਥੋੜ੍ਹੀ ਸੀ ਬੇਵਫਾਈ’ (1980) ‘ਚ ਖਯਾਮ ਦੇ ਸੰਗੀਤ ਵਿਚ (ਸਹਾਇਕ ਜਗਜੀਤ ਕੌਰ, ਅਨਿਲ ਮੋਹਿਲੇ) ‘ਚ ਗੀਤਕਾਰ ਗੁਲਜ਼ਾਰ ਦੇ ਲਿਖੇ 6 ਗੀਤਾਂ ‘ਚੋਂ ਇਕ ਗੀਤ ‘ਸੁਨੋ ਨਾ ਭਾਬੀ ਸੋਹਨੀ ਭਾਬੀ ਸੋਨਾ ਦੂੰਗੀ’ ਜਗਜੀਤ ਕੌਰ ਤੇ ਸੁਲੱਕਸ਼ਣਾ ਪੰਡਤ ਨੇ ਗਾਇਆ। ਮੁਜ਼ੱਫਰ ਅਲੀ ਨਿਰਦੇਸ਼ਿਤ ਫਿਲਮ ‘ਉਮਰਾਓ ਜਾਨ’ (1981) ‘ਚ ਖਯਾਮ ਦੇ ਸੰਗੀਤ ‘ਚ ਫਿਲਮ ਦੇ 10 ਗੀਤਾਂ ‘ਚੋਂ ਇਕ ਗੀਤ ‘ਕਾਹੇ ਕੋ ਬਿਆਹੀ ਬਿਦੇਸ਼ ਬਾਬੁਲ’ ਜਗਜੀਤ ਕੌਰ ਨੇ ਗਾਇਆ। ਰਾਮੇਸ਼ ਤਲਵਾ ਨਿਰਦੇਸ਼ਿਤ ਫਿਲਮ ‘ਸਵਾਲ’ (1982) ‘ਚ ਖਯਾਮ ਦੇ ਸੰਗੀਤ ‘ਚ ਜਗਜੀਤ ਕੌਰ ਨੇ ਇਕੋ ਮੁਜਰਾ ਗੀਤ ‘ਇਧਰ ਆ ਸਿਤਮਗਰ ਨਜ਼ਰ ਆਜ਼ਮਾਏਂ’ ਗਾਇਆ। ਸਾਗਰ ਸਰਹੱਦੀ ਨਿਰਦੇਸ਼ਿਤ ਫਿਲਮ ‘ਬਾਜ਼ਾਰ’ (1982) ‘ਚ ਖਯਾਮ ਦੇ ਸੰਗੀਤ ‘ਚ ਜਗਜੀਤ ਕੌਰ ਨੇ 2 ਗੀਤ ਗਾਏ- ‘ਚਲੇ ਆਓ ਸਈਆਂ ਰੰਗੀਲੇ ਮੈਂ ਵਾਰੀ ਰੇ’ (ਨਾਲ ਪਾਮੇਲਾ ਚੋਪੜਾ) ਤੇ ‘ਦੇਖ ਲੋ ਆਜ ਹਮਕੋ ਜੀ ਭਰ ਕੇ’ ਗੀਤ ਵੀ ਖੂਬ ਚੱਲੇ।
ਕਮਾਲ ਅਮਰੋਹੀ ਨਿਰਦੇਸ਼ਿਤ ਤਾਰੀਖੀ ਫਿਲਮ ‘ਰਜ਼ੀਆ ਸੁਲਤਾਨ’ (1983) ‘ਚ ਖਯਾਮ ਦੀਆਂ ਦਿਲਕਸ਼ ਤਰਜ਼ਾਂ ‘ਚ ਜਗਜੀਤ ਕੌਰ ਦਾ ਗਾਇਆ ‘ਹਰਿਆਲਾ ਬੰਨਾ ਆਇਆ ਰੇ’ (ਨਾਲ ਆਸ਼ਾ ਭੌਸਲੇ, ਮਹਿੰਦਰ ਕਪੂਰ) ਗੀਤ ਵੀ ਖੂਬ ਚੱਲਿਆ। ਵਿਜੈ ਤਲਵਾਰ ਨਿਰਦੇਸ਼ਿਤ ਫਿਲਮ ‘ਲੋਰੀ’ (1984) ‘ਚ ਖਯਾਮ ਦੀਆਂ ਧੁਨਾਂ ਵਿਚ ਜਗਜੀਤ ਕੌਰ ਨੇ ਬਾਲ ਗੀਤ ‘ਗੁੜੀਆ, ਚਿੜੀਆ, ਚਾਂਦ-ਚਕੋਰੀ’ (ਨਾਲ ਆਸ਼ਾ ਭੌਸਲੇ, ਪਾਮੇਲਾ ਚੋਪੜਾ) ਗਾਇਆ। ਹਿਦਾਇਤਕਾਰ ਮੁਜ਼ੱਫਰ ਅਲੀ ਦੀ ਫਿਲਮ ‘ਅੰਜੁਮਨ’ (1986) ਵਿਚ ਖਯਾਮ ਦੇ ਸੰਗੀਤ ਵਿਚ ਪਹਿਲੀ ਵਾਰ ਜਗਜੀਤ ਕੌਰ ਤੇ ਖਯਾਮ ਨੇ ਦੋਗਾਣਾ ਗੀਤ ਗਾਇਆ ‘ਕਬ ਯਾਦ ਮੇਂ ਤੇਰਾ ਸਾਥ ਨਹੀਂ-ਕਬ ਹਾਥ ਮੇਂ ਤੇਰਾ ਹਾਥ ਨਹੀਂ’ ਬੜਾ ਪਸੰਦ ਕੀਤਾ ਗਿਆ। ਵਿਨੋਦ ਪਾਂਡੇ ਨਿਰਦੇਸ਼ਿਤ ਫਿਲਮ ‘ਏਕ ਨਯਾ ਰਿਸ਼ਤਾ’ (1988) ਖਯਾਮ ਸਾਹਬ ਨਾਲ ਸਹਾਇਕ ਸੰਗੀਤਕਾਰਾ ਵਜੋਂ ਜਗਜੀਤ ਕੌਰ ਦੀ ਆਖਰੀ ਹਿੰਦੀ ਫਿਲਮ ਕਰਾਰ ਪਾਈ। ਜਗਜੀਤ ਕੌਰ ਨੇ ਹਿੰਦੀ ਫਿਲਮਾਂ ਵਿਚ ਬਹੁਤੇ ਗੀਤ ਆਪਣੇ ਪਤੀ ਖਯਾਮ ਦੀ ਸੰਗੀਤ-ਨਿਰਦੇਸ਼ਨਾ ਵਿਚ ਹੀ ਗਾਏ ਹਨ।
ਜਗਜੀਤ ਕੌਰ ਦੀ ਆਵਾਜ਼ ਵਿਚ ਪੰਜਾਬ ਦੀ ਜ਼ਰਖੇਜ਼ ਮਿੱਟੀ ਦੀ ਝਲਕ ਸੀ। ਉਸ ਦੇ ਗਾਏ ਪੰਜਾਬੀ ਲੋਕ ਗੀਤਾਂ ਦੇ ਕਈ ਪੱਥਰ ਦੇ ਰਿਕਾਰਡ (78 ਆਰ.ਪੀ.ਐਮ.) ਜਾਰੀ ਹੋਏ। ਇਨ੍ਹਾਂ ਗ੍ਰਾਮੋਫੋਨ ਰਿਕਾਰਡਾਂ ਦੇ ਮਸ਼ਹੂਰ ਜ਼ਮਾਨਾ ਗੀਤ ਜੋ 50 ਤੇ 60 ਦੇ ਦਹਾਕੇ ਵਿਚ ਸੋਹਣੇ ਪੰਜਾਬ ਦੇ ਪਿੰਡਾਂ ਦੇ ਘਰ-ਘਰ ਸੁਣੇ ਤੇ ਪਸੰਦ ਕੀਤੇ ਜਾਂਦੇ ਸਨ- ‘ਵੇ ਪਿੰਡ ਦਿਆ ਨੰਬਰਦਾਰਾ ਹੋ ਹੋ ਹੋ ਪਾਣਾ ਈ ਮੈਂ ਲਾਲ ਘੱਗਰਾ’, ‘ਪਪੀਹਾ ਨੀ ਬੋਲੇ ਜੰਗਲ ਦਾ ਲੰਘ ਗਿਆ ਐਤਵਾਰ’, ‘ਬੱਲੇ-ਬੱਲੇ ਬਈ ਨਵੀਂ ਵਹੁਟੀ ਦੁੱਧ ਰਿੜਕੇ’, ‘ਹੋ ਹੋ ਮਾਹੀਆ ਘੜਾ ਚੁਕਾ’ ਤੇ ‘ਸ਼ਾਵਾ ਜੀ ਸ਼ਾਵਾ ਕੇ ਅੱਜ ਸਾਡੇ ਮਾਹੀਏ, ‘ਸ਼ਾਵਾ ਜੀ ਚਿੱਠੀ ਆਈ ਢੋਲ ਚੰਨ ਦੀ’ ਤੇ ‘ਤੇਰੀ ਮੇਰੀ ਨਹੀਂ ਨਿਭਣੀ’, ‘ਹਾਏ ਵਿਛੋੜੇ ਪੈ ਗਏ’, ‘ਕਦੋਂ ਤਾਈਂ ਸੋਹਣੇ ਨਖਰੇ ਵਿਖਾਉਣਗੇ’ ਆਦਿ ਗੀਤ ਅੱਜ ਵੀ ਤਰੋਤਾਜ਼ਾ ਲੱਗਦੇ ਹਨ।
ਜਗਜੀਤ ਕੌਰ ਦਾ ਵਿਆਹ ਨਵਾਂ ਸ਼ਹਿਰ ਦੇ ਕਸਬੇ ਰਾਹੋਂ ਦੇ ਮੁਸਲਿਮ ਪੰਜਾਬੀ ਗੱਭਰੂ ਤੇ ਭਾਰਤੀ ਫਿਲਮਾਂ ਦੇ ਸੰਗੀਤਕਾਰ ਮੁਹੰਮਦ ਜ਼ਹੂਰ ਖਯਾਮ ਹਾਸ਼ਮੀ ਨਾਲ ਹੋਇਆ ਜੋ ਹਿੰਦੀ ਫਿਲਮਾਂ ਵਿਚ ਖਯਾਮ ਦੇ ਨਾਮ ਨਾਲ ਸੰਗੀਤ ਦਿੰਦੇ ਸਨ। ਇਹ ਫਿਲਮ ਸਨਅਤ ਦੇ ਅੰਤਰ-ਜਾਤੀ ਵਿਆਹਾਂ ਵਿਚੋਂ ਇਕ ਸੀ। ਇਨ੍ਹਾਂ ਦਾ ਇਕ ਪੁੱਤਰ ਪ੍ਰਦੀਪ ਸੀ ਜੋ 2012 ਵਿਚ ਹਾਰਟ ਅਟੈਕ ਨਾਲ ਫੌਤ ਹੋ ਗਿਆ। ਇਸ ਜੋੜੀ ਨੇ ਆਪਣੇ ਪੁੱਤਰ ਦੀ ਆਸਥਾ ਨੂੰ ਮੁੱਖ ਰੱਖਦਿਆਂ ਕੇ.ਪੀ.ਜੀ. ਚੈਰੀਟੇਬਲ ਟਰੱਸਟ ਬਣਾਇਆ ਤਾਂ ਕਿ ਜ਼ਰੂਰਤਮੰਦ ਤਕਨੀਸ਼ੀਅਨਾਂ ਤੇ ਫਿਲਮਾਂ ਦੇ ਕਲਾਕਾਰਾਂ ਦੀ ਮਦਦ ਕੀਤੀ ਜਾ ਸਕੇ। ਖਯਾਮ ਨੇ ਮਰਨ ਤੋਂ ਪਹਿਲਾਂ ਆਪਣੀ ਸਾਰੀ ਜਾਇਦਾਦ ਇਸ ਟਰੱਸਟ ਨੂੰ ਦਾਨ ਕਰ ਦਿੱਤੀ ਸੀ।
ਜਗਜੀਤ ਕੌਰ ਦਾ ਐਤਵਾਰ 15 ਅਗਸਤ 2021 ਨੂੰ 90 ਸਾਲ ਦੀ ਉਮਰ ਵਿਚ ਮੁੰਬਈ ਵਿਖੇ ਇੰਤਕਾਲ ਹੋ ਗਿਆ।
-ਮਨਦੀਪ ਸਿੰਘ ਸਿੱਧੂ