ਮਨੁੱਖੀ ਬਰਾਬਰੀ ਦਾ ਚਿੰਤਾਜਨਕ ਭਵਿੱਖ

ਇੰਜੀਨੀਅਰ ਈਸ਼ਰ ਸਿੰਘ
ਫੋਨ: 647-640-2014
ਸੰਸਾਰ ਭਰ ਦੇ ਮਨੁੱਖੀ ਬਰਾਬਰੀ ਦੇ ਹਾਮੀ, ਹਰ ਵਰਗ ਦੇ ਬੁੱਧੀਜੀਵੀ ਇਸ ਗੱਲ ਤੋਂ ਚਿੰਤਤ ਹਨ ਕਿ ਆਉਣ ਵਾਲੇ ਸਮੇਂ ਵਿਚ ਨਾ-ਬਰਾਬਰੀ ਦੇ ਵਧਣ ਅਤੇ ਹੋਰ ਤੀਬਰ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ। ਯੂ. ਐਨ. ਓ. ਦੀ 2020 ਦੀ ‘ਵਰਡ ਸੋਸ਼ਲ ਰਿਪੋਰਟ’, ਜਿਸ ਦਾ ਥੀਮ ਨਾ-ਬਰਾਬਰੀ ਸੀ, ਅਨੁਸਾਰ ਪਿਛਲੇ ਕਈ ਦਹਾਕਿਆਂ ਦੀ ਬੇਅੰਤ ਆਰਥਿਕ ਉਪਜ, ਸੰਸਾਰ ਦੇ ਦੇਸ਼ਾਂ ਦੀ ਆਪਸੀ ਅਤੇ ਅੰਦਰੂਨੀ ਨਾ-ਬਰਾਬਰੀ ਨੂੰ ਘਟਾਉਣ ਵਿਚ ਅਸਫਲ ਰਹੀ ਹੈ।

ਅੱਜ ਵੀ ਨਸਲ, ਵਰਗ, ਲਿੰਗ, ਦੇਸ਼ ਅਤੇ ਸਮਾਜਿਕ ਤੇ ਮਾਲੀ ਹਾਲਾਤ ਲੋਕਾਂ ਦੇ ਤਰੱਕੀ ਦੇ ਮੌਕਿਆਂ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਹਨ ਅਤੇ ਨਾ-ਬਰਾਬਰੀ ਦਾ ਮੁੱਖ ਕਾਰਨ ਬਣੇ ਹੋਏ ਹਨ। ਇਨ੍ਹਾਂ ਸਭ ਕਾਰਨਾਂ ਦਾ ਸਬੰਧ ਇਤਿਹਾਸ ਨਾਲ ਜੁੜਿਆ ਹੋਣ ਕਰ ਕੇ ਆਪਾਂ ਸਾਰੇ ਇਨ੍ਹਾਂ ਬਾਰੇ ਜਾਣਦੇ ਹਾਂ, ਪਰ ਜਿਸ ਗੱਲ ਬਾਰੇ ਘੱਟ ਗੌਰ ਕਰਦੇ ਹਾਂ, ਉਹ ਇਹ ਹੈ ਕਿ ਇਨ੍ਹਾਂ ਜਾਣੇ-ਪਛਾਣੇ ਕਾਰਨਾਂ ਵਿਚ ਹੋਰ ਨਵੇਂ ਕਾਰਨ ਜੁੜ ਰਹੇ ਹਨ, ਜਿਹੜੇ ਉਪਰੋਕਤ ਸੰਭਾਵਨਾਵਾਂ ਦਾ ਆਧਾਰ ਬਣ ਰਹੇ ਹਨ। ਇਨ੍ਹਾਂ ਦਾ ਜ਼ਿਕਰ ਯੂ. ਐੱਨ. ਓ. ਦੇ ਸਕੱਤਰ-ਜਨਰਲ ਐਨਟੋਨੀਓ ਗੁਟੇਰੈਸ ਨੇ ਰਿਪੋਰਟ ਦੇ ਮੁੱਖ-ਬੰਧ ਵਿਚ ਇਸ ਤਰ੍ਹਾਂ ਕੀਤਾ ਹੈ:
“ਨਾ-ਬਰਾਬਰੀ ਦਾ ਵਰਤਾਰਾ ਵਿਸ਼ਵ-ਵਿਆਪੀ ਹੈ ਅਤੇ ਸਾਡੇ ਅਜੋਕੇ ਸਮੇਂ ਦੇ ਹੋਰ ਜ਼ਰੂਰੀ ਮਸਲਿਆਂ ਨਾਲ ਅਟੁੱਟ ਸਬੰਧਾਂ ਰਾਹੀਂ ਜੁੜਿਆ ਹੋਇਆ ਹੈ ਅਰਥਾਤ ਤੇਜੀ ਨਾਲ ਹੋ ਰਹੇ ਤਕਨੀਕੀ ਪਰਿਵਰਤਨ, ਵਾਤਾਵਰਨ ਸੰਕਟ, ਸ਼ਹਿਰੀਕਰਨ ਅਤੇ ਪਰਵਾਸ ਨਾਲ।”
ਨਾ-ਬਰਾਬਰੀ ਦਾ ਇਤਿਹਾਸ ਮਨੁੱਖਤਾ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਸੰਸਾਰ ਦਾ ਕੋਈ ਵੀ ਖਿੱਤਾ, ਕਿਸੇ ਸਮੇਂ ਵੀ ਇਸ ਦੀ ਕਰੂਰਤਾ ਤੋਂ ਬਚ ਨਹੀਂ ਸਕਿਆ। ਅੱਜ ਦੇ ਪ੍ਰਸਿੱਧ ਫਿਲਾਸਫਰ-ਇਤਿਹਾਸਕਾਰ ਡਾ. ਯੂਵਲ ਹਰਾਰੀ ਦੀ ‘ਬੈਸਟ-ਸੈਲਰ’ ਰਹੀ ਕਿਤਾਬ ‘ਇੱਕੀਵੀਂ ਸਦੀ ਵਾਸਤੇ ਇੱਕੀ ਸਬਕ’ ਅਨੁਸਾਰ ਨਾ-ਬਰਾਬਰੀ ਮਨੁੱਖੀ ਸੁਭਾਅ ਦਾ ਕੁਦਰਤੀ ਅੰਗ ਹੈ। ਅੱਜ ਤੋਂ ਤੀਹ ਹਜ਼ਾਰ ਸਾਲ ਪਹਿਲਾਂ ਦੀਆਂ ਕੁਝ ਕਬਰਾਂ ਵਿਚੋਂ ਪਿੰਜਰਾਂ ਦੇ ਨਾਲ ਹਾਥੀ ਦੰਦ ਦਾ ਸਮਾਨ, ਮਣਕੇ, ਕੀਮਤੀ ਪੱਥਰ ਅਤੇ ਹੀਰੇ ਆਦਿ ਤੱਕ ਮਿਲੇ ਹਨ, ਜਿਨ੍ਹਾਂ ਤੋਂ ਮਰੇ ਹੋਏ ਬੰਦੇ ਦੇ ਸਮਾਜਿਕ ਰੁਤਬੇ ਦਾ ਪਤਾ ਲਗਦਾ ਹੈ। ਭਾਵ ਉਨ੍ਹਾਂ ਸਮਿਆਂ ਵਿਚ ਵੀ ਨਾ-ਬਰਾਬਰੀ ਸੀ, ਹਾਲਾਂਕਿ ਉਦੋਂ ਨਿਜੀ ਸੰਪਤੀ ਜਾਂ ਧਨ-ਦੌਲਤ ਵਰਗੀ ਕੋਈ ਚੀਜ਼ ਨਹੀਂ ਸੀ। ਇਹ ਸਭ ਚੀਜ਼ਾਂ ਖੇਤੀਬਾੜੀ ਦੇ ਯੁਗ, ਜੋ ਕੋਈ ਬਾਰਾਂ ਹਜ਼ਾਰ ਸਾਲ ਪਹਿਲਾਂ ਸ਼ੁਰੂ ਹੋਇਆ, ਨਾਲ ਹੋਂਦ ਵਿਚ ਆਈਆਂ। ਇਸ ਤੋਂ ਬਾਅਦ ਹੀ ਜ਼ਮੀਨਾਂ-ਜਾਇਦਾਦਾਂ, ਪਸ਼ੂ-ਧਨ, ਕਾਮਿਆਂ, ਘਰਾਂ, ਸ਼ਹਿਰਾਂ, ਰਾਜਾਂ, ਹਾਕਮ-ਸ਼੍ਰੇਣੀਆਂ, ਫੌਜਾਂ ਅਤੇ ਰਾਜਿਆਂ ਦਾ ਕਾਲ ਅਰੰਭ ਹੋਇਆ ਤੇ ਨਾ-ਬਰਾਬਰੀ ਪੱਕੀ ਹੋਣੀ ਸ਼ੁਰੂ ਹੋਈ। ਇਸ ਕੰਮ ਵਿਚ ਪੁਜਾਰੀ ਸ਼੍ਰੇਣੀ ਨੇ ਬਹੁਤ ਗਲਤ ਭੂਮਿਕਾ ਨਿਭਾਈ, ਜਿਨ੍ਹਾਂ ਵਲੋਂ ਰਾਜਿਆਂ ਨੂੰ ਪਰਮਾਤਮਾ ਵਲੋਂ ਰਾਜ ਕਰਨ ਦਾ ਰੱਬੀ ਹੱਕ ਮਿਲੇ ਹੋਣ ਦਾ ਪ੍ਰਚਾਰ ਕੀਤਾ ਜਾਂਦਾ ਰਿਹਾ।
ਰੋਮਨ ਸਾਮਰਾਜ ਅਤੇ ਸੁਲਤਾਨਾਂ ਦੇ ਸਮਿਆਂ ਦੀ ਦਾਸ-ਪ੍ਰਥਾ, ਯੂਰਪੀ ਦੇਸ਼ਾਂ ਦੇ ਸਾਮੰਤਵਾਦੀ ਸਮਿਆਂ ਦੀ ‘ਸਰਫ’ ਪ੍ਰਣਾਲੀ, ਮਾਡਰਨ ਸਮਿਆਂ ਦਾ ‘ਦਾਸ-ਵਪਾਰ’ ਅਤੇ ਭਾਰਤੀ ਉਪ-ਮਹਾਂਦੀਪ ਦੀ ਜਾਤ-ਪਾਤ ਪ੍ਰਥਾ, ਵਿਸ਼ਵ ਇਤਿਹਾਸ ਦੇ ਨਾ-ਬਰਾਬਰੀ ਦੇ ਦਰਦਨਾਕ ‘ਚੈਪਟਰ’ ਹਨ। ਇਹ ਸਿਲਸਿਲਾ ਅਠਾਰਵੀਂ ਸਦੀ ਦੇ ਅੱਧ ਅਰਥਾਤ ਯੂਰਪ ਦੀ ਇੰਡਸਟ੍ਰੀਅਲ ਕ੍ਰਾਂਤੀ ਤੱਕ ਚਲਦਾ ਰਿਹਾ, ਜਿਸ ਵਿਚੋਂ ਅੱਗੇ ਫਰਾਂਸੀਸੀ ਕ੍ਰਾਂਤੀ ਨੇ ਜਨਮ ਲਿਆ। ਇਸ ਨਾਲ ਰਾਜਿਆਂ ਦੇ ਰੱਬੀ ਹੱਕ ਦੇ ਸੰਕਲਪ ਦਾ ਖਾਤਮਾ ਹੋਇਆ ਅਤੇ ਮਨੁੱਖੀ ਬਰਾਬਰੀ ਦੀ ਲਹਿਰ ਸ਼ੁਰੂ ਹੋਈ, ਜਿਹੜੀ ਹੌਲੀ-ਹੌਲੀ ਬਾਕੀ ਸੰਸਾਰ ਵਿਚ ਫੈਲਣ ਲੱਗੀ। ਇਸ ਤੋਂ ਬਾਅਦ ਯੂਰਪ ਅਤੇ ਹੋਰ ਵਿਕਸਿਤ ਦੇਸ਼ਾਂ ਨੇ ਆਪੋ-ਆਪਣੇ ਸੰਵਿਧਾਨਾਂ ਵਿਚ ਇਸ ਸਬੰਧ ਵਿਚ ਲੋੜੀਂਦੀਆਂ ਵਿਵਸਥਾਵਾਂ ਕੀਤੀਆਂ।
ਨਿਰਸੰਦੇਹ, ਇਸ ਤੋਂ ਪਹਿਲਾਂ ਵੀ ਮਨੁੱਖੀ ਹੱਕਾਂ ਨੂੰ ਬਹਾਲ ਕਰਨ ਦੀਆਂ ਟਾਂਵੀਆਂ-ਟਾਂਵੀਆਂ ਅਤੇ ਸਥਾਨਕ ਮਿਸਾਲਾਂ ਮਿਲਦੀਆਂ ਹਨ, ਪਰ ਇਹ ਸਮਾਜ ਦੇ ਉੱਚ ਵਰਗਾਂ ਤੱਕ ਹੀ ਸੀਮਤ ਰਹੀਆਂ ਅਤੇ ਇਨ੍ਹਾਂ ਦਾ ਜਨ-ਸਧਾਰਨ ਨੂੰ ਕੋਈ ਫਾਇਦਾ ਨਹੀਂ ਹੋਇਆ। ਇਸ ਦੀ ਮੁੱਖ ਮਿਸਾਲ ਸੰਨ 1215 ਦਾ ਇੰਗਲੈਂਡ ਦਾ ਮੈਗਨਾ-ਕਾਰਟਾ ਹੈ। ਮਾਡਰਨ ਸਮੇਂ ਵਿਚ ਮਨੁੱਖੀ ਬਰਾਬਰੀ ਦੀ ਲਹਿਰ ਦਾ ਮੁੱਢ ਯੂ. ਐੱਨ. ਓ. ਦੇ 1948 ਦੇ ‘ਮਨੁੱਖੀ ਅਧਿਕਾਰਾਂ ਦੇ ਵਿਸ਼ਵ-ਵਿਆਪੀ ਐਲਾਨਨਾਮੇ’ ਨਾਲ ਬੱਝਿਆ, ਜੋ ਇਸ ਵਿਸ਼ੇ ਉੱਪਰ ਵਿਸ਼ਵ ਇਤਿਹਾਸ ਦਾ ਸਭ ਤੋਂ ਵੱਡਾ ਐਲਾਨਨਾਮਾ ਹੈ। ਇਸ ਕਰ ਕੇ ਹੀ ਅੱਜ ਖੁਦ ਯੂ. ਐੱਨ. ਓ., ਸਾਰੇ ਦੇਸ਼ਾਂ ਦੀਆਂ ਸਰਕਾਰਾਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ, ਸਭ ਦਾ ਇੱਕ ਸਾਂਝਾ ਮੰਤਵ (ਭਾਵੇਂ ਰਸਮੀ ਹੀ ਸਹੀ) ਮਨੁੱਖੀ ਨਾ-ਬਰਾਬਰੀ ਨੂੰ ਦੂਰ ਕਰਨਾ ਹੈ। ਇਸ ਦੇ ਪਿਛੋਕੜ, ਕਾਰਨਾਂ ਅਤੇ ਹੱਲ ਬਾਰੇ ਖੋਜਾਂ, ਕਿਤਾਬਾਂ, ਲੇਖਾਂ ਤੇ ਪ੍ਰਚਾਰ ਦਾ ਕੋਈ ਸ਼ੁਮਾਰ ਨਹੀਂ। ਇਨ੍ਹਾਂ ਤੋਂ ਇਲਾਵਾ ਯੂ. ਐੱਨ. ਓ. ਆਪਣੀਆਂ ਰਿਪੋਰਟਾਂ ਅਤੇ ਹੋਰ ਪ੍ਰੋਗਰਾਮਾਂ ਰਾਹੀਂ ਸਾਰੇ ਦੇਸ਼ਾਂ ਨੂੰ ਨਾ-ਬਰਾਬਰੀ ਘੱਟ ਕਰਨ ਦੀ ਵਿਸ਼ੇਸ਼ਗ ਸਲਾਹਕਾਰੀ ਪ੍ਰਦਾਨ ਕਰਦਾ ਰਹਿੰਦਾ ਹੈ। ਇਨ੍ਹਾਂ ਵਿਚ 17-ਨੁਕਾਤੀ ‘ਸਵੈ-ਨਿਰਭਰ ਵਿਕਾਸ ਟੀਚਿਆਂ’ (ੰੁਸਟਅਨਿਅਬਲੲ ਧੲਵੲਲੋਪਮੲਨਟ ਘੋਅਲਸ) ਦੇ ਪ੍ਰੋਗਰਾਮ ਦੀ ਬਹੁਤ ਮਹੱਤਤਾ ਹੈ। ਇਸ ਸਭ ਦੇ ਬਾਵਜੂਦ ਸਾਰੇ ਸੰਸਾਰ ਵਿਚ ਮਾਤਰਾ ਤੇ ਕਿਸਮਾਂ ਦੇ ਫਰਕ ਨਾਲ ਨਾ-ਬਰਾਬਰੀ ਦਾ ਪਸਾਰਾ ਵਧ ਰਿਹਾ ਹੈ ਅਤੇ ਸਾਰੇ ਇਸ ਨੂੰ ਪ੍ਰਤੱਖ ਰੂਪ ਵਿਚ ਦੇਖ ਵੀ ਰਹੇ ਹਨ ਤੇ ਵੱਧ-ਘੱਟ ਦੇ ਫਰਕ ਨਾਲ ਹੰਢਾ ਵੀ ਰਹੇ ਹਨ। ਨਾ-ਬਰਾਬਰੀ ਦੀ ਨਿਰੰਤਰਤਾ ਅਤੇ ਵਧਣ ਦੇ ਚਾਰ ਮੁੱਖ ਇਤਿਹਾਸਕ ਕਾਰਨ ਹਨ: ਰਾਜਨੀਤਕ, ਆਰਥਿਕ, ਸਮਾਜਿਕ ਅਤੇ ਲਿੰਗ ਭੇਦ-ਭਾਵ।
ਰਾਜਨੀਤਕ: ਸੰਸਾਰ ਦੇ ਸਾਰੇ ਦੇਸ਼ਾਂ ਅਤੇ ਅੱਗੇ ਉਨ੍ਹਾਂ ਦੇ ਰਾਜਾਂ ਜਾਂ ਸੂਬਿਆਂ ਦੀਆਂ ਸਰਕਾਰਾਂ ਉੱਪਰ ਗਿਣੇ-ਚੁਣੇ ਪਰਿਵਾਰਾਂ ਦਾ ਕਬਜ਼ਾ ਚਲਿਆ ਆ ਰਿਹਾ ਹੈ, ਜਿਹੜਾ ਕਿ ਪਾੜੇ ਨੂੰ ਵਧਾ ਅਤੇ ਪੱਕਾ ਕਰ ਰਿਹਾ ਹੈ। ਹੇਠਲੇ ਵਰਗਾਂ ਨੂੰ ਦਬਾ ਕੇ ਰੱਖਣ ਦੇ ਜ਼ਿੰਮੇਵਾਰ ਖੁਦ ਹੀ ਇਸ ਨਾ-ਬਰਾਬਰੀ ਨੂੰ ਖਤਮ ਕਰਨ ਦੇ ਪਖੰਡ ਕਰ ਰਹੇ ਹਨ। ਪੰਜਾਬੀ ਪਿਛੋਕੜ ਨਾਲ ਸਬੰਧਿਤ ਹਰ ਸੱਜਣ ਇਹ ਵਰਤਾਰੇ ਹੁੰਦੇ ਹਰ ਰੋਜ ਦੇਖਦਾ ਵੀ ਹੈ ਅਤੇ ਹੰਢਾ ਵੀ ਰਿਹਾ ਹੈ। ਸਾਡਾ ਪੰਜਾਬ ਸਾਰੇ ਸੰਸਾਰ ਵਿਚ ਹੋ ਰਹੇ ਵਰਤਾਰਿਆਂ ਦੀ ਛੋਟੀ ਤਸਵੀਰ ਹੈ।
ਆਰਥਿਕ: ‘ਸਟੈਟਿਸਟਾ’ ਨਾਉਂ ਦੀ ਪ੍ਰਸਿੱਧ ਏਜੰਸੀ ਦੀ ਜੂਨ 2021 ਦੀ ਤਾਜ਼ਾ ਰਿਪੋਰਟ ਅਨੁਸਾਰ ਸੰਸਾਰ ਦੇ ਉਪਰਲੇ 1.1 ਪ੍ਰਤੀਸ਼ਤ ਅਮੀਰ ਬੰਦਿਆਂ ਕੋਲ਼ 45.8 ਪ੍ਰਤੀਸ਼ਤ ਧਨ-ਦੌਲਤ ਹੈ, ਹੇਠਲੇ 55 ਪ੍ਰਤੀਸ਼ਤ ਕੋਲ ਸਿਰਫ 1.3 ਪ੍ਰਤੀਸ਼ਤ ਹੈ ਅਤੇ ਬਾਕੀ ਬਾਕੀਆਂ ਕੋਲ ਹੈ। ਕੋਵਿਡ ਮਹਾਂਮਾਰੀ ਦੇ ਇੱਕ ਸਾਲ ਦੇ ਥੋੜ੍ਹੇ ਸਮੇਂ ਦੌਰਾਨ ਹੀ ਚੋਟੀ ਦੇ ਅਮੀਰਾਂ ਦੀ ਧਨ-ਦੌਲਤ ਵਿਚ ਬੇ-ਥਾਹ ਵਾਧਾ ਹੋਇਆ ਹੈ। ਇਸ ਦਾ ਵੱਡਾ ਕਾਰਨ ਸਾਡੇ ਗਲਤ ਆਰਥਿਕ ਫਲਸਫੇ ਹਨ। ਪ੍ਰਚਲਿਤ ਕੈਪੀਟਲਿਜ਼ਮ ਦੇ ਸਿਧਾਂਤ, ਜਿਹੜਾ ਕਿ ਸਿਰਫ ਸ਼ੇਅਰ-ਧਾਰਕਾਂ ਦੇ ਹਿੱਤਾਂ ਨੂੰ ਹੀ ਮੁੱਖ ਰਖਦਾ ਹੈ, ਨੂੰ ਰੱਦ ਕਰਨਾ ਬਣਦਾ ਹੈ। ਇਸ ਦੀ ਜਗ੍ਹਾ ਸਾਰੀਆਂ ਧਿਰਾਂ ਅਰਥਾਤ ਸ਼ੇਅਰ-ਧਾਰਕਾਂ ਦੇ ਨਾਲ-ਨਾਲ ਕਰਮਚਾਰੀਆਂ, ਸਮਾਜ, ਵਾਤਾਵਰਨ, ਦੇਸ਼ ਅਤੇ ਮਨੁੱਖਤਾ ਦੇ ਹਿੱਤਾਂ ਨੂੰ ਮੁੱਖ ਰੱਖਣ ਵਾਲਾ ‘ਸਟੇਕ-ਹੋਲਡਰ ਕੈਪੀਟਲਿਜ਼ਮ’ ਦਾ ਸਿਧਾਂਤ ਅਪਨਾਉਣ ਦੀ ਤੁਰਤ ਜ਼ਰੂਰਤ ਹੈ।
ਸਮਾਜਿਕ: ਲਗਭਗ ਸਭ ਦੇਸ਼ ਸਮਾਜਿਕ ਪੱਖੋਂ ਸ਼੍ਰੇਣੀਆਂ ਅਤੇ ਵਰਗਾਂ ਵਿਚ ਵੰਡੇ ਹੋਏ ਸਨ ਤੇ ਹਨ, ਜਿਸ ਦੀ ਸਭ ਤੋਂ ਕਰੂਰ ਮਿਸਾਲ ਭਾਰਤੀ ਉਪ-ਮਹਾਂਦੀਪ ਦੇ ਦੇਸ਼ਾਂ ਦੀ ਜਾਤ-ਪਾਤ ਪ੍ਰਥਾ ਹੈ। ਯੂਰਪੀ ਦੇਸ਼ ਅਤੇ ਅਮਰੀਕਾ ਵਰਗੇ ਵਿਕਸਿਤ ਖਿੱਤੇ ਵੀ ਇਸ ਤਰ੍ਹਾਂ ਦੀ ਵੰਡ ਤੋਂ ਬਚੇ ਹੋਏ ਨਹੀਂ, ਜਿਸ ਦਾ ਤਾਜ਼ਾ ਸਬੂਤ ਪਿਛਲੇ ਸਾਲ ਜਾਰਜ ਫਰਾਇਡ ਦੀ ਦੁਰਘਟਨਾ ਹੈ। ਭਾਰਤ ਵਿਚ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਗੱਲ ਹੈ। ਪੂਰੇ ਦੇਸ਼ ਦਾ ਮਾਣ ਸਾਡੀ ਹਾਕੀ ਟੀਮ ਦੀ ਮੈਂਬਰ ਵੰਦਨਾ ਕਟਾਰੀਆ ਨਾਲ ਕੁਝ ਦਿਨ ਪਹਿਲਾਂ ਹੀ ਹੋਇਆ ਦੁਰਵਿਹਾਰ ਇਸ ਦੀ ਤਾਜ਼ਾ ਮਿਸਾਲ ਹੈ। ਭਾਰਤ ਵਿਚ ਇਸ ਪ੍ਰਥਾ ਨੂੰ ਖਤਮ ਕਰਨ ਦੇ ਉਪਰਾਲੇ ਬਹੁਤ ਘੱਟ ਹੋਏ ਹਨ ਅਤੇ ਜੋ ਹੋਏ ਹਨ, ਉਨ੍ਹਾਂ ਵਿਚ ਭਗਤੀ ਲਹਿਰ ਦੇ ਮੋਢੀ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਦਾ ਬਹੁਤ ਯੋਗਦਾਨ ਹੈ। ਇਸ ਵਿਚ ਸਿੱਖ ਗੁਰੂ ਸਾਹਿਬਾਨਾਂ ਦੀ ਭੂਮਿਕਾ ਸਭ ਤੋਂ ਵੱਧ ਅਤੇ ਕ੍ਰਾਂਤੀਕਾਰੀ ਰਹੀ ਹੈ, ਹਾਲਾਂਕਿ ਉਹ ਆਪ ਸਮਾਜ ਦੇ ਉੱਚ ਵਰਗ ਨਾਲ ਸਬੰਧਿਤ ਸਨ, ਜਦੋਂ ਕਿ ਹੋਰ ਸੁਧਾਰਕ ਖੁਦ ਨਾ-ਬਰਾਬਰੀ ਤੋਂ ਪੀੜਿਤ ਸਨ। ਅਮਰੀਕਾ ਵਿਚ ਡਾ. ਮਾਰਟਿਨ ਲੂਥਰ ਕਿੰਗ ਅਤੇ ਭਾਰਤ ਵਿਚ ਡਾ. ਭੀਮ ਰਾਓ ਅੰਬੇਦਕਰ ਵਰਗੀਆਂ ਸਤਿਕਾਰਯੋਗ ਹਸਤੀਆਂ ਨੇ ਮਾਡਰਨ ਸਮੇਂ ਵਿਚ ਇਹ ਕੰਮ ਕੀਤੇ। ਇੰਨੇ-ਇੰਨੇ ਵੱਡੇ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਅਤੇ ਵੱਡੇ-ਵੱਡੇ ਦਾਨੇ ਸਮਾਜ-ਸੁਧਾਰਕਾਂ ਦੀਆਂ ਮਿਹਨਤਾਂ ਦੇ ਬਾਵਜੂਦ ਸੰਸਾਰ ਦੀ ਦਸ਼ਾ ਵਿਚ ਕੋਈ ਬਹੁਤਾ ਫਰਕ ਨਹੀਂ ਪਿਆ, ਜੋ ਨਿਰਾਸ਼ਾਜਨਕ ਹੈ।
ਲਿੰਗ ਭੇਦ-ਭਾਵ: ਇਹ ਨਾ-ਬਰਾਬਰੀ ਤਾਂ ਸਭ ਤੋਂ ਵੱਧ ਦਰਦਨਾਕ, ਤਰਕ-ਹੀਣ ਅਤੇ ਬਦ-ਕਿਸਮਤੀ ਵਾਲੀ ਤੇ ਵਿਸ਼ਵ-ਵਿਆਪੀ ਹੈ।
ਸਾਰੇ ਦੇਸ਼ਾਂ ਅਤੇ ਸਮਾਜਾਂ ਦੀ ਜਨਤਾ ਇਨ੍ਹਾਂ ਚਾਰ ਕਾਰਨਾਂ ਕਰ ਕੇ ਹੇਠ ਤੋਂ ਉੱਪਰ ਤੱਕ ਤਹਿਆਂ ਜਾਂ ਵਰਗਾਂ ਵਿਚ ਵੰਡੀ ਹੋਈ ਹੈ। ਦੁਖਦਾਈ ਅਤੇ ਗੁੰਝਲਦਾਰ ਗੱਲ ਇਹ ਹੈ ਕਿ ਤਹਿਆਂ ਦੇ ਅੰਦਰ ਹੋਰ ਤਹਿਆਂ ਹਨ। ਸਮਾਜਿਕ ਨਾ-ਬਰਾਬਰੀ ਦੀਆਂ ਤਹਿਆਂ ਇਸ ਕਦਰ ਪੱਕੀਆਂ ਹੋ ਚੁਕੀਆਂ ਹਨ ਕਿ ਹੇਠਲੀ ਵਿਚੋਂ ਉੱਪਰ ਜਾਣਾ ਲਗਭਗ ਅਸੰਭਵ ਹੈ। ਹੇਠਲੀਆਂ ਤਹਿਆਂ ਆਪਣਾ ਜੀਵਨ ਬਹੁਤ ਤਰਸਯੋਗ ਹਾਲਤਾਂ ਵਿਚ ਜਿਉਂ ਰਹੀਆਂ ਹਨ ਅਤੇ ਉਪਰਲੀਆਂ ਅਥਾਹ ਐਸ਼-ਪ੍ਰਸਤੀ ਵਿਚ ਵੀ ਰਹਿ ਰਹੀਆਂ ਹਨ ਤੇ ਹੇਠਲੇ ਵਰਗਾਂ ਨੂੰ ਕੰਟਰੋਲ ਵੀ ਕਰ ਰਹੀਆਂ ਹਨ। ਇਸ ਵਾਸਤੇ ਇਹ ਚਾਣਕਿਆ ਦੇ ਸਾਮ, ਦਾਮ, ਦੰਡ ਅਤੇ ਭੇਦ ਦੇ ਚਾਰੇ ਹਥ-ਕੰਡੇ ਵਰਤਦੀਆਂ ਹਨ।
ਇਟਲੀ ਦੇ ਕੁਖਿਆਤ ਲੇਖਕ ਮੈਕਾਵਲੀ ਨੇ ਵੀ ਜਨਤਾ ਨੂੰ ਦਬਾ ਕੇ ਰੱਖਣ ਵਾਸਤੇ ਰਾਜਿਆਂ ਅਤੇ ਹਾਕਮ-ਸ੍ਰੇਣੀ ਨੂੰ ਇਸ ਤਰ੍ਹਾਂ ਦੀ ਹੀ ਸਲਾਹ ਦਿੱਤੀ ਸੀ: “ਅਸਲ ਵਿਚ ਤਾਂ ਜਨਤਾ ਦੇ ਮਨਾਂ ਅੰਦਰ ਡਰ ਅਤੇ ਸਤਿਕਾਰ ਦੋਵੇਂ ਪੈਦਾ ਕਰ ਕੇ ਰੱਖੋ, ਪਰ ਜੇ ਦੋਵੇਂ ਢੰਗ ਇੱਕਠੇ ਨਹੀਂ ਵਰਤ ਸਕਦੇ ਤਾਂ ਸਤਿਕਾਰ ਦੀ ਥਾਂ ਡਰ ਪੈਦਾ ਕਰ ਕੇ ਰੱਖਣਾ ਜਿ਼ਆਦਾ ਅਸਰਦਾਰ ਹੁੰਦਾ ਹੈ।”
ਇਹ ਨੀਤੀਆਂ ਵਰਤ ਕੇ ਉਪਰਲੇ ਵਰਗ ਹੇਠਲਿਆਂ ਨੂੰ ਅਧੀਨਗੀ ਵਿਚ ਰੱਖ ਕੇ, ਨਾ-ਬਰਾਬਰੀ ਨੂੰ ਬਰਕਰਾਰ ਰੱਖਦੇ ਹਨ। ਇਹ ਸਭ ਕਰਨਾ ਉਹ ਆਪਣੀ ਸਿਆਣਪ ਅਤੇ ਆਪਣਾ ਹੱਕ ਸਮਝਦੇ ਹਨ ਤੇ ਇਸ ਨੂੰ ਜਨਤਕ ਤੌਰ `ਤੇ ਮੰਨਣ ਤੋਂ ਝਿਜਕ ਨਹੀਂ ਕਰਦੇ। ਇਹ ਤਾਕਤਾਂ ਕਿਸੇ ਵੀ ਕਿਸਮ ਦੇ ਸਾਰਥਿਕ ਪਰਿਵਰਤਨ ਨੂੰ ਰੋਕਣ ਵਾਸਤੇ ਉੱਪਰ ਬਿਆਨਿਆ ਹਰ ਢੰਗ ਵਰਤਦੀਆਂ ਰਹਿੰਦੀਆਂ ਹਨ। ਇਸੇ ਕਰ ਕੇ ਨਾ-ਬਰਾਬਰੀ ਦੇ ਕਾਰਨ ਘਟਣ ਦੀ ਥਾਂ ਯੂ. ਐੱਨ. ਓ. ਦੀ ਰਿਪੋਰਟ ਅਨੁਸਾਰ ਵਧ ਰਹੇ ਹਨ। ਵਧੇ ਹੋਏ ਇਨ੍ਹਾਂ ਕਾਰਨਾਂ ਵਿਚੋਂ ਰਿਪੋਰਟ ਵਿਚ ਹੇਠਲੇ ਚਾਰਾਂ ਦੇ ਪ੍ਰਭਾਵਾਂ ਨੂੰ ਇਸ ਦਾ ਥੀਮ ਬਣਾਇਆ ਗਿਆ ਹੈ।
ਬੇ-ਲੋੜੀਆਂ ਅਤੇ ਬੇ-ਲਗਾਮ ਤਕਨੀਕੀ, ਖਾਸ ਕਰ ਕੇ ਕੰਪਿਊਟਰ-ਸਬੰਧਿਤ, ਖੋਜਾਂ: ਡਾ. ਯੂਵਲ ਹਰਾਰੀ ਅਨੁਸਾਰ ਮਨੁੱਖਤਾ ਵਾਸਤੇ ਪ੍ਰਮਾਣੂ ਹਥਿਆਰਾਂ ਦੀ ਦੌੜ ਅਤੇ ਵਾਤਾਵਰਨ ਪਰਿਵਰਤਨ ਤੋਂ ਤੀਜੇ ਨੰਬਰ `ਤੇ ਸਭ ਤੋਂ ਖਤਰਨਾਕ ਗੱਲਾਂ ਕੰਪਿਊਟਰ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ, ਇਨਫੋਟੈੱਕ, ਬਾਇਓਟੈੱਕ ਅਤੇ ਬਿੱਗ ਡੈਟਾ ਦੇ ਖੇਤਰਾਂ ਵਿਚ ਹੋ ਰਹੀਆਂ ਬੇ-ਲੋੜੀਆਂ ਅਤੇ ਬੇ-ਲਗਾਮ ਖੋਜਾਂ ਹਨ। ਬੇ-ਲਗਾਮ ਇਸ ਕਰ ਕੇ ਕਿ ਇਨ੍ਹਾਂ ਖੇਤਰਾਂ ਵਿਚ ਹੋ ਰਹੀਆਂ ਖੋਜਾਂ, ਵਰਤੋਂ ਅਤੇ ਵਪਾਰ ਤੇ ਸਰਕਾਰਾਂ ਵਲੋਂ ਕੋਈ ਨਿਗਰਾਨੀ ਸੰਭਵ ਹੀ ਨਹੀਂ। ਪੈਗਾਸਸ ਵਰਗਾ ਵਰਤਾਰਾ ਤਾਂ ਇਨ੍ਹਾਂ ਖੋਜਾਂ ਦੀ ਦੁਰਵਰਤੋਂ ਦਾ ਇੱਕ ਨਮੂਨਾ ਹੈ। ਮਿਸਟਰ ਹਰਾਰੀ ਨੂੰ ਖਦਸ਼ਾ ਹੈ ਕਿ ਭਵਿੱਖ ਵਿਚ ਸਮਾਜ ਦੀਆਂ ਸਿਰਫ ਦੋ ਤਹਿਆਂ ਰਹਿ ਜਾਣਗੀਆਂ: ਕੰਪਿਊਟਰਾਂ, ਡਰੋਨਾਂ ਅਤੇ ਰੋਬੋਟਾਂ ਰਾਹੀਂ ਸੰਸਾਰ ਦੀ ਹਰ ਗਤੀ-ਵਿਧੀ ਨੂੰ ਚਲਾਉਣ ਤੇ ਕੰਟਰੋਲ ਕਰਨ ਵਾਲਾ ਵਰਗ ਅਤੇ ਮਸ਼ੀਨਾਂ ਦੀ ਤਰ੍ਹਾਂ ਕੰਮ ਕਰਨ ਵਾਲੇ ਜੰਤਰ-ਨੁਮਾ ਇਨਸਾਨਾਂ ਦਾ ਵਰਗ।
ਵਾਤਾਵਰਨ ਪਰਿਵਰਤਨ: ਇਸ ਦਾ ਬੁਰਾ ਅਸਰ ਸਮਾਜ ਦੀਆਂ ਹੇਠਲੀਆਂ ਤਹਿਆਂ ਦੇ ਇਨਸਾਨਾਂ `ਤੇ ਪੈਣਾ ਸ਼ੁਰੂ ਵੀ ਹੋ ਚੁਕਾ ਹੈ। ਸਾਰੇ ਸੰਸਾਰ ਨੂੰ ਝੰਜੋੜ ਦੇਣ ਵਾਲੀ ਅੰਤਰ-ਸਰਕਾਰੀ ਪੈਨਲ ਦੀ ਵਾਤਾਵਰਨ ਪਰਿਵਰਤਨ ਦੀ 9 ਅਗਸਤ 2021 ਦੀ ਰਿਪੋਰਟ ਨੂੰ ‘ਰੈੱਡ ਅਲਰਟ ਨੋਟਿਸ’ ਗਰਦਾਨਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਪਰਿਵਰਤਨ ਨਾਲ ਹੋ ਰਹੇ ਨੁਕਸਾਨ ਦੀ ਕਦੇ ਵੀ ਭਰਪਾਈ ਨਹੀਂ ਹੋ ਸਕੇਗੀ। ਇਹ ਪਰਿਵਰਤਨ ਨਾ-ਬਰਾਬਰੀ ਨੂੰ ਹੋਰ ਵਧਾਏਗਾ। ਅੱਜ ਸਾਡੀ ਮਾਡਰਨ ਜੀਵਨ-ਸ਼ੈਲੀ ਦੀ ਛੋਟੀ ਤੋਂ ਛੋਟੀ ਕਾਰਵਾਈ ਵੀ ਗਰੀਨ-ਹਾਊਸ ਗੈਸਾਂ ਰਾਹੀਂ ਵਾਤਾਵਰਨ ਦੇ ਪ੍ਰਦੂਸ਼ਨ ਵਿਚ ਵਾਧਾ ਕਰ ਰਹੀ ਹੈ; ਇਹ ਭਾਵੇਂ ਸੁਬ੍ਹਾ ਦੀਆਂ ਵਾਸ਼ਰੂਮ ਦੀਆਂ ਕਾਰਵਾਈਆਂ ਹੋਣ, ਨਾਸ਼ਤਾ ਬਣਾਉਣ-ਖਾਣ ਦੀਆਂ ਹੋਣ ਜਾਂ ਦਫਤਰ ਜਾਣ-ਆਉਣ ਦੀਆਂ ਹੀ ਕਿਉਂ ਨਾ ਹੋਣ। ਸਿਆਣੇ ਤਾਂ ਇੱਥੋਂ ਤੱਕ ਕਹਿਣ ਲੱਗ ਗਏ ਹਨ ਕਿ ਅੱਜ ਦੇ ਇਨਸਾਨ ਵਲੋਂ ਪੀਤੀ ਪਾਣੀ ਦੀ ਹਰ ਵਾਧੂ ਘੁੱਟ, ਖਾਧੀ ਹਰ ਵਾਧੂ ਬੁਰਕੀ ਅਤੇ ਤਨ `ਤੇ ਪਾਇਆ ਹਰ ਵਾਧੂ ਕੱਪੜਾ, ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੋਂ ਖੋਹ ਰਿਹਾ ਹੈ।
ਸ਼ਹਿਰੀਕਰਨ ਅਤੇ ਪਰਵਾਸ: ਇਹ ਦੋਨੇ ਵਰਤਾਰਿਆਂ ਦੀ ਮਾਰ ਹੇਠ ਵੀ ਹੇਠਲੀਆਂ ਤਹਿਆਂ ਦੇ ਵਰਗ ਆਉਣਗੇ।
ਨਾ-ਬਰਾਬਰੀ ਨੂੰ ਮਨੁੱਖੀ ਸੁਭਾਅ, ਇਤਿਹਾਸ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਰੱਖਿਅਤ ਜੀਵਨ ਦੇ ਪਰਿਪੇਖ ਤੋਂ ਸੋਚ-ਵਿਚਾਰ ਕੇ ਹੀ ਅਸੀਂ ਇਸ ਦੀ ਪਕੜ ਨੂੰ ਘਟਾਉਣ ਵਾਸਤੇ ਕੁੜੱਤਣ-ਰਹਿਤ, ਨਫਰਤ-ਰਹਿਤ ਅਤੇ ਸਾਂਝੇ ਉਪਰਾਲੇ ਕਰ ਸਕਦੇ ਹਾਂ। ਸੰਸਾਰ ਵਿਚ ਅਨੇਕਾਂ ਇਨਸਾਨ ਹਨ, ਜੋ ਸਾਰਥਿਕ ਬੁੱਧ-ਵਿਵੇਕ ਦੇ ਮਾਲਿਕ ਹਨ, ਹਰ ਕਿਸਮ ਦੀਆਂ ਨੈਤਿਕ ਕਦਰਾਂ-ਕੀਮਤਾਂ ਦੇ ਅਨੁਸਾਰੀ ਹਨ ਅਤੇ ਨਾ-ਬਰਾਬਰੀ ਨੂੰ ਖਤਮ ਜਾਂ ਘੱਟੋ-ਘੱਟ ਇਸ ਦੀ ਚਾਲ ਨੂੰ ਮੱਠੀ ਕਰਨਾ ਚਾਹੁੰਦੇ ਹਨ। ਇਸ ਤਰ੍ਹਾਂ ਦੇ ਬਣਨ ਵਾਸਤੇ ਕਿਸੇ ਦੇਸ਼, ਵਰਗ, ਧਰਮ ਦਾ ਹੋਣਾ ਜਾਂ ਰਸਮੀ ਤਰੀਕੇ ਨਾਲ ਕਿਸੇ ਅਲੌਕਿਕ ਸ਼ਕਤੀ ਵਿਚ ਵਿਸ਼ਵਾਸ ਕਰਨਾ ਜ਼ਰੂਰੀ ਨਹੀਂ। ਇਸ ਨਿਸ਼ਾਨੇ ਦੀ ਪ੍ਰਾਪਤੀ ਵਾਸਤੇ ਸੰਸਾਰ ਦੇ ਸਾਰੇ ਨਾਗਰਿਕਾਂ ਨੂੰ ਜੋ ਕਰਨਾ ਚਾਹੀਂਦਾ ਹੈ, ਉਹ ਚਿੱਟੇ ਦਿਨ ਵਾਗ ਸਪਸ਼ਟ ਹੈ; ਹਰ ਇੱਕ ਨੂੰ ਆਪਣੇ ਜੀਵਨ ਦਾ ਕਾਇਆ-ਕਲਪ ਕਰਨਾ ਪਵੇਗਾ ਅਤੇ ਇਸ ਵਾਸਤੇ ਸਭ ਨੂੰ ਅਨੇਕਾਂ ਵੱਡੀਆਂ-ਛੋਟੀਆਂ ਕੁਰਬਾਨੀਆਂ ਦੀ ਲੋੜ ਹੈ।
ਯੂ. ਐਨ. ਓ. ਦੇ ਸਕੱਤਰ-ਜਨਰਲ ਦੇ ਸਬਦਾਂ ਵਿਚ: “ਜੇ ਆਪਾਂ ਸਾਰੇ ਇਕੱਠੇ ਹੋ ਕੇ ਹੰਭਲਾ ਮਾਰੀਏ ਤਾਂ ਹੀ ਇਸ ਭਿਆਨਕ ਤਬਾਹੀ ਤੋਂ ਬਚ ਸਕਦੇ ਹਾਂ; ਪਰ ਜਿਵੇਂ ਕਿ ਪੈਨਲ ਦੀ ਰਿਪੋਰਟ ਤੋਂ ਸਪਸ਼ਟ ਹੈ ਕਿ ਸਾਡੇ ਕੋਲ ਕਿਸੇ ਕਿਸਮ ਦੀ ਦੇਰੀ, ਕੁਤਾਹੀ ਜਾਂ ਬਹਾਨੇ ਦੀ ਕੋਈ ਗੁੰਜਾਇਸ਼ ਨਹੀਂ।”