ਸੰਦੂਖ

ਪਰਵਾਸ ਬਾਰੇ ਲਿਖੀ ਇਸ ਕਹਾਣੀ ਦਾ ਰੰਗ ਰਤਾ ਕੁ ਵੱਖਰਾ ਹੈ। ਲੇਖਕ ਸਿਮਰਨ ਧਾਲੀਵਾਲ ਨੇ ਇਸ ਕਹਾਣੀ ਵਿਚ ਹੇਰਵੇ ਦੀ ਗੱਲ ਤਾਂ ਕੀਤੀ ਹੈ ਪਰ ਪਿੰਡ ਤੋਂ ਉਖੜੇ ਬੰਦੇ ਦੇ ਆਲੇ-ਦੁਆਲੇ ਦੇ ਮਾਹੌਲ ਅਤੇ ਦਿਲ ਅੰਦਰ ਚੱਲ ਰਹੇ ਘੋਲ ਨੂੰ ਉਸ ਨੇ ਬੜੀ ਬਾਰੀਕੀ ਨਾਲ ਪੇਸ਼ ਕੀਤਾ ਹੈ। ਪਰਵਾਸੀ ਬਣੇ ਪੰਜਾਬੀਆਂ ਨੇ ਪਿੱਛੇ ਨਹੀਂ ਮੁੜਨਾ ਪਰ ਕਹਾਣੀ ਦਾ ਪਾਤਰ ਪਿੰਡ ਦੀ ਪਰਵਾਜ਼ ਲਈ ਪਰ ਤੋਲ ਰਿਹਾ ਜਾਪਦਾ ਹੈ।

ਸਿਮਰਨ ਧਾਲੀਵਾਲ
ਫੋਨ: +91-94632-15168

‘ਬਾਪੂ ਨੇ ਤੀਹ ਕੁ ਸਾਲ ਤਾਂ ਕੱਟ’ਤੇ ਹੋਣੇ ਉਰੇ ਕਿ ਨਹੀਂ?’ ਮੈਂ ਪੈਮ ਨੂੰ ਪੁੱਛਦਾਂ। ਉਹ ਕੰਪਿਊਟਰ ਉਪਰ ਬਿਜ਼ੀ ਹੈ। ਮੇਰੇ ਵੱਲ ਬਿਨ ਦੇਖੇ ਹੀ ‘ਯਾਅ` ਆਖ ਕੇ ਸਾਰ ਦਿੰਦੀ ਹੈ। ਮੈਂ ਉਹਦੇ ਨਾਲ ਹੋਰ ਗੱਲਾਂ ਕਰਨੀਆਂ ਚਾਹੁੰਦਾਂ ਪਰ ਉਸ ਦਾ ਕੋਈ ਜ਼ਰੂਰੀ ਕੰਮ ਬਾਕੀ ਪਿਆ ਹੈ। ਇਸ ਲਈ ਮੈਂ ਹੋਰ ਕੁਝ ਨਹੀਂ ਬੋਲਦਾ। ਕਿਚਨ ਵੱਲ ਜਾਂਦਾ-ਜਾਂਦਾ ਪੁੱਛ ਲੈਂਦਾ ਹਾਂ, ‘ਕੌਫੀ ਲੈਣੀ ਤੂੰ?’
‘ਅੱਧਾ ਕੱਪ।’ ਉਹ ਆਖ ਦਿੰਦੀ ਹੈ ਤੇ ਮੈਂ ਰਸੋਈ ਵਿਚ ਜਾ ਕੇ ਕੌਫੀ ਬਣਾਉਣ ਲੱਗਦਾਂ। ਰਸੋਈ ਵਿਚ ਖੜ੍ਹਾ ਮੈਂ ਮੁੜ ਪੁਰਾਣੀਆਂ ਗੱਲਾਂ ਵਿਚ ਗੁਆਚ ਜਾਂਦਾਂ। ਬਾਪੂ ਉਦੋਂ ਅਜੇ ਰਿਟਾਇਰ ਹੋਇਆ ਹੀ ਸੀ ਜਦੋਂ ਮੈਂ ਕਾਗਜ਼ ਭੇਜੇ ਸੀ ਇੰਡੀਆ। ਮੈਂ ਮਨ ਹੀ ਮਨ ਮੁੜ ਸਾਲਾਂ ਦਾ ਹਿਸਾਬ ਲਗਾਉਣ ਲੱਗ ਜਾਂਦਾ ਹਾਂ। ਮੈਨੂੰ ਯਾਦ ਹੈ ਵੀਜ਼ਾ ਅਪਲਾਈ ਕੀਤੇ ਤੋਂ ਪੰਦਰਾਂ ਕੁ ਦਿਨਾਂ ਬਾਅਦ ਹੀ ਅਚਾਨਕ ਸਾਹ ਦੀ ਬਿਮਾਰੀ ਨਾਲ ਬੇਬੇ ਚੱਲ ਵਸੀ ਸੀ। ਮੈਂ ਬਾਰਡਰ ਵੱਲ ਜਾ ਰਿਹਾ ਸਾਂ ਟਰਾਲਾ ਲੋਡ ਕਰੀ। ਬਾਪੂ ਦਾ ਫੋਨ ਆਇਆ। ਮੇਰੀਆਂ ਅੱਖਾਂ ਵਿਚ ਚਮਕ ਆ ਗਈ। ਸੋਚਿਆ ਬਾਪੂ ਨੇ ਦੱਸਣਾ ਹੋਣੈ ਕਿ ਬੀਰਿਆ ਮੇਰਾ ਤੇ ਮਾਂ ਤੇਰੀ ਦਾ ਵੀਜ਼ਾ ਆ ਗਿਆ ਪਰ ਕਾਲ ਦੱਬਦਿਆਂ ਸਾਰ ਬਾਪੂ ਡੁੱਬੀ ਜਿਹੀ ਆਵਾਜ਼ ਵਿਚ ਬੋਲਿਆ ਸੀ, ‘ਬੱਲਿਆ ਤੂੰ ਤਾਂ ਕਨੇਡਾ ਦੀਆਂ ਟਿਕਟਾਂ ਕਟਾਉਂਦਾ ਫਿਰਦਾਂ, ਮਾਂ ਤੇਰੀ…।’ ਬਾਪੂ ਫਿਸ ਪਿਆ ਸੀ। ਫੇਰ ਪਲ ਕੁ ਮਗਰੋਂ ਉਹਨੇ ਖੁਦ ਨੂੰ ਸੰਭਾਲਦਿਆਂ ਆਖਿਆ ਸੀ, ‘ਆਜੋ ਮੇਰੇ ਪੁੱਤ ਤੁਸੀਂ।’ ਇਸ ‘ਤੁਸੀਂ` ਵਿਚ ਮੈਂ ਤੇ ਪੈਮ ਸ਼ਾਮਿਲ ਸਾਂ। ਮੈਂ ਭਵੰਤਰ ਗਿਆ। ਪੈਮ ਦਾ ਨੰਬਰ ਲਗਾਇਆ। ਅੱਗਿਓਂ ਕੰਪਿਊਟਰ ਬੋਲਿਆ। ਟੀਂ ਦੀ ਆਵਾਜ਼ ਹੋਈ ਤੇ ਮੈਂ ਮੈਸੇਜ ਛੱਡ ਦਿੱਤਾ। ਟਰਾਲਾ ਵਾਪਸ ਮੋੜ ਲਿਆ। ਸੋਚਿਆ ਟਰਾਂਸਪੋਰਟ `ਤੇ ਜਾ ਕੇ ਗੱਲ ਕਰਦਾਂ, ਆਪੇ ਕਿਸੇ ਹੋਰ ਨੂੰ ਭੇਜ ਦੇਣਗੇ।…ਤੇ ਉਦੋਂ ਮੈਂ ਇਕੱਲਾ ਗਿਆ ਸੀ ਇੰਡੀਆ। ਜੋ ਵੀ ਮਿਲਦਾ, ਪਹਿਲਾ ਸਵਾਲ ਇਹੀ ਕਰਦਾ, ‘ਬੀਰਿਆ ਪੰਮੀ ਨਹੀਂ ਆਈ?’ ਮੈਂ ਭਰੀ-ਭਰਾਈ ਰੀਲ੍ਹ ਵਾਂਗ ਕੰਮ ਦੀ ਮਜਬੂਰੀ, ਬੱਚੇ ਦੀ ਜ਼ਿੰਮੇਵਾਰੀ ਤੇ ਪਤਾ ਨਹੀਂ ਕੀ-ਕੀ ਆਖ ਕੇ ਸਵਾਲਾਂ ਦੇ ਜਵਾਬ ਦਿੰਦਾ। ਭੋਗ ਪੈਣ ਤਕ ਬੇਬੇ ਤੇ ਬਾਪੂ ਦੋਨਾਂ ਦਾ ਵੀਜ਼ਾ ਆ ਗਿਆ ਸੀ ਪਰ ਬੇਬੇ ਦੇ ਕਰਮਾਂ `ਚ ਜਿੱਦਾਂ ਕੈਨੇਡਾ ਦਾ ਪਾਣੀ ਲਿਖਿਆ ਹੀ ਨਹੀਂ ਸੀ।
‘ਬੌਬ! ਪਾਣੀ ਪਿਆ ਦੇ, ਨਹੀਂ ਤਾਂ ਕੌਫੀ ਤਾਂ ਤੂੰ ਧੁੱਪੇ ਧਰੀ ਹੋਈ ਆ।’ ਪੈਮ ਨੇ ਹਾਕ ਮਾਰੀ। ਮੇਰੀ ਸੁਰਤੀ ਟੁੱਟਦੀ ਹੈ। ਕੌਫੀ ਰਿੱਝ-ਰਿੱਝ ਕਮਲੀ ਹੋਈ ਪਈ ਸੀ। ਦੋ ਕੱਪਾਂ ਵਿਚ ਕੌਫੀ ਪਾ ਕੇ ਲਿਵਿੰਗ ਰੂਮ ਵਿਚ ਲੈ ਜਾਂਦਾਂ।
‘ਧੁੱਪੇ ਧਰੀ ਹੁੰਦੀ ਤਾਂ ਸੱਤ ਦਿਨ ਨਹੀਂ ਸੀ ਬਣਨੀ। ਮੌਸਮ ਦੇਖਿਆ ਬਾਹਰ?’ ਮੈਂ ਵਿੰਡੋ ਵਿਚਦੀ ਬਾਹਰ ਦੇਖਦਾਂ। ਅਜੇ ਵੀ ਨਿੱਕਾ-ਨਿੱਕਾ ਮੀਂਹ ਪੈ ਰਿਹਾ। ਆਸਮਾਨ ਬੱਦਲਾਂ ਨਾਲ ਭਰਿਆ ਪਿਆ। ਠੰਢੀ ਹਵਾ ਚੱਲਦੀ ਹੈ ਬਾਹਰ। ਦਸੰਬਰ ਦਾ ਦੂਜਾ ਹਫਤਾ ਹੈ।
ਮੈਂ ਤੇ ਬਾਪੂ ਜਿਸ ਦਿਨ ਚੱਲੇ ਸਾਂ ਪਿੰਡ ਤੋਂ, ਉਸ ਦਿਨ ਵੀ ਨਿੱਕਾ-ਨਿੱਕਾ ਮੀਂਹ ਪੈ ਰਿਹਾ ਸੀ। ਰਾਜਪੁਰਾ ਟੱਪੇ ਹੀ ਸਾਂ। ਬੱਦਲ ਦੇਖ ਕੇ ਬਾਪੂ ਨੂੰ ਫਿਕਰ ਪੈ ਗਿਆ ਸੀ।
‘ਬੀਰਿਆ! ਚਾਚੇ ਆਪਣੇ ਨੂੰ ਲਾਈਂ ਜ਼ਰਾ ਫੋਨ। ਪਿਛਲਾ ਕਮਰਾ ਚੋਣ ਲੱਗ ਜਾਂਦਾ ਹੁੰਦਾ। ਸੰਦੂਖ ਪਿਆ ਤੇਰੀ ਬੇਬੇ ਦਾ। ਆਖਾਂ ਉਹਨੂੰ…।’ ਵਿੰਡੋ ਅੱਗੇ ਖੜ੍ਹਾ ਕੌਫੀ ਦੀਆਂ ਘੁੱਟਾਂ ਭਰਦਾ ਮੈਂ ਮੁੜ ਉਹਨਾਂ ਹੀ ਗੱਲਾਂ ਵਿਚ ਗੁਆਚ ਗਿਆ। ਬੇਬੇ ਨੂੰ ਬੜਾ ਪਿਆਰਾ ਸੀ ਆਪਣਾ ਸੰਦੂਖ। ਹਜ਼ਾਰਾਂ ਵਾਰ ਉਹਨੇ ਇਸ ਸੰਦੂਕ ਦੀ ਕਥਾ ਸੁਣਾਈ ਸੀ ਸਾਨੂੰ।
‘ਸਾਡੇ ਵਾਰੇ-ਪਾਰੇ ਤਾਂ ਸੰਦੂਖ ਈ ਦਿੰਦੇ ਸੀ ਦਾਜ `ਚ। ਟਾਹਲੀ ਹੁੰਦੀ ਸੀ ਸਾਡੇ ਖੇਤ। ਇਹ ਉਹਦੀ ਲੱਕੜ ਦਾ ਬਣਿਆ। ਬਲਵਿੰਦਰ ਸਿਹੁੰ ਦੇ ਹੱਥਾਂ ਦਾ। ਹੁਣ ਤਾਂ ਉਹ ਵੀ ਵਿਚਾਰਾ ਪਤਾ ਨਹੀਂ ਕਦੋਂ ਦਾ ਮਰ ਖਪ ਗਿਆ ਹੋਣਾ।’… ਤੇ ਜਦੋਂ ਮੇਰਾ ਵਿਆਹ ਹੋਇਆ, ਬੇਬੇ ਦਾ ਸੰਦੂਖ ਪਿਛਲੇ ਕਮਰੇ ਵਿਚ ਧਰ ਦਿੱਤਾ ਗਿਆ ਸੀ। ਸ਼ਾਇਦ ਵੇਲਾ ਬਦਲਣ ਨਾਲ ਚੀਜ਼ਾਂ ਦਾ ਮੁੱਲ ਤੇ ਥਾਂ, ਦੋਨੋਂ ਬਦਲ ਜਾਂਦੇ ਨੇ। ਜਦੋਂ ਅਸੀਂ ਏਅਰਪੋਰਟ ਤੋਂ ਬਾਹਰ ਨਿਕਲੇ, ਟੈਕਸੀ ਵਿਚ ਬੈਠਾ ਬਾਪੂ ਬਾਹਰ ਦੇ ਰੰਗ ਤਮਾਸ਼ੇ ਦੇਖ ਰਿਹਾ ਸੀ।
‘ਬੱਲਿਆ! ਊਂਈਂ ਨਹੀਂ ਮਰੀ ਜਾਂਦਾ ਸਾਰਾ ਪੰਜਾਬ ਕਨੇਡਾ ਆਉਣ ਨੂੰ। ਹੈ ਤਾਂ ਸਵਰਗਾਂ ਵਰਗਾ।’ ਮੈਂ ਬਾਪੂ ਦੀ ਇਸ ਗੱਲ `ਤੇ ਹੱਸ ਪਿਆ ਸਾਂ। ਉਦੋਂ ਅਜੇ ਕੰਮ ਦਾ ਵੇਲਾ ਸੀ। ਨਾ ਪੈਮ ਘਰ ਸੀ ਨਾ ਰੌਬਿਨ। ਉਹਨੂੰ ਢਾਈ ਵਜੇ ਛੁੱਟੀ ਹੋਣੀ ਸੀ ਸਕੂਲ ਤੋਂ। ਚਾਰ ਸਾਲਾਂ ਬਾਅਦ ਬਾਪੂ ਨੇ ਮਿਲਣਾ ਸੀ ਰੌਬਿਨ ਨੂੰ। ਰੌਬਿਨ ਉਦੋਂ ਅਜੇ ਬਹੁਤ ਛੋਟਾ ਸੀ ਜਦੋਂ ਅਸੀਂ ਕੈਨੇਡਾ ਆ ਗਏ ਸਾਂ। ਚਾਰ ਸਾਲਾਂ ਵਿਚ ਮੈਂ ਦੋ ਵਾਰ ਇਕੱਲਾ ਗਿਆ ਸਾਂ ਇੰਡੀਆ। ਇਕ ਵਾਰ ਕਿਸੇ ਖਾਸ ਕੰਮ ਕਰਕੇ ਤੇ ਦੂਜੀ ਵਾਰ ਬੇਬੇ ਦੀ ਮੌਤ `ਤੇ। ਘਰ ਆ ਕੇ ਮੈਂ ਬਾਪੂ ਨੂੰ ਚਾਹ ਬਣਾ ਕੇ ਪਿਆਈ। ਸਮਾਨ ਕਮਰੇ ਵਿਚ ਰੱਖ ਕੇ ਗਰਮ ਪਾਣੀ ਬਾਥ ਟੱਬ ਵਿਚ ਛੱਡ ਕੇ ਨਹਾਉਣ ਲਈ ਤੋਲੀਆ ਦਿੱਤਾ। ਜਦ ਸ਼ਾਮ ਜਿਹੀ ਨੂੰ ਬਾਪੂ ਸੁੱਤਾ ਉਠਿਆ, ਉਦੋਂ ਤਕ ਪੈਮ ਤੇ ਰੌਬਿਨ ਦੋਨੋਂ ਘਰ ਆ ਗਏ ਸੀ। ਮੈਨੂੰ ਉਹ ਸ਼ਾਮ ਬੜੀ ਚੰਗੀ-ਚੰਗੀ ਲੱਗੀ ਸੀ। ਕਾਸ਼ ਬੇਬੇ ਵੀ ਨਾਲ ਹੁੰਦੀ। ਘਰ ਹੋਰ ਭਰਿਆ-ਭਰਿਆ ਲੱਗਣਾ ਸੀ। ਮੈਨੂੰ ਬੇਬੇ ਦੇ ਤੁਰ ਜਾਣ ਦਾ ਯਕੀਨ ਨਹੀਂ ਹੋ ਰਿਹਾ ਜਿੱਦਾਂ। ਅਜੇ ਚਾਰ ਦਿਨ ਪਹਿਲਾਂ ਹੀ ਤਾਂ…। ਹਲਕੀਹਲਕੀ ਸਰਦੀ ਸੀ ਉਦੋਂ ਵੀ। ਬਾਹਰ ਇਸੇ ਤਰਾਂ੍ਹ ਮੀਂਹ ਪੈ ਰਿਹਾ ਸੀ। ਮੈਂ ਵਿਸਕੀ ਦੀ ਬੋਤਲ ਮੇਜ਼ ਉਪਰ ਧਰ ਦਿੱਤੀ। ਪੈਮ ਨੇ ਆਮਲੇਟ ਬਣਾ ਦਿੱਤਾ। ਦੋ ਕੁ ਪੈੱਗ ਲਗਾ ਕੇ ਬਾਪੂ ਬੇਬੇ ਦੀਆਂ ਗੱਲਾਂ ਕਰਨ ਲੱਗਾ। ਕਦੀ ਉਹ ਪਿੰਡ ਦੀਆਂ ਗੱਲਾਂ ਛੇੜ ਲੈਂਦਾ। ਕਦੀ ਆਪਣੀ ਮਾਸਟਰੀ ਦੀਆਂ। ਵਿਚ ਨੂੰ ਰੌਬਿਨ ਨੂੰ ਪਿਆਰ ਕਰਨ ਲੱਗਦਾ।
‘ਬੱਲਿਆ ਤੂੰ ਹੀ ਆ ਜਾਂਦਾ ਆਪਣੀ ਦਾਦੀ ਦੀ ਮੌਤ `ਤੇ। ਤੈਨੂੰ ਯਾਦ ਕਰਦੀ ਮਰਗੀ ਉਹ।’ ਬਾਪੂ ਦੀ ਇਸ ਗੱਲ `ਤੇ ਮੇਰੀਆਂ ਅੱਖਾਂ ਛਲਕ ਆਈਆਂ ਸਨ। ਉਸ ਵੇਲੇ ਤਾਂ ਮੈਂ ਵੀ ਕੋਲ ਨਹੀਂ ਸਾਂ ਬੇਬੇ ਦੇ। ਮੈਨੂੰ ਯਾਦ ਹੈ ਜਦੋਂ ਸਾਡੀ ਪੀ.ਆਰ. ਹੋਈ ਸੀ। ਬੇਬੇ ਪੂਰਾ ਖੁਸ਼ ਨਹੀਂ ਸੀ ਹੋਈ ਉਦੋਂ।
‘ਕਰੀ ਤਾਂ ਜਾਂਦੈਂ ਪੁੱਤ ਨੌਕਰੀਆਂ। ਇੱਥੇ ਈ ਕਨੇਡਾ ਆਪਣਾ। ਇਕ ਟਿੰਗ ਏ। ਉਹ ਵੀ ਤੁਰ ਜੂ ਤਾਂ ਅਸੀਂ ਕਾਹਦੇ ਜੋਗੇ। ਮੰਜੇ `ਤੇ ਪਿਆਂ ਨੂੰ ਕੋਈ ਪਾਣੀ ਦੀ ਘੁੱਟ ਵੀ ਪੁੱਛਣ ਵਾਲਾ ਨਹੀਂ ਹੋਣਾ।’
‘ਆਹ ਖੜ੍ਹਾ ਕੈਨੇਡਾ, ਦੁੱਖ-ਸੁੱਖ ਨੂੰ ਤੂੰ ਹਾਕ ਤਾਂ ਮਾਰੀਂ ਅਸੀਂ ਭੱਜੇ ਆਵਾਂਗੇ। ਨਾਲੇ ਦੋ ਕੁ ਸਾਲਾਂ ਦੀ ਤਾਂ ਗੱਲ ਏ, ਤੈਨੂੰ ਤੇ ਬਾਪੂ ਨੂੰ ਵੀ ਨਾਲ ਲੈ ਜਾਣਾ ਮੈਂ।’ ਪਰ ਨਾ ਤਾਂ ਦੋ ਸਾਲ ਬਾਅਦ ਬੇਬੇ ਇੰਡੀਆ ਤੋਂ ਕੈਨੇਡਾ ਆਈ ਸੀ ਤੇ ਨਾ ਹੀ ਦੁੱਖ-ਸੁੱਖ ਨੂੰ ਮੈਂ ਇੰਡੀਆ ਜਾ ਸਕਿਆ ਸੀ। ਮੈਂ ਤਾਂ ਉਦੋਂ ਪਹੁੰਚਿਆ ਸੀ ਜਦੋਂ…।
‘ਬੌਬ! ਜਦੋਂ ਦਾ…। ਤੂੰ ਕਿਤੇ ਗੁਆਚਿਆ ਹੋਇਆਂ। ਕੱਲ੍ਹ ਤੋਂ ਕੰਮ `ਤੇ ਜਾ।’ ਕੌਫੀ ਦੀ ਘੁੱਟ ਭਰਦੀ ਹੋਈ ਪੈਮ ਆਖਦੀ ਹੈ। ਮੈਂ ਵਿੰਡੋ ਅੱਗੇ ਖੜ੍ਹਾ ਹੀ ਪਿੱਛੇ ਨੂੰ ਗਰਦਨ ਘੁਮਾ ਕੇ ਉਹਦੇ ਵੱਲ ਦੇਖਦਾਂ ਤੇ ਆਖਦਾਂ, ‘ ਯਾਅਅ! ਕੰਮ `ਤੇ ਜਾਣਾ ਈ ਪੈਣਾ।’
ਉਸ ਸ਼ਾਮ ਵੀ ਮੈਂ ਬਾਪੂ ਨੂੰ ਸਾਰਾ ਕੁਝ ਸਮਝਾ ਦਿੱਤਾ ਸੀ। ਆਪਣੇ ਤੇ ਪੈਮ ਦੇ ਕੰਮ ਦਾ ਟਾਈਮ। ਕਿੰਨੇ ਵਜੇ ਪੈਮ ਦੀ ਫਰੈਂਡ ਸੂਫੀ ਰੌਬਿਨ ਨੂੰ ਸਕੂਲ ਤੋਂ ਲੈ ਕੇ ਘਰ ਛੱਡ ਕੇ ਜਾਊ। ਖਾਣਾ ਕਿਵੇਂ ਗਰਮ ਕਰਨਾ। ਗਰਮ ਠੰਢਾ ਪਾਣੀ ਕਿਵੇਂ ਛੱਡਣਾ। … ਤੇ ਹੋਰ ਵੀ ਨਿੱਕੀਆਂ-ਵੱਡੀਆਂ ਗੱਲਾਂ। ਅਗਲੀ ਸਵੇਰ ਬਾਪੂ ਸਾਡੇ ਉਠਣ ਤੋਂ ਪਹਿਲਾਂ ਉਠਿਆ ਬੈਠਾ ਸੀ।
‘ਮੈਂ ਤਾਂ ਪਾਠੀ ਬੋਲਣ ਸਾਰ ਉਠ ਖੜ੍ਹਦਾਂ। ਮੇਰੇ ਦਾਤਣ ਕੁਰਲਾ ਕਰਦਿਆਂ ਨੂੰ ਬੇਬੇ ਤੇਰੀ ਚਾਹ ਧਰ ਲੈਂਦੀ ਸੀ।’ ਬਾਪੂ ਨੇ ਕਿਚਨ ਵੱਲ ਝਾਕਦਿਆਂ ਆਖਿਆ ਸੀ ਪਰ ਪੈਮ ਤਾਂ ਉਦੋਂ ਰੌਬਿਨ ਨੂੰ ਸਕੂਲ ਲਈ ਤਿਆਰ ਕਰ ਰਹੀ ਸੀ। ਮੈਂ ਚਾਹ ਬਣਾ ਕੇ ਬਾਪੂ ਮੂਹਰੇ ਜਾ ਧਰੀ।
‘ਕੰਮ ਸਿੱਖ ਗਿਆ ਲੱਗਦਾਂ ਬੱਲਿਆ ਘਰਦਾ ਸਾਰਾ ਇੱਥੇ ਆ ਕੇ।’ ਬਾਪੂ ਨੇ ਸੁਭਾਵਕ ਕਿਹਾ ਸੀ ਜਾਂ ਤਨਜ਼ ਨਾਲ, ਮੈਨੂੰ ਸਮਝ ਨਹੀਂ ਸੀ ਆਈ। ਮੈਂ ਦੋ ਦਿਨ ਬਾਅਦ ਮੁੜਨਾ ਸੀ ਘਰੇ। ਮੈਂ ਦੋ ਦਿਨ ਦਾ ਖਾਣਾ ਪੈਕ ਕਰ ਕੇ ਗੱਡੀ ਵਿਚ ਧਰ ਲਿਆ। ਬਾਪੂ ਲਈ ਬ੍ਰੇਕ ਫਾਸਟ ਤੇ ਲੰਚ ਬਣਾ ਕੇ ਪੈਮ ਨੇ ਰੱਖ ਦਿੱਤਾ। ਦੋ ਦਿਨ ਬਾਅਦ ਮੈਂ ਜਦ ਘਰ ਮੁੜਿਆ, ਆ ਕੇ ਬਾਪੂ ਦਾ ਹਾਲ-ਚਾਲ ਪੁੱਛਿਆ।
‘ਹਾਲ ਤਾਂ ਬੱਲਿਆ ਠੀਕ ਆ ਪਰ ਸਾਲਾ ਊਂਅ ਹਾਲ ਕੋਈ ਨਹੀਂ। ਨਾ ਕੋਈ ਚਾਹ ਰੋਟੀ ਦਾ ਟੈਮ। ਨਾ ਲੈਣਾ ਨਾ ਦੇਣਾ। ਪੰਮੀ ਤੁਰ ਜਾਂਦੀ ਮੰਨੀਆਂ ਪਕਾ ਕੇ, ਮੈਥੋਂ ਠੰਢੀਆਂ ਤੱਤੀਆਂ ਖਾ ਨਹੀਂ ਹੁੰਦੀਆਂ। ਮਾਂ ਤੇਰੀ ਤਾਜ਼ਾ ਦਾਲ ਸਬਜ਼ੀ ਧਰਦੀ। ਤਵੇ ਤੋਂ ਲੱਥਦੀ ਰੋਟੀ ਧਰਦੀ ਮੇਰੀ ਪਲੇਟ `ਚ। ਘਰੇ ਉਂਝ ਡਰ ਜਿਹਾ ਆਉਂਦਾ। ਸਾਰਾ ਦਿਨ ਮੈਂ ਤਾਕੀ ਅੱਗੇ ਬੈਠਾ ਰਹਿੰਦਾਂ। ਕੋਈ ਬੰਦਾ-ਜਨੌਰ ਨਹੀਂ ਦਿਸਦਾ। ਆਹ ਸਾਹਮਣੇ ਰਹਿੰਦਾ ਵੀ ਆ ਕੋਈ?’ ਬਾਪੂ ਕੈਨੇਡਾ ਦੀ ਇਸ ਫਿਤਰਤ ਤੋਂ ਅਣਜਾਣ ਸੀ। ਮੈਂ ਸਮਝਾਇਆ ਕਿ ਬਾਪੂ ਕੰਮਾਂ ਦੀ ਮਜਬੂਰੀ ਆ, ਇੱਥੇ ਤਾਜ਼ੀਆਂ ਦਾਲਾਂ-ਰੋਟੀਆਂ ਨਹੀਂਂ ਲੱਭਦੀਆਂ ਹਰ ਵੇਲੇ। ਲੋਕੀਂ ਤਾਂ ਰਾਤ ਨੂੰ ਟਿਫਨ ਪੈਕ ਕਰਕੇ ਸੌਂਦੇ। ਦੁੱਧ ਅਸੀਂ ਇਕੱਠਾ ਲਿਆ ਕੇ ਧਰ ਲੈਂਦੇ ਆਂ ਫਰਿੱਜ `ਚ। … ਤੇ ਸਭ ਤੋਂ ਵੱਡੀ ਗੱਲ, ਇੱਥੇ ਇਕੱਲ ਕੱਟਣ ਦੀ ਜਾਚ ਸਿੱਖਣੀ ਪੈਂਦੀ। ਗੁਆਂਢ ਮੱਥੇ ਵਾਲੀ ਗੱਲ ਇੱਥੇ ਨਹੀਂ ਹੁੰਦੀ। ਵਿੰਡੋ ਮੂਹਰੇ ਖੜ੍ਹ ਕੇ ਨਾ ਬੰਦਾ ਨਾ ਜਨੌਰ, ਕੁਝ ਨਹੀਂ ਦਿਸਣਾ।
‘ਬੌਬ ਵਿੰਡੋ ਮੂਹਰੇ ਕੀ ਕਰੀ ਜਾਂਦਾਂ ਖੜ੍ਹਾ। ਘੰਟਾ ਹੋ ਗਿਆ।’ ਪੈਮ ਦੀ ਗੱਲ ਨਾਲ ਮੇਰਾ ਧਿਆਨ ਉਖੜਿਆ। ਯਾਦ ਆਇਆ, ਹੱਥ ਵਿਚ ਫੜੀ ਕੌਫੀ ਪਾਣੀ ਬਣ ਗਈ ਸੀ। ਮੁੜ ਗਰਮ ਕਰਨ ਦਾ ਮਨ ਨਹੀਂ ਹੋਇਆ। ਮੈਂ ਕਿਚਨ ਵਿਚ ਜਾ ਕੇ ਸਿੰਕ ਵਿਚ ਕੱਪ ਮੂਧਾ ਕਰ ਕੇ ਉਪਰੋਂ ਟੂਟੀ ਚਲਾ ਦਿੱਤੀ ਤੇ ਆ ਕੇ ਪੈਮ ਕੋਲ ਬੈਠ ਗਿਆ।
‘ਪੈਮ ਇਸ ਵਾਰ ਇੰਡੀਆ ਜਾ ਕੇ ਆਈਏ ਸਾਰੇ ਜਾਣੇ?’ ਮੈਂ ਪੈਮ ਵੱਲ ਦੇਖ ਕੇ ਪੁੱਛਦਾਂ। ਉਹ ਆਪਣਾ ਲੈਪਟਾੱਪ ਪਾਸੇ ਰੱਖਦੀ ਹੈ।
‘ਹੁਣ ਕੀ ਹੋਇਆ ਅਚਾਨਕ?’ ਉਹ ਪੁੱਛਦੀ ਹੈ। ਸ਼ਾਇਦ ਇਸ ਲਈ ਵੀ ਕਿ ਹੁਣ ਇੰਡੀਆ ਕੌਣ ਏ? ਪੈਮ ਦੀ ਸਾਰੀ ਫੈਮਿਲੀ ਕੈਨੇਡਾ ਹੈ। ਮੇਰੀ ਇਕੋ-ਇਕ ਭੈਣ ਤੇ ਉਹਦਾ ਸਾਰਾ ਲਾਣਾ ਅਮਰੀਕਾ ਹੈ। ਪਿੰਡ ਵਾਲਾ ਘਰ ਅਸੀਂ ਸਾਲ ਕੁ ਪਹਿਲਾਂ ਵੇਚ ਦਿੱੱਤਾ ਸੀ। ਫੇਰ…।
‘ਹੋਣਾ ਤਾਂ ਕੀ ਏ…। ਜੰਮਣ ਭੋਇੰ ਆ ਫਿਰ ਵੀ। ਤੂੰ ਤਾਂ ਗਈ ਕਦੀ ਨਹੀਂ ਮੁੜ ਕੇ।’ ਮੈਂ ਆਖਦਾਂ। ਉਹ ਕੁਝ ਨਹੀਂ ਬੋਲਦੀ। ਮੈਨੂੰ ਉਸ ਦੀ ਇਸ ਚੁੱਪ ਦੇ ਅਰਥ ਨਹੀਂ ਸਮਝ ਆਉਂਦੇ। ਸ਼ਾਮ ਉਤਰ ਰਹੀ ਹੈ। ਵਿੰਡੋ ਵਿਚਦੀ ਹਲਕਾ ਜਿਹਾ ਹਨੇਰਾ ਨਜ਼ਰ ਆਉਣ ਲੱਗਿਆ।
‘ਜਦੋਂ ਘੁਸਮੁਸਾ ਜਿਹਾ ਹੁੰਦਾ ਨਾ, ਜਾਣੀ ਦੀ ਉਦੋਂ ਬਾਹਲਾ ਜੀਅ ਨੂੰ ਕੁਝ ਹੁੰਦਾ ਮੇਰੇ।’ ਮੈਨੂੰ ਬਾਪੂ ਦੀ ਗੱਲ ਯਾਦ ਆਈ। ਮੈਂ ਜਦੋਂ ਵੀ ਬਾਹਰੋਂ ਮੁੜਦਾ, ਬਾਪੂ ਕੋਈ ਨਾ ਕੋਈ ਐਸੀ ਗੱਲ ਲੈ ਕੇ ਬੈਠ ਜਾਂਦਾ।
‘ਬੱਲਿਆ! ਆਥਣ ਨੂੰ ਰਹੁਰਾਸ ਸੁਣਦੀ ਸੀ ਘਰੇ ਬੈਠਿਆਂ ਨੂੰ। ਖੇਤੋਂ ਮੁੜਿਆ ਤੇਰਾ ਚਾਚਾ ਘੜੀ ਆ ਕੇ ਬਹਿ ਜਾਂਦਾ। ਕੋਈ ਗੱਲ-ਕੱਥ ਕਰ ਲਈਦੀ ਸੀ। ਇੱਥੇ ਤਾਂ ਮੈਨੂੰ ਅੰਦਰ ਸੰਵਾਰ ਕੇ ਸਾਹ ਨਹੀਂ ਆਉਂਦਾ। ਤੂੰ ਪਿੱਛੇ ਖੁੱਲ੍ਹੀ ਥਾਂ `ਚ ਡਾਹ ਦੇ ਮੇਰਾ ਮੰਜਾ। ਕੋਈ ਮੋਟੀ ਰਜਾਈ ਦੇ ਦਈਂ ਉੱਤੇ ਲੈਣ ਨੂੰ।’ ਬਾਪੂ ਬੈਕ-ਯਾਰਡ ਵਿਚ ਮੰਜਾ ਡਾਹ ਕੇ ਸੌਣ ਦੀ ਜ਼ਿੱਦ ਕਰਦਾ। ਬਿਲਕੁਲ ਪਿੰਡ ਵਾਂਗੂੰ। ਮੈਂ ਬਹੁਤ ਸਮਝਾਉਂਦਾ ਪਰ ਬਾਪੂ ਨਾ ਮੰਨਦਾ। ਕਦੀ ਸ਼ਾਮ ਨੂੰ ਘਰ ਆਏ ਤੋਂ ਪੈਮ ਦੱਸਦੀ ਕਿ ਅੱਜ ਬਾਪੂ ਸਾਰਾ ਦਿਨ ਘਰ ਦੇ ਸਾਹਮਣੇ ਬੈਠਾ ਰਿਹਾ। ਬਾਹਰ ਰੋਡ `ਤੇ।
‘ਬੱਲਿਆ ਸਾਰਾ ਦਿਨ ਕੋਈ ਬੰਦਾ ਨਹੀਂ ਮੱਥੇ ਲੱਗਿਆ’, ਬਾਪੂ ਦੱਸਣ ਲੱਗ ਜਾਂਦਾ, ‘ਛੁੱਟੀ ਵਾਲੇ ਦਿਨ ਮੈਨੂੰ ਗੁਰੂ ਘਰ ਹੀ ਲੈ ਜਾ। ਕੋਈ ਜੀਅ ਤਾਂ ਟੱਕਰੂ। ਮੈਂ ਤਾਂ ਬੰਦੇ ਵੇਖਣ ਨੂੰ ਤਰਸ ਗਿਆ।’ ਬਾਪੂ ਦੀਆਂ ਗੱਲਾਂ ਦਾ ਪੈਮ ਮਜ਼ਾਕ ਉਡਾਉਂਦੀ। ਉਹਨੂੰ ਲੱਗਦਾ, ਬਾਪੂ ਕੈਨੇਡਾ ਆ ਕੇ ਵੀ ਪਿੰਡ ਵਾਲਾ ਮਾਹੌਲ ਭਾਲਦਾ। ਬੂਹੇ ਅੱਗੇ ਥੜ੍ਹੇ `ਤੇ ਬੈਠੇ ਪਿੰਡ ਦੇ ਵਿਹਲੜ ਬੁੜ੍ਹੇ ਕੁੱਲ ਜਹਾਨ ਦੀਆਂ ਲੂਣੀਆਂ-ਸਲੂਣੀਆਂ ਗੱਲਾਂ ਸੁਣਦੇ ਸੁਣਾਉਂਦੇ। ਵੀਕ ਐਂਡ `ਤੇ ਜਦ ਮੈਂ ਘਰ ਹੁੰਦਾ, ਬਾਪੂ ਨੂੰ ਗੁਰਦੁਆਰੇ ਛੱਡ ਆਉਂਦਾ। ਜਦ ਸ਼ਾਮ ਨੂੰ ਵਾਪਸ ਲੈ ਕੇ ਆਉਂਦਾ, ਬਾਪੂ ਮੈਨੂੰ ਖੁਸ਼-ਖੁਸ਼ ਲੱਗਦਾ। ਗੁਰਦੁਆਰੇ ਉਹਨੂੰ ਬਥੇਰੇ ਬੁੜ੍ਹੇ ਟੱਕਰ ਜਾਂਦੇ। ਉੱਥੇ ਹੀ ਅਚਾਨਕ ਬਾਪੂ ਨੂੰ ਉਸ ਦਾ ਕੋਈ ਪੁਰਾਣਾ ਵਾਕਿਫ ਮਿਲਿਆ ਸੀ। ਗੱਡੀ ਵਿਚ ਆਉਂਦਿਆਂ ਬਾਪੂ ਨੇ ਮੇਰੇ ਨਾਲ ਗੱਲ ਛੇੜ ਲਈ। ‘ਮਿੰਦਰ ਮਾਸਟਰ ਹੁੰਦਾ ਸੀ ਵਰਨਾਲੇ ਵਾਲੇ ਸਕੂਲੇ। ਉਹ ਇੱਥੇ ਮੁੰਡੇ ਕੋਲ ਰਹਿੰਦਾ। ਕਹਿੰਦਾ ਸੱਤਰ ਐਵੇਨਿਊ `ਤੇ ਘਰ ਸਾਡਾ। ਆਪਾਂ ਚੱਲਾਂਗੇ ਕਦੀ। ਠੀਕ ਆ?’ ਮੈਂ ਬਸ ਹਾਂ ਵਿਚ ਸਿਰ ਹਿਲਾਇਆ।
‘ਹਾਂ ਚੱਲ ਦੇਖਲਾਂਗੇ।’ ਪੈਮ ਇੰਡੀਆ ਜਾਣ ਵਾਲੀ ਮੇਰੀ ਗੱਲ ਦਾ ਜਵਾਬ ਕਿੰਨੀ ਦੇਰ ਬਾਅਦ ਦਿੰਦੀ ਹੈ, ‘ਆਪਣਾ ਚਾਟ `ਤੇ ਕੁਝ ਆਰਡਰ ਕਰ ਦਿਆਂ, ਡਿਨਰ ਬਣਾਉਣ ਦਾ ਜੀਅ ਨਹੀਂ ਕਰਦਾ ਅੱਜ ਤਾਂ?’ ਉਹ ਮੈਨੂੰ ਪੁੱਛਦੀ ਹੈ।
‘ਨੋ ਪਰਾਬਲਮ।’ ਮੈਂ ਆਖ ਕੇ ਆਪਣਾ ਫੋਨ ਫਰੋਲਣ ਲੱਗਦਾਂ। ਉਹ ਆਪਣਾ ਫੋਨ ਚੁੱਕ ਕੇ ਖਾਣਾ ਆਰਡਰ ਕਰ ਦਿੰਦੀ ਹੈ।
‘ਬੌਬ! ਚੱਕ ਲਿਆਈਂ ਹੁਣ ਜਾ ਕੇ ਪਲੀਜ਼, ਪੈਕ ਪਿਆ ਹੋਣਾ! ਫਰਾਈਡ ਰਾਈਸ ਤੇ ਮਨਚੂਰੀਅਨ ਕਹਿ’ਤਾ।’ ਮੈਂ ਬਸ ਸਿਰ ਹਿਲਾ ਦਿੰਦਾਂ। ਇਕ ਸ਼ਾਮ ਪੈਮ ਦੀ ਮੀਟਿੰਗ ਸੀ। ਉਹ ਘਰ ਮੁੜਦੀ ਕਾਫੀ ਲੇਟ ਹੋ ਗਈ। ਡਿਨਰ ਬਣਨ ਵਾਲਾ ਸੀ। ਉਹਨੇ ਰਸਤੇ ਵਿਚੋਂ ਪੀਜ਼ਾ ਚੁੱਕ ਲਿਆ ਪਰ ਪੀਜ਼ਾ ਬਾਪੂ ਨੂੰ ਪਸੰਦ ਨਹੀਂ ਸੀ ਆਇਆ। ਦਾਲ ਸਬਜ਼ੀ ਬਣਨ ਵਾਲੀ ਸੀ। ਬਾਪੂ ਨੇ ਲੂਣ ਵਾਲੀ ਰੋਟੀ ਬਣਵਾ ਕੇ ਖਾ ਲਈ। ਪੈਮ ਖਿਝ ਗਈ ਸੀ। ਮੈਂ ਅਗਲੇ ਦਿਨ ਘਰ ਮੁੜਿਆ ਤਾਂ ਉਹ ਬਾਪੂ ਦੀ ਰੋਟੀ ਵਾਲੀ ਗੱਲ ਲੈ ਕੇ ਬੈਠ ਗਈ।
‘ਜੇ ਰੋਟੀਆਂ ਦਾ ਹੀ ਯੱਭ ਕਰਨਾ ਹੁੰਦਾ ਤਾਂ ਮੈਂ ਪੀਜ਼ਾ ਸਿਰ ਸਾੜਨ ਨੂੰ ਲਿਆਉਣਾ ਸੀ।’ ਮੈਂ ਬਥੇਰਾ ਸਮਝਾਇਆ ਕਿ ਬਾਪੂ ਨੂੰ ਕੀ ਪਤਾ ਪੀਜ਼ਿਆਂ-ਬਰਗਰਾਂ ਦਾ, ਪਰ ਪੈਮ ਦੀ ਖਿਝ ਇਸ ਗੱਲ ਨਾਲ ਨਹੀਂ ਸੀ ਮੁੱਕਣ ਵਾਲੀ। ਮੈਨੂੰ ਲੱਗਦਾ ਜਿਵੇਂ ਬਾਪੂ ਨੂੰ ਇੰਡੀਆਂ ਤੋਂ ਇੱਥੇ ਲਿਆ ਕੇ ਮੈਂ ਸੰਕਟ ਵਿਚ ਫਸ ਗਿਆ ਸਾਂ ਪਰ ਦੂਜੇ ਹੀ ਪਲ ਮੈਨੂੰ ਪੈਮ `ਤੇ ਵੀ ਗੁੱਸਾ ਆਉਂਦਾ। ਮੈਂ ਸੋਚਦਾ, ‘ਇਹਦੇ ਆਪਣੇ ਪਿੰਡ ਕਿਹੜਾ ਇਹਦੇ ਬੁੜ੍ਹੇ ਨੇ ਪੀਜ਼ਾ ਸ਼ੌਪ ਖੋਲ੍ਹੀ ਸੀ ਇਹਦੇ ਲਈ। ਪੰਮੀ ਤੋਂ ਪੈਮ ਬਣ ਕੇ ਇਹਨੂੰ ਗੱਲਾਂ ਆਉਣ ਲੱਗ ਗਈਆਂ।’
‘ਗੱਲਾਂ ਦੀਆਂ ਗੱਲਾਂ ਬੱਲਿਆ, ਸੁਰਿੰਦਰ ਸਿਹੁੰ ਨੂੰ ਇੱਥੇ ਕੀ ਕਹਿਣਗੇ ਫੇਰ ਲੋਕ?’ ਬੀਰੇ ਦੇ ਬੌਬ ਬਣਨ ਵਾਂਗ ਹੀ ਬਾਪੂ ਨੇ ਆਪਣੇ ਨਾਮ ਦਾ ਨਿੱਕ ਨੇਮ ਪੁੱਛਿਆ। ਸ਼ਾਮ ਦਾ ਵੇਲਾ ਸੀ। ਅਸੀਂ ਘੁੱਟ-ਘੁੱਟ ਲਾਈ ਬੈਠੇ ਸਾਂ।
‘ਸੁਰਿੰਦਰ ਦਾ ਇੱਥੇ ਸੁਸ ਬਣਾ ਦਿੰਦੇ ਨੇ ਗੋਰੇ ਬਾਪੂ।’ ਮੈਂ ਹੱਸ ਕੇ ਆਖਿਆ।
‘ਇਹ ਸਹੁਰਾ ਕੀ ਹੋਇਆ ਸੁਸ। ਜਿਵੇਂ ਸੁਸੂ ਹੁੰਦਾ।’ ਬਾਪੂ ਨੇ ਘਰੋੜ ਕੇ ਆਖਿਆ। ਹੱਸ-ਹੱਸ ਸਾਡੀਆਂ ਵੱਖੀਆਂ ਦੁਖਣ ਲੱਗੀਆਂ। ਕਦੀ-ਕਦੀ ਦੋ ਕੁ ਪੈੱਗ ਲਗਾ ਕੇ ਬਾਪੂ ਪਿੰਡ ਵਾਲੇ ਰੰਗ ਵਿਚ ਆ ਜਾਂਦਾ। ਦਾਲ ਸਬਜ਼ੀ ਵਿਚ ਨੁਕਸ ਕੱਢ ਦਿੰਦਾ।
‘ਲੂਣ ਹੈਨੀ ਦਾਲ `ਚ।’
‘ਮਸਾਲਾ ਤੂੰ ਕੱਚਾ ਹੀ ਰਹਿਣ ਤਾ ਪੰਮੀ ਪੁੱਤ।’
ਪੈਮ ਬਾਪੂ ਮੂਹਰੇ ਤਾਂ ਚੁੱਪ ਰਹਿੰਦੀ ਪਰ ਰੂਮ ਵਿਚ ਜਾ ਕੇ ਮੇਰੇ ਨਾਲ ਖਿਝਣ ਲੱਗਦੀ।
‘ਬਾਪੂ ਦੀ ਨੁਕਸ ਕੱਢਣ ਵਾਲੀ ਆਦਤ ਗਈ ਨਹੀਂ ਬੌਬ। ਇੱਥੇ ਤਾਂ ਰੋਟੀ ਮਿਲ ਜੇ ਵਿਹਲੇ ਬੈਠੇ ਬੰਦੇ ਨੂੰ ਤਾਂ ਉਹਨੂੰ ਖੁਸ਼ ਹੋਣਾ ਚਾਹੀਦਾ। ਇੰਡੀਆ ਨਹੀਂ, ਇਹ ਕੈਨੇਡਾ ਆ।’
‘ਕਨੇਡਾ ਮਰਾਵੇ ਥੋਡਾ ਜੲ੍ਹੀ ਤੲ੍ਹੀ। ਬਥੇਰੇ ਪੈਸੇ ਪੈਂਦੇ ਮੇਰੇ ਖਾਤੇ `ਚ ਪੈਨਸ਼ਨ ਦੇ। ਵਾਪਸ ਤੋਰ ਦੇ ਮੈਨੂੰ ਬੀਰਿਆ। ਮੈਂ ਨਹੀਂ ਕਮਾਉਂਦਾ ਡਾਲੇ।’ ਇਕ ਸ਼ਾਮ ਬਾਪੂ ਉਖੜ ਗਿਆ। ਅਸੀਂ ਖਾਣੇ ਦੇ ਟੇਬਲ `ਤੇ ਬੈਠੇ ਸਾਂ। ਪੈਮ ਨੇ ਗੱਲ ਛੇੜ ਲਈ। ਕਹਿਣ ਲੱਗੀ, ‘ਬਾਪੂ ਜੀ! ਸਾਰਾ ਦਿਨ ਬੋਰ ਹੁੰਦੇ। ਬੇਰੀਆਂ ਤੋੜਨ ਲਈ ਵਗ ਜਾਇਆ ਕਰੋ। ਚਾਰ ਪੈਸੇ ਵੀ ਮਿਲ ਜਾਂਦੇ ਨਾਲੇ।’ ਬਾਪੂ ਕੀ ਜਾਣਦਾ ਸੀ ਕੈਨੇਡਾ ਨੂੰ ਉਦੋਂ। ਉਦੋਂ ਤਾਂ ਉਹਦੇ ਅੰਦਰ ਮਾਸਟਰ ਸੁਰਿੰਦਰ ਸਿੰਘ ਬੋਲਦਾ ਸੀ।… ਤੇ ਪਿਛਲੇ ਕੁਝ ਸਮੇਂ ਤੋਂ ਬਾਪੂ ਅੰਦਰ ਕੁਝ ਹੋਰ ਬੋਲਣ ਲੱਗਿਆ ਸੀ।
‘ਬੌਬ ਬੋਲਦਾ ਨਹੀਂ ਅੱਜ? ਆਰ ਯੂ ਫਾਈਨ ਨਾ? ਡਾਕਟਰ ਨੂੰ ਦਿਖਾ ਲੈ ਨਹੀਂ ਤਾਂ।’ ਪੈਮ ਮੈਨੂੰ ਮੁੜ ਪਾਸਟ `ਚੋਂ ਬਾਹਰ ਕੱਢਦੀ ਹੈ।
‘ਹਾਂ ਫਾਈਨ ਆਂ, ਪੰਦਰਾਂ ਮਿੰਟ ਤਕ ਖਾਣਾ ਚੱਕਣ ਜਾਂਦਾਂ ਮੈਂ। ਤੂੰ ਕੰਮ ਫਿਨਿਸ਼ ਕਰ ਲੈ ਆਪਣਾ।’ ਉਹ ਮੁੜ ਲੈਪਟਾੱਪ `ਤੇ ਉਂਗਲਾਂ ਚਲਾਉਣ ਲੱਗੀ।
ਮੈਂ ਅੰਦਰ ਜਾ ਕੇ ਕੱਪੜੇ ਬਦਲ ਲਏ। ਠੰਢ ਤੋਂ ਬਚਣ ਲਈ ਜੈਕਟ ਪਾ ਲਈ ਤੇ ਗੱਡੀ ਲੈ ਕੇ ਖਾਣਾ ਲੈਣ ਲਈ ਚੱਲ ਪਿਆ।
‘ਹੈਲੋ! ਰੋਜ਼ੀ! ਕਿੱਦਾਂ?’ ‘ਆਪਣਾ ਚਾੱਟ` `ਤੇ ਬੈਠੀ ਕੁੜੀ ਨੂੰ ਮੈਂ ਜਾ ਕੇ ਹੈਲੋ ਆਖਦਾਂ।
‘ਉਹ! ਭਾਅ ਜੀ ਕਿੱਦਾਂ। ਬਹੁਤ ਦਿਨ ਬਾਅਦ ਦਿਸੇ?’ ਸਾਡੇ ਪਿੰਡਾਂ ਵੱਲ ਦੀ ਹੋਣ ਕਰਕੇ ਉਹ ਮੈਨੂੰ ਭਾਅ ਜੀ ਆਖਦੀ। ਪਹਿਲਾਂ ਇਹ ਸਾਡੇ ਨੇੜੇ ਹੀ ਬੇਸਮੈਂਟ ਵਿਚ ਰਹਿੰਦੀ ਹੁੰਦੀ ਸੀ। ਅੱਜ ਕੱਲ੍ਹ ਕਿਤੇ ਹੋਰ ਮੂਵ ਕਰ ਗਈ ਹੈ। ਇਹ ਜਦ ਵੀ ਮਿਲਦੀ, ਲੰਮੀਆਂ ਲੜੀਆਂ ਛੋਹ ਲੈਂਦੀ। ਇਸੇ ਲਈ ਮੈਂ ਇਹਦੀਆਂ ਗੱਲਾਂ ਤੋਂ ਬਚਣਾ ਚਾਹੁੰਦਾ।
‘ਮੈਂ ਇੰਡੀਆ ਗਿਆ ਸੀ ਰੋਜ਼ੀ। ਖਾਣਾ ਪੈਕ ਆ?’ ਮੈਂ ਗੱਲਾਂ ਤੋਂ ਬਚਣ ਲਈ ਖਾਣੇ ਦੀ ਗੱਲ ਤੋਰ ਲੈਂਦਾਂ ਤਾਂ ਜੋ ਖਾਣਾ ਚੁੱਕ ਕੇ ਜਾਣ ਵਾਲਾ ਬਣਾਂ।
‘ਵਾਹ! ਕਿੱਦਾਂ ਕੋਈ ਵਿਆਹ ਸੀ।’ ਪਰ ਉਹ ਸਵਾਲ ਦਾਗਣੋਂ ਨਹੀਂ ਹਟਦੀ।
‘ਨਹੀਂ ਬੱਸ ਉਈਂ…।’ ਪਹਿਲਾਂ ਤਾਂ ਚਿੱਤ ਸੀ ਅਸਲੀ ਵਜ੍ਹਾ ਦੱਸ ਦਿਆਂ, ਫਿਰ ਕੁਝ ਸੋਚ ਕੇ ਚੁੱਪ ਰਿਹਾ।
‘ਇੰਡੀਆ ਵਿਆਹਾਂ ਦਾ ਵੀ ਬਹੁਤ ਜ਼ੋਰ ਆ ਕਿੱਦਾਂ। ਅੱਜ ਈ ਸਾਡੇ ਕੋਈ ਰਿਸ਼ਤੇਦਾਰੀ `ਚੋਂ ਆਇਆ ਵਿਆਹ ਦੇਖ ਕੇ। ਦੋ ਲਫਾਫੇ ਭਾਜੀ ਦੇ ਕੇ ਗਿਆ। ਰੁਕੋ ਇਕ ਥੋਨੂੰ ਦਿੰਦੀ ਆਂ। ਪੈਮ ਭਾਬੀ ਨੂੰ ਦੇ ਦਿਉ।’ ਮੇਰੇ ਰੋਕਣ ਤੋਂ ਪਹਿਲਾਂ ਅਗਲੇ ਕਸਟਮਰ ਨੂੰ ‘ਜਸਟ ਵੇਟ ਪਲੀਜ਼` ਕਹਿ ਕੇ ਉਹ ਪਿੱਛੇ ਲਫਾਫਾ ਚੁੱਕਣ ਲਈ ਤੁਰ ਗਈ।
‘ਆਹ ਲਉ! ਜਵਾਕ ਊਈਂ ਨਹੀਂ ਖਾਂਦੇ, ਮੈਂ ਦੋ ਲਫਾਫੇ ਕੀ ਕਰਨੇ। ਬਿਮਾਰ ਹੋਣਾ ਕਿਤੇ।’ ਮੈਂ ਬਿਨ ਬੋਲੇ ਲਫਾਫਾ ਫੜ ਲੈਂਦਾਂ। ਮਿੰਟ ਕੁ ਮਗਰੋਂ ਮੁੰਡਾ ਖਾਣੇ ਵਾਲਾ ਲਫਾਫਾ ਲਿਆ ਕੇ ਕਾਊਂਟਰ `ਤੇ ਧਰ ਦਿੰਦਾ। ਮੈਂ ਬਿੱਲ ਪੇਅ ਕਰਨ ਲਈ ਆਪਣਾ ਕਾਰਡ ਦਿੰਦਾਂ ਤੇ ਥੈਂਕਸ ਭਰੀ ਸਮਾਈਲ ਰੋਜ਼ੀ ਨੂੰ ਦੇ ਕੇ ਵਾਪਸ ਆ ਜਾਂਦਾਂ। ਦੋ ਕੁ ਵਾਰ ਬਾਪੂ ਵੀ ਆਇਆ ਸੀ ਮੇਰੇ ਨਾਲ। ਬਾਪੂ ਤੇ ਰੋਜ਼ੀ ਦੋਵੇਂ ਗੱਲਾਂ ਦਾ ਖੱਟਿਆ ਖਾਣ ਵਾਲੇ। ਪਿੰਡਾਂ ਦੀਆਂ ਗੱਲਾਂ ਛੇੜ ਕੇ ਬੈਠ ਗਏ।
‘ਨਵੇਂ ਆਏ ਸਾਰੇ ਈ ਇਉਂ ਕਰਦੇ ਹੁੰਦੇ। ਉਦਰੇਵਾਂ ਹੁੰਦਾ ਨਾ। ਐਵੇਂ ਲੋਕਾਂ ਨੂੰ ਪਿੰਡ ਪੁੱਛੀ ਜਾਣਗੇ। ਕੋਈ ਆਪਣੇ ਪਿੰਡਾਂ ਦਾ ਮਿਲ ਜਾਏ ਤਾਂ ਹੋਰ ਸਾਂਝਾਂ ਕੱਢਣਗੇ।’ ਮੈਂ ਗੱਡੀ ਵਿਚ ਬੈਠਿਆਂ ਬਾਪੂ ਨੂੰ ਆਖਿਆ ਸੀ ਪਰ ਉਦੋਂ ਤਕ ਬਾਪੂ ਬਹੁਤਾ ਨਵਾਂ ਨਹੀਂ ਸੀ। ਉਹਦਾ ਚਿੱਤ ਕੁਝ ਕੁਝ ਲੱਗ ਗਿਆ ਸੀ ਇੱਥੇ। ਵੀਕਐਂਡ `ਤੇ ਗੁਰੂ ਘਰ ਜਾਂਦਾ ਸਵੇਰੇ-ਸਵੇਰੇ। ਫਿਰ ਮਿੱਤਰਾਂ ਬੇਲੀਆਂ ਨਾਲ ਕਿਧਰੇ ਬੈਠ ਜਾਂਦਾ। ਦੋ ਕੁ ਵਾਰ ਆਪਣੇ ਦੋਸਤਾਂ ਨਾਲ ਵਿਕਟੋਰੀਆ ਵੀ ਜਾ ਆਇਆ ਸੀ। ਫੈਰੀ ਤਕ ਮੈਂ ਛੱਡ ਤੇ ਲੈ ਆਉਂਦਾ ਰਿਹਾ। ਬੱਸਾਂ ਦਾ ਹਿਸਾਬ ਉਹਨੂੰ ਲੱਗਣ ਲੱਗ ਗਿਆ ਸੀ। ਕੰਪਾਸ ਕਾਰਡ ਮੈਂ ਬਣਾ ਦਿੱਤਾ ਸੀ।
‘ਨਾ ਓਦਰਿਆ ਕਾਹਨੂੰ, ਮੈਂ ਤਾਂ ਊਈਂ ਪੁੱਛ ਲਿਆ। ਪਿੰਡਾਂ ਵੱਲ ਦੀ ਆ। ਧੀ ਭੈਣ ਲੱਗਦੀ ਆਖਿਰ।’ ਬਾਪੂ ਸਾਂਝਾਂ ਦੇ ਆਧਾਰ ਬਣਾਉਂਦਾ। ਉਹੀ ਸਾਂਝ ਜੋ ਮੈਨੂੰ ਪਿਛਲੇ ਕਈ ਦਿਨਾਂ ਤੋਂ ਮਹਿਸੂਸ ਹੁੰਦੀ ਪਈ ਸੀ। ਆਪਣੇ ਤਾਇਆਂ-ਚਾਚਿਆਂ ਨਾਲ। ਪਿੰਡ ਨਾਲ। ਭਾਈਚਾਰੇ ਨਾਲ। ਬਾਪੂ ਦੇ ਉਸ ਪੁਰਾਣੇ ਘਰ ਨਾਲ।
‘ਬੱਲਿਆ! ਕਦੇ ਮਾਰ ਕੇ ਆ ਗੇੜਾ। ਚਾਚੇ ਤੇਰੇ ਨੂੰ ਕਿਹਾ ਹੋਇਆ ਮੈਂ। ਥਾਂ ਦਾ ਕਰਿਆ ਨਿਬੇੜਾ। ਆਪਾਂ ਹੁਣ ਕਿਹੜਾ ਰਹਿਣਾ ਉੱਥੇ ਜਾ ਕੇ।’ ਬਾਪੂ ਪੁਰਾਣਾ ਘਰ ਵੇਚਣ ਦੀ ਗੱਲ ਕਰਦਾ ਹੁੰਦਾ ਸੀ।
ਮੈਂ ਟਾਈਮ ਕੱਢਣ ਦਾ ਲਾਰਾ ਲਾਉਂਦਾ ਰਿਹਾ। ਇਕੱਲੇ ਬਾਪੂ ਨੂੰ ਮੈਂ ਜਾਣ ਨਾ ਦਿੱਤਾ ਪਰ ਜਦ ਬਾਪੂ ਬਹੁਤਾ ਖਹਿੜੇ ਪੈ ਗਿਆ, ਮੈਂ ਚਾਚੇ ਨਾਲ ਗੱਲ ਕਰ ਕੇ ਇੰਡੀਆ ਜਾ ਕੇ ਘਰ ਵੇਚ ਦਿੱਤਾ। ਪੈਸੇ ਲੈ ਕੇ ਹਫਤੇ ਕੁ ਵਿਚ ਹੀ ਮੈਂ ਵਾਪਸ ਆ ਗਿਆ। ਜਹਾਜ਼ ਵਿਚ ਬੈਠਾ ਮੈਂ ਸਾਰੇ ਰਸਤੇ ਸੋਚਦਾ ਰਿਹਾ ਸਾਂ, ਅੱਜ ਜਦ ਮੈਂ ਘਰ ਜਾਣਾ, ਵਿਕੇ ਹੋਏ ਘਰ ਨੂੰ ਯਾਦ ਕਰ ਕੇ ਬਾਪੂ ਜ਼ਰੂਰ ਉਦਾਸ ਹੋਏਗਾ।
‘ਲੈ ਬਈ ਦੇਖ ਲਾ ਹੁਣ ਇਹਨੂੰ।’ ਘਰ ਪਹੁੰਚ ਕੇ ਖਾਣਾ ਟੇਬਲ `ਤੇ ਧਰ ਕੇ ਮੈਂ ਪੈਮ ਨੂੰ ਆਖਦਾਂ।
‘ਕਰਦੀ ਆਂ ਮੈਂ ਗਰਮ। ਆ ਜਾ ਤੂੰ ਮੇਜ਼ `ਤੇ।’ ਪੈਮ ਖਾਣਾ ਗਰਮ ਕਰ ਕੇ ਡਾਇਨਿੰਗ ਟੇਬਲ `ਤੇ ਲਿਆ ਧਰਦੀ ਹੈ। ਖਾਣਾ ਖਾਂਦਿਆਂ ਅਸੀਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਰਹਿੰਦੇ ਹਾਂ। ਪੈਮ ਕੁਝ ਪੁਛਦੀ, ਮੈਂ ਹੂੰਅ-ਹਾਂ ਆਖ ਦਿੰਦਾਂ।
‘ਬੌਬ ਤੂੰ ਕੁਝ ਦੱਸਦਾ ਵੀ ਨਹੀਂ ਪਰ ਹੈਗਾ ਤੂੰ ਜਿੱਦਾਂ ਉਦਾਸ ਆਂ।’ ਪੈਮ ਮੇਰਾ ਚਿਹਰਾ ਪੜ੍ਹਨ ਦੀ ਕੋਸ਼ਿਸ਼ ਕਰਦੀ ਹੈ।
‘ਨੋ-ਨੋ। ਕੋਈ ਐਸੀ ਗੱਲ ਨਹੀਂ। ਤੈਨੂੰ ਐਵੇਂ ਵਹਿਮ ਹੋ ਗਿਆ।’
ਜਿਵੇਂ ਉਦੋਂ ਮੈਨੂੰ ਵਹਿਮ ਸੀ। ਬਾਪੂ ਦੇ ਉਦਾਸ ਹੋਣ ਦਾ ਪਰ ਬਾਪੂ ਤਾਂ ਜ਼ਰਾ ਵੀ ਉਦਾਸ ਨਹੀਂ ਸੀ। ਉਹਨੇ ਘਰ ਬਾਰੇ ਕੋਈ ਬਹੁਤੀ ਗੱਲ ਨਹੀਂ ਸੀ ਕੀਤੀ ਮੇਰੇ ਨਾਲ। ਅਚਾਨਕ ਘਰ ਤੇ ਉਸ ਤੋਂ ਬਾਅਦ ਪਿੰਡ ਉਹਦੇ ਮਨ ਵਿਚੋਂ ਜਿੱਦਾਂ ਮਨਫੀ ਹੀ ਹੋ ਗਿਆ ਸੀ। ਮੈਨੂੰ ਜ਼ਰਾ ਸਮਝ ਨਾ ਆਉਂਦੀ ਬਾਪੂ ਦੇ ਸੁਭਾਅ ਦੀ। ਉਹਨੇ ਮੁੜ ਕਦੀ ਬੇਬੇ ਦੇ ਸੰਦੂਖ ਬਾਰੇ ਵੀ ਨਹੀਂ ਸੀ ਪੁੱਛਿਆ ਜੋ ਮੈਂ ਘਰ ਵੇਚਣ ਮੌਕੇ ਚਾਚੇ ਵੱਲ ਧਰ ਆਇਆ ਸੀ। ਨਾ ਹੀ ਉਹਨੇ ਕਦੀ ਖਾਲੀ ਘਰਾਂ, ਸੁੰਨੀਆਂ ਸੜਕਾਂ ਦੀ ਗੱਲ ਕੀਤੀ ਸੀ।…ਤੇ ਫਿਰ ਜਦੋਂ ਬਾਪੂ ਬਿਮਾਰ ਹੋਇਆ, ਉਹ ਹੋਰ ਵੀ ਅਜੀਬ ਗੱਲਾਂ ਕਰਨ ਲੱਗਿਆ।
‘ਬੀਰਿਆ! ਊਂਅ ਕਨੇਡਾ `ਚ ਮਰਨ ਵਾਲੇ ਦੀਆਂ ਵੀ ਮੌਜਾਂ ਕਿ ਨਹੀਂ।’ ਉਹ ਦੋ ਕੁ ਵਾਰ ਮੇਰੇ ਨਾਲ ਕਿਸੇ ਦੇ ਫਿਊਨਰਲ `ਤੇ ਗਿਆ ਸੀ। ਕੁਰਸੀਆਂ ‘ਤੇ ਬੈਠੇ ਬੰਦੇ ਬੁੜ੍ਹੀਆਂ, ਮੁਰਦੇ ਨੂੰ ਦਾਗਣ ਦਾ ਢੰਗ ਸਾਰਾ ਕੁਝ ਬਾਪੂ ਲਈ ਨਵਾਂ ਸੀ। ਸ਼ਾਇਦ ਉਹਨੇ ਇਸੇ ਲਈ ਕਿਹਾ ਸੀ ਕਿ ਇੱਥੇ ਮਰਨ ਵਾਲਾ ਵੀ…। ਮੈਂ ਸੋਚਦਾ ਸੀ ਸ਼ਾਇਦ ਬਾਪੂ ਕਹੇਗਾ ਕਿ ਬੀਰਿਆ ਮੈਨੂੰ ਪਿੰਡ ਲੈ ਚੱਲ ਪਰ ਉਹ ਤਾਂ…।
ਉਹਦੀ ਕੋਈ ਇੱਛਾ ਨਹੀਂ ਸੀ ਆਪਣੇ ਪਿੰਡ ਦੀ ਮਿੱਟੀ ਵਿਚ ਜਾ ਕੇ ਰਲਣ ਦੀ। ਉਹ ਪਿੰਡ ਦੀ ਕੋਈ ਗੱਲ ਹੀ ਨਹੀਂ ਸੀ ਕਰਦਾ। ਨਾ ਹੀ ਅੰਤਲੇ ਵੇਲੇ ਉਹਨੇ ਐਸਾ ਕੁਝ ਯਾਦ ਕੀਤਾ ਪਰ ਇੱਥੇ ਭੋਗ ਪਵਾਉਣ ਮਗਰੋਂ ਮੈਂ ਇੰਡੀਆ ਚਲਾ ਗਿਆ। ਗੁਰਦੁਆਰੇ ਭੋਗ ਪਵਾਇਆ ਬਾਪੂ ਦੇ ਨਾਮ ਦਾ। ਲੰਗਰ ਲਗਾਇਆ। ਠੰਢ ਦਾ ਮੌਸਮ ਸੀ। ਬਾਪੂ ਦੇ ਨਾਮ ਤੋਂ ਗਰੀਬ ਗੁਰਬਿਆਂ ਨੂੰ ਬੂਟ-ਜੁਰਾਬਾਂ ਵੰਡੀਆਂ। ਚਾਚੇ ਵੱਲ ਪਿਆ ਬੇਬੇ ਦਾ ਸੰਦੂਖ ਤੇ ਪਿੰਡ ਵਾਲਾ ਘਰ, ਦੋਨਾਂ ਨੂੰ ਹੀ ਦੇਖ-ਦੇਖ ਮੈਂ ਉਦਾਸ ਹੁੰਦਾ ਰਿਹਾ।
‘ਵਹਿਮ ਨਹੀਂ ਬੌਬ! ਪਿੰਡੋਂ ਆ ਕੇ ਤੂੰ ਮੈਨੂੰ ਲੋਟ ਨਹੀਂ ਲੱਗਦਾ? ਸ਼ੇਅਰ ਤਾਂ ਕਰ ਆਖਿਰ ਮਸਲਾ ਕੀ ਆ?’ ਪੈਮ ਥੋੜ੍ਹੇ ਫਿਕਰ, ਥੋੜ੍ਹੀ ਖਿਝ ਨਾਲ ਪੁੱਛਦੀ ਹੈ।
‘ਪੈਮ ਹੁਣ ਆਪਾਂ ਜਦ ਪਿੰਡ ਜਾਣਾ ਨਾ…ਪਿੰਡ ਥਾਂ ਲੈ ਕੇ ਨਵਾਂ ਘਰ ਪਾ ਕੇ ਆਉਣਾ। ਬੇਬੇ ਵਾਲਾ ਸੰਦੂਖ ਆਪਣੇ ਘਰੇ ਧਰ ਕੇ ਆਵਾਂਗੇ। ਮੈਂ ਪਿੰਡ ਜਾ ਕੇ ਮਰਨਾ ਚਾਹੁੰਦਾਂ ਪੈਮ। ਮੇਰਾ ਭੋਗ ਵੀ ਆਪਣੇ ਘਰ ਵਿਚ ਪਾਇਓ।’ ਚਾਰ ਦਿਨ ਦੇ ਰੋਕੇ ਹੰਝੂ ਮੇਰੀਆਂ ਅੱਖਾਂ ਵਿਚੋਂ ਵਹਿ ਤੁਰੇ। ਪੈਮ ਹੈਰਾਨ ਹੋਈ ਮੇਰੇ ਵੱਲ ਦੇਖ ਰਹੀ ਸੀ। ਬਾਹਰ ਬਾਰਿਸ਼ ਹੋਰ ਤੇਜ਼ ਹੋ ਗਈ। ਡਿੱਗਦੀਆਂ ਕਣੀਆਂ ਦੀ ਆਵਾਜ਼ ਸਾਡੇ ਵਿਚਾਲੇ ਦੀ ਚੁੱਪ ਨੂੰ ਤੋੜਨ ਲੱਗੀ। ਇਹ ਕੈਸੀ ਇੱਛਾ ਸੀ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਿਹਾ।