ਮਿਸ਼ਨ 2022: ਤੇਜ਼ੀ ਨਾਲ ਭਖਣ ਲੱਗਾ ਪੰਜਾਬ ਦਾ ਸਿਆਸੀ ਮਾਹੌਲ

ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਵਿਚ ਹਾਲੇ 6 ਕੁ ਮਹੀਨੇ ਬਾਕੀ ਹਨ ਪਰ ਹੁਣ ਤੋਂ ਪੰਜਾਬ ਦਾ ਸਿਆਸੀ ਮਾਹੌਲ ਉਬਾਲੇ ਖਾਣ ਲੱਗਾ ਹੈ। ਸਾਰੀਆਂ ਹੀ ਪਾਰਟੀਆਂ ਆਪੋ-ਆਪਣੇ ਪੱਧਰ ਉਤੇ ਬੇਹੱਦ ਸਰਗਰਮ ਹੋ ਰਹੀਆਂ ਹਨ। ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਸਾਢੇ ਚਾਰ ਸਾਲ ਦੀਆਂ ਨਕਾਮੀਆਂ ਦਾ ਮੁੱਦਾ ਸਭ ਤੋਂ ਵੱਧ ਭਖਿਆ ਹੋਇਆ ਹੈ। ਆਮ ਲੋਕਾਂ, ਸਿਆਸੀ ਵਿਰੋਧੀਆਂ ਦੇ ਨਾਲ-ਨਾਲ ਸਰਕਾਰ ਦੇ ਆਪਣੇ ਮੰਤਰੀ-ਵਿਧਾਇਕ ਸਰਕਾਰ ਨੂੰ ਘੇਰਨ ਲਈ ਮੈਦਾਨ ਮੱਲੀ ਬੈਠੇ ਹਨ।

ਸਿਆਸੀ ਵਿਰੋਧੀ ਕਾਂਗਰਸ ਸਰਕਾਰ ਦੀਆਂ ਨਕਾਮੀਆਂ ਨੂੰ ਅਧਾਰ ਬਣਾ ਕੇ ਮੇਲਾ ਲੁੱਟਣ ਦੀ ਕੋਸ਼ਿਸ਼ ਵਿਚ ਹਨ।
ਕਿਸਾਨ ਅੰਦੋਲਨ ਨੇ ਪੰਜਾਬੀਆਂ ਦੇ ਮਨਾਂ ਵਿਚ ਨਵੀਆਂ ਆਸਾਂ ਤਾਂ ਪੈਦਾ ਕੀਤੀਆਂ ਹਨ ਪਰ ਲੋਕਾਂ ਦੇ ਮਨਾਂ ਵਿਚ ਸਿਆਸੀ ਹਾਲਾਤ ਬਾਰੇ ਵੱਡੇ ਸ਼ੰਕੇ ਹਨ। ਹਾਲਾਤ ਇਹ ਹਨ ਕਿ ਕੋਈ ਵੀ ਸਿਆਸੀ ਧਿਰ ਪੰਜਾਬ ਦੇ ਮਸਲਿਆਂ ਦੀ ਗੱਲ ਕਰਨ ਲਈ ਤਿਆਰ ਨਹੀਂ ਹੈ। ਸੱਤਾਧਾਰੀ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਸਣੇ ਚੋਣ ਮੈਦਾਨ ਵਿਚ ਡਟੀਆਂ ਹੋਰ ਧਿਰਾਂ ਲੋਕਾਂ ਨੂੰ ਮੁਫਤ ਸਹੂਲਤਾਂ ਦਾ ਲਾਲਚ ਵਿਖਾ ਕੇ ਮੇਲਾ ਲੁੱਟਣ ਦੀਆਂ ਕੋਸ਼ਿਸ਼ਾਂ ਵਿਚ ਹੈ। ਪੰਜਾਬ ਕਾਂਗਰਸ ਵਿਚ ਹੋ ਰਹੀਆਂ ਸਿਆਸੀ ਸਰਗਰਮੀਆਂ ਨੇ ਰਾਜਸੀ ਹਲਕਿਆਂ ਨੂੰ ਹੈਰਾਨੀ ਵਿਚ ਪਾਇਆ ਹੋਇਆ ਹੈ। ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਅੰਦਰੂਨੀ ਖਿੱਚੋਤਾਣ ਇਥੋਂ ਤੱਕ ਵਧੀ ਕਿ ਕੁਝ ਮੰਤਰੀਆਂ ਅਤੇ ਵਿਧਾਇਕਾਂ ਨੇ ਮੁੱਖ ਮੰਤਰੀ ਬਦਲਣ ਦੀ ਮੰਗ ਉਠਾ ਦਿੱਤੀ। ਇਨ੍ਹਾਂ ਮੰਤਰੀਆਂ ਦੀ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨਾਲ ਗੱਲਬਾਤ ਤੋਂ ਬਾਅਦ, ਰਾਵਤ ਨੇ ਸਪੱਸ਼ਟ ਕਿਹਾ ਕਿ ਵਿਧਾਨ ਸਭਾ ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੜੀਆਂ ਜਾਣਗੀਆਂ।
ਇਹ ਸਿਆਸੀ ਕਸ਼ਮਕਸ਼ ਕਾਂਗਰਸ ਲਈ ਮਹਿੰਗੀ ਸਾਬਤ ਹੋ ਸਕਦੀ ਹੈ। ਕਾਂਗਰਸ ਨੇ ਸਰਕਾਰ ਤੇ ਪਾਰਟੀ ਵਿਚ ਸਾਂਝ ਵਧਾਉਣ ਲਈ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਦੀ ਰਜ਼ਾਮੰਦੀ ਨਾਲ ਦਸ ਮੈਂਬਰੀ ਕਮੇਟੀ ਬਣਾਈ ਹੈ। ਪਾਰਟੀ ਅੰਦਰਲੀਆਂ ਦੋਹਾਂ ਧਿਰਾਂ ਨੂੰ ਉਸ ਕਮੇਟੀ ਦੀ ਕਾਰਗੁਜ਼ਾਰੀ ਨੂੰ ਵਾਚਣਾ ਚਾਹੀਦਾ ਸੀ। ਇਸ ਵੇਲੇ ਮੁੱਖ ਮੰਤਰੀ ਦਾ ਵਿਰੋਧ ਕਰ ਰਹੇ ਮੰਤਰੀਆਂ ਦੀ ਸਥਿਤੀ ਬਹੁਤ ਵਿਰੋਧਾਭਾਸ ਵਾਲੀ ਹੋ ਗਈ ਹੈ; ਉਹ ਸਾਢੇ ਚਾਰ ਸਾਲ ਸਰਕਾਰ ਦਾ ਹਿੱਸਾ ਰਹੇ ਹਨ; ਸਰਕਾਰ ਵਿਚ ਜਿੰਮੇਵਾਰੀ ਸਾਂਝੀ ਹੁੰਦੀ ਹੈ; ਜਦ ਮੰਤਰੀ ਆਪਣੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾ ਰਹੇ ਹਨ ਤਾਂ ਉਨ੍ਹਾਂ ਦੀ ਆਪਣੀ ਕਾਰਗੁਜ਼ਾਰੀ ‘ਤੇ ਵੀ ਸਵਾਲ ਉੱਠਣੇ ਸੁਭਾਵਿਕ ਹਨ। ਇਸ ਖਿੱਚੋਤਾਣ ਵਿਚ ਨਾ ਸਿਰਫ ਕਾਂਗਰਸ ਦੇ ਅਕਸ ਨੂੰ ਖੋਰਾ ਲੱਗ ਰਿਹਾ ਹੈ ਸਗੋਂ ਵਿਰੋਧੀ ਪਾਰਟੀਆਂ ਨੂੰ ਵੀ ਕਾਂਗਰਸ ‘ਤੇ ਹਮਲਾ ਕਰਨ ਦਾ ਮੌਕਾ ਮਿਲ ਰਿਹਾ ਹੈ।
ਸਿਆਸੀ ਮਾਹਿਰਾਂ ਦਾ ਅੰਦਾਜ਼ਾ ਸੀ ਕਿ ਕਾਂਗਰਸ ਦੀ ਅੰਦਰੂਨੀ ਲੜਾਈ ਦਾ ਫਾਇਦਾ ਅਕਾਲੀ-ਬਸਪਾ ਗੱਠਜੋੜ ਨੂੰ ਮਿਲੇਗਾ। ਸ਼੍ਰੋਮਣੀ ਅਕਾਲੀ ਦਲ ਕੋਲ ਆਪਣਾ ਕਾਡਰ ਤਾਂ ਹੈ ਪਰ ਇਸ ਦੇ ਬਾਵਜੂਦ ਉਸ ਨੂੰ ਲੋਕਾਂ, ਖਾਸ ਕਰਕੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਬਾਈਕਾਟ ਜਾਂ ਵਿਰੋਧ ਕਰਨਗੇ ਜਦੋਂਕਿ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਸਵਾਲ ਪੁੱਛੇ ਜਾਣਗੇ। ਚੋਣਾਂ ਤੋਂ ਪਹਿਲਾਂ ਜ਼ਿਆਦਾ ਸਵਾਲ ਸੱਤਾਧਾਰੀ ਪਾਰਟੀ ਦੇ ਆਗੂਆਂ ਨੂੰ ਪੁੱਛੇ ਜਾਂਦੇ ਹਨ ਪਰ ਪਿਛਲੇ ਕੁਝ ਦਿਨਾਂ ਦੇ ਤਜਰਬੇ ਅਨੁਸਾਰ ਲੋਕ ਅਕਾਲੀ ਦਲ ਦੇ ਆਗੂਆਂ ਤੋਂ ਵੀ ਤਿੱਖੇ ਸਵਾਲ ਪੁੱਛ ਰਹੇ ਹਨ। ਕਈ ਥਾਵਾਂ ‘ਤੇ ਸਵਾਲ ਪੁੱਛਣ ਦੀ ਪ੍ਰਕਿਰਿਆ ਇੰਨੀ ਗਰਮ ਮਾਹੌਲ ਵਾਲੀ ਹੋ ਗਈ ਕਿ ਅਕਾਲੀ ਦਲ ਨੂੰ ਆਪਣੇ ਸਮਾਗਮ ਰੱਦ ਕਰਨੇ ਪਏ। ਅਕਾਲੀ ਦਲ ਵੱਲੋਂ ਕੁਝ ਭਾਜਪਾ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਨਾਲ ਭਾਜਪਾ ਦਾ ਆਧਾਰ ਹੋਰ ਕਮਜ਼ੋਰ ਹੋਇਆ ਹੈ। ਆਮ ਆਦਮੀ ਪਾਰਟੀ ਅਜੇ ਵੀ ਪੰਜਾਬ ਲਈ ਭਵਿੱਖ ਦਾ ਮੁੱਖ ਮੰਤਰੀ ਤਲਾਸ਼ ਕਰ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਪਾਰਟੀਆਂ ਦੀਆਂ ਸਰਗਰਮੀਆਂ ਵੀ ਕੁਝ ਘਟੀਆਂ ਹਨ। ਅਕਾਲੀ ਦਲ (ਡੈਮੋਕ੍ਰੇਟਿਕ) ਵੀ ਆਪਣੇ ਲਈ ਸਿਆਸੀ ਜਮੀਨ ਦੀ ਭਾਲ ਵਿਚ ਹੈ।
___________________________________________
ਨੌਜਵਾਨਾਂ ਦੀ ਨਬਜ਼ ਟੋਹਣ ਲੱਗੇ ਸੁਖਬੀਰ ਬਾਦਲ
ਮੋਗਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿਚ ‘ਗੱਲ ਪੰਜਾਬ ਦੀ` ਮੁਹਿੰਮ ਤਹਿਤ ਵਪਾਰੀਆਂ, ਨੌਜਵਾਨਾਂ ਤੇ ਹੋਰ ਵਰਗਾਂ ਦੀ ਨਬਜ਼ ਟੋਹਣ ਲੱਗੇ ਹੋਏ ਹਨ। ਬਾਘਾਪੁਰਾਣਾ ਹਲਕੇ ਦੀ ਫੇਰੀ ਦੌਰਾਨ ਅਕਾਲੀ ਵਰਕਰਾਂ ਅਤੇ ਕਿਸਾਨਾਂ ਵਿਚਾਲੇ ਹੋਏ ਟਕਰਾਅ ਮਗਰੋਂ ਪਿੰਡ ਲੰਗੇਆਣਾ ਨਵਾਂ ਕੋਲੋਂ ਲੰਘਦਿਆਂ ਸੁਖਬੀਰ ਬਾਦਲ ਦੀ ਟਿਊਬਵੈੱਲ `ਤੇ ਤਾਸ਼ ਖੇਡ ਰਹੇ ਨੌਜਵਾਨਾਂ ਵੱਲ ਨਜ਼ਰ ਪੈ ਗਈ ਤਾਂ ਉਹ ਉਨ੍ਹਾਂ ਨਾਲ ਹਾਸਾ-ਠੱਠਾ ਕਰਨ ਲਈ ਰੁਕ ਗਏ। ਆਪਣੇ ਸੋਸ਼ਲ ਮੀਡੀਆ ਪੇਜ `ਤੇ ਉਨ੍ਹਾਂ ਕਿਹਾ ਕਿ 25 ਸਾਲ ਪਹਿਲਾਂ ਉਨ੍ਹਾਂ ਨੇ ਇਥੋਂ ਚੋਣ ਲੜੀ ਸੀ ਤੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਸਿਆਸਤ ਵੀ ਇਥੋਂ ਹੀ ਸ਼ੁਰੂ ਕੀਤੀ ਸੀ। ਸੁਖਬੀਰ ਬਾਦਲ ਨੇ ਨੌਜਵਾਨਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ `ਤੇ ਸਰਕਾਰੀ ਸਕੂਲਾਂ `ਚੋਂ ਪੜ੍ਹੇ ਨੌਜਵਾਨਾਂ ਲਈ ਰੁਜ਼ਗਾਰ ਵਿਚ 33 ਫੀਸਦੀ ਰਾਖਵਾਂਕਰਨ ਕਰਨ ਦੀ ਯੋਜਨਾ ਹੈ ਤਾਂ ਜੋ ਪੇਂਡੂ ਨੌਜਵਾਨਾਂ ਦੀ ਵੀ ਨੌਕਰੀ ਲਈ ਮੈਰਿਟ ਬਣ ਸਕੇ।