ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਹੋਰ ਤਿੱਖਾ ਕਰਨ ਦੀ ਰਣਨੀਤੀ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਨੂੰ ਤੇਜ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਨੇ 25 ਸਤੰਬਰ ਨੂੰ ‘ਭਾਰਤ ਬੰਦ` ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਅੰਦੋਲਨ ਨੂੰ ਦੇਸ ਦੇ ਕੋਨੇ ਕੋਨੇ ਅਤੇ ਹਰੇਕ ਪਿੰਡ ਵਿਚ ਪਹੁੰਚਾਉਣ ਦੇ ਸੰਕਲਪ ਨਾਲ ਹੀ ਆਲ ਇੰਡੀਆ ਕਿਸਾਨ ਕਨਵੈਨਸ਼ਨ ਸਮਾਪਤ ਹੋ ਗਈ। ਮੋਰਚੇ ਵੱਲੋਂ 5 ਸਤੰਬਰ ਦੀ ਮੁਜੱਫਰਨਗਰ ਰੈਲੀ ਨੂੰ ਵਿਸ਼ਾਲ ਤੇ ਇਤਿਹਾਸਕ ਬਣਾਉਣ ਦਾ ਸੱਦਾ ਵੀ ਦਿੱਤਾ ਗਿਆ। ਕਿਸਾਨ ਕਨਵੈਨਸ਼ਨ ਵਿਚ ਦੇਸ ਭਰ ਤੋਂ ਕਿਸਾਨਾਂ, ਖੇਤ-ਮਜ਼ਦੂਰਾਂ, ਟਰੇਡ ਯੂਨੀਅਨਾਂ, ਔਰਤਾਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਕਾਰੋਬਾਰੀ ਸੰਸਥਾਵਾਂ ਦੇ 90 ਬੁਲਾਰਿਆਂ ਤੇ 2000 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ।

ਕਨਵੈਨਸ਼ਨ ਦੌਰਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ, ਸਾਰੀਆਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦ ਦੀ ਕਾਨੂੰਨੀ ਗਾਰੰਟੀ ਦੇਣ, ਨਵੇਂ ਬਿਜਲੀ ਬਿੱਲ ਨੂੰ ਰੱਦ ਕਰਨ ਅਤੇ ‘ਐਨ.ਸੀ.ਆਰ‘ ਵਿਚ ਹਵਾ ਦੀ ਗੁਣਵੱਤਾ ਦੇ ਨਾਮ ‘ਤੇ ਕਿਸਾਨ ਵਿਰੋਧੀ ਮੱਦਾਂ ਰੱਦ ਕਰਨ ਆਦਿ ਮੰਗਾਂ ਸਬੰਧੀ ਬਾਹਵਾਂ ਖੜ੍ਹੀਆਂ ਕਰਕੇ ਮਤੇ ਪਾਸ ਕੀਤੇ ਗਏ।
ਕਨਵੈਨਸ਼ਨ ਦੀ ਸਮਾਪਤੀ ਮੌਕੇ ਐਲਾਨ ਕੀਤਾ ਗਿਆ ਕਿ ਕਿਸਾਨ ਅੰਦੋਲਨ ਮੰਗਾਂ ਪੂਰੀਆਂ ਕਰਵਾ ਕੇ ਹੀ ਸਮਾਪਤ ਹੋਵੇਗਾ। ਇਸੇ ਦੌਰਾਨ ਘੱਟ ਗਿਣਤੀਆਂ ‘ਤੇ ਫਿਰਕੂ ਹਮਲੇ, ਦੇਸ਼ ਦੀਆਂ ਕੁਦਰਤੀ ਸੰਪਤੀਆਂ ਤੇ ਜਨਤਕ ਅਦਾਰਿਆਂ ਨੂੰ ਕਾਰਪੋਰੇਟਾਂ ਤੇ ਬਹੁ-ਕੌਮੀ ਕੰਪਨੀਆਂ ਦੇ ਹੱਥਾਂ ਵਿੱਚ ਦੇਣ ਅਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਵੀ ਮਤੇ ਪਾਏ ਗਏ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ‘ਤੇ ਸਰਕਾਰੀ ਸੰਪਤੀ ਹਥਿਆਉਣ ਲਈ ‘ਤਾਲਿਬਾਨੀ‘ ਤੌਰ ਤਰੀਕੇ ਅਪਣਾਉਣ ਦੇ ਦੋਸ਼ ਲਾਏ ਹਨ। ਟਿਕੈਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੈਂਕੜ ਦੇ ਮੂਹਰੇ ਸੰਵਿਧਾਨ, ਸੰਸਦ ਤੇ ਕਾਨੂੰਨ ਦੀ ਕੋਈ ਅਹਿਮਤੀਅਤ ਨਹੀਂ ਰਹੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਚੰਦ ਅਮੀਰ ਦੋਸਤਾਂ ਨੂੰ ਮੁਲਕ ਦੀ ਸੰਪਤੀ ਉਸੇ ਤਰੀਕੇ ਸੌਂਪ ਰਹੇ ਹਨ ਜਿਸ ਤਰ੍ਹਾਂ ਅਫ਼ਗਾਨਿਸਤਾਨ ਵਿਚ ਤਾਲਿਬਾਨ ਨੇ ਬੰਦੂਕ ਦੀ ਨੋਕ ‘ਤੇ ਸਾਰਾ ਕੁੱਝ ਹਥਿਆਇਆ ਹੈ। ਕਿਸਾਨ ਆਗੂ ਨੇ ਕਿਹਾ ਕਿ ਪਿਛਲੇ 9 ਮਹੀਨਿਆਂ ਤੋਂ ਚੱਲ ਰਿਹਾ ਸੰਘਰਸ਼ ਹੁਣ ਕਿਸਾਨੀ ਦਾ ਸੰਘਰਸ਼ ਨਹੀਂ ਬਲਕਿ ਦੇਸ਼ ਨੂੰ ਬਚਾਉਣ ਵਾਲੀ ਸੰਗਰਾਮੀ ਲਹਿਰ ਵਿਚ ਸ਼ਾਮਲ ਹੋ ਚੁੱਕਾ ਹੈ। ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਦੀ ਮਜ਼ਬੂਤੀ ਲਈ ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਦੇ ਸੈਕਟਰ-25 ਦੀ ਰੈਲੀ ਗਰਾਊਂਡ ਵਿਚ ਰੱਖੇ ਗਏ ਹੱਲਾ-ਬੋਲ ਸੰਮੇਲਨ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਸਣੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਪਹੁੰਚੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਨੂੰ ਪੂੰਜੀਪਤੀਆਂ ਦੇ ਹੱਥ ਵੇਚਣ ਦਾ ਕੰਮ ਕਰ ਰਹੀ ਹੈ। ਸ੍ਰੀ ਟਿਕੈਤ ਨੇ ਕਿਹਾ ਕਿ ਕੁਝ ਪੂੰਜੀਪਤੀ ਦੇਸ਼ ਦੇ ਅਨਾਜ ਨੂੰ ਤਿਜੋਰੀਆਂ ਵਿਚ ਬੰਦ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਲੋੜ ਪੈਣ ‘ਤੇ ਦੇਸ ਵਿੱਚ ਕਾਰਪੋਰੇਟ ਕੰਪਨੀਆਂ ਵੱਲੋਂ ਬਣਾਏ ਗਏ ਗੋਦਾਮਾਂ ਨੂੰ ਤੋੜਿਆ ਜਾਵੇਗਾ। ਕਿਸਾਨ ਆਗੂ ਟਿਕੈਤ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਕੇਸਾਂ ਨੂੰ ਰੱਦ ਨਾ ਕੀਤਾ ਗਿਆ ਤਾਂ ਚੰਡੀਗੜ੍ਹ ਪੁਲਿਸ ਖਿਲਾਫ ਮੋਰਚਾ ਲਾਇਆ ਜਾਵੇਗਾ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸੰਯੁਕਤ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਸਿਆਸਤ ਵਿਚ ਹਿੱਸਾ ਨਹੀਂ ਲੈਣਗੀਆਂ। ਕਿਸਾਨ ਆਗੂ ਨੇ ਸਪੱਸ਼ਟ ਕੀਤਾ ਕਿ ਗੁਰਨਾਮ ਸਿੰਘ ਚੜੂਨੀ ਦੇ ਐਲਾਨ ਬਿਲਕੁਲ ਨਿੱਜੀ ਹਨ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਅਗਲੇ ਸਾਲ ਪੰਜ ਸੂਬਿਆਂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ।
________________________________________________________
ਅਕਾਲੀ ਦਲ (ਸੰਯੁਕਤ) ਵੱਲੋਂ ਭਾਰਤ ਬੰਦ ਦੀ ਹਮਾਇਤ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਮੀਤ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਦੀ ਇਕ ਅਹਿਮ ਬੈਠਕ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਜਿਥੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਮਜ਼ਬੂਤ ਕਰਨ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਚਰਚਾ ਕੀਤੀ ਗਈ, ਉਥੇ ਹੀ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ 25 ਸਤੰਬਰ ਨੂੰ ਐਲਾਨੇ ਗਏ ਭਾਰਤ ਬੰਦ ਦੀ ਹਮਾਇਤ ਦਾ ਅਹਿਦ ਵੀ ਲਿਆ। ਉਨ੍ਹਾਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਵਧ-ਚੜ੍ਹ ਕੇ ਭਾਰਤ ਬੰਦ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ।