ਪੰਜਾਬ ਕਾਂਗਰਸ ਦਾ ਕਲੇਸ਼ ਨਜਿੱਠਣ ਲਈ ਹਾਈਕਮਾਨ ਦੇ ਹੱਥ ਵੀ ਖੜ੍ਹੇ

ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਸੀ ਕਲੇਸ਼ ਬਿਲੇ ਲਾਉਣਾ ਪੰਜਾਬ ਕਾਂਗਰਸ ਲਈ ਵੱਡੀ ਚੁਣੌਤੀ ਬਣ ਗਿਆ ਹੈ। ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਦੇਣ ਤੋਂ ਬਾਅਦ ਵੀ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਮੌਜੂਦਾ ਹਾਲਾਤ ਇਹ ਹਨ ਕਿ ਸਿੱਧੂ ਨੂੰ ਪ੍ਰਧਾਨਗੀ ਮਿਲਣ ਪਿੱਛੋਂ ਬਾਗੀਆਂ ਦਾ ਕਾਫਲਾ ਲੰਬਾ ਹੁੰਦਾ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਨੂੰ ਹੱਥ ਪਾਉਣ ਲਈ ਕੋਸ਼ਿਸ਼ ਤੇਜ਼ ਹੋ ਗਈਆਂ ਹਨ। ਅਜਿਹੇ ਵਿਚ ਮਾਮਲਾ ਇਕ ਵਾਰ ਫਿਰ ਹਾਈਕਮਾਨ ਕੋਲ ਪੁੱਜ ਗਿਆ ਹੈ।

ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਉਠੀ ਬਗਾਵਤ ਦੇ ਮਾਮਲੇ ਨੂੰ ਕੁੱਲ ਹਿੰਦ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਕੋਲ ਰੱਖਿਆ। ਜਾਣਕਾਰੀ ਮੁਤਾਬਕ ਨਵਜੋਤ ਸਿੱਧੂ ਧੜੇ ਦੇ ਤਿੰਨ ਵਜ਼ੀਰਾਂ ਨੇ ਦਿੱਲੀ ਵਿਚ ਡੇਰਾ ਲਾ ਕੇ ਦਬਾਅ ਬਣਾਇਆ ਹੋਇਆ ਹੈ ਅਤੇ ਸਿੱਧੂ ਖੁਦ ਵੀ ਅਸਿੱਧੇ ਤਰੀਕੇ ਨਾਲ ਹਾਈਕਮਾਨ ਨੂੰ ਆਪਣੇ ਤਿੱਖੇ ਤੇਵਰ ਦਿਖਾ ਰਹੇ ਹਨ।
ਚੇਤੇ ਰਹੇ ਕਿ ਨਵਜੋਤ ਸਿੱਧੂ ਦੇ ਧੜੇ ਨੇ ਬੀਤੇ ਦਿਨੀਂ ਲੰਚ ਮੌਕੇ ਵਿਧਾਇਕਾਂ ਅਤੇ ਵਜ਼ੀਰਾਂ ਦਾ ਇਕੱਠ ਕਰਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਬਦਲਣ ਦੀ ਮੰਗ ਕੀਤੀ ਸੀ। ਉਸ ਮਗਰੋਂ ਚਾਰ ਵਜ਼ੀਰਾਂ ਅਤੇ ਤਿੰਨ ਵਿਧਾਇਕਾਂ ਨੇ ਦੇਹਰਾਦੂਨ ਵਿਚ ਹਰੀਸ਼ ਰਾਵਤ ਨਾਲ ਮੀਟਿੰਗ ਕੀਤੀ ਸੀ। ਉਧਰ, ਕੈਪਟਨ ਖੇਮੇ ਨੇ ਡਿਨਰ ਦੇ ਬਹਾਨੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ। ਹਰੀਸ਼ ਰਾਵਤ ਨੇ ਕਾਂਗਰਸ ਆਗੂਆਂ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਵਿਧਾਨ ਸਭਾ ਚੋੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੀ ਲੜੀਆਂ ਜਾਣਗੀਆਂ। ਇਸ ਤੋਂ ਸਿੱਧੂ ਧੜਾ ਕਾਫੀ ਪਰੇਸ਼ਾਨ ਨਜ਼ਰ ਆ ਰਿਹਾ ਹੈ।
ਕਾਂਗਰਸੀ ਵਰਕਰ ਇਸ ਗੱਲੋਂ ਔਖੇ ਹਨ ਕਿ ਪਾਰਟੀ ਦੇ ਅੰਦਰੂਨੀ ਕਲੇਸ਼ ਕਰਕੇ ਸਿਆਸੀ ਫਰੰਟ ‘ਤੇ ਕਾਂਗਰਸ ਪਛੜਨ ਲੱਗੀ ਹੈ। ਹਾਈਕਮਾਨ ਨੇ ਨਵੇਂ ਫੈਸਲੇ ਲੈਣ ਵਿਚ ਕੀੜੀ ਚਾਲ ਰੱਖੀ ਤਾਂ ਪੰਜਾਬ ‘ਚ ਵਿਰੋਧੀਆਂ ਨੂੰ ਹੱਥ-ਪੈਰ ਪਸਾਰਨ ਦਾ ਮੌਕਾ ਮਿਲ ਜਾਵੇਗਾ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਸੋਨੀਆ ਗਾਂਧੀ ਨਾਲ ਮੀਟਿੰਗ ਮਗਰੋਂ ਕਿਹਾ ਕਿ ਪੰਜਾਬ ਦੇ ਵਿਧਾਇਕਾਂ ਤਰਫੋਂ ਜੋ ਗੱਲ ਰੱਖੀ ਗਈ ਸੀ, ਉਸ ਤੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਜਾਣੂ ਕਰਾ ਦਿੱਤਾ ਹੈ ਅਤੇ ਅੱਗੇ ਫੈਸਲਾ ਹਾਈਕਮਾਨ ਨੇ ਲੈਣਾ ਹੈ।
ਸ੍ਰੀ ਰਾਵਤ ਨੇ ਕਿਹਾ ਕਿ ਪੰਜਾਬ ਵਿਚ ਕੁਝ ਮੁਸ਼ਕਲਾਂ ਜ਼ਰੂਰ ਹਨ ਜਿਨ੍ਹਾਂ ਨੂੰ ਉਹ ਸੁਲਝਾਉਣ ਵਿਚ ਲੱਗੇ ਹੋਏ ਹਨ ਪਰ ਸਥਿਤੀ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ ਅਤੇ ਅਗਲੀਆਂ ਚੋੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਤਰਫੋਂ ਜੋ ਅਗਲੇ ਹੁਕਮ ਆਉਣਗੇ, ਉਨ੍ਹਾਂ ਨੂੰ ਸਭ ਧਿਰਾਂ ਮੰਨਣਗੀਆਂ। ਜਾਣਕਾਰੀ ਮੁਤਾਬਕ ਨਵਜੋਤ ਸਿੱਧੂ ਦੇ ਸਲਾਹਕਾਰਾਂ ਦਾ ਮਾਮਲਾ ਵੀ ਸੋਨੀਆ ਗਾਂਧੀ ਕੋਲ ਪਹੁੰਚਾਇਆ ਗਿਆ ਹੈ।
ਉਧਰ, ਅੰਮ੍ਰਿਤਸਰ ਵਿਚ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੇ ਤਲਖ ਤੇਵਰਾਂ ਵਿਚ ਕਿਹਾ ਕਿ ਦਰਸ਼ਨੀ ਘੋੜੇ ਬਣਨ ਦਾ ਕੋਈ ਫਾਇਦਾ ਨਹੀਂ ਹੈ ਅਤੇ ਖੁੱਲ੍ਹੇ ਫੈਸਲੇ ਲੈਣ ਦੀ ਖੁੱਲ੍ਹ ਮਿਲਣੀ ਚਾਹੀਦੀ ਹੈ। ਉਹ ਡੰਮੀ ਪ੍ਰਧਾਨ ਨਹੀਂ ਬਣਨਗੇ ਜਿਸ ਨੂੰ ਫੈਸਲੇ ਲੈਣ ਦੀ ਪ੍ਰਵਾਨਗੀ ਨਾ ਹੋਵੇ। ਸਿੱਧੂ ਨੇ ਚੁਣੌਤੀ ਵਾਲੇ ਲਹਿਜੇ ਵਿਚ ਕਿਹਾ ਕਿ ਜੇ ਫੈਸਲੇ ਲੈਣ ਦੀ ਇਜਾਜ਼ਤ ਨਹੀਂ ਦਿੰਦੇ ਤਾਂ ਉਹ ਇੱਟ ਨਾਲ ਇੱਟ ਖੜਕਾ ਦੇਣਗੇ। ਇਸ ‘ਤੇ ਪ੍ਰਤੀਕਰਮ ਦਿੰਦਿਆਂ ਰਾਵਤ ਨੇ ਕਿਹਾ ਕਿ ਸੂਬਿਆਂ ਦੇ ਮੁਖੀਆਂ ਕੋਲ ਪਾਰਟੀ ਸਟੈਂਡ ਤੇ ਸੰਵਿਧਾਨ ਦੇ ਦਾਇਰੇ ਵਿਚ ਕੰਮ ਕਰਨ ਅਤੇ ਫੈਸਲੇ ਲੈਣ ਦੇ ਪੂਰੇ ਅਧਿਕਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਵੱਲੋਂ ਇਹ ਗੱਲ ਕਿਸ ਪ੍ਰਸੰਗ ਵਿਚ ਕਹੀ ਗਈ ਹੈ, ਉਸ ਨੂੰ ਉਹ ਵਾਚਣਗੇ।
___________________________________________
ਸਿੱਧੂ ਦੇ ਸਲਾਹਕਾਰ ਮਾਲੀ ਵੱਲੋਂ ਅਸਤੀਫਾ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਦੋ ਸਲਾਹਕਾਰਾਂ ਦੀਆਂ ਟਿੱਪਣੀਆਂ ਨੂੰ ਆਧਾਰ ਬਣਾ ਕੇ ਕੌਮੀ ਪੱਧਰ ‘ਤੇ ਕਾਂਗਰਸ ਦੀ ਘੇਰਾਬੰਦੀ ਹੋਣ ਲੱਗੀ ਹੈ। ਇਸ ਦੌਰਾਨ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਤਾੜਨਾ ਕੀਤੀ ਸੀ ਕਿ ਸਲਾਹਕਾਰ ਬਦਲੇ ਜਾਣ, ਨਹੀਂ ਤਾਂ ਉਹ ਖਾਰਜ ਕਰ ਦੇਣਗੇ। ਉਧਰ, ਦੂਸਰੇ ਸਲਾਹਕਾਰ ਡਾ. ਪਿਆਰੇ ਲਾਲ ਗਰਗ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕਿਸੇ ਨੇ ਵੀ ਅਹੁਦੇ ਉਪਰ ਨਿਯੁਕਤ ਨਹੀਂ ਕੀਤਾ ਹੈ ਅਤੇ ਨਾ ਹੀ ਉਹ ਕਿਸੇ ਅਹੁਦੇ ‘ਤੇ ਹਾਜ਼ਰ ਹੋਏ ਹਨ। ਮਾਲੀ ਨੇ ਦਾਅਵਾ ਕੀਤਾ ਕਿ ਉਹ ਲੰਮੇ ਸਮੇਂ ਤੋਂ ਪੰਜਾਬ, ਧਾਰਮਿਕ ਘੱਟ ਗਿਣਤੀਆਂ, ਮਨੁੱਖੀ ਹੱਕਾਂ ਅਤੇ ਜਮਹੂਰੀਅਤ ਦੀ ਲੜਾਈ ਲੜਦਾ ਆ ਰਿਹਾ ਹੈ। ਪੰਜਾਬ ਦੀ ਸਥਾਪਤ ਸਿਆਸਤ ਬੌਧਿਕ ਕੰਗਾਲੀ ਦੀ ਸ਼ਿਕਾਰ ਹੈ ਜਿਹੜੀ ਸਥਾਪਤੀ ਦੇ ਵਿਰੁੱਧ ਪੰਜਾਬ ਦੇ ਭਲੇ ਲਈ ਕਿਸੇ ਵੀ ਵੱਡੀ ਤਬਦੀਲੀ ਨੂੰ ਬਰਦਾਸ਼ਤ ਨਹੀਂ ਕਰਦੀ ਪਰ ਉਹ ਸੰਘਰਸ਼ ਕਰਦੇ ਰਹਿਣਗੇ।