ਤਾਲਿਬਾਨ ਦੇ ਕਬਜ਼ੇ ਪਿੱਛੋਂ ਅਫਗਾਨਿਸਤਾਨ ਵਿਚ ਵਿਗੜੇ ਹਾਲਾਤ

ਕਾਬੁਲ: ਤਾਲਿਬਾਨ ਕੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਵਿਚ ਲਗਾਤਾਰ ਹਾਲਾਤ ਵਿਗੜ ਰਹੇ ਹਨ। ਕਾਬੁਲ ਦੇ ਹਾਮਿਦ ਕਰਜਈ ਹਵਾਈ ਅੱਡੇ ਦੇ ਬਾਹਰ ਹੋਏ ਦੋ ਬੰਬ ਧਮਾਕਿਆਂ ਵਿਚ 13 ਅਮਰੀਕੀ ਫੌਜੀਆਂ ਸਣੇ 200 ਦੇੇ ਕਰੀਬ ਮੌਤਾਂ ਹੋ ਗਈਆਂ ਹਨ। ਇਸ ਤੋਂ ਬਾਅਦ ਇਥੇ ਦਹਿਸ਼ਤ ਵਾਲੇ ਹਾਲਾਤ ਬਣੇ ਹੋਏ ਹਨ। ਅਮਰੀਕੀ ਖੁਫੀਆ ਏਜੰਸੀਆਂ ਵੱਲੋਂ ਅਜੇ ਹੋਰ ਹਮਲਿਆਂ ਬਾਰੇ ਚਿਤਾਵਨੀ ਜਾਰੀ ਕੀਤੀ ਗਈ ਹੈ।

ਇਨ੍ਹਾਂ ਹਮਲਿਆਂ ਪਿੱਛੋਂ ਅਮਰੀਕਾ ਨੇ ਅਫਗਾਨਿਸਤਾਨ ਵਿਚ ਇਸਲਾਮਿਕ ਸਟੇਟ ਦੇ ‘ਸਾਜ਼ਿਸ਼ ਕਰਨ ਵਾਲਿਆਂ` ਵਿਰੁੱਧ ਡਰੋਨ ਹਮਲਾ ਕੀਤਾ। ਕਾਬੁਲ ਹਵਾਈ ਅੱਡੇ `ਤੇ ਹੋਏ ਆਤਮਘਾਤੀ ਬੰਬ ਧਮਾਕਿਆਂ ਦੇ 48 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਅਮਰੀਕਾ ਨੇ ਜਵਾਬੀ ਕਾਰਵਾਈ ਕੀਤੀ। ਇਹ ਮਨੁੱਖ ਰਹਿਤ ਹਵਾਈ ਹਮਲਾ ਅਫਗਾਨਿਸਤਾਨ ਦੇ ਨਾਂਗਹਰ ਪ੍ਰਾਂਤ ਵਿਚ ਹੋਇਆ।
ਧਮਾਕਿਆਂ ਦੇ ਮੱਦੇਨਜਰ ਹੁਣ ਕਾਬੁਲ ਹਵਾਈ ਅੱਡੇ ਰਾਹੀਂ ਲੋਕਾਂ ਨੂੰ ਅਫਗਾਨਿਸਤਾਨ ਵਿਚੋਂ ਕੱਢੇ ਜਾਣ ਦੀ ਮੁਹਿੰਮ ਹੋਰ ਤੇਜ ਕਰ ਦਿੱਤੀ ਗਈ ਹੈ। ਲੋਕਾਂ ਨੂੰ ਤਾਲਿਬਾਨ ਦੇ ਕਬਜ਼ੇ ਵਾਲੇ ਦੇਸ਼ ਵਿਚੋਂ ਕੱਢੇ ਜਾਣ ਲਈ ਮਿਥੀ ਗਈ ਆਖਰੀ ਤਰੀਕ (31 ਅਗਸਤ) ਤੱਕ ਹੋਰ ਧਮਾਕੇ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਸੀ। ਤਾਲਿਬਾਨ ਦੇ ਮੈਂਬਰ ਭਾਰੇ ਮਾਰੂ ਹਥਿਆਰਾਂ ਨਾਲ ਹਵਾਈ ਅੱਡੇ ਤੋਂ 500 ਮੀਟਰ ਦੂਰ ਇਕ ਇਲਾਕੇ ਵਿਚ ਗਸ਼ਤ ਕਰ ਰਹੇ ਹਨ ਤਾਂ ਕਿ ਕੋਈ ਵੀ ਇਸ ਖੇਤਰ ਤੋਂ ਅੱਗੇ ਨਾ ਜਾ ਸਕੇ। ਅਗਸਤ 2011 ਤੋਂ ਬਾਅਦ ਅਮਰੀਕੀ ਬਲਾਂ ਲਈ ਇਹ ਅਫਗਾਨਿਸਤਾਨ ਵਿਚ ਸਭ ਤੋਂ ਮਾੜਾ ਦਿਨ ਸਾਬਤ ਹੋਇਆ ਹੈ। ਅਫਗਾਨ ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਅਮਰੀਕਾ ਨੇ ਕਿਹਾ ਕਿ ਇਕ ਲੱਖ ਤੋਂ ਵੱਧ ਲੋਕਾਂ ਨੂੰ ਕਾਬੁਲ ਤੋਂ ਸੁਰੱਖਿਅਤ ਕੱਢ ਲਿਆ ਗਿਆ ਹੈ। ਪਰ ਕਰੀਬ 1000 ਅਮਰੀਕੀ ਅਜੇ ਵੀ ਉਥਲ-ਪੁਥਲ ਤੇ ਹਿੰਸਾ ਦੇ ਸ਼ਿਕਾਰ ਮੁਲਕ ਵਿਚ ਮੌਜੂਦ ਹਨ। ਇਸੇ ਦੌਰਾਨ ਪੈਂਟਾਗਨ ਨੇ ਕਿਹਾ ਹੈ ਕਿ ਕਾਬੁਲ ਅਤਿਵਾਦੀ ਹਮਲਾ ਹਵਾਈ ਅੱਡੇ ਦੇ ਗੇਟ ਉਤੇ ਇਕੋ ਫਿਦਾਈਨ ਵੱਲੋਂ ਕੀਤਾ ਗਿਆ ਹੈ। ਨੇੜਲੇ ਹੋਟਲ ਵਿਚ ਕੋਈ ਧਮਾਕਾ ਨਹੀਂ ਹੋਇਆ।
ਯੂ.ਕੇ. ਦੇ ਵਿਦੇਸ਼ ਮੰਤਰੀ ਡੌਮੀਨਿਕ ਰਾਬ ਨੇ ਕਿਹਾ ਕਿ ਕਾਬੁਲ ਧਮਾਕਿਆਂ ਵਿਚ ਤਿੰਨ ਬਰਤਾਨਵੀ ਨਾਗਰਿਕ ਵੀ ਮਾਰੇ ਗਏ ਹਨ। ਮ੍ਰਿਤਕਾਂ ਵਿਚ ਬੱਚਾ ਵੀ ਸ਼ਾਮਲ ਹੈ। ਦੋ ਹੋਰ ਬਰਤਾਨਵੀ ਨਾਗਰਿਕ ਫੱਟੜ ਵੀ ਹੋਏ ਹਨ। ਰਾਬ ਨੇ ਕਿਹਾ ਕਿ ਉਹ ਦੋ ਬਰਤਾਨਵੀ ਨਾਗਰਿਕਾਂ ਤੇ ਇਕ ਬਰਤਾਨਵੀ ਨਾਗਰਿਕ ਦੇ ਬੱਚੇ ਦੀ ਮੌਤ ਤੋਂ ਬੇਹੱਦ ਦੁਖੀ ਹਨ। ਮੰਤਰੀ ਨੇ ਕਿਹਾ ਕਿ ਯੂਕੇ ਅਫਗਾਨਿਸਤਾਨ ਦੇ ਲੋਕਾਂ ਨੂੰ ਮੁਸ਼ਕਲ ਦੇ ਸਮੇਂ ‘ਪਿੱਠ ਨਹੀਂ ਦਿਖਾਏਗਾ` ਤੇ ਦਹਿਸ਼ਤਗਰਦਾਂ ਦੇ ਦਬਾਅ ਵਿਚ ਨਹੀਂ ਆਵੇਗਾ। ਮ੍ਰਿਤਕ ਹਵਾਈ ਅੱਡੇ ਦੇ ਬਾਹਰ ਉਡਾਣ ਦੀ ਉਡੀਕ ਵਿਚ ਸਨ।
________________________________________________
ਅਫਗਾਨਿਸਤਾਨ ‘ਚ ਬਰਤਾਨੀਆ ਦੀ 20 ਸਾਲਾਂ ਦੀ ਫੌਜੀ ਮੁਹਿੰਮ ਖਤਮ
ਲੰਡਨ: ਬਰਤਾਨੀਆ ਨੇ ਅਫਗਾਨਿਸਤਾਨ ਵਿਚ ਆਪਣੀ 20 ਸਾਲ ਤੋਂ ਜਾਰੀ ਫੌਜੀ ਮੁਹਿੰਮ ਖਤਮ ਕਰ ਦਿੱਤੀ ਹੈ। ਬਾਕੀ ਰਹਿੰਦੇ ਫੌਜੀਆਂ ਨੂੰ ਲੈ ਕੇ ਆਖਰੀ ਜਹਾਜ਼ ਬਰਤਾਨੀਆ ਪਰਤ ਆਇਆ ਹੈ। ਅਫਗਾਨਿਸਤਾਨ ਵਿਚ ਬਰਤਾਨੀਆ ਦੇ ਰਾਜਦੂਤ ਸਰ ਲੌਰੀ ਬਰਿਸਟੋ ਵੀ ਪਰਤ ਆਏ ਹਨ ਜੋ ਕਿ ਲੋਕਾਂ ਨੂੰ ਕੱਢਣ ਦੇ ਅਪਰੇਸ਼ਨ ਦੀ ਨਿਗਰਾਨੀ ਕਰ ਰਹੇ ਸਨ।
ਇਸੇ ਮੁਹਿੰਮ ਦਾ ਹਿੱਸਾ ਵਾਈਸ-ਐਡਮਿਰਲ ਸਰ ਬੈੱਨ ਕੀਅ ਨੇ ਕਿਹਾ ਕਿ ‘ਇਸ ਗੱਲ ਦਾ ਦੁਖ ਹੈ ਕਿ ਉਹ ਸਭ ਕੁਝ ਨੇਪਰੇ ਨਹੀਂ ਚੜ੍ਹ ਸਕਿਆ ਜਿਸ ਬਾਰੇ ਸੋਚਿਆ ਗਿਆ ਸੀ।`
ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਇਕ ਵੀਡੀਓ ਪੋਸਟ ਕਰਦਿਆਂ ਕਿਹਾ ਕਿ ‘ਅਪਰੇਸ਼ਨ ਪਿਟਿੰਗ ਖਤਮ ਹੋ ਗਿਆ ਹੈ ਤੇ ਇਸ ਤਰ੍ਹਾਂ ਦਾ ਪਹਿਲਾਂ ਕਦੇ ਨਹੀਂ ਦੇਖਿਆ।` ਉਨ੍ਹਾਂ ਕਿਹਾ ਕਿ ਬਰਤਾਨਵੀ ਸੈਨਾ ਨੇ ਇਸ ਅਪਰੇਸ਼ਨ ਨੂੰ ਸਿਰੇ ਚੜ੍ਹਾਉਣ ਲਈ ਦਿਨ-ਰਾਤ ਇਕ ਕੀਤਾ ਜਦਕਿ ਸਥਿਤੀਆਂ ਬੇਹੱਦ ਖਤਰਨਾਕ ਸਨ। ਜੌਹਨਸਨ ਨੇ ਨਾਲ ਹੀ ਕਿਹਾ ਕਿ ਯੂਕੇ ਦੀ ਅਫਗਾਨਿਸਤਾਨ ਵਿਚ ਮੌਜੂਦਗੀ ਨੇ ‘ਅਲ ਕਾਇਦਾ ਨੂੰ ਸਾਡੇ ਦਰਾਂ ਤੋਂ ਦੋ ਦਹਾਕੇ ਦੂਰ ਰੱਖਿਆ ਤੇ ਅਸੀਂ ਸਾਰੇ ਸੁਰੱਖਿਅਤ ਵੀ ਰਹੇ।` ਉਨ੍ਹਾਂ 2001 ਤੋਂ ਯੂਕੇ ਦੀ ਫੌਜ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਵੀ ਸਿਜਦਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਮਰੀਕਾ ਦੇ ਨਾਲ ਅਮਰੀਕਾ ਦੀ ਮਦਦ ਲਈ ਅਫਗਾਨਿਸਤਾਨ ਆਏ ਸਨ, ਪਰ ਇਸ ਤਰ੍ਹਾਂ ਉਥੋਂ ਨਿਕਲਾਂਗੇ, ਇਹ ਕਦੇ ਨਹੀਂ ਸੋਚਿਆ ਸੀ।
ਉਨ੍ਹਾਂ ਕਿਹਾ ਕਿ ਅਮਰੀਕਾ, ਯੂਕੇ ਤੇ ਹੋਰ ਸਾਥੀ ਮੁਲਕ ਤਾਲਿਬਾਨ ਨਾਲ ਇਸ ਅਧਾਰ ਉਤੇ ਤਾਲਮੇਲ ਨਹੀਂ ਕਰਨਗੇ ਕਿ ਉਹ ਕੀ ਕਹਿੰਦੇ ਹਨ। ਪਰ ਜੋ ਉਹ ਕਰ ਕੇ ਦਿਖਾਉਣਗੇ, ਉਸ ਅਧਾਰ ਉਤੇ ਰਾਬਤਾ ਕੀਤਾ ਜਾਵੇਗਾ। ਜੌਹਨਸਨ ਨੇ ਕਿਹਾ ਕਿ ਜੇਕਰ ਕਾਬੁਲ ਦੀ ਨਵੀਂ ਸਰਕਾਰ ਮਾਨਤਾ ਚਾਹੁੰਦੀ ਹੈ ਤਾਂ ਉਸ ਨੂੰ ਉਨ੍ਹਾਂ ਲੋਕਾਂ ਨੂੰ ਸੁਰੱਖਿਅਤ ਨਿਕਲਣ ਦੇਣਾ ਚਾਹੀਦਾ ਹੈ ਜੋ ਦੇਸ਼ ਛੱਡਣਾ ਚਾਹੁੰਦੇ ਹਨ।
ਅਫਗਾਨਿਸਤਾਨ ਵਿਚ ਔਰਤਾਂ ਤੇ ਲੜਕੀਆਂ ਦੇ ਹੱਕਾਂ ਦਾ ਸਤਿਕਾਰ ਯਕੀਨੀ ਬਣਾਉਣਾ ਪਏਗਾ ਤੇ ਮੁਲਕ ਦੀ ਧਰਤੀ ਨੂੰ ਅਤਿਵਾਦ ਲਈ ਵਰਤੇ ਜਾਣ ਤੋਂ ਰੋਕਣਾ ਪਏਗਾ। ‘ਦਿ ਸੰਡੇ ਟੈਲੀਗ੍ਰਾਫ` ਵਿਚ ਲਿਖਦਿਆਂ ਵਿਦੇਸ਼ ਸਕੱਤਰ ਡੌਮੀਨਿਕ ਰਾਬ ਨੇ ਕਿਹਾ ਕਿ ਯੂਕੇ ਅਤਿਵਾਦੀਆਂ ਉਤੇ ਪਾਬੰਦੀਆਂ ਲਾ ਸਕਦਾ ਹੈ, ਪਰ ਇਹ ਉਸ ਗੱਲ ਉਤੇ ਨਿਰਭਰ ਕਰਦਾ ਹੈ ਕਿ ‘ਤਾਲਿਬਾਨ ਮੁੱਖ ਮੁੱਦਿਆਂ ਉਤੇ ਕੀ ਰੁਖ ਅਖਤਿਆਰ ਕਰਦਾ ਹੈ।` ਯੂਕੇ ਕਾਬੁਲ ਨਾਲ ਕੂਟਨੀਤਕ ਰਿਸ਼ਤੇ ਬਹਾਲ ਕਰਨ ਲਈ ਵੀ ਤਿਆਰ ਹੈ ਪਰ ਪਹਿਲਾਂ ਉੱਥੇ ਸਰਕਾਰ ਦੇ ਗਠਨ ਤੇ ਸ਼ਾਂਤੀ ਬਹਾਲੀ ਦੀ ਉਡੀਕ ਕੀਤੀ ਜਾਵੇਗੀ।