ਕੈਪਟਨ ਸਰਕਾਰ ਡੇਗਣ ਲਈ ਵਿਰੋਧੀ ਧਿਰਾਂ ਨੇ ਵਧਾਈ ਸਰਗਰਮੀ

ਚੰਡੀਗੜ੍ਹ: ਅੰਦਰੂਨੀ ਕਲੇਸ਼ ਵਿਚ ਘਿਰੀ ਕੈਪਟਨ ਸਰਕਾਰ ਦੀ ਹੁਣ ਵਿਰੋਧੀ ਧਿਰਾਂ ਵੱਲੋਂ ਵੀ ਘੇਰੇਬੰਦੀ ਸ਼ੁਰੂ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕਾਂ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰ ਕੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਬਹੁਮਤ ਸਾਬਤ ਕਰਨ ਦੀ ਚੁਣੌਤੀ ਦੇ ਦਿੱਤੀ ਹੈ। ਇਸ ਵਫਦ ਵਿਚ ‘ਆਪ` ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਜੈ ਸਿੰਘ ਰੋੜੀ ਸਣੇ ਜਗਤਾਰ ਸਿੰਘ ਸੰਘੇੜਾ ਅਤੇ ਮਲਵਿੰਦਰ ਸਿੰਘ ਕੰਗ ਵੀ ਸ਼ਾਮਲ ਸਨ।

ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ‘ਆਪ` ਵਿਧਾਇਕਾਂ ਦੇ ਵਫਦ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਘੱਟ ਗਿਣਤੀ `ਚ ਹੋਣ ਦਾ ਦਾਅਵਾ ਕਰਦਿਆਂ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਸਦਨ `ਚ ਬਹੁਮਤ ਸਾਬਤ ਕਰਨ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਰਦੇਸ਼ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਲੇ ਸੱਤ ਦਿਨਾਂ ਅੰਦਰ ਬਹੁਮਤ ਸਾਬਤ ਕਰਨ ਤੋਂ ਇਨਕਾਰੀ ਹੁੰਦੇ ਹਨ ਤਾਂ ਮੌਜੂਦਾ ਸਰਕਾਰ ਨੂੰ ਤੁਰਤ ਭੰਗ ਕੀਤਾ ਜਾਵੇ।
ਰਾਜਪਾਲ ਨੂੰ ਮਿਲਣ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਚੀਮਾ ਨੇ ਕਿਹਾ ਕਿ ਬਾਗੀ ਕਾਂਗਰਸੀਆਂ ਨੇ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਉਨ੍ਹਾਂ ਨੂੰ ਦੇਹਰਾਦੂਨ ਜਾਂ ਦਿੱਲੀ ਦੇ ਗੇੜੇ ਮਾਰਨ ਦੀ ਲੋੜ ਨਹੀਂ, ਬਲਕਿ ਉਹ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਜਾ ਕੇ ਹੀ ਪੰਜਾਬ ਬਚਾਅ ਸਕਦੇ ਹਨ, ਪਰ ਉਨ੍ਹਾਂ ਨੂੰ ਰਾਜਪਾਲ ਨੂੰ ਆਪਣੇ ਅਸਤੀਫੇ ਸੌਂਪ ਕੇ ਕੈਪਟਨ ਪ੍ਰਤੀ ਵਿਧਾਨ ਸਭਾ ‘ਚ ਬੇਭਰੋਸਗੀ ਦਰਜ ਕਰਾਉਣੀ ਪਵੇਗੀ।
ਚੀਮਾ ਮੁਤਾਬਕ ਸਾਢੇ ਚਾਰ ਸਾਲ ‘ਚ ਮਾਫੀਆ ਰਾਜ ਦਾ ਹਿੱਸਾ ਰਹੇ ਬਾਗੀ ਮੰਤਰੀਆਂ ਅਤੇ ਵਿਧਾਇਕਾਂ ਨੇ ਦੇਰ ਨਾਲ ਹੀ ਸਹੀ, ਪਰ ਦਰੁਸਤ ਸਟੈਂਡ ਲੈਂਦੇ ਹੋਏ ਇਕਬਾਲ ਕੀਤਾ ਹੈ ਕਿ ਕੈਪਟਨ ਸਰਕਾਰ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ।
ਜੈ ਸਿੰਘ ਰੋੜੀ ਨੇ ਸਵਾਲ ਕੀਤਾ, ‘’ਕੀ ਬਾਗੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਮਨਜ਼ੂਰ ਹੈ? ਜੇ ਉਨ੍ਹਾਂ ਨੂੰ ਕੈਪਟਨ ਹੀ ਮਨਜ਼ੂਰ ਹੈ ਤਾਂ ਸਾਫ ਹੁੰਦਾ ਹੈ ਕਿ ਉਹ ਸਿਰਫ ਕੁਰਸੀ ਲਈ ਲੜ ਰਹੇ ਹਨ ਅਤੇ ਜੇਕਰ ਉਹ ਕੈਪਟਨ ਵਿਰੁੱਧ ਬੇਭਰੋਸਗੀ ਪ੍ਰਗਟ ਨਹੀਂ ਕਰਦੇ ਤਾਂ ਉਹ ਮਾਫੀਆ ਰਾਜ ਨਾਲ ਮਿਲੇ ਹੋਣ ਦੇ ਦਾਗ ਧੋਣ ਦਾ ਆਖਰੀ ਮੌਕਾ ਵੀ ਗੁਆ ਦੇਣਗੇ।`
ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਮੁੱਖ ਮੰਤਰੀ ਆਪਣੇ ਮੰਤਰੀਆਂ, ਵਿਧਾਇਕਾਂ ਅਤੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਅਤੇ ਸਮਰਥਨ ਗੁਆ ਚੁੱਕੇ ਹਨ ਤੇ ਹੁਣ ਉਹ ਮੁੱਖ ਮੰਤਰੀ ਦੇ ਅਹੁਦੇ `ਤੇ ਬਣੇ ਰਹਿਣ ਦੇ ਯੋਗ ਨਹੀਂ।
__________________________________________
ਸਮੇਂ ਤੋਂ ਪਹਿਲਾਂ ਹੀ ਡਿੱਗ ਜਾਵੇਗੀ ਸਰਕਾਰ: ਸੁਖਬੀਰ
ਤਰਨ ਤਾਰਨ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਸਰਕਾਰਾਂ ਦਾ ਕੰਮ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਹੁੰਦਾ ਹੈ, ਪਰ ਕਾਂਗਰਸ ਸਰਕਾਰ ਦੇ ਮੌਜੂਦਾ ਹਾਲਾਤ ਅਤੇ ਕਾਟੋ ਕਲੇਸ਼ ਦੇ ਚੱਲਦਿਆਂ ਇਹ ਸਰਕਾਰ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇਗੀ ਅਤੇ ਸਮੇਂ ਤੋਂ ਪਹਿਲਾਂ ਹੀ ਡਿੱਗ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਅਤੇ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਸੁਖਬੀਰ ਨੇ ਕਿਹਾ ਕਿ ਇਸ ਸਮੇਂ ਹਰ ਵਰਗ ਦੇ ਲੋਕਾਂ ਦਾ ਝੁਕਾਅ ਅਕਾਲੀ ਦਲ ਵੱਲ ਹੈ। ਉਨ੍ਹਾਂ ਵਾਅਦਾ ਕੀਤਾ ਕਿ ਅਕਾਲੀ ਸਰਕਾਰ ਬਣਨ ‘ਤੇ ਹਰ ਵਰਗ ਨੂੰ ਸਹੂਲਤਾਂ ਦੇਵਾਂਗੇ।