ਮਨਮੋਹਣੀ ਮਨੀਸ਼ਾ

ਕੈਂਸਰ ਖ਼ਿਲਾਫ਼ ਲੜਾਈ ਜਿੱਤਣ ਤੋਂ ਬਾਅਦ ਅਦਾਕਾਰ ਮਨੀਸ਼ਾ ਕੋਇਰਾਲਾ ਅੱਜਕੱਲ੍ਹ ਆਪਣੀ ਸਿਹਤ ਵੱਲ ਉਚੇਚਾ ਧਿਆਨ ਦੇ ਰਹੀ ਹੈ। ਉਹ ਲਗਾਤਾਰ 8-10 ਕਿਲੋ ਮੀਟਰ ਸੈਰ ਕਰਦੀ ਹੈ ਅਤੇ ਯੋਗ ਅਭਿਆਸ ਦਾ ਕਦੀ ਨਾਗਾ ਨਹੀਂ ਪਾਉਂਦੀ। ਇਸ ਨੂੰ ਹੁਣ ਉਸ ਨੇ ਆਪਣੀ ਜ਼ਿੰਦਗੀ ਦਾ ਪ੍ਰੋਜੈਕਟ ਬਣਾ ਲਿਆ। ਮਨੀਸ਼ਾ ਕੋਇਰਾਲਾ ਨੂੰ ਪਿਛਲੇ ਸਾਲ 28 ਨਵੰਬਰ ਨੂੰ ਮੁੰਬਈ ਦੇ ਜਸਲੋਕ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਫਿਰ ਉਸ ਨੂੰ ਇਲਾਜ ਲਈ ਅਮਰੀਕਾ ਲਿਜਾਇਆ ਗਿਆ ਜਿਥੇ 6 ਮਹੀਨੇ ਉਸ ਦਾ ਇਲਾਜ ਚੱਲਿਆ। ਉਸ ਨੂੰ ਬੱਚੇਦਾਨੀ ਦਾ ਕੈਂਸਰ ਸੀ। ਹੁਣ ਉਹ ਇਲਾਜ ਕਰਵਾ ਕੇ ਭਾਰਤ ਚਲੀ ਗਈ ਹੈ। ਮਨੀਸ਼ਾ ਦੇ ਜੀਵਨ ਵਿਚ ਪਿਛਲੇ ਸਾਲਾਂ ਦੌਰਾਨ ਵਾਹਵਾ ਉਥਲ-ਪੁਥਲ ਰਹੀ ਹੈ। 2010 ਵਿਚ ਨੇਪਾਲੀ ਨੌਜਵਾਨ ਸਮਰਾਟ ਦਾਹਲ ਨਾਲ ਕਰਵਾਇਆ ਸੀ, ਪਰ ਵਿਆਹ ਉਸ ਲਈ ਬੁਰਾ ਸੁਪਨਾ ਹੀ ਸਾਬਤ ਹੋਇਆ। ਸਮਰਾਟ ਨੇ ਉਸ ਨਾਲ ਬਹੁਤ ਦੁਰਵਿਹਾਰ ਕੀਤਾ ਅਤੇ ਇਕ ਤਰ੍ਹਾਂ ਨਾਲ ਉਸ ਨੂੰ ਘਰੇ ਕੈਦ ਹੀ ਕਰ ਲਿਆ ਸੀ। ਆਖ਼ਰਕਾਰ 2012 ਵਿਚ ਉਹ ਸਮਰਾਟ ਤੋਂ ਅਲੱਗ ਹੋ ਗਈ। ਮਨੀਸ਼ਾ ਦਾ ਪਿਤਾ ਪ੍ਰਕਾਸ਼ ਕੋਇਰਾਲਾ ਸਿਆਸੀ ਲੀਡਰ ਹੈ ਅਤੇ ਉਸ ਦੇ ਯਤਨਾਂ ਸਦਕਾ ਹੀ ਮਨੀਸ਼ਾ ਕੋਰਾਇਲਾ ਦੀ ਜ਼ਿੰਦਗੀ ਇਕ ਵਾਰ ਫਿਰ ਲੀਹ ਉਤੇ ਆਈ ਹੈ। 2012 ਵਿਚ ਉਸ ਦੀ ਫਿਲਮ ‘ਭੂਤ ਰਿਟਰਨ’ ਆਈ ਸੀ। ਇਸ ਫਿਲਮ ਨਾਲ ਉਸ ਦੀ ਚਰਚਾ ਇਕ ਵਾਰ ਫਿਰ ਹੋਈ। ਆਰਥਿਕ ਪੱਖੋਂ ਇਹ ਫਿਲਮ ਸਫ਼ਲ ਰਹੀ ਸੀ ਅਤੇ ਸਭ ਨੇ ਮਨੀਸ਼ਾ ਕੋਇਰਾਲਾ ਦੀ ਵਾਪਸੀ ਦਾ ਸਵਾਗਤ ਵੀ ਕੀਤਾ ਸੀ। ਮਨੀਸ਼ਾ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 1989 ਵਿਚ ਨੇਪਾਲੀ ਫਿਲਮ ‘ਫੇਰੀ ਬਤੋਲਾ’ ਨਾਲ ਕੀਤੀ ਸੀ। 1991 ਵਿਚ ਹਿੰਦੀ ਫਿਲਮ ‘ਸੌਦਾਗਰ’ ਨਾਲ ਬਾਲੀਵੁੱਡ ਵਿਚ ਪੈਰ ਪਾਇਆ। ਇਸ ਤੋਂ ਬਾਅਦ ਯਲਗਾਰ, 1942: ਇਹ ਲਵ ਸਟੋਰੀ, ਬੰਬੇ, ਖਾਮੋਸ਼ੀ, ਦਿਲ ਸੇ, ਬਾਗੀ, ਲੱਜਾ, ਕੰਪਨੀ, ਐਸਕੇਪ ਫਰੌਮ ਤਾਲਿਬਾਨ, ਮਾਰਕੀਟ, ਦੋ ਪੈਸੇ ਕੀ ਧੁੱਪ ਚਾਰ ਆਨੇ ਕੀ ਬਾਰਿਸ਼, ਅਗਨੀ ਸਾਕਸ਼ੀ ਵਰਗੀਆਂ ਯਾਦਗਾਰੀ ਫਿਲਮਾਂ ਵਿਚ ਕੰਮ ਕੀਤਾ।
_____________________________________
ਦੀਪਿਕਾ ਪਾਦੂਕੋਣ ਦੀ ਅਸਮਾਨੀ ਉਡਾਣ
ਅਦਾਕਾਰਾ ਦੀਪਿਕਾ ਪਾਦੂਕੋਣ ਅੱਜਕੱਲ੍ਹ ਸਫ਼ਲਤਾ ਅਤੇ ਲੋਕਪ੍ਰਿਅਤਾ ਦੀ ਟੀਸੀ ਉਤੇ ਹੈ। ਉਸ ਦੀ ਸੁੰਦਰਤਾ ਅਤੇ ਨਖਰਿਆਂ ਦੇ ਚਰਚੇ ਤਾਂ ਸ਼ੁਰੂ ਤੋਂ ਹੀ ਹੁੰਦੇ ਰਹੇ ਹਨ, ਪਰ ਹੁਣ ਇਸ ਅਦਾਕਾਰਾ ਦੀ ਅਦਾਕਾਰੀ ਦਾ ਜਾਦੂ ਵੀ ਚੱਲਣ ਲੱਗ ਪਿਆ ਹੈ। ਹੁਣ ਉਸ ਦੀ ਗਿਣਤੀ ਸਫਲ ਅਭਿਨੇਤਰੀਆਂ ਵਿਚ ਹੁੰਦੀ ਹੈ। ਇਹ ਉਸ ਦੇ ਸਬਰ ਅਤੇ ਲਗਨ ਦਾ ਹੀ ਨਤੀਜਾ ਹੈ ਕਿ ਉਹ ਮੌਜੂਦਾ ਵਿਚ ਦੌਰ ਦੀ ਸਭ ਤੋਂ ਵੱਧ ਰੁੱਝੀ ਹੋਈ ਅਦਾਕਾਰਾ ਹੈ। 2012 ਉਹਦੇ ਲਈ ਭਾਗਾਂ ਭਰਿਆ ਰਿਹਾ। ਉਸ ਦੀ ਫ਼ਿਲਮ ‘ਕਾਕਟੇਲ’ ਵਿੱਚ ਉਸ ਦੀ ਅਦਾਕਾਰੀ ਦੀ ਰੱਜ ਕੇ ਪ੍ਰਸ਼ੰਸਾ ਹੋਈ। ‘ਰੇਸ-2’ ਨਾਲ 2013 ਦੀ ਬਿਹਤਰੀਨ ਸ਼ੁਰੂਆਤ ਹੋ ਚੁੱਕੀ ਹੈ। ‘ਯੇ ਜਵਾਨੀ ਹੈ ਦੀਵਾਨੀ’, ‘ਰਾਮ ਲੀਲ੍ਹਾ’ ਅਤੇ ‘ਚੇਨਈ ਐਕਸਪ੍ਰੈਸ’ ਤੋਂ ਵੀ ਉਸ ਨੂੰ ਬਹੁਤ ਉਮੀਦਾਂ ਹਨ।
ਦੀਪਿਕਾ ਫੁੱਲ ਕੇ ਕੁੱਪਾ ਹੋ ਜਾਂਦੀ ਹੈ ਜਦੋਂ ਲੋਕ ਉਸ ਨੂੰ ਇਹ ਗੱਲ ਕਹਿੰਦੇ ਹਨ ਕਿ ਉਹ ਬਿਨਾਂ ਕਿਸੇ ਸਹਾਇਤਾ ਅਤੇ ਬਿਨਾਂ ਕਿਸੇ ਗਾਡਫਾਦਰ ਦੇ ਇਸ ਮੁਕਾਮ ਤੱਕ ਪੁੱਜੀ ਹੈ। ਉਸ ਨੂੰ ਵੀ ਇਹ ਆਪਣਾ ਖਾਸ ਹਾਸਲ ਲੱਗਦਾ ਹੈ। ਉਂਜ ਇਸ ਦਾ ਸਿਹਰਾ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਸਿਰ ਬੰਨ੍ਹਦੀ ਹੈ। ਪਿੱਛੇ ਜਿਹੇ ਉਸ ਨੂੰ ਭਾਰਤ ਦੀ ਸਭ ਤੋਂ ਆਕਰਸ਼ਕ ਅਦਾਕਾਰਾ ਐਲਾਨਿਆ ਗਿਆ ਸੀ। ਕੈਟਰੀਨਾ, ਕਰੀਨਾ ਕਪੂਰ ਅਤੇ ਪ੍ਰਿਯੰਕਾ ਚੋਪੜਾ ਨੂੰ ਪਿੱਛੇ ਛੱਡਦਿਆਂ ਉਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਬਾਰੇ ਉਹ ਕਹਿੰਦੀ ਹੈ ਕਿ ਉਸ ਨੂੰ ਇਹ ਖ਼ਿਤਾਬ ਉਸ ਦੇ ਕੰਮ ਅਤੇ ਸ਼ਖ਼ਸੀਅਤ ਕਾਰਨ ਮਿਲਿਆ ਹੈ, ਸਿਰਫ਼ ਸਰੀਰਕ ਖ਼ੂਬਸੂਰਤੀ ਲਈ ਨਹੀਂ। ਫ਼ਿਲਮੀ ਦੁਨੀਆਂ ਵਿਚ ਪੈਰ ਰੱਖਣ ਤੋਂ ਬਾਅਦ ਜਦੋਂ ਦੀਪਿਕਾ ਨੇ ਆਪਣੇ ਨਿਰਦੇਸ਼ਕਾਂ ਦੀ ਸੂਚੀ ਬਾਰੇ ਸੋਚਿਆ ਤਾਂ ਉਸ ਵਿਚ ਪਹਿਲਾ ਨਾਂ ਸੰਜੈ ਲੀਲਾ ਭੰਸਾਲੀ ਦਾ ਸੀ। ਸੰਜੇ ਨਾਲ ਕੰਮ ਕਰਨਾ ਉਸ ਦਾ ਸੁਪਨਾ ਸੀ। ਫ਼ਿਲਮ ‘ਰਾਮ ਲੀਲ੍ਹਾ’ ਵਿਚ ਦੋਵੇਂ ਇਕੱਠੇ ਕੰਮ ਕਰਨ ਰਹੇ ਹਨ। ਦੀਪਿਕਾ ਦੇ ਪ੍ਰੇਰਨਾ ਸਰੋਤ ਉਸ ਦੇ ਪਿਤਾ ਪ੍ਰਕਾਸ਼ ਪਾਦੂਕੋਣ ਹਨ। ਜ਼ਿੰਦਗੀ ਵਿਚ ਕੋਈ ਵੀ ਨਵਾਂ ਫ਼ੈਸਲਾ ਕਰਨ ਤੋਂ ਪਹਿਲਾਂ ਉਹ ਉਨ੍ਹਾਂ ਦੀ ਸਲਾਹ ਜ਼ਰੂਰ ਲੈਂਦੀ ਹੈ।

Be the first to comment

Leave a Reply

Your email address will not be published.