-ਸਵਰਨ ਸਿੰਘ ਟਹਿਣਾ
ਸਿਆਣਿਆਂ ਦਾ ਕਹਿਣਾ ਗ਼ਲਤ ਨਹੀਂ ਕਿ ਕੰਮ ਉਹ ਕਰੋ, ਜਿਹੜਾ ਨੀਵੀਂ ਪਾਉਣ ਲਈ ਮਜਬੂਰ ਨਾ ਕਰੇ। ਵੈਸੇ ਵੀ ਅੱਖ ‘ਚ ਅੱਖ ਪਾ ਕੇ ਗੱਲ ਕਰਨ ਦਾ ਆਪਣਾ ਹੀ ਸਰੂਰ ਹੈ। ਜੇ ਦੂਜਿਆਂ ਨੂੰ ਜਵਾਬਦੇਹ ਹੋਣ ਦੀ ਥਾਂ ਖੁਦ ਨੂੰ ਜਵਾਬਦੇਹ ਰਹਿਣ ਵਾਲੀ ਨੀਤੀ ਅਪਨਾ ਲਈ ਜਾਵੇ ਤਾਂ ਸ਼ਾਇਦ ਕਦੇ ਅੱਖ ਨੀਵੀਂ ਕਰਨ ਦੀ ਨੌਬਤ ਹੀ ਨਾ ਆਵੇ।
ਇਹ ਸਾਰੀਆਂ ਗੱਲਾਂ ਇਸ ਕਰਕੇ ਉਸਲਵੱਟੇ ਲੈ ਰਹੀਆਂ ਨੇ ਕਿ ਪਿਛਲੇ ਦਿਨੀਂ ਗਾਇਕ ਗਿੱਪੀ ਗਰੇਵਾਲ ਜਲੰਧਰ ਦੇ ਪ੍ਰੈਸ ਕਲੱਬ ਵਿਚ ਪੱਤਰਕਾਰਾਂ ਦੇ ਮੱਥੇ ਲੱਗਣੋਂ ਡਰ ਗਿਆ। ਉਹਦੀ ਨਵੀਂ ਆਈ ਫਿਲਮ ਦੀ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਤੇ ਪੱਤਰਕਾਰਾਂ ਨੂੰ ਇਹ ਕਹਿ ਕੇ ਸੱਦਿਆ ਗਿਆ ਸੀ ਕਿ ਗਿੱਪੀ, ਜੈਜ਼ੀ ਬੀ ਤੇ ਸਿਮਰਨ ਕੌਰ ਮੁੰਡੀ ਰੂਬਰੂ ਹੋਣ ਆ ਰਹੇ ਨੇ, ਪਰ ਐਨ ਮੌਕੇ ‘ਤੇ ਗਿੱਪੀ ਝਕਾਨੀ ਦੇ ਗਿਆ।
ਪੱਤਰਕਾਰਾਂ ਨੇ ਹਾਜ਼ਰੀਨ ਮਹਿਮਾਨਾਂ ਨੂੰ ਪੁੱਛਿਆ, ‘ਤੁਸੀਂ ਤਾਂ ਕਿਹਾ ਸੀ ਕਿ ਗਿੱਪੀ ਵੀ ਆਏਗਾ, ਪਰ ਕਿੱਧਰ ਗਿਆ ਉਹ?’
ਜਵਾਬ ਮਿਲਿਆ, ‘ਉਹਨੂੰ ਕੋਈ ਜ਼ਰੂਰ ਕੰਮ ਪੈ ਗਿਆæææ।’
ਖੈਰ ਗੱਲ ਆਈ-ਗਈ ਹੋ ਗਈ ਪਰ ਬਾਅਦ ਵਿਚ ਪਤਾ ਲੱਗਾ ਕਿ ਗਿੱਪੀ ਨੂੰ ਆਪਣਾ ਪਾਲ਼ਾ ਮਾਰ ਰਿਹਾ ਸੀ ਕਿ ਉਸ ਨੇ ਪੰਜਾਬੀ ਗਾਇਕੀ ਵਿਚ ਚੰਦ ਬਹੁਤ ਚਾੜ੍ਹੇ ਨੇ ਤੇ ਜੇ ਪੱਤਰਕਾਰਾਂ ਉਸ ਦੇ ਚਿੱਠੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਤਾਂ ਲੈਣੇ ਦੇ ਦੇਣੇ ਪੈ ਸਕਦੇ ਨੇ। ਉਹਨੂੰ ਭਿਣਕ ਪੈ ਗਈ ਸੀ ਕਿ ਪੱਤਰਕਾਰ ਉਸ ਨੂੰ ਪੁੱਛ ਸਕਦੇ ਨੇ ਕਿ, ‘ਇਸਤਰੀ ਜਾਗ੍ਰਿਤੀ ਮੰਚ’ ਵਾਲੀਆਂ ਬੀਬੀਆਂ ਨੇ ਤੁਹਾਡੇ ਪੁਤਲੇ ਵੀ ਫੂਕੇ ਨੇ, ਪਰ ਫੇਰ ਵੀ ਤੁਸੀਂ ਰਿਸ਼ਤਿਆਂ ਨੂੰ ਪਲੀਤ ਕਰਨ ਵਾਲੇ ਗਾਣੇ ਗਾਈ ਜਾ ਰਹੇ ਓ?’
ਉਹਨੂੰ ਡਰ ਹੋਏਗਾ ਕਿ ਕਿਤੇ ਇਹ ਸਵਾਲ ਨਾ ਪੁੱਛ ਲਿਆ ਜਾਏ ਕਿ ਤੁਸੀਂ ਆਪਣੇ ਖਿਲਾਫ਼ ਪੈਂਦੇ ਰੌਲੇ ਨੂੰ ਠੰਢਾ ਕਰਨ ਲਈ ਧਾਰਮਿਕ ਐਲਬਮ ‘ਤਲਵਾਰ’ ਕੱਢ ਛੱਡਦੇ ਓ, ਪਰ ਕੁਝ ਚਿਰ ਬਾਅਦ ਫੇਰ ਸ਼ੁਰੂ ਕਰ ਦਿੰਦੇ ਓ, ‘ਮੈਂ ਪਿੰਡ ਨਾਨਕੇ ਰਹਿੰਦਾ ਸੀ, ਉਹ ਭੂਆ ਕੋਲੇ ਪੜ੍ਹਦੀ ਸੀ’, ‘ਮੈਂ ਕਿਆ ਕਿੱਥੇ ਆਂ, ਪਿੰਡ ਮਾਸੀ ਦੇ ਗਈ ਸੀ’ ਵਗੈਰਾ-ਵਗੈਰਾ।
ਉਹ ਆਪਣੀ ਚੁਸਤੀ ਨਾਲ ਉਥੇ ਸਵਾਲਾਂ ਦੇ ਜਵਾਬ ਦੇਣੋਂ ਤਾਂ ਬਚ ਗਿਆ ਪਰ ਇਕ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜਦੋਂ ਕਲਾਕਾਰ ਭਾਈਚਾਰਾ ਜਾਣਦਾ ਹੈ ਕਿ ਜਿਹੜੇ ਬੋਲ ਅਸੀਂ ਅੱਜ ਮੂੰਹੋਂ ਕੱਢਦੇ ਹਾਂ, ਇਹ ਸਾਰੀ ਉਮਰ ਸਾਡੇ ਨਾਲ ਹੀ ਤੁਰਦੇ ਰਹਿਣੇ ਨੇ ਤਾਂ ਪਹਿਲਾਂ ਇਸ ਗੱਲ ਨੂੰ ਕਿਉਂ ਨਹੀਂ ਵਿਚਾਰਿਆ ਜਾਂਦਾ। ਹੁਣੇ-ਹੁਣੇ ਇਸੇ ਗਿੱਪੀ ਦਾ ਇਕ ਗੀਤ ਚੈਨਲਾਂ ‘ਤੇ ਚੱਲ ਕੇ ਹਟਿਆ, ‘ਪਾਪਾ ਨੂੰ ਪਤਾ ਲੱਗ ਜਾਊਗਾ’ ਤੇ ਇਹਦੇ ਨਾਲ ਹੀ ਉਹਦਾ ਇਕ ਹੋਰ ਗੀਤ ਚੱਲ ਕੇ ਹਟਿਐ, ਜਿਸ ਵਿਚ ਉਹਨੇ ਪ੍ਰਾਇਮਰੀ ਕਲਾਸ ਤੋਂ ਹੁੰਦੀ ਆਸ਼ਕੀ ਬਿਆਨ ਕੀਤੀ ਏ ਜਿਸ ਦੇ ਬੋਲ ਨੇ, ‘ਨੀਂ ਉਹ ਪ੍ਰਾਇਮਰੀ ਕਲਾਸ ਵਾਲਾ ਨਲਕਾ, ਜਿੱਥੇ ਬਹਿ ਕੇ ਫੱਟੀਆਂ ਸੀ ਪੋਚਦੇæææ।’ ਇਨ੍ਹਾਂ ਗਾਣਿਆਂ ਦਾ ਵਿਰੋਧ ਵੀ ਹੋ ਜਾਣਾ ਸੀ, ਜੇ ਪਹਿਲਾਂ ਹੋਏ ਵਿਰੋਧ ਤੋਂ ਕਲਾਕਾਰਾਂ ਨੇ ਕੋਈ ਸਬਕ ਸਿੱਖਿਆ ਹੁੰਦਾ ਜਾਂ ਆਮ ਲੋਕਾਂ ਇਨ੍ਹਾਂ ਨੂੰ ਨੱਥ ਪਾਉਣ ਦੀ ਗੱਲ ਸੋਚੀ ਹੁੰਦੀ।
ਇਹ ‘ਕੱਲੇ ਗਿੱਪੀ ਦੀ ਸਮੱਸਿਆ ਨਹੀਂ, ਪੰਜਾਬ ਦੇ ਦੋ ਦਰਜਨ ਤੋਂ ਵੱਧ ਉਨ੍ਹਾਂ ਚਰਚਿਤ ਕਲਾਕਾਰਾਂ ਦੀ ਹੈ, ਜਿਹੜੇ ਸਿਰਫ਼ ‘ਹਿੱਟ’ ਹੋਣ ਲਈ ਕਿਸੇ ਦੀ ਵੀ ਇੱਜ਼ਤ ਦਾ ਕਬਾੜਾ ਸਸਤੇ ਭਾਅ ਕਰ ਸਕਦੇ ਨੇ। ਇਨ੍ਹਾਂ ਦਾ ਇਕ ਨੁਕਾਤੀ ਪ੍ਰੋਗਰਾਮ ਹੈ, ‘ਚਰਚਾ’ ਤੇ ਸਮਾਜ ਦੇ ਜਾਗ੍ਰਿਤ ਲੋਕਾਂ ਵੱਲੋਂ ਜਦੋਂ ਇਨ੍ਹਾਂ ਦੀਆਂ ਯਭਲੀਆਂ ਦੀ ਚਰਚਾ ਕੀਤੀ ਜਾਂਦੀ ਏ ਤਾਂ ਇਹ ਉਨ੍ਹਾਂ ਦੇ ਮੱਥੇ ਲੱਗਣ ਤੋਂ ਭੱਜਦੇ ਨੇ। ਕਈ ਪੱਤਰਕਾਰਾਂ ਨੂੰ ਤਾਂ ਅਸੀਂ ਇਹ ਕਹਿੰਦੇ ਵੀ ਸੁਣਿਐ ਕਿ ਗਿੱਪੀ ਨੂੰ ਪੁੱਛਣਾ ਸੀ, ਬਈ ਜਦੋਂ ਨਾ ਗਾਉਂਦਾ ਹੋਣ ਦੇ ਬਾਵਜੂਦ ਗਾਇਕੀ ਵਿਚ ਤੇਰਾ ਜੁਗਾੜ ਲੱਗ ਗਿਆ ਤਾਂ ਹਰ ਤੀਜੇ ਮਹੀਨੇ ਪੰਜਾਬੀ ਫਿਲਮ ਵਿਚ ਦਿਸ ਕੇ ਕਿਹੜਾ ਅਕਸ਼ੈ ਕੁਮਾਰ ਬਣਨ ਦਾ ਭਰਮ ਪਾਲੀ ਫ਼ਿਰਦਾਂ।’
ਖੈਰ, ਬਹੁਤ ਘੱਟ ਕਲਾਕਾਰ ਨੇ, ਜਿਹੜੇ ਮੀਡੀਏ ਦੇ ਸਵਾਲਾਂ ਦਾ ਸਾਹਮਣਾ ਕਰ ਸਕਦੇ ਨੇ। ਇਕ ਵਾਰ ਪੰਜਾਬ ਦੇ ਇਕ ਨਾਮਵਰ ਕਲਾਕਾਰ ਦੀ ਨਵੀਂ ਐਲਬਮ ਦੀ ਪ੍ਰੈਸ ਕਾਨਫਰੰਸ ਚੱਲ ਰਹੀ ਸੀ। ਜਾਣ-ਪਛਾਣ ਵਾਲੀਆਂ ਕਈ ਮਸ਼ਹੂਰ ਹਸਤੀਆਂ ਨੇ ਉਸ ਦੀ ਗਾਇਕੀ ਤੇ ਹੋਰ ਕੰਮਾਂ ਬਾਬਤ ਬੜਾ ਕੁਝ ਬੋਲਿਆ। ਇਕ ਨੇ ਇਹ ਵੀ ਕਹਿ ਛੱਡਿਆ, ‘ਇਹ ਕਲਾਕਾਰ ਮਾਂ ਬੋਲੀ ਪੰਜਾਬੀ ਨੂੰ ਪ੍ਰਣਾਇਆ ਏ, ਇਹਦਾ ਗਾਉਣ ਢੰਗ ਨਿਰਾਲਾ ਏ ਤੇ ਇਸ ਦੇ ਗੀਤ ਬੱਚਿਆਂ ਤੋਂ ਬਜ਼ੁਰਗਾਂ ਤੱਕ ਇਕ ਸਮਾਨ ਪ੍ਰਭਾਵ ਛੱਡਦੇ ਨੇæææ।’ ਉਸ ਦੀ ਸਿਫ਼ਤ ਵਿਚ ਹੋਰ ਵੀ ਬੜੀਆਂ ਗੱਲਾਂ ਕਹੀਆਂ ਗਈਆਂ, ਜਿਨ੍ਹਾਂ ਨੂੰ ਸੁਣ ਕਲਾਕਾਰ ਮੰਦ-ਮੰਦ ਮੁਸਕਰਾ ਰਿਹਾ ਸੀ।
ਫੇਰ ਕਲਾਕਾਰ ਨੇ ਕਿਹਾ, ‘ਸਾਹਮਣਲੀ ਸਕਰੀਨ ‘ਤੇ ਤੁਸੀਂ ਮੇਰੇ ਨਵੇਂ ਗੀਤ ਦਾ ਵੀਡੀਓ ਦੇਖ ਲਵੋ, ਬਾਅਦ ‘ਚ ਆਪਾਂ ਸਵਾਲਾਂ ਜਵਾਬਾਂ ਵੱਲ ਮੁੜਦੇ ਹਾਂ।’ ਵੀਡੀਓ ਸ਼ੁਰੂ ਹੋਇਆ ਤਾਂ ਉਮਰ ‘ਚ ਕਲਾਕਾਰ ਦੀ ਬੇਬੇ ਦਿਸਣ ਵਾਲੀ ਗੋਰੀ ਛੋਟੀ ਜਹੀ ਨਿੱਕਰ ਪਾ ਕੇ ਬਿਨਾਂ ਵਜ੍ਹਾ ਛਾਲ਼ਾਂ ਮਾਰਦੀ ਫਿਰੇ। ਕਲਾਕਾਰ ਕੁਝ ਹੋਰ ਕਹੇ ਤੇ ਗੋਰੀ ਕੁਝ ਹੋਰ ਹੀ ਕਰਦੀ ਫਿਰੇ।
ਗਾਣਾ ਖਤਮ ਹੋਇਆ ਤਾਂ ਕਲਾਕਾਰ ਪੱਤਰਕਾਰਾਂ ਦੇ ਅੜਿੱਕੇ ਆ ਗਿਆ। ਪਹਿਲਾ ਸਵਾਲ ਹੋਇਆ, “ਹੁਣੇ-ਹੁਣੇ ਤੁਹਾਡੇ ਬਾਰੇ ਨਾਲ ਬੈਠੇ ਸੱਜਣ ਨੇ ਕਿਹਾ ਸੀ ਕਿ ਤੁਸੀਂ ਮਾਂ ਬੋਲੀ ਨੂੰ ਸਮਰਪਤ ਹੋ, ਮਾਂ ਬੋਲੀ ਦੇ ਵਿਕਾਸ ਲਈ ਯਤਨਸ਼ੀਲ ਹੋ, ਪਰ ਆਹ ਗੋਰੀ ਦੇ ਦੁੜੰਗੇ ਅਤੇ ਕੱਪੜੇ ਦੇਖ ਕੇ ਤਾਂ ਨਹੀਂ ਲੱਗਦਾ ਕਿ ਇੰਜ ਮਾਂ ਬੋਲੀ ਦਾ ਵਿਕਾਸ ਹੁੰਦਾ ਹੋਏਗਾ।”
ਕਲਾਕਾਰ ਭਮੱਤਰ ਗਿਆ। ਉਹਨੇ ਕੋਈ ਹੋਰ ਜਵਾਬ ਅਹੁੜਦਾ ਨਾ ਦੇਖ ਤਾਰੀਫ ਕਰਨ ਵੱਲ ਸੱਜਣ ਵੱਲ ਉਂਗਲ ਕਰਕੇ ਕਹਿ ਛੱਡਿਆ, “ਮੈਂ ਤਾਂ ਕਦੇ ਆਖਿਆ ਹੀ ਨਹੀਂ ਕਿ ਮੈਂ ਮਾਂ ਬੋਲੀ ਦੀ ਸੇਵਾ ਕਰਦਾ ਹਾਂ, ਇਹ ਤਾਂ ਇਨ੍ਹਾਂ ਨੇ ਆਖਿਐ, ਅਸੀਂ ਤਾਂ ਸੌ ਫ਼ੀਸਦੀ ਕਮਰਸ਼ੀਅਲ ਬੰਦੇ ਹਾਂ, ਮਾਰਕੀਟ ਵਿਚ ਜੋ ਵਿਕਦੈ, ਉਹ ਗਾਈਦੈ।”
ਉਹਨੇ ਆਪ ਬਚਣ ਖਾਤਰ ਨਾਲ ਦੇ ਸਿਰ ਸਾਰਾ ਠੀਕਰਾ ਭੰਨ ਛੱਡਿਆ। ਇਹ ਸਾਰੀਆਂ ਘਟਨਾਵਾਂ ਉਨ੍ਹਾਂ ਕਲਾਕਾਰਾਂ ਨਾਲ ਜ਼ਿਆਦਾ ਵਾਪਰਦੀਆਂ ਨੇ, ਜਿਹੜੇ ਪਹਿਲਾਂ ਕੰਮ ਕਰਨ ਵੇਲ਼ੇ ਕੁਝ ਸੋਚਦੇ ਨਹੀਂ ਤੇ ਬਾਅਦ ਵਿਚ ਉਨ੍ਹਾਂ ਨੂੰ ਸ਼ਰਮ ਮਾਰਿਆਂ ਕੋਈ ਜਵਾਬ ਨਹੀਂ ਸੁੱਝਦਾ। ਕਈ ਕਲਾਕਾਰ ਅਜਿਹੇ ਨੇ, ਜਿਹੜੇ ਉਲਝਣ ਪੈਂਦੀ ਦੇਖ, ‘ਅੱਗੇ ਤੋਂ ਖਿਆਲ ਰੱਖਾਂਗੇ’ ਕਹਿ ਖਹਿੜਾ ਛੁਡਾਉਂਦੇ ਨੇ, ਪਰ ਅਗਲੇ ਹਫ਼ਤੇ ਉਨ੍ਹਾਂ ਦਾ ਕੋਈ ਹੋਰ ਕਾਰਨਾਮਾ ਸਾਹਮਣੇ ਆ ਜਾਂਦੈ।
ਇਨ੍ਹੀਂ ਦਿਨੀਂ ਪੰਜਾਬ ਦਾ ਇਕ ਵਿਵਾਦਤ ਕਲਾਕਾਰ ਆਪਣੀ ਧਾਰਮਿਕ ਐਲਬਮ ਰਿਲੀਜ਼ ਕਰਨ ਦੀ ਯੋਜਨਾ ਬਣਾ ਰਿਹੈ। ਲੋਕਾਂ ਉਸ ਨੂੰ ਹਰ ਮੋੜ ‘ਤੇ ਬਹੁਤ ਘੇਰਿਐ ਤੇ ਆਪਣੇ ਖਿਲਾਫ ਹੋਏ ਪ੍ਰਚਾਰ ਨੂੰ ਦੇਖਦਿਆਂ ਉਹਨੇ ਯੋਜਨਾ ਬਣਾਈ ਏ ਕਿ ਕਿਉਂ ਨਾ ਭੁੱਲ ਬਖਸ਼ਾਈ ਐਲਬਮ ਕਰ ਲਈ ਜਾਵੇ। ਇਕ ਵਾਰ ਆਪਣਾ ਚੰਗਾ ਪ੍ਰਭਾਵ ਸਿਰਜਣ ਖਾਤਰ ਉਹ ਇਹ ਸਭ ਢਕਵੰਜ ਰਚ ਰਿਹੈ। ਦੇਖਦੇ ਹਾਂ, ਹੁਣ ਉਹ ਕਦੋਂ ਐਲਬਮ ਕਰਦਾ ਤੇ ਉਸ ਤੋਂ ਬਾਅਦ ਧਾਰਮਿਕ ਪਾਸੇ ਮੁੜਨ ਪਿੱਛੇ ਕੀ ਤਰਕ ਦਿੰਦੈ।
ਕਦੇ-ਕਦੇ ਇੰਜ ਜਾਪਣ ਲੱਗਦੈ ਕਿ ਪੰਜਾਬ ਦੇ ਬਹੁਤੇ ਕਲਾਕਾਰ ਭਾਰਤ ਦੀ ਕੇਂਦਰੀ ਲੀਡਰਸ਼ਿਪ ਵਿਚਲੇ ਦਿਗਵਿਜੇ ਸਿੰਘ, ਜੈ ਰਾਮ ਰਮੇਸ਼ ਅਤੇ ਬੇਨੀ ਪ੍ਰਸਾਦ ਵਰਮਾ ਵਰਗੇ ਬਣ ਚੁੱਕੇ ਨੇ। ਇਨ੍ਹਾਂ ਲੀਡਰਾਂ ਨੇ ‘ਯੂ ਪੀ ਏ’ ਸਰਕਾਰ ਦੀ ਤੋਏ-ਤੋਏ ਕਰਾਉਣ ਵਿਚ ਕੋਈ ਕਸਰ ਨਹੀਂ ਛੱਡੀ ਤੇ ਜਦੋਂ ਇਨ੍ਹਾਂ ਵੱਲੋਂ ਕੋਈ ਭਸੂੜੀਨੁਮਾ ਬਿਆਨ ਦਾਗ਼ ਦਿੱਤਾ ਜਾਂਦੈ ਤਾਂ ਕਾਂਗਰਸ ਖੁਦ ਨੂੰ ਇਨ੍ਹਾਂ ਨਾਲੋਂ ਵੱਖ ਸਾਬਤ ਕਰਨ ਦੀ ਕੋਸ਼ਿਸ਼ ਕਰਨ ਲੱਗਦੀ ਏ।
ਗੀਤਾ ਜ਼ੈਲਦਾਰ, ਹਨੀ ਸਿੰਘ ਤੇ ਗਿੱਪੀ ਗਰੇਵਾਲ ਵੀ ਦਿੱਗੀ ਵਾਂਗ ਪਹਿਲਾਂ ਮੁਸੀਬਤ ਸਹੇੜਨ ਵਾਲੀ ਗੱਲ ਕਰ ਲੈਂਦੇ ਨੇ, ਪਰ ਬਾਅਦ ਵਿਚ ਇਨ੍ਹਾਂ ਨੂੰ ਵਿਵਾਦਗ੍ਰਸਤ ਲੀਡਰਾਂ ਵਾਂਗ ਬਚਣ ਦਾ ਰਾਹ ਨਹੀਂ ਲੱਭਦਾ। ਇਹ ਮਹਾਂਮੂਰਖ ਲੀਡਰਾਂ ਵਾਂਗ ਇਹ ਵੀ ਨਹੀਂ ਕਹਿ ਸਕਦੇ ਕਿ ਸਾਡੇ ਵੀਡੀਓ ਜਾਂ ਗੀਤ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਐ ਕਿਉਂਕਿ ਆਮ ਲੋਕਾਂ ਨੇ ਸਾਰਾ ਕੁਝ ਕਰਦਿਆਂ ਚੈਨਲਾਂ ‘ਤੇ ਇਨ੍ਹਾਂ ਨੂੰ ਅੱਖੀਂ ਦੇਖਿਆ ਹੁੰਦੈ।
ਅਖੀਰ ਗੱਲ ਇਥੇ ਮੁੱਕਦੀ ਏ ਕਿ ਬੰਦੇ ਦੇ ਕੰਮ ਉਹਦੇ ਕਿਰਦਾਰ ਦੀ ਪਛਾਣ ਬਣਾਉਂਦੇ ਨੇ, ਜਿਸ ਤਰ੍ਹਾਂ ਦੇ ਕਾਰਨਾਮੇ ਸਾਡੇ ਕਲਾਕਾਰਾਂ ਵੱਲੋਂ ਕੀਤੇ ਜਾਂਦੇ ਨੇ, ਉਹ ਇਨ੍ਹਾਂ ਦੇ ਕਿਰਦਾਰ ਤੋਂ ਸਮੇਂ-ਸਮੇਂ ਆਪੇ ਪਰਦਾ ਚੁੱਕ ਛੱਡਦੇ ਨੇ।
ਜੱਟਾਂ ਦੀਆਂ ਹਾਈਟੈਕ ਫਿਲਮਾਂ
ਇਕ ਵੇਲਾ ਸੀ ਜਦੋਂ ‘ਬਦਲਾ ਜੱਟੀ ਦਾ’, ‘ਅਣਖ ਜੱਟਾਂ ਦੀ’, ‘ਜੱਟ ਤੇ ਜ਼ਮੀਨ’, ‘ਪੁੱਤ ਜੱਟਾਂ ਦੇ’, ‘ਗੰਡਾਸਾ ਜੱਟ ਦਾ’ ਵਰਗੀਆਂ ਫਿਲਮਾਂ ਦਰਸ਼ਕਾਂ ਨੂੰ ਭਾਉਂਦੀਆਂ ਸਨ। ਇਨ੍ਹਾਂ ਫਿਲਮਾਂ ਦਾ ਸਰੂਰ ਦਰਸ਼ਕਾਂ ਦੇ ਦਿਮਾਗ ‘ਤੇ ਬੜਾ ਚਿਰ ਚੜ੍ਹਿਆ ਰਿਹਾ। ਮੇਰੇ ਇਕ ਦੋਸਤ ਦਾ ਚਾਚਾ ਤਾਂ ਇਹ ਵੀ ਕਹਿੰਦੈ, ਕਿ ਜਦੋਂ ‘ਅਣਖ ਜੱਟਾਂ ਦੀ’ ਫਿਲਮ ਆਈ ਸੀ, ਉਦੋਂ ਮੈਂ ਇੰਟਰਵੈਲ ਤੱਕ ਸਿਨੇਮੇ ‘ਚ ਬੈਠੇ ਨੇ ਅਧੀਆ ਖਾਲੀ ਕਰ ਦਿੱਤਾ ਸੀ, ਕਿਉਂਕਿ ਮੇਰੇ ਅੰਦਰਲੀ ਅਣਖ ਜਾਗ ਪਈ ਸੀ। ਜਦੋਂ ਉਹ ਪੂਰੀ ਫਿਲਮ ਦੇਖ ਕੇ ਬਾਹਰ ਨਿਕਲਿਆ ਸੀ ਤਾਂ ਖੁਦ ਨੂੰ ਗੱਦਾਫ਼ੀ ਨਾਲੋਂ ਘੱਟ ਨਹੀਂ ਸੀ ਸਮਝ ਰਿਹਾ। ਮੂਡ ‘ਚ ਆਇਆ ਅੱਜ ਵੀ ਕਹਿ ਛੱਡਦੈ, ‘ਕਈ ਦਿਨ ਮੈਨੂੰ ਨਾਲਦੀਆਂ ਜ਼ਮੀਨਾਂ ਵਾਲੇ ਆਪਣੇ ਵੈਰੀ ਲੱਗਦੇ ਰਹੇ ਤੇ ਦਿਲ ਕਰੇ ਸਭ ਦੇ ਡੱਕਰੇ ਕਰ ਦਿਆਂ।’
ਫੇਰ ਜਦੋਂ ਦਰਸ਼ਕ ਇਨ੍ਹਾਂ ਫਿਲਮਾਂ ਤੋਂ ਉਕਤਾ ਗਏ ਤਾਂ ਲੰਮਾ ਸਮਾਂ ਪੰਜਾਬੀ ਫਿਲਮਾਂ ਦੀ ਬ੍ਰੇਕ ਲੱਗੀ ਰਹੀ। ਹੁਣ ਜਦੋਂ ਇਕ ਵਾਰ ਫਿਰ ਬ੍ਰੇਕ ਤੋਂ ਪੈਰ ਚੁੱਕਿਆ ਗਿਐ ਤਾਂ ਪਹਿਲਾਂ ਵਾਂਗ ‘ਜੱਟ’ ਆਧਾਰਤ ਫਿਲਮਾਂ ਮੁੜ ਰਿਲੀਜ਼ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ।
Leave a Reply