ਬਾਲੀਵੁੱਡ ਦੇ ਪ੍ਰਸਿੱਧ ਕਾਮੇਡੀਅਨ ਜਗਦੀਪ ਬਹੁਤ ਹੀ ਭੋਲੇ-ਭਾਲੇ ਅਤੇ ਚੰਗੇ ਇਨਸਾਨ ਹਨ। ਹਮੇਸ਼ਾ ਹੱਸਦੇ ਰਹਿਣਾ ਅਤੇ ਸਭ ਨੂੰ ਖੁਸ਼ੀ-ਖੁਸ਼ੀ ਮਿਲਣਾ ਉਨ੍ਹਾਂ ਦਾ ਸੁਭਾਅ ਹੈ। ਉਹ ਅਕਸਰ ਅੱਖਾਂ ਵਿਚ ਸੁਰਮਾ ਅਤੇ ਸਿਰ ‘ਤੇ ਟੋਪੀ ਪਹਿਨੀ ਰੱਖਦੇ ਹਨ। ਉਨ੍ਹਾਂ ਨੇ 1975 ਦੀ ਫ਼ਿਲਮ ‘ਸ਼ੋਅਲੇ’ ਵਿਚ ਸੂਰਮਾ ਭੋਪਾਲੀ, 1984 ਦੀ ਫ਼ਿਲਮ ‘ਪੁਰਾਨਾ ਮੰਦਿਰ’ ਵਿਚ ਗੱਬਰ ਅਤੇ 1988 ਦੀ ਫ਼ਿਲਮ ‘ਵੀਰਾਨਾ’ ਵਿਚ ਹੋਟਲ ਰਿਸੈਪਸ਼ਨਿਸਟ ਦੇ ਕਿਰਦਾਰਾਂ ਨਾਲ ਕਾਫੀ ਪ੍ਰਸ਼ੰਸਾ ਬਟੋਰੀ ਸੀ।
ਆਪਣਾ ਫ਼ਿਲਮੀ ਸਫਰ ਉਨ੍ਹਾਂ ਬਾਲ ਕਲਾਕਾਰ ਦੇ ਰੂਪ ਵਿਚ ‘ਅਬ ਦਿੱਲੀ ਦੂਰ ਨਹੀਂ’, ‘ਮੁੰਨਾ’ ਅਤੇ ‘ਹਮ ਪੰਛੀ ਏਕ ਡਾਲ ਕੇ’ ਵਰਗੀਆਂ ਫ਼ਿਲਮਾਂ ਨਾਲ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਨਿਰਦੇਸ਼ਕ ਬਿਮਲ ਰਾਏ ਦੀ ਫ਼ਿਲਮ ‘ਦੋ ਬੀਘਾ ਜ਼ਮੀਨ’ ਨਾਲ ਕਾਮੇਡੀ ਕਲਾਕਾਰ ਦੇ ਰੂਪ ਵਿਚ ਫ਼ਿਲਮਾਂ ਵਿਚ ਕੰਮ ਸ਼ੁਰੂ ਕੀਤਾ ਅਤੇ ਫਿਰ ਮੁੜ ਕੇ ਪਿੱਛੇ ਨਹੀਂ ਦੇਖਿਆ। ਉਹ ਆਪਣੇ ਸਮੇਂ ਦੇ ਸਭ ਤੋਂ ਲੋਕਪ੍ਰਿਯ ਕਾਮੇਡੀਅਨਾਂ ਵਿਚ ਸ਼ਾਮਲ ਹੋ ਗਏ। ਉਨ੍ਹਾਂ ‘ਕਾਲੀ ਘਟਾ’ (1974), ‘ਸਵਰਗ ਨਰਕ” (1978), ‘ਸੁਰਕਸ਼ਾ’ (1979), ‘ਬਿਦਾਈ’ (1974), ‘ਅੰਦਾਜ਼ ਅਪਨਾ-ਅਪਨਾ’ (1994), ‘ਚਾਈਨਾ ਗੇਟ’ (1998) ਆਦਿ ਫ਼ਿਲਮਾਂ ਵਿਚ ਕੰਮ ਕੀਤਾ ਅਤੇ ਖਾਸ ਥਾਂ ਬਣਾਈ। ਉਨ੍ਹਾਂ ਕੁਝ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ ਜਿਨ੍ਹਾਂ ਵਿਚ ਵੱਡੇ-ਵੱਡੇ ਫ਼ਿਲਮੀ ਸਿਤਾਰਿਆਂ ਨੇ ਗੈਸਟ ਅਪੀਅਰੈਂਸ ਦੇ ਰੂਪ ਵਿਚ ਕੰਮ ਕੀਤਾ ਪਰ ਉਨ੍ਹਾਂ ਦੀਆਂ ਜ਼ਿਆਦਾਤਰ ਫ਼ਿਲਮਾਂ ਅਸਫਲ ਰਹੀਆਂ। ਉਨ੍ਹਾਂ ਨੇ ਆਖਰੀ ਫ਼ਿਲਮ ‘ਜਰਨੀ ਬਾਂਬੇ ਟੂ ਗੋਵਾ’ ਵਿਚ ਕੰਮ ਕੀਤਾ ਜੋ ਫਲਾਪ ਸਿੱਧ ਹੋਈ। ਜਗਦੀਪ ਦੇ ਬੇਟੇ ਜਾਵੇਦ ਜਾਫਰੀ ਕਾਫੀ ਫ਼ਿਲਮਾਂ ਅਤੇ ਟੀæਵੀæ ਪ੍ਰੋਗਰਾਮਾਂ ਵਿਚ ਕੰਮ ਕਰ ਕੇ ਨਾਂ ਕਮਾਇਆ। ਛੋਟਾ ਬੇਟਾ ਨਾਵੇਦ ਵੀ ਅਕਸਰ ਟੀæ ਵੀæ ਪ੍ਰੋਗਰਾਮਾਂ ਵਿਚ ਨਜ਼ਰ ਆਉਂਦਾ ਰਹਿੰਦਾ ਹੈ।
___________________________________________________
ਗਲੈਮਰ ਗਰਲ ਸਮੀਰਾ ਰੈੱਡੀ
ਸਮੀਰਾ ਰੈੱਡੀ ਅਜਿਹੀ ਅਦਾਕਾਰਾ ਹੈ ਜਿਸ ਨੇ ਹਰ ਖੇਤਰ ਵਿਚ ਆਪਣੇ ਫਨ ਦਾ ਡੰਕਾ ਤਾਂ ਜ਼ਰੂਰ ਵਜਾਇਆ, ਪਰ ਸਫਲ ਨਹੀਂ ਹੋ ਸਕੀ। ਫਿਰ ਵੀ ਹਿੰਦੀ ਫ਼ਿਲਮਾਂ ਦੀ ਉਹ ਗਲੈਮਰ ਬ੍ਰਿਗੇਡ ਦਾ ਅਟੁੱਟ ਹਿੱਸਾ ਹੈ। ਸਮੀਰਾ ਦੀ ਦਿਲਚਸਪੀ ਬਚਪਨ ਤੋਂ ਹੀ ਕਲਾਸੀਕਲ ਡਾਂਸ ਵਿਚ ਰਹੀ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਅਤੇ ਮਿਊਜ਼ਿਕ ਵੀਡੀਓਜ਼ ਨਾਲ ਕੀਤੀ ਸੀ। ਸਭ ਤੋਂ ਪਹਿਲਾਂ ਉਹ ਪੰਕਜ ਉਧਾਸ ਦੇ ਮਿਊਜ਼ਿਕ ਵੀਡੀਓ ਵਿਚ ਨਜ਼ਰ ਆਈ ਸੀ। ਇਸ ਵੀਡੀਓ ਵਿਚ ਆਪਣੀਆਂ ਮਨਮੋਹਕ ਅਦਾਵਾਂ ਨਾਲ ਦਰਸ਼ਕਾਂ ਦਾ ਮਨ ਮੋਹ ਲੈਣ ਵਿਚ ਸਮੀਰਾ ਸਫਲ ਰਹੀ ਅਤੇ ਉਸ ਲਈ ਹਿੰਦੀ ਫ਼ਿਲਮਾਂ ਦੇ ਬੂਹੇ ਖੁੱਲ੍ਹ ਗਏ। ਸਮੀਰਾ ਨੂੰ ਪਹਿਲੀ ਵਾਰ ਫ਼ਿਲਮਾਂ ਵਿਚ ਕੰਮ ਕਰਨ ਦਾ ਮੌਕਾ ਸੋਹੇਲ ਖਾਨ ਨੇ ਆਪਣੀ ਫ਼ਿਲਮ ‘ਮੈਨੇ ਦਿਲ ਤੁਝ ਕੋ ਦੀਆ’ ਵਿਚ ਦਿੱਤਾ ਪਰ ਫ਼ਿਲਮ ਫਲਾਪ ਹੋ ਗਈ। ਉਸ ਪਿੱਛੋਂ ਉਸ ਨੇ ਆਪਣੀ ਇਮੇਜ ਵਿਚ ਤਬਦੀਲੀ ਕੀਤੀ ਅਤੇ ‘ਪਲਾਨ’, ‘ਡਰਨਾ ਮਨ੍ਹਾ ਹੈ’ ਆਦਿ ਫਿਲਮਾਂ ਵਿਚ ਆਪਣੇ ਗਲੈਮਰਸ ਅੰਦਾਜ਼ ਤੋਂ ਦਰਸ਼ਕਾਂ ਨੂੰ ਜਾਣੂ ਕਰਵਾਇਆ। ਦਰਸ਼ਕਾਂ ਨੇ ਵੀ ਸਮੀਰਾ ਦੇ ਇਸ ਬਦਲੇ ਅੰਦਾਜ਼ ਨੂੰ ਖੂਬ ਪਸੰਦ ਕੀਤਾ। ‘ਮੁਸਾਫਿਰ’ ਵਿਚ ਤਾਂ ਸਮੀਰਾ ਨੇ ਆਪਣੀ ਬੋਲਡ ਅਦਾਕਾਰੀ ਨਾਲ ਕਾਫੀ ਪ੍ਰਭਾਵ ਛੱਡਿਆ। ਹਿੰਦੀ ਫ਼ਿਲਮਾਂ ਵਿਚ ਬਹੁਤਾ ਮਹੱਤਵ ਨਾ ਮਿਲਣ ‘ਤੇ ਸਮੀਰਾ ਨੇ ਬੰਗਾਲੀ ਫ਼ਿਲਮਾਂ ਵੱਲ ਰੁਖ਼ ਕੀਤਾ ਜੋ ਉਸ ਲਈ ਫਾਇਦੇਮੰਦ ਰਿਹਾ। ਬੰਗਾਲੀ ਫ਼ਿਲਮਸਾਜ਼ ਬੁੱਧਦੇਵ ਦਾਸ ਗੁਪਤਾ ਦੀ ਛਤਰ-ਛਾਇਆ ਹੇਠ ਸਮੀਰਾ ਨੇ ਆਪਣੀ ਅਦਾਕਾਰੀ ਨਿਖਾਰੀ। ਸਮੀਰਾ ਨੇ ਜਦੋਂ ‘ਕਾਲਪੁਰਸ਼’ ਵਰਗੀ ਫ਼ਿਲਮ ਕੀਤੀ ਸਾਰੇ ਹੈਰਾਨ ਰਹਿ ਗਏ ਸਨ। ‘ਰੇਸ’ ਅਤੇ ‘ਵਨ ਟੂ ਥ੍ਰੀ’ ਵਿਚ ਉਸ ਦੀ ਸਿਫਤ ਹੋਈ। ਉਸ ਨੂੰ ਅਨੰਤ ਮਹਾਦੇਵਨ ਦੀ ਫਿਲਮ ‘ਰੈੱਡ ਅਲਰਟ’ ਵਿਚ ਨਕਸਲੀ ਕੁੜੀ ਦੇ ਕਿਰਦਾਰ ਲਈ ਵੀ ਵਾਹਵਾ ਪ੍ਰਸੰਸਾ ਮਿਲੀ।
Leave a Reply