ਦਿੱਲੀ ਕਮੇਟੀ ਚੋਣਾਂ ‘ਚ ਫਤਿਹ ਪਿੱਛੋਂ ਬਾਦਲ ਧੜੇ ਦੇ ਹੌਸਲੇ ਬੁਲੰਦ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਤੀਸਰੀ ਵਾਰ ਜੇਤੂ ਰਿਹਾ ਹੈ। ਚੋਣਾਂ ‘ਚ ਅਕਾਲੀ ਦਲ ਨੂੰ 2017 ਦੇ ਮੁਕਾਬਲੇ ਘੱਟ ਸੀਟਾਂ ਮਿਲੀਆਂ ਹਨ ਪਰ ਉਹ ਬਹੁਮਤ ਪ੍ਰਾਪਤ ਕਰਨ ਵਿਚ ਸਫਲ ਰਿਹਾ ਹੈ। ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਅਕਾਲੀ ਦਲ (ਦਿੱਲੀ) ਨੂੰ 14 ਤੇ ਮਨਜੀਤ ਸਿੰਘ ਜੀਕੇ ਦੀ ਜਾਗੋ ਪਾਰਟੀ ਨੂੰ 2 ਸੀਟਾਂ ਉੱਤੇ ਸਬਰ ਕਰਨਾ ਪਿਆ ਹੈ।

ਇਧਰ, ਅਕਾਲੀ ਦਲ ਵੱਲੋਂ ਦਿੱਲੀ ਕਮੇਟੀ ਚੋਣਾਂ ਵਿਚ ਮਿਲੀ ਜਿੱਤ ਨੂੰ 2022 ਦੀਆਂ ਪੰਜਾਬ ਵਿਧਾਨ ਸਭਾ ਨਾਲ ਜੋੜ ਕੇ ਵੱਡੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਅਕਾਲੀ ਦਲ ਦੀ ਜਿੱਤ ਨੂੰ ਖਾਲਸਾ ਪੰਥ ਵੱਲੋਂ ਅਕਾਲੀ ਦਲ ਦੀ ਪੰਥਕ ਹਸਤੀ ਤੇ ਧਰਮ ਪ੍ਰਤੀ ਵਚਨਬੱਧਤਾ ‘ਤੇ ਫਤਵਾ ਕਰਾਰ ਦਿੱਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸਿੱਖ ਸੰਗਤ ਨੇ ਕਾਂਗਰਸ ਦੀ ਹਮਾਇਤ ਪ੍ਰਾਪਤ ਤੇ ਸੁਖਦੇਵ ਸਿੰਘ ਢੀਂਡਸਾ ਸਮੇਤ ਭਾਜਪਾ ਦੀ ਸਰਪ੍ਰਸਤੀ ਵਾਲੇ ਗਰੁੱਪਾਂ ਅਤੇ ਸਰਨਾ ਧੜੇ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਤੇ ਅਕਾਲੀ ਦਲ ਦੀ ਪੰਥਕ ਵਚਨਬੱਧਤਾ ਉਤੇੇ ਸਵਾਲ ਕਰਨ ਵਾਲਿਆਂ ਨੂੰ ਸਬਕ ਸਿਖਾਇਆ ਹੈ।
ਸੁਖਬੀਰ ਦਾ ਦਾਅਵਾ ਹੈ ਕਿ ਇਹ ਇਕ ਤੂਫਾਨ ਦੀ ਸ਼ੁਰੂਆਤ ਹੈ, ਜੋ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਉਡਾ ਕੇ ਲੈ ਜਾਵੇਗਾ।
ਦੱਸ ਦਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ 46 ਵਾਰਡਾਂ ਵਿਚੋਂ 27 ਵਿਚ ਜਿੱਤ ਹਾਸਲ ਕਰਕੇ ਤੀਜੀ ਵਾਰ ਲਗਾਤਾਰ ਸਿੱਖਾਂ ਦੀ ਇਸ ਦੂਜੀ ਵੱਡੀ ਧਾਰਮਿਕ ਸੰਸਥਾ ਉਪਰ ਕਬਜ਼ਾ ਬਰਕਰਾਰ ਰੱਖਿਆ ਹੈ। ਹਾਲਾਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਾਰਡ-9 ਪੰਜਾਬੀ ਬਾਗ ਤੋਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਉਮੀਦਵਾਰ ਹਰਵਿੰਦਰ ਸਿੰਘ ਸਰਨਾ ਤੋਂ ਹਾਰ ਗਏ ਪਰ ਉਨ੍ਹਾਂ ਦੀ ਅਗਵਾਈ ਹੇਠ ‘ਦੋ ਸਾਲਾਂ` ਦੇ ਕੰਮ ਦੇ ਆਧਾਰ `ਤੇ ਦਲ ਨੇ ਪੂਰਨ ਬਹੁਮਤ ਪ੍ਰਾਪਤ ਕੀਤਾ।
ਸ੍ਰੀ ਸਿਰਸਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰ ਵਜੋਂ ਜਨਰਲ ਹਾਊਸ ਵਿਚ ਸ਼ਾਮਲ ਕਰਨ ਦਾ ਐਲਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਜਾਣ ਨਾਲ ਹੀ ਉਨ੍ਹਾਂ ਦੇ ਮੁੜ ਦਿੱਲੀ ਕਮੇਟੀ ਦਾ ਪ੍ਰਧਾਨ ਬਣਾਉਣ ਲਈ ਰਾਹ ਸਾਫ ਹੋ ਗਿਆ ਹੈ। ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੂੰ ਲਗਾਤਾਰ ਤੀਜੀ ਵਾਰ ਹਾਰ ਦਾ ਮੂੰਹ ਦੇਣਾ ਪਿਆ ਤੇ ਇਸ ਵਾਰ ਸਰਨਾ ਧੜੇ ਨੂੰ 14 ਹਲਕਿਆਂ ਵਿਚ ਜਿੱਤ ਮਿਲੀ। ਸ਼੍ਰੋਮਣੀ ਅਕਾਲੀ ਦਲ (ਸ) ਤੇ ਮਨਜੀਤ ਸਿੰਘ ਜੀ.ਕੇ. ਦੀ ਜਾਗੋ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਰਾਣਾ, ਜਾਗੋ ਆਪਣੇ 2 ਹਲਕਿਆਂ ‘ਤੇ ਹੀ ਜਿੱਤ ਸਕੀ। ਜੰਗਪੁਰਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਤਰਵਿੰਦਰ ਸਿੰਘ ਮਰਵਾਹ ਇਸ ਵਾਰ ਫਿਰ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਹਾਲਾਂਕਿ ਉਨ੍ਹਾਂ ਨੂੰ ਸਰਨਾ ਭਰਾਵਾਂ ਤੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦਾ ਸਮਰਥਨ ਵੀ ਹਾਸਲ ਸੀ।
ਭਾਈ ਰਣਜੀਤ ਸਿੰਘ ਦੀ ਪੰਥਕ ਅਕਾਲੀ ਲਹਿਰ ਨੂੰ ਸਿਰਫ ਵਿਸ਼ਨੂੰ ਗਾਰਡਨ ਤੋਂ ਜਿੱਤ ਮਿਲੀ ਹੈ। ਸਿੱਖ ਸਦਭਾਵਨਾ ਦਲ ਤੇ ਪੰਥਕ ਸੇਵਾ ਦਲ ਦਾ ਕੋਈ ਵੀ ਉਮੀਦਵਾਰ ਜਿੱਤ ਹਾਸਲ ਨਹੀਂ ਕਰ ਸਕਿਆ। ਪ੍ਰਬੰਧਕ ਕਮੇਟੀ ਦੀ ਚੋਣ ਲਈ 46 ਵਾਰਡਾਂ ਲਈ 22 ਅਗਸਤ ਨੂੰ ਵੋਟਾਂ ਪਈਆਂ ਸਨ। ਜੇਤੂਆਂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਲਕਾ (ਜਨਰਲ ਸਕੱਤਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ), ਗੁਰਦੇਵ ਸਿੰਘ, ਇਸਤਰੀ ਅਕਾਲੀ ਦਲ ਦੀ ਸੂਬਾ ਪ੍ਰਧਾਨ ਰਣਜੀਤ ਕੌਰ, ਦਿਲਸ਼ਾਦ ਗਾਰਡਨ ਤੋਂ ਬਲਬੀਰ ਸਿੰਘ ਵਿਵੇਕ ਵਿਹਾਰ ਤੋਂ ਹਰਵਿੰਦਰ ਸਿੰਘ ਕੇਪੀ (ਸ਼ਕਤੀ ਨਗਰ) ਤੇ ਜਗਦੀਪ ਸਿੰਘ ਕਾਹਲੋਂ ਅਹਿਮ ਉਮੀਦਵਾਰ ਸ਼ਾਮਲ ਹਨ ਜਦਕਿ ਹਾਰਨ ਵਾਲਿਆਂ ਵਿੱਚ ਪਰਮਜੀਤ ਸਿੰਘ ਚੰਡੋਕ, ਰਵਿੰਦਰ ਸਿੰਘ ਖੁਰਾਣਾ ਦੇ ਨਾਂ ਸ਼ਾਮਲ ਹਨ।
__________________________________________________
ਅਕਾਲੀ ਦਲ ਨੂੰ ਮਿਲੀਆਂ 40.27 ਫੀਸਦੀ ਵੋਟਾਂ
ਕਮੇਟੀ ਲਈ ਬਣੀਆਂ ਕੁੱਲ 2 ਲੱਖ 42 ਹਜ਼ਾਰ ਵੋਟਾਂ ਵਿਚੋਂ ਕੇਵਲ 37.27 ਫੀਸਦੀ ਵੋਟਰਾਂ ਨੇ ਹੀ ਆਪਣੇ ਹੱਕ ਦੀ ਵਰਤੋਂ ਕੀਤੀ ਹੈ। ਇਨ੍ਹਾਂ ਵਿਚ ਵੀ ਔਰਤਾਂ ਦੀ ਸ਼ਮੂਲੀਅਤ ਬੇਹੱਦ ਨਿਰਾਸ਼ ਕਰਨ ਵਾਲੀ ਹੈ। ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨੂੰ ਕੁੱਲ ਪੋਲ ਹੋਈਆਂ ਵੋਟਾਂ ਵਿਚੋਂ 40.27ਗ਼ ਵੋਟਾਂ ਮਿਲੀਆਂ ਜਦਕਿ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੂੰ 27.79ਗ਼ ਵੋਟਾਂ ਮਿਲੀਆਂ। ਜਾਗੋ ਨੂੰ 15.72ਗ਼ ਵੋਟਾਂ ਪ੍ਰਾਪਤ ਹੋਈਆਂ ਜਦਕਿ ਪੰਥਕ ਅਕਾਲੀ ਲਹਿਰ ਨੂੰ .23ਗ਼ ਵੋਟਾਂ ਹੀ ਮਿਲੀਆਂ। ਇਸ ਤਰ੍ਹਾਂ ਪੰਥਕ ਸੇਵਾ ਦਲ ਤੇ ਸਿੱਖ ਸਦਭਾਵਨਾ ਦਲ ਲਈ ਦਿੱਲੀ ਵਿਚ ਖ਼ੁਦ ਨੂੰ ਸਥਾਪਤ ਰੱਖਣਾ ਵੱਡੀ ਚੁਣੌਤੀ ਬਣ ਗਿਆ ਹੈ।