ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਆਮ ਆਦਮੀ ਪਾਰਟੀ ਵਿਚ ਸ਼ਾਮਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਹਾਜਰੀ ‘ਚ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਜਥੇਦਾਰ ਸੇਖਵਾਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਅਕਾਲੀ ਦਲ ਦੀ ਸਰਕਾਰ ‘ਚ ਮੰਤਰੀ ਰਹੇ ਸਨ।

ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਅਕਾਲੀ ਦਲ (ਬਾਦਲ) ਨਾਲ ਉਨ੍ਹਾਂ ਦਾ ਤਿੰਨ ਪੀੜੀਆਂ ਤੋਂ ਸਬੰਧ ਰਿਹਾ ਹੈ ਪਰ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਕੋਈ ਵੀ ਆਗੂ ਇਥੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਜੋ ਦੇਸ਼ ਦੇ ਉਘੇ ਨੇਤਾਵਾਂ ‘ਚੋਂ ਇਕ ਹਨ, ਉਹ ਮੇਰਾ ਹਾਲ ਜਾਣਨ ਲਈ ਮੇਰੇ ਘਰ ਪਹੁੰਚੇ ਹਨ। ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਮੈਂ ‘ਆਪ‘ ਨਾਲ ਹਮੇਸ਼ਾ ਖੜ੍ਹਾ ਰਹਾਂਗਾ।“
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀਆਂ ‘ਚੋਂ ਇਕ ਰਹੇ ਸ੍ਰੀ ਸੇਖਵਾਂ ਅਕਾਲੀ ਦਲ (ਬ) ਦੀ ਕੋਰ ਕਮੇਟੀ ਸਮੇਤ ਹੋਰ ਕਮੇਟੀਆਂ ਦਾ ਅਹਿਮ ਹਿੱਸਾ ਵੀ ਰਹੇ ਹਨ। ਉਨ੍ਹਾਂ ਦੇ ਪਿਤਾ ਜਥੇਦਾਰ ਉਜਾਗਰ ਸਿੰਘ ਸੇਖਵਾਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਰਹੇ ਸਨ। 1997 ਤੋਂ 2017 ਤੱਕ ਜਥੇਦਾਰ ਸੇਖਵਾਂ ਦੀ ਸਰਹੱਦੀ ਜ਼ਿਲ੍ਹੇ ਅੰਦਰ ਤੂਤੀ ਬੋਲਦੀ ਰਹੀ। 2007 ਤੋਂ 2012 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਜਥੇਦਾਰ ਸੇਖਵਾਂ ਦੇ ਫਰਜ਼ੰਦ ਤੇ ਤੀਜੀ ਪੀੜ੍ਹੀ ਦੇ ਵਾਰਿਸ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਮਾਰਕੀਟ ਕਮੇਟੀ ਕਾਹਨੂੰਵਾਨ ਦੇ ਚੇਅਰਮੈਨ ਵੀ ਰਹੇ।
ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਵਾਂਗ ਵਿਚਰਨ ਵਾਲੇ ਸੇਖਵਾਂ ਪਰਿਵਾਰ ਨੇ 2017 ਦੀਆਂ ਚੋਣਾਂ ਤੋਂ ਬਾਅਦ ਹੁਣ ਤੱਕ ਤਿੰਨ ਪਾਰਟੀਆਂ ‘ਚ ਸ਼ਾਮਲ ਹੋਣ ਦਾ ਸਫਰ ਤੈਅ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਉਹ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਫਿਰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਤੇ ਹੁਣ ‘ਆਪ‘ ਵਿਚ ਸ਼ਾਮਲ ਹੋਏ।
ਜਥੇਦਾਰ ਸੇਖਵਾਂ ਨੂੰ ‘ਆਪ` `ਚ ਸ਼ਾਮਲ ਕਰਨ ਮਗਰੋਂ ਅਰਵਿੰਦ ਕੇਜਰੀਵਾਲ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਥੇਦਾਰ ਸੇਖਵਾਂ ਨੂੰ ਆਮ ਆਦਮੀ ਪਾਰਟੀ ਦੇ ਪਰਿਵਾਰ `ਚ ਸ਼ਾਮਲ ਕਰਕੇ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਹੋ ਰਹੀ ਹੈ। ‘ਅਸੀਂ ਉਨ੍ਹਾਂ ਦਾ ਪਾਰਟੀ `ਚ ਸਵਾਗਤ ਕਰਦੇ ਹਾਂ। ਆਮ ਆਦਮੀ ਪਾਰਟੀ ਹੁਣ ਲੋਕਾਂ ਦੀ ਉਮੀਦ ਦੀ ਪਾਰਟੀ ਬਣ ਗਈ ਹੈ। ਪੰਜਾਬ `ਚ ਆਪ ਦੀ ਸਰਕਾਰ ਬਣਨ `ਤੇ ਲੋਕਾਂ ਦਾ ਜੀਵਨ ਖੁਸ਼ਹਾਲ ਬਣੇਗਾ ਅਤੇ ਪੰਜਾਬ ਅੱਗੇ ਵਧੇਗਾ।`
ਅਰਵਿੰਦ ਕੇਜਰੀਵਾਲ ਨੇ ਕਿਹਾ ਉਹ ਰਾਜਨੀਤੀ ਵਿਚ ਦੇਸ਼ ਦਾ ਸੁਧਾਰ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਗਲਤ ਨੀਤੀਆਂ ਕਾਰਨ ਦੇਸ ਦਾ ਨੰਬਰ ਇਕ ਕਹਾਉਣ ਵਾਲਾ ਸੂਬਾ ਪੰਜਾਬ ਪੱਛੜ ਕੇ ਰਹਿ ਚੁੱਕਾ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਰਗੀਆਂ ਸਹੂਲਤਾਂ ਪ੍ਰਦਾਨ ਕਰਕੇ ਉਹ ਸੂਬੇ ਨੂੰ ਮੁੜ ਦੇਸ ਦਾ ਨੰਬਰ ਇਕ ਸੂਬਾ ਬਣਾਉਣਾ ਚਾਹੁੰਦੇ ਹਨ। ਪੱਤਰਕਾਰਾਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨ ਬਾਰੇ ਪੁੱਛਣ ‘ਤੇ ਸ੍ਰੀ ਕੇਜਰੀਵਾਲ ਟਾਲਾ ਵੱਟ ਗਏ। ਜਥੇਦਾਰ ਸੇਖਵਾਂ ਦੇ ਪੁੱਤਰ ਜਗਰੂਪ ਸਿੰਘ ਸੇਖਵਾਂ ਨੇ ‘ਆਪ‘ ਵਿਚ ਸ਼ਾਮਲ ਹੋਣ ਤੋਂ ਬਾਅਦ ਕਿਹਾ ਕਿ ਪਾਰਟੀ ਉਨ੍ਹਾਂ ਦੀ ਜੋ ਵੀ ਡਿਊਟੀ ਲਗਾਏਗੀ, ਉਸ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਸੂਬੇ ਦੀ ਸਿਆਸਤ ਬਾਰੇ ਖੁੱਲ੍ਹ ਕੇ ਵਿਚਾਰਾਂ ਹੋਈਆਂ ਹਨ। ਮੰਨਿਆ ਜਾ ਰਿਹਾ ਹੈ ਜਥੇਦਾਰ ਸੇਵਾ ਸਿੰਘ ਸੇਖਵਾਂ ਆਪਣੇ ਪੁੱਤਰ ਜਗਰੂਪ ਸਿੰਘ ਸੇਖਵਾਂ ਨੂੰ ਹਲਕਾ ਕਾਦੀਆਂ ਤੋਂ ਉਮੀਦਵਾਰ ਬਣਾਏ ਜਾਣ ਦੀ ਸਿਫ਼ਾਰਸ਼ ਕਰ ਸਕਦੇ ਹਨ। ਸ੍ਰੀ ਕੇਜਰੀਵਾਲ ਲਗਭਗ ਇਕ ਘੰਟਾ ਜਥੇਦਾਰ ਸੇਖਵਾਂ ਦੇ ਨਿਵਾਸ ‘ਤੇ ਰੁਕੇ।
________________________________________________
ਸੇਖਵਾਂ ਅਕਾਲੀ ਦਲ (ਸੰਯੁਕਤ) ਦੀ ਮੈਂਬਰਸ਼ਿਪ ਤੋਂ ਖਾਰਜ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਮੁੱਖ ਬੁਲਾਰੇ ਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ਸੇਵਾ ਸਿੰਘ ਸੇਖਵਾਂ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੀਜਾ ਬਦਲ ਚਾਹੁੰਦਾ ਹੈ ਅਤੇ ਉਸ ਸਬੰਧੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਪੂਰੀ ਤਰ੍ਹਾਂ ਸੁਹਿਰਦ ਹੈ ਪਰ ਆਮ ਆਦਮੀ ਪਾਰਟੀ ਨੂੰ ਜੋੜ-ਤੋੜ ਕਰਕੇ ਪੰਜਾਬ ਅੰਦਰ ਸਰਕਾਰ ਬਣਾਉਣ ਦਾ ਵੱਡਾ ਭੁਲੇਖਾ ਹੈ।
_____________________________________________
ਭਗਵੰਤ ਮਾਨ ਰੁੱਸਿਆ ਨਹੀਂ: ਚੀਮਾ
ਸੰਗਰੂਰ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ ਜਿਨ੍ਹਾਂ ‘ਚ ਕਿਹਾ ਗਿਆ ਕਿ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਲੋਕ ਸਭਾ ਭਗਵੰਤ ਮਾਨ ਪਾਰਟੀ ਹਾਈਕਮਾਨ ਤੋਂ ਰੁੱਸੇ ਹੋਏ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਮੀਟਿੰਗਾਂ ਦੇ ਸਿਲਸਲੇ ‘ਚ ਜੱਬਲਪੁਰ ਗਏ ਹੋਏ ਸਨ, ਇਸ ਲਈ ਪੰਜਾਬ ਵਿਚ ਕੁਝ ਦਿਨਾਂ ਤੋਂ ਉਨ੍ਹਾਂ ਦੀਆਂ ਸਰਗਰਮੀਆਂ ਠੱਪ ਰਹੀਆਂ। ਚੀਮਾ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਬਹੁਤ ਸਾਰੇ ਆਗੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਲਈ ਤਿਆਰ ਹਨ ਪਰ ਹੁਣ ਪਾਰਟੀ ਸਮਾਜਿਕ ਕਾਰਕੁਨਾਂ ਨੂੰ ਪਾਰਟੀ ‘ਚ ਸ਼ਾਮਲ ਹੋਣ ਲਈ ਪਹਿਲ ਦੇਵੇਗੀ।