ਅਫਗਾਨੀ ਅਤੇ ਹਿੰਦੁਸਤਾਨੀ ਲੋਕ ਮੁਸੀਬਤ ਦੇ ਮੂੰਹ ਪਏ

ਜਤਿੰਦਰ ਪਨੂੰ
ਅਫਗਾਨਿਸਤਾਨ ਵਿਚ ਤਾਲਿਬਾਨ ਦੀ ਚੜ੍ਹਤ ਦਾ ਦੌਰ ਏਨੀ ਛੇਤੀ ਸਾਡੇ ਭਾਰਤ ਦੇ ਲੋਕਾਂ ਲਈ ਵੀ ਚਿੰਤਾ ਦਾ ਸਬੱਬ ਬਣ ਜਾਵੇਗਾ, ਇਹ ਗੱਲ ਕਦੀ ਕਿਸੇ ਨੇ ਨਹੀਂ ਸੀ ਸੋਚੀ। ਅਮਰੀਕਾ ਦੀ ਹਕੂਮਤ ਆਪਣੇ ਨਿਊ ਯਾਰਕ ਸ਼ਹਿਰ ਦੇ ਵਰਲਡ ਟਰੇਡ ਸੈਂਟਰ ਦੇ ਦੋ ਟਾਵਰਾਂ ਉੱਤੇ ਜਹਾਜ਼ ਮਾਰੇ ਜਾਣ ਦੀ ਘਟਨਾ ਪਿੱਛੋਂ ਜਦੋਂ ਅਫਗਾਨਿਸਤਾਨ ਵਿਚ ਤਾਲਿਬਾਨ ਨੂੰ ਕੁੱਟਣ ਲਈ ਨਿਕਲੀ ਤਾਂ ਨਾ ਖੁਦ ਉਸ ਨੂੰ ਪਤਾ ਸੀ ਕਿ ਉਹ ਮੁਸੀਬਤ ਦੇ ਲੰਮੇ ਚੱਕਰ ਵਿਚ ਫਸਣ ਲੱਗੀ ਹੈ, ਨਾ ਉਸ ਦੀ ਹਮਾਇਤ ਕਰਨ ਵਾਲਿਆਂ ਨੂੰ ਇਸ ਦਾ ਅਹਿਸਾਸ ਸੀ।

ਉਦੋਂ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਇਹ ਕਹਿਣ ਨੂੰ ਦੇਰ ਨਹੀਂ ਸੀ ਕੀਤੀ ਕਿ ਭਾਰਤ ਦਾ ਬੱਚਾ-ਬੱਚਾ ਇਸ ਜੰਗ ਵਿਚ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਦੇ ਨਾਲ ਖੜ੍ਹਾ ਹੈ, ਉਹ ਚਾਹੁਣ ਤਾਂ ਸਾਡੇ ਹਵਾਈ ਅੱਡੇ ਵੀ ਵਰਤ ਸਕਦੇ ਹਨ ਅਤੇ ਵਾਜਪਾਈ ਦੀ ਪੇਸ਼ਕਸ਼ ਵਾਂਗ ਬੁਸ਼ ਨੇ ਵੀ ਕਾਹਲੀ ਵਿਚ ਪਾਕਿਸਤਾਨ ਦੇ ਹਵਾਈ ਅੱਡੇ ਤੇ ਛਾਉਣੀਆਂ ਵਰਤਣ ਦਾ ਮਨ ਬਣਾ ਕੇ ਭੁੱਲ ਕੀਤੀ ਸੀ। ਪਾਕਿਸਤਾਨ ਦੀ ਉਦੋਂ ਵਾਲੀ ਸਰਕਾਰ ਵੀ ਅਤੇ ਉਦੋਂ ਬਾਅਦ ਦੀ ਹਰ ਸਰਕਾਰ ਵੀ ਆਪਣੀਆਂ ਛਾਉਣੀਆਂ ਅਤੇ ਹਵਾਈ ਅੱਡੇ ਦੇਣ ਦੇ ਬਹਾਨੇ ਅਮਰੀਕਾ ਨੂੰ ਬੇਵਕੂਫ ਬਣਾ ਕੇ ਨਾਲੇ ਡਾਲਰਾਂ ਦੀਆਂ ਪੰਡਾਂ ਲੈਂਦੀ ਰਹੀ ਤੇ ਨਾਲੇ ਉਨ੍ਹਾਂ ਦੇ ਦੁਸ਼ਮਣ ਤਾਲਿਬਾਨ ਨੂੰ ਲੁਕਾਉਂਦੀ, ਬਚਾਉਂਦੀ ਅਤੇ ਪਾਲਦੀ ਰਹੀ। ਜਦੋਂ ਉਹ ਫਸ ਗਏ ਤਾਂ ਉਨ੍ਹਾਂ ਨੇ ਆਪਣੇ ਕੋਲ ਲੁਕਾਏ ਓਸਾਮਾ ਬਿਨ ਲਾਦੇਨ ਨੂੰ ਮਾਰਨ ਲਈ ਅਮਰੀਕਾ ਨੂੰ ਸਹਿਮਤੀ ਦੇ ਦਿੱਤੀ, ਪਰ ਅਮਰੀਕਾ ਦੇ ਦੂਸਰੇ ਸਭ ਤੋਂ ਅਹਿਮ ਦੁਸ਼ਮਣ ਮੁੱਲਾਂ ਉਮਰ ਦਾ ਆਪਣੇ ਫੌਜੀ ਹਸਪਤਾਲ ਵਿਚ ਇਲਾਜ ਕਰਾਉਂਦੀ ਰਹੀ ਤੇ ਉਸ ਦੇ ਮਰਨ ਮਗਰੋਂ ਦੋ ਸਾਲ ਅਮਰੀਕਾ ਸਣੇ ਦੁਨੀਆਂ ਤੋਂ ਉਸ ਦੀ ਮੌਤ ਦੀ ਖਬਰ ਵੀ ਲੁਕਾਈ ਰੱਖੀ। ਇਹੀ ਨਹੀਂ, ਜਦੋਂ ਇੱਕ ਵਾਰੀ ਇਸ ਸਮੱਸਿਆ ਦੇ ਹੱਲ ਲਈ ਅਮਰੀਕਾ ਨੇ ਤਾਲਿਬਾਨ ਦੇ ਇੱਕ ਧੜੇ ਦੇ ਆਗੂ ਮੁੱਲਾਂ ਬਿਰਾਦਰ ਨਾਲ ਗੱਲਬਾਤ ਚਲਾਈ ਤਾਂ ਪਾਕਿਸਤਾਨ ਸਰਕਾਰ ਨੇ ਮੁੱਲਾਂ ਬਿਰਾਦਰ ਨੂੰ ਅਚਾਨਕ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ ਕੋਸਿ਼ਸ਼ ਫੇਲ੍ਹ ਵੀ ਕਰ ਦਿੱਤੀ ਸੀ। ਅਮਰੀਕਾ ਤੇ ਤਾਲਿਬਾਨ ਦਾ ਤਾਜ਼ਾ ਸਮਝੌਤਾ ਵੀ ਉਦੋਂ ਹੀ ਸਿਰੇ ਚੜ੍ਹ ਸਕਿਆ ਸੀ, ਜਦੋਂ ਇਸ ਦੀ ਵਾਰਤਾ ਦੇ ਸਾਰੇ ਚੱਕਰਾਂ ਵਿਚ ਪਾਕਿਸਤਾਨ ਨੂੰ ਸ਼ਾਮਲ ਕੀਤਾ ਗਿਆ ਤੇ ਸਭ ਨੂੰ ਇਹ ਵੀ ਪਤਾ ਹੈ ਕਿ ਇਸ ਵਕਤ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਬਹਾਨੇ ਅਸਲ ਵਿਚ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਮੋਹਰਿਆਂ ਦਾ ਕਬਜ਼ਾ ਕਰਾਇਆ ਗਿਆ ਹੈ। ਅੱਗੋਂ ਪਾਕਿਸਤਾਨ ਦੀ ਖੇਡ ਖਰਾਬ ਕਰਨ ਵਾਲੀ ਨਵੀਂ ਤਾਕਤ ਅਫਗਾਨਿਸਤਾਨ ਵਿਚ ਉੱਠ ਖੜੋਤੀ ਹੈ, ਜਿਸ ਤੋਂ ਅਮਰੀਕਾ ਦੇ ਨਾਲ ਭਾਰਤ ਦੀ ਚਿੰਤਾ ਵੀ ਹੋਰ ਵਧੇਗੀ।
ਬੀਤੀ ਛੱਬੀ ਅਗਸਤ ਦੀ ਸ਼ਾਮ ਨੂੰ ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ਕੋਲ ਜਦੋਂ ਬੰਬ ਧਮਾਕੇ ਹੋਏ ਅਤੇ ਇੱਕ ਸੌ ਤੋਂ ਵੱਧ ਲੋਕ ਮਾਰੇ ਗਏ ਤਾਂ ਆਪਣਾ ਪੱਲਾ ਸਾਫ ਦੱਸਣ ਲਈ ਪਹਿਲਾ ਬਿਆਨ ਤਾਲਿਬਾਨ ਨੇ ਦਿੱਤਾ ਕਿ ਉਨ੍ਹਾਂ ਕੁਝ ਨਹੀਂ ਕੀਤਾ। ਕੁਝ ਦੇਰ ਬਾਅਦ ਆਈ. ਐੱਸ. ਕੇ. (ਇਸਲਾਮਿਕ ਸਟੇਟ ਆਫ ਖੁਰਾਸਾਨ) ਦਾ ਬਿਆਨ ਆ ਗਿਆ ਕਿ ਇਹ ਵਾਰਦਾਤ ਉਨ੍ਹਾਂ ਕੀਤੀ ਹੈ ਤਾਂ ਇਸ ਤੋਂ ਕਈ ਕੁਝ ਅਚਾਨਕ ਹੋਰ ਚੇਤੇ ਕਰਨਾ ਪੈ ਗਿਆ। ਦੁਨੀਆਂ ਇਹ ਜਾਣਦੀ ਹੈ ਕਿ ਓਸਾਮਾ ਬਿਨ ਲਾਦੇਨ ਦੀ ਸ਼ਾਗਿਰਦੀ ਵਿਚ ਅਤਿਵਾਦ ਦੀ ਪੜ੍ਹਾਈ ਪੜ੍ਹੇ ਅਬੂ ਬਕਰ ਅਲ ਬਗਦਾਦੀ ਨੇ ਸਾਲ 2014 ਵਿਚ ਆਪਣੇ ਆਪ ਨੂੰ ਖਲੀਫਾ ਐਲਾਨਿਆ ਅਤੇ ਇਸਲਾਮਿਕ ਸਟੇਟ ਆਫ ਇਰਾਕ ਅਤੇ ਸੀਰੀਆ (ਆਈ. ਐੱਸ. ਆਈ. ਐੱਸ.) ਵਾਲੀ ਫੌਜ ਖੜ੍ਹੀ ਕਰ ਕੇ ਸੰਸਾਰ ਮਹਾਂ-ਸ਼ਕਤੀਆਂ ਨੂੰ ਭਾਜੜਾਂ ਪਾ ਦਿੱਤੀਆਂ ਸਨ। ਜਦੋਂ ਸੰਸਾਰ ਤਾਕਤਾਂ ਨਾਲ ਭੇੜ ਵਿਚ ਉਹ ਕਮਜ਼ੋਰ ਪਿਆ ਤਾਂ ਉਸ ਨੇ ਆਪਣੇ ਲੜਾਕੂਆਂ ਨੂੰ ਸਾਰੇ ਸੰਸਾਰ ਵਿਚ ਖਿੱਲਰ ਜਾਣ ਨੂੰ ਕਿਹਾ ਸੀ, ਪਰ ਬਹੁਤਾ ਕਰ ਕੇ ਉਸ ਦੀ ਧਾੜ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਰਾਜ ਵਿਚ ਆਣ ਵੜੀ ਸੀ, ਜਿੱਧਰ ਪਹਿਲਾਂ ਤਾਲਿਬਾਨ ਅੱਡੇ ਬਣਾ ਕੇ ਅਮਰੀਕਾ ਵਿਰੁੱਧ ਅਫਗਾਨਿਸਤਾਨ ਦੀ ਲੜਾਈ ਲੜਦੇ ਪਏ ਸਨ। ਦਹਿਸ਼ਤਗਰਦਾਂ ਦੀਆਂ ਇਨ੍ਹਾਂ ਦੋਹਾਂ ਧਿਰਾਂ ਦਾ ਉਥੇ ਆਪਸ ਵਿਚ ਸਰਦਾਰੀ ਦਾ ਆਢਾ ਸ਼ੁਰੂ ਹੋ ਗਿਆ, ਜਿਹੜਾ ਅਜੇ ਵੀ ਚੱਲਦਾ ਹੈ ਤੇ ਕਾਬੁਲ ਦੇ ਬੰਬ ਧਮਾਕਿਆਂ ਦੀ ਵਾਰਦਾਤ ਤੀਕ ਵੀ ਆਣ ਪੁੱਜਾ ਹੈ। ਇਥੇ ਆ ਕੇ ਤਾਲਿਬਾਨ ਤੇ ਅਮਰੀਕਾ ਦੀ ਸਾਂਝ ਦੇ ਚਰਚੇ ਸੁਣਨ ਲੱਗੇ ਹਨ।
ਜਦੋਂ ਆਈ. ਐੱਸ. ਆਈ. ਐੱਸ. ਵਾਲੇ ਇਰਾਕ ਅਤੇ ਸੀਰੀਆ ਤੋਂ ਭੱਜ ਕੇ ਪਾਕਿਸਤਾਨੀ ਖੇਤਰ ਵਿਚ ਆ ਕੇ ਟਿਕਣ ਵਿਚ ਕਾਮਯਾਬ ਹੋ ਗਏ ਤਾਂ ਉਨ੍ਹਾਂ ਨੇ ਨਵੀਂ ਫੋਰਸ ‘ਆਈ. ਐੱਸ. ਕੇ.’ (ਇਸਲਾਮਿਕ ਸਟੇਟ ਆਫ ਖੁਰਾਸਾਨ) ਬਣਾਈ ਸੀ। ਖੁਰਾਸਾਨ ਇੱਕ ਬਹੁਤ ਲੰਮਾ ਇਲਾਕਾ ਹੈ, ਜਿਸ ਵਿਚ ਇਰਾਨ ਦਾ ਉੱਤਰ ਪੂਰਬ ਦਾ ਸਾਰਾ ਖੇਤਰ, ਅਫਗਾਨਿਸਤਾਨ ਦੇ ਹੇਰਾਤ, ਬਲਖ ਅਤੇ ਬੁਖਾਰਾ ਤੋਂ ਕਾਬੁਲ ਦੇ ਅਗਾਂਹ ਹਿੰਦੂਕੁਸ਼ ਪਰਬਤ ਤੱਕ ਅਤੇ ਤੁਰਕਮੇਨਿਸਤਾਨ, ਤਾਜਿਕਸਤਾਨ ਅਤੇ ਉਜ਼ਬੇਕਿਸਤਾਨ ਦਾ ਕੁਝ ਹਿੱਸਾ ਵੀ ਗਿਣਿਆ ਜਾਂਦਾ ਹੈ। ਕਦੀ ਇਰਾਕ ਅਤੇ ਸੀਰੀਆ ਤੋਂ ਬਾਅਦ ਲੇਵਾਂਤ (ਜਿਸ ਵਿਚ ਇਰਾਕ ਤੇ ਸੀਰੀਆ ਦੇ ਨਾਲ ਲੇਬਨਾਨ, ਜਾਰਡਨ ਅਤੇ ਇਸਰਾਈਲ ਦੇ ਇਲਾਕੇ ਤੱਕ ਗਿਣੇ ਜਾਂਦੇ ਹਨ) ਵੱਲ ਮਾਰ ਕਰਨ ਦੀ ਸੋਚ ਵਾਲਾ ਆਈ. ਐੱਸ. ਆਈ. ਐੱਸ. ਆਪਣੇ ਨਵੇਂ ਰੂਪ ਆਈ. ਐੱਸ. ਕੇ. ਵਾਲੇ ਝੰਡੇ ਹੇਠ ਪੁਰਾਣੇ ਜ਼ਮਾਨੇ ਦੇ ਖੁਰਾਸਾਨ ਉੱਤੇ ਇਸਾਲਾਮੀ ਝੰਡਾ ਝੁਲਾਉਣ ਦੇ ਐਲਾਨ ਕਰਨ ਲੱਗ ਪਿਆ। ਆਈ. ਐੱਸ. ਦੇ ਖਲੀਫਾ ਅਬੂ ਬਕਰ ਅਲ ਬਗਦਾਦੀ ਦੇ ਬਾਅਦ ਇਸ ਦਾ ਨਵਾਂ ਆਗੂ ਹਾਫਿਜ਼ ਸਈਦ ਖਾਨ ਬਣਿਆ ਸੀ, ਜਿਹੜਾ ਸਾਲ 2015 ਵਿਚ ਮਾਰਿਆ ਗਿਆ ਸੁਣਿਆ ਸੀ ਅਤੇ ਉਸ ਤੋਂ ਬਾਅਦ ਇਸ ਗਰੁੱਪ ਦਾ ਸੁਪਰੀਮ ਲੀਡਰ ਅਸਲਮ ਫਾਰੂਕੀ ਦੱਸਿਆ ਜਾਂਦਾ ਹੈ।
ਇਥੋਂ ਆਣ ਕੇ ਇੱਕ ਗੱਲ ਪਿਛਲੇ ਸਾਲ ਮਾਰਚ ਵਿਚ ਕਾਬੁਲ ਦੇ ਗੁਰਦੁਆਰਾ ਗੁਰੂ ਹਰ ਰਾਏ ਸਾਹਿਬ ਵਿਚ ਹੋਏ ਅਤਿਵਾਦੀ ਹਮਲੇ ਤੇ ਪੰਝੀ ਤੋਂ ਵੱਧ ਸਿੱਖਾਂ ਦੇ ਮਾਰੇ ਜਾਣ ਦੀ ਚੇਤੇ ਆਉਂਦੀ ਹੈ। ਉਹ ਹਮਲਾ ਤਾਲਿਬਾਨ ਦਾ ਨੇੜਲਾ ਮੰਨੇ ਜਾਂਦੇ ਹੱਕਾਨੀ ਨੈੱਟਵਰਕ ਦਾ ਕੰਮ ਸਮਝਿਆ ਗਿਆ ਸੀ, ਪਰ ਪਿੱਛੋਂ ਪਤਾ ਲੱਗਾ ਕਿ ਇਸ ਹਮਲੇ ਦਾ ਮੁੱਖ ਸਾਜਿਸ਼ ਕਰਤਾ ਅਸਲਮ ਫਾਰੂਕੀ ਸੀ, ਜਿਹੜਾ ਕੁਝ ਸਮਾਂ ਬਾਅਦ ਫੜੇ ਜਾਣ ਪਿੱਛੋਂ ਉਦੋਂ ਤੋਂ ਜੇਲ੍ਹ ਵਿਚ ਸੀ। ਇਹ ਗੱਲ ਲਗਾਤਾਰ ਸੁਣਨ ਨੂੰ ਮਿਲਦੀ ਰਹੀ ਕਿ ਅਸਲਮ ਫਾਰੂਕੀ ਜੇਲ੍ਹ ਵਿਚੋਂ ਵੀ ਆਪਣੇ ਆਈ. ਐੱਸ. ਕੇ. ਗਰੁੱਪ ਨੂੰ ਕਮਾਂਡ ਕਰਦਾ ਤੇ ਭਾਰਤ ਵਿਚ ਜੰਮੂ-ਕਸ਼ਮੀਰ ਤੱਕ ਵਾਰਦਾਤਾਂ ਕਰਵਾਉਂਦਾ ਹੈ। ਜਦੋਂ ਪਿਛਲੇ ਦਿਨੀਂ ਤਾਲਿਬਾਨ ਨੇ ਅਫਗਾਨਿਸਤਾਨ ਉੱਤੇ ਕਬਜ਼ਾ ਕੀਤਾ ਤਾਂ ਕਾਹਲੀ ਵਿਚ ਜੇਲ੍ਹਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ, ਪਰ ਇਹ ਚੇਤੇ ਨਹੀਂ ਰੱਖਿਆ ਕਿ ਉਨ੍ਹਾਂ ਦਾ ਕੱਟੜ ਵਿਰੋਧੀ ਅਸਲਮ ਫਾਰੂਕੀ ਵੀ ਨਿਕਲ ਸਕਦਾ ਹੈ। ਤਾਲਿਬਾਨ ਨਾਲ ਸਰਦਾਰੀ ਦੀ ਜੰਗ ਵਿਚ ਹਰ ਹੱਦ ਪਾਰ ਕਰਨ ਲਈ ਤਿਆਰ ਸਮਝਿਆ ਜਾਂਦਾ ਅਸਲਮ ਫਾਰੂਕੀ ਜਦੋਂ ਜੇਲ੍ਹ ਤੋਂ ਨਿਕਲਿਆ ਤਾਂ ਅਫਗਾਨਿਸਤਾਨ ਦੀ ਹਕੂਮਤ ਤਾਲਿਬਾਨ ਦੇ ਪੱਕੇ ਪੈਰੀਂ ਸੰਭਾਲਣ ਤੋਂ ਪਹਿਲਾਂ ਕਾਬੁਲ ਏਅਰ ਪੋਰਟ ਦੀ ਵਾਰਦਾਤ ਕਰਵਾ ਕੇ ਤਾਲਿਬਾਨ ਦੇ ਨਾਲ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਟੀਮ ਨੂੰ ਸੋਚੀਂ ਪਾ ਦਿੱਤਾ ਹੈ। ਇਸ ਦੇ ਨਾਲ ਹੀ ਇਹ ਗੱਲ ਵੀ ਚੱਲ ਨਿਕਲੀ ਹੈ ਕਿ ਅਫਗਾਨਿਸਤਾਨ ਤੋਂ ਫੌਜ ਕੱਢਣ ਦਾ ਰਾਸ਼ਟਰਪਤੀ ਜੋਅ ਬਾਇਡਨ ਦਾ ਫੈਸਲਾ ਵੱਡੇ ਖਰਚਿਆਂ ਜਾਂ ਆਪਣੇ ਦੇਸ਼ ਦੇ ਫੌਜੀ ਜਵਾਨਾਂ ਦੀਆਂ ਜਾਨਾਂ ਬਚਾਉਣ ਦੀ ਕਾਹਲੀ ਦੇ ਕਾਰਨ ਨਹੀਂ ਸੀ ਲਿਆ ਗਿਆ, ਅਸਲ ਵਿਚ ਅੱਜ ਕੱਲ੍ਹ ਇੱਕ ਸਾਂਝਾ ਦੁਸ਼ਮਣ ਆਈ. ਐੱਸ. ਕੇ. ਉੱਭਰਦਾ ਵੇਖ ਕੇ ਤਾਲਿਬਾਨ ਅਤੇ ਅਮਰੀਕਾ ਵਿਚਾਲੇ ਅੰਦਰ-ਖਾਤੇ ਗਿੱਟਮਿੱਟ ਹੋਣ ਪਿੱਛੋਂ ਚੁੱਕਿਆ ਗਿਆ ਕਦਮ ਸੀ।
ਅਮਰੀਕਾ ਵੱਲ ਇਸ ਦੌਰਾਨ ਤਾਲਿਬਾਨ ‘ਸਾਫਟ’ (ਨਰਮ) ਹੋ ਗਿਆ ਜਾਂ ਤਾਲਿਬਾਨ ਵੱਲ ਅਮਰੀਕੀ ਹਕੂਮਤ ਦੇ ਆਗੂ ਡੋਨਾਲਡ ਟਰੰਪ ਅਤੇ ਜੋਅ ਬਾਇਡਨ ਮੁੜ ਇਰਾਕ ਅਤੇ ਸੀਰੀਆ ਵਰਗੀ ਉਲਝਵੀਂ ਜੰਗ ਵਿਚ ਫਸਣ ਦੇ ਡਰ ਕਾਰਨ ਸਾਫਟ ਹੋਏ ਸਨ, ਦੋਵੇਂ ਤਰ੍ਹਾਂ ਇਨ੍ਹਾਂ ਦੋਵਾਂ ਧਿਰਾਂ ਦੀ ਨਰਮੀ ਦੀ ਗੱਲ ਚਰਚਾ ਵਿਚ ਹੈ। ਜਿਹੜੇ ਜੋਅ ਬਾਇਡਨ ਨੂੰ ਕਾਬੁਲ ਉੱਤੇ ਤਾਲਿਬਾਨ ਦੇ ਕਬਜ਼ੇ ਕਾਰਨ ਹਰ ਪਾਸੇ ਤੋਂ ਦੋਸ਼ੀ ਕਰਾਰ ਦਿੱਤਾ ਜਾ ਰਿਹਾ ਸੀ, ਅਚਾਨਕ ਉਸੇ ਬਾਇਡਨ ਦੇ ਇਸ ਕਦਮ ਨੂੰ ਇੱਕ ਵੱਡੀ ਜੰਗ ਖੁਦ ਪਾਸੇ ਹੋ ਕੇ ਤਾਲਿਬਾਨ ਤੇ ਉਨ੍ਹਾਂ ਦੇ ਪਿੱਛੇ ਖੜ੍ਹੇ ਪਾਕਿਸਤਾਨ ਦੇ ਗਲ ਪਾ ਦੇਣ ਵਾਲਾ ਆਗੂ ਕਿਹਾ ਜਾਣ ਲੱਗਾ ਹੈ। ਇਹ ਗੱਲ ਕਿਸੇ ਹੱਦ ਤੱਕ ਠੀਕ ਵੀ ਹੋ ਸਕਦੀ ਹੈ, ਨਹੀਂ ਵੀ, ਪਰ ਇੱਕ ਗੱਲ ਪੱਕੀ ਮੰਨਣ ਵਾਲੀ ਹੈ ਕਿ ਜੋਅ ਬਾਇਡਨ ਦੀ ਇਸ ਤਾਲਿਬਾਨੀ ਕਾਰਸਤਾਨੀ ਨੇ ਅਫਗਾਨੀ ਲੋਕਾਂ ਨੂੰ ਹੀ ਨਹੀਂ, ਹਿੰਦੁਸਤਾਨ ਦੇ ਲੋਕਾਂ ਤੇ ਆਗੂਆਂ ਨੂੰ ਵੀ ਚਿਤਵਣੀ ਲਾ ਦਿੱਤੀ ਹੈ। ਅਗਲੇ ਸਾਲ ਏਧਰ ਦੇ ਦੇਸ਼ਾਂ ਲਈ ਫਿਕਰਮੰਦੀ ਵਾਲੇ ਹਨ।