ਸਮਾਲਸਰ ਮੇਰਾ ਪਿੰਡ: ਜੱਗੀ ਬਰਾੜ ਸਮਾਲਸਰ

ਪ੍ਰਿੰ. ਸਰਵਣ ਸਿੰਘ
ਉਹ ਪੁੱਛਦੇ ਧੀਏ, ਨਾਂ ਨਾਲ ਤੂੰ ਅਜੇ ਵੀ
ਆਪਣੇ ਪਿੰਡ ਦਾ ਕਿਉਂ ਲਿਖਦੀ ਹੈਂ ਨਾਂ?
ਮੈਂ ਇਸ ਕਰਕੇ ਪਿੰਡ ਦਾ ਲਿਖਦੀ ਹਾਂ ਨਾਂ
ਕੋਈ ਮੈਨੂੰ ਵੀ ਕਰੇਗਾ ਮਰਨ ਬਾਅਦ ਯਾਦ
ਮੇਰੇ ਬਾਪ ਦਾ ਵੀ ਲਵੇਗਾ ਹੋਰਨਾਂ ਵਾਂਗ ਨਾਂ
ਮੇਰੇ ਹੱਥ ਤਾਂ ਕਲਮ ਹੈ, ਨਹੀਂ ਕੋਈ ਜਰੀਬ
ਹਰਫਾਂ ਨਾਲ ਮੈਂ ਚਾਹਾਂ ਰਹਿਣਾ ਥੋਡੇ ਕਰੀਬ
ਇਸੇ ਕਰਕੇ ਅਤੇ ਬੱਸ ਇਸੇ ਕਰਕੇ ‘ਜੱਗੀ’
ਆਪਣੇ ਨਾਂ ਨਾਲ ਸਮਾਲਸਰ ਦਾ ਲਿਖਦੀ ਨਾਂ।

ਸਚਿੱਤਰ ਪੁਸਤਕ ‘ਸਮਾਲਸਰ ਮੇਰਾ ਪਿੰਡ’ ਬੀਬੀ ਜੱਗੀ ਬਰਾੜ ਸਮਾਲਸਰ ਵੱਲੋਂ ਆਪਣੇ ਬਾਬਲ ਪਿੰਡ ਨੂੰ ਭੇਟ ਕੀਤਾ ਅਨਮੋਲ ਤੋਹਫਾ ਹੈ। ਪਿੰਡ ਦੀਆਂ ਅਗਲੀਆਂ ਪਿਛਲੀਆਂ ਪੀੜ੍ਹੀਆਂ ਲਈ ਆਪਣਾ ਇਤਿਹਾਸਕ ਖਜਾਨਾ! ਬਰੈਂਪਟਨ ਵਿਚ ਇਹ ਪੁਸਤਕ ਰਿਲੀਜ਼ ਕਰਦਿਆਂ ਮੈਨੂੰ ਸਮਾਲਸਰ ਦੇ ਗੁਆਂਢੀ ਪਿੰਡ ਰੋਡੇ ਦਾ ਟੂਰਨਾਮੈਂਟ ਯਾਦ ਆ ਗਿਆ, ਜੋ ਮੈਂ ਚੜ੍ਹਦੀ ਜੁਆਨੀ `ਚ ਵੇਖਿਆ ਸੀ। ਉਦੋਂ ਉਹ ਪੰਜਾਬ ਦਾ ਅੱਵਲ ਨੰਬਰ ਪੇਂਡੂ ਟੂਰਨਾਮੈਂਟ ਗਿਣਿਆ ਜਾਂਦਾ ਸੀ। ਉਥੇ ਰੋਡਿਆਂ ਦੇ ਇਕ ਬਾਬੇ ਨੇ ਪੈਰਾਂ ਤਕ ਲੰਮੀ ਦਾੜ੍ਹੀ ਨਾਲ ਸਟੇਡੀਅਮ ਦਾ ਗੇੜਾ ਲਾਇਆ ਸੀ। ਮਾਈਕ ਤੋਂ ਕਿਹਾ ਜਾ ਰਿਹਾ ਸੀ, ‘ਦੇਖੋ ਸਾਡੇ ਬਜ਼ੁਰਗਾਂ ਦੀਆਂ ਦਾੜ੍ਹੀਆਂ ਕਿੰਨੀਆਂ ਲੰਮੀਆਂ, ਪਰ ਲੋਕ ਸਾਨੂੰ ਫੇਰ ਵੀ ਰੋਡੇ ਭੋਡੇ ਕਹੀ ਜਾਂਦੇ ਐ!’ ਪਿੱਛੋਂ ਰੋਡਿਆਂ ਦੇ ਹੀ ਜੰਮਪਲ ਜਰਨੈਲ ਸਿੰਘ ਬਰਾੜ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਣੇ। ਨਾਲ ਦਾ ਪਿੰਡ ਲੰਡੇ ਵੀ ਮੈਨੂੰ ਯਾਦ ਆ ਗਿਆ। ਰਾਜੇਆਣਾ, ਮੱਲਕੇ ਤੇ ਵੈਰੋਕਿਆ ਦੇ ਕਬੱਡੀ ਖਿਡਾਰੀ ਯਾਦ ਆਏ, ਜਿਹੜੇ ਰੋਡਿਆਂ ਦੇ ਟੂਰਨਾਮੈਂਟ ਨੂੰ ਰੰਗ ਭਾਗ ਲਾਉਂਦੇ ਰਹੇ। ਫਿਰ ਮੈਂ ਤਖਤੂਪੁਰੇ ਦੇ ਟੂਰਨਾਮੈਂਟ ਦੀਆਂ ਯਾਦਾਂ `ਚ ਖੋ ਗਿਆ ਤੇ ਸੱਤਰ ਸਾਲ ਪਿੱਛੇ 1950ਵਿਆਂ ਵਿਚ ਪੁੱਜ ਗਿਆ…।
ਮੈਂ ਪਹਿਲਾ ਟੂਰਨਾਮੈਂਟ ਤਖਤੂਪੁਰੇ ਦੇ ਮੇਲੇ ਵਿਚ ਵੇਖਿਆ ਸੀ। ਫਿਰ ਸੱਠਾਂ ਸਾਲਾਂ ਦਾ ਹੋ ਕੇ ਆਪਣੀ ਪੁਸਤਕ ‘ਖੇਡ ਜਗਤ ਦੀਆਂ ਬਾਤਾਂ’ ਵਿਚ ਲਿਖਿਆ: ਹੁਣ ਤਾਂ ਲੰਡਨ ਦੀ ਚੰਡੋਲ ਦਾ ਝੂਟਾ ਵੀ ਲੈ ਲਿਆ ਤੇ ਟੋਰਾਂਟੋ ਦੇ ਸੀ. ਐੱਨ. ਐੱਨ. ਟਾਵਰ `ਤੇ ਚੜ੍ਹ ਕੇ ਵੀ ਵੇਖ ਲਿਐ। ਨਿੱਕੇ ਹੁੰਦਿਆਂ ਗੁਰਦਵਾਰੇ ਦੀ ਤੀਜੀ ਮੰਜਿ਼ਲ `ਤੇ ਚੜ੍ਹ ਕੇ ਤਖਤੂਪੁਰੇ ਦਾ ਮੇਲਾ ਵੇਖਣਾ ਹੀ ਵੱਡੀ ਮੱਲ ਮਾਰਨਾ ਸੀ। ਉਹ ਮੇਲਾ ਸਾਡੇ ਲਈ ਖੁਸ਼ੀਆਂ ਦਾ ਸਰਚਸ਼ਮਾ ਸੀ। ਉਥੇ ਚਕਰਚੂੰਡੇ ਸਨ, ਝੂਟੇ ਮਾਟੇ ਸਨ ਤੇ ਖਾਣ-ਪੀਣ ਲਈ ਗੰਨਿਆਂ ਦੇ ਰਹੁ ਤੋਂ ਲੈ ਕੇ ਲੱਡੂ ਬਰਫੀਆਂ ਤੇ ਗਰਮ ਕਰਾਰੇ ਪਕੌੜੇ ਸਨ। ਅਸੀਂ ਬੱਚਿਆਂ ਨੇ ਕਈ ਕਈ ਮਹੀਨੇ ਉਸ ਮੇਲੇ ਨੂੰ ਉਡੀਕਦੇ ਰਹਿਣਾ। ਹੁਣ ਛੇ ਮਹੀਨੇ ਰਹਿ`ਗੇ, ਹੁਣ ਚਾਰ, ਹੁਣ ਇਕ ਤੇ ਬੱਸ ਹੁਣ ਗਿਣਤੀ ਦੇ ਦਿਨ।
ਉਦੋਂ ਸਾਡੇ ਘਰਾਂ ‘ਚ ਨਾ ਕੋਈ ਰੇਡੀਓ ਹੁੰਦਾ ਸੀ, ਨਾ ਟੇਪ ਰਿਕਾਰਡ ਤੇ ਨਾ ਕੋਈ ਇਹੋ ਜਿਹਾ ਹੋਰ ਯੰਤਰ। ਟੀਵੀਆਂ-ਸ਼ੀਵੀਆਂ ਬੜੀ ਦੇਰ ਬਾਅਦ ਆਈਆਂ ਤੇ ਮੋਬਾਈਲ ਫੋਨ ਤਾਂ ਸੁਫਨੇ ਵਿਚ ਵੀ ਨਹੀਂ ਸਨ। ਸਾਡਾ ਬਚਪਨ ਚੰਨ-ਚਾਨਣੀਆਂ ‘ਚ ਖੇਡਿਆ ਤੇ ਧੁੱਪਾਂ ‘ਚ ਪੱਕਿਆ। ਅਸੀਂ ਧੂਣੀਆਂ ਸੇਕੀਆਂ ਤੇ ਚੁੱਲ੍ਹਿਆਂ ਦਾ ਨਿੱਘ ਮਾਣਿਆ। ਤਖਤੂਪੁਰੇ ਦੇ ਮੇਲੇ ‘ਚੋਂ ਚੁਰਾਏ ਚਿੱਠੇ ਅਸੀਂ ਦੀਵਿਆਂ ਦੀ ਲੋਅ ‘ਚ ਚੋਰੀ ਚੋਰੀ ਪੜ੍ਹਦੇ। ਪਿੰਡ ‘ਚ ਇਕੋ ਲਾਊਡ ਸਪੀਕਰ ਹੁੰਦਾ ਸੀ, ਜੀਹਦੇ ‘ਚੋਂ ਤਵੇ ਗੂੰਜਦੇ: ਕਲਹਿਰੀਆ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ; ਸਾਡੇ ਬਾਹਰੇ ਭਿੱਜ`ਗੇ ਚਰਖੇ, ਭਿੱਜ ਗਈਆਂ ਨਣਾਨੇ ਪੂਣੀਆਂ; ਭਰਿਆ ਤ੍ਰਿੰਜਣ ਛੱਡ ਜਾਣਾ ਚਿੱਠੀ ਆ`ਗੀ ਜੋ਼ਰਾਵਰ ਦੀ…।
ਤੀਜੀ ਚੌਥੀ ‘ਚ ਪੜ੍ਹਦੇ ਅਸੀਂ ਤ੍ਰਿੰਜਣ ਨੂੰ ਇੰਜਣ ਈ ਸਮਝਦੇ, ਜੋ ਆਟਾ ਪੀਹਣ ਵਾਲੀ ਚੱਕੀ ‘ਤੇ ਲੱਗਾ ਹੁੰਦਾ ਸੀ! ਲੋਹੜੀ ਤੋਂ ਅਗਲੇ ਦਿਨ ਅਸੀਂ ਮਾਘੀ ਨਹਾਉਣ ਜਾਂਦੇ। ਸਾਡੀ ਨਿੱਕੇ ਯਾਰ ਬੇਲੀਆਂ ਦੀ ਅੱਡ ਟੋਲੀ ਹੁੰਦੀ। ਉਦੋਂ ਖੇਤਾਂ ਵਿਚ ਦੀ ਵਿੰਗ ਟੇਢ ਖਾਂਦੀ ਇਕ ਡੰਡੀ ਜਾਂਦੀ ਹੁੰਦੀ ਸੀ, ਜੀਹਦੇ ਲਾਂਭ ਚਾਂਭ ਸਰ੍ਹਵਾਂ ਦੇ ਪੀਲੇ ਫੁੱਲ ਖਿੜੇ ਹੁੰਦੇ। ਸਾਡੇ ਖੀਸਿਆਂ ‘ਚ ਪਾਈ ਭਾਨ ਛਣਕਦੀ, ਜੀਹਦੇ ਨਾਲ ਹਾਸੇ ਵੀ ਛਣਕਦੇ। ਢਾਣੀਆਂ ਦੀਆਂ ਢਾਣੀਆਂ, ਡੰਡੀਓ-ਡੰਡੀ ਤੇ ਵੱਟੋ-ਵੱਟ ਪਈਆਂ ਤਖਤੂਪੁਰੇ ਨੂੰ ਤੁਰੀਆਂ ਜਾਂਦੀਆਂ। ‘ਗਾਂਹਾਂ ਮੇਲੇ ਵਿਚ ਗਰਦਾਂ ਉਡਦੀਆਂ, ਲਾਊਡ ਸਪੀਕਰ ਗੂੰਜਦੇ, ਗੁੰਬਦਾਂ ਦੇ ਕਲਸ ਲਿਸ਼ਕਦੇ ਤੇ ਮੈਚਾਂ ਦੀਆਂ ਵਿਸਲਾਂ ਵੱਜਦੀਆਂ। ਮੈਂ ਉਨ੍ਹਾਂ ਵਿਸਲਾਂ ਵੱਲ ਖਿੱਚਿਆ ਜਾਂਦਾ ਤੇ ਘੰਟਿਆਂ ਬੱਧੀ ਖੇਡਾਂ ਖਿਡਾਰੀਆਂ ਨੂੰ ਵੇਖਦਾ ਰਹਿੰਦਾ। ਮੇਰੇ ਨਾਲ ਦੇ ਸਾਥੀ ਸਾਰਾ ਮੇਲਾ ਵੇਖ ਕੇ ਮੈਨੂੰ ਉਥੋਂ ਈ ਆ ਨਾਲ ਰਲਾਉਂਦੇ। ਮੁੜਦਿਆਂ ਮੈਂ ਅੱਖੀਂ ਡਿੱਠੇ ਮੈਚਾਂ ਦੀਆਂ ਗੱਲਾਂ ਸੁਣਾਉਂਦਾ ਆਉਂਦਾ।
ਤਖਤੂਪੁਰੇ ਦੇ ਮੇਲੇ, ਰੋਡੇ ਦੇ ਟੂਰਨਾਮੈਂਟ ਤੇ ਕਿਲਾ ਰਾਇਪੁਰ ਦੀਆਂ ਖੇਡਾਂ ਵੇਖਦਿਆਂ ਜੋ ਪ੍ਰਭਾਵ ਮੇਰੇ ਬਾਲ ਮਨ ‘ਤੇ ਪਏ, ਉਹੀ ਸਮੇਂ ਨਾਲ ਮੈਨੂੰ ਖੇਡ ਲੇਖਕ ਤੇ ਖੇਡ ਬੁਲਾਰਾ ਬਣਾਉਣ ‘ਚ ਨਮੂਦਾਰ ਹੋਏ। ਜੱਗੀ ਬਰਾੜ ਦੀ ਪੁਸਤਕ ਪੜ੍ਹਦਿਆਂ ਮੈਨੂੰ ਬਚਪਨ ਦੀਆਂ ਅਨੇਕਾਂ ਯਾਦਾਂ ਆਈਆਂ। ਬਚਪਨ ਭਾਵੇਂ ਕਿੰਨਾ ਵੀ ਮੰਦੇ ਹਾਲੀਂ ਗੁਜ਼ਰਿਆ ਹੋਵੇ, ਮਾਪਿਆਂ ਤੇ ਮਾਸਟਰਾਂ ਤੋਂ ਭਾਵੇਂ ਕਿੰਨੀ ਵੀ ਕੁੱਟ ਖਾਧੀ ਹੋਵੇ, ਯਾਦ ਕਰ ਕੇ ਹੁਲਾਰਾ ਆ ਹੀ ਜਾਂਦੈ! ਮਨੋਵਿਗਿਆਨੀ ਦਸਦੇ ਹਨ ਕਿ ਮਨੁੱਖ ਵਰਤਮਾਨ ਤੋਂ ਅਸੰਤੁਸ਼ਟ ਰਹਿੰਦੈ ਤੇ ਭੂਤਕਾਲ ਜਾਂ ਭਵਿੱਖ ‘ਚੋਂ ਰੂਹ ਦਾ ਰੱਜ ਭਾਲਦੈ। ਤਦੇ ਕਿਹਾ ਜਾਂਦੈ ਕਿ ਪੁਰਾਣੇ ਦੀ ਰੀਸ ਨਵਾਂ ਕਿਥੇ ਕਰ-ਲੂ ਜਾਂ ਫੇਰ ਗਾਰਗੀ ਦੇ ਇਕ ਨਾਟਕ ਵਿਚ ਸੀਰੀ ਦੇ ਕਹਿਣ ਵਾਂਗ ‘ਬੇਹੇ ਕੜਾਹ ਦੀ ਰੀਸ ਸੱਜਰਾ ਕਿਥੋਂ ਕਰ-ਲੂ’!
1960 ‘ਚ ਗਿਆਨੀ ਗੁਰਦਿੱਤ ਸਿੰਘ ਨੇ ‘ਮੇਰਾ ਪਿੰਡ’ ਨਾਂ ਦੀ ਕਿਤਾਬ ਲਿਖੀ ਸੀ, ਜੋ ਪਾਠਕਾਂ ਵਿਚ ਬੜੀ ਮਕਬੂਲ ਹੋਈ। ਉਵੇਂ ਹੀ ਜੱਗੀ ਬਰਾੜ ਸਮਾਲਸਰ ਨੇ ‘ਸਮਾਲਸਰ ਮੇਰਾ ਪਿੰਡ’ ਲਿਖੀ ਹੈ। ਗਿਆਨੀ ਜੀ ਨੇ ‘ਮੇਰਾ ਪਿੰਡ’ ਪੁਸਤਕ ਵਿਚ ਆਪਣੇ ਪਿੰਡ ਵਾਸੀਆਂ ਰਾਹੀਂ ਪੰਜਾਬੀਆਂ ਦਾ ਪੁਰਾਣਾ ਸਭਿਆਚਾਰ ਵਿਖਾਇਆ, ਜਦ ਕਿ ਜੱਗੀ ਬਰਾੜ ਦਾ ਜ਼ੋਰ ਸਮਾਲਸਰ ਦੇ ਪਿਛੋਕੜ ਅਤੇ ਸਮਾਲਸਰੀਆਂ ਦੀ ਵਿਅਕਤੀਗਤ ਸੂਚਨਾ ਦੇਣ ਉਪਰ ਹੈ। ਇਹ ਕੁਝ ਕਰਦਿਆਂ ਜੱਗੀ ਬਰਾੜ ਨੇ ਸਮਾਲਸਰ ਨਾਲ ਲੱਗਦੇ ਪਿੰਡਾਂ ਦੇ ਦਰਸ਼ਨ ਵੀ ਕਰਵਾ ਦਿੱਤੇ ਹਨ। ਤਦੇ ਮੈਨੂੰ ਉਨ੍ਹਾਂ ਪਿੰਡਾਂ ‘ਚੋਂ ਰੋਡਿਆਂ ਦਾ ਟੂਰਨਾਮੈਂਟ ਯਾਦ ਆਇਆ, ਜੋ ਮੇਰੀ ਲੇਖ ਲੜੀ ਦਾ ਵਿਸ਼ਾ ਹੈ।
ਇਸ ਤੋਂ ਪਹਿਲਾਂ ਕਿ ਖੇਡਾਂ ਖਿਡਾਰੀਆਂ ਦੀ ਗੱਲ ਕਰੀਏ, ਜੱਗੀ ਬਰਾੜ ਦੀ ਜਾਣ-ਪਛਾਣ ਕਰਾਉਣੀ ਜ਼ਰੂਰੀ ਹੈ। ਜੱਗੀ ਬਰਾੜ ਮੂਲ ਰੂਪ ਵਿਚ ਕਵਿੱਤਰੀ ਹੈ, ਜਿਸ ਨੇ ਕਾਲਜ ਵਿਚ ਪੜ੍ਹਦਿਆਂ ਡਾਇਰੀ ਲਿਖਣ ਦਾ ਸ਼ੌਕ ਪਾਲਿਆ ਤੇ ਕਵਿਤਾ ਲਿਖਣੀ ਸ਼ੁਰੂ ਕੀਤੀ। ਉਸ ਦੀ ਪਹਿਲੀ ਪੁਸਤਕ ‘ਉਹਦੀ ਡਾਇਰੀ ਦੇ ਪੰਨੇ’ 1988 `ਚ ਛਪੀ। 2014 ਵਿਚ ਉਸ ਦਾ ਕਾਵਿ ਸੰਗ੍ਰਹਿ ‘ਕਸਤੂਰੀ’ ਛਪਿਆ ਤੇ 2016 ਵਿਚ ਕਾਵਿ ਸੰਗ੍ਰਹਿ ‘ਵੰਝਲੀ’ ਵਜੂਦ ਵਿਚ ਆਇਆ। ਫਿਰ ਉਸ ਨੇ ਪੀਐਚ.ਡੀ. ਦਾ ਖੋਜ ਪ੍ਰਬੰਧ ਲਿਖਣ ਵਾਂਗ ਕਈ ਸਾਲ ਸਮਾਲਸਰ ਦੀ ਇਤਿਹਾਸਕ ਖੋਜ ਕਰਨ ਤੇ ਸਮਾਲਸਰੀਆਂ ਦੇ ਅਨੇਕਾਂ ਵੇਰਵੇ ਇਕੱਤਰ ਕਰਨ `ਤੇ ਲਾਏ, ਜਿਸ ਦੇ ਫਲਸਰੂਪ 2020 ਵਿਚ 372 ਸਫਿਆਂ ਦੀ ਵੱਡਅਕਾਰੀ ਪੁਸਤਕ ‘ਸਮਾਲਸਰ ਮੇਰਾ ਪਿੰਡ’ ਵਜੂਦ ਵਿਚ ਆਈ।
ਸਮਾਲਸਰ ਜੱਗੀ ਦਾ ਜੱਦੀ ਪੁਸ਼ਤੀ ਪੇਕਾ ਪਿੰਡ ਹੈ। ਉਸ ਦਾ ਜਨਮ 18 ਅਗਸਤ 1968 ਨੂੰ ਉਹਦੇ ਨਾਨਕੇ ਪਿੰਡ ਢੁੱਡੀਕੇ ਵਿਚ ਹੋਇਆ। ਲਾਲਾ ਲਾਜਪਤ ਰਾਏ ਦਾ ਜਨਮ ਵੀ ਆਪਣੇ ਨਾਨਕੇ ਪਿੰਡ ਢੁੱਡੀਕੇ ਵਿਚ ਹੀ ਹੋਇਆ ਸੀ। ਜੱਗੀ ਬਰਾੜ ਨੇ ਦਸਵੀਂ ਤਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਸਮਾਲਸਰ ਤੇ ਬੀ. ਏ. ਦੀ ਪੜ੍ਹਾਈ ਗੁਰੂ ਨਾਨਕ ਸਰਕਾਰੀ ਕਾਲਜ ਗੁਰੂ ਤੇਗ ਬਹਾਦਰਗੜ੍ਹ (ਰੋਡੇ) ਤੋਂ ਕੀਤੀ। ਨਾਲ ਹੀ ਪਿੰਡ ਲੰਡੇ ਲੱਗਦਾ ਹੈ, ਜਿਸ ਦਾ ਨਾਂ ਬਦਲ ਕੇ ਹਰਗੋਬਿੰਦਪੁਰ ਰੱਖ ਲਿਆ ਗਿਆ ਹੈ। ਜੌੜੇ ਪਿੰਡਾਂ ਦੇ ਨਾਂ ਬੇਸ਼ਕ ਗੁਰੂ ਤੇਗ ਬਹਾਦਰਗੜ੍ਹ ਤੇ ਹਰਗੋਬਿੰਦਪੁਰ ਰੱਖ ਲਏ ਗਏ ਹਨ, ਪਰ ਇਨ੍ਹਾਂ ਪਿੰਡਾਂ ਦੀ ਪਛਾਣ ਅਜੇ ਵੀ ਰੋਡੇ-ਲੰਡੇ ਕਰਕੇ ਹੀ ਹੁੰਦੀ ਹੈ! ਲੰਡੇ ਬਾਰੇ ਤਾਂ ਸੁਦਾਗਰ ਸਿੰਘ ਬਰਾੜ ਨੇ ਕਿਤਾਬ ਵੀ ਲਿਖੀ ਹੈ, ਜਿਸ ਦਾ ਨਾਂ ‘ਢਾਈ ਸਦੀਆਂ ਦਾ ਹਾਣੀ ਪਿੰਡ ਲੰਡੇ’ (ਹਰਿਗੋਬਿੰਦਪੁਰ) ਰੱਖਿਆ ਹੈ। ਉਸ ਦੇ ਮੁੱਢਲੇ ਸ਼ਬਦ ਹਨ: ਇਤਿਹਾਸ ਲਿਖਣਾ ਇਕ ਮੁਸ਼ਕਿਲ ਤੇ ਜ਼ੋਖਮ ਭਰਿਆ ਕਾਰਜ ਹੈ। ਇਤਿਹਾਸ ਤੱਥਾਂ `ਤੇ ਨਿਰਭਰ ਹੁੰਦਾ ਹੈ ਅਤੇ ਤੱਥ ਇਕੱਠੇ ਕਰ ਕੇ, ਤਰਤੀਬ ਵਿਚ ਲਿਖਣ ਨੂੰ ਇਤਿਹਾਸ ਕਿਹਾ ਜਾਂਦਾ ਹੈ। ਇਤਿਹਾਸ ਪੂਰਾ ਸੱਚ ਹੋਣ ਕਰਕੇ ਇਸ ਨੂੰ ਜ਼ਬਤਬੱਧ ਸ਼ੈਲੀ ਵਿਚ ਲਿਖਣਾ ਪੈਂਦਾ ਹੈ। ਜ਼ੋਖਮ ਭਰੇ ਅਜਿਹੇ ਕਾਰਜ ਨੂੰ ਲਿਖਣ ਜਾਂ ਹੱਥ ਪਾਉਣ ਤੋਂ ਸਾਡੇ ਬੁੱਧੀਜੀਵੀ ਅਕਸਰ ਪਾਸਾ ਵੱਟਦੇ ਹਨ, ਉਹ ਮੱਥਾ ਮਾਰਨ ਤੇ ਮਿਹਨਤ ਕਰਨ ਤੋਂ ਡਰਦੇ ਹਨ। ਕਿਸੇ ਵੀ ਪਿੰਡ ਬਾਰੇ ਕਿਤਾਬ ਲਿਖਣੀ ਸੌਖੀ ਨਹੀਂ ਹੁੰਦੀ।
ਜੱਗੀ ਦਾ ਜਨਮ ਸ. ਗੁਰਨਾਮ ਸਿੰਘ ਦੇ ਘਰ ਮਾਤਾ ਅਮਰਜੀਤ ਕੌਰ ਦੀ ਕੁੱਖੋਂ ਹੋਇਆ ਸੀ। ਉਸ ਦੇ ਪਿਤਾ ਅਧਿਆਪਕ ਸਨ ਅਤੇ ਲੜਕੀਆਂ ਨੂੰ ਉੱਚ ਵਿੱਦਿਆ ਦਿਵਾਉਣ ਦੇ ਹੱਕ ਵਿਚ ਸਨ। ਉਨ੍ਹਾਂ ਦੀਆਂ ਚਾਰ ਧੀਆਂ ਵਿਚੋਂ ਜੱਗੀ ਦੂਜੀ ਧੀ ਹੈ, ਜੋ ਪੜ੍ਹਾਈ ਵਿਚ ਮੁੱਢੋਂ ਹੀ ਹੁਸਿ਼ਆਰ ਸੀ। ਉਸ ਨੇ ਬੀ. ਏ. ਕਰਨ ਪਿੱਛੋਂ ਗੁਰੂਸਰ ਸੁਧਾਰ ਕਾਲਜ ਤੋਂ ਅੰਗਰੇਜ਼ੀ ਦੀ ਐੱਮ. ਏ. ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੁਲੀਟੀਕਲ ਸਾਇੰਸ ਦੀ ਮਾਸਟਰ ਡਿਗਰੀ ਕੀਤੀ। ਉਹ ਕਾਲਜ ਪੜ੍ਹਦਿਆਂ ਹੀ ਕਵਿਤਾਵਾਂ ਤੇ ਕਹਾਣੀਆਂ ਲਿਖਣ ਲੱਗੀ। ਕਹਾਣੀਆਂ ਦੀ ਪਹਿਲੀ ਕਿਤਾਬ ‘ਉਹਦੀ ਡਾਇਰੀ ਦੇ ਪੰਨੇ’ ਕਾਲਜ ਪੜ੍ਹਦਿਆਂ ਹੀ ਛਪੀ। ਫਿਰ ਰੇਡੀਓ ਸੁਣਨ ਲੱਗੀ ਤੇ ਮਿੰਨੀ ਕਹਾਣੀਆਂ ਅਤੇ ਕਵਿਤਾਵਾਂ ਦੇ ਪ੍ਰੋਗਰਾਮ ‘ਦੇਸ਼ ਪੰਜਾਬ ਗੁਲਦਸਤਾ’ ਵਿਚ ਪੇਸ਼ ਕਰਨ ਲੱਗੀ। ਸਵੇਰੇ ਸਵੇਰੇ ‘ਸਿਰਜਣਾ’ ਵਿਚ ਕਹਾਣੀਆਂ ਪੜ੍ਹੀਆਂ ਜਾਂਦੀਆਂ। ਉਹਦੀਆਂ ਕੁਝ ਕਹਾਣੀਆਂ ਅਖਬਾਰਾਂ ਵਿਚ ਵੀ ਛਪੀਆਂ।
1996 ਵਿਚ ਉਹ ਪਰਿਵਾਰ ਸਮੇਤ ਕੈਨੇਡਾ ਪੁੱਜ ਗਈ। ਉਸ ਦਾ ਵਿਆਹ ਜਗਰਾਓਂ ਦੇ ਜਸਵਿੰਦਰ ਸਿੱਧੂ ਜੱਸ ਨਾਲ ਹੋ ਗਿਆ, ਜਿਸ ਨੇ ਲੰਮਾ ਸਮਾਂ ਟੋਰਾਂਟੋ ਖੇਤਰ ਵਿਚ ਪੰਜਾਬੀ ਰੇਡੀਓ ਹੋਸਟ ਦਾ ਕਾਰਜ ਕੀਤਾ। ਉਹਦੀ ਮੀਡੀਆ ਵਿਚ ਬੱਲੇ ਬੱਲੇ ਰਹੀ। ਕੈਨੇਡਾ ਆ ਕੇ ਜੱਗੀ ਨੇ ਕਾਫੀ ਸਮਾਂ ਕੁਝ ਵੀ ਨਾ ਲਿਖਿਆ। 2003 ਦੀ ਲੋਹੜੀ ਵਾਲੇ ਦਿਨ ਉਨ੍ਹਾਂ ਦੇ ਬੇਟੇ ਸ਼ਾਨ ਦੀ ਸੜਕ ਹਾਦਸੇ ਵਿਚ ਅਚਾਨਕ ਮੌਤ ਹੋ ਜਾਣ ਨਾਲ ਦੋਹਾਂ ਦੀ ਜ਼ਿੰਦਗੀ ਉੱਥਲ ਪੁੱਥਲ ਹੋ ਗਈ। ਫਿਰ ਸਮੇਂ ਨੇ ਪਾਸਾ ਪਰਤਿਆ, ਬੇਟੀ ਹਸਰਤ ਅਤੇ ਬੇਟਾ ਹਰਜੱਸ ਪੈਦਾ ਹੋਏ। ਗੋਦ ਭਰਨ ਪਿੱਛੋਂ ਜੱਗੀ ਨੇ ਕਵਿਤਾ ਵੱਲ ਮੁੜ ਮੁਹਾਰਾਂ ਮੋੜੀਆਂ ਤੇ ਦੋ ਕਾਵਿ ਸੰਗ੍ਰਹਿ ਛਪਵਾਏ। ‘ਖਬਰਨਾਮਾ ਵੀਕਲੀ’ ਵਿਚ ਕਹਾਣੀਆਂ ਛਪੀਆਂ ਜਿਵੇਂ ਧੀਆਂ, ਪਾਰੋ, ਮੁਰਦਾ ਖ਼ਤ, ਅਣਛਪੀ, ਤੇਈ ਸਾਲ, ਬੱਚਿਆਂ ਵਾਲੀ, ਮੇਰਾ ਹੱਥ, ਇੱਕੋ ਫਲਾਈਟ, ਆਪੋ ਆਪਣੀ ਥਾਂ, ਨਾਨਕੀ ਢੇਰੀ, ਉਦਰੇਵਾਂ, ਛੋਟੀ ਮੌਮ, ਤਿੰਨ ਗੋਤਰ ਅਤੇ ਗੁੰਗੀ ਚੀਖ ਆਦਿ। ਹੋਰਨਾਂ ਅਖਬਾਰਾਂ ਵਿਚ ਵੀ ਦਰਜਨਾਂ ਰਚਨਾਵਾਂ ਛਪੀਆਂ ਤੇ ਲਿਖਣਾ ਜਾਰੀ ਹੈ।
‘ਸਮਾਲਸਰ ਮੇਰਾ ਪਿੰਡ’ ਮੂਲ ਰੂਪ ਵਿਚ ਇਤਿਹਾਸਕ ਪੁਸਤਕ ਹੈ। ਇਸ ਵਿਚ ਏਨਾ ਮੈਟਰ ਹੈ ਕਿ ਤਤਕਰਾ ਹੀ ਪੰਜ ਸਫਿਆਂ ਵਿਚ ਛਪਿਆ ਹੈ। ਦਰਜਨਾਂ ਅਧਿਆਏ ਹਨ: ਮਨ ਦੀਆਂ ਗੱਲਾਂ, ਮੇਰੀ ਕਲਮ ਤੋਂ, ਜਬ ਲਗੁ ਦੁਨੀਆ ਰਹੀਐ ਨਾਨਕ, ਸਮਾਲਸਰ ਦੀ ਮੋਹੜੀ ਗੱਡਣ ਤੋਂ ਕੁਝ ਸਾਲ ਪਹਿਲਾਂ, ਸਮਾਲਸਰ ਦੀ ਕਹਾਣੀ, ਸਮਾਲਸਰ ਦੇ ਮੋੜ੍ਹੀਗੱਡ ਬਾਬਾ ਸੱਫੀ ਬਰਾੜ ਦੇ ਵੱਡ-ਵਡੇਰੇ, ਪਿੰਡ ਬੱਝਣਾ, ਭੂਗੋਲਿਕ-ਰਾਜਨੀਤਕ-ਪ੍ਰਸ਼ਾਸਨਿਕ ਰੱਦੋ-ਬਦਲ, ਪਿੰਡ ਦੇ ਸਾਂਝੇ ਖੂਹ, ਮੇਰੇ ਪਿੰਡ ਦਾ ਸਬਦਕੋਸ਼, ਅੱਲਾਂ ਪੈਣ ਦੇ ਕਾਰਨ, ਮੇਰਾ ਪਿੰਡ ਮੇਰੇ ਲੋਕ, ਵਾਗੀ, ਸਪੀਕਰਾਂ ਵਾਲੇ, ਮਹਿਰੇ, ਲਾਗੀ, ਮਾਸੀ ਜਗੀਰੋ, ਹੱਟੀਆਂ, ਭੱਠੀਆਂ, ਦਰਜ਼ੀ, ਡਾਕੀਆ, ਮਹੰਤ, ਫੋਟੋਗ੍ਰਾਫਰ, ਤਰਖਾਣ, ਜੁਲਾਹੇ, ਘੁਮਿਆਰ, ਮੋਚੀ, ਹਲਵਾਈ, ਦਾਈ, ਸਲੋਤਰੀ, ਸੀਰੀ-ਸਾਂਝੀ, ਸਰਾਫ, ਝਟਕਈ, ਆਜੜੀ, ਲਲਾਰੀ, ਆੜ੍ਹਤੀਏ, ਭਾਂਡੇ ਕਲੀ ਕਰਨ ਵਾਲੇ, ਲਲਾਰੀ, ਪੱਤਰਕਾਰ, ਠੇਕੇਦਾਰ, ਸਾਈਕਲਾਂ ਵਾਲੇ ਤੇ ਇਲੈਕਟ੍ਰੀਸ਼ਨ। ਅਨੇਕਾਂ ਖਾਨਦਾਨਾਂ ਦੇ ਸਜ਼ਰੇ ਛਾਪੇ ਹਨ, ਵੰਸ਼ਾਂ ਦੇ ਕੁਰਸੀਨਾਮੇ ਹਨ, ਬੰਸਾਵਲੀਆਂ, ਗੋਤ, ਪੱਤੀਆਂ, ਅਗਵਾੜ, ਸੱਥਾਂ, ਧਰਮਸ਼ਾਲਾਂ, ਮੰਦਰ, ਮਸੀਤਾਂ, ਗੁਰਦਵਾਰੇ, ਨਹਿਰੀ ਆਰਾਮ ਘਰ, ਬੱਸ ਸਟੈਂਡ, ਲੇਖਕ, ਗਾਇਕ, ਗੀਤਕਾਰ, ਸਿ਼ਲਪਕਾਰ, ਨੌਕਰੀਪੇਸ਼ਾ, ਪਿੰਡ ਦੀ ਨਹਿਰ, ਨੈਣ, ਨਾਈ ਤੇ ਲਾਗੀ ਆਦਿ। ਸਾਰੇ ਤਤਕਰੇ ਦਾ ਇਹ ਚੌਥਾ ਹਿੱਸਾ ਵੀ ਨਹੀਂ। ਇਕ ਅਧਿਆਏ ਖੇਡਾਂ ਦੀਆਂ ਪ੍ਰਾਪਤੀਆਂ ਬਾਰੇ ਅਤੇ ‘ਪੜ੍ਹਾਈ ਤੇ ਖੇਡਾਂ ਨਾਲ ਪਿਆਰ’ ਬਾਰੇ ਹੈ। ਖੇਡ ਸਟੇਡੀਅਮ ਸਮਾਲਸਰ, ਯੂ ਫਿੱਟ ਹੈੱਲਥ ਕਲੱਬ, ਸੰਤ ਬਾਬਾ ਕੌਲ ਦਾਸ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ, ਕਬੱਡੀ ਤੇ ਮੇਰਾ ਪਿੰਡ, ਕਬੱਡੀ ਦੇ ਚਾਰ ਦਹਾਕੇ ਮਾਣਨ ਵਾਲਾ ਖਿਡਾਰੀ ਜਿੰਦਾ ਸਰਾਂ, ਮਹਾਨ ਖਿਡਾਰੀਆਂ ਦਾ ਪਿੰਡ ਤੇ ਪੰਡਤ ਰਾਜੇਆਣੀਏ ਬਾਰੇ ਖੇਡ ਲਿਖਤਾਂ ਹਨ। ਬਹੁਵੰਨਗੀ ਵਾਲੀ ਇਸ ਪੁਸਤਕ ਵਿਚ ਖੇਡ ਸਾਹਿਤ ਤੇ ਖੇਡ ਸਭਿਆਚਾਰ ਦੇ ਭਰਪੂਰ ਅੰਸ਼ ਮੌਜੂਦ ਹਨ। ਪੇਸ਼ ਹੈ ਇਕ ਖੇਡ ਲੇਖ,
ਕਬੱਡੀ ਅਤੇ ਮੇਰਾ ਪਿੰਡ: ਸੂਰਜ ਭਾਨ
ਪਾਠਕਾਂ ਨੂੰ ਇਹ ਸਿਰਲੇਖ ਕੁਝ ਓਪਰਾ ਲੱਗ ਸਕਦਾ ਹੈ, ਕਿਉਂਕਿ ਖੇਡਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ, ਪਰ ਇਥੇ ਮੈਂ ਸਿਰਫ ਆਪਣੇ ਪਿੰਡ ਸਮਾਲਸਰ ਦੇ ਕਬੱਡੀ ਖਿਡਾਰੀਆਂ ਦੀ ਗੱਲ ਕਰ ਰਿਹਾ ਹਾਂ। ਕਿਹਾ ਜਾਂਦਾ ਹੈ ਕਿ ਪੰਜਾਬ ਗੁਰੂਆਂ, ਪੀਰਾਂ, ਪੈਗੰਬਰਾਂ, ਯੋਧਿਆਂ ਤੇ ਸੂਰਬੀਰਾਂ ਦੇ ਨਾਂ ‘ਤੇ ਵੱਸਦਾ ਹੈ। ਇਸ ਦੀ ਖਾਸੀਅਤ ਹੈ ਕਿ ਇਥੋਂ ਦੇ ਲੋਕ ਖੁੱਲ੍ਹੇ ਸੁਭਾਅ, ਖੁੱਲ੍ਹੇ ਰਹਿਣ-ਸਹਿਣ ਤੇ ਖੁੱਲ੍ਹਾ ਖਾਣ-ਪੀਣ ਵਾਲੇ ਹਨ। ਇਨ੍ਹਾਂ ਨੇ ਹਮੇਸ਼ਾਂ ਹਿੱਕ ਦੇ ਜ਼ੋਰ ਦੇ ਨਾਲ ਵੱਡੇ-ਵੱਡੇ ਜਰਵਾਣਿਆਂ ਦੇ ਮੂੰਹ ਮੋੜੇ ਹਨ। ਇਸੇ ਬਲ ਦੇ ਸਿਰ ‘ਤੇ ਇਨ੍ਹਾਂ ਨੇ ਵੱਖ-ਵੱਖ ਖੇਡਾਂ ਨੂੰ ਸੁਰਜੀਤ ਰੱਖਿਆ ਹੈ। ਇਹ ਵੱਖ-ਵੱਖ ਖੇਡਾਂ ਖੇਡਦੇ ਹਨ। ਉਨ੍ਹਾਂ ਖੇਡਾਂ ਵਿਚ ਕਬੱਡੀ ਇਨ੍ਹਾਂ ਮਾਂ ਖੇਡ ਹੈ।
ਹਰੇਕ ਪਿੰਡ ਵਿਚ ਬੱਚਿਆਂ ਤੋਂ ਲੈ ਕੇ ਨੌਜੁਆਨਾਂ ਤਕ ਕਬੱਡੀ ਖੇਡੀ ਜਾਂਦੀ ਹੈ। ਜਦੋਂ ਅਸੀਂ ਬਚਪਨ ਵਿਚ ਪਹਿਲਾਂ ਖੇਡਦੇ ਰਹੇ ਖਿਡਾਰੀਆਂ ਨੂੰ ਦੇਖਦੇ ਸਾਂ ਤਾਂ ਖੁਦ ਖੇਡਣ ਲਈ ਉਤਸ਼ਾਹਿਤ ਹੁੰਦੇ ਸਾਂ। ਮੈਂ ਪ੍ਰਾਇਮਰੀ ਸਕੂਲ ਵਿਚ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ ਭਾਵੇਂ ਕਿ ਗਰੀਬੀ ਕਾਰਨ ਪੂਰੀ ਖੁਰਾਕ ਵੀ ਨਹੀਂ ਸੀ ਮਿਲਦੀ। ਜਦ ਮੈਂ ਪਹਿਲੀ ਵਾਰ ਸਕੂਲੋਂ ਭੱਜ ਕੇ ਰੋਡੇ ਦੇ ਪ੍ਰਾਇਮਰੀ ਸਕੂਲ ਵਿਚ ਕਬੱਡੀ ਖੇਡਣ ਗਿਆ ਤਾਂ ਚਾਅ ਨਹੀਂ ਸੀ ਚੁੱਕ ਹੁੰਦਾ। ਫਿਰ ਮੈਂ ਗੁਰੂ ਤੇਗ ਬਹਾਦਰਗੜ੍ਹ ਸਕੂਲ ਵਿਚ ਦਾਖਲਾ ਲੈ ਲਿਆ ਤੇ ਕੌਡੀ ਖੇਡਣੀ ਜਾਰੀ ਰੱਖੀ। ਉਥੇ ਹੁੰਦਾ ਮਹਾਨ ਟੂਰਨਾਮੈਂਟ ਵੇਖਣ ਦਾ ਵੀ ਮੌਕਾ ਮਿਲਿਆ। ਫਿਰ ਮੈਂ ਵੀ ਉਨ੍ਹਾਂ ਗਰਾਊਂਡਾਂ ਵਿਚ ਚੁੰਗੀਆਂ ਭਰਨ ਲੱਗਾ।
ਜਦ ਅਸੀਂ ਆਪਣੇ ਨਾਲ ਵੱਡਿਆਂ ਨੂੰ ਖੇਡਣ ਆਏ ਵੇਖਦੇ ਤਾਂ ਉਨ੍ਹਾਂ ਤੋਂ ਮਾੜੇ ਹੁੰਦੇ ਹੋਏ ਵੀ ਵੱਡਿਆਂ ਨਾਲ ਖੇਡ ਪੈਂਦੇ। ਉਦੋਂ ਪੰਜਾਬ ਪੱਧਰ ਦੇ ਖਿਡਾਰੀ ਰੋਡਿਆਂ ਦੇ ਟੂਰਨਾਮੈਂਟ ਵਿਚ ਖੇਡਣ ਆਉਂਦੇ। ਸਾਡੇ ਪਿੰਡ ਦੇ ਵੀ ਕਈ ਖਿਡਾਰੀ ਵੱਡੀਆਂ ਟੀਮਾਂ ਵਿਚ ਖੇਡਣ ਲੱਗ ਪਏ। ਅਸੀਂ ਵਾਰ-ਵਾਰ ਸੁਣਦੇ ਸਾਂ ਕਿ ਇਨ੍ਹਾਂ ਕਿਹੜਾ ਰੋਡਿਆਂ ਆਲਾ ਟੂਰਨਾਮੈਂਟ ਜਿੱਤ ਲੈਣਾ? ਇਕ ਵਾਰ ਰੋਡਿਆਂ ਵਾਲੇ ਟੂਰਨਾਮੈਂਟ ‘ਤੇ ਕਿਸੇ ਨੇ ਇਹ ਵੀ ਕਹਿ ਦਿੱਤਾ ਕਿ ਤੁਸੀਂ ਵੀ ਲਾ ਲਓ ਜ਼ੋਰ, ਪਰ ਸਮਾਲਸਰ ਤੂਤਕੜਾ ਹੀ ਰਹੇਗਾ। ਜਦੋਂ ਬਾਅਦ ਵਿਚ ਇਸ ਗੱਲ ਦੀ ਸਮਝ ਆਈ ਤਾਂ ਮਨ ‘ਚ ਧਾਰ ਲਿਆ ਕਿ ਪਿੰਡ ਦੇ ਮੱਥੇ ਤੋਂ ਇਹ ਹਾਰ ਦਾ ਦਾਗ ਮਿਟਾ ਕੇ ਜਿੱਤ ਦਾ ਨਿਸ਼ਾਨ ਲਾਵਾਂਗੇ।
ਸਾਨੂੰ ਬਾਅਦ ‘ਚ ਪਤਾ ਲੱਗਾ ਕਿ ਇਹ ਖੇਡਾਂ ਸ. ਬ. ਕੈਪਟਨ ਭਗਵਾਨ ਸਿੰਘ ਮੈਮੋਰੀਅਲ ਟੂਰਨਾਮੈਂਟ ਨਾਂ ‘ਤੇ ਸਨ, ਪਰ ਪ੍ਰਸਿੱਧੀ ਰੋਡਿਆਂ ਵਾਲਾ ਟੂਰਨਾਮੈਂਟ ਕਰਕੇ ਸੀ। ਜਿਸ ਮੈਚ ਨੇ ਮੇਰੇ ਪਿੰਡ ਦੇ ਮੱਥੇ ਤੋਂ ਉਸ ਹਾਰ ਦਾ ਦਾਗ ਸਦਾ ਲਈ ਧੋ ਕੇ ਜਿੱਤ ਦਾ ਨਿਸ਼ਾਨ ਲਾਇਆ, ਉਸ ਲਈ ਅਸੀਂ ਬੜੀ ਮਿਹਨਤ ਕੀਤੀ ਸੀ। ਇਹ ਰੋਡਿਆਂ ਵਾਲਾ ਟੂਰਨਾਮੈਂਟ 1941 ਵਿਚ ਸ਼ੁਰੂ ਹੋਇਆ ਸੀ। ਇਹਦਾ ਇਕ ਵੱਡਾ ਕੱਪ ਹੁੰਦਾ ਸੀ, ਜੋ ਸਾਰੀਆਂ ਟੀਮਾਂ ਨੂੰ ਹਰਾਉਣ ਵਾਲੀ ਟੀਮ ਨੂੰ ਮਿਲਦਾ ਸੀ। ਅਗਲੇ ਸਾਲ ਉਹ ਕੱਪ ਮੋੜ ਕੇ ਲਿਆਉਣਾ ਪੈਂਦਾ ਸੀ। ਜੇ ਕੋਈ ਟੀਮ ਲਗਾਤਾਰ ਤਿੰਨ ਸਾਲ ਜਿੱਤਦੀ ਤਦ ਹੀ ਕੱਪ ਆਪਣੇ ਕੋਲ ਰੱਖ ਸਕਦੀ ਸੀ, ਜਿਸ ਨੂੰ ਪੱਕਾ ਕੱਪ ਕਿਹਾ ਜਾਂਦਾ ਸੀ। ਇਸ ਤਰ੍ਹਾਂ ਇਹ ਕੱਪ 1941 ਤੋਂ 1968 ਤਕ ਅਨੇਕਾਂ ਪਿੰਡਾਂ ਵਿਚ ਗਿਆ, ਜਿਨ੍ਹਾਂ ‘ਚ ਰਾਜੇਆਣਾ, ਰੋਡੇ, ਵੈਰੋਕੇ, ਬਰਨਾਲਾ, ਆਈ. ਟੀ. ਆਈ. ਮੋਗਾ, ਬਠਿੰਡਾ, ਧੱਲੇਕੇ, ਮੱਲੇਆਣਾ, ਸਵੱਦੀ, ਕੋਟਲਾ ਮਿਹਰ ਸਿੰਘ ਤੇ ਦੌਧਰ ਆਦਿ ਸਨ। ਜਿੱਤਿਆ ਕੱਪ ਆਮ ਕਰ ਕੇ ਗੁਰਦਵਾਰੇ ਜਾਂ ਕਿਸੇ ਹੋਰ ਸਾਂਝੀ ਜਗ੍ਹਾ ਸਜਾ ਦਿੱਤਾ ਜਾਂਦਾ ਸੀ ਤਾਂ ਕਿ ਲੋਕ ਦਰਸ਼ਨ ਕਰਦੇ ਰਹਿਣ ‘ਬਈ ਪਿੰਡ ਨੇ ਕੱਪ ਜਿੱਤਿਆ!’ ਸਾਡੇ ਪਿੰਡ ਦੇ ਕੁਛ ਖਿਡਾਰੀ ਸਾਡੇ ਆਦਰਸ਼ ਸਨ। ਉਨ੍ਹਾਂ ਦੀ ਅਸੀਂ ਅੱਜ ਵੀ ਕਦਰ ਕਰਦੇ ਹਾਂ। ਉਨ੍ਹਾਂ ਵਿਚ ਨਛੱਤਰ ਸਿੰਘ ਬਰਾੜ, ਕਾਰਾ ਸਿੰਘ, ਤੁਲਸਾ ਸਿੰਘ, ਪੰਡਤ ਜਗਦੀਸ਼ ਚੰਦਰ, ਗੁਰਦੇਵ ਸਿੰਘ, ਜੰਟਾ ਸਰਾਂ, ਹਰਬੰਸ ਬਰਾੜ, ਗੁਰਨਾਮ ਸਿੰਘ, ਕਾਹਨ ਸਿੰਘ ਕਾਮਾ ਤੇ ਗੁਰਮੇਲ ਸਿੰਘ ਆਦਿ।
ਹੁਣ ਤਾਂ ਪੰਚਾਇਤ ਨੇ ਪੇਂਡੂਆਂ ਦੇ ਸਹਿਯੋਗ ਨਾਲ ਵਧੀਆ ਗਰਾਊਂਡ ਬਣਾਏ ਹਨ, ਜਿਥੇ ਖਿਡਾਰੀ ਅਭਿਆਸ ਕਰ ਸਕਦੇ ਹਨ; ਪਰ ਪਹਿਲੇ ਸਮਿਆਂ ਵਿਚ ਅਸੀਂ ਅਭਿਆਸ ਵੀ ਪਿੜਾਂ ਵਿਚ ਹੀ ਕਰਦੇ ਸਾਂ। ਸਾਨੂੰ ਖੇਡਦੇ ਦੇਖ ਕੇ ਏਨੇ ਖਿਡਾਰੀ ਬਣੇ ਕਿ ਸਾਡੇ ਪਿੰਡ ਦੀਆਂ ਤਿੰਨ ਟੀਮਾਂ ਬਣ ਗਈਆਂ। ਇਨ੍ਹਾਂ ਵਿਚ ਗੁਰਨਾਮ ਗਾਮਾ, ਹਰਬੰਸ ਲਾਲ ਸ਼ਰਮਾ, ਮਹਿੰਮਾ ਸਿੰਘ, ਬਚਿੱਤਰ ਸਿੰਘ, ਤਰਸੇਮ ਚਾਵਲਾ ਤੇ ਰਾਮ ਚਾਵਲਾ ਆਦਿ ਸਾਡੇ ਤੋਂ ਵਧੀਆ ਖਿਡਾਰੀ ਸਨ। ਅੰਗਰੇਜ਼ ਸਿੰਘ, ਭਲਵਾਨ, ਹਰਿੰਦਰ ‘ਹਿੰਦ’, ਰੇਸ਼ਮ ਬਰਾੜ, ਮੰਦਰ ਸਿੰਘ, ਮੇਜਰ ਸਿੰਘ ਮੱਟੂ, ਰੁਪਿੰਦਰ ਗੋਰਾ, ਰਣਜੋਧ ‘ਨੀਟਾ’, ਸੁਰਿੰਦਰ ‘ਕਾਕੂ’, ਗੁਰਵਿੰਦਰ ਸੰਧੂ, ਗੁਰਦੀਪ, ਲਖਬੀਰ, ਸੁੱਖਾ ਸ਼ਮਸ਼ੇਰ ਸਿੰਘ, ਸੁਖਪ੍ਰੀਤ ਸੰਘਾ, ਟਿੱਕਾ ਖਾਨ, ਬਲਜੀਤ, ਤੀਸ਼ਾ, ਸਰਬਣ ਜੱਸੀ ਜੋ ਕੋਚ ਸੀ, ਉਨ੍ਹਾਂ `ਚੋਂ ਬਹੁਤੇ ਮੋਟਰ ਸਾਈਕਲਾਂ ਨਾਲ ਸਨਮਾਨਿਤ ਹੋ ਚੁੱਕੇ ਹਨ। ਰਾਮ ਸਿੰਘ, ਕਰਨੈਲ ਸਿੰਘ, ਦਿਲਬਾਗ਼ ਸਰਾਂ, ਬਲਵੀਰ ਗਿੱਲ, ਵਿਜੈ, ਜੱਗਾ, ਪੱਪੂ, ਦੀਪਾ, ਹਰਜੀਤ, ਬਲਜਿੰਦਰ, ਗੁਰਮੀਤ, ਅਵਤਾਰ, ਸਤਨਾਮ, ਅਰਸ਼ਦੀਪ, ਸੋਨੂੰ, ਗੁਰਜੀਤ ਆਦਿ ਹੋਰ ਵੀ ਕਈ ਕਬੱਡੀ ਖਿਡਾਰੀ ਹਨ। ਅਸੀਂ ਚਾਰ ਭਰਾ ਹੰਸ ਰਾਜ, ਹਰਬੰਸ ਲਾਲ, ਸੁਭਾਸ਼ ਚੰਦਰ, ਸੂਰਜ ਭਾਨ ਅਤੇ ਪ੍ਰਿਤਪਾਲ, ਜਸਪਾਲ, ਧਰਮਪਾਲ, ਪੱਪੀ ਚਾਰੇ ਭਰਾ ਕਬੱਡੀ ਖੇਡਦੇ ਰਹੇ ਹਾਂ। ਸੁਭਾਸ਼ ਚੰਦਰ ਨੇ ਪੇਂਡੂ ਖੇਡਾਂ ਦੇ ਨਾਲ ਆਈ. ਟੀ. ਆਈ. ਦੇ ਪੰਜਾਬ ਪੱਧਰ ਦੇ ਟੂਰਨਾਮੈਂਟ ਵੀ ਖੇਡੇ।
ਰੋਡਿਆਂ ਵਾਲਾ ਟੂਰਨਾਮੈਂਟ ਫਰਵਰੀ ਵਿਚ ਹੁੰਦਾ ਸੀ। ਉਦੋਂ ਆਮ ਲੋਕ ਕੰਮਾਂ ਕਾਰਾਂ ਤੋਂ ਵਿਹਲੇ ਹੁੰਦੇ ਸਨ। ਇਕੇਰਾਂ ਮਰਹੂਮ ਜੋਗਿੰਦਰ ਸਿੰਘ ਬਰਾੜ ਨੇ ਮੈਨੂੰ ਹਰਬੰਸ ਸਿੰਘ ਬਰਾੜ ਦੇ ਘਰੋਂ ਦੇਸੀ ਘਿਉ ਦੀ ਭਰੀ ਵੱਡੀ ਬਾਲਟੀ ਲੈ ਕੇ ਦਿੱਤੀ ਸੀ। ਮੈਂ ਪੁੱਛਿਆ, ਕਿੰਨੇ ਪੈਸੇ? ਕਹਿਣ ਲੱਗਾ, ਰੋਡਿਆਂ ਆਲਾ ਟੂਰਨਾਮੈਂਟ ਜਿੱਤ ਦੇਹ, ਕੋਈ ਪੈਸਾ ਨਹੀਂ। ਟੂਰਨਾਮੈਂਟ ਆਇਆ ਤਾਂ ਅਸੀਂ ਟੀਮ ਦੀ ਚੋਣ ਕੀਤੀ। ਗੁਰਦੀਪ ਸਿੰਘ ਸੋਢੀ, ਸੁਰਿੰਦਰਪਾਲ ਸ਼ਰਮਾ (ਵੈਟਰਨ ਏਸ਼ੀਆ ਅਥਲੀਟ), ਤੇਜਾ ਸਿੰਘ ਸਰਾਂ, ਜੋਗਿੰਦਰ ਸਿੰਘ ਬਰਾੜ, ਡਾ. ਪ੍ਰਿਤਪਾਲ ਸਿੰਘ, ਡਾ. ਜਸਪਾਲ ਸਿੰਘ, ਗੁਰਮੇਲ ਸਿੰਘ ਮੇਲੂ, ਮੇਲਾ ਸਿੰਘ ਪ੍ਰਧਾਨ ਤੇ ਟੀਮ ਕਪਤਾਨ ਵਜੋਂ ਸੂਰਜ ਭਾਨ ਖੇਡੇ। ਮੈਚ ਵਾਲੇ ਦਿਨ ਸਾਡੇ ਪਿੰਡ ਵਾਸੀਆਂ ਤੇ ਇਲਾਕੇ ਦਾ ਬੜਾ ਭਾਰੀ ‘ਕੱਠ ਸੀ। ਓਦੋਂ ਡੇਢ ਪੁਆਇੰਟ ਨਹੀਂ ਸੀ ਹੁੰਦਾ।
ਟੂਰਨਾਮੈਂਟ ਕਮੇਟੀ ਨੇ ਦੋ ਗਰੁੱਪ ਬਣਾਏ ਸਨ। ਇਕ ਵਿਚ ਰਾਜੇਆਣਾ ਜਿੱਤਦਾ ਆ ਰਿਹਾ ਸੀ, ਦੂਜੇ ਵਿਚ ਸਮਾਲਸਰ। ਦੂਜੇ ਦਿਨ ਸ਼ਾਮ ਨੂੰ ਫਾਈਨਲ ਮੈਚ ਰਾਜੇਆਣੇ ਤੇ ਸਮਾਲਸਰ ਵਿਚਕਾਰ ਹੋਣ ਲੱਗਾ। ਲੋਕਾਂ ਦੀਆਂ ਨਜ਼ਰਾਂ ਇਸੇ ਮੈਚ ‘ਤੇ ਸਨ, ਕਿਉਂਕਿ ਸਾਡਾ ਕੱਪ ਜਿੱਤਣ ਦਾ ਤੀਜਾ ਸਾਲ ਸੀ, ਜਿਸ ਨਾਲ ਕੱਪ ਪੱਕਾ ਹੀ ਸਾਡਾ ਹੋ ਜਾਣਾ ਸੀ। ਰਾਜੇਆਣੇ ਦਾ ਕਪਤਾਨ ਓਮ ਮੂਲ ਸ਼ੰਕਰ ਬਹੁਤ ਤੇਜ਼-ਤਰਾਰ ਰੇਡਰ ਸੀ। ਟਾਸ ਉਹ ਜਿੱਤ ਗਿਆ। ਪਹਿਲੀ ਰੇਡ ਉਹਦੀ ਸੀ, ਜੀਹਦਾ ਉਹ ਪੁਆਇੰਟ ਲੈ ਗਿਆ। ਫੇਰ ਕੀ ਸੀ, ਲੋਕ ਲਲਕਾਰੇ ਤੇ ਚੀਕਾਂ ਮਾਰਨ ਲੱਗੇ। ਇਕ ਇਕ ਰੇਡ ਅਤੇ ‘ਕੱਲੇ ਕੱਲੇ ਜੱਫੇ ‘ਤੇ ਧੱਕਾ ਪੈਣ ਲੱਗਾ। ਰੌਲੇ-ਰੱਪੇ ਵਿਚ ਮੈਚ ਬਰਾਬਰ ਰਹਿ ਗਿਆ। ਫੇਰ 10-2-10 ਮਿੰਟ ਦਾ ਹੋਰ ਸਮਾਂ ਮਿਲਿਆ। ਮੈਚ ਫੇਰ ਬਰਾਬਰ ਰਹਿ ਗਿਆ। ਕਮੇਟੀ ਦੋਹਾਂ ਟੀਮਾਂ ਨੂੰ ਕੱਪ ਛੇ-ਛੇ ਮਹੀਨੇ ਦੇਣ ਵਾਸਤੇ ਕਹਿੰਦੀ ਸੀ, ਪਰ ਅਸੀਂ ਨਾ ਮੰਨੇ। ਫੇਰ 5-2-5 ਮਿੰਟ ਦਾ ਸਮਾਂ ਦਿੱਤਾ ਤਾਂ ਅਸੀਂ ਅੜ ਗਏ ਕਿ ਦੁਬਾਰਾ 20-5-20 ਮਿੰਟ ਦਾ ਪੂਰਾ ਸਮਾਂ ਦੇ ਕੇ ਕੱਟਾ-ਕੱਟੀ ਕੱਢੋ। ਨਾਲੇ ਪਤਾ ਲੱਗ`ਜੂ ਕੀਹਨੇ ਬੂਰੀਆਂ ਚੁੰਘੀਆਂ? ਮੇਰੇ ਅੰਦਰੋਂ ਘਿਉ ਦੀ ਬਾਲਟੀ ਬੋਲਦੀ ਸੀ। ਮੈਂ ਕਿਹਾ, ਅਸੀਂ ਤਾਂ ਕੱਪ ਪੱਕਾ ਈ ਲੈ ਕੇ ਜਾਵਾਂਗੇ।
ਟੂਰਨਾਮੈਂਟ ਕਮੇਟੀ ਨੇ ਮਜਬੂਰੀ ਵੱਸ ਸਾਡਾ ਮੈਚ ਤੀਜੇ ਦਿਨ ‘ਤੇ ਪਾ ਦਿੱਤਾ। ਲੋਕ ਟਕੂਏ, ਗੰਡਾਸੇ ਤੇ ਡਾਂਗਾਂ ਲੈ ਕੇ ਮੈਚ ਦੇਖਣ ਆਏ। ਅਸੀਂ ਸਭ ਨੂੰ ਸਮਝਾਇਆ ਕਿ ਕੱਪ ਕੋਈ ਵੀ ਜਿੱਤੇ, ਕਿਸੇ ਨੇ ਲੜਾਈ ਝਗੜਾ ਨਹੀਂ ਕਰਨਾ। ਮੈਂ ਕਿਹਾ, ਕੱਪ ਜਿੱਤ ਕੇ ਲਿਜਾਵਾਂਗੇ, ਖੋਹ ਕੇ ਨਹੀਂ। ਮੈਚ ਸ਼ੁਰੂ ਹੋ ਗਿਆ। ਰੌਲਾ ਪੈਂਦਾ ਰਿਹਾ। 20-5-20 ਮਿੰਟ ਦਾ ਸਮਾਂ ਖਤਮ ਹੋ ਗਿਆ, ਪਰ ਪੁਆਇੰਟ ਬਰਾਬਰ ਰਹੇ। ਦੁਬਾਰਾ 20-5-20 ਮਿੰਟਾਂ ਦਾ ਸਮਾਂ ਦਿੱਤਾ ਗਿਆ। ਮੈਚ ਫਿਰ ਚਾਲੂ ਹੋ ਗਿਆ। ਪਹਿਲੀ ਰੇਡ ਸਾਡੀ ਸੀ। ਸਮਾਂ ਖਤਮ ਹੋਣ ਦੇ ਨੇੜੇ ਸੀ ਕਿ ਰੈਫਰੀ ਨੇ ਐਲਾਨ ਕਰ ਦਿੱਤਾ ਬਈ ਇਕ-ਇਕ ਕਬੱਡੀ ਬਾਕੀ ਹੈ। ਮੈਂ ਕਬੱਡੀ ਪਾਉਣ ਗਿਆ ਤਾਂ ਬਾਹਰੋਂ ਰੌਲਾ ਪੈ ਰਿਹਾ ਸੀ ਕਿ ਫੜ ਲਓ ਇਹਨੂੰ, ਪੈ`ਜੋ ਟੁੱਟ ਕੇ, ਜਾਵੇ ਨਾ ਹੁਣ। ਪਰ ਮੈਂ ਪੁਆਇੰਟ ਲੈ ਆਂਦਾ।
ਹੁਣ ਰਾਜੇਆਣੀਆਂ ਦੀ ਅਖੀਰਲੀ ਰੇਡ ਸੀ। ਮੈਂ ਰੇਡਰ ਸਾਂ, ਇਸ ਲਈ ਮੈਨੂੰ ਰੈਫਰੀ ਨੂੰ ਕਹਿਣਾ ਪਿਆ ਕਿ ਮੈਂ ਫੜਾਂਗਾ। ਰੈਫਰੀ ਨੇ ਐਲਾਨ ਕਰ ਦਿੱਤਾ ਕਿ ਹੁਣ ਸੂਰਜੀ ਵੀ ਫੜ ਸਕਦੈ। ਮੈਨੂੰ ਪਤਾ ਸੀ, ਆਖਰੀ ਕਬੱਡੀ ਓਮ ਪਾਊਗਾ। ਉਹੀ ਹੋਇਆ। ਮੈਂ ਉਸ ਦਾ ਗੁੱਟ ਫੜ ਕੇ ਕੈਂਚੀ ਮਾਰੀ, ਪਰ ਸਦਕੇ ਮਾਂ ਦੇ ਪੁੱਤ ਦੇ, ਉਹਨੇ ਕੈਂਚੀ ਪੱਟ`ਤੀ, ਪਰ ਗੁੱਟ ਨਾ ਛੁਡਾ ਸਕਿਆ। ਮੈਂ ਦੁਬਾਰਾ ਕੈਂਚੀ ਮਾਰੀ, ਜੋ ਇਕੋ ਲੱਤ ਨੂੰ ਪਈ ਜੀਹਨੂੰ ਉਹ ਖਿੱਚ ਗਿਆ। ਮੈਂ ਗੁੱਟ ਨਾ ਛੱਡਿਆ ਤੇ ਤੀਜੀ ਕੈਂਚੀ ਮਾਰ ਕੇ ਉਹਦੇ ਉਤੇ ਬਹਿ ਗਿਆ। ਰੈਫਰੀ ਨੇ ਕੰਨ ਨੇੜੇ ਕਰ ਕੇ ਸੁਣਿਆ ਤਾਂ ਓਮ ਦਾ ਸਾਹ ਟੁੱਟ ਚੁੱਕਾ ਸੀ। ਓਮ ਦੀਆਂ ਅੱਖਾਂ ਵਿਚ ਹਾਰ ਦੇ ਹੰਝੂ ਸਨ ਤੇ ਮੇਰੀਆਂ ਅੱਖਾਂ ਵਿਚ ਜਿੱਤ ਦੇ ਹੰਝੂ ਕਿ ਸਮਾਲਸਰੀਆਂ ਨੇ ਕੱਪ ਪੱਕਾ ਹੀ ਜਿੱਤ ਲਿਆ। ਆਖਰ ਸਮਾਲਸਰੀਆਂ ਨੇ ਆਪਣੇ ਮੱਥੇ ਤੋਂ ਹਾਰ ਦਾ ਦਾਗ ਧੋ ਹੀ ਦਿੱਤਾ!