ਸਿੱਧੂ-ਮਾਲੀ ਮਾਮਲੇ ਨੇ ਬੇਅਸੂਲੀ ਸਿਆਸਤ ਦਾ ਭਾਂਡਾ ਚੁਰਾਹੇ ਭੰਨਿਆ

ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਦਾ ਮਾਮਲਾ ਵਾਹਵਾ ਹੀ ਤੂਲ ਫੜ ਗਿਆ ਹੈ। ਉਂਝ ਇਸ ਮਾਮਲੇ ਦੇ ਤੂਲ ਫੜਨ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਮੁੱਦਿਆਂ ਦੇ ਆਧਾਰ ‘ਤੇ ਸਿਆਸਤ ਕਰਨ ਵਾਲਿਆਂ ਨੂੰ ਰਵਾਇਤੀ ਪਾਰਟੀਆਂ ਅਤੇ ਇਨ੍ਹਾਂ ਦੇ ਆਗੂ ਕਿਸ ਤਰ੍ਹਾਂ ਅਤੇ ਕਿਉਂ ਟੁੱਟ ਕੇ ਪਏ ਹਨ। ਇਸ ਲੇਖ ਵਿਚ ਹਜ਼ਾਰਾ ਸਿੰਘ ਨੇ ਇਸੇ ਪੱਖ ਤੋਂ ਇਸ ਮਸਲੇ ਦੀ ਚੀਰ-ਫਾੜ ਕੀਤੀ ਹੈ ਅਤੇ ਰਵਾਇਤੀ ਆਗੂਆਂ ਦੀ ਗੈਰ-ਦਿਆਨਤਦਾਰੀ ਉਤੇ ਚੋਟ ਕੀਤੀ ਹੈ।

ਹਜ਼ਾਰਾ ਸਿੰਘ, ਮਿਸੀਸਾਗਾ (ਕੈਨੇਡਾ)
ਫੋਨ: 905-795-3428

ਮੌਜੂਦਾ ਕਿਸਾਨੀ ਸੰਘਰਸ਼ ਦੇ ਪ੍ਰਵਚਨ (ਬਿਰਤਾਂਤ) ਅਤੇ ਜੁੱਸੇ ਉਤੇ ਹੋ ਰਹੇ ਗੰਭੀਰ ਹਮਲਿਆਂ ਨੂੰ ਪਛਾੜਨ ਲਈ ਬਿਨ ਤਨਖਾਹ ਪਾਏ ਇਤਿਹਾਸਕ ਯੋਗਦਾਨ ਤੋਂ ਬਾਅਦ ਮਾਲਵਿੰਦਰ ਸਿੰਘ ਮਾਲੀ ਫਿਰ ਚਰਚਾ ਵਿਚ ਹੈ। ਮੌਜੂਦਾ ਚਰਚਾ ਦਾ ਆਧਾਰ ਸਿਧਾਂਤਕ ਨਹੀਂ ਸਗੋਂ ਮੁੱਦਾ ਰਹਿਤ ਅਤੇ ਸਿਧਾਂਤਹੀਣ ਸਿਆਸਤ ਕਰਨ ਵਾਲੇ ਬੇਅਸੂਲੇ ਸਿਆਸਤਦਾਨਾਂ ਦੇ ਮਨ ਅੰਦਰ ਏਜੰਡਾ ਆਧਾਰਿਤ ਰਾਜਨੀਤੀ ਦੀ ਗੱਲ ਦਾ ਪੈਦਾ ਹੋਇਆ ਡਰ ਹੈ। ਸਿਆਸਤਦਾਨਾਂ ਦਾ ਇਹ ਵਰਗ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਰੋਲਣ ਦਾ ਮਾਹਿਰ ਹੈ। ਮਾਲੀ ਦੀ ਚਰਚਾ ਨਾਲ ਜੁੜਿਆ ਘਟਨਾਕ੍ਰਮ ਵੀ ਅਸਲ ਵਿਚ ਮੁੱਦਿਆਂ ਦੀ ਸਿਆਸਤ ਤੋਂ ਧਿਆਨ ਭਟਕਾਉਣ ਦੀ ਹੀ ਖੇਡ ਹੈ। ਪੰਜਾਬ ਕਾਂਗਰਸ ਦਾ ਨਵਾਂ ਬਣਿਆ ਪ੍ਰਧਾਨ ਨਵਜੋਤ ਸਿੱਧੂ ਲੰਮੇ ਸਮੇ ਤੋਂ ਪੰਜਾਬ ਦੀ ਸਿਆਸਤ ਨੂੰ ਲੋਕ ਲਭਾਊ ਨਾਅਰਿਆਂ ਦੀ ਥਾਂ ਪੰਜਾਬ ਪੱਖੀ ਏਜੰਡੇ ਦੇ ਰਾਹ ਪਾਉਣ ਦੀ ਗੱਲ ਕਰ ਰਿਹਾ ਹੈ। ਮਾਲੀ ਏਜੰਡਾ ਆਧਾਰਿਤ ਸਿਆਸਤ ਦਾ ਹਾਮੀ ਹੋਣ ਕਾਰਨ ਸਿੱਧੂ ਵੱਲੋਂ ਉਠਾਏ ਸ਼ਰਾਬ ਮਾਫੀਆ, ਰੇਤ ਮਾਫੀਆ, ਕੇਬਲ ਮਾਫੀਆ, ਲੈਂਡ ਮਾਫੀਆ ਨੂੰ ਕਾਬੂ ਕਰਨ, ਪਾਕਿਸਤਾਨ ਨਾਲ ਵਪਾਰ ਖੋਲ੍ਹਣ ਆਦਿ ਵਰਗੇ ਮੁੱਦਿਆਂ ਦੀ ਧੜੱਲੇ ਨਾਲ ਹਮਾਇਤ ਕਰ ਰਿਹਾ ਹੈ।
ਪੰਜਾਬ ਦੇ ਸਿਆਸਤਦਾਨ ਸਿੱਧੂ ਦੇ ਏਜੰਡੇ ਬਾਰੇ ਚੁੱਪ ਰਹਿੰਦੇ ਹਨ ਪਰ ਉਸ ਦੇ ਕਿਸੇ ਡੇਰੇ ‘ਤੇ ਜਾਣ, ਮੌਲੀਆਂ ਬੰਨ੍ਹਣ ਆਦਿ ਦਾ ਰੌਲਾ ਜ਼ਰੂਰ ਪਾਉਂਦੇ ਹਨ। ਆਪਣੇ ਏਜੰਡੇ ਅਤੇ ਮਕਬੂਲੀਅਤ ਕਾਰਨ ਸਿੱਧੂ ਰਾਜਸੀ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ। ਸਿੱਧੂ ਵੱਲੋਂ ਮਾਲੀ ਨੂੰ ਬੁੱਧੀਜੀਵੀ ਦੇ ਤੌਰ ‘ਤੇ ਸਲਾਹਕਾਰ ਐਲਾਨਣ ਨਾਲ ਮਾਲੀ ਦਾ ਗੈਰ ਰਸਮੀ ਸਬੰਧ ਸਿੱਧੂ ਨਾਲ ਜੁੜ ਗਿਆ ਜਿਸ ਨੂੰ ਰਾਜਸੀ ਵਿਰੋਧੀਆਂ ਨੇ ਸਿੱਧੂ ‘ਤੇ ਨਿਸ਼ਾਨਾ ਲਾਉਣ ਲਈ ਬਹਾਨੇ ਵਜੋਂ ਵਰਤਿਆ। ਅਸਲ ਨਿਸ਼ਾਨਾ ਮਾਲੀ ਨਹੀਂ ਸਗੋਂ ਸਿੱਧੂ ਅਤੇ ਉਸ ਵੱਲੋਂ ਉਭਾਰਿਆ ਜਾ ਰਿਹਾ ਰਾਜਨੀਤਕ ਪ੍ਰਵਚਨ ਸੀ। ਸਿੱਧੂ ਦੀ ਇਹ ਸਾਦਗੀ ਹੀ ਕਹੀ ਜਾ ਸਕਦੀ ਹੈ ਕਿ ਮਾਲੀ ਦੇ ਰਾਜਸੀ ਪਿਛੋਕੜ ਨੂੰ ਨਜ਼ਰ-ਅੰਦਾਜ਼ ਕਰਦਿਆਂ, ਉਸ ਦੀ ਪੰਜਾਬ ਦੀ ਅਜੋਕੀ ਸਿਆਸਤ ਪ੍ਰਤੀ ਉਸਾਰੂ ਪਹੁੰਚ ‘ਤੇ ਟੇਕ ਰੱਖਦਿਆਂ ਸਲਾਹਕਾਰ ਬਣਾਇਆ। ਮਾਲੀ ਨੇ ਆਪਣੇ ਨਕਸਲੀ ਪਿਛੋਕੜ ਤੋਂ ਕਦੇ ਇਨਕਾਰ ਨਹੀਂ ਕੀਤਾ, ਫਿਰ ਵੀ ਉਸ ਦੀ ਪੰਜਾਬ ਪ੍ਰਤੀ ਸੁਹਿਰਦ ਤੇ ਨਿਰਪੱਖ ਸੋਚ ਕਾਰਨ ਹੀ ਕਿਸੇ ਸਮੇਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗੇ ਸੁਘੜ ਸਿਆਸਤਦਾਨ ਨੇ, ਫਿਰ 2002 ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਕਦੇ ਖੁਦ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੀ ਸਲਾਹਕਾਰ ਜੁੰਡਲੀ ਵਿਚ ਅਹਿਮ ਰੁਕਨ ਵਜੋਂ ਜੋੜੀ ਰੱਖਿਆ।
ਮਾਲੀ ਦੀ ਕਸ਼ਮੀਰ ਬਾਰੇ ਸੰਖੇਪ ਪੋਸਟ ਨੂੰ ਸਿੱਧੂ ‘ਤੇ ਹਮਲਾ ਕਰਨ ਲਈ ਜਿਵੇਂ ਵਰਤਿਆ ਗਿਆ, ਉਹ ਬੇਅਸੂਲੀ ਅਤੇ ਹੌਲੀ ਸਿਆਸਤ ਦਾ ਹੀ ਮੁਜ਼ਾਹਰਾ ਸੀ। ਮਾਲੀ ਦੀ ਕਹੀ ਗੱਲ ਕੋਈ ਅੱਲੋਕਾਰੀ ਨਹੀਂ ਸੀ ਪਰ ਹੋਛੇ ਸਿਆਸਤਦਾਨ ਇਸ ਨੂੰ ਲੈ ਕੇ ਚਾਂਭਲ ਗਏ। ‘ਜਿਵੇਂ ਸੁਬ੍ਹਾ ਦੀ ਕਜ਼ਾ ਨਮਾਜ਼ ਹੁੰਦੀ, ਰਾਜ਼ੀ ਹੋਇ ਇਬਲੀਸ ਫਿਰ ਨੱਚਦਾ ਹੈ`, ਅਨੁਸਾਰ ਇਹ ਅਸੂਲੋਂ ਬੌਣੇ ਲੋਕ ਮਾਮੂਲੀ ਗੱਲ ‘ਤੇ ਹੀ ਵਿਤੋਂ ਬਾਹਰਾ ਜ਼ੋਰ ਲਾ ਕੇ ਨੱਚਣ ਲੱਗ ਪਏ।
ਕਿਸੇ ਸਮੇਂ ਸਿਰਦਾਰ ਗੁਰਤੇਜ ਸਿੰਘ ਨੇ ਪੰਜਾਬ ਅੰਦਰ ਪਸਰ ਰਹੇ ਬੌਧਿਕ ਮਾਰੂਥਲ ਦੀ ਗੱਲ ਕੀਤੀ ਸੀ। ਸੋਚ ਵਿਚਾਰ ਅਤੇ ਸੰਵਾਦ ਤੋਂ ਵਿਰਵੇ ਕੀਤੇ ਜਾ ਰਹੇ ਪੰਜਾਬ ਦੇ ਮਾਹੌਲ ਨੂੰ ਮਾਲੀ ਬੌਧਿਕ ਕੰਗਾਲੀ ਆਖਦਾ ਹੈ। ਇਸੇ ਮਹੌਲ ਵਿਚ ਹੀ ਬੇਅਸੂਲੀ ਸਿਆਸਤ ਵਧ ਫੁੱਲ ਰਹੀ ਹੈ। ਜੇ ਅਸੂਲੀ ਸਿਆਸਤ ਦਾ ਕੋਈ ਕਣ ਬਚਿਆ ਹੁੰਦਾ ਤਾਂ ਸਿੱਧੂ ਨੂੰ ਨਿਸ਼ਾਨਾ ਬਣਾਉਣ ਲਈ ਮਾਲੀ ਦੇ ਕਥਨ ਦੀ ਗੈਰ ਸਦਾਚਾਰਕ ਢੰਗ ਨਾਲ ਬੇਸ਼ਰਮੀ ਭਰੀ ਵਰਤੋਂ ਨਾ ਹੁੰਦੀ, ਸਿੱਧੂ ਨੂੰ ਘੇਰਨ ਲਈ ਹੱਲਾ ਉਸ ਦੇ ਏਜੰਡੇ ਨੂੰ ਦਲੀਲਾਂ ਨਾਲ ਰੱਦ ਕਰਨ ਵਾਲਾ ਹੁੰਦਾ, ਉਸ ਦੇ ਏਜੰਡੇ ਦਾ ਬਦਲ ਪੇਸ਼ ਕਰਨ ‘ਤੇ ਜ਼ੋਰ ਹੁੰਦਾ ਪਰ ਐਸਾ ਨਾ ਹੋਣਾ ਦੱਸਦਾ ਹੈ ਕਿ ਸਿਆਸਤ ਮੁੱਦਿਆਂ ਦੀ ਨਹੀਂ, ਮੁੱਦਿਆਂ ਨੂੰ ਰੋਲਣ ਵਾਲੇ ਰੌਲੇ ‘ਤੇ ਹੋ ਰਹੀ ਹੈ।
ਕਸ਼ਮੀਰ ਬਾਰੇ ਧਾਰਾ 370 ਤੋੜੇ ਜਾਣ ਦੇ ਸਿਆਸੀ ਫੈਸਲੇ ਨੂੰ ਬਹੁਤ ਸਾਰੇ ਲੋਕ ਠੀਕ ਨਹੀਂ ਸਮਝਦੇ ਪਰ ਮਾਲੀ ਦੇ ਐਸੇ ਵਿਚਾਰਾਂ ਨੂੰ ਦੇਸ਼ ਵਿਰੋਧੀ ਆਖ ਕੇ ਸਿੱਧੂ ‘ਤੇ ਹਮਲਾ ਵਿੱਢਣ ਵਾਲੇ ਅਕਾਲੀ ਆਪ ਸੰਵਿਧਾਨ ਪਾੜਦੇ ਵੀ ਰਹੇ ਹਨ, ਅੰਮ੍ਰਿਤਸਰ ਐਲਾਨਨਾਮੇ ‘ਤੇ ਦਸਤਖਤ ਵੀ ਕਰਦੇ ਰਹੇ ਹਨ। ਮਾਲੀ ਨੇ ਬੇਸ਼ੱਕ ਆਪਣੇ ਆਪ ਨੂੰ ਸਲਾਹਕਾਰੀ ਤੋਂ ਵੱਖ ਕਰ ਲਿਆ ਹੈ ਪਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਮਾਲੀ ‘ਤੇ ਦੇਸ਼ ਧ੍ਰੋਹ ਦਾ ਕੇਸ ਦਰਜ ਕਰਨ ਦੇ ਬਿਆਨ ਦੇ ਕੇ ‘ਵਾਰਿਸ ਸ਼ਾਹ ਕੇਤੀ ਗੱਲ ਹੋਇ ਚੁੱਕੀ, ਮੂਤ ਵਿਚ ਨਾਂ ਮੱਛੀਆਂ ਟੋਲੀਏ ਜੀ` ਅਨੁਸਾਰ ਸਿਆਸੀ ਪਾਣੀ ਨੂੰ ਗੰਧਲਾ ਕੇ ਵਿਚੋਂ ਰਾਜਨੀਤੀ ਦੀ ਮੱਛੀ ਫੜਨ ਦੇ ਆਹਰ ਵਿਚ ਅਜੇ ਵੀ ਮਗਨ ਹੈ।
ਮਾਲੀ ‘ਤੇ ਹਮਲਾ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਮਾਲੀ ਨੇ ਅਕਾਲੀ ਦਲ ਵੱਲੋਂ ਅਨੰਦਪੁਰ ਮਤੇ ਦੀ ਮੰਗ ਦਾ ਚੇਤਾ ਕਰਵਾ ਕੇ ਸਿਧਾਂਤਕ ਸਵਾਲਾਂ ਦੇ ਘੇਰੇ ਵਿਚ ਲੈ ਆਂਦਾ ਜਿਸ ਦਾ ਅਕਾਲੀ ਆਗੂਆਂ ਕੋਲ ਕੋਈ ਜਵਾਬ ਨਹੀਂ। ਮਾਲੀ ਦੇ ਮੋੜਵੇਂ ਸਵਾਲਾਂ ਨੇ ਅਕਾਲੀਆਂ ਵਾਸਤੇ ਹਾਲਾਤ ‘ਅਸੀਂ ਸ਼ਹਿਦ ਦੇ ਵਾਸਤੇ ਹੱਥ ਪਾਇਆ, ਅੱਗੋਂ ਡੂਮਣਾ ਛਿੜੇ ਮਖੀਰ ਮੀਆਂ` ਵਰਗੇ ਬਣਾ ਦਿੱਤੇ ਹਨ। ਮਾਲੀ ਦੇ ਕਸ਼ਮੀਰ ਵਾਲੇ ਵਿਚਾਰ ਨੂੰ ਦੇਸ਼ ਲਈ ਲੜਨ ਵਾਲੇ ਫੌਜੀਆਂ ਦਾ ਅਪਮਾਨ ਕਹਿਣ ਵਾਲਾ ਮਜੀਠੀਆ ਦੇਸ਼ ਦੀ ਏਕਤਾ ਬਚਾਉਣ ਦੇ ਨਾਮ ‘ਤੇ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲੇ ਫੌਜੀਆਂ ਬਾਰੇ ਕੀ ਆਖੇਗਾ? ਇਹੋ ਜਿਹੇ ਸਵਾਲਾਂ ਦਾ ਸਾਹਮਣਾ ਅਕਾਲੀਆਂ ਦੇ ਨਾਲ ਨਾਲ ਕੈਪਟਨ ਨੂੰ ਵੀ ਕਰਨਾ ਪਵੇਗਾ ਜੋ ਪਾਕਿਸਤਾਨ ਦਾ ਹਊਆ ਖੜ੍ਹਾ ਕਰਕੇ ਕਿਸਾਨ ਅੰਦੋਲਨ ਦੇ ਉਭਾਰੇ ਭਾਈਚਾਰਕ ਸਾਂਝ ਦੇ ਪ੍ਰਵਚਨ ਨੂੰ ਗੁਮਰਾਹ ਕਰਨ ਦੇ ਯਤਨ ਕਰ ਰਿਹਾ ਹੈ। ਕੈਪਟਨ ਦੇ ਸਲਾਹਕਾਰਾਂ ਨੂੰ ਚਾਹੀਦਾ ਸੀ ਕਿ ਉਹ ਕੈਪਟਨ ਨੂੰ ਮਾਲੀ ਨਾਲ ਉਲਝਣ ਤੋਂ ਰੋਕਦੇ ਪਰ ਉਹ ਐਸਾ ਕਰ ਨਾ ਸਕੇ। ਨਤੀਜੇ ਵਜੋਂ ਗੱਲ ‘ਨਾਲ ਕਾਮਿਆਂ ਖੱਤਰੀ ਘੁਲਣ ਲੱਗੇ, ਵਾਰਿਸ ਸ਼ਾਹ ਫਿਰ ਲੋਕਾਂ ਨੇ ਹੱਸਣਾ ਈ` ਵਾਲੀ ਹੋਈ। ਕੈਪਟਨ ਦੇ ਬਿਆਨ ਨਾਲ ਮਾਲੀ ਦੀ ਅਹਿਮੀਅਤ ਹੋਰ ਵਧ ਗਈ ਅਤੇ ਮਾਲੀ ਵੱਲੋਂ ਮੋੜਵੇਂ ਸਵਾਲਾਂ ਦਾ ਵੀ ਸਾਹਮਣਾ ਕਰਨਾ ਪਿਆ। ਜਦ ਮਾਲੀ ਨੇ ਕੈਪਟਨ ਨੂੰ ਉਸ ਦੇ ਖਾੜਕੂਆਂ ਨਾਲ ਸਬੰਧਾਂ, ਅੰਮ੍ਰਿਤਸਰ ਐਲਾਨਨਾਮੇ ‘ਤੇ ਦਸਤਖਤ ਕਰਨ, ਸਲਾਹਕਾਰ ਭਰਤ ਇੰਦਰ ਸਿੰਘ ਚਾਹਿਲ ਦੇ ਕਾਰਨਾਮੇ ਫਰੋਲਣ ਅਤੇ ਪਾਕਿਸਤਾਨੀ ਲਿੰਕ ਬੀਬੀ ਅਰੂਸਾ ਆਲਮ ਦੇ ਮੁੱਦੇ ਤੇ ਸਵਾਲਾਂ ਦੀ ਵਾਛੜ ਕੀਤੀ ਤਾਂ ਗੱਲ ਇੱਕ ਵਾਰ ਤਾਂ ‘ਜੱਟੀ ਬੋਲ ਕੇ ਦੁੱਧ ਦੀ ਕਸਰ ਕੱਢੀ, ਸੱਭੇ ਅੜਤਨੇ ਪੜਤਨੇ ਪਾੜ ਛੱਡੇੇ। ਪੁੁਣੇ ਦਾਦ ਪਰਦਾਦੜੇ ਜੋਗੀ ਦੇ, ਸਾਕ ਟੰਗਣੇ ਤੇ ਸਭ ਚਾੜ੍ਹ ਛੱਡੇ` ਵਰਗੀ ਬਣ ਗਈ। ਮਾਲੀ ਦੇ ਇਸ ਹਮਲਾਵਰ ਰੁਖ ਕਾਰਨ ਕੈਪਟਨ ਦੇ ਸਲਾਹਕਾਰਾਂ ਵਾਸਤੇ ਔਖ ਪੈਦਾ ਹੋਣੀ ਲਾਜ਼ਮੀ ਸੀ।
ਸਮੇਂ ਦਾ ਮਜ਼ਾਕ ਦੇਖੋ, ਜਿਹੜਾ ਸੁਖਬੀਰ ਸਿੰਘ ਬਾਦਲ ਸਿੱਧੂ ‘ਤੇ ਨਿਸ਼ਾਨਾ ਲਾਉਣ ਲਈ ਮਾਲੀ ਨੂੰ ਦੇਸ਼ ਧ੍ਰੋਹੀ ਆਖ ਰਿਹਾ ਹੈ, ਉਸ ਖਿਲਾਫ ਦੋ ਸੰਵਿਧਾਨ ਵਰਤ ਕੇ ਚੋਣ ਕਮਿਸ਼ਨ ਨਾਲ ਧੋਖਾ ਕਰਨ ਦਾ ਮੁਕੱਦਮਾ ਚੱਲ ਰਿਹਾ ਹੈ। ਯਾਦ ਰਹੇ, ਅਕਾਲੀ ਦਲ ਰਾਜਸੀ ਚੋਣਾਂ ਲੜਨ ਵਾਸਤੇ ਚੋਣ ਕਮਿਸ਼ਨ ਕੋਲ ਸੈਕੂਲਰ ਪਾਰਟੀ ਦਾ ਦਾਅਵਾ ਕਰਦਾ ਹੈ ਅਤੇ ਗੁਰਦੁਆਰਾ ਚੋਣਾਂ ਲੜਨ ਲਈ ਧਾਰਮਿਕ ਪਾਰਟੀ ਹੋਣ ਦਾ ਦਿਖਾਵਾ ਕਰਦਾ ਹੈ। ਚੋਣ ਕਮਿਸ਼ਨ ਕੋਲ ਹੋਰ ਸੰਵਿਧਾਨ ਪੇਸ਼ ਕਰਦਾ ਹੈ ਅਤੇ ਗੁਰਦੁਆਰਾ ਚੋਣ ਕਮਿਸ਼ਨ ਕੋਲ ਕੋਈ ਹੋਰ। ਚਿਰਾਂ ਤੋਂ ਚੱਲ ਰਹੀ ਧੋਖੇਬਾਜ਼ੀ ਦੀ ਖੇਡ ਨੂੰ ਨੰਗਾ ਹੋਣ ਤੋਂ ਬਚਾਉਣ ਲਈ ਕਾਨੂੰਨੀ ਦਾਅ ਪੇਚਾਂ ਨਾਲ ਲਟਕਾਇਆ ਜਾ ਰਿਹਾ ਹੈ।
ਮਾਲੀ ਹੁਣ ਸਲਾਹਕਾਰੀ ਤੋਂ ਆਜ਼ਾਦ ਹੋ ਚੁੱਕਾ ਹੈ। ਹੁਣ ਉਹ ਪਹਿਲਾਂ ਨਾਲੋਂ ਵੱਧ ਮਸ਼ਹੂਰ, ਮਜ਼ਬੂਤ ਅਤੇ ਚਰਚਿਤ ਹੋ ਚੁੱਕਾ ਹੈ ਜਿਸ ਦਾ ਸਿਹਰਾ ਸਿੱਧੂ ਵਿਰੋਧੀ ਕਾਂਗਰਸੀਆਂ, ਆਮ ਆਦਮੀ ਪਾਰਟੀ ਵਾਲਿਆਂ ਅਤੇ ਅਕਾਲੀਆਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਿੱਧੂ ‘ਤੇ ਹਮਲਾ ਕਰਨ ਲਈ ਮਾਲੀ ਦਾ ਨਾਂ ਵਰਤਿਆ ਅਤੇ ਮਾਲੀ ਦੇਸ਼ ਭਰ ਦੀਆਂ ਅਖਬਾਰਾਂ ਅਤੇ ਮੀਡੀਆ ਦੀਆਂ ਸੁਰਖੀਆਂ ਵਿਚ ਆ ਗਿਆ। ਸੋ, ਹੁਣ ਮਾਲੀ ਦੀ ਗੱਲ ਪਹਿਲਾਂ ਨਾਲੋਂ ਵੀ ਦੂਰ ਜਾਏਗੀ ਅਤੇ ਵੱਧ ਅਸਰ ਕਰੇਗੀ। ਵਿਰੋਧੀਆਂ ਦੇ ਹੋਛੇ ਹਮਲਿਆਂ ਤੋਂ ਮਾਲੀ ਦੀ ਆਵਾਜ਼ ਨੂੰ ਹੋਰ ਤਾਕਤ ਮਿਲੀ ਹੈ ਅਤੇ ਉਹ ਅੱਗੇ ਤੋਂ ਵੀ ਹੋਰ ਵੱਧ ਬੁਲੰਦ ਹੋਈ ਹੈ। ਇਸ ਨੂੰ ਕਾਇਮ ਰੱਖਣ ਲਈ ਮਾਲੀ ਨੂੰ ਵੀ ਅੱਗੇ ਨਾਲੋਂ ਵੱਧ ਚੌਕਸ ਰਹਿਣਾ ਹੋਏਗਾ। ‘ਸ਼ਾਹ ਮੁਹੰਮਦਾ ਵੈੇਰੀ ਨੂੰ ਜਾਣ ਹਾਜ਼ਿਰ, ਸਦਾ ਰੱਖੀਏ ਵਿਚ ਧਿਆਨ ਦੇ ਜੀ`।
ਮਾਲੀ ਆਪਣੀਆਂ ਲਿਖਤਾਂ ਰਾਹੀਂ ਸਪੱਸ਼ਟ ਕਰ ਚੁੱਕਾ ਹੈ ਕਿ ਉਹ ਸੂਬਿਆਂ ਦੇ ਵੱਧ ਅਧਿਕਾਰਾਂ ਦਾ ਮੁਦਈ ਹੈ, ਬੰਦਿਆਂ ਦੀ ਸਿਆਸਤ ਦੀ ਥਾਂ ਮੁੱਦਿਆਂ ਦੀ ਸਿਆਸਤ ਦਾ ਹਮਾਇਤੀ ਹੈ ਅਤੇ ਲੋਕਾਂ ਦੇ ਅਸਲ ਮੁੱਦਿਆਂ ਨੂੰ ਘੱਟੇ ਰੋਲਣ ਵਾਲੇ ਸਿਆਸੀ ਖਿਡਾਰੀਆਂ ਦੇ ਖਿਲਾਫ ਹੈ। ਜਦ ਸਿੱਧੂ ਨੇ ਕਰਤਾਰਪੁਰ ਲਾਂਘਾ ਖੋਲ੍ਹਣ, ਪਾਕਿਸਤਾਨ ਨਾਲ ਦੋਸਤੀ ਅਤੇ ਵਪਾਰ ਲਈ ਬਾਰਡਰ ਖੋਲ੍ਹਣ ਦਾ ਪ੍ਰਵਚਨ ਉਭਾਰਿਆ ਤਾਂ ਮਾਲੀ ਨੇ ਉਸ ਦੀ ਪੁਰਜ਼ੋਰ ਹਮਾਇਤ ਕੀਤੀ। ਜਦ ਸਿੱਧੂ ਨੇ ਸ਼ਰਾਬ ਮਾਫੀਆ, ਰੇਤ ਮਾਫੀਆ ਆਦਿ ਨਾਲ ਨਜਿੱਠਣ ਲਈ ਸਰਕਾਰੀ ਕਾਰਪੋਰੇਸ਼ਨ ਬਣਾਉਣ ਦਾ ਵਿਚਾਰ ਅੱਗੇ ਲਿਆਂਦਾ ਤਾਂ ਮਾਲੀ ਨੇ ਹਮਾਇਤ ਕੀਤੀ ਅਤੇ ਨਾਲ ਦੀ ਨਾਲ ਬਾਕੀਆਂ ਨੂੰ ਵੀ ਇਨ੍ਹਾਂ ਮੁੱਦਿਆਂ ਬਾਰੇ ਬੋਲਣ ਲਈ ਲਲਕਾਰਿਆ ਪਰ ਸਭ ਸਿਆਸੀ ਧਿਰਾਂ ਸਿੱਧੂ ਦਾ ਨਿੱਜ ਨੌਲਣ ਤੋਂ ਉਪਰ ਉਠ ਕੇ ਮੁੱਦਿਆਂ ਬਾਰੇ ਬੋਲਣ ਤੋਂ ਕੰਨੀ ਕਤਰਾ ਗਈਆਂ। ਕਾਰਨ ਸਪਸ਼ਟ ਹੈ ਕਿ ਇਹ ਸਿਆਸੀ ਧਿਰਾਂ ਸ਼ਰਾਬ ਮਾਫੀਏ, ਰੇਤ ਮਾਫੀਏ, ਕੇਬਲ ਮਾਫੀਏ ਦੀਆਂ ਹਿੱਸੇਦਾਰ ਹਨ ਅਤੇ ਮੋਟਾ ਪੈਸਾ ਕਮਾ ਰਹੀਆਂ ਹਨ। ਇਸ ਲਈ ਐਸੇ ਏਜੰਡੇ ਦੀ ਗੱਲ ਕਰਨ ਵਾਲੇ ਇਨ੍ਹਾਂ ਰਵਾਇਤੀ ਧਿਰਾਂ ਨੂੰ ਪ੍ਰਵਾਨ ਨਹੀਂ। ਰਾਜਸੀ ਪ੍ਰਵਚਨ ਨੂੰ ਮੁੱਦਿਆਂ ਤੋਂ ਭਟਕਾਉਣ ਲਈ ਹੀ ਨਿਗੂਣੇ ਵਿਸ਼ਿਆਂ ਨੂੰ ਤੂਲ ਦੇਈ ਰੱਖਣ ਦੀ ਖੇਡ ਚਲਾਈ ਹੋਈ ਹੈ ਜਿਸ ਕਾਰਨ ਪੰਜਾਬ ਵਲੂੰਧਰਿਆ ਪਿਆ ਹੈ। ਡਾ. ਮੀਸ਼ਾ ਨੇ ਕਦੇ ਕਿਹਾ ਸੀ, ‘ਸਤਲੁਜ, ਬਿਆਸ, ਜਿਹਲਮ, ਛਿੜਦੀ ਜਦ ਚਨਾਬ ਦੀ ਗੱਲ, ਰਾਵੀ ਕਰੇ ਕਿਹੜੇ ਪੰਜਾਬ ਦੀ ਗੱਲ। ਪੱਤੀ ਪੱਤੀ ਵਲੂੰਧਰੀ ਗਈ ਜਿਸ ਦੀ, ਸ਼ਰਫ ਕਰੇ ਕਿਹੜੇ ਪੰਜਾਬ ਦੀ ਗੱਲ। ਘਪਲੇ ਨੰਗੇ ਹੋ ਜਾਣ ਸਾਰੇ, ਜੇ ਲੋਕੀ ਬੈਠ ਕੇ ਕਰਨ ਹਿਸਾਬ ਦੀ ਗੱਲ।`
ਹੁਣ ਅਸਲ ਭੇੜ ਹੀ ਹਿਸਾਬ ਦੀ ਗੱਲ ਦੇ ਬਿਰਤਾਂਤ ਨੂੰ ਉਭਾਰਨ ਵਾਲਿਆਂ ਅਤੇ ਉਖਾੜਨ ਵਿਚਕਾਰ ਹੈ। ਮਾਲੀ ਦੇ ਸਲਾਹਕਾਰ ਬਣਨ ਅਤੇ ਹਟਣ ਦੇ ਘਟਨਾਕ੍ਰਮ ਨੇ ਸਪਸ਼ਟ ਕਰ ਦਿੱਤਾ ਹੈ ਕਿ ਬੇਅਸੂਲੀ ਰਾਜਨੀਤੀ ਹਿਸਾਬ ਦੀ ਗੱਲ ਦੇ ਰਾਜਸੀ ਬਿਰਤਾਂਤ ਨੂੰ ਉਖਾੜਨ ਲਈ ਕਿਵੇਂ ਸਰਗਰਮ ਅਤੇ ਇੱਕਜੁੱਟ ਹੈ।
ਪੰਜਾਬ ਪ੍ਰਤੀ ਸੁਹਿਰਦ ਲੋਕਾਂ ਦੀ ਇੱਛਾ ਹੈ ਕਿ ਪੰਜਾਬ ਦੇ ਮੁੱਦੇ ਸਿਆਸੀ ਏਜੰਡੇ ਦੇ ਕੇਂਦਰ ਵਿਚ ਬਹਿਸ ਦਾ ਮੁੱਦਾ ਬਣਨ ਪਰ ਰਵਾਇਤੀ ਅਕਾਲੀ, ਕਾਂਗਰਸੀ ਅਤੇ ਹੁਣ ਆਮ ਆਦਮੀ ਪਾਰਟੀ ਵਾਲੇ ਵੀ ਮੁੱਦਿਆਂ ਦੀ ਥਾਂ ਸੱਤਾ ਹਥਿਆਊ ਜੁਮਲਿਆਂ ਅਤੇ ‘ਮੁੱਖ ਮੰਤਰੀ ਦਾ ਚਿਹਰਾ ਕੌਣ ਹੋਊ’ ਵਰਗੇ ਪ੍ਰਵਚਨਾਂ ਤੱਕ ਹੀ ਸੀਮਤ ਰਹਿਣਾ ਚਾਹੁੰਦੇ ਹਨ। ਬੱਸ ਇੱਥੇ ਆ ਕੇ ਹੀ ਇਨ੍ਹਾਂ ਦਾ ਸਿੱਧੂ ਅਤੇ ਮਾਲੀ ਨਾਲ ਟਕਰਾ ਹੁੰਦਾ ਹੈ। ਮਾਲੀ ਜਿੱਥੇ ਸਿੱਧੂ ਦੀ ਏਜੰਡਾ ਆਧਾਰਿਤ, ਜਵਾਬਦੇਹੀ ਵਾਲੀ ਪਾਰਦਰਸ਼ੀ ਸਿਆਸਤ ਦੇ ਬਿਰਤਾਂਤ ਦੀ ਪ੍ਰੋੜਤਾ ਕਰਦਾ ਹੈ, ਉਥੇੇ ਉਹ ਬਾਕੀ ਪਾਰਟੀਆਂ ਨੂੰ ਵੀ ਘੇਰ ਘੇਰ ਕੇ ਮੁੱਦਿਆਂ ‘ਤੇ ਲਿਆਉਣ ਦੇ ਯਤਨ ਕਰਦਾ ਹੈ, ਚਿਹਰਿਆਂ ਦੀ ਥਾਂ ਮੁੱਦਿਆਂ ਤੇ ਰਾਜਸੀ ਬਿਰਤਾਂਤ ਸਿਰਜਣ ਦੀ ਚੁਣੌਤੀ ਦਿੰਦਾ ਹੈ। ਮਾਲੀ ਜਿੱਥੇ ਸੂਬਿਆਂ ਦੀ ਅਧਿਕਾਰਾਂ ਦੇ ਉਭਰੇ ਪ੍ਰਵਚਨ ਦੀ ਗੱਲ ਕਰਦਾ ਹੈ, ਉਥੇ ਉਹ ਪੰਜਾਬ ਵਿਚਲੀਆਂ ਧਿਰਾਂ ਨੂੰ ਪਾਰਟੀਆਂ ਦੀ ਹਾਈ ਕਮਾਂਡ ਦੇ ਗਲਬੇ ਤੋਂ ਮੁਕਤ ਹੋਣ ਦੀ ਗੱਲ ਵੀ ਠੋਕ ਵਜਾ ਕੇ ਕਰਦਾ ਹੈ।
ਮਾਲਵਿੰਦਰ ਸਿੰਘ ਮਾਲੀ ਨੇ ਕਿਸਾਨੀ ਸੰਘਰਸ਼ ‘ਤੇ ਹੋ ਰਹੇ ਹਮਲਿਆਂ ਬਾਰੇ ਜਿਸ ਸਪਸ਼ਟਤਾ, ਬੇਬਾਕੀ, ਦਲੇਰੀ, ਡੂੰਘੀ ਘੋਖ ਅਤੇ ਨਿਰਪੱਖਤਾ ਨਾਲ ਬੋਲਿਆ ਤੇ ਲਿਖਿਆ ਹੈ, ਉਵੇਂ ਹੀ ਉਹ ਪੰਜਾਬ ਦੇ ਰਾਜਸੀ ਬਿਰਤਾਂਤ ਨੂੰ ਮੁੱਦਿਆਂ ‘ਤੇ ਆਧਾਰਿਤ ਬਣਾਉਣ ਲਈ ਯੋਗਦਾਨ ਪਾ ਰਿਹਾ ਹੈ ਅਤੇ ਬਾਗ ਦੇ ਮਾਲੀ ਵਾਂਗ ਇਸ ਬਿਰਤਾਂਤਕ ਬਾਗ ਨੂੰ ਹਮਲਿਆਂ ਤੋਂ ਬਚਾਉਣ ਲਈ ਸ਼ਲਾਘਾ ਯੋਗ ਯਤਨ ਕਰ ਰਿਹਾ ਹੈ। ਮੁੱਦਾ ਰਹਿਤ ਹੋ ਰਹੀ ਸਿਆਸਤ ਦੇ ਇਤਹਾਸ ਵਿਚ ਇਹ ਯੋਗਦਾਨ ਵੀ ਇਤਹਾਸਕ ਹੈ। ਅੰਤ ਵਿਚ ਮਾਲੀ ਨੂੰ ਵੀ ਬੇਨਤੀ ਹੈ ਕਿ ਉਹ ਅਫਗਾਨਿਸਤਾਨ ਵਿਚ ਤਾਲਿਬਾਨ ਜਾਂ ਕਸ਼ਮੀਰ ਵਰਗੇ ਮੁੱਦਿਆਂ ਵਿਚ ਨਾ ਉਲਝਣ। ਕਸ਼ਮੀਰ ਮੁੱਦੇ ‘ਤੇ ਪਾਕਿਸਤਾਨ-ਭਾਰਤ ਦੀ ਠੰਢੀ ਜੰਗ ਦੇ ਸ਼ੁਰੂਆਤੀ ਦੌਰ ਵਿਚ ਉਨ੍ਹਾਂ ਸਮਿਆਂ ਦੀ ਪੱਛਮੀ ਸਾਮਰਾਜੀ ਗਲਬੇ ਹੇਠਲੀ ਯੂ.ਐਨ., ਮਹਾਰਾਜਾ ਹਰੀ ਸਿੰਘ, ਦੀ ਬੇਵਕੂਫੀ, ਸ਼ੇਖ ਅਬਦੁੱਲੇ ਦੀ ਤਿਕੜਮਬਾਜ਼ ਰਾਜਨੀਤੀ, ਸ਼ਿਆਮਾ ਪ੍ਰਸ਼ਾਦ ਮੁਕਰਜੀ ਦੀ ਹਿੰਦੂ ਮਹਾਂ ਸਭਾ, ਪੰਡਤ ਜਵਾਹਰ ਲਾਲ ਨਹਿਰੂ ਦਾ ਕਸ਼ਮੀਰ ਪ੍ਰਤੀ ਹੇਰਵਾ ਜਾਂ ਆਜਾਦੀ ਤੋਂ ਤੁਰੰਤ ਬਾਅਦ ਤੱਤੇ ਘਾਹ ਜਾਂਗਲੀ ਧਾੜਵੀਆਂ ਨੂੰ ਕਸ਼ਮੀਰ ਵਿਚ ਧੱਕਣ ਲਈ ਕੀਤੀ ਪਾਕਿਸਤਾਨ ਸਰਕਾਰ ਦੀ ਮੂਰਖਤਾ ਵਿਚੋਂ ਕੇਂਦਰੀ ਦੋਸ਼ੀ ਕੌਣ ਸੀ, ਇਹ ਪਹੇਲੀ ਕੁੱਕੜ ਪਹਿਲਾਂ ਕਿ ਆਂਡਾ ਤੋਂ ਵੀ ਵੱਧ ਗੁੰਝਲਦਾਰ ਹੈ। ਮਾਲੀ ਵਰਗੀ ਸ਼ਖਸੀਅਤ ਦੀ ਪੰਜਾਬ ਨੂੰ ਕਿਤੇ ਵੱਧ ਲੋੜ ਹੈ, ਉਨ੍ਹਾਂ ਨੂੰ ਪੰਜਾਬ ਦੇ ਮੁੱਦਿਆਂ ਤੱਕ ਹੀ ਕੇਂਦਰਤ ਰਹਿਣਾ ਚਾਹੀਦਾ ਹੈ।