ਮਿਲਣ ਦੀਆਂ ਮੁਰਾਦਾਂ

ਡਾ. ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ, ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਕਿਹਾ ਸੀ ਕਿ ਰਾਹਾਂ ਰਾਹੀਂ ਬਣੇ ਰਿਸ਼ਤੇ ਤਾਅ ਉਮਰ ਨਿੱਭਦੇ ਅਤੇ ਰਾਹਾਂ ਦੇ ਸਦਕੇ ਜਾਂਦੇ। ਇਸ ਲਈ ਜਰੂਰੀ ਹੈ ਕਿ ਜਿ਼ੰਦਗੀ ਦੀਆਂ ਰਾਹਾਂ `ਤੇ ਤੁਰਦੇ ਰਹੀਏ ਅਤੇ ਇਨ੍ਹਾਂ `ਤੇ ਤੁਰਦਿਆਂ ਬਣੇ ਰਿਸ਼ਤਿਆਂ ਨੂੰ ਸਦਾ ਨਿਭਾਉਂਦੇ ਰਹੀਏ।

ਹਥਲੇ ਲੇਖ ਵਿਚ ਡਾ. ਭੰਡਾਲ ਨੇ ਇਕੱਲ ਭੰਨਣ ਲਈ ਮਿਲਣ ਦੀਆਂ ਮੁਰਾਦਾਂ ਤਾਂਘਣ ਦੇ ਹੋਕਰੇ ਲਾਏ ਹਨ, ‘ਮਿਲਣਾ ਸਮਾਜਿਕ ਸਬੰਧਾਂ ਦੀ ਮਜ਼ਬੂਤੀ ਦੇ ਨਾਲ-ਨਾਲ ਮਾਨਸਿਕ ਤੇ ਸਰੀਰਕ ਤੰਦਰੁਸਤੀ ਲਈ ਵੀ ਅਹਿਮ; ਕਿਉਂਕਿ ਇਕੱਲ ਤਾਂ ਬੰਦੇ ਨੂੰ ਹਜ਼ਮ ਕਰਨ ਲਈ ਕਾਹਲੀ।’ ਪਰ ਤ੍ਰਾਸਦੀ ਇਹ ਹੈ ਕਿ ਮਿਲਾਪ ਤੋਂ ਮੁਨਕਰੀ ਨੇ ਮਨੁੱਖ ਨੂੰ ਇਕੱਲ ਹਵਾਲੇ ਕਰ ਦਿੱਤਾ। ਉਹ ਖੁਦ ਨੂੰ ਨਹੀਂ ਮਿਲਦਾ ਅਤੇ ਖੁਦ ਵਿਚੋਂ ਖੁਦ ਦੀ ਜਾਮਾ-ਤਲਾਸ਼ੀ ਕਰਕੇ ਆਪਣੀਆਂ ਕਮਜ਼ੋਰੀਆਂ ਤੇ ਤਾਕਤਾਂ ਨੂੰ ਨਹੀਂ ਪਛਾਣਦਾ। ਡਾ. ਭੰਡਾਲ ਮੁਤਾਬਿਕ ‘ਮਿਲਣਾ ਰੂਹ ਨੂੰ ਸਕੂਨ, ਮਨ ਦੀ ਤਾਜਗੀ, ਭਾਵੁਕਤਾ ਨੂੰ ਹੁਲਾਸ ਅਤੇ ਜੀਭ `ਤੇ ਲੱਗੀ ਉੱਲੀ ਨੂੰ ਲਾਹੁਣ ਦਾ ਕਾਰਜ; ਪਰ ਸਭ ਤੋਂ ਅਹਿਮ ਹੈ ਮਨ ਦਾ ਮਨ ਨਾਲ ਜੁੜਨਾ।’

ਡਾ. ਗੁਰਬਖਸ਼ ਸਿੰਘ ਭੰਡਾਲ

ਮਿਲਣਾ, ਭਾਵੁਕ, ਸਰੀਰਕ, ਸਮਾਜਿਕ, ਰਾਜਨੀਤਕ, ਧਾਰਮਿਕ ਜਾਂ ਆਰਥਿਕ ਸਾਂਝ ਦਾ ਪ੍ਰਤੀਕ। ਸਾਂਝਾਂ ਨੂੰ ਪਕੇਰਾ ਕਰਨਾ ਅਤੇ ਪੁਰਾਣੀਆਂ ਯਾਦਾਂ ਨੂੰ ਸਮੇਂ ਦੇ ਬੀਤਣ ਨਾਲ ਤਰੋ-ਤਾਜ਼ਾ ਕਰਨਾ।
ਅਸੀਂ ਮਿਲਦੇ ਹਾਂ ਪੁਰਾਣੇ ਮਿੱਤਰਾਂ, ਸਾਬਕਾ ਅਧਿਆਪਕਾਂ, ਸੰਗੀਆਂ-ਸਾਥੀਆਂ, ਸਹਿਕਰਮੀਆਂ ਅਤੇ ਬਚਪਨ ਦੇ ਉਨ੍ਹਾਂ ਦੋਸਤਾਂ ਨੂੰ ਜਿਨ੍ਹਾਂ ਨਾਲ ਅਸੀਂ ਜੀਵਨ ਦੇ ਬੇਫਿਕਰੀ ਵਾਲੇ ਬਿਹਰਤੀਨ ਪਲ ਮਾਣੇ ਹੁੰਦੇ।
ਮਿਲਣਾ ਮਨੁੱਖ ਲਈ ਜਰੂਰੀ। ਦਿਲ ਦੀਆਂ ਗੱਲਾਂ ਕਰਨ ਲਈ, ਸੋਚਾਂ ‘ਤੇ ਅੰਬਰ ਦਾ ਸਿਰਨਾਵਾਂ ਦੇਣ ਲਈ, ਸਲਾਹਾਂ ਕਰਨ, ਸਮਝੌਤੀਆਂ ਦੇਣ/ਲੈਣ, ਸੁਣਨ/ਸੁਣਾਉਣ ਲਈ ਜਾਂ ਸਿਫਤਾਂ/ਚੁਗਲੀਆਂ ਕਰਨ ਲਈ।
ਮਿਲਣਾ ਰੂਹ ਨੂੰ ਸਕੂਨ, ਮਨ ਦੀ ਤਾਜਗੀ, ਭਾਵੁਕਤਾ ਨੂੰ ਹੁਲਾਸ ਅਤੇ ਜੀਭ `ਤੇ ਲੱਗੀ ਉਲੀ ਨੂੰ ਲਾਹੁਣ ਦਾ ਕਾਰਜ। ਬਹੁਤ ਸਾਰੀਆਂ ਬਾਤਾਂ ਜਮ੍ਹਾਂ ਹੋ ਕੇ ਮਨ ਵਿਚ ਖੌਰੂ ਪਾਉਂਦੀਆਂ। ਇਸ ਦੇ ਰਾਹਤ ਲਈ ਮਿੱਤਰ-ਪਿਆਰਿਆਂ ਜਾਂ ਸਕੇ-ਸਬੰਧੀਆਂ ਨੂੰ ਮਿਲਣਾ ਅਤਿ-ਜਰੂਰੀ।
ਮਿਲਣਾ, ਇਕੱਲੇ ਜਾਂ ਪਰਿਵਾਰ ਵਿਚ ਰਹਿੰਦਿਆਂ, ਮਹਿਲ ਜਾਂ ਕੁੱਲੀ ਵਿਚ ਰਹਿਣ ਵਾਲਿਆਂ ਦੀ ਪ੍ਰਮੁੱਖ ਲੋੜ। ਚੁੱਪ ਤਾਂ ਜੰਗਲ ਦੀ ਬਹੁਤ ਡਰਾਉਣੀ ਹੁੰਦੀ। ‘ਕੱਲਾ ਕਿਸ ਨੂੰ ਮਿਲੇ? ਤਾਂ ਹੀ ਕੈਦੀਆਂ ਨੂੰ ਵੱਖੋ-ਵੱਖਰੀਆਂ ਕੋਠੜੀਆਂ ਵਿਚ ਕੈਦ ਕਰਨਾ ਵੀ ਇਕ ਸਜ਼ਾ ਤਾਂ ਕਿ ਉਹ ਕਿਸੇ ਨੂੰ ਮਿਲ ਨਾ ਸਕਣ। ਸਿਰਫ ਕੰਧਾਂ ਨੂੰ ਮਿਲਣ ਤੀਕ ਹੀ ਸੀਮਤ ਹੋ ਕੇ ਰਹਿ ਜਾਂਦੀ ਏ ਉਨ੍ਹਾਂ ਦੀ ਜਿ਼ੰਦਗੀ।
ਮਿਲਣਾ ਸਮਾਜਿਕ ਸਬੰਧਾਂ ਦੀ ਮਜ਼ਬੂਤੀ ਦੇ ਨਾਲ-ਨਾਲ ਮਾਨਸਿਕ ਤੇ ਸਰੀਰਕ ਤੰਦਰੁਸਤੀ ਲਈ ਵੀ ਅਹਿਮ। ਤਾਂ ਹੀ ਅਸੀਂ ਅਕਸਰ ਕਿਸੇ ਨੂੰ ਮਿਲਣ ਲਈ ਵਿਹਲ ਕੱਢਦੇ, ਵੱਲ ਪਾ ਕੇ ਮਿਲਦੇ। ਅਜੋਕੀ ਜੀਵਨ ਸ਼ੈਲੀ ਨੇ ਮਿਲਾਪ ਨੂੰ ਵੀ ਸੀਮਤ ਅਤੇ ਨਿਯਮਿਤ ਕਰ ਦਿੱਤਾ। ਨਹੀਂ ਰਹੀ ਉਹ ਬੇਫਿਕਰੀ ਕਿ ਅਸੀਂ ਕਦੇ ਵੀ ਕਿਸੇ ਦਾ ਬੂਹਾ ਖੋਲ੍ਹ ਅੰਦਰ ਵੜ ਸਕੀਏ? ਹੁਣ ਤਾਂ ਮਿਲਣ ਲਈ ਟਾਈਮ ਲੈਣਾ ਪੈਂਦਾ। ਮਿਲਾਪ ਤੋਂ ਮੁਨਕਰੀ ਨੇ ਮਨੁੱਖ ਨੂੰ ਇਕੱਲ ਹਵਾਲੇ ਕਰ ਦਿੱਤਾ। ਬਹੁਤ ਇਕੱਲਾ ਰਹਿ ਗਿਆ ਏ ਆਦਮੀ। ਇਸ ਕਾਰਨ ਹੀ ਅੰਤਰੀਵ ਵਿਚ ਬੈਠੀ ਮਾਯੂਸੀ ਤੇ ਉਦਾਸੀ ਵਿਅਕਤੀ ਨੂੰ ਖੁਦਕੁਸ਼ੀ ਦੇ ਰਾਹ ਤੋਰਦੀ ਹੈ। ਕਦੇ ਇਕੱਲੇ ਰਹਿੰਦੇ ਕਿਸੇ ਬਜੁਰਗ ਨੂੰ ਮਿਲੋ ਤਾਂ ਪਤਾ ਲਗੇਗਾ ਕਿ ਉਹ ਗੱਲਾਂ ਕਰਨ ਲਈ ਕਿੰਨਾ ਉਤਾਵਲਾ ਹੈ? ਤੁਹਾਡੀ ਕਾਹਲ ਦੇ ਬਾਵਜੂਦ ਆਪਣੀ ਕਹਾਣੀ ਸੁਣਾਉਣ ਤੋਂ ਨਹੀਂ ਹੱਟਦਾ। ਦਰਅਸਲ ਉਸ ਦੀ ਇਕੱਲ ਨੂੰ ਭੰਗ ਕਰਨ ਲਈ ਤੁਸੀਂ ਇਕ ਬਹਾਨਾ। ਉਹ ਗੱਲਾਂ ਕਰਕੇ ਇਕੱਲ ਤੋਂ ਬਹੁਤ ਦੂਰ ਜਾਣਾ ਲੋਚਦਾ। ਮਿੱਤਰ ਪਿਆਰਾ ਸੇਵਾ-ਮੁਕਤ ਹੈ ਅਤੇ ਵੱਡੇ ਘਰ ਵਿਚ ਇਕੱਲਾ ਹੈ। ਕਦੇ ਫੋਨ ਕਰਾਂ ਤਾਂ ਉਸ ਦਾ ਇਹੀ ਗਿਲਾ ਹੁੰਦਾ ਕਿ ਯਾਰ ਜਲਦੀ ਫੋਨ ਕਰਿਆ ਕਰ। ਘਰ ਵਿਚ ਕੰਧਾਂ ਨਾਲ ਕੀਕਣ ਗੱਲ ਕਰਾਂ? ਜਦ ਢੇਰ ਸਾਰੀਆਂ ਗੱਲਾਂ ਕਰ ਲਵੇ ਤਾਂ ਕਹੇਗਾ ਹੁਣ ਮੂੰਹ ਦੁਖਣ ਲੱਗ ਪਿਆ। ਕੱਲ ਨੂੰ ਫਿਰ ਫੋਨ ਕਰੀਂ। ਇਕੱਲ ਤਾਂ ਬੰਦੇ ਨੂੰ ਹਜ਼ਮ ਕਰਨ ਲਈ ਕਾਹਲੀ।
ਮਿਲਾਪ ਤਾਂ ਕਰਮ ਦਾ ਧਰਮ ਨਾਲ, ਸੁਪਨਿਆਂ ਦਾ ਸਫਲਤਾ ਨਾਲ, ਅੱਖਰਾਂ ਦਾ ਅਰਥਾਂ ਨਾਲ, ਵਰਕਿਆਂ ਦਾ ਵਾਕਾਂ ਨਾਲ ਅਤੇ ਕਲਮ ਦਾ ਕਿਤਾਬਾਂ ਨਾਲ ਵੀ ਹੁੰਦਾ। ਇਸ ਵਿਚੋਂ ਹੀ ਨਵੀਆਂ ਕਿਰਤਾਂ, ਕਲਾਕਾਰੀਆਂ ਅਤੇ ਕਰਾਮਤਾਂ ਜਨਮ ਲੈਂਦੀਆਂ।
ਪਰ ਜਦ ਕੋਹਜ ਦਾ ਕੁਕਰਮ, ਕੁਰਹਿਤ ਅਤੇ ਕਮੀਨਗੀ ਨਾਲ ਮਿਲਾਪ ਹੁੰਦਾ ਤਾਂ ਕੀਰਨਿਆਂ, ਵਿਰਲਾਪਾਂ ਅਤੇ ਵੈਣਾਂ ਨਾਲ ਭਰੀ ਫਿਜ਼ਾ ਹਿੱਚਕੀਆਂ ਲੈਣ ਲਈ ਮਜ਼ਬੂਰ ਹੁੰਦੀ।
ਮਿਲਾਪ ਜਦ ਇਕ ਬੱਚੇ ਦਾ ਬਜੁਰਗ ਨਾਲ ਹੁੰਦਾ ਤਾਂ ਉਹ ਆਪਣੇ ਵਿਚੋਂ ਬੱਚੇ ਦੀ ਬੇਫਿਕਰੀ ਅਤੇ ਅਲਮਸਤ ਜਿ਼ੰਦਗੀ ਨੂੰ ਨਿਹਾਰਦਾ, ਜੋ ਆਪਣੀ ਨੀਂਦੇ ਜਾਗਦਾ, ਸੌਂਦਾ, ਹੱਸਦਾ, ਖੇਡਦਾ, ਰੋਂਦਾ, ਰੁੱਸਦਾ ਤੇ ਰਿਹਾੜ ਕਰਦਾ। ਬਜੁਰਗੀ ਵਿਚੋਂ ਬੱਚੇ ਨੂੰ ਨਿਹਾਰਨ ਵਾਲੇ ਲੋਕ ਜਿ਼ੰਦਗੀ ਦਾ ਸੁੱਚਮ, ਜਿਨ੍ਹਾਂ ਨੂੰ ਸਾਹਾਂ ਦੀ ਸਾਰਥਿਕਤਾ ਵਿਚੋਂ ਜੀਵਨ ਦਾ ਆਨੰਦ ਤੇ ਹੁਲਾਸ ਮਿਲਦਾ।
ਕਦੇ ਮਾਂ ਦੀ ਗੋਦ ਵਿਚ ਖੇਡਦਾ ਬਾਲ ਅਤੇ ਬੱਚੇ ਨਾਲ ਇਕਸੁਰ ਹੋਈ ਤੇ ਮਮਤਾਈ ਵਿਸਮਾਦ ਵਿਚ ਲੀਨ ਮਾਂ ਨੂੰ ਦੇਖਣਾ। ਇਸ ਮਿਲਾਪ ‘ਤੇ ਤਾਂ ਖੁਦਾ ਵੀ ਰਸ਼ਕ ਕਰਦਾ ਹੋਵੇਗਾ।
ਘਰ ਤੋਂ ਬਾਹਰ ਪੈਰ ਰੱਖਦੇ, ਪਰਦੇਸ ਨੂੰ ਜਾਂਦੇ ਪੁੱਤ ਨੂੰ ਗਲਵੱਕੜੀ ਵਿਚ ਲਏ ਹੋਏ ਬਾਪ ਦੀਆਂ ਅੱਖਾਂ ਵਿਚ ਉਤਰੇ ਨੀਰ ਅਤੇ ਭਾਵੀ ਵਿਛੋੜੇ ਦਾ ਕਿਆਸ ਲਰਜ਼ਦਾ ਦੇਖ ਕੇ, ਦਰਾਂ ਨੂੰ ਤਰੇਲੀ ਆ ਜਾਂਦੀ। ਇਨ੍ਹਾਂ ਹੀ ਦਰਾਂ `ਤੇ ਉਕਰੀ ਜਾਣੀ ਏ ਉਡੀਕ ਅਤੇ ਕੰਧਾਂ `ਤੇ ਉਗ ਆਉਣੀਆਂ ਨੇ ਲੀਕਾਂ, ਪਰ ਮਿਲਾਪ ਦੀ ਇਸ ਘੜੀ ਨੇ ਘਰ ਦੀ ਹੁੰਮਸੀ ਚੁੱਪ ਤੋਂ ਨਿਜ਼ਾਤ ਪਾਉਣ ਲਈ ਬਾਪ ਨੂੰ ਹੌਸਲਾ ਤੇ ਧਰਵਾਸ ਦੇਣਾ ਹੁੰਦਾ।
ਘਰ ਤੋਂ ਵਿਦਾ ਹੋ ਰਹੀ ਧੀ ਜਦ ਮਾਂ ਦੇ ਗੱਲ ਲੱਗ, ਪੇਕੇ ਘਰ ਦੀ ਸਰਦਾਰੀ ਛੱਡ ਕੇ ਸਹੁਰੇ ਘਰ ਨੂੰ ਰਵਾਨਾ ਹੁੰਦੀ ਤਾਂ ਉਸ ਦੀ ਯਾਦ ਵਿਚ ਉਕਰੀਆਂ ਜਾਂਦੀਆਂ ਨੇ ਮਾਪਿਆਂ ਦੇ ਘਰ ਦੀਆਂ ਮੌਜਾਂ। ਨਵੀਂ ਜਿ਼ੰਦਗੀ ਸ਼ੁਰੂ ਕਰਨ ਅਤੇ ਸੁਨਹਿਰੀ ਵਕਤਾਂ ਨੂੰ ਖੁਸ਼-ਆਮਦੀਦ ਕਹਿਣ ਦਾ ਚਾਅ ਮਨ ਵਿਚ ਲਈ, ਉਹ ਰੋਂਦੀ ਹੋਈ ਨਵੇਂ ਸੁਪਨਿਆਂ ਸੰਗ ਪੇਕਿਆਂ ਤੋਂ ਵਿਦਾ ਹੁੰਦੀ। ਇਸ ਮਿਲਾਪ ਨੂੰ ਦੇਖਣ ਵਾਲਿਆਂ ਦੀਆਂ ਅੱਖਾਂ ਵੀ ਸਿੰਮਦੀਆਂ। ਘਰ ਦੀਆਂ ਕੰਧਾਂ ਨੂੰ ਰੁਆਉਣ ਵਾਲੀ ਧੀ ਦਾ ਵਿਛੋੜਾ ਝੱਲਣ ਵਾਲੀ ਮਾਂ ਦੀ ਦਿਲਗੀਰੀ ਅਤੇ ਦਿਲਜੋਈ ਲਈ, ਧੀ ਦੀ ਘਰ ਵਿਚ ਪਸਰੀ ਮਹਿਕ ਹੀ ਸੁੱਚਾ ਧਰਵਾਸ ਹੁੰਦਾ।
ਜਦ ਇਕ ਸਿ਼ਸ਼ ਆਪਣੇ ਗੁਰੂ ਦੇ ਚਰਨਾਂ ਵਿਚ ਨਤਮਸਤਕ ਹੁੰਦਾ ਤਾਂ ਇਸ ਮਿਲਾਪ ਵਿਚ ਜਿਥੇ ਅਦਬ, ਸਤਿਕਾਰ ਅਤੇ ਸ਼ੁਕਰਾਨੇ ਦੀ ਭਾਵਨਾ ਪੈਦਾ ਹੁੰਦੀ, ਉਥੇ ਹੀ ਗੁਰੂ ਨੂੰ ਆਪਣੇ ਚੇਲੇ ਦੀਆਂ ਪ੍ਰਾਪਤੀਆਂ `ਤੇ ਨਾਜ਼, ਮਾਰੀਆਂ ਮੰਜਿ਼ਲਾਂ ‘ਤੇ ਮਾਣ ਹੁੰਦਾ। ਉਹ ਆਪਣੇ ਚੇਲੇ ਵਿਚ ਆਪਣੇ ਉਨ੍ਹਾਂ ਸੁਪਨਿਆਂ ਦਾ ਸੱਚ ਨਿਹਾਰਦਾ, ਜਿਹੜੇ ਉਸ ਨੇ ਉਸ ਨੂੰ ਪੜ੍ਹਾਉਂਦੇ ਸਮੇਂ ਦੇਖੇ ਸਨ। ਕੇਹਾ ਇਲਾਹੀ ਆਲਮ ਹੁੰਦਾ, ਚੇਲੇ ਦਾ ਗੁਰੂ ਦੇ ਪੈਰਾਂ ਵਿਚ ਬੈਠਣਾ ਅਤੇ ਗੁਰੂ ਵਲੋਂ ਅਸੀਸਾਂ ਦੀ ਬਖਸਿ਼ਸ਼ ਕਰਨਾ।
ਪੁਰਾਣੇ ਸੰਗੀ ਸਾਥੀ ਮਿਲਦੇ ਤਾਂ ਉਨ੍ਹਾਂ ਦੀਆਂ ਗੱਲਾਂ ਵਿਚ ਬੀਤੀਆਂ ਕਹਾਣੀਆਂ, ਸ਼ਰਾਰਤਾਂ, ਇੱਲਤਾਂ, ਰਮਜ਼ਾਂ ਅਤੇ ਉਨ੍ਹਾਂ ਪਲਾਂ ਦਾ ਜਿ਼ਕਰ ਹੁੰਦਾ, ਜਿਨ੍ਹਾਂ ਵਿਚੋਂ ਉਨ੍ਹਾਂ ਨੇ ਜਿ਼ੰਦਗੀ ਦੇ ਉਹ ਸਬਕ ਪੜ੍ਹੇ, ਜਿਹੜੇ ਉਨ੍ਹਾਂ ਨੂੰ ਪੜ੍ਹਨ ਲਈ ਫਿਰ ਨਾ ਮਿਲੇ। ਉਹ ਵਾਰ ਵਾਰ ਬਪਚਨੇ ‘ਚ ਪਰਤਣਾ ਲੋਚਦੇ ਰਹੇ, ਪਰ ਜਿ਼ੰਦਗੀ ਦੇ ਰੁਝੇਵਿਆਂ ਨੇ ਮਿਲਾਪ ਦੀਆਂ ਘੜੀਆਂ ਨੂੰ ਦੂਰ ਕਰੀ ਰੱਖਿਆ। ਉਹ ਮਿਲ ਕੇ ਵੀ ਹੋਰ ਮਿਲਣ ਦੀ ਤਾਂਘ ਮਨ ਵਿਚ ਪਾਲਦੇ ਰਹੇ।
ਜਦ ਦੋ ਪ੍ਰੇਮੀ ਮਿਲਦੇ ਤਾਂ ਇਸ ਮਿਲਣੀ ਵਿਚ ਸਮਾਂ ਸਿਮਟ ਜਾਂਦਾ। ਗੱਲਾਂ ਦਾ ਬੇਪ੍ਰਵਾਹ ਵਹਾਅ, ਸੁੱਚੀਆਂ ਸੋਚਾਂ ਦਾ ਦਾਨ-ਪ੍ਰਦਾਨ, ਰੂਹ ਤੋਂ ਰੂਹ ਤੀਕ ਦੀ ਯਾਤਰਾ, ਇਕ ਦੂਜੇ ਵਿਚ ਸਮਾਅ ਜਾਣ ਦੀ ਤਮੰਨਾ, ਅਰਪਿੱਤ ਹੋਣ ਦੀਆਂ ਕਸਮਾਂ, ਸੰਦਲੀ ਰਾਹਾਂ ਦੀ ਦੱਸ ਅਤੇ ਸੁਰਖ ਸਮਿਆਂ ਦੀ ਬੀਹੀ ਵਿਚ ਟਹਿਲਣ ਦੀ ਧਾਰਨਾ। ਕਈ ਵਾਰ ਉਹ ਚੁੱਪ ਰਹਿ ਕੇ ਬਹੁਤ ਕੁਝ ਕਹਿ ਜਾਂਦੇ, ਜੋ ਹੱਥਾਂ ਦੀ ਛੋਹ, ਅੱਖਾਂ ਦੀ ਤੱਕਣੀ ਜਾਂ ਸਰੀਰਕ ਤੇ ਮਾਨਸਿਕ ਹਾਵ-ਭਾਵਾਂ ਨੇ ਪ੍ਰਗਟਾਉਣਾ ਹੁੰਦਾ। ਸਿਰਫ ਉਹੀ ਸਮਝ ਸਕਦੇ, ਜਿਨ੍ਹਾਂ ਨੇ ਰਾਹਾਂ, ਸਾਹਾਂ, ਦੁਆਵਾਂ, ਭਾਵਾਂ ਅਤੇ ਚਾਅਵਾਂ ਦੀ ਸਾਂਝ ਦੀ ਸਹੁੰ ਖਾਧੀ ਹੋਵੇ। ਅਜਿਹੀ ਮਿਲਣੀ ਵਿਚ ਪਾਕੀਜ਼ਗੀ ਦੀ ਰੁਮਕਣੀ, ਉਨ੍ਹਾਂ ਦੀਆਂ ਮਨੋਭਾਵਨਾਵਾਂ ਨੂੰ ਆਲੇ-ਦੁਆਲੇ ‘ਚ ਫੈਲਾਉਣ ਵਿਚ ਸਹਾਈ ਅਤੇ ਸੁੱਚੇ ਰੰਗ ਵਿਚ ਰੰਗੇ ਚੌਗਿਰਦੇ ਨੂੰ ਸੂਹੀ ਰੰਗਤ ਬਖਸ਼ਦੇ।
ਦਰਅਸਲ ਮਿਲਾਪ ਹੁੰਦਾ ਏ ਪਾਣੀ ਦਾ ਪਾਣੀ ਵਿਚ ਅਭੇਦ ਹੋਣਾ, ਹਵਾ ਵਿਚ ਖੁਸ਼ਬੂ ਦਾ ਤਾਰੀ ਹੋਣਾ, ਬੱਦਲਾਂ ਵਿਚ ਜਲਵਾਸ਼ਪਾਂ ਦਾ ਰੈਣ-ਬਸੇਰਾ, ਬੀਜ ਦੀ ਕੁੱਖ ਵਿਚ ਪੁੰਗਾਰੇ ਦਾ ਛਹਿ ਜਾਣਾ, ਟਾਹਣੀ ਦੇ ਪਿੰਡੇ `ਤੇ ਅਦਿੱਖ ਕੂਲੀਆਂ ਲਗਰਾਂ ਦੀ ਬਸਤੀ, ਸਮੁੰਦਰ ਦੀ ਹਿੱਕ ਵਿਚ ਲਹਿਰਾਂ ਦਾ ਸਮਾ ਜਾਣਾ, ਪੌਣ ਵਿਚੋਂ ਅਛੋਪਲੇ ਜਿਹੇ ਪੈਦਾ ਹੋਈ ਰੁਮਕਣੀ, ਫੁੱਲਾਂ ਵਿਚ ਸਮਾਏ ਹੋਏ ਰੰਗਾਂ ਤੇ ਮਹਿਕ ਦਾ ਪਟਾਰਾ, ਅੱਖਰਾਂ ਵਿਚ ਜਜ਼ਬ ਹੋਏ ਅਰਥ, ਨੈਣਾਂ ਵਿਚ ਸੁਪਨਿਆਂ ਦੀ ਤਸਵੀਰ ਤੇ ਤਵਾਰੀਖ, ਬੋਲਾਂ ਵਿਚ ਸਮਾਇਆ ਵਿਅਕਤੀਤਵ, ਮਨ ਦੀ ਕੈਨਵਸ `ਤੇ ਉਕਰੇ ਹੋਏ ਖਿਆਲਾਂ-ਖਾਬਾਂ ਦੇ ਚਿੱਤਰ, ਰੂਹ ਵਿਚ ਬੈਠੀ ਰਾਜ਼ਦਾਰੀ, ਪੈਰਾਂ ਵਿਚ ਉਗਣ ਵਾਲਾ ਸਫਰ। ਇਹ ਮਿਲਾਪ ਅਗੰਮੀ, ਅਨਾਇਤੀ, ਅਸਗਾਹ ਤੇ ਅਥਾਹ। ਇਸ ਦੀ ਅਸੀਮਤਾ ਤੇ ਅਨਿੱਖੜਤਾ ਵਿਚੋਂ ਹੀ ਜਿ਼ੰਦਗੀ ਲਈ ਨਵੇਂ ਸਰੋਕਾਰਾਂ ਅਤੇ ਸੰਭਾਵਨਾਵਾਂ ਨੂੰ ਉਗਣ ਅਤੇ ਸਮਿਆਂ ਦੇ ਨਾਮ ਕਰਨ ਦਾ ਸਬੱਬ ਮਿਲਦਾ।
ਮਿਲਾਪ ਤਾਂ ਹਿੰਮਤ ਦਾ ਕਿਸੇ ਕਸ਼ਟ, ਔਕੜ ਅਤੇ ਮੁਸ਼ਕਿਲ ਨਾਲ ਵੀ ਹੁੰਦਾ, ਜਦ ਤੁਸੀਂ ਇਨ੍ਹਾਂ ਨੂੰ ਹਰਾਉਂਦੇ ਅਤੇ ਅਕੀਦੇ ਪ੍ਰਤੀ ਧਾਰਨਾ ਨੂੰ ਅਮਲੀ ਜਾਮਾ ਪਹਿਨਾਉਂਦੇ।
ਮਿਲਾਪ ਤਾਂ ਸਦੀਵੀ ਰਿਹਾ ਹੈ ਦੁੱਖ ਤੇ ਸੁੱਖ ਦਾ, ਹਾਸੇ ਤੇ ਰੋਣੇ ਦਾ, ਸੁਪਨੇ ਤੇ ਸੱਚ ਦਾ, ਦਿਨ ਤੇ ਰਾਤ ਦਾ, ਅੰਬਰ ਤੇ ਧਰਤ ਦਾ, ਤਾਰਿਆਂ ਤੇ ਚੰਨ ਦਾ। ਇਸ ਮਿਲਾਪ ਵਿਚੋਂ ਹੀ ਜਿ਼ੰਦਗੀ ਦਾ ਸੁੱਚਮ ਪ੍ਰਗਟਦਾ। ਤਾਂ ਹੀ ਪਤਾ ਲੱਗਦਾ ਕਿ ਦੁਨੀਆਂ ਦੀਆਂ ਬਹੁਤ ਪਰਤਾਂ, ਅਨੇਕਾਂ ਰੰਗ ਅਤੇ ਇਨ੍ਹਾਂ ਦੇ ਸੁਮੇਲ ਵਿਚੋਂ ਹੀ ਸਤਰੰਗੀ ਉਘੜਦੀ।
ਬੰਦਾ ਸਾਰੀ ਉਮਰ ਭਟਕਦਾ, ਬਾਹਰ-ਭੱਜਾ ਫਿਰਦਾ। ਤ੍ਰਿਪਤੀ, ਤਲਾਸ਼, ਤਾਂਘ, ਤਮੰਨਾ ਅਤੇ ਤੜਫਣੀ ਦੇ ਜੰਗਲ ਵਿਚ ਭਟਕਦਾ, ਆਪਣੀ ਅਉਧ ਗਵਾਉਂਦਾ, ਪਰ ਕਦੇ ਵੀ ਆਪਣੇ ਅੰਦਰ ਝਾਤੀ ਨਹੀਂ ਮਾਰਦਾ। ਉਹ ਖੁਦ ਨੂੰ ਨਹੀਂ ਮਿਲਦਾ ਅਤੇ ਖੁਦ ਵਿਚੋਂ ਖੁਦ ਦੀ ਜਾਮਾ-ਤਲਾਸ਼ੀ ਕਰਕੇ ਆਪਣੀਆਂ ਕਮਜ਼ੋਰੀਆਂ ਤੇ ਤਾਕਤਾਂ ਨੂੰ ਨਹੀਂ ਪਛਾਣਦਾ। ਉਸ ਦੀ ਅੰਤਰ-ਧਿਆਨਤਾ ਹੀ ਉਸ ਤੋਂ ਬੇਮੁੱਖ। ਇਸ ਬੇਮੁੱਖਤਾ ਕਾਰਨ ਸਿਰਫ ਨਿਰਾਸ਼ਾ ਉਸ ਦੇ ਪੱਲੇ ਪੈਂਦੀ। ਜਦ ਕੋਈ ਖੁਦ ਨੂੰ ਮਿਲਦਾ ਤਾਂ ਉਸ ਦੀ ਭਟਕਣਾ ਨੂੰ ਰਾਹਤ, ਲਾਲਸਾਵਾਂ ਨੂੰ ਟਿਕਾਅ, ਅਵਾਰਗੀ ਨੂੰ ਅਲਮਸਤਾ ਅਤੇ ਯਾਤਨਾਵਾਂ ਨੂੰ ਜਗਿਆਸਾ ਦਾ ਜਾਗ ਲੱਗਦਾ। ਖੁਦ ਦਾ ਖੁਦ ਸੰਗ ਮਿਲਾਪ ਸਭ ਤੋਂ ਅਨੂਠਾ, ਅਲੱਗ, ਅਨੰਦਮਈ, ਇਲਹਾਮੀ ਅਤੇ ਆਵੇਸ਼ ਭਰਪੂਰ। ਮਹੱਤਵਪੂਨ ਰਚਨਾਵਾਂ ਜਾਂ ਕਿਰਤਾਂ ਇਸ ਮਿਲਾਪ ਦੀ ਦੇਣ। ਫੱਕਰ ਫਕੀਰ ਉਹ ਲੋਕ ਹੁੰਦੇ, ਜੋ ਆਵੇਸ਼ ਵਿਚੋਂ ਅਜਿਹੀਆਂ ਕਿਰਤਾਂ ਜਾਂ ਲਿਖਤਾਂ ਨੂੰ ਮਨੁੱਖਤਾ ਦੇ ਨਾਮ ਕਰਦੇ, ਜਿਹੜੀਆਂ ਮਾਨਵਤਾ ਦਾ ਮੁੱਖ ਉਜਲਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ। ਅਜਿਹੇ ਲੋਕਾਂ ਦੀ ਜਿ਼ੰਦਗੀ ਨਿਰਉਚੇਚ, ਨਿਰ-ਸੁਆਰਥ, ਨੇਕਨਾਮੀ ਨਾਲ ਭਰੀ, ਨਿਆਮਤਾਂ ਦੀ ਬਖਸ਼ਣਹਾਰੀ ਤੇ ਨਿਆਰੀ।
ਸਮਾਜ ਵਿਚ ਜਿ਼ਆਦਾਤਰ ਲੋਕ ਸਰੀਰਕ ਮਿਲਾਪ ਲਈ ਤਾਂਘਦੇ। ਥੋੜ੍ਹ-ਚਿਰੀਆਂ ਖੁਸ਼ੀਆਂ ਅਤੇ ਤ੍ਰਿਸ਼ਨਾਵਾਂ ਦੀ ਪੂਰਤੀ ਤੀਕ ਸੀਮਤ। ਸਭ ਤੋਂ ਅਹਿਮ ਹੈ ਮਨ ਦਾ ਮਨ ਨਾਲ ਜੁੜਨਾ, ਭਾਵਨਾਵਾਂ ਦੀ ਸਾਂਝ, ਸੁਪਨਿਆਂ ਤੇ ਅਕੀਦਿਆਂ ਦਾ ਮਿਲਾਪ। ਸੇਧ ਤੇ ਸਮਰੱਥਾਵਾਂ ਦਾ ਸੰਗਮ। ਬੋਲਾਂ, ਵਿਚਾਰਾਂ, ਸੋਚਾਂ, ਸਾਧਨਾਂ ਅਤੇ ਸਵੀਕ੍ਰਿਤੀਆਂ ਦਾ ਮਿਲਾਪ। ਅਜਿਹੇ ਮਿਲਾਪ ਵਿਚ ਵਕਤ ਨੂੰ ਪਰ ਲੱਗਦੇ, ਜਿਸ ਨਾਲ ਨਵੇਂ ਦਿਸਹੱਦਿਆਂ ਦੀ ਸੂਹ ਮਿਲਦੀ। ਲੋੜ ਹੈ, ਭਾਵਨਾਤਮਿਕ ਪੱਧਰ ਤੇ ਮਾਨਸਿਕ ਅਵਸਥਾ ਨੂੰ ਇਕਸੁਰ ਕਰ, ਅਜਿਹੇ ਮਿਲਾਪ ਨੂੰ ਸਿਰਜੀਏ, ਜਿਸ ਵਿਚੋਂ ਸਬਰ, ਸੰਤੋਖ ਅਤੇ ਸੰਤੁਸ਼ਟੀ ਦੀ ਆਬੋ-ਹਵਾ ਰੁਮਕੇ। ਖੁਦ ਲਈ ਅਸੀਂ ਸਾਰੇ ਕੁਝ ਨਾ ਕੁਝ ਕਰਦੇ ਹਾਂ। ਕਦੇ-ਕਦਾਈਂ ਦੂਸਰਿਆਂ ਲਈ ਕੁਝ ਅਜਿਹਾ ਕਰੀਏ ਕਿ ਉਨ੍ਹਾਂ ਦੀ ਸੁਪਨਗੋਈ ਵੀ ਖੁਸ਼ੀਆਂ-ਖੇੜਿਆਂ ਦਾ ਹਾਸਲ ਬਣੇ।
ਮਿਲਣ ਲਈ ਚਾਹ ਦੇ ਕੱਪ ‘ਤੇ ਹਮ-ਖਿਆਲੀਆਂ ਦਾ ਜੁੜਨਾ, ਪੁਰਾਣੇ ਸਾਥੀਆਂ ਦੀ ਮਹਿਫਿਲ, ਹਮਪਿਆਲੇ ਯਾਰਾਂ ਦਾ ਮਿਲਣਾ, ਸਹਿਕਰਮੀਆਂ ਦਾ ਇਕੱਠ ਜਾਂ ਸੱਭਿਆਚਾਰਕ ਜਾਂ ਸਾਹਿਤਕ ਕਰਮੀਆਂ ਦਾ ਮਿਲ ਬੈਠਣਾ ਜਰੂਰੀ। ਇਹ ਆਧਾਰ ਹੁੰਦਾ ਕੁਝ ਨਵਾਂ ਸੋਚਣ, ਸਿਰਜਣ, ਸੁਨੇਹਾ ਦੇਣ ਦਾ, ਕਿਉਂਕਿ ਕਈ ਵਾਰ ਅਚੇਤ ਮਨਾਂ ਵਿਚ ਵੀ ਚੇਤਨਾ, ਚਾਹਤ ਅਤੇ ਚੰਗਿਆਈ ਦੀ ਚਾਹਤ ਪੈਦਾ ਹੁੰਦੀ। ਸੰਸਥਾਵਾਂ ਮਿਲਾਪ ਦਾ ਸੁੰਦਰ ਸਬੱਬ। ਇਸ ਨਾਲ ਹੀ ਉਸਰਦੀਆਂ ਨੇ ਨਵੀਆਂ ਸਕੀਰੀਆਂ, ਸਾਂਝਾਂ, ਸਾਥ, ਸਾਕ ਅਤੇ ਸਬੰਧ।
ਯਾਦ ਰੱਖਣਾ! ਮਿਲਾਪ, ਸਿਰਫ ਮਨੁੱਖ ਦੀ ਹੀ ਲੋੜ ਨਹੀਂ। ਹਰ ਜੀਵ ਦੀ ਜਰੂਰਤ। ਤਾਂ ਹੀ ਪੰਛੀ, ਪਰਿੰਦੇ ਅਤੇ ਜਾਨਵਰ ਇਕੱਠ ਦੇ ਰੂਪ ਵਿਚ ਰਹਿੰਦੇ। ਉਹ ਆਪਣੀ ਬੋਲੀ ਵਿਚ ਭਾਵਨਾਵਾਂ ਦੀ ਭਿਆਲੀ ਪਾਉਂਦੇ ਅਤੇ ਗੁੱਝੀਆਂ ਰਮਜ਼ਾਂ ਰਾਹੀਂ ਆਪਣੀ ਭੁੱਖ, ਲੋੜ, ਚਾਹਨਾ ਜਾਂ ਸਾਥ ਦੀ ਲੋਚਾ ਪ੍ਰਗਟਾਉਂਦੇ।
ਨਿਯਮਿਤ ਸਰੀਰਕ ਮਿਲਾਪ, ਮਨੁੱਖੀ ਉਤਪਤੀ ਲਈ ਜਰੂਰੀ। ਮਨੁੱਖ ਦੀਆਂ ਸਰੀਰਕ ਅਤੇ ਮਾਨਸਿਕ ਲੋੜਾਂ ਦੀ ਪੂਰਤੀ ਲਈ ਅਹਿਮ। ਸੁੱਤੀਆਂ ਅਤੇ ਬੇਲਗਾਮ ਭਾਵਨਾਵਾਂ ਨੂੰ ਸਾਧਨ ਦਾ ਸਾਧਨ। ਇਸ ਤੋਂ ਬੇਮੁੱਖਤਾ ਅਸਾਵੇਂਪਣ ਨੂੰ ਜਨਮਦੀ, ਜੋ ਬਹੁਤ ਸਾਰੀਆਂ ਮਾਨਸਿਕ ਤੇ ਸਮਾਜਿਕ ਕੁਰੀਤੀਆਂ ਦੀ ਧਰਾਤਲ ਬਣਦਾ। ਇਸ ਤੋਂ ਮੁਨਕਰੀ ਬੰਦੇ ਦਾ ਖੁਦ ਤੋਂ ਮੁਨਕਰ ਹੋਣਾ, ਜਿਹੜਾ ਅਸੰਭਵ ਹੈ। ਭਲਾ ਖੁਦ ਤੋਂ ਮੱਨਕਰੀ ਵਿਚੋਂ ਜੀਵਨ ਨੂੰ ਕਿਵੇਂ ਕਿਆਸਿਆ ਜਾ ਸਕਦਾ?
ਮਿਲਾਪ ਕਦੇ ਹੱਥਾਂ ਦੀ ਛੋਹ, ਕਦੇ ਪੈਰ ਨੂੰ ਪੈਰ ਨਾਲ ਛੂਹਾਣਾ, ਕਦੇ ਤਿਰਛੀ ਨਜ਼ਰ ਨਾਲ ਤੱਕਣਾ, ਕਦੇ ਸ਼ਬਦਾਂ ਦਾ ਸ਼ਬਦਾਂ ਨਾਲ, ਕਦੇ ਬੋਲਾਂ ਵਿਚੋਂ ਬੋਲਬਾਣੀ ਦਾ ਪੈਦਾ ਹੋਣਾ। ਹਰ ਮਿਲਾਪ ਵੱਖਰਾ ਤੇ ਅਲੋਕਾਰਾ ਅਤੇ ਇਸ ਨੂੰ ਇਸ ਦੇ ਸੰਦਰਭ ਵਿਚ ਜਾਣ ਕੇ ਅਸੀਂ ਇਸ ਮਿਲਾਪ ਨੂੰ ਜੀਵਨੀ ਸੁੰਦਰਤਾ ਵਧਾਉਣ ਲਈ ਅਰਪਿੱਤ ਕਰਦੇ।
ਜੀਵਨ ਵਿਚ ਕਦੋਂ ਅਤੇ ਕਿਹੜੇ ਵੇਲੇ ਮਿਲਣਾ, ਇਹ ਤਾਂ ਸਮਾਂ ਤੈਅ ਕਰਦਾ। ਕਿਸ ਨਾਲ ਮਿਲਾਪ ਹੋਣਾ, ਇਹ ਦਿਲ ਦੀ ਮਰਜੀ! ਕਿਸ ਦੇ ਦਿਲ ਵਿਚ ਸਦਾ ਰਹਿਣਾ, ਇਹ ਮਨੁੱਖੀ ਵਿਹਾਰ ਨਿਸ਼ਚਿਤ ਕਰਦਾ।
ਮਿਲਾਪ ਤਾਂ ਦਿਲਾਂ ਦੇ ਹੁੰਦੇ। ਜਦ ਦਿਮਾਗ ਮਤਲਬ ਲਈ ਤਾਂਘਣ ਲੱਗ ਪਵੇ ਤਾਂ ਇਹ ਮਿਲਾਪ ਸਿਰਫ ਮਤਲਬੀ ਹੁੰਦਾ। ਮਿਲਾਪ ਨੂੰ ਪਾਸੇ ਕਰਕੇ ਹੀ ਜੀਵਨੀ ਮਿਲਾਪ ਸਿਰਜੇ ਜਾਂਦੇ।
ਮਿਲਾਪ ਸਿਰਫ ਵਾਰਤਾਲਾਪ, ਅਲਾਪ ਜਾਂ ਜਾਪ ਨਹੀਂ ਹੁੰਦਾ। ਇਹ ਤਾਂ ਦੋ ਰੂਹਾਂ ਦਾ ਅਜ਼ਲੀ ਮਿਲਾਪ। ਸਮਿਆਂ, ਸਰਹੱਦਾਂ, ਸੰਯੋਗਾਂ ਤੋਂ ਪਰੇ; ਪਰ ਸੁਪਨਿਆਂ ਤੇ ਸੋਚਾਂ ਦੇ ਕੋਲ-ਕੋਲ।
ਕਦੇ ਘਰ ਦੇ ਬੂਹੇ ਸਦਾ ਖੁੱਲ੍ਹੇ ਰਹਿੰਦੇ ਸਨ, ਆਉਣ ਵਾਲਿਆਂ ਲਈ। ਫਿਰ ਲੋਕ ਬੂਹੇ ਢੋਣ ਲੱਗ ਪਏ ਤਾਂ ਮਿਲਣ ਵਾਲੇ ਘੱਟ ਗਏ। ਬਾਅਦ ‘ਚ ਬੂਹਿਆਂ ਦੇ ਅੰਦਰ ਕੁੰਡੇ ਲਗਵਾ ਲਏ ਤਾਂ ਆਉਣ ਵਾਲਿਆਂ ਲਈ ਮਰਜ਼ੀ ਨਾਲ ਹੀ ਬੂਹਾ ਖੁੱਲ੍ਹਦਾ; ਪਰ ਅੱਜ ਕੱਲ੍ਹ ਬੂਹੇ ਦੇ ਬਾਹਰ ਹੀ ਲਿਖਿਆ ਹੁੰਦਾ ਕਿ ਕੁੱਤੇ ਤੋਂ ਸਾਵਧਾਨ। ਦੱਸੋ! ਕਿਹੜਾ ਬੰਦਾ ਮਿਲਣ ਲਈ ਘਰ ਦੀ ਬੈੱਲ ਵਜਾਵੇਗਾ? ਕੀ ਇਹ ਮਿਲਾਪ ਤੋਂ ਮੁਨਕਰੀ ਨਹੀਂ?
ਮਿਲਾਪ ਨੂੰ ਸੀਮਤ ਅਰਥਾਂ ਵਿਚ ਨਹੀਂ ਬੰਨ੍ਹਿਆ ਜਾ ਸਕਦਾ। ਇਸ ਦੀਆਂ ਬਹੁ-ਪਰਤਾਂ ਵਿਚੋਂ ਜੀਵਨ ਦੇ ਸੁੱਚ ਤੇ ਸਮੁੱਚ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ।
ਮਿਲਾਪ ਤਾਂ ਮਾਨਵਤਾ ਦਾ ਮੁਹਾਂਦਰਾ ਨਿਖਾਰਦਾ। ਬੰਦਗੀ ਅਤੇ ਭਲਿਆਈ ਦਾ ਨਾਮਕਰਣ। ਨਿਆਮਤਾਂ, ਨਿਆਜ਼ਾਂ ਅਤੇ ਨਿਮਰਤਾ ਦਾ ਅਣਮੋਲ ਖਜਾਨਾ।
ਉਮਰ ਦੇ ਢਲਦੇ ਪ੍ਰਛਾਂਵਿਆਂ ‘ਚ, ਬਚਪਨ ਦੇ ਸੰਗੀਆਂ ਨੂੰ ਮਿਲਣ ਦੀ ਲੋਚਾ ਵਿਚੋਂ ਸ਼ਬਦ ਫੜਫੜਾਉਂਦੇ ਕਿ,
ਮਿਲਾਂਗੇ ਸੱਜਣ
ਅੰਬਰ ਦੀ ਛੱਤ ਹੇਠ
ਤਾਰਿਆਂ ਦੀ ਛਾਂਵੇਂ
ਚਾਨਣੀ ਦੀ ਬੁੱਕਲ ਮਾਰ
ਪੌਣ ਦੀ ਰੁਮਕਣੀ ‘ਚ
ਆਲ੍ਹਣਿਆਂ ਦੀਆਂ ਸਰਗੋਸ਼ੀਆਂ ਵੇਲੇ
ਪੱਤਿਆਂ ਦੀ ਸੰਗੀਤਕ ਫਿਜ਼ਾ ‘ਚ
ਬਿਰਖਾਂ ਦੇ ਝੁਰਮਟੀਂ
ਅਤੇ ਵਗਦੇ ਪਾਣੀ ਦੇ ਕੰਢੇ।

ਮਿਲਾਂਗੇ ਸੱਜਣ
ਜੀਕੂੰ ਧੁੱਪ ਵਿਚ ਸਮਾਇਆ ਸੇਕ
ਫੁੱਲਾਂ ‘ਚ ਮਹਿਕ-ਬਸੇਰਾ
ਟਾਹਣੀ ਦੀ ਕੁੱਖ ‘ਚ ਲੱਗਰਾਂ
ਪਾਣੀ ‘ਚ ਪਾਣੀ ਦਾ ਰਲੇਵੇਂ
ਤੇ ਰੂਹ ‘ਚ ਰਮਾਈ ਰੂਹ।

ਮਿਲਾਂਗੇ ਈਕੂੰ, ਜਿਵੇਂ
ਕੋਈ ਨਹੀਂ ਮਿਲ ਸਕਿਆ
ਨਹੀਂ ਰਮਾ ਸਕਿਆ
ਨਹੀਂ ਸਮਾ ਸਕਿਆ
ਕਿਸੇ ਨੇ ਨਹੀਂ ਕਿਆਸਿਆ
ਨਾ ਹੀ ਕਿਸੇ ਲੋਚਿਆ
ਨਾ ਹੀ ਸੋਚਿਆ
ਤੇ ਨਾ ਹੀ ਚਿਤਵਿਆ।

ਮਿਲਾਂਗੇ ਸੱਜਣ
ਜਿਵੇਂ ਸਰੀਰ ਨੂੰ ਸਾਹ
ਮੰਜਿ਼ਲਾਂ ਨੂੰ ਰਾਹ
ਅੱਖਰਾਂ ਵਿਚ ਸ਼ਬਦ
ਸ਼ਬਦਾਂ ਵਿਚ ਅਰਥ
ਅਤੇ ਅਰਥਾਂ ਵਿਚ ਲੋਅ।

ਮਿਲਾਂਗੇ ਸੱਜਣ
ਕੁਝ ਇਸ ਤਰ੍ਹਾਂ ਕਿ
ਇਹ ਖੁਦੀ ਨੂੰ ਮਿਟਾਉਣ ਦਾ ਮੂਲ-ਮੰਤਰ ਬਣੇ।

ਸੱਜਣਾ!
ਮਿਲ ਕੇ ਗੱਲਾਂ ਬਹੁਤ ਕਰਨੀਆਂ
ਮੰਡ ਵਿਚ ਚਾਰੇ ਪਸ਼ੂ
ਬਿਆਸ ‘ਚ ਲਾਈਆਂ ਤਾਰੀਆਂ
ਕੱਚੀ-ਪੱਕੀ ਦੇ ਸਕੂਲ
ਡੋਬਾ ਲੈਣ ਤੋਂ ਹੋਈ ਲੜਾਈ
ਕੈਂਚੀ ਸਾਈਕਲ ਚਲਾਉਣ ਤੋਂ
ਮੱਡਗਾਰਡ `ਤੇ ਕੀਤੀ ਸਵਾਰੀ
ਕਾਰ ਤੋਂ ਹਵਾਈ ਸਫਰ
ਸੁਪਨਿਆਂ ਦੀ ਚੀਸ ਤੋਂ
ਸੁਪਨ-ਸੱਚ ਦੀ ਜੂਹ
ਪਿੰਡ ਤੋਂ ਮਹਾਂਨਗਰ ਦੀ
ਤੇ ਦੇਸ਼ ਤੋਂ ਵਿਦੇਸ਼ ਦੀ
ਸਿੱਕਲੀਗਰੀ ਦੀਆਂ
ਅਤੇ
ਗੱਲਾਂ ਵਿਚ ਹੀ ਬੀਤ ਜਾਵੇਗਾ
ਉਮਰ ਦਾ ਬਾਕੀ ਪੈਂਡਾ।

ਇਹ ਮਿਲਣਾ
ਯਾਦਾਂ ਦੀਆਂ ਤਹਿਆਂ ਫਰੋਲਦਿਆਂ
ਤੇ ਅੰਤਰੀਵ ਦੀ ਪਰਿਕਰਮਾ ਕਰਦਿਆਂ
ਰੂਹ ਤੋਂ ਰੂਹ ਤੀਕ ਦਾ ਮੁਹੱਬਤਨਾਮਾ ਹੋਵੇਗਾ।
ਕਈ ਵਾਰ ਅਜਿਹੀ ਹਾਲਾਤ ਵੀ ਹੁੰਦੀ ਕਿ ਮਿਲਣੀ ਦੀ ਬੇਉਮੀਦੀ ਵਿਚੋਂ ਵੀ ਕਦੇ ਕਦਾਈਂ ਕਿਸੇ ਲਿਸ਼ਕੋਰ ਦਾ ਭੁਲੇਖਾ ਪੈਂਦਾ। ਇਸ ਦੀ ਉਡੀਕ ਵਿਚ ਇੰਤਜ਼ਾਰ ਕਰਦਾ ਕਰਦਾ ਵਿਅਕਤੀ, ਚਾਂਦੀ ਰੰਗੇ ਵਾਲਾਂ ਵਿਚ ਹੱਥ ਫੇਰਨ ਲਈ ਮਜ਼ਬੂਰ ਹੋ ਜਾਂਦਾ।
ਦਿਲਦਾਰ ਨਾਲ ਮੁਲਾਕਾਤ ਕਰਨ ਲਈ ਤਾਂ ਕਈ ਵਾਰ ਬੰਦਾ ਮੌਤ ਨੂੰ ਠਹਿਰ ਜਾਣ ਲਈ ਕਹਿ ਦਿੰਦਾ, ਕਿਉਂਕਿ ਇੰਤਜ਼ਾਰ ਵਿਚ ਉਸ ਦੀ ਰੂਹ ਕੂਕਦੀ ਕਿ ਕਰਨੀ ਯਾਰ ਦੇ ਦਰੀਂ ਜਿ਼ਆਰਤ ਬਾਕੀ ਹੈ। ਸਾਂਝੇ ਯਾਰ ਨਾਲ ਕਰਨੇ ਜਜ਼ਬਾਤ ਬਾਕੀ ਹੈ। ਯਾਰ ਦੇ ਦਰਾਂ ਦੀ ਕਰਨੀ ਸਦਾਕਤ ਬਾਕੀ ਏ। ਯਾਰ ਨਾਲ ਕਰਨੀ ਕੌਲ-ਏ-ਕਰਾਮਾਤ ਬਾਕੀ ਏ। ਮੇਰੀ ਸੱਜਣ ਨਾਲ ਤਾਂ ਇਕ ਮੁਲਾਕਾਤ ਬਾਕੀ ਹੈ। ਮੌਤ ਆਈਂ ਏ ਤਾਂ ਜਰਾ ਕੁ ਠਹਿਰ ਜਾ, ਯਾਰ ਦੇ ਸਾਥ ‘ਚ ਬਿਤਾਉਣੀ ਇਕ ਚਾਨਣੀ ਰਾਤ ਏ।
ਮਿਲਣਾ, ਮਨਮਰਜੀ, ਮੁਹੱਬਤ, ਮੋਹ ਅਤੇ ਮੌਜ ਦਾ ਮੰਦਰ। ਇਹ ਮੰਦਰ ਸਾਡੇ ਅੰਦਰ; ਪਰ ਅਸੀਂ ਕਦੇ ਵੀ ਇਸ ਵਿਚ ਨਹੀਂ ਬੈਠਦੇ ਅਤੇ ਨਾ ਹੀ ਖੁਦ ਦੀ ਅਰਾਧਨਾ ਕਰਦੇ। ਕਦੇ ਇਸ ਵਿਚ ਬੈਠ ਕੇ ਜੀਵਨ-ਮੰਤਰ ਉਚਾਰਨਾ, ਜੀਵਨ ਦੀ ਸੋਝੀ ਤੇ ਸਿਆਣਪ ਚਹੁੰ ਕੁੰਟਾਂ ਵਿਚ ਗੂੰਜੇਗੀ। ਇਸ ਧੁਨੀ ਵਿਚੋਂ ਤੁਸੀਂ ਪਰਮ ਮਨੁੱਖ ਬਣਨ ਵੱਲ ਚੇਤਨਾ ਨੂੰ ਪ੍ਰਵਰਤਿੱਤ ਕਰੋਗੇ ਅਤੇ ਤੁਹਾਡੀ ਮਾਨਸਿਕ ਉਤੇਜਨਾ ਨੂੰ ਨਵਾਂ ਹੁਲਾਰ ਅਤੇ ਹੁਲਾਸ ਮਿਲੇਗਾ।