ਜਸਬੀਰ ਭੁੱਲਰ ਦੇ ਨਾਵਲ ‘ਖਿੱਦੋ’ ਦੀਆਂ ਲੀਰਾਂ

ਰਵਿੰਦਰ ਸਿੰਘ ਸੋਢੀ
ਫੋਨ: 604-369-2371
ਮੈਂ ਜਸਬੀਰ ਭੁੱਲਰ ਦਾ ਪੁਰਾਣਾ ਪਾਠਕ ਹਾਂ। ਇਹ ਤਾਂ ਝੂਠ ਨਹੀਂ ਬੋਲਾਂਗਾ ਕਿ ਉਨ੍ਹਾਂ ਦੀਆਂ ਸਾਰੀਆਂ ਪੁਸਤਕਾਂ ਜਾਂ ਅਖਬਾਰਾਂ ਵਿਚ ਪ੍ਰਕਾਸ਼ਿਤ ਸਾਰੇ ਆਰਟੀਕਲ ਪੜ੍ਹੇ ਹੋਏ ਹਨ, ਪਰ ਜਿੰਨੇ ਵੀ ਪੜ੍ਹੇ ਹਨ, ਉਹ ਵਧੀਆ ਸਾਹਿਤ ਦੀ ਵੰਨਗੀ ਵਿਚ ਸ਼ੁਮਾਰ ਹੁੰਦੇ ਹਨ। ਨਾਵਲ ‘ਪਤਾਲ ਦੇ ਗਿੱਠਮੁਠੀਏ’ ਸੋਹਜਮਈ ਕਲਪਨਾ ਸ਼ਕਤੀ ਦੀ ਉੱਤਮ ਮਿਸਾਲ ਹੈ। ਉਸ ਵਿਚ ਵੀ ਇਕ ‘ਰਾਜਕੁਮਾਰੀ’ ਦੇ ਕਿਸੇ ਡੂੰਘੀ ਖਾਈ ਵਿਚ ਡਿੱਗ ਕੇ ਮਰ ਜਾਣ ਦੀ ਘਟਨਾ ਤੋਂ ਬਾਅਦ ਲੱਖਾਂ ਨੂੰ ਉਸੇ ਖਾਈ ਵਿਚ ਜ਼ਬਰਦਸਤੀ ਸੁੱਟ ਦੇਣ ਦੀ ਘਟਨਾ ਅਤੇ ‘ਰਾਜਕੁਮਾਰੀ’ ਦੇ ਪਿਉ ਵੱਲੋਂ ਆਪਣੇ ਅਹਿਲਕਾਰਾਂ ਤੋਂ ਇਹ ਪੁੱਛਣਾ ਕਿ ‘ਰਾਜਕੁਮਾਰੀ’ ਦੇ ਨਾਲ ਹੋਰ ਕਿੰਨੇ ਉਸ ਦੇ ਨਾਲ ਖਾਈ ਵਿਚ ਡਿੱਗੇ ਜਾਂ ਸੁੱਟੇ ਗਏ, ਤੋਂ ਸਾਡੇ ਸਮੇਂ ਦੇ ਇਤਿਹਾਸ ਦੇ ਇਕ ਪੰਨੇ ਨੂੰ ਕਲਾਮਈ ਢੰਗ ਨਾਲ ਪੇਸ਼ ਕੀਤਾ।

ਅਜਿਹੇ ਨਾਵਲ ਪੰਜਾਬੀ ਸਾਹਿਤ ਵਿਚ ਘੱਟ ਹੀ ਮਿਲਦੇ ਹਨ। ਆਪਣੇ ਇਕ ਆਰਟੀਕਲ ਵਿਚ ਭੁੱਲਰ ਸਾਹਿਬ ਨੇ ਗਾਂਧੀ ਆਸ਼ਰਮ ਦੇ ਕਰਤਾ-ਧਰਤਾ ਵੱਲੋਂ ਪਹੁੰਚੀਆਂ ਹੋਈਆਂ ਹਸਤੀਆਂ ਤੋਂ ਆਸ਼ਰਮ ਲਈ ਮਾਇਆ ਇਕੱਠੀ ਕਰਨ ਲਈ ਇਕ ਹੀ ਕਮਰੇ ਦਾ ਵਾਰ-ਵਾਰ ਉਦਘਾਟਨ ਕਰਵਾਉਣ ਅਤੇ ਇਕ ਵਾਰ ਆਸ਼ਰਮ ਵਿਚ ਰਹਿਣ ਵਾਲਿਆਂ ਵੱਲੋਂ ਬਣਾਏ ਕੰਬਲਾਂ ਤੋਂ ਘੱਟ ਕੀਮਤ ਵਾਲੀਆਂ ਪਰਚੀਆਂ ਇਹ ਕਹਿ ਕੇ ਉਤਰਵਾਈਆਂ ਕਿ ਫੌਜ ਨੂੰ ਇਹ ਮੁਫਤ ਦੇਣੇ ਹਨ, ਪਰ ਬਾਅਦ ਵਿਚ ਉਨ੍ਹਾਂ `ਤੇ ਵੱਧ ਕੀਮਤ ਦੀਆਂ ਪਰਚੀਆਂ ਲਾ ਕੇ ਫੌਜ ਨੂੰ ਵੇਚਣ `ਤੇ ਤਕੜਾ ਵਿਅੰਗ ਕੀਤਾ ਸੀ। ਇਕ ਲੇਖ ਵਿਚ ਫੌਜ ਦੇ ਉੱਚ ਅਫਸਰ ਵੱਲੋਂ ਕਿਸੇ ਖਤਰਨਾਕ ਇਲਾਕੇ ਵਿਚ ਝੀਲ ਦੇ ਪੰਛੀਆਂ ਦੇ ਸਿ਼ਕਾਰ ਦਾ ਪ੍ਰੋਗਰਾਮ ਬਣਾਉਣ ਲਈ ਕਿਵੇਂ ਪਹਿਲਾਂ ਹੀ ਪਾਣੀ ਵਾਲੇ ਪੰਛੀਆਂ ਦਾ ਇੰਤਜ਼ਾਮ ਕੀਤਾ ਅਤੇ ਉਨ੍ਹਾਂ ਨੂੰ ਪਾਣੀ ਦੇ ਵੱਡੇ ਢੋਲਾਂ ਵਿਚ ਪਾ ਕੇ ਰੱਖਿਆ ਤਾਂ ਜੋ ਅਫਸਰ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਝੀਲ ਵਿਚ ਛੱਡਿਆ ਜਾਵੇ ਅਤੇ ਅਫਸਰ ਆਪਣੇ ਸਿ਼ਕਾਰ ਦਾ ਸ਼ੌਕ ਪੂਰਾ ਕਰ ਲਵੇ; ਪਰ ਮੌਸਮ ਦੀ ਖਰਾਬੀ ਕਰ ਕੇ ਵੱਡੇ ਫੌਜੀ ਅਫਸਰ ਦਾ ਪ੍ਰੋਗਰਾਮ ਰੱਦ ਹੋਣ `ਤੇ ਸਾਰਿਆਂ ਨੂੰ ਸੁੱਖ ਦਾ ਸਾਹ ਆਇਆ ਸੀ। ਇਕ ਆਰਟੀਕਲ ਵਿਚ ਫੌਜੀ ਯੂਨਿਟ ਦੇ ਕਮਰੇ ਵਿਚ ਆ ਗਏ ਖਤਰਨਾਕ ਜੰਗਲੀ ਜਾਨਵਰ ਨੂੰ ਛੱਤ ਦੇ ਮਘੋਰੇ ਵਿਚੋਂ ਗੋਲੀ ਚਲਾ ਕੇ ਮਾਰਨ ਦੀ ਘਟਨਾ ਬਿਆਨ ਕੀਤੀ ਸੀ। ਇਹ ਲਿਖਤਾਂ ਕਾਫੀ ਪੁਰਾਣੀਆਂ ਹਨ, ਹੋ ਸਕਦਾ ਹੈ ਮੇਰੇ ਕੋਲੋਂ ਇਨ੍ਹਾਂ ਸਬੰਧੀ ਲਿਖਣ ਵਿਚ ਕੋਈ ਗਲਤੀ ਹੋ ਗਈ ਹੋਵੇ, ਪਰ ਇਹ ਸਭ ਕੁਝ ਲਿਖਣ ਦਾ ਭਾਵ ਹੈ ਕਿ ਮੈਨੂੰ ਉਨ੍ਹਾਂ ਦੀਆਂ ਲਿਖਤਾਂ ਦੇ ਵਿਸ਼ੇ, ਲਿਖਣ ਦਾ ਵਿਲੱਖਣ ਢੰਗ ਵਧੀਆ ਲੱਗਦਾ ਹੈ ਅਤੇ ਮੇਰੇ ਲਈ ਉਹ ਪੰਜਾਬੀ ਦੇ ਸੁਚੱਜੇ ਲੇਖਕ ਹਨ।
ਹੁਣ ਰਹੀ ਗੱਲ ‘ਖਿੱਦੋ’ ਦੀ। ਇਸ ਰਚਨਾ, ਜਿਸ ਨੂੰ ਨਾਵਲ ਦਾ ਨਾਂ ਦਿੱਤਾ ਗਿਆ ਹੈ, ਨਾਵਲ ਦੀ ਸ਼੍ਰੇਣੀ ਵਿਚ ਸ਼ੁਮਾਰ ਨਹੀਂ ਕੀਤੀ ਜਾ ਸਕਦੀ। ਸਭ ਤੋਂ ਪਹਿਲਾਂ ਇਸ ਦੇ ਸਿਰਲੇਖ ਸਬੰਧੀ ਗੱਲ ਕਰਨੀ ਚਾਹਾਂਗਾ।
‘ਖਿੱਦੋ’ ਪੰਜਾਬ ਦੇ ਪੁਰਾਣੇ ਪਿੰਡਾਂ ਦੇ ਚੋਬਰਾਂ ਅਤੇ ਬੱਚਿਆਂ ਦੀਆਂ ਖੇਡਾਂ ਵਿਚੋਂ ਇਕ ਸੀ। ਅੱਜ ਦੀ ਹਾਕੀ, ਪੁਰਾਣੇ ਸਮੇਂ ਦੀ ਖਿੱਦੋ-ਖੁੰਡੀ ਸੀ। ਉਦੋਂ ਨਾ ਤਾਂ ਬੱਚਿਆਂ ਕੋਲ ਹਾਕੀਆਂ ਹੁੰਦੀਆਂ ਸਨ ਅਤੇ ਨਾ ਹੀ ਵਧੀਆ ਬਾਲਾਂ। ਸੁਚੱਜੀਆਂ ਪੇਂਡੂ ਸਵਾਣੀਆਂ ਕੱਪੜਿਆਂ ਦੀ ਕੱਟ-ਵੱਢ ਸਮੇਂ ਬਚੀਆਂ ਛੋਟੀਆਂ-ਛੋਟੀਆਂ ਲੀਰਾਂ ਨਾਲ ਬੱਚਿਆਂ ਨੂੰ ਖਿੱਦੋ ਬਣਾ ਦਿੰਦੀਆਂ। ਇਸ ਨਾਲ ਲੀਰਾਂ ਵੀ ਸਿਮਟ ਜਾਂਦੀਆਂ ਅਤੇ ਬੱਚੇ ਵੀ ਪਰਚ ਜਾਂਦੇ, ਪਰ ਇਨ੍ਹਾਂ ਖਿੱਦੋਆਂ ਨੂੰ ਬਣਾਉਣ ਲਈ ਕਦੇ ਵੀ ਗੰਦੀਆਂ ਲੀਰਾਂ ਦੀ ਵਰਤੋਂ ਨਹੀਂ ਸੀ ਕੀਤੀ ਜਾਂਦੀ। ਆਖਰ ਖੇਡਣ ਤੋਂ ਬਾਅਦ ਖਿੱਦੋ, ਘਰ ਵਿਚ ਹੀ ਰੱਖਣੀ ਹੁੰਦੀ ਸੀ। ਗੰਦੀਆਂ ਲੀਰਾਂ ਦੀ ਖਿੱਦੋ ਨਾਲ ਬੱਚਿਆਂ ਦੇ ਬਿਮਾਰ ਹੋਣ ਦਾ ਵੀ ਖਤਰਾ ਅਤੇ ਘਰ ਵਿਚ ਬਦਬੂ ਫੈਲਣ ਦਾ ਵੀ। ਜੇ ਲੇਖਕ ਨੇ ਖਿੱਦੋ ਦੀ ਇਸ ਭਾਵਨਾ ਦਾ ਧਿਆਨ ਰੱਖਿਆ ਹੁੰਦਾ ਤਾਂ ਸ਼ਾਇਦ ਉਹ ਆਪਣੀ ਲਿਖਣ ਕਲਾ ਨਾਲ (ਜੋ ਉਨ੍ਹਾਂ ਵਿਚ ਹੈ) ਆਪਣੀ ‘ਖਿੱਦੋ’ ਵੀ ਸਾਫ ਲੀਰਾਂ ਦੀ ਬਣਾ ਸਕਦੇ ਸਨ। ਹਾਂ, ਇਹ ਹੋ ਸਕਦਾ ਹੈ ਕਿ ਉਸ ਨਾਲ ਸਾਹਿਤਕ ਕਿੜਾਂ ਨਹੀਂ ਸੀ ਕੱਢੀਆਂ ਦਾ ਸਕਦੀਆਂ। ਖਿੱਦੋਂ ਵਿਚ ਸਾਰੀਆਂ ਲੀਰਾਂ ਨੂੰ ਵਧੀਆ ਢੰਗ ਨਾਲ ਸਮੇਟਿਆ ਹੁੰਦਾ ਸੀ, ਨਾ ਕਿ ਲੀਰਾਂ ਲਮਕਦੀਆਂ ਨਜ਼ਰ ਆਉਂਦੀਆਂ ਸਨ, ਜਿਵੇਂ ਇਸ ਨਾਵਲ ਵਿਚ ਹੈ।
ਇਹ ਆਮ ਹੀ ਕਿਹਾ ਜਾਂਦਾ ਹੈ ਕਿ ਜਿਹੜਾ ਇਸ ਸੰਸਾਰ ਤੋਂ ਚਲਾ ਹੀ ਗਿਆ, ਉਸ ਸਬੰਧੀ ਕੁਝ ਗਲਤ ਬੋਲ ਜਾਂ ਲਿਖ ਕੇ ਅਸੀਂ ਕੁਝ ਹਾਸਲ ਨਹੀਂ ਕਰ ਸਕਦੇ ਅਤੇ ਨਾ ਹੀ ਉਸ ਦਾ ਕੁਝ ਵਿਗਾੜ ਸਕਦੇ ਹਾਂ। ਬੱਸ, ਆਪਣੇ ਮਨ ਦਾ ਭਾਰ ਹੀ ਹੌਲਾ ਕਰ ਸਕਦੇ ਹਾਂ, ਪਰ ਇਹ ਭਾਰ ਹੌਲਾ ਕਰਦੇ-ਕਰਦੇ ਅਸੀਂ ਦੂਜਿਆਂ ਦੀਆਂ ਨਜ਼ਰਾਂ ਵਿਚ ਆਪ ਵੀ ਹੌਲੇ ਹੋ ਜਾਂਦੇ ਹਾਂ। ਜੇ ਇਹੋ ‘ਖਿੱਦੋ’ ਲੇਖਕ ਨੇ ਕੁਝ ਸਾਲ ਪਹਿਲਾਂ ਮੈਦਾਨ ਵਿਚ ਸੁੱਟੀ ਹੁੰਦੀ, ਫੇਰ ਨਜ਼ਾਰਾ ਆਉਣਾ ਸੀ। ਇਹ ਦੇਖਦੇ ਕਿ ਇਸ ‘ਖਿੱਦੋ’ ਨੂੰ ਦੂਜੇ ਆਪਣੀ ਖੁੰਡੀ ਨਾਲ ਕਿਵੇਂ ਉਛਾਲਦੇ?
ਇਸ ਨਾਵਲ ਦਾ ਕੇਂਦਰੀ ਧੁਰਾ ਇੱਕੋ ਵਿਅਕਤੀ ਵਿਸ਼ੇਸ਼ ਅਤੇ ਉਸ ਦੀ ਜੁੰਡਲੀ ਹੈ, ਜਿਨ੍ਹਾਂ ਦਾ ਸਾਰਾ ਜ਼ੋਰ ਪੰਜਾਬੀ ਸਾਹਿਤ ਨਾਲ ਸਬੰਧਿਤ ਕੇਂਦਰੀ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਂਦੇ ਸਨਮਾਨਾਂ ਦੇ ਇਰਦ-ਗਿਰਦ ਹੀ ਘੁੰਮਦਾ ਹੈ। ਇਸ ਲਈ ਲੜਾਈਆਂ ਜਾਂਦੀਆਂ ਤਿਕੜਮਾਂ, ਪੈਸੇ ਦੀ ਤਾਕਤ, ‘ਗੋਸ਼ਤ’ ਦੀ ਲਾਲਸਾ ਪੂਰੀ ਕਰਨ ਦੀ ਹੋੜ, ਆਪਣੀ ਚੌਧਰ ਦਿਖਾਉਣ ਦੀ ਲਾਲਸਾ ਨੂੰ ਨੰਗਾ ਕੀਤਾ ਹੈ। ਇਹ ਗਲਤ ਬਿਆਨੀ ਨਹੀਂ। ਪਰਦੇ ਪਿੱਛੇ ਪਤਾ ਨਹੀਂ ਕਈ ਕੁਝ ਵਾਪਰਦਾ ਹੈ? ਪਰ ਮੁਆਫ ਕਰਨਾ, ਜਿਵੇਂ ਉਨ੍ਹਾਂ ਨੇ ਨੀਵੇਂ ਦਰਜੇ ਦੀ ਚੌਧਰ ਦਿਖਾਈ, ਉਸੇ ਢੰਗ ਦੀ ਵਰਤੋਂ ਭੁੱਲਰ ਸਾਹਿਬ ਨੇ ਕਰਕੇ ਉਸ ਨੂੰ ਬਿਆਨ ਕਰ ਦਿੱਤਾ। ਘੱਟ ਕਿਸੇ ਨੇ ਨਹੀਂ ਕੀਤੀ। ਚਿੱਕੜ ਵਿਚ ਇੱਟਾਂ-ਰੋੜੇ ਮਾਰ ਕੇ ਆਪਣੇ `ਤੇ ਵੀ ਚਿੱਕੜ ਦੇ ਕੁਝ ਛਿੱਟੇ ਪੈਂਦੇ ਹੀ ਹਨ।
ਇਨਾਮਾਂ/ਸਨਮਾਨਾਂ ਦੀ ਖਰੀਦੋ-ਫਰੋਖਤ ਨਾ ਤਾਂ ਪ੍ਰਸਤੁਤ ਰਚਨਾ ਦੇ ਨਾਇਕ ਨਾਲ ਸ਼ੁਰੂ ਹੋਈ ਸੀ, ਨਾ ਹੀ ਉਨ੍ਹਾਂ ਨਾਲ ਖਤਮ ਹੋ ਗਈ ਹੈ। ਸਿ਼ਵ ਬਟਾਲਵੀ ਦੀ ‘ਲੂਣਾ’ ਨੂੰ ਪੁਰਸਕਾਰ ਦੇਣਾ ਗਲਤ ਨਹੀਂ ਸੀ, ਪਰ ਉਸ ਸਮੇਂ ਕੁਝ ਬਹੁਤ ਹੀ ਪੁਰਾਣੇ ਸਾਹਿਤਕਾਰਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਸੀ। ‘ਲੂਣਾ’ ਦੇ ਸਾਹਿਤਕ ਕੱਦ ਕਰਕੇ ਅਜਿਹੀ ਅਣ-ਦੇਖੀ ਨੂੰ ਸਵੀਕਾਰ ਕੀਤਾ ਦਾ ਸਕਦਾ ਹੈ, ਪਰ ਯਾਦ ਹੈ, ਸਿ਼ਵ ਨੇ ਬੜੇ ਸੰਖੇਪ ਵਿਚ ਹੀ ਇਹ ਕਹਿ ਕੇ ਕਿ ‘ਪੰਜ ਹਜ਼ਾਰ ਦੇ ਇਨਾਮ ਲਈ ਤਿੰਨ ਹਜ਼ਾਰ ਦੀ ਦਾਰੂ ਪਿਆ ਦਿਓ, ਇਨਾਮ ਮਿਲ ਜਾਵੇਗਾ’ ਸਾਰੀ ਗੱਲ ਸਿਰੇ ਲਾ ਦਿੱਤੀ ਸੀ। ਕਿਸੇ ਦਾ ਨਾਂ ਨਹੀਂ ਸੀ ਲਿਆ, ਪਰ ਇਨਾਮਾਂ ਪਿੱਛੇ ਹੁੰਦੀ ਧਾਂਦਲੀ ਜੱਗ ਜ਼ਾਹਰ ਕਰ ਦਿੱਤੀ ਸੀ, ਜਿਸ ਲਈ ‘ਖਿੱਦੋ’ ਦੇ ਲੇਖਕ ਨੇ ਕਰੀਬ ਡੇਢ ਸੌ ਪੰਨੇ ਕਾਲੇ ਕਰ ਦਿੱਤੇ। ਸਿਸਟਮ ਦੇ ਨਾਲ-ਨਾਲ ਵਿਅਕਤੀ ਵਿਸ਼ੇਸ਼ਾਂ ਨੂੰ ਵੀ ਭੰਡ ਦਿੱਤਾ। ਭਾਵੇਂ ਗਲਤ ਨਹੀਂ ਭੰਡਿਆ, ਪਰ ਭੰਡਿਆ ਗਲਤ ਢੰਗ ਨਾਲ।
ਇਸ ਤੋਂ ਵੀ ਪਹਿਲਾਂ ਕੇਂਦਰੀ ਇਨਾਮ ਸਬੰਧੀ ਚਰਚਾ ਛਿੜੀ ਹੀ ਰਹਿੰਦੀ ਸੀ-ਕਿਸੇ ਮੋਹਤਬਰ ਨੇ ਆਪਣੀ ਵੋਟ ਆਪ ਨੂੰ ਹੀ ਪਾਈ ਸੀ। ਮੈਨੂੰ ਯਾਦ ਹੈ, ਇਕ ਸਾਲ ਇਸ ਇਨਾਮ ਤੋਂ ਬਾਅਦ ਇਕ ਪੰਜਾਬੀ ਅਖਬਾਰ ਵਿਚ ਸੰਪਾਦਕੀ ਛਪਿਆ ਸੀ ਕਿ ਇਸ ਸਾਲ ਇਨਾਮ ਕਿਸੇ ਪ੍ਰਸਿੱਧ ਨਾਵਲਕਾਰ ਨੂੰ ਦੇਣਾ ਸੀ, ਪਰ ਤਕਨੀਕੀ ਕਾਰਨਾਂ ਕਰਕੇ ਉਸ ਦੀ ਚੋਣ ਨਹੀਂ ਹੋ ਸਕੀ। ਇਹ ਫੈਸਲਾ ਜ਼ਰੂਰ ਹੋ ਗਿਆ ਕਿ ਅਗਲੇ ਸਾਲ ਇਹ ਇਨਾਮ ਉਸੇ ਨਾਵਲਕਾਰ ਨੂੰ ਦਿੱਤਾ ਜਾਵੇਗਾ ਅਤੇ ਹੋਇਆ ਵੀ ਇਸੇ ਤਰ੍ਹਾਂ। ਇਕ ਵਾਰ ਪੰਜਾਬੀ ਸਾਹਿਤ ਦੀ ਬਹੁਤ ਵੱਡੀ ਸ਼ਖਸੀਅਤ ਨੂੰ ਸਾਹਿਤ ਅਕੈਡਮੀ ਦੀ ਕਨਵੀਨਰਸ਼ਿਪ ਇਸ ਲਈ ਛੱਡਣੀ ਪਈ ਸੀ ਕਿ ਜਿਸ ਕਿਤਾਬ ਨੂੰ ਪੜ੍ਹੇ ਬਿਨਾ ਹੀ ਇਨਾਮ ਲਈ ਚੁਣਿਆ ਗਿਆ ਸੀ, ਉਸ ਵਿਚ ਸਮੇਂ ਦੀ ਹਕੂਮਤ ਦੇ ਕਿਸੇ ਪੁਰਾਣੇ ਨੇਤਾ ਸਬੰਧੀ ਨਕਾਰਾਤਮਕ ਸ਼ਬਦ ਵਰਤੇ ਗਏ ਸਨ। ਇਹ ਵਰਤਾਰਾ ਤਾਂ ਸ਼ੁਰੂ ਤੋਂ ਹੀ ਚੱਲ ਰਿਹਾ ਹੈ ਅਤੇ ਜਿਹੜੇ ਇਨਸਾਨ ਨੂੰ ਇਸ ਰਚਨਾ ਵਿਚ ਭੰਡਿਆ ਹੈ, ਉਸ ਤੋਂ ਬਾਅਦ ਵੀ ਇਹ ਵਰਤਾਰਾ ਜਾਰੀ ਹੈ। ਕਈਆਂ ਨੇ ਇਨਾਮ ਲੈਣ ਉਪਰੰਤ ਲਿਖਣਾ ਹੀ ਛੱਡ ਦਿੱਤਾ। ਪੰਜਾਬ ਸਰਕਾਰ ਵੱਲੋਂ ਮਿਲਦੇ ਸ਼੍ਰੋਮਣੀ ਇਨਾਮ ਜੇ ਦੋ-ਚਾਰ ਕਿਤਾਬਾਂ ਦੇ ਲੇਖਕ ਨੂੰ ਮਿਲ ਸਕਦੇ ਹਨ ਤਾਂ ਰੱਬ ਹੀ ਰਾਖਾ ਹੈ। ਇਨ੍ਹਾਂ ਸਨਮਾਨਾਂ ਦੀ ਕਦਰ ਉਦੋਂ ਹੁੰਦੀ ਸੀ, ਜਦੋਂ ਅਕਾਦਮੀ ਵੱਲੋਂ ਇਨਾਮਾਂ ਦਾ ਫੈਸਲਾ ਕਰ ਲਿਆ ਜਾਂਦਾ ਸੀ, ਪਰ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਦੀ ਸਹਿਮਤੀ ਤੋਂ ਬਾਅਦ ਐਲਾਨ ਹੁੰਦਾ ਸੀ।
ਸੁਣਿਆ ਹੈ ਕਿ ਇਕ ਵਾਰ ਪੰਜਾਬੀ ਦੇ ਬਹੁਤ ਹੀ ਪ੍ਰਸਿੱਧ ਵਾਰਤਕਕਾਰ ਦੀ ਪੁਸਤਕ ਦੀ ਚੋਣ ਕੀਤੀ ਗਈ। ਪੰਡਿਤ ਨਹਿਰੂ ਦੇ ਪੁੱਛਣ `ਤੇ ਦੱਸਿਆ ਗਿਆ ਕਿ ਇਸ ਪੁਸਤਕ ਵਿਚ ਕੁਝ ਪੁਰਾਣੀਆਂ ਪਿਆਰ ਕਹਾਣੀਆਂ ਨੂੰ ਪੇਸ਼ ਕੀਤਾ ਗਿਆ ਹੈ। ਜਦੋਂ ਉਨ੍ਹਾਂ ਪੁੱਛਿਆ ਕਿ ਇਸ ਵਿਚ ਉੱਤਮ ਸਾਹਿਤ ਵਾਲੀ ਕਿਹੜੀ ਗੱਲ ਹੋਈ ਤਾਂ ਸਬੰਧਿਤ ਅਫਸਰ ਕੋਈ ਜੁਆਬ ਨਾ ਦੇ ਸਕੇ। ਇਸ ਲਈ ਉਸ ਪੁਸਤਕ ਨੂੰ ਇਨਾਮ ਨਹੀਂ ਦਿੱਤਾ ਗਿਆ। ਜੇ ਸਾਰੀ ਉਮਰ ਦਵਿੰਦਰ ਸਤਿਆਰਥੀ ਜਾਂ ਕੁਝ ਹੋਰ ਵਧੀਆ ਸਾਹਿਤਕਾਰਾਂ ਨੂੰ ਇਹ ਇਨਾਮ ਨਹੀਂ ਮਿਲਿਆ ਤਾਂ ਇਸ ਨਾਲ ਉਨ੍ਹਾਂ ਦਾ ਸਾਹਿਤਕ ਕੱਦ ਘਟਿਆ ਨਹੀਂ ਅਤੇ ਇਸ ਦੇ ਉਲਟ ਕਈ ਇਨਾਮ ਪ੍ਰਾਪਤੀ ਤੋਂ ਬਾਅਦ ਵੀ ਬੌਣੇ ਦੇ ਬੌਣੇ ਹੀ ਰਹੇ। ਜਦੋਂ ਤੱਕ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਨੂੰ ਸਾਹਿਤ ਅਕੈਡਮੀ ਦਾ ਪੁਰਸਕਾਰ ਨਹੀਂ ਸੀ ਮਿਲਿਆ, ਉਹ ਧੌਣ ਉੱਚੀ ਕਰਕੇ ਰਹਿੰਦਾ ਸੀ, ਪਰ ਜਦੋਂ ਆਮ ਜਿਹੇ ਨਾਟਕ `ਤੇ ਮਿਲਿਆ ਪੁਰਸਕਾਰ ਸਵਿਕਾਰ ਕਰ ਲਿਆ ਤਾਂ ਕਿਸੇ ਮਾਮੂਲੀ ਜਿਹੇ ਸੰਪਾਦਕ ਨੇ ਤਾਅਨਾ ਮਾਰ ਦਿੱਤਾ ਸੀ, “ਵੇ ਚੰਦਰਿਆ ਇਹ ਤੂੰ ਕੀ ਕੀਤਾ, ਬੁੱਢੇਵਾਰੇ ਖੇਹ ਖਾ ਲਈ।”
ਗਾਂਧੀ ਨੂੰ ਸ਼ਾਂਤੀ ਨੋਬਲ ਇਨਾਮ ਨਹੀਂ ਮਿਲਿਆ, ਪਰ ਬਾਅਦ ਵਿਚ ਨੋਬਲ ਪੁਰਸਕਾਰ ਕਮੇਟੀ ਵਾਲਿਆਂ ਨੇ ਇਸ ਦੀ ਮੁਆਫੀ ਮੰਗੀ। ਗਾਂਧੀ ਦਾ ਕੱਦ ਨੋਬਲ ਪੁਰਸਕਾਰ ਤੋਂ ਬਿਨਾ ਹੀ ਹੋਰ ਉੱਚਾ ਹੋ ਗਿਆ। ਜਿਹੜੀਆਂ ਸੇਵਾਵਾਂ ਲਈ ਮਦਰ ਟੈਰੇਸਾ ਨੂੰ ਪੁਰਸਕਾਰ ਪ੍ਰਦਾਨ ਕੀਤਾ ਗਿਆ, ਉਸੇ ਖੇਤਰ ਵਿਚ ਭਗਤ ਪੂਰਨ ਸਿੰਘ ਜੀ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਭਗਤ ਜੀ ਨੂੰ ਕੋਈ ਫਰਕ ਨਹੀਂ ਪਿਆ, ਕਿਉਂਕਿ ਉਨ੍ਹਾਂ ਦਾ ਮਕਸਦ ਨੋਬਲ ਪੁਰਸਕਾਰ ਪ੍ਰਾਪਤ ਕਰਨਾ ਨਹੀਂ ਸੀ। ਪੰਜਾਬੀ ਲੇਖਕਾਂ ਨੂੰ ਫਰਕ ਪੈਂਦਾ ਹੈ, ਕਿਉਂਕਿ ਉਨ੍ਹਾਂ ਲਈ ਸਾਹਿਤ ਅਕਾਡਮੀ ਜਾਂ ਭਾਸ਼ਾ ਵਿਭਾਗ ਦਾ ਇਨਾਮ, ਜੀਵਨ-ਮਰਨ ਦਾ ਸਵਾਲ ਹੁੰਦਾ ਹੈ। ਸੁਆਲ ਹੈ ਕਿ ਅਜਿਹੇ ਇਨਾਮਾਂ ਨਾਲ ਦੋ-ਚਾਰ ਦਿਨ ਅਖਬਾਰਾਂ ਵਿਚ ਚਰਚਾ ਹੋ ਜਾਂਦੀ ਹੈ, ਲੇਖਕ ਦੀ ਹਉਮੈ ਨੂੰ ਪੱਠੇ ਪੈ ਜਾਂਦੇ ਹਨ, ਪਰ ਸਾਹਿਤ ਤਾਂ ਗਰੀਬ ਦਾ ਗਰੀਬ ਹੀ ਰਹਿੰਦਾ ਹੈ। ਪੰਜਾਬੀ ਦਾ ਕੋਈ ਲੇਖਕ ਅਜੇ ਤੱਕ ਨੋਬਲ ਪੁਰਸਕਾਰ ਲਈ ਕਿਉਂ ਨਹੀਂ ਵਿਚਾਰਿਆ ਗਿਆ? ਕਿਉਂਕਿ ਉਨ੍ਹਾਂ ਦੀ ਸੋਚ ਅਜੇ ਤੱਕ ਸਾਹਿਤ ਅਕੈਡਮੀ ਦੇ ਇਨਾਮ ਤੋਂ ਉੱਚੀ ਨਹੀਂ ਉੱਠੀ। ਬਾਕੀ ਪੁਰਸਕਾਰ ਬਦਲੇ ਸਰੀਰਕ ਸਬੰਧਾਂ ਦੀ ਗੱਲ ਤੋਂ ਤਾਂ ਨੋਬਲ ਪੁਰਸਕਾਰ ਵੀ ਨਿਰਲੇਪ ਨਹੀਂ। ਸੋ, ਜਸਬੀਰ ਭੁੱਲਰ ਨੂੰ ਅਸਲੀਅਤ ਨੂੰ ਪਛਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਨ੍ਹਾਂ ਸਬੰਧੀ ਆਵਾਜ਼ ਉਠਾਈ ਜਾਣੀ ਚਾਹੀਦੀ ਹੈ, ਪਰ ਇਕੱਠੇ ਹੋ ਕੇ।
ਜਸਬੀਰ ਭੁੱਲਰ ਦੀਆਂ ਰਚਨਾਵਾਂ ਵਿਚੋਂ ਇਕ ਨਹੀਂ, ਕਈਆਂ ਨੂੰ ਸਾਹਿਤ ਅਕੈਡਮੀ ਦੇ ਇਨਾਮ ਲਈ ਚੁਣਿਆ ਜਾ ਸਕਦਾ ਸੀ ਜਾਂ ਹੈ? ਪਰ ਸੱਚਾਈ ਹੈ ਕਿ ਇਹ ਇਨਾਮਾਂ ਦੀ ਵਾਗਡੋਰ ਬਹੁਤਾ ਸਮਾਂ ਜੋੜ-ਤੋੜ ਕਰਨ ਦੇ ਮਾਹਿਰਾਂ ਦੇ ਹੱਥ ਰਹੀ ਅਤੇ ਹੁਣ ਵੀ ਹੈ। ਸੱਪ ਲੰਘ ਚੁਕਾ ਹੈ ਅਤੇ ਹੁਣ ਵੀ ਲੰਘੀ ਜਾ ਰਿਹਾ ਹੈ, ਪਰ ਅਜੇ ਤੱਕ ਸੱਪ ਨੂੰ ਮਾਰਨ ਦੀ ਥਾਂ ਵਿਦਵਾਨ ਲਕੀਰ ਨੂੰ ਕੁੱਟੀ ਜਾ ਰਹੇ ਹਨ। ਗੱਲ ਹੋਣੀ ਚਾਹੀਦੀ ਹੈ ਸੱਪ ਮਾਰਨ ਦੀ, ਭਾਵ ਅਜਿਹਾ ਕੁਝ ਕਰਨ ਦੀ ਕਿ ਭਵਿੱਖ ਵਿਚ ਹੋਣ ਵਾਲੇ ਘਾਲੇ-ਮਾਲਿਆਂ `ਤੇ ਰੋਕ ਲੱਗ ਸਕੇ। ਜਸਬੀਰ ਭੁੱਲਰ ਅਤੇ ਉਨ੍ਹਾਂ ਵਰਗੇ ਸੁਹਿਰਦ ਸਾਹਿਤਕਾਰਾਂ ਨੂੰ ਆਪਣੀਆਂ-ਆਪਣੀਆਂ ਖਿੱਦੋਆਂ ਉਛਾਲਣ ਦੀ ਥਾਂ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ ਕਿ ਨਾਵਲ ‘ਖਿੱਦੋ’ ਦੇ ਹੀਰੋ, ‘ਹੀਰੇ’ ਵਰਗਿਆਂ ਦੇ ਆਪ-ਹੁਦਰੇ ਵਰਤਾਰਿਆਂ ਨੂੰ ਠੱਲ੍ਹ ਕਿਵੇਂ ਪਵੇ? ਪਰ ਇਕ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਦੁਨੀਆਂ ਦਾ ਕੋਈ ਵੀ ਕੰਮ ਪੂਰੀ ਮੁਸ਼ਤੈਦੀ ਨਾਲ ਨਹੀਂ ਹੋ ਸਕਦਾ। ਚੋਰ-ਮੋਰੀਆਂ ਲੱਭਣ ਵਾਲੇ ਲੱਭ ਹੀ ਲੈਂਦੇ ਹਨ।
ਜਸਬੀਰ ਭੁੱਲਰ ਨੇ ਅਕਾਦਮਿਕ ਖੇਤਰ ਦੇ ਇਕ ਹੋਰ ਗਲਤ ਵਰਤਾਰੇ ਸਬੰਧੀ ਵੀ ਇਸ਼ਾਰਾ ਕੀਤਾ ਹੈ-ਪੀਐਚ. ਡੀ. ਕਰ ਰਹੀਆਂ ਲੜਕੀਆਂ ਦੇ ਸ਼ੋਸ਼ਣ ਬਾਰੇ ਅਤੇ ਨਕਲਾਂ ਮਾਰ ਕੇ ਡਿਗਰੀਆਂ ਲੈਣ ਦੀ ਕੋਝੀ ਰੀਤ ਬਾਰੇ। ਇਹ ਭੈੜੀਆਂ ਰੀਤਾਂ ਵੀ ਅੱਜ ਦੀਆਂ ਨਹੀਂ, ਪੁਰਾਣੀਆਂ ਹਨ। ਇਹ ਕਿਤੇ ਪੜ੍ਹਿਆ ਸੀ ਕਿ ਭਾਰਤ ਦੇ ਇਕ ਕਹਿੰਦੇ-ਕੁਹਾਉਂਦੇ ਵਿਦਿਆ ਸ਼ਾਸ਼ਤਰੀ (ਜਿਸ ਨੇ ਬਾਅਦ ਵਿਚ ਟੀਸੀ ਦੇ ਬੇਰ ਦਾ ਸਵਾਦ ਵੀ ਚੱਖਿਆ ਸੀ), ਨੇ ਉਸ ਕੋਲ ਮੁਲੰਕਣ ਲਈ ਆਏ ਪੀਐਚ. ਡੀ. ਦੇ ਖੋਜ-ਪ੍ਰਬੰਧ ਦੀ ਦੋ ਸਾਲ ਤੱਕ ਯੂਨੀਵਰਸਿਟੀ ਨੂੰ ਰਿਪੋਰਟ ਨਹੀਂ ਸੀ ਭੇਜੀ ਅਤੇ ਇਸ ਸਮੇਂ ਦੌਰਾਨ ਆਪਣੇ ਨਾਂ ਹੇਠ ਕਿਤਾਬ ਛਪਵਾ ਲਈ। ਬਾਅਦ ਵਿਚ ਕੁਝ ਲੈ-ਦੇ ਕੇ ਮਾਮਲਾ ਰਫਾ-ਦਫਾ ਕਰ ਦਿੱਤਾ। ਇਥੇ ਤੰਦ ਨਹੀਂ, ਤਾਣੀ ਹੀ ਉਲਝੀ ਹੋਈ ਹੈ।
ਗੱਲ ਫੇਰ ‘ਖਿੱਦੋ’ ਦੀ ਕਰੀਏ। ਜਸਬੀਰ ਭੁੱਲਰ ਨੂੰ ਬਾਲ ਸਾਹਿਤ ਲਈ ਸਾਹਿਤ ਅਕੈਡਮੀ ਦਾ ਇਨਾਮ ਮਿਲ ਚੁਕਾ ਹੈ, ਭਾਵੇਂ ਉਹ ਨਿਰੋਲ ਸਾਹਿਤ ਦੇ ਇਨਾਮ ਦੇ ਯੋਗ ਹੋ, ਪਰ ਸਵਾਲ ਹੈ ਕਿ ਉਨ੍ਹਾਂ ਦੀ ਇਹ ਚੋਣ ਵੀ ਤਾਂ ‘ਹੀਰਾ’ ਮਾਅਰਕਾ ਸਿਸਟਮ ਅਧੀਨ ਹੋਈ, ਜਿਹੜੇ ਸਿਸਟਮ ਦੀਆਂ ਇਸ ਰਚਨਾ ਵਿਚ ਧੱਜੀਆਂ ਉਡਾਈਆਂ ਹਨ। ਇਥੇ ਦੋ ਸਵਾਲ ਪੈਦਾ ਹੁੰਦੇ ਹਨ-ਜੇ ਉਹ ਸਮਝਦੇ ਕਿ ਉਹ ਵੱਡੇ ਇਨਾਮ ਦੇ ਹੱਕਦਾਰ ਸੀ, ਪਰ ਉਨ੍ਹਾਂ ਦੇ ਸਾਹਿਤਕ ਕੱਦ ਤੋਂ ਹੇਠਲੇ ਪੱਧਰ ਦਾ ਇਨਾਮ ਦੇ ਕੇ ਵਰਚਾਇਆ ਗਿਆ ਹੈ ਤਾਂ ਉਨ੍ਹਾਂ ਇਹ ਛੋਟਾ ਇਨਾਮ ਸਵਿਕਾਰ ਕਿਉਂ ਕੀਤਾ? ਦੂਜੀ ਗੱਲ, ਜੇ ਉਸ ਸਮੇਂ ਦੇ ਚੱਲਣ ਮੁਤਾਬਕ ਕੋਈ ਵੀ ਇਨਾਮ ਜੋੜ-ਤੋੜ ਤੋਂ ਬਿਨਾ ਨਹੀਂ ਸੀ ਮਿਲਦਾ, ਤਾਂ ਉਨ੍ਹਾਂ ਨੂੰ ਕਿਵੇਂ ਮਿਲਿਆ?
ਗੱਲ ਹੋਰ ਨਹੀਂ ਵਧਾਉਂਦਾ। ਇਹ ਸਪਸ਼ਟ ਹੈ ਕਿ ਉਨ੍ਹਾਂ ਦਾ ਹੱਕ ਮਾਰਿਆ ਗਿਆ, ਉਹ ਸਾਹਿਤ ਅਕੈਡਮੀ ਦੇ ਨਾਲ-ਨਾਲ ਭਾਸ਼ਾ ਵਿਭਾਗ ਦੇ ਸ਼੍ਰੋਮਣੀ ਪੁਰਸਕਾਰ ਦੇ ਹੱਕਦਾਰ ਵੀ ਹਨ, ਪਰ ਇਸ ਦਾ ਬਦਲਾ ਲੈਣ ਲਈ ਜਾਂ ਕਿੜ ਕੱਢਣ ਲਈ ‘ਖਿੱਦੋ’ ਜਿਸ ਢੰਗ ਨਾਲ ਬੜ੍ਹਕਾ ਕੇ ਮਾਰੀ ਹੈ, ਉਹ ਵੀ ਯੋਗ ਨਹੀਂ। ਜਿਵੇਂ ਪੁਸਤਕ ਦੇ ਅੰਤ ਵਿਚ ‘ਹੀਰੇ’ ਰਾਹੀਂ ਕਾਮ ਉਤੇਜਕ ਗੋਲੀ ਖਾ ਕੇ ਆਪਣੀ ‘ਚਹੇਤੀ’ ਕੋਲ ਜਾਣਾ ਅਤੇ ਇਸ ਦਵਾਈ ਕਰਕੇ ਉਸ ਨੂੰ ਰਿਐਕਸ਼ਨ ਹੋ ਜਾਣਾ ਅਤੇ ਮੌਤ ਦੇ ਮੂੰਹ ਵਿਚ ਜਾ ਪੈਣਾ ਅਤਿ ਦਰਜੇ ਦਾ ਭੈੜਾ ਚਿਤਰਣ ਹੈ। ਜਦੋਂ ਲੇਖਕ ਨੂੰ ਇਹ ਪਤਾ ਨਾ ਲੱਗਿਆ ਕਿ ਕਹਾਣੀ ਦਾ ਅੰਤ ਕਿਵੇਂ ਕੀਤਾ ਜਾਵੇ ਤਾਂ ਇਕ ਫਿਲਮੀ ਜਿਹੀ ਕਹਾਣੀ ਜੋੜ, ‘ਚਹੇਤੀ’ ਦੀ ਖੁਦਕੁਸ਼ੀ ਦਿਖਾ ਦਿੱਤੀ। ਇਹ ਕਿਰਦਾਰ-ਕੁਸ਼ੀ ਤੋਂ ਵੱਧ ਕੁਝ ਨਹੀਂ। ‘ਖਿੱਦੋ’ ਨਾਲ ਇਕ ਚੰਗੇ ਲੇਖਕ ਦੇ ਅਕਸ ਨੂੰ ਢਾਹ ਲੱਗੀ ਹੈ। ‘ਹੀਰਾ’ ਪਾਰਟੀ ਦਾ ਦਾਬਾ ਜਰੂਰ ਸੀ, ਪਰ ਇਹ ਵੀ ਦੂਜੇ ਸੁਹਿਰਦ ਲੇਖਕਾਂ ਦੀ ਕਮਜ਼ੋਰੀ ਕਰਕੇ ਹੀ ਪਿਆ। ਇਕੱਲੇ ਉਹ ਹੀ ਨਹੀਂ, ਪੰਜਾਬ ਸਰਕਾਰ ਦੇ ਪੁਰਸਕਾਰਾਂ ਲਈ ਅਸੂਲਾਂ ਦੇ ਪੱਕਿਆਂ ਨੇ ਅਸੂਲਾਂ ਨੂੰ ਤਿਲਾਂਜਲੀ ਦਿੱਤੀ। ਐਨ ਮੌਕੇ `ਤੇ ਸਲਾਹਕਾਰ ਕਮੇਟੀ ਦੀ ਮੈਂਬਰੀ ਛੱਡ ਦਿੱਤੀ, ਜਦੋਂ ਪਤਾ ਲੱਗਿਆ ਕਿ ਉਨ੍ਹਾਂ ਦਾ ਨਾਂ ਵੀ ਸ਼੍ਰੋਮਣੀ ਪੁਰਸਕਾਰ ਵਾਲਿਆਂ ਦੀ ਫਹਿਰਿਸ਼ਤ ਵਿਚ ਸ਼ਾਮਲ ਹੈ। ਕਿਸੇ ਨੇ ਨਾ ਕਿਹਾ ਕਿ ਉਸ ਦਾ ਨਾਂ ਨਾ ਵਿਚਾਰਿਆ ਜਾਵੇ। ਉਸ ਮੰਡਲੀ ਦਾ ਕੁਝ ਨਹੀਂ ਵਿਗੜਿਆ, ਸਿਸਟਮ ਵੀ ਉਸੇ ਤਰ੍ਹਾਂ ਜਾਰੀ ਹੈ, ਬਦਲਾਵ ਦੀ ਕੋਈ ਆਸ ਨਹੀਂ, ਇਨਾਮ ਹੁਣ ਵੀ “ਮੁੰਹ ਦੇਖ ਕੇ ਚਪੇੜ ਮਾਰਨ” ਵਾਂਗ ਵੰਡੇ ਜਾਣਗੇ, ਖਰੀਦੇ ਜਾਣਗੇ, ਵੇਚੇ ਜਾਣਗੇ; ਪਰ ‘ਖਿੱਦੋ’ ਦਾ ਲੇਖਕ ਉਪਰਲੇ ਇਨਾਮ ਲਈ ਉਦੋਂ ਵੀ ਮਾਰ ਖਾ ਗਿਆ ਅਤੇ ਹੁਣ ਨਕਾਰਾਤਮਕ ਢੰਗ ਦਾ ਲੰਬਾ ਲੇਖ ਲਿਖ ਕੇ ਉਹ ਲੇਖਕ ਹੋਣ ਪੱਖੋਂ ਵੀ ਮਾਰ ਖਾ ਗਿਆ। ਕਦੇ ਸਮਾਂ ਮਿਲੇ ਤਾਂ ਉਹ ਇਹ ਆਤਮ ਚਿੰਤਨ ਜਰੂਰ ਕਰਨ ਕਿ ‘ਖਿੱਦੋ’ ਨਾਲ ਉਨ੍ਹਾਂ ਨੇ ਕੀ ਖੱਟਿਆ ਅਤੇ ਕੀ ਗੁਆਇਆ?
ਇਕ ਗੱਲ ਹੋਰ, ਪੰਜਾਬੀ ਸਾਹਿਤ ਦੀ ਇਕ ਹੋਰ ਨਾਮਵਰ ਸ਼ਖਸੀਅਤ ਨੇ ਪ੍ਰਸਤੁਤ ਨਾਵਲ ਦੇ ਮੁੱਢ ਵਿਚ ਨਾਵਲ ਦੇ ਨਾਇਕ ਨੂੰ ਉਸ ਦੇ ਅਸਲੀ ਨਾਂ ਨਾਲ ਹੀ ਨਸ਼ਰ ਨਹੀਂ ਕੀਤਾ, ਉਸ ਦੇ ਕੰਮਾਂ ਦਾ ਪਾਜ ਵੀ ਉਧੇੜ ਦਿਤਾ, ਪਰ ਲੇਖਕ ਨੇ ਫਰਜੀ ਨਾਂਵਾਂ ਦਾ ਸਹਾਰਾ ਕਿਉਂ ਲਿਆ?