‘ਮਹਾਂ ਫਰਾਡ’ ਅਮਰੀਕ ਗਿੱਲ-3

ਮੁੰਬਈ ਵਿਚ ਪੰਜਾਬ ਵਾਲਾ ਧੜਕਦਾ ਦਿਲ ਲੈ ਕੇ ਵੱਸਣ ਵਾਲੇ ਅਮਰੀਕ ਗਿੱਲ ਦਾ ਆਪਣਾ ਵੱਖਰਾ ਮੁਕਾਮ ਹੈ। ਉਹਨੇ ਫਿਲਮਾਂ ਲਈ ਕਹਾਣੀਆਂ, ਪਟਕਥਾ, ਡਾਇਲਾਗ ਲਿਖੇ, ਇਕ ਪੰਜਾਬੀ ਫਿਲਮ ‘ਕਿਰਪਾਨ’ ਨਿਰਦੇਸ਼ਤ ਕੀਤੀ ਅਤੇ ਕਈ ਲੜੀਵਾਰਾਂ ਤੇ ਫਿਲਮਾਂ ਵਿਚ ਅਦਾਕਾਰੀ ਵੀ ਕੀਤੀ। ਉਹ ਪੰਜਾਬ ਦੇ ਨਿੱਕੇ ਜਿਹੇ ਪਿੰਡ ਤੋਂ ਉਠ ਕੇ ਪੰਜਾਬ ਦੀ ਹਾਜ਼ਰੀ ਪਤਾ ਨਹੀਂ ਕਿੱਥੇ-ਕਿੱਥੇ ਲੁਆ ਚੁੱਕਿਆ ਹੈ। ਉਹਦੇ ਮਿੱਤਰ ਅਤੇ ਅਮਰੀਕਾ ਵੱਸਦੇ ਲਿਖਾਰੀ ਤੇ ਵਿਦਵਾਨ ਪ੍ਰੇਮ ਮਾਨ ਨੇ ਉਹਦੇ ਜੀਵਨ ਸਫਰ ਅਤੇ ਕੰਮ-ਕਾਰ ‘ਤੇ ਝਾਤ ਪੁਆਉਂਦਾ ਲੰਮਾ ਲੇਖ ‘ਪੰਜਾਬ ਟਾਈਮਜ਼’ ਲਈ ਭੇਜਿਆ ਹੈ। ਇਸ ਲੇਖ ਵਿਚ ਅਮਰੀਕ ਗਿੱਲ ਦੇ ਜੀਵਨ ਦੇ ਰੰਗ ਹੀ ਨਹੀਂ, ਪੰਜਾਬ ਨਾਲ ਜੁੜੇ ਸਰੋਕਾਰਾਂ ਦੇ ਰੰਗ ਵੀ ਬੜੇ ਉਘੜਵੇਂ ਰੂਪ ਵਿਚ ਪੇਸ਼ ਹੋਏ ਹਨ। ਇਸ ਲੰਮੇ ਲੇਖ ਦੀ ਤੀਜੀ ਅਤੇ ਆਖਰੀ ਕਿਸ਼ਤ ਪਾਠਕਾਂ ਲਈ ਪੇਸ਼ ਹੈ।

ਪ੍ਰੇਮ ਮਾਨ
ਫੋਨ: 860-983-5002

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਅਮਰੀਕ ਗਿੱਲ ਦੇ ਵਿਆਹ ਦੀ ਕਹਾਣੀ ਵੀ ਅਜੀਬ ਹੈ। ਜਦੋਂ ਅਮਰੀਕ ਦਿੱਲੀ ਦੇ ਨੈਸ਼ਨਲ ਸਕੂਲ ਆਫ ਡਰਾਮਾ ਵਿਚ ਡਿਗਰੀ ਕਰ ਰਿਹਾ ਸੀ ਤਾਂ ਉਸ ਸਕੂਲ ਦੇ ਨੇੜੇ ਹੀ ਬੈਂਕ ਵਿਚ ਰਸ਼ਪਿੰਦਰ ਰਸ਼ਿਮ ਕੰਮ ਕਰਦੀ ਸੀ। ਇਕ ਦਿਨ ਅਚਾਨਕ ਉੱਥੇ ਅਮਰੀਕ ਨੂੰ ਆਪਣੀ ਕਿਸੇ ਵਾਕਫ ਔਰਤ ਨਾਲ ਰਸ਼ਪਿੰਦਰ ਮਿਲ ਪਈ। ਉਹ ਔਰਤ ਅਮਰੀਕ ਅਤੇ ਰਸ਼ਪਿੰਦਰ, ਦੋਹਾਂ ਦੀ ਵਾਕਫ ਸੀ। ਉਸ ਨੇ ਇਨ੍ਹਾਂ ਦੋਹਾਂ ਦੀ ਜਾਣ-ਪਛਾਣ ਕਰਾਈ। ਉਸ ਤੋਂ ਬਾਅਦ ਇਹ ਦੋਵੇਂ ਮਿਲਣ ਲੱਗ ਪਏ। ਰਸ਼ਪਿੰਦਰ ਕਹਾਣੀਆਂ ਲਿਖਦੀ ਸੀ ਜੋ ‘ਨਾਗਮਣੀ’ ਵਿਚ ਛਪਦੀਆਂ ਸਨ। ਦੋਹਾਂ ਦੀਆਂ ਸਾਹਿਤਕ ਰੁਚੀਆਂ ਨੇ ਹੀ ਸ਼ਾਇਦ ਇਕ-ਦੂਜੇ ਨੂੰ ਆਪਣੇ ਵੱਲ ਖਿੱਚਿਆ। ਫਿਰ ਅਮਰੀਕ ਦੇ ਮੁੰਬਈ ਜਾਣ ਤੋਂ ਬਾਅਦ ਜਦੋਂ ਇਨ੍ਹਾਂ ਨੇ ਵਿਆਹ ਕਰਾਉਣ ਬਾਰੇ ਸੋਚਿਆ ਤਾਂ ਰਸ਼ਪਿੰਦਰ ਦੀ ਵੱਡੀ ਭੈਣ ਨੇ ਆਪਣੇ ਮਾਤਾ-ਪਿਤਾ ਨਾਲ ਅਮਰੀਕ ਅਤੇ ਰਸ਼ਪਿੰਦਰ ਦੇ ਵਿਆਹ ਬਾਰੇ ਗੱਲ ਕੀਤੀ। ਅਮਰੀਕ ਰਸ਼ਪਿੰਦਰ ਦੇ ਮਾਤਾ-ਪਿਤਾ ਨੂੰ ਅੰਮ੍ਰਿਤਸਰ ਮਿਲਣ ਗਿਆ। ਅਮਰੀਕ ਹੱਸਦਾ ਕਹਿੰਦਾ ਹੈ, “ਰਸ਼ਪਿੰਦਰ ਦੇ ਪਿਤਾ ਨੇ ਮੈਨੂੰ ਇੰਟਰਵਿਊ ਲਈ ਸੱਦਿਆ ਸੀ।” ਜਦੋਂ ਅਮਰੀਕ ਰਸ਼ਪਿੰਦਰ ਦੇ ਮਾਤਾ-ਪਿਤਾ ਨੂੰ ਮਿਲਣ ਗਿਆ ਤਾਂ ਉਹ ਪਰਮਿੰਦਰਜੀਤ ਅਤੇ ਡਾ. ਕੁਲਵੰਤ ਸ਼ੇਰਗਿੱਲ (ਡਾ. ਕਰਨੈਲ ਸ਼ੇਰਗਿੱਲ ਦਾ ਭਰਾ) ਨੂੰ ਨਾਲ ਲੈ ਗਿਆ। ਅਮਰੀਕ ਦੱਸਦਾ ਹੈ, “ਮੈਂ ਪਰਮਿੰਦਰਜੀਤ ਅਤੇ ਕੁਲਵੰਤ ਨੂੰ ਮੌਰਲ ਸਪੋਰਟ ਲਈ ਨਾਲ ਲੈ ਕੇ ਗਿਆ ਸੀ।”
“ਬਾਕੀ ਗੱਲਾਂ ਤਾਂ ਸਭ ਠੀਕ ਹਨ ਪਰ ਆਪਾਂ ਦੋਵੇਂ ਪਰਿਵਾਰ ਗਿੱਲ ਹਾਂ। ਮੇਰੇ ਰਿਸ਼ਤੇਦਾਰਾਂ ਨੇ ਕਹਿਣਾ, ਤੁਹਾਨੂੰ ਹੋਰ ਗੋਤ ਦਾ ਮੁੰਡਾ ਲੱਭਾ ਹੀ ਨਹੀਂ।” ਕੁਝ ਗੱਲਾਂ ਕਰਨ ਤੋਂ ਬਾਅਦ ਰਸ਼ਪਿੰਦਰ ਦੇ ਪਿਤਾ ਜੀ ਨੇ ਕਿਹਾ।
“ਦੇਖੋ ਜੀ ਮੇਰੇ ਕੋਲ ਪੱਕੀ ਨੌਕਰੀ ਨਹੀਂ। ਮੈਂ ਗਰੀਬ ਪਰਿਵਾਰ ਦਾ ਮੁੰਡਾਂ। ਮੈਨੂੰ ਕਿਸੇ ਹੋਰ ਨੇ ਤਾਂ ਆਪਣੀ ਲੜਕੀ ਦੇਣੀ ਨਹੀਂ। ਜੇ ਗਿੱਲ ਮੇਰੀ ਮਦਦ ਨਾ ਕਰਨਗੇ ਤਾਂ ਹੋਰ ਕੌਣ ਕਰੇਗਾ?” ਅਮਰੀਕ ਦਾ ਜਵਾਬ ਸੀ। ਉਹ ਇਹ ਕਹਾਣੀ ਦੱਸਦਾ ਹੱਸਦਾ ਹੈ।
ਰਸ਼ਪਿੰਦਰ ਦੇ ਪਿਤਾ ਜੀ ਕੁਝ ਦੇਰ ਸੋਚਦੇ ਰਹੇ ਅਤੇ ਫਿਰ ਉਨ੍ਹਾਂ ਨੇ ਇਸ ਵਿਆਹ ਲਈ ਹਾਂ ਕਰ ਦਿੱਤੀ। ਉਸੇ ਦਿਨ ਉਨ੍ਹਾਂ ਅਮਰੀਕ ਨੂੰ ਸ਼ਗਨ ਦੇ 500 ਰੁਪਏ ਦਿੱਤੇ। ਉਸੇ ਸ਼ਾਮ ਉਥੋਂ ਆ ਕੇ ਅਮਰੀਕ, ਪਰਮਿੰਦਰਜੀਤ ਅਤੇ ਕੁਲਵੰਤ ਨੇ ਉਨ੍ਹਾਂ 500 ਰੁਪਇਆਂ ਦੀ ਸ਼ਰਾਬ ਪੀਤੀ ਤੇ ਪਾਰਟੀ ਕੀਤੀ।
ਜਦੋਂ ਅਮਰੀਕ ਦਾ ਵਿਆਹ ਹੋਇਆ ਤਾਂ ਉਸ ਨੇ ਆਪਣੇ ਪਿਤਾ ਨੂੰ ਇੰਗਲੈਂਡ ਤੋਂ ਨਹੀਂ ਸੀ ਸੱਦਿਆ। ਪਿੰਡ ਦੇ ਕੁਝ ਲੋਕ ਕਹਿਣ ਲੱਗੇ ਕਿ ਅਮਰੀਕ ਨੂੰ ਆਪਣੇ ਪਿਤਾ ਨੂੰ ਸੱਦ ਲੈਣਾ ਚਾਹੀਦਾ ਸੀ, ਵਿਆਹ ਵਿਚ ਪਿਤਾ ਦਾ ਹੋਣਾ ਜ਼ਰੂਰੀ ਹੈ। ਅਮਰੀਕ ਨੇ ਉਨ੍ਹਾਂ ਲੋਕਾਂ ਨੂੰ ਕਿਹਾ, “ਤੁਸੀਂ ਸ਼ੁਕਰ ਕਰੋ ਮੇਰਾ ਵਿਆਹ ਹੋਣ ਲੱਗਾ। ਪਿਤਾ ਦਾ ਕੀ ਹੈ? ਆਪਾਂ ਗੁਰਦੁਆਰੇ ਤੋਂ ਕੋਈ ਸੋਹਣਾ ਜਿਹਾ ਬਜ਼ੁਰਗ ਲੈ ਆਵਾਂਗੇ। ਉਸ ਨੂੰ ਵਧੀਆ ਜਿਹੇ ਕੱਪੜੇ ਪੁਆ ਲਵਾਂਗੇ ਤੇ ਉਸ ਨੂੰ ਪਿਉ ਬਣਾ ਲਵਾਂਗੇ। ਵਿਆਹ ਤੋਂ ਬਾਅਦ ਉਸ ਨੂੰ 5000 ਰੁਪਏ ਦੇ ਕੇ ਵਾਪਸ ਤੋਰ ਦਿਆਂਗੇ।”
ਅਮਰੀਕ ਦੀ ਪਤਨੀ ਰਸ਼ਪਿੰਦਰ ਰਸ਼ਿਮ ਕਹਾਣੀਕਾਰ ਹੈ। ਉਸ ਦੀਆਂ ਕਹਾਣੀਆਂ ‘ਸਿਰਜਣਾ’, ‘ਨਾਗਮਣੀ’ ਅਤੇ ‘ਪ੍ਰਵਚਨ’ ਵਰਗੇ ਮੈਗਜ਼ੀਨਾਂ ਵਿਚ ਛਪੀਆਂ ਹਨ। ਉਸ ਦਾ ਇਕ ਨਾਵਲ ਅਤੇ ਕਹਾਣੀਆਂ ਦੀਆਂ ਪੰਜ ਕਿਤਾਬਾਂ ਛਪ ਚੁੱਕੀਆਂ ਹਨ। ਉਸ ਨੇ ਭਗਵਤੀ ਚਰਨ ਵਰਮਾ ਦੇ ਹਿੰਦੀ ਨਾਵਲ ‘ਭੂਲੇ ਵਿਸਰੇ ਚਿਤਰ’ ਅਤੇ ਗੁਲਜ਼ਾਰ ਦੀ ਕਹਾਣੀਆਂ ਦੀ ਕਿਤਾਬ ‘ਰਾਵੀ ਪਾਰ’ ਦਾ ਪੰਜਾਬੀ ਅਨੁਵਾਦ ਕੀਤਾ ਹੈ। ਉਹਨੇ ਮਨੋਜ ਦਾਸ ਦੀਆਂ ਕਹਾਣੀਆਂ ਦਾ ਅਨੁਵਾਦ ‘ਮਨੋਜ ਦਾਸ ਦੀਆਂ ਕਹਾਣੀਆਂ’ ਸਿਰਲੇਖ ਤਹਿਤ ਕੀਤਾ ਹੈ। ਉਹਨੂੰ ਭਾਸ਼ਾ ਵਿਭਾਗ ਅਤੇ ‘ਨਵਾਂ ਜ਼ਮਾਨਾ’ ਦੇ ਇਨਾਮ ਮਿਲ ਚੁੱਕੇ ਹਨ। ਅਮਰੀਕ ਰਸ਼ਪਿੰਦਰ ਦੀ ਖੂਬ ਤਾਰੀਫ ਕਰਦਾ ਹੈ। ਉਨ੍ਹਾਂ ਦੀ ਧੀ ਆਸਾਵਰੀ ਉਨ੍ਹਾਂ ਨਾਲ ਹੀ ਮੁੰਬਈ ਰਹਿੰਦੀ ਹੈ ਅਤੇ ਇਕ ਅਮਰੀਕਨ ਕੰਪਨੀ ਲਈ ਕੰਮ ਕਰਦੀ ਹੈ।
ਬਲਵੰਤ ਗਾਰਗੀ ਦੀ ਮੌਤ ਤੋਂ ਬਾਅਦ ਅਮਰੀਕ ਗਿੱਲ ਨੇ ਉਸ ਬਾਰੇ ਲੇਖ ‘ਗਾਰਗੀ- ਦਿ ਗਰੇਟ’ ਲਿਖਿਆ ਜੋ ‘ਸਮਦਰਸ਼ੀ’ ਦੇ ਅਕਤੂਬਰ-ਨਵੰਬਰ 2003 ਅੰਕ ਵਿਚ ਛਪਿਆ। ਇਹ ਲੇਖ ਪਾਠਕਾਂ ਨੇ ਇੰਨਾ ਪਸੰਦ ਕੀਤਾ ਕਿ ਬਾਅਦ ਵਿਚ ਇਹ ਕਈ ਹੋਰ ਥਾਈਂ ਵੀ ਛਪਿਆ। ਕੁਝ ਸਾਲਾਂ ਬਾਅਦ ‘ਸਮਦਰਸ਼ੀ’ ਦੇ ਇਕ ਹੋਰ ਅੰਕ ਵਿਚ ਵੀ ਇਸ ਨੂੰ ਦੁਬਾਰਾ ਛਾਪਿਆ ਗਿਆ। ਕਿਸੇ ਪੰਜਾਬੀ ਲੇਖਕ ‘ਤੇ ਇੰਨਾ ਵਧੀਆ ਲੇਖ ਸ਼ਾਇਦ ਹੀ ਕਦੇ ਲਿਖਿਆ ਗਿਆ ਹੋਵੇ। ਅਮਰੀਕ ਗਿੱਲ ਇਸ ਲੇਖ ਨੂੰ ਆਪਣੇ ਨਾਟਕੀ ਅੰਦਾਜ਼ ਵਿਚ ਪੜ੍ਹਨ ਲਈ ਮਸ਼ਹੂਰ ਹੈ; ਕਹਿੰਦਾ ਹੈ, “ਮੈਂ ਆਪਣੇ ਬਾਪੂ ਬਾਰੇ ਲੇਖ ਨੂੰ ਵੱਖ-ਵੱਖ ਥਾਵਾਂ ‘ਤੇ ਪੜ੍ਹ ਕੇ ਬਹੁਤ ਸਾਰੇ ਪੈਸੇ ਕਮਾਏ ਹਨ।” ਉਹ ਗਾਰਗੀ ਨੂੰ ਬਾਪੂ ਕਹਿੰਦਾ ਹੈ। ਉਸ ਅਨੁਸਾਰ ਉਸ ਨੂੰ ਜਨਮ ਦੇਣ ਵਾਲਾ ਬਾਪੂ ਭਾਵੇਂ ਹੋਰ ਸੀ ਪਰ ਉਸ ਦਾ ਅਸਲੀ ਬਾਪੂ ਗਾਰਗੀ ਹੀ ਸੀ ਜਿਸ ਨੇ ਉਸ ਦੀ ਬਹੁਤ ਮਦਦ ਕੀਤੀ। ਅਮਰੀਕ ਕਹਿੰਦਾ ਹੈ ਕਿ ਗਾਰਗੀ ਨੇ ਉਸ ਨੂੰ ਜ਼ਿੰਦਗੀ ਜਿਊਣ ਦਾ ਸਲੀਕਾ ਸਿਖਾਇਆ, ਰੋਟੀ ਖਾਣੀ ਅਤੇ ਸ਼ਰਾਬ ਪੀਣੀ ਸਿਖਾਈ। ਗਾਰਗੀ ਸ਼ਰਾਬ ਦਾ ਇਕੋ ਗਲਾਸ ਲੈ ਕੇ ਬਹੁਤ ਦੇਰ ਬੈਠਾ ਰਹਿੰਦਾ ਸੀ।
ਅਮਰੀਕ ਨੇ ਗਾਰਗੀ ਵਾਲਾ ਲੇਖ ਲਿਖਿਆ ਤਾਂ ਉਸ ਨੇ ਅਗਾਂਹ ਡਾ. ਸੁਤਿੰਦਰ ਨੂਰ ਨੂੰ ਭੇਜ ਦਿੱਤਾ। ਲੇਖ ਪੜ੍ਹ ਕੇ ਡਾ. ਨੂਰ ਨੇ ਅਮਰੀਕ ਨੂੰ ਦਿੱਲੀ ਸਾਹਿਤ ਅਕੈਡਮੀ ਦੀ ਮੀਟਿੰਗ ਵਿਚ ਆ ਕੇ ਉਹ ਲੇਖ ਪੜ੍ਹਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅਮਰੀਕ ਨੂੰ ਮੁੰਬਈ ਤੋਂ ਦਿੱਲੀ ਜਹਾਜ਼ ਦਾ ਟਿਕਟ ਦਿੱਤਾ ਅਤੇ ਕੁਝ ਹੋਰ ਸੇਵਾ ਵੀ ਕੀਤੀ। ਜਦੋਂ ਸੁਰਜੀਤ ਪਾਤਰ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਅਮਰੀਕ ਨੂੰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣੇ ਆ ਕੇ ਉਹ ਲੇਖ ਪੜ੍ਹਨ ਲਈ ਸੱਦਾ ਦਿੱਤਾ। ਅਕੈਡਮੀ ਨੇ ਦਿੱਲੀ ਤੋਂ ਲੁਧਿਆਣੇ ਆਉਣ ਦਾ ਕਿਰਾਇਆ ਅਤੇ ਹੋਟਲ ਵਿਚ ਠਹਿਰਨ ਦਾ ਪ੍ਰਬੰਧ ਕੀਤਾ। ਅਮਰੀਕ ਨੂੰ ਯਾਦ ਨਹੀਂ ਕਿ ਉਸ ਨੂੰ ਕੁਝ ਪੈਸੇ ਵੀ ਦਿੱਤੇ ਗਏ ਸਨ ਕਿ ਨਹੀਂ।
ਅਮਰੀਕ ਅਨੁਸਾਰ, ਪੰਜਾਬ ਸਰਕਾਰ ਨੇ ਕੁਝ ਸਾਲ ਪਹਿਲਾਂ ਗਾਰਗੀ ਬਾਰੇ ਉਸ ਦੀ 100 ਸਾਲਾ ਸ਼ਤਾਬਦੀ ‘ਤੇ ਬਹੁਤ ਵੱਡਾ ਸਮਾਗਮ ਕਰਨਾ ਸੀ। ਕਿਸੇ ਨੇ ਸਰਕਾਰ ਦੇ ਮੁੱਖ ਸਕੱਤਰ ਨੂੰ ਕਿਹਾ ਕਿ ਗਾਰਗੀ ਬਾਰੇ ਅਮਰੀਕ ਆਪਣਾ ਲਿਖਿਆ ਲੇਖ ਬਹੁਤ ਵਧੀਆ ਢੰਗ ਨਾਲ ਪੇਸ਼ ਕਰਦਾ ਹੈ, ਉਸ ਨੂੰ ਸਮਾਗਮ ‘ਤੇ ਬੁਲਾਓ। ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੇ ਅਮਰੀਕ ਨੂੰ ਫੋਨ ਕੀਤਾ ਅਤੇ ਆਉਣ ਲਈ ਸੱਦਾ ਦਿੱਤਾ।
“ਤੁਸੀਂ ਮੈਨੂੰ ਮੁਆਵਜ਼ਾ ਕੀ ਦੇਵੋਗੇ?” ਅਮਰੀਕ ਨੇ ਪੁੱਛਿਆ।
“ਅਸੀਂ ਤੈਨੂੰ ਆਉਣ ਜਾਣ ਦੀ ਹਵਾਈ ਜਹਾਜ਼ ਦੀ ਟਿਕਟ ਦੇਵਾਂਗੇ ਅਤੇ ਚੰਡੀਗੜ੍ਹ ਹੋਟਲ ਵਿਚ ਰਹਿਣ ਦਾ ਪ੍ਰਬੰਧ ਕਰਾਂਗੇ।” ਮੁੱਖ ਸਕੱਤਰ ਦਾ ਜਵਾਬ ਸੀ।
“ਪੈਸੇ ਕਿੰਨੇ ਦੇਵੋਗੇ?” ਅਮਰੀਕ ਨੇ ਪੁੱਛਿਆ।
“ਪੈਸੇ?” ਮੁੱਖ ਸਕੱਤਰ ਨੇ ਹੈਰਾਨ ਹੋ ਕੇ ਪੁੱਛਿਆ। ਉਹ ਸ਼ਾਇਦ ਸੋਚਦੇ ਸੀ ਕਿ ਅਮਰੀਕ ਮੁਫਤ ਵਿਚ ਹੀ ਆ ਜਾਵੇਗਾ।
“ਹਾਂ, ਪੈਸੇ ਕਿੰਨੇ ਦਿਓਗੇ?” ਅਮਰੀਕ ਨੇ ਫਿਰ ਕਿਹਾ।
“ਅਸੀਂ ਤੁਹਾਨੂੰ ਪੰਦਰਾਂ ਹਜ਼ਾਰ ਰੁਪਏ ਦੇ ਦਿਆਂਗੇ।” ਸਕੱਤਰ ਨੇ ਕੁਝ ਦੇਰ ਸੋਚਣ ਤੋਂ ਬਾਅਦ ਕਿਹਾ।
“ਪੰਦਰਾਂ ਹਜ਼ਾਰ ਨਾਲ ਮੈਂ ਨਹੀਂ ਆ ਸਕਦਾ।”
“ਤੁਸੀਂ ਕਿੰਨੇ ਪੈਸੇ ਚਾਹੁੰਦੇ ਹੋ?” ਹੈਰਾਨ ਹੋਏ ਸਕੱਤਰ ਨੇ ਪੁੱਛਿਆ।
“ਘੱਟੋ-ਘੱਟ ਇਕ ਲੱਖ ਰੁਪਏ।” ਅਮਰੀਕ ਦਾ ਜਵਾਬ ਸੀ।
ਅਖੀਰ 75,000 ਰੁਪਏ ਵਿਚ ਸੌਦਾ ਹੋਇਆ।
ਅਮਰੀਕ ਨੇ ਗਾਰਗੀ ਬਾਰੇ ਲਿਖਿਆ ਇਹ ਲੇਖ ਕੈਨੇਡਾ ਵਿਚ ਵੈਨਕੂਵਰ, ਕੈਲਗਰੀ, ਐਡਮਿੰਟਨ ਅਤੇ ਕਈ ਹੋਰ ਥਾਈਂ ਵੀ ਪੜ੍ਹਿਆ ਅਤੇ ਡਾਲਰ ਕਮਾਏ।
“ਅਸੀਂ ਤਾਂ ਕੰਜਰੀਆਂ ਹਾਂ। ਹਰ ਠੁਮਕੇ ਦੇ ਪੈਸੇ ਲੈਂਦੇ ਹਾਂ। ਅੱਖਾਂ ਵੀ ਝਮਕਾਉਂਦੇ ਹਾਂ। ਮੁਫਤ ਵਿਚ ਨਾਚ ਨਹੀਂ ਕਰਦੇ।” ਅਮਰੀਕ ਨੇ ਮੈਨੂੰ ਆਪਣਾ ਟਰੇਡ-ਮਾਰਕ ਹਾਸਾ ਹੱਸ ਕੇ ਇਕ ਵਾਰੀ ਦੱਸਿਆ ਸੀ।
ਅਮਰੀਕ ਨੇ ਭਾਰਤ ਸਰਕਾਰ ਦੇ ਕਹਿਣ ‘ਤੇ ਭਗਤ ਸਿੰਘ ‘ਤੇ ਲਾਈਟ ਐਂਡ ਸਾਊਂਡ ਸ਼ੋਅ ਲਿਖਿਆ ਅਤੇ ਡਾਇਰੈਕਟ ਕੀਤਾ ਸੀ ਜੋ ਦਿੱਲੀ ਦੀ ਫਿਰੋਜ਼ ਸ਼ਾਹ ਕੋਟਲਾ ਗਰਾਊਂਡ ਵਿਚ ਹੋਇਆ। ਇਸ ਸ਼ੋਅ ‘ਤੇ ਸਰਕਾਰ ਨੇ ਢਾਈ ਕਰੋੜ ਰੁਪਏ ਖਰਚੇ ਸਨ। ਇਸ ਸ਼ੋਅ ਨੂੰ ਦੇਖਣ ਲਈ ਉਸ ਵੇਲੇ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਵੀ ਆਏ। ਬਾਅਦ ਵਿਚ ਡਾ. ਮਨਮੋਹਨ ਸਿੰਘ ਨੇ ਅਮਰੀਕ ਨੂੰ ਸੁਨੇਹਾ ਭੇਜ ਕੇ ਇਕ ਦਿਨ ਆਪਣੇ ਦਫਤਰ ਸੱਦਿਆ ਜਿੱਥੇ ਉਹ ਅਮਰੀਕ ਨਾਲ ਲਗਭਗ ਇਕ ਘੰਟਾ ਗੱਲਾਂ ਕਰਦੇ ਰਹੇ।
ਅਮਰੀਕ ਨੇ 2011 ਵਿਚ ਕੂਕਾ ਲਹਿਰ ਬਾਰੇ ਵੀ ਦਿੱਲੀ ਦੀ ਫਿਰੋਜ਼ ਸ਼ਾਹ ਕੋਟਲਾ ਗਰਾਊਂਡ ਵਿਚ ਲਾਈਟ ਐਂਡ ਸਾਊਂਡ ਸ਼ੋਅ ਕੀਤਾ ਸੀ ਜੋ ਉਸ ਨੇ ਹੀ ਲਿਖਿਆ ਅਤੇ ਡਾਇਰੈਕਟ ਕੀਤਾ ਸੀ। ਇਸ ਸ਼ੋਅ ਦੀ ਤਿਆਰੀ ਲਈ ਅਮਰੀਕ ਨੇ ਭੈਣੀ ਸਾਹਿਬ ਇਕ ਮਹੀਨਾ ਰਹਿ ਕੇ ਤਿਆਰੀ ਕੀਤੀ ਸੀ। ਫਿਰ ਮੁੰਬਈ ਅਤੇ ਦਿੱਲੀ ਰਹਿ ਕੇ ਤਿਆਰੀ ਕੀਤੀ ਸੀ। ਇਸ ਸ਼ੋਅ ਲਈ ਵੀ ਭਾਰਤ ਸਰਕਾਰ ਨੇ ਹੀ ਸਾਰਾ ਖਰਚ ਕੀਤਾ ਸੀ।

ਅਮਰੀਕ ਪੰਜਾਬੀ ਦੇ ਅਨੇਕਾਂ ਲੇਖਕਾਂ ਦਾ ਜਾਣਕਾਰ ਹੈ। ਕੁਝ ਇਕ ਨਾਲ ਉਸ ਦੀ ਗੂੜ੍ਹੀ ਦੋਸਤੀ ਵੀ ਰਹੀ ਹੈ। ਡਾ. ਸੁਤਿੰਦਰ ਸਿੰਘ ਨੂਰ ਅਮਰੀਕ ਦਾ ਦੋਸਤ ਬਣ ਗਿਆ ਸੀ। ਜਦੋਂ ਡਾ. ਨੂਰ ਸਾਹਿਤ ਅਕੈਡਮੀ ਦਾ ਕਨਵੀਨਰ ਸੀ ਤਾਂ ਉਸ ਨੇ ਅਮਰੀਕ ਨੂੰ ਕਈ ਸਾਲ ਸਾਹਿਤ ਅਕੈਡਮੀ ਦੀ ਕਮੇਟੀ ਦਾ ਮੈਂਬਰ ਰੱਖਿਆ। ਅਮਰੀਕ ਕਹਿੰਦਾ ਹੈ ਕਿ ਉਹ ਡਾ. ਨੂਰ ਦਾ ਚੇਲਾ ਹੈ। ਉਹ ਡਾ. ਨੂਰ ਨੂੰ ਬਹੁਤ ਵੱਡਾ ਸਿਆਸਤਦਾਨ ਕਹਿੰਦਾ ਹੈ। ਅਮਰੀਕ ਇਕ ਵਾਰੀ ਦਿੱਲੀ ਕਿਸੇ ਫਿਲਮ ਦੀ ਸ਼ੂਟਿੰਗ ਲਈ ਆਇਆ ਹੋਇਆ ਸੀ। ਫਿਲਮ ਦੀ ਹੀਰੋਇਨ ਕਰੀਨਾ ਕਪੂਰ ਅਤੇ ਹੀਰੋ ਰਿਤਿਕ ਰੌਸ਼ਨ ਵੀ ਸਨ, ਸਾਰੇ ਹੋਟਲ ਵਿਚ ਠਹਿਰੇ ਹੋਏ ਸਨ। ਡਾ. ਨੂਰ ਅਮਰੀਕ ਨੂੰ ਹੋਟਲ ਵਿਚ ਮਿਲਣ ਆਇਆ ਤਾਂ ਉਸ ਦੇ ਨਾਲ ਪਾਕਿਸਤਾਨੀ ਲੇਖਕ ਫਖਰ ਜ਼ਮਾਨ ਵੀ ਸੀ। ਜਦ ਫਖਰ ਜ਼ਮਾਨ ਨੂੰ ਪਤਾ ਲੱਗਾ ਕਿ ਕਰੀਨਾ ਕਪੂਰ ਅਤੇ ਰਿਤਿਕ ਰੌਸ਼ਨ ਵੀ ਉਸੇ ਹੋਟਲ ਵਿਚ ਸਨ ਤਾਂ ਉਹ ਉਨ੍ਹਾਂ ਨਾਲ ਮਿਲਾਉਣ ਲਈ ਅਮਰੀਕ ਦੇ ਮਗਰ ਪੈ ਗਿਆ। ਅਮਰੀਕ ਫਖਰ ਜ਼ਮਾਨ ਨੂੰ ਨਾਲ ਲੈ ਕੇ ਕਰੀਨਾ ਕਪੂਰ ਅਤੇ ਰਿਤਿਕ ਰੌਸ਼ਨ ਦੇ ਕਮਰਿਆਂ ਵਿਚ ਗਿਆ ਜਿੱਥੇ ਫਖਰ ਜ਼ਮਾਨ ਨੇ ਉਨ੍ਹਾਂ ਨਾਲ ਫੋਟੋ ਖਿਚਾਈਆਂ। ਫੋਟੋ ਖਿਚਾ ਕੇ ਫਖਰ ਜ਼ਮਾਨ ਬੇਹੱਦ ਖੁਸ਼ ਸੀ।
ਕੁਝ ਸਾਲ ਪਹਿਲਾਂ ਅਮਰੀਕ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਸ ਵੇਲੇ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਫੋਨ ਕੀਤਾ ਅਤੇ ਇਕ ਸਾਲ ਲਈ ਵਿਜ਼ਟਿੰਗ ਪ੍ਰੋਫੈਸਰ ਦੀ ਨੌਕਰੀ ਦੀ ਪੇਸ਼ਕਸ਼ ਕੀਤੀ। ਅਮਰੀਕ ਨੂੰ ਯਕੀਨ ਨਾ ਆਇਆ। ਉਸ ਨੇ ਸੋਚਿਆ ਕਿ ਸ਼ਾਇਦ ਕੋਈ ਉਸ ਨਾਲ ਮਜ਼ਾਕ ਕਰ ਰਿਹਾ ਹੈ। ਅਮਰੀਕ ਨੇ ਡਾ. ਨੂਰ ਨੂੰ ਇਸ ਬਾਰੇ ਫੋਨ ਕੀਤਾ। ਡਾ. ਨੂਰ ਨੇ ਕਿਹਾ ਕਿ ਇਹ ਸੱਚ ਹੈ ਕਿਉਂਕਿ ਜਦੋਂ ਡਾ. ਜਸਪਾਲ ਸਿੰਘ ਨੇ ਅਮਰੀਕ ਨੂੰ ਫੋਨ ਕੀਤਾ ਸੀ ਤਾਂ ਡਾ. ਨੂਰ ਉਸ ਦੇ ਕੋਲ ਹੀ ਬੈਠਾ ਸੀ। ਅਮਰੀਕ ਦੱਸਦਾ ਹੈ ਕਿ ਜਦੋਂ ਉਹ ਪਹਿਲੇ ਦਿਨ ਕਲਾਸ ਵਿਚ ਪੜ੍ਹਾਉਣ ਗਿਆ ਤਾਂ ਉਸ ਦੀਆਂ ਲੱਤਾਂ ਕੰਬ ਰਹੀਆਂ ਸਨ ਕਿਉਂਕਿ ਉਸ ਨੇ ਤਾਂ ਕਦੇ ਪੜ੍ਹਾਇਆ ਨਹੀਂ ਸੀ। ਜਦੋਂ ਉਸ ਨੇ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਉਹ ਫਿਲਮ ਇੰਡਸਟਰੀ ਬਾਰੇ ਗੱਲਾਂ ਕਰਨ ਵਿਚ ਇੰਨਾ ਮਗਨ ਹੋ ਗਿਆ ਕਿ ਉਸ ਨੂੰ ਸਮੇਂ ਦਾ ਪਤਾ ਹੀ ਨਾ ਲੱਗਾ। ਕਾਫੀ ਦੇਰ ਬਾਅਦ ਉਸ ਨੇ ਵਿਦਿਆਰਥੀਆਂ ਤੋਂ ਪੁੱਛਿਆ ਕਿ ਪੀਰੀਅਡ ਕਦੋਂ ਖਤਮ ਹੋਣਾ ਹੈ ਤਾਂ ਉਨ੍ਹਾਂ ਨੇ ਦੱਸਿਆ ਕਿ ਪੀਰੀਅਡ ਤਾਂ ਕਦੋਂ ਦਾ ਖਤਮ ਹੋ ਗਿਆ ਹੈ। ਮੈਨੂੰ ਉਮੀਦ ਹੈ ਕਿ ਉਨ੍ਹਾਂ ਵਿਦਿਆਰਥੀਆਂ ਲਈ ਉਹਦੇ ਨਾਲ ਬਿਤਾਇਆ ਉਹ ਸਾਲ ਹਮੇਸ਼ਾ ਯਾਦ ਰਹੇਗਾ।
ਇਕ ਦਿਨ ਗੱਲਾਂ ਗੱਲਾਂ ਵਿਚ ਦਿੱਲੀ ਵਸਦੀ ਪੰਜਾਬੀ ਦੀ ਇਕ ਵੱਡੀ ਕਹਾਣੀਕਾਰ ਲੇਖਕਾ ਦੀ ਗੱਲ ਚੱਲ ਪਈ। ਅਮਰੀਕ ਕਹਿੰਦਾ, “ਜਦੋਂ ਫਿਲਮ ‘ਹਮ ਦਿਲ ਦੇ ਚੁਕੇ ਸਨਮ’ (ਜਿਸ ਦੇ ਡਾਇਲਾਗ ਅਮਰੀਕ ਨੇ ਲਿਖੇ ਸੀ) ਬਹੁਤ ਸਫਲ ਹੋਈ ਤਾਂ ਉਸ ਤੋਂ ਕੁਝ ਚਿਰ ਬਾਅਦ ਉਹ ਮੈਨੂੰ ਕਿਸੇ ਪਾਰਟੀ ਵਿਚ ਮਿਲੀ। ਉਸ ਨੇ ਫਿਲਮ ਦੀ ਤਾਰੀਫ ਕੀਤੀ। ਫਿਰ ਕਹਿੰਦੀ, ਆਪਣਾ ਹੱਥ ਅੱਗੇ ਕਰ। ਮੈਂ ਆਪਣਾ ਹੱਥ ਅੱਗੇ ਕਰ ਦਿੱਤਾ। ਉਸ ਨੇ ਮੇਰਾ ਹੱਥ ਫੜ ਕੇ ਚੁੰਮ ਲਿਆ ਅਤੇ ਮੇਰੇ ਹੱਥ ‘ਤੇ ਉਸ ਦੇ ਬੁੱਲ੍ਹਾਂ ਦੀ ਸੁਰਖੀ ਲੱਗ ਗਈ। ਉਹ ਕਹਿੰਦੀ, ‘ਮੈਂ ਤੇਰੇ ਹੱਥ ‘ਤੇ ਆਪਣਾ ਨਾਂ ਲਿਖ ਦਿੱਤਾ, ਇਸ ਨੂੰ ਮਟੇਵੀਂ ਨਾ। ਸਾਂਭ ਕੇ ਰੱਖੀਂ’। ਫਿਰ ਕਹਿੰਦੀ, ‘ਤੂੰ ਮੇਰੀ ਕਿਸੇ ਕਹਾਣੀ ‘ਤੇ ਫਿਲਮ ਨਹੀਂ ਬਣਾਈ। ਹੁਣ ਤੂੰ ਵੱਡਾ ਬੰਦਾ ਬਣ ਗਿਆਂ। ਮੈਂ ਤਾਂ ਤੈਨੂੰ ਉਦੋਂ ਤੋਂ ਜਾਣਦੀ ਹਾਂ ਜਦੋਂ ਤੂੰ ਗਾਰਗੀ ਦੇ ਭਾਂਡੇ ਮਾਂਜਦਾ ਹੁੰਦਾ ਸੀ’ …।” ਇਹ ਕਹਾਣੀ ਅਮਰੀਕ ਉਸ ਲੇਖਕਾ ਦੀ ਸਾਂਗ ਲਾ ਕੇ ਦੱਸਦਾ ਹੈ। ਫਿਰ ਉਹ ਦੱਸਣ ਲੱਗਾ ਕਿ ਇਕ ਵਾਰੀ ਇਹ ਲੇਖਕਾ ਗਾਰਗੀ ਨੂੰ ਮਿਲਣ ਆਈ ਸੀ। ਇਹ ਗਾਰਗੀ ਦੀ ਵਧੀਆ ਦੋਸਤ ਸੀ। ਅਮਰੀਕ ਨੇ ਚਾਹ ਬਣਾ ਕੇ ਲਿਆਂਦੀ। ਇਸ ਲੇਖਕਾ ਨੇ ਗਾਰਗੀ ਨੂੰ ਕੁਝ ਇੰਜ ਕਿਹਾ ਜਿਵੇਂ ਮੈਂ ਗਾਰਗੀ ਦਾ ਨੌਕਰ ਹੋਵਾਂ। ਗਾਰਗੀ ਕਹਿੰਦਾ, “ਇਹ ਮੇਰਾ ਸਕੱਤਰ ਹੈ, ਨੌਕਰ ਨਹੀਂ। ਇਹ ਮੇਰੀਆਂ ਲਿਖਤਾਂ ਪੰਜਾਬੀ ਵਿਚ ਲਿਖਦਾ।” ਇਸ ਲੇਖਕਾ ਬਾਰੇ ਅਮਰੀਕ ਕਹਿੰਦਾ ਹੈ, “ਇਹ ਔਰਤ ਬਹੁਤ ਜ਼ਬਰਦਸਤ ਹੈ। ਇਹ ਤਾਂ ਅਸਮਾਨ ਤੋਂ ਤਾਰੇ ਤੋੜ ਲਿਆਵੇ। ਜੇ ਤੁਹਾਨੂੰ ਮਿਲੇਗੀ ਤਾਂ ਇਹ ਦੇਖੇਗੀ ਕਿ ਤੁਸੀਂ ਕਿਹੜੇ ਕਿਹੜੇ ਅਮੀਰ ਲੋਕਾਂ ਅਤੇ ਅਫਸਰਾਂ ਨੂੰ ਮਿਲਦੇ ਹੋ। ਇਕ ਵਾਰੀ ਇਸ ਲੇਖਕਾ ਨੇ ਗਾਰਗੀ ਨੂੰ ਆਪਣੇ ਦੋਸਤ ਮੰਤਰੀ ਤੋਂ ਇਸ ਦਾ ਕੋਈ ਕੰਮ ਕਰਾਉਣ ਲਈ ਕਿਹਾ। ਗਾਰਗੀ ਕਹਿੰਦਾ, ਮੈਂ ਦੋਸਤੀਆਂ ਖਰਚਦਾ ਨਹੀਂ। ਮੈਂ ਦੋਸਤੀ ਨੂੰ ਖਰਚ ਕੇ ਖਤਮ ਨਹੀਂ ਕਰਨਾ ਚਾਹੁੰਦਾ।”
ਪੰਜਾਬੀ ਗਾਇਕਾਂ ਵਿਚੋਂ ਅਮਰੀਕ ਬੱਬੂ ਮਾਨ ਦੀ ਬਹੁਤ ਤਾਰੀਫ ਕਰਦਾ ਹੈ। ਇਕ ਦਿਨ ਕਹਿਣ ਲੱਗਾ, “ਬੱਬੂ ਮਾਨ ਨੂੰ ਮਿਊਜ਼ਿਕ ਦੀ ਬਹੁਤ ਜਾਣਕਾਰੀ ਹੈ। ਉਹ ਹਿਸਟਰੀ ਦੀ ਐਮ.ਏ. ਹੈ। ਮਿਊਜ਼ਿਕ ਦੀ ਵੀ ਐਮ.ਏ. ਹੈ। ਸਾਲਾ ਉਰਦੂ ਦੀ ਐਮ.ਏ. ਵੀ ਕਰ ਗਿਆ। … ਉਸ ਨਾਲ ਮੈਂ ਪੰਜਾਹ ਵਾਰੀ ਲੜਿਆਂ। ਉਹ ਮੇਰੇ ਕੋਲ ਰੋਂਦਾ ਵੀ ਹੈ। ਮੈਂ ਉਸ ਨੂੰ ਕਿਹਾ ਸੀ ਕਿ ਕਿਤਾਬਾਂ ਪੜ੍ਹਿਆ ਕਰ। ਮੈਂ ਉਸ ਨੂੰ ਕਿਹਾ, ਮੰਟੋ ਨੂੰ ਪੜ੍ਹਿਆ ਕਰ। ਮੈਂ ਮੰਟੋ ਨੂੰ ਪੜ੍ਹ ਕੇ ਫਿਲਮੀ ਲੇਖਕ ਬਣਿਆਂ। ਉਹ ਗਾਣੇ ਸੋਹਣੇ ਲਿਖਦਾ। ਸਾਹਿਤ ਬਹੁਤ ਪੜ੍ਹਦਾ। ਉਸ ਵਿਚ ਆਕੜ ਬਹੁਤ ਹੈ। ਵੈਸੇ ਬਹੁਤ ਪਿਆਰਾ ਦੋਸਤ ਹੈ।”
ਜਦੋਂ ਅਮਰੀਕ ਨੂੰ ਮਈ-ਦਸੰਬਰ 2020 ਦਾ ‘ਰਾਗ’ ਮੈਗਜ਼ੀਨ ਦਾ ਅੰਕ ਮਿਲਿਆ ਤਾਂ ਦੂਜੇ ਦਿਨ ਉਸ ਦਾ ਫੋਨ ਆਇਆ। ਉਸ ਨੇ ਮੇਰੀ ਕਹਾਣੀ ‘ਤੁਰ੍ਹਲੇ ਵਾਲੀ ਪੱਗ’ ਪੜ੍ਹੀ ਸੀ ਜੋ ਪਹਿਲਾਂ ‘ਵਾਹਗਾ’ ਮੈਗਜ਼ੀਨ ਵਿਚ ਵੀ ਛਪ ਚੁੱਕੀ ਸੀ। ਉਹ ਇਸ ਕਹਾਣੀ ਦੀਆਂ ਤਾਰੀਫ ਕਰਨੋਂ ਨਾ ਹਟੇ। ਡਾ. ਹਰਚੰਦ ਸਿੰਘ ਬੇਦੀ ਦੀ ਲਿਖੀ ਸਮੀਖਿਆ ਦੀ ਵੀ ਕਾਫੀ ਤਾਰੀਫ ਕੀਤੀ। ਕਾਫੀ ਦੇਰ ਕਹਾਣੀ ਦੀਆਂ ਤਾਰੀਫਾਂ ਕਰਨ ਤੋਂ ਬਾਅਦ ਕਹਿੰਦਾ, “ਇਸ ਕਹਾਣੀ ‘ਤੇ ਬਹੁਤ ਵਧੀਆ ਫਿਲਮ ਬਣ ਸਕਦੀ ਐ। ਮੈਂ ਦੇਖਦਾਂ ਜੇ ਕੋਈ ਪ੍ਰੋਡਿਊਸਰ ਮਿਲ ਗਿਆ ਤਾਂ। ਇਸ ‘ਤੇ 10 ਕਰੋੜ ਦਾ ਖਰਚ ਆਉਣਾ ਪਰ ਇਹ ਫਿਲਮ 100 ਕਰੋੜ ਦੀ ਆਮਦਨ ਦੇ ਸਕਦੀ ਐ।” ਅਮਰੀਕ ਨੇ ਕੁਝ ਦੇਰ ਆਪਣੇ ਵਿਚਾਰ ਵੀ ਪਰਗਟ ਕੀਤੇ ਕਿ ਕਿਵੇਂ ਇਸ ਕਹਾਣੀ ‘ਤੇ ਖੂਬਸੂਰਤ ਫਿਲਮ ਬਣ ਸਕਦੀ ਹੈ। “ਰੇਸ਼ਮਾ ਦੇ ਪਿਆਰ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਜਾ ਸਕਦਾ। ਅਖੀਰ ‘ਤੇ ਬਾਪੂ ਦੇ ਸਿਰ ‘ਤੇ ਪੱਗ ਰੱਖਣ ਦੇ ਸੀਨ ਨੂੰ ਬਹੁਤ ਹੀ ਭਾਵੁਕ ਬਣਾਇਆ ਜਾ ਸਕਦਾ।” ਉਸ ਨੇ ਪੂਰੇ ਵਿਸਥਾਰ ਨਾਲ ਦੱਸਿਆ ਕਿ ਇਹ ਸੀਨ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ। ਕਹਾਣੀ ਦੀਆਂ ਗੱਲਾਂ ਕਰਦਿਆਂ ਗੱਲ ਮਸ਼ਹੂਰ ਫਿਲਮੀ ਫੋਟੋਗਰਾਫਰ ਅਤੇ ਡਾਇਰੈਕਟਰ ਮਨਮੋਹਨ ਸਿੰਘ ‘ਤੇ ਆ ਗਈ। ਅਮਰੀਕ ਨੇ ਉਸ ਦੀ ਬਹੁਤ ਤਾਰੀਫ ਕੀਤੀ। “ਮਨਮੋਹਨ ਸਿੰਘ ਵਰਗਾ ਫਿਲਮ ਇੰਡਸਟਰੀ ਵਿਚ ਕੋਈ ਵੀ ਫੋਟੋਗਰਾਫਰ ਨਹੀਂ। ਅਸਲ ਵਿਚ ਉਹ ਸਿਨਮੈਟੋਗਰਾਫਰ ਹੈ। ਬਹੁਤ ਹੀ ਵਧੀਆ ਫੋਟੋਗਰਾਫਰ ਅਤੇ ਡਾਇਰੈਕਟਰ ਹੈ। ਮੈਂ ਜਦੋਂ ਬੰਬਈ ਗਿਆ ਤਾਂ ਉਹ ਹੀ ਮੈਨੂੰ ਰੇਲਵੇ ਸਟੇਸ਼ਨ ਤੋਂ ਲੈਣ ਆਇਆ ਸੀ। ਉਸ ਨੇ ਮੈਨੂੰ ਆਪਣੇ ਵੱਡੇ ਸਾਰੇ ਘਰ ਵਿਚ ਕਈ ਮਹੀਨੇ ਰੱਖਿਆ ਸੀ। ਉਦੋਂ ਉਹ ‘ਕੱਲਾ ਹੀ ਸੀ। … ਮੈਂ ਉਸ ਦਾ ਨਮਕ ਖਾਧਾ। ਮੈਂ ਉਸ ਦੇ ਖਿਲਾਫ ਕਦੇ ਕੋਈ ਗੱਲ ਨਹੀਂ ਕਰਦਾ। … ਅਸੀਂ ਉਸ ਨੂੰ ਮਨ ਜੀ ਕਹਿੰਦੇ ਆਂ। ਮਨ ਜੀ ਬਹੁਤ ਸ਼ਰੀਫ ਆਦਮੀ ਐ। ਉਸ ਦਾ ਸਰਸੇ ਬਹੁਤ ਵੱਡਾ ਫਾਰਮ ਹੈ। ਅੱਜ ਕੱਲ੍ਹ ਉਹ ਬਹੁਤਾ ਉੱਥੇ ਹੀ ਰਹਿੰਦਾ।”
ਗੱਲਾਂ ਕਰਦਿਆਂ ਕਰਦਿਆਂ ਉਸ ਨੇ ਪੰਜਾਬੀ ਦੇ ਮਰਹੂਮ ਲਿਖਾਰੀ ਸੁਖਬੀਰ ਦੀ ਗੱਲ ਛੇੜ ਲਈ ਅਤੇ ਕਹਿਣ ਲੱਗਾ, “ਸੁਖਬੀਰ ਨੂੰ ਪੜ੍ਹਨਾ ਬਹੁਤ ਔਖਾ ਹੈ। ਉਸ ਦਾ ਨਾਵਲ ਪੜ੍ਹਨ ਤੋਂ ਪਹਿਲਾਂ ਸਿਰ ਦਰਦ ਦੀ ਗੋਲੀ ਖਾਣੀ ਪੈਂਦੀ ਹੈ।” ਅਸੀਂ ਦੋਵੇਂ ਹੱਸ ਪਏ।
ਗੱਲਾਂ ਕਰਦਿਆਂ ਕਰਦਿਆਂ ਉਹ ਕਹਿਣ ਲੱਗਾ, “ਮੈਂ ਬਹੁਤ ਸਾਧਾਰਨ ਆਦਮੀ ਆਂ। ਅੰਦਰੋਂ ਬਾਹਰੋਂ ਇੱਕੋ। ਕੋਈ ਚਲਾਕੀ ਨਹੀਂ ਕਰਦਾ। ਕੋਈ ਹੇਰਾ-ਫੇਰੀ ਨਹੀਂ ਕਰਦਾ ਪਰ ਜੇ ਕੋਈ ਮੇਰੇ ਨਾਲ ਚਲਾਕੀ ਕਰੇ ਤਾਂ ਮੈਂ ਉਸ ਨਾਲ ਭੈੜਾ ਵੀ ਬਣ ਜਾਂਦਾਂ। … ਕਈ ਵਾਰੀ ਵੱਡੀਆਂ ਵੱਡੀਆਂ ਮੀਟਿੰਗਾਂ ਜਿੱਥੇ ਅਮਿਤਾਭ ਬਚਨ ਵਰਗੇ ਲੋਕ ਹੁੰਦੇ ਹਨ, ਵਿਚ ਮੈਂ ਬੇਧਿਆਨਾ ਚਪਲਾਂ ਪਾ ਕੇ ਹੀ ਚਲੇ ਜਾਂਦਾਂ। ਕਈ ਵਾਰੀ ਮੇਰੀ ਇਕ ਜੁਰਾਬ ਪੈਂਟ ਦੇ ਅੰਦਰ ਹੁੰਦੀ ਹੈ ਅਤੇ ਇਕ ਬਾਹਰ। ਮੈਨੂੰ ਪਤਾ ਹੀ ਨਹੀਂ ਲਗਦਾ। ਕਈ ਵਾਰੀ ਮੇਰੀ ਧੀ ਮੇਰੀਆਂ ਜੁਰਾਬਾਂ ਠੀਕ ਕਰਦੀ ਹੈ …।”
ਪੰਜਾਬੀ ਦੇ ਇਕ ਐਕਟਰ ਬਾਰੇ ਗੱਲ ਕਰਦਿਆਂ ਅਮਰੀਕ ਕਹਿਣ ਲੱਗਾ, “ਉਹ ਹਰਾਮੀ ਬਹੁਤ ਚਲਾਕ ਹੈ। ਮਿਲਦਾ ਬਹੁਤ ਪਿਆਰ ਨਾਲ ਐ ਪਰ ਹੈ ਬਹੁਤ ਚੁਸਤ। ਹਰਾਮੀ ਐ ਪੂਰਾ। ਗੱਲਾਂ ਬਹੁਤ ਕਰਦਾ …।”
ਅਮਰੀਕ ਜਦੋਂ ਵੀ ਕਿਸੇ ਨੂੰ ਫੋਨ ਕਰਦਾ ਹੈ ਤਾਂ ਬਹੁਤਾ ਸਮਾਂ ਉਹ ਆਪ ਹੀ ਬੋਲਦਾ ਹੈ ਅਤੇ ਦੂਜੇ ਪਾਸੇ ਵਾਲੇ ਨੂੰ ਬਹੁਤ ਘੱਟ ਬੋਲਣ ਦਿੰਦਾ। ਗੱਲਾਂ ਵਿਚੋਂ ਗੱਲਾਂ ਕੱਢਣ ਦੀ ਕਲਾ ਵਿਚ ਉਹ ਮਾਹਿਰ ਹੈ। ਉਸ ਕੋਲ ਜ਼ਿੰਦਗੀ ਦੀਆਂ ਬੇਸ਼ੁਮਾਰ ਕਹਾਣੀਆਂ ਹਨ। ਉਹ ਫਿਲਮਾਂ ਅਤੇ ਫਿਲਮੀ ਹਸਤੀਆਂ ਬਾਰੇ ਘੰਟਿਆਂ ਬੱਧੀ ਗੱਲਾਂ ਕਰਦਾ ਰਹੇਗਾ। ਉਸ ਦੀ ਯਾਦਦਾਸ਼ਤ ਕਮਾਲ ਦੀ ਹੈ। ਇਕ ਵਾਰੀ ਅਮਰੀਕ ਦਾ ਫੋਨ ਆਇਆ ਤਾਂ ਅਸੀਂ ਕੋਈ ਡੇਢ ਘੰਟਾ ਗੱਲਾਂ ਕੀਤੀਆਂ ਪਰ ਉਸ ਨੇ ਮੈਨੂੰ ਮਸਾਂ 10 ਕੁ ਮਿੰਟ ਹੀ ਬੋਲਣ ਦਿੱਤਾ। ਅਖੀਰ ‘ਤੇ ਉਹ ਕਹਿੰਦਾ, “ਅੱਜ ਮੈਂ ਆਪਣੀਆਂ ਪਰਸਨਲ ਗੱਲਾਂ ਕਰ ਕੇ ਜ਼ਿਆਦਾ ਹੀ ਖਲਾਰਾ ਪਾ ਲਿਆ। ਸਾਨੂੰ ਫਿਲਮ ਲੇਖਕਾਂ ਨੂੰ ਬੋਲਣ ਦੀ ਬਹੁਤ ਆਦਤ ਹੈ।” ਫਿਰ ਉਹ ਉੱਚੀ ਉੱਚੀ ਹੱਸ ਪਿਆ ਜਿਵੇਂ ਉਹ ਆਮ ਹੱਸਦਾ ਹੀ ਹੈ। ਹਰ ਵਾਰੀ ਜਦੋਂ ਉਹ ਫੋਨ ਕਰਦਾ ਹੈ ਤਾਂ ਇਕ ਘੰਟੇ ਤੋਂ ਲੈ ਕੇ ਤਿੰਨ ਘੰਟੇ ਤੱਕ ਗੱਲ ਹੁੰਦੀ ਹੈ। ਅਮਰੀਕ ਕੋਲ ਕਹਾਣੀਆਂ ਸੁਣਾਉਣ ਅਤੇ ਗੱਲਾਂ ਕਰਨ ਦੀ ਕੋਈ ਘਾਟ ਨਹੀਂ ਹੁੰਦੀ। ਉਹ ਆਪਣੀ ਜ਼ਿੰਦਗੀ ਅਤੇ ਫਿਲਮ ਜਗਤ ਦੀਆਂ ਕਹਾਣੀਆਂ ਘੰਟਿਆਂ ਬੱਧੀ ਸੁਣਾਈ ਜਾਵੇਗਾ ਜਿਹੜੀਆਂ ਬਹੁਤ ਦਿਲਚਸਪ ਹੁੰਦੀਆਂ ਹਨ। ਅਮਰੀਕ ਦੀਆਂ ਗੱਲਾਂ ਸੁਣਨ ਵਿਚ ਮਜ਼ਾ ਵੀ ਹੈ ਅਤੇ ਉਨ੍ਹਾਂ ਤੋਂ ਮੈਂ ਸਿੱਖਦਾ ਵੀ ਬਹੁਤ ਹਾਂ।

ਜਿਵੇਂ ਮੈਂ ਪਹਿਲਾਂ ਦੱਸਿਆ, ਅਮਰੀਕ ਨੇ ਪੰਜਾਬ ਯੂਨੀਵਰਸਿਟੀ ਤੋਂ ਪੰਜਾਬੀ ਦੀ ਐਮ.ਏ. ਕੀਤੀ ਸੀ। ਇਕ ਵਾਰੀ ਮੈਂ ਉਸ ਨੂੰ ਪੁੱਛਿਆ, “ਪੰਜਾਬੀ ਦੇ ਉਸ ਵੇਲੇ ਕਿਹੜੇ ਪ੍ਰੋਫੈਸਰ ਤੈਨੂੰ ਵਧੀਆ ਲੱਗੇ।” ਉਸ ਦਾ ਜਵਾਬ ਸੀ, “ਡਾ. ਕੇਸਰ ਬਹੁਤ ਹੀ ਵਧੀਆ ਟੀਚਰ ਸੀ। ਬਹੁਤ ਵਧੀਆ ਪੜ੍ਹਾਉਂਦਾ ਸੀ। … ਡਾ. ਦੀਪਕ ਮਨਮੋਹਨ ਸਿੰਘ …”, ਉਹ ਕੁਝ ਕਹਿੰਦਾ ਕਹਿੰਦਾ ਰੁਕ ਗਿਆ। ਕੁਝ ਸਕਿੰਟਾਂ ਬਾਅਦ ਬੋਲਿਆ, “ਡਾ. ਦੀਪਕ ਮਨਮੋਹਨ ਸਿੰਘ ਵੀ ਬਹੁਤ ਵਧੀਆ ਅਧਿਆਪਕ ਸੀ। ਉਹ ਕਵਿਤਾ ਦਾ ਮਜ਼ਮੂਨ ਪੜ੍ਹਾਉਂਦਾ ਸੀ। ਵਿਦਿਆਰਥੀ ਉਸ ਨੂੰ ਬਹੁਤ ਪਸੰਦ ਕਰਦੇ ਸੀ। ਉਹ ਵਿਦਿਆਰਥੀਆਂ ਦਾ ਦੋਸਤ ਸੀ। ਵਿਦਿਆਰਥੀਆਂ ਦੀ ਬਹੁਤ ਮਦਦ ਕਰਦਾ ਸੀ। ਉਸ ਦੇ ਘਰ ਕੁੜੀਆਂ ਮੁੰਡਿਆਂ ਦੀ ਰੌਣਕ ਲੱਗੀ ਰਹਿੰਦੀ ਸੀ। ਕੋਈ ਕੁੜੀ ਚਾਹ ਬਣਾ ਰਹੀ ਹੁੰਦੀ। ਕੋਈ ਦਾਲ ਬਣਾ ਰਹੀ ਹੁੰਦੀ। ਕੋਈ ਸਬਜ਼ੀ ਬਣਾ ਰਹੀ ਹੁੰਦੀ। ਕੋਈ ਮੁਰਗੇ ਨੂੰ ਤੁੜਕਾ ਲਾ ਰਹੀ ਹੁੰਦੀ। … ਮੈਂ ਉਦੋਂ ਬਹੁਤ ਗਰੀਬ ਸੀ। ਡਾ. ਦੀਪਕ ਮਨਮੋਹਨ ਸਿੰਘ ਨੇ ਮੈਨੂੰ ਕਈ ਵਾਰੀ ਕੱਪੜੇ ਵੀ ਮੁੱਲ ਲੈ ਕੇ ਦਿੱਤੇ ਸੀ। ਇਕ ਵਾਰੀ ਮੈਂ ਉਸ ਤੋਂ ਪਿੰਡ ਮਾਂ ਨੂੰ ਮਿਲਣ ਜਾਣ ਲਈ ਕਿਰਾਏ ਦੇ ਪੈਸੇ ਵੀ ਲੈ ਕੇ ਗਿਆ ਸੀ। ਦੋਹਾਂ ਪਾਸਿਆਂ ਦੇ ਕਿਰਾਏ ਦੇ …।” ਅਮਰੀਕ ਦੇ ਦਿਲ ਵਿਚ ਡਾ. ਦੀਪਕ ਮਨਮੋਹਨ ਸਿੰਘ ਲਈ ਬੇਹੱਦ ਸਤਿਕਾਰ ਹੈ।
ਕੁਝ ਸਾਲ ਪਹਿਲਾਂ ਪੰਜਾਬ ਯੂਨੀਵਰਸਿਟੀ ਨੇ 100 ਸਾਲਾ ਉਤਸਵ ਮਨਾਇਆ ਤਾਂ ਉਨ੍ਹਾਂ ਨੇ ਉਸ ਸਮੇਂ ਯੂਨੀਵਰਸਿਟੀ ਦੇ ਪੁਰਾਣੇ 100 ਵਿਦਿਆਰਥੀਆਂ ਦਾ ਸਨਮਾਨ ਕੀਤਾ। ਅਮਰੀਕ ਹੱਸ ਕੇ ਕਹਿੰਦਾ, “ਉਸ ਮੌਕੇ ਸਨਮਾਨ ਲੈਣ ਲਈ ਮੇਰਾ ਵੀ ਦਾਅ ਲੱਗ ਗਿਆ ਸੀ।”
ਇਕ ਦਿਨ ਅਮਰੀਕ ਮੈਨੂੰ ਕਹਿਣ ਲੱਗਾ, “ਜੋ ਮੈਂ ਕਹਿੰਦਾਂ, ਉਹ ਸਾਰਾ ਕੁਝ ਨਾ ਲਿਖੀਂ। ਮੈਂ ਤੇਰੇ ਨਾਲ ਗੱਲਾਂ ਕਰਦਾ ਕਈਆਂ ਨੂੰ ਗਾਲਾਂ ਵੀ ਕੱਢਦਾਂ। ਤੂੰ ਇਹ ਸਾਰੀਆਂ ਗੱਲਾਂ ਲਿਖ ਕੇ ਭਸੂੜੀ ਨਾ ਪਾ ਦੇਵੀਂ। ਮੈਨੂੰ ਮਰਵਾ ਨਾ ਦੇਵੀਂ।” ਤੇ ਅਸੀਂ ਦੋਵੇਂ ਹੱਸ ਪਏ।
ਮੈਨੂੰ ਅਮਰੀਕ ਦੀ ਦੋਸਤੀ ‘ਤੇ ਮਾਣ ਹੈ। ਮੈਂ ਆਪਣੇ ਇਸ ਦੋਸਤ ਲਈ ਇਹੋ ਅਰਦਾਸ ਕਰਦਾ ਹਾਂ ਕਿ ਇਸ ਨੂੰ ਹੋਰ ਵੀ ਸਫਲਤਾ ਮਿਲੇ।
(ਸਮਾਪਤ)