ਜੰਮੂ ਕਸ਼ਮੀਰ ਦੇ ਰਾਮਬਨ ਇਲਾਕੇ ਦੇ ਪਿੰਡ ਗੂਲ ਦੀ ਘਟਨਾ ਨੇ ਇਕ ਵਾਰ ਫਿਰ ਕਸ਼ਮੀਰ ਵਿਚ ਉਬਾਲਾ ਲੈ ਆਂਦਾ। ਮੁੱਖ ਮੰਤਰੀ ਉਮਰ ਅਬਦੁੱਲਾ ਤਕ ਨੇ ਇਸ ਘਟਨਾ ਲਈ ਸੁਰੱਖਿਆ ਬਲਾਂ ਦੀ ਨੁਕਤਾਚੀਨੀ ਕੀਤੀ ਹੈ। ਉਂਜ ਉਹ ਪਹਿਲਾਂ ਵੀ ਇਹ ਕਹਿੰਦੇ ਆ ਰਹੇ ਹਨ ਕਿ ਸੂਬੇ ਵਿਚ ਆਈ ਸ਼ਾਂਤੀ ਸਥਾਈ ਨਹੀਂ ਹੈ, ਇਸ ਲਈ ਕੇਂਦਰ ਨੂੰ ਇਸ ਪਾਸੇ ਹੋਰ ਤਰੱਦਦ ਕਰਨਾ ਚਾਹੀਦਾ ਹੈ, ਪਰ ਕੇਂਦਰ ਨੇ ਇਸ ਪਾਸੇ ਕੋਈ ਸਰਗਰਮੀ ਨਹੀਂ ਕੀਤੀ। ਅਸਲ ਵਿਚ ਮੁੱਖ ਮੰਤਰੀ ਅਬਦੁੱਲਾ ਜਿਸ ਤੜਫਾਹਟ ‘ਚੋਂ ਬੋਲ ਰਹੇ ਹਨ, ਉਸ ਵਿਚ ਕਸ਼ਮੀਰੀਆਂ ਦੀ ਉਹ ਭਾਵਨਾ ਕਾਰਜਸ਼ੀਲ ਹੈ ਜਿਹੜੀ ਪਿਛਲੇ ਸਮੇਂ ਤੋਂ ਬਾਕਾਇਦਾ ਕਿਸੇ ਨਾ ਕਿਸੇ ਰੂਪ ਵਿਚ ਜ਼ਾਹਿਰ ਹੋ ਰਹੀ ਹੈ। ਇਹ ਭਾਵਨਾ ਬੇਗਾਨਗੀ ਦਾ ਅਹਿਸਾਸ ਹੈ। ਗੂਲ ਪਿੰਡ ਦੀ ਘਟਨਾ ਦੀਆਂ ਜੇ ਤਹਿਆਂ ਫਰੋਲੀਆਂ ਜਾਣ ਤਾਂ ਪਤਾ ਲਗਦਾ ਹੈ ਕਿ ਲੋਕਾਂ ਵਿਚ ਕੇਂਦਰ ਪ੍ਰਤੀ ਜਿਹੜੀ ਬੇਗਾਨਗੀ ਵਧੀ ਹੈ, ਉਹ ਹੁਣ ਸਿੱਧੀ ਮਾਰ ਕਰ ਰਹੀ ਹੈ। ਜਿਉਂ ਹੀ ਲੋਕਾਂ ਨੂੰ ਖਬਰ ਹੋਈ ਕਿ ਸੁਰੱਖਿਆ ਬਲਾਂ ਨੇ ਮਸੀਤ ਦੇ ਇਮਾਮ ਨਾਲ ਵਧੀਕੀ ਕੀਤੀ ਹੈ ਤਾਂ ਉਹ ਬੀæਐਸ਼ਐਫ਼ ਕੈਂਪ ਦੇ ਬਾਹਰ ਜਮਾਂ ਹੋ ਗਏ। ਦੇਖਦਿਆਂ ਦੇਖਦਿਆਂ ਇੰਨੇ ਲੋਕ ਇਕੱਠੇ ਹੋ ਗਏ ਕਿ ਇਨ੍ਹਾਂ ਨੂੰ ਸੰਭਾਲਣਾ ਔਖਾ ਹੋ ਗਿਆ। ਗੋਲੀ ਚੱਲੀ ਤਾਂ ਚਾਰ ਲੋਕ ਮਾਰੇ ਗਏ, ਪਰ ਇਸ ਤੋਂ ਬਾਅਦ ਜੋ ਹੋਇਆ, ਉਹ ਮੁੱਦਾ ਵਿਚਾਰਨ ਵਾਲਾ ਹੈ। ਵੱਖ ਵੱਖ ਜਥੇਬੰਦੀਆਂ ਵੱਲੋਂ ਦਿੱਤੇ ਤਿੰਨ ਰੋਜ਼ਾ ਬੰਦ ਦੇ ਸੱਦੇ ਦੌਰਾਨ ਲੋਕਾਂ ਨੇ ਕਰਫਿਊ ਦੀ ਕੋਈ ਪ੍ਰਵਾਹ ਨਹੀਂ ਕੀਤੀ। ਇਹੀ ਉਹ ਤੱਥ ਹੈ ਜਿਹੜਾ ਕਸ਼ਮੀਰ ਵਿਚ ਵਾਰ ਵਾਰ ਜ਼ਾਹਿਰ ਹੋ ਰਿਹਾ ਹੈ ਅਤੇ ਇਸ ਪਾਸੇ ਸਰਕਾਰਾਂ ਕੋਈ ਤਵੱਜੋ ਨਹੀਂ ਦੇ ਰਹੀਆਂ। ਸਰਕਾਰਾਂ ਅਤੇ ਸਰਕਾਰ ਦੇ ਨੌਕਰਸ਼ਾਹ ਇਨ੍ਹਾਂ ਘਟਨਾਵਾਂ ਨੂੰ ਵੱਖਵਾਦ ਨਾਲ ਜੋੜ ਕੇ ਸੁਰਖਰੂ ਹੋ ਜਾਂਦੇ ਹਨ। ਕੋਈ ਨਹੀਂ ਸੋਚ ਰਿਹਾ ਕਿ ਲੋਕਾਂ ਦਾ ਰੋਸਾ ਅਤੇ ਵੱਖਵਾਦ ਦੋ ਵੱਖ ਵੱਖ ਗੱਲਾਂ ਹਨ। ਗੂਲ ਦੇ ਵਸਨੀਕ ਵੱਖਵਾਦੀ ਨਹੀਂ, ਪਰ ਉਨ੍ਹਾਂ ਦੇ ਜ਼ਿਹਨਾਂ ਵਿਚ ਬੇਗਾਨਗੀ ਦਾ ਜਿਹੜਾ ਅਹਿਸਾਸ ਸਮਾ ਗਿਆ ਹੈ, ਉਹ ਤੁਰੰਤ ਰੋਸੇ ਵਿਚ ਵਟਦਾ ਹੈ। ਇਹੀ ਰੋਸਾ ਫਿਰ ਸੁਰੱਖਿਆ ਬਲਾਂ ਦੀਆਂ ਜ਼ਿਆਦਤੀਆਂ ਨਾਲ ਟਕਰਾ ਕੇ ਖੂਨੀ ਹੋ ਨਿਬੜਦਾ ਹੈ। ਪਹਿਲਾਂ ਵੀ ਬਹੁਤ ਵਾਰ ਅਜਿਹਾ ਹੋਇਆ ਹੈ ਕਿ ਲੋਕ ਕਰਫਿਊ ਦੀ ਪ੍ਰਵਾਹ ਛੱਡ ਕੇ ਵੱਡੀ ਗਿਣਤੀ ਵਿਚ ਸੜਕਾਂ ਉਤੇ ਉਤਰ ਆਏ। ਇਸ ਸੂਰਤ ਵਿਚ ਸੁਰੱਖਿਆ ਬਲਾਂ ਅਤੇ ਸਰਕਾਰ ਦੀ ਇਕ ਹੀ ਦਲੀਲ ਹੁੰਦੀ ਹੈ ਕਿ ਮੌਕਾ ਸੰਭਾਲਣ ਲਈ ਗੋਲੀ ਚਲਾਉਣੀ ਪਈ।
ਖੈਰ! ਕਸ਼ਮੀਰ ਵਿਚ ਅੱਜ ਜਿਸ ਤਰ੍ਹਾਂ ਦੇ ਹਾਲਾਤ ਬਣੇ ਹਨ, ਉਹ ਕੋਈ ਇਕ ਦਿਨ ਦਾ ਮਸਲਾ ਨਹੀਂ ਹੈ। ਪਿਛਲੇ ਲੰਮੇ ਸਮੇਂ ਤੋਂ ਅਜਿਹੀਆਂ ਘਟਨਾਵਾਂ ਦਾ ਸਿਲਸਿਲਾ ਚੱਲਿਆ ਹੈ ਕਿ ਲੋਕਾਂ ਵਿਚ ਬੇਗਾਨਗੀ ਦਾ ਅਹਿਸਾਸ ਘਟਣ ਦੀ ਥਾਂ ਵਧ ਰਿਹਾ ਹੈ। ਕਸ਼ਮੀਰੀ ਨੌਜਵਾਨ ਅਫਜ਼ਲ ਗੁਰੂ ਨੂੰ ਫਾਂਸੀ ਇਸੇ ਸਿਲਸਿਲੇ ਦੀ ਹੀ ਕੜੀ ਸੀ। ਕੇਂਦਰ ਵਿਚ ਸਰਕਾਰ ਚਲਾ ਰਹੇ ਆਗੂਆਂ ਨੇ ਆਪਣੇ ਸਿਆਸੀ ਹਿਤਾਂ ਖਾਤਰ ਰਾਤੋ-ਰਾਤ ਅਫਜ਼ਲ ਨੂੰ ਫਾਂਸੀ ਅੰਜਾਮ ਦਿੱਤੀ। ਉਸ ਦੇ ਘਰ ਵਾਲਿਆਂ ਨਾਲ ਉਸ ਦੀ ਮੁਲਾਕਾਤ ਤੱਕ ਨਾ ਕਰਵਾਈ ਗਈ। ਜੇਲ੍ਹ ਦਾ ਹਰ ਨੇਮ ਪ੍ਰਸ਼ਾਸਨ ਨੇ ਤਾਕ ਵਿਚ ਰੱਖ ਦਿੱਤਾ। ਇਸ ਤਰ੍ਹਾਂ ਦੀਆਂ ਅਣਗਿਣਤ ਘਟਨਾਵਾਂ ਹਨ ਜਿਹੜੀਆਂ ਬੇਗਾਨਗੀ ਦੇ ਅਹਿਸਾਸ ਨੂੰ ਲਗਾਤਾਰ ਹਵਾ ਦਿੰਦੀਆਂ ਹਨ। ਪੰਜਾਬ ਦੇ ਲੋਕਾਂ, ਖਾਸ ਕਰ ਕੇ ਸਿੱਖਾਂ ਨੇ ਵੀ ਖੁਦ ਇਹ ਵਕਤ ਹੰਢਾਇਆ ਹੈ। ਉਦੋਂ ਉਪਰੋਥਲੀ ਜਿਹੜੀਆਂ ਘਟਨਾਵਾਂ ਹੋਈਆਂ ਸਨ, ਉਨ੍ਹਾਂ ਵਿਚ ਕਿਸੇ ਖਾਸ ਧੜੇ ਨਾਲ ਜੁੜਨ ਦਾ ਮਸਲਾ ਕੋਈ ਏਡਾ ਵੱਡਾ ਨਹੀਂ ਸੀ, ਜਿੰਨਾ ਕੇਂਦਰ ਸਰਕਾਰ ਦੀ ਪੰਜਾਬ ਵੱਲ ਪਹੁੰਚ ਖਿਲਾਫ ਲੋਕਾਂ ਦਾ ਰੋਸ ਸੀ। ਇਸੇ ਰੋਸ ਨੇ ਹੀ ਫਿਰ ਹਿੰਸਕ ਰੂਪ ਧਾਰਿਆ ਅਤੇ ਦੇਖਦਿਆਂ ਦੇਖਦਿਆਂ ਪੰਜਾਬ ਲਹੂ-ਲੁਹਾਣ ਕਰ ਦਿੱਤਾ ਗਿਆ। ਇਹੀ ਸਭ ਕੁਝ 1947 ਦੀ ਆਜ਼ਾਦੀ ਤੋਂ ਤੁਰੰਤ ਬਾਅਦ ਉਤਰ-ਪੂਰਬੀ ਸੂਬਿਆਂ ਵਿਚ ਹੋਇਆ। ਮਨੀਪੁਰ ਦੀ 41 ਸਾਲਾ ਕੁੜੀ ਇਰੋਮ ਸ਼ਰਮੀਲਾ ਚਾਨੂ ਸੂਬੇ ਵਿਚੋਂ ਆਰਮਡ ਫੋਰਸਜ਼ ਸਪੈਸ਼ਲ ਪਾਵਰਜ਼ ਐਕਟ (ਅਫਸਪਾ) ਖਤਮ ਕਰਨ ਲਈ 13 ਸਾਲ ਤੋਂ ਭੁੱਖ ਹੜਤਾਲ ਉਤੇ ਹੈ, ਪਰ ਉਸ ਦੀ ਇਹ ਆਵਾਜ਼ ਅਜੇ ਤਕ ਸੁਣੀ ਨਹੀਂ ਗਈ, ਸਗੋਂ ਨਵੀਂ ਦਿੱਲੀ ਵਿਚ ਧਰਨੇ ਉਤੇ ਬੈਠਣ ਦੇ ਦੋਸ਼ ਵਿਚ ਉਸ ਉਤੇ ਖੁਦਕੁਸ਼ੀ ਕਰਨ ਦਾ ਕੇਸ ਪਾ ਦਿੱਤਾ ਗਿਆ। ਫੌਜ ਦੀਆਂ ਜ਼ਿਆਦਤੀਆਂ ਦੇ ਖਿਲਾਫ ਮਨੀਪੁਰ ਦੀਆਂ ਔਰਤਾਂ ਨੇ 2004 ਵਿਚ ਨੰਗੀਆਂ ਹੋ ਕੇ ਵਿਖਾਵਾ ਵੀ ਕੀਤਾ। ਇਹ ਲੋਕਾਂ ਦੇ ਰੋਸ ਅਤੇ ਬੇਗਾਨਗੀ ਦੀ ਇੰਤਹਾ ਸੀ, ਪਰ ਕਿਸੇ ਨੇ ਇਸ ਪਾਸੇ ਕੰਨ ਨਹੀਂ ਧਰਿਆ। ਉਥੇ ਆਵਾਮ ਨਾਲ ਵਧੀਕੀਆਂ ਅੱਜ ਵੀ ਜਾਰੀ ਹਨ। ਇਸੇ ਤਰ੍ਹਾਂ ਦਾ ਵਿਹਾਰ ਹੁਣ ਕਬਾਇਲੀਆਂ ਨਾਲ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਇਲਾਕਿਆਂ ਵਿਚ ਵੱਡੇ ਪ੍ਰਾਜੈਕਟ ਉਲੀਕੇ ਜਾ ਰਹੇ ਹਨ। ਮੱਧ ਭਾਰਤ ਦੇ ਸੂਬਿਆਂ ਵਿਚ ਕਬਾਇਲੀਆਂ ਦੀ ਆਵਾਜ਼ ਬੰਦ ਕਰਨ ਲਈ ਇਕ ਲੱਖ ਤੋਂ ਵੀ ਵੱਧ ਸੁਰੱਖਿਆ ਕਰਮਚਾਰੀ ਪਿਛਲੇ ਤਿੰਨ ਸਾਲ ਤੋਂ ਉਥੇ ਤਾਇਨਾਤ ਹਨ। ਉਸ ਇਲਾਕੇ ਦੀਆਂ ਖਬਰਾਂ ਵੀ ਛਾਣ ਕੇ ਹੀ ਲੋਕਾਂ ਤਕ ਪੁੱਜਣ ਦਿੱਤੀਆਂ ਜਾ ਰਹੀਆਂ ਹਨ, ਪਰ ਇਸ ਨਾਲ ਲੋਕਾਂ ਵਿਚ ਬੇਗਾਨਗੀ ਘਟ ਨਹੀਂ ਰਹੀ, ਬਲਕਿ ਵਧ ਹੀ ਰਹੀ ਹੈ। ਇਹੀ ਕਾਰਨ ਹੈ ਕਿ ਇੰਨੀ ਵੱਡੀ ਪੱਧਰ ਉਤੇ ਲਾਮਬੰਦੀ ਦੇ ਬਾਵਜੂਦ ਸਰਕਾਰ ਨੂੰ ਅਜੇ ਤਕ ਉਥੇ ਉਹ ਸਫਲਤਾ ਨਹੀਂ ਮਿਲ ਜਿਸ ਦੀ ਤਵੱਕੋ ਕੀਤੀ ਜਾ ਰਹੀ ਸੀ। ਭਾਰਤ ਦੇ ਕਈ ਹੋਰ ਹਿੱਸਿਆਂ ਵਿਚ ਵੀ ਅਜਿਹੀ ਉਥਲ-ਪੁਥਲ ਲਗਾਤਾਰ ਚੱਲ ਰਹੀ ਹੈ। ਅਜਿਹੀ ਉਥਲ-ਪੁਥਲ ਦਾ ਫਿਲਹਾਲ ਆਪਸ ਵਿਚ ਕੋਈ ਸੰਪਰਕ ਨਹੀਂ ਹੈ। ਜਿਸ ਦਿਨ ਇਹ ਸੰਪਰਕ ਕਾਇਮ ਹੋ ਗਿਆ, ਨਜਿੱਠਣਾ ਮੁਸ਼ਕਿਲ ਹੋ ਜਾਵੇਗਾ। ਕਸ਼ਮੀਰ ਦੀ ਰਾਮਬਨ ਘਟਨਾ ਦਾ ਜਵਾਬ ਫੌਜ ਦੇ ਬੂਟਾਂ ਦੀ ਦਗੜ ਦਗੜ ਨਹੀਂ ਹੈ। ਇਨ੍ਹਾਂ ਬੂਟਾਂ ਨੇ ਬੇਗਾਨਗੀ ਦੇ ਅਹਿਸਾਸ ਨੂੰ ਸਦਾ ਤੀਬਰ ਹੀ ਕੀਤਾ ਹੈ। ਇਨ੍ਹਾਂ ਘਟਨਾਵਾਂ ਦਾ ਮਾੜਾ ਪੱਖ ਇਹੀ ਹੈ ਕਿ ਇਨ੍ਹਾਂ ਬਾਰੇ ਬਹੁ-ਪੱਖੀ ਪਹੁੰਚ ਨਹੀਂ ਅਪਨਾਈ ਜਾ ਰਹੀ।
Leave a Reply