ਤਾਲਿਬਾਨ ਦੀ ਜਿੱਤ ਅਤੇ ਜਿਹਾਦ ਦਾ ਕਿਣਕਾ

ਸਵਾਮੀਨਾਥਨ ਅੰਕਲੇਸਰੀਆ ਅਈਯਰ
ਅਨੁਵਾਦ: ਗੁਰਬਚਨ ਸਿੰਘ
ਫੋਨ: 91-98156-98451
ਤਾਲਿਬਾਨ ਸਾਹਮਣੇ ਅਫਗਾਨਿਸਤਾਨ ਦੇ ਏਨੀ ਤੇਜੀ ਨਾਲ ਢਹਿ ਜਾਣ ਨੇ ਇਕ-ਦੂਜੇ ਦੇ ਸਿਰ ਦੋਸ਼ ਮੜਨ ਨੂੰ ਤੇਜ ਕਰ ਦਿੱਤਾ ਹੈ, ਜਦੋਂ ਕਿ ਤਾਲਿਬਾਨ ਪਿਛਲੇ ਇਕ ਦਹਾਕੇ ਤੋਂ ਅੱਗੇ ਵਧ ਰਹੇ ਸਨ ਅਤੇ ਅਮਰੀਕਾ ਪਿੱਛੇ ਹਟ ਰਿਹਾ ਸੀ। ਸਿਰਫ ਅਤਿੰਮ ਜਿੱਤ ਦੀ ਚਾਲ ਹੀ ਹੈਰਾਨੀਜਨਕ ਹੈ।

ਤਾਲਿਬਾਨ ਨੂੰ ਭਾਵੇਂ ਪਾਕਿਸਤਾਨ ਦੀ ਹਮਾਇਤ ਹਾਸਲ ਸੀ, ਪਰ ਬਿਨਾ ਸ਼ੱਕ ਤਾਲਿਬਾਨ ਅਫਗਾਨਿਸਤਾਨ ਦੀ ਆਪਣੀ ਪੈਦਾਇਸ਼ ਹੈ। ਫਿਰ ਵੀ ਹਮੇਸ਼ਾ ਤਾਲਿਬਾਨ ਆਪਣੇ ਆਪ ਨੂੰ ਆਲਮੀ ਇਸਲਾਮੀ ਉਭਾਰ ਦੇ ਅੰਗ ਵਜੋਂ ਵੇਖਦੇ ਆ ਰਹੇ ਹਨ। ਇਸਲਾਮੀ ਉਭਾਰ ਦੇ ਵਿਚਾਰ ਦੇ ਪ੍ਰਗਟ ਹੋਣ ਦਾ ਸਮਾਂ ਫਿਰ ਆ ਗਿਆ ਹੈ; ਕਿਉਂਕਿ ਦੋਵੇਂ ਕਿਸਮ ਦੀਆਂ ਸਰਕਾਰਾਂ ਜਮਹੂਰੀ ਅਤੇ ਤਾਨਾਸ਼ਾਹ ਕੁਰਪਟ, ਵਹਿਸ਼ਤ ਦੀ ਹੱਦ ਤੱਕ ਲੋਕ ਸਰੋਕਾਰਾਂ ਪ੍ਰਤੀ ਉਦਾਸੀਨ ਅਤੇ ਮੁਸਲਿਮ ਜਗਤ ਵਿਚ ਲੋਕਾਂ ਦੀ ਬੇਭਰੋਸਗੀ ਦਾ ਸ਼ਿਕਾਰ ਹਨ। ਇਸੇ ਕਰ ਕੇ ਧਾਰਮਿਕ ਮੂਲਵਾਦ ਦੀ ਸ਼ੁਧਤਾ ਅਤੇ ਜਿਹਾਦ ਲਈ ਖਿੱਚ ਬੜੀ ਤੇਜੀ ਨਾਲ ਵਧੀ ਹੈ ਅਤੇ ਆਲਮੀ ਇਸਲਾਮ ਦੀਆਂ ਇਤਿਹਾਸਕ ਜੜ੍ਹਾਂ ਉਤੇ ਪ੍ਰਫੁਲਿਤ ਹੋਈ ਹੈ।
ਪੱਛਮ ਦਾ ਪਤਨ ਅਤੇ ਪੱਛਮ ਪ੍ਰਤੀ ਬਣੇ ਭਰਮਾਂ ਦਾ ਟੁੱਟਣਾ ਤੇ ਅਫਰੀਕਾ ਵਿਚ ਇਸਲਾਮੀ ਜਿਹਾਦ ਦਾ ਉਭਾਰ ਅਫਗਾਨਿਸਤਾਨ ਜਿੰਨਾ ਹੀ ਸਪਸ਼ਟ ਹੈ। ਫਰਾਂਸੀਸੀ ਅਤੇ ਯੂਰਪੀ ਫੌਜਾਂ ਅਫਰੀਕਾ ਵਿਚ ਜਹਾਦੀਆਂ ਨੂੰ ਕੁਚਲਣ ਦੇ ਆਪਣੇ ਦਹਾਕੇ ਭਰ ਦੇ ਯਤਨਾਂ ਵਿਚ ਸਫਲ ਨਹੀਂ ਹੋ ਸਕੀਆਂ। ਫਰਾਂਸ ਦੇ 5100 ਫੌਜੀ ਉਸ ਦੀਆਂ ਪੰਜ ਪੁਰਾਣੀਆਂ ਬਸਤੀਆਂ ਮਾਲੀ, ਮੌਰੀਤਾਨੀਆ, ਬੁਰਕੀਨਾ ਫਾਸੋ, ਨਿਗਰ ਅਤੇ ਚਾਡ ਵਿਚ ਤਾਇਨਾਤ ਹਨ। ਫਰਾਂਸ ਦਾ ਪ੍ਰਧਾਨ ਮੈਕਰੋਨ ਕਦੇ ਖਤਮ ਨਾ ਹੋਣ ਵਾਲੀ ਇਸ ਜੰਗ ਤੋਂ ਤੰਗ ਆ ਕੇ ਫੌਜੀਆਂ ਦੀ ਘਰ ਵਾਪਸੀ ਦਾ ਵਾਅਦਾ ਕਰ ਚੁਕਾ ਹੈ ਅਤੇ ਬਾਕੀ ਯੂਰਪੀ ਦੇਸ਼ਾਂ ਅਤੇ ਅਫਰੀਕਨਾਂ ਨੂੰ ਇਨ੍ਹਾਂ ਫੌਜੀਆਂ ਦੀ ਥਾਂ ਭਰਨ ਲਈ ਕਹਿ ਰਿਹਾ ਹੈ।
ਉਸ ਦੀ ਸਭ ਤੋਂ ਮੰਦੀ ਹਾਲਤ ਮਾਲੀ ਵਿਚ ਹੈ। ਜਿਥੇ ਗੱਦਾਫੀ ਦੀ ਮੌਤ ਤੋਂ ਬਾਅਦ ਦੇਸ਼ ਵਿਚੋਂ ਕੱਢੇ ਗਏ ਲਿਬੀਅਨ ਜਿਹਾਦੀ ਸਥਾਨਕ ਜਿਹਾਦੀਆਂ ਨਾਲ ਮਿਲ ਗਏ ਹਨ। ਜਿਹਾਦੀਆਂ ਨੇ ਟਿੰਬੂਕੁਟੂ ਉਤੇ ਕਬਜਾ ਕਰ ਕੇ ਬਹੁਤ ਸਾਰੇ ਪੁਰਾਣੇ ਮਕਬਰੇ ਗੈਰ-ਇਸਲਾਮੀ ਕਹਿ ਕੇ ਢਾਹ ਦਿੱਤੇ। ਫਰਾਂਸੀਸੀ ਫੌਜੀ ਜਿਹਾਦੀਆਂ ਉਤੇ ਕਾਬੂ ਪਾਉਣ ਲਈ ਭੇਜੇ ਗਏ। ਉਨ੍ਹਾਂ ਨੂੰ ਮੁੱਢ ਵਿਚ ਚੰਗੀ ਸਫਲਤਾ ਮਿਲੀ, ਪਰ ਹੁਣੇ ਜਿਹੇ ਮਾਲੀ ਵਿਚ ਹੋਏ ਰਾਜ ਪਲਟੇ ਕਾਰਨ ਫਰਾਂਸ ਨੂੰ ਨਮੋਸ਼ੀ ਹੋਈ ਹੈ ਅਤੇ ਜਿਹਾਦੀ ਆਪਣੀ ਇਖਲਾਕੀ ਜਿੱਤ ਅਤੇ ਦ੍ਰਿੜਤਾ ਉਤੇ ਖੁਸ਼ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਹੁਣ ਇਕ ਨਵੀਂ ਆਲਮੀ ਟਾਸਕ ਫੋਰਸ ਟਕੂਬਾ ਦੇਸ਼ ਵਿਚ ਸ਼ਾਤੀਂ ਯਕੀਨੀ ਬਣਾਏਗੀ, ਪਰ ਇਸ ਦੀ ਆਸ ਬਹੁਤ ਘੱਟ ਹੈ।
ਨਾਈਜੀਰੀਆ ਵਿਚ ਜਿਹਾਦੀ ਸਭ ਤੋਂ ਤਾਕਤਵਰ ਹਨ। ਜਿਥੇ ਅਸਲ ਵਿਚ ਬੋਕੋ ਹਰਮ ਲੱਖਾਂ ਦੀ ਆਬਾਦੀ ਵਾਲੇ ਬਹੁਤ ਵੱਡੇ ਖੇਤਰ ਵਿਚ ਰਾਜ ਕਰਦਾ ਹੈ। ਇਸਲਾਮੀ ਜਿਹਾਦੀਆਂ ਦੇ ਇਕ ਛੋਟੇ ਜਿਹੇ ਗਰੁੱਪ ਨੇ 1993 ਵਿਚ ਸੋਮਾਲੀਆ ਅੰਦਰ ਅਮਰੀਕਾ ਦੀ ਫੌਜ ਨੂੰ ਹਰਾਇਆ ਸੀ। (ਅਮਰੀਕਾ ਦੀ ਇਸ ਹਾਰ ਉਤੇ ਬਲੈਕ ਹਾਕ ਡਾਊਨ ਫਿਲਮ ਬਣੀ ਸੀ)
ਤਾਲਿਬਾਨ ਕਹਿ ਰਹੇ ਹਨ ਕਿ ਉਹ ਤਾਕਤ ਦੀ ਬਦਲੀ ਸ਼ਾਂਤਮਈ ਢੰਗ ਨਾਲ ਕਰਨਗੇ ਅਤੇ ਆਲਮੀ ਦਹਿਸ਼ਤਗਰਦੀ ਲਈ ਆਪਣੇ ਦੇਸ਼ ਦੀ ਵਰਤੋਂ ਨਹੀਂ ਕਰਨ ਦੇਣਗੇ; ਪਰ ਉਹ ਬੜੇ ਲੰਬੇ ਸਮੇਂ ਤੋਂ ਆਪਣੇ ਗੁਆਂਢੀ ਮੁਲਕਾਂ ਉਜਬੇਕਿਸਤਾਨ, ਕਿਰਗਿਜਸਤਾਨ, ਤਾਜਿਕਸਤਾਨ, ਤੁਰਕਿਮਸਤਾਨ ਅਤੇ ਪਾਕਿਸਤਾਨ ਵਿਚਲੇ ਦਹਿਸ਼ਤਗਰਦਾਂ ਨੂੰ ਪਨਾਹ ਦੇ ਰਹੇ ਹਨ। ਚੀਨ ਆਪਣੇ ਜਿਨਜਿਆਂਗ ਸੂਬੇ ਵਿਚਲੇ ਇਸਲਾਮੀ ਖਾੜਕੂਪੁਣੇ ਤੋਂ ਡਰਿਆ ਹੋਇਆ ਹੈ। ਉਸ ਨੇ 10 ਲੱਖ ਦੇ ਕਰੀਬ ਉਗਰ ਮੁਸਲਮਾਨਾਂ ਨੂੰ ਵਿਦਿਆ ਅਤੇ ਕਿੱਤਾ ਕੈਂਪਾਂ ਵਿਚ ਬੰਦ ਕੀਤਾ ਹੋਇਆ ਹੈ। ਚੀਨ ਤਾਲਿਬਾਨ ਨਾਲ ਸਮਝੌਤਾ ਕਰ ਕੇ ਖੁਸ਼ ਹੈ (ਬਿਲਕੁਲ ਉਵੇਂ ਹੀ, ਜਿਵੇਂ 1990ਵਿਆਂ ਵਿਚ ਅਮਰੀਕਾ ਖੁਸ਼ ਸੀ।) ਬਸ਼ਰਤੇ ਕਿ ਉਹ ਜਿਹਾਦ ਨੂੰ ਬਰਾਮਦ ਨਾ ਕਰੇ; ਪਰ ਇਹ ਇਕ ਮੂਰਖਾਂ ਵਾਲੀ ਆਸ ਹੈ। ਉਹ ਧਾਰਮਿਕ ਤਾਕਤਾਂ, ਜਿਹੜੀਆਂ ਆਲਮੀ ਜਿਹਾਦ ਦੇ ਉਭਾਰ ਵਿਚ ਸਹਾਈ ਹੁੰਦੀਆਂ ਹਨ, ਉਹ ਸਾਧਾਰਨ ਰਾਜਦੂਤਕ ਚੈਨਲਾਂ ਰਾਹੀਂ ਕਾਬੂ ਨਹੀਂ ਕੀਤੀਆਂ ਜਾ ਸਕਦੀਆਂ, ਭਾਵੇਂ ਕਿ ਤਾਲਿਬਾਨ ਰਸਮੀ ਤੌਰ ਉਤੇ ਇਸ ਵਿਚਾਰ ਨਾਲ ਸਹਿਮਤ ਵੀ ਹੋ ਜਾਏ। ਤਾਲਿਬਾਨ ਭਾਵੇਂ ਹਾਲ ਦੀ ਘੜੀ ਇਸ ਗੱਲ ਨੂੰ ਠੀਕ ਸਮਝਣ ਕਿ ਅਮਰੀਕਾ ਅਤੇ ਇਥੋਂ ਤੱਕ ਕਿ ਚੀਨ ਵਿਚ ਵੀ ਜਿਹਾਦੀ ਮਾਅਰਕੇਬਾਜ਼ੀ ਉਤੇ ਕਾਬੂ ਰੱਖਿਆ ਜਾਵੇ, ਪਰ ਇਹ ਮੌਕਾਪ੍ਰਸਤੀ ਤੋਂ ਵਧੇਰੇ ਹੋਰ ਕੁਝ ਨਹੀਂ; ਕਿਉਂਕਿ ਤਾਲਿਬਾਨ ਖੁਦ ਆਲਮੀ ਇਸਲਾਮ ਦੇ ਉਭਾਰ ਵਿਚ ਆ ਰਹੇ ਜਵਾਰਭਾਟੇ ਦਾ ਇਕ ਅੰਗ ਹੈ। ਕੋਈ ਵੀ ਉਸ ਦੇ ਇਸ ਦਾਅਵੇ ਉਤੇ ਯਕੀਨ ਨਹੀਂ ਕਰ ਸਕਦਾ। ਇਹ ਯਕੀਨੀ ਤੌਰ ਉਤੇ ਪਾਕਿਸਤਾਨ ਤੇ ਭਾਰਤ ਸਮੇਤ ਗੁਆਂਢੀ ਮੁਲਕਾਂ ਵਿਚ ਧਾਰਮਿਕ ਮੂਲਵਾਦ ਨੂੰ ਉਭਾਰੇਗਾ।
ਬਹੁਤ ਥੋੜ੍ਹੇ ਭਾਰਤੀ ਸੰਸਾਰ ਭਰ ਵਿਚ ਛਪ ਰਹੇ ਇਸਲਾਮੀ ਸਾਹਿਤ ਨੂੰ ਪੜ੍ਹਦੇ ਹਨ। ਇਹ ਸਾਰਾ ਸਾਹਿਤ ਭਾਰਤ ਨੂੰ ਮੁਸਲਮਾਨਾਂ ਤੇ ਖਾਸ ਕਰ ਕੇ ਕਸ਼ਮੀਰ ਵਿਚਲੇ ਮੁਸਲਮਾਨਾਂ ਉਤੇ ਸਭ ਤੋਂ ਵਧ ਜਬਰ ਕਰਨ ਵਾਲੇ ਦੇਸ਼ ਵਜੋਂ ਪ੍ਰਚਾਰਦਾ ਹੈ। ਤਾਲਿਬਾਨ ਦੀ ਜਿੱਤ ਹਿੰਦੂ ਰਾਸ਼ਟਰਵਾਦੀਆਂ ਵਲੋਂ ਭਾਰਤੀ ਮੁਸਲਮਾਨਾਂ ਨੂੰ ਪ੍ਰੇਸ਼ਾਨ ਕਰਨ ਵਿਰੁੱਧ ਇਨਸਾਫ ਮੰਗਦੀ ਉਸ ਆਲਮੀ ਇਸਲਾਮੀ ਲਹਿਰ ਨੂੰ ਮਜਬੂਤ ਕਰੇਗੀ। ਇਸ ਗੱਲ ਦਾ ਵੱਡਾ ਖਤਰਾ ਹੈ ਕਿ ਹਿੰਦੂ ਫਿਰਕਾਪ੍ਰਸਤੀ ਤੇ ਇਸਲਾਮੀ ਮੂਲਵਾਦ ਆਪਸ ਵਿਚ ਟਕਰਾਅ ਜਾਣ ਅਤੇ ਇਕ-ਦੂਜੇ ਨੂੰ ਤਕੜਾ ਕਰਦੇ ਹੋਏ ਸਮਾਜੀ ਇਕਸੁਰਤਾ ਨੂੰ ਭੰਗ ਕਰ ਦੇਣ।
ਜਿ਼ਆਦਾਤਰ ਆਲਮੀ ਬਹਿਸਾਂ ਚੀਨ ਅਤੇ ਅਮਰੀਕਾ ਦੀ ਅਗਵਾਈ ਹੇਠਲੇ ਜਮਹੂਰੀ ਸੰਸਾਰ ਵਿਚਕਾਰ ਦੁਸ਼ਮਣੀ ਉਤੇ ਕੇਂਦ੍ਰਿਤ ਹਨ, ਪਰ ਕਮਰੇ ਵਿਚ ਲਗਾਤਾਰ ਹੋ ਰਹੇ ਇਸਲਾਮੀ ਉਭਾਰਨੁਮਾ ਹਾਥੀ ਦੀ ਹੋਂਦ ਵੀ ਹੈ। ਇਥੋਂ ਤੱਕ ਕਿ ਇੰਡੋਨੇਸ਼ੀਆ, ਜਿਹੜਾ ਕਿਸੇ ਵੇਲੇ ਪੂਰੀ ਤਰ੍ਹਾਂ ਧਰਮ ਨਿਰਪਖ ਦੇਸ਼ ਸੀ, ਫਿਰਕੂ ਬਣ ਰਿਹਾ ਹੈ। ਬੰਗਲਾਦੇਸ਼ ਵਿਚ ਮੁਸਲਿਮ ਮੂਲਵਾਦੀ ਤਰਕਸ਼ੀਲਾਂ ਤੇ (ਮੇਰੇ ਵਰਗੇ) ਨਾਸਤਿਕਾਂ ਦੇ ਕਤਲ ਕਰ ਰਹੇ ਹਨ। ਇਕ ਅਰਧ ਜਿਹਾਦੀ ਖਿਤਾ ਸੀਰੀਆ ਦੇ ਇਦਲਿਬ ਖੇਤਰ ਵਿਚ ਮੌਜੂਦ ਹੈ। ਆਈ. ਐਸ. ਆਈ. ਐਸ. ਉਤੇ ਕਾਬੂ ਪਾਇਆ ਜਾ ਸਕਿਆ ਹੈ, ਪਰ ਇਹ ਖਤਮ ਨਹੀਂ ਹੋਇਆ।
ਬਹੁਤੇ ਭਾਰਤੀ ਮੌਂਜਬੀਕ ਤੋਂ ਜਾਣੂ ਨਹੀਂ ਹਨ। ਖਾੜੀ ਦੇਸ਼ਾਂ ਤੋਂ ਬਾਅਦ ਕੁਦਰਤੀ ਗੈਸ ਦਾ ਸਭ ਤੋਂ ਵੱਡਾ ਭੰਡਾਰ ਇਸ ਦੇਸ ਵਿਚ ਮੌਜੂਦ ਹੈ। ਇਸ ਦੇਸ਼ ਵਿਚ ਕਈ ਭਾਰਤੀ ਕੰਪਨੀਆਂ (ਓ. ਐਨ. ਜੀ. ਸੀ. ਅਤੇ ਬੀ. ਪੀ. ਸੀ. ਐਲ. ਸਮੇਤ) ਨੇ ਫਰਾਂਸ ਦੀ ਕੰਪਨੀ ਟੋਟਲ ਦੀ ਅਗਵਾਈ ਹੇਠਲੇ ਆਲਮੀ ਕੰਪਨੀਆਂ ਦੇ ਸਮੂਹ ਨਾਲ ਮਿਲ ਕੇ ਤਰਲ ਕੁਦਰਤੀ ਗੈਸ ਦੀ ਇਕ ਬਹੁਤ ਵੱਡੀ ਸਨਅਤ ਕਾਇਮ ਕਰਨ ਦਾ ਯਤਨ ਕੀਤਾ ਹੈ। ਇਸ ਸਨਅਤ ਦਾ ਮੌਂਜਬੀਕ ਦੀ ਕੁਲ ਜੀ. ਡੀ. ਪੀ. ਵਿਚ 40 ਫੀਸਦੀ ਹਿੱਸਾ ਹੋਣਾ ਸੀ, ਪਰ ਅਫਸੋਸ! ਇੱਕ ਨਿੱਕੇ ਜਿਹੇ ਅਣਜਾਣੇ ਇਸਲਾਮੀ ਗਰੁੱਪ ਨੇ ਗੈਸ ਫੀਲਡ ਦੇ ਨੇੜਲੇ ਖੇਤਰ ਪਾਲਮਾ ਉਤੇ ਕਬਜਾ ਕਰ ਲਿਆ ਅਤੇ 2600 ਲੋਕਾਂ ਨੂੰ ਮਾਰ ਕੇ ਉਥੋਂ 7 ਲੱਖ ਲੋਕਾਂ ਨੂੰ ਭਜਾ ਦਿੱਤਾ। ਇਹ ਅਫਗਾਨਿਸਤਾਨ ਜਿਡੀ ਹੀ ਵੱਡੀ ਹਾਰ ਹੈ, ਪਰ ਇਸ ਦਾ ਜਿ਼ਕਰ ਇਸ ਕਰ ਕੇ ਘਟ ਹੋਇਆ ਹੈ, ਕਿਉਂਕਿ ਇਸ ਵਿਚ ਕੋਈ ਵੱਡੀ (ਸਾਮਰਾਜੀ) ਤਾਕਤ ਸ਼ਾਮਿਲ ਨਹੀਂ ਹੈ। ਟੋਟਲ ਕੰਪਨੀ ਅਤੇ ਉਸ ਦਾ ਸਾਰਾ ਫਰਾਂਸੀਸੀ ਅਮਲਾ-ਫੈਲਾ ਉਥੋਂ ਦੌੜ ਗਿਆ ਹੈ, ਇਥੇ ਕੁਝ ਪਤਾ ਨਹੀਂ ਤੇ ਕੋਈ ਨਹੀਂ ਜਾਣਦਾ ਕਿ ਹਾਲਾਤ ਕਦੋਂ ਸੁਧਰਨਗੇ ਅਤੇ ਇਹ ਓਪਰੇਸ਼ਨ ਦੁਬਾਰਾ ਕਦੋਂ ਸ਼ੁਰੂ ਹੋਵੇਗਾ? ਸਾਰੀਆਂ ਪੱਛਮੀ ਤਾਕਤਾਂ ਨਿੱਤ ਲੜੀਆਂ ਜਾ ਰਹੀ ਜੰਗਾਂ ਤੋਂ ਘਬਰਾਈਆਂ ਹੋਈਆ ਹਨ।
ਬਹੁਤੇ ਭਾਰਤੀ ਲਿਬਰਲ ਬੁੱਧੀਜੀਵੀ ਆਲਮੀ ਜਿਹਾਦ ਦੀ ਨਿਖੇਧੀ ਕਰਨ ਤੋਂ ਇਸ ਪੱਖੋਂ ਝਕਦੇ ਹਨ, ਕਿਉਂਕਿ ਉਨ੍ਹਾਂ ਨੂੰ (ਸਹੀ) ਡਰ ਹੈ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਫਿਰਕੂ ਨਫਰਤੀ ਪ੍ਰਚਾਰ ਨੂੰ ਤਕੜਾ ਕਰੇਗਾ। ਕੁਝ ਲਿਬਰਲ ਤਾਲਿਬਾਨ ਨੂੰ ਨੱਥ ਪਾਉਣ ਦੀ ਆਸ ਲਾਈ ਬੈਠੇ ਹਨ, ਪਰ ਇਹ ਇਕ ਭਰਮ ਹੈ। ਆਲਮੀ ਇਸਲਾਮੀ ਉਭਾਰ ਤੇ ਹਿੰਦੂ ਰਾਸ਼ਟਰਵਾਦ ਯਕੀਨੀ ਟਕਰਾਅ ਵਿਚ ਆਉਣਗੇ ਅਤੇ ਦੋਹਾਂ ਪਾਸਿਆਂ ਦੀ ਫਿਰਕਾਪ੍ਰਸਤੀ ਨੂੰ ਤਕੜਾ ਕਰਨਗੇ। ਥੋੜ੍ਹੇ ਸਮੇਂ ਲਈ ਭਾਵੇਂ ਇਸ ਦਾ ਭਾਜਪਾ ਨੂੰ ਫਾਇਦਾ ਹੋਵੇ, ਪਰ ਸਮੁੱਚੇ ਸਮਾਜ ਅਤੇ ਅਰਥਚਾਰੇ ਲਈ ਇਹ ਬਹੁਤ ਭਿਆਨਕ ਹੋਵੇਗਾ।
(ਟਾਈਮਜ਼ ਆਫ ਇੰਡੀਆ ਤੋਂ ਧੰਨਵਾਦ ਸਹਿਤ)