ਵਡੇਰੀ ਉਮਰ ਦਾ ਸੁਹੱਪਣ

ਅਰੁਕ ਅਤੇ ਅਰੋਕ ਵਕਤ ਤੁਰਦਾ ਹੈ ਤਾਂ ਬੜਾ ਕੁਝ ਬਦਲਦਾ ਹੈ। ਤਬਦੀਲੀ ਕੁਦਰਤ ਦਾ ਅਮੋੜ ਨੇਮ ਹੈ ਪਰ ਜਦੋਂ ਵੀ ਕਦੀ ਮਨੁੱਖ ਦਾ ਪ੍ਰਸੰਗ ਛਿੜਦਾ ਹੈ ਤਾਂ ਮਨੁੱਖ ਵਕਤ ਦੇ ਨਾਲ-ਨਾਲ ਵਧਦੀ ਉਮਰ ਤੋਂ ਔਖਾ ਮਹਿਸੂਸ ਕਰਦਾ ਹੈ; ਖਾਸ ਕਰ ਉਦੋਂ, ਜਦੋਂ ਉਮਰ ਦਾ ਢਲਦਾ ਪਹਿਰ ਆਰੰਭ ਹੁੰਦਾ ਹੈ। ਪ੍ਰੋ. ਬ੍ਰਿਜਿੰਦਰ ਸਿੰਘ ਸਿੱਧੂ ਨੇ ਆਪਣੇ ਇਸ ਲੇਖ ਵਿਚ ਵਡੇਰੀ ਉਮਰ ਦੀ ਹਕੀਕਤ ਨੂੰ ਤਸਲੀਮ ਕਰਦਿਆਂ ਕੁਝ ਸੂਖਮ ਅਤੇ ਸੱਚੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਗੱਲਾਂ-ਬਾਤਾਂ ਨੂੰ ਜੇ ਸੰਜੀਦਗੀ ਨਾਲ ਵਿਚਾਰ ਲਿਆ ਜਾਵੇ ਤਾਂ ਸੱਚਮੁੱਚ, ਵਡੇਰੀ ਉਮਰ ਦਾ ਸੁਹੱਪਣ ਡੁੱਲ੍ਹ-ਡੁੱਲ੍ਹ ਪੈਂਦਾ ਲਗਦਾ ਹੈ।

ਪ੍ਰੋ. ਬ੍ਰਿਜਿੰਦਰ ਸਿੰਘ ਸਿੱਧੂ
ਫੋਨ: 925-683-1982

ਧਨਾਢ ਬਣਨ ਦੀ ਇੱਛਾ ਨਾ ਹੋਵੇ, ਅਮੀਰ ਕਹਾਉਣ ਦੀ ਚਾਹਤ ਨਾ ਹੋਵੇ, ਮਾਇਕ ਥੁੜ੍ਹ ਨਾਲ ਆਜ਼ਿਜ਼ ਦੀ ਨੌਬਤ ਨਾ ਆਵੇ, ਕੋਈ ਅਣਹੋਣੀ ਘਟਨਾ ਜਾਂ ਲਾਇਲਾਜ ਦਰਦਨਾਕ ਬਿਮਾਰੀ ਵਿਚ ਇਨਸਾਨ ਮੁਬਤਿਲਾ ਨਾ ਹੋਵੇ ਅਤੇ ਕੁਦਰਤ ਵਲੋਂ ਬਖਸ਼ੀ ਸਹੀ ਸੋਚ ਮਿਲ ਜਾਵੇ, ਫਿਰ ਬੁਢਾਪੇ ਵਿਚ ਮੌਜਾਂ ਹੀ ਮੌਜਾਂ! ਬੜੀ ਖੁਸ਼ੀ ਨਾਲ ਕਹੋ, ਵਡੇਰੀ ਉਮਰ ਤੇਰੀ ਉੱਤਮ ਜਾਤ, ਇਕ ਵਡਮੁੱਲੀ ਦਾਤਿ, ਵਕਤਿ ਪੀਰੀ ਇਕ ਖੂਬਸੂਰਤ ਅੰਦਾਜ਼। ਢਲਦੀ ਉਮਰ ਸਤਰੰਗੀ ਪੀਂਘ, ਸੁਰਗ ਦਾ ਝੂਟਾ। ਹੋਰ ਸ਼ੈਅ ਨਾਲ ਪ੍ਰੇਮ ਦਾ ਅਹਿਸਾਸ!
ਜਾਗਣ ਅਤੇ ਨੀਂਦ ਲਈ ਖੁੱਲ੍ਹਾ ਸਮਾਂ ਅਤੇ ਕਿਸੇ ਵੀ ਸ਼ੌਕੀਆ ਆਹਰ ਵਿਚ ਸਖਤ ਅਤੇ ਕਰੜੀ ਜ਼ਿੰਮੇਵਾਰੀ ਨਹੀਂ। ਹੋਰ ਰੱਬ ਤੋਂ ਕੀ ਮੰਗਣਾ!
ਅਨੇਕ ਪ੍ਰਕਾਰ ਦੇ ਡਰਾਂ ਵਿਚੋਂ ਮੌਤ ਦਾ ਡਰ ਬਹੁਤ ਭਿਆਨਕ ਹੈ ਪਰ ਢਲਦੀ ਉਮਰ ਵਿਚ ਲਗਭਗ ਸਾਰੇ ਲੋਕਾਂ ਦੀ ਮੌਤ ਦੇਖਦਿਆਂ ਬੁਢਾਪੇ ਵਿਚ ਸੁਭਾਵਿਕ ਜਿਹੀ ਗੱਲ ਲਗਦੀ ਹੈ, ਫਿਰ ਡਰ ਕਿਸ ਲਈ? ਹਰ ਬੰਦੇ ਦੀ ਜੀਵਨ ਲਹਿਰ ਦਾ ਵੱਡੀ ਅਤੇ ਕਦੀ ਨਾ ਰੁਕਣ ਵਾਲੀ ਲਹਿਰ ਵਿਚ ਸਮਾਅ ਜਾਣਾ ਹੀ ਤਾਂ ਮੌਤ ਹੈ। ਸ਼ਾਇਦ ਇਸੇ ਕਰਕੇ ਫਰਮਾਨ ਹੈ:
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥
ਪੁਰਾਣੇ ਸਮੇਂ ਵਿਚ ਆਵਾਜਾਈ ਦੇ ਸਾਧਨ ਘੱਟ ਸਨ। ਬਹੁਤੇ ਆਦਮੀ ਆਪਣੀ ਜਨਮ ਭੂਮੀ ਵਿਚ ਹੀ ਅਖੀਰਲਾ ਸੁਆਸ ਲੈਂਦੇ ਸਨ। ਅੱਜ ਕੱਲ੍ਹ ਬਜ਼ੁਰਗ ਲੋਕ ਵਿਦੇਸ਼ਾਂ ਵਿਚ ਆਉਂਦੇ ਜਾਂਦੇ ਰਹਿੰਦੇ ਹਨ ਪਰ ਉਨ੍ਹਾਂ ਦਾ ਵਿਸ਼ਵਾਸ ਆਪਣੀ ਹੀ ਜਨਮ ਮਿੱਟੀ ਵਿਚ, ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਵਿਚ ਹੀ ਦਮ ਤੋੜਦਾ ਹੈ। ਉਨ੍ਹਾਂ ਨੂੰ ਇਸ ਇੱਛਾ ਦੀ ਪੂਰਤੀ ਦਾ ਫਿਕਰ ਲੱਗਿਆ ਰਹਿੰਦਾ ਹੈ। ਇਸ ਫਿਕਰ ਤੋਂ ਮੁਕਤ ਹੋਣਾ ਹੀ ਚੰਗੀ ਜੀਵਨ-ਜਾਚ ਹੈ। ਕਰੋਨਾ ਦੇ ਕਹਿਰ ਨੇ ਦੁਨੀਆ ਦਾ ਨਕਸ਼ਾ ਹੀ ਬਦਲ ਦਿੱਤਾ ਹੈ ਪਰ ਇਸ ਦੇ ਇਕ ਪਹਿਲੂ ਨੇ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਇਸ ਦੇ ਮਰੀਜ਼ਾਂ ਦੇ ਸੰਸਕਾਰ ਲਈ ਨਜ਼ਦੀਕੀਆਂ ਅਤੇ ਰਿਸ਼ਤੇਦਾਰਾਂ ਨਾਲੋਂ ਲੋਕ ਸੇਵਕ ਸੰਸਥਾਵਾਂ ਕਈ ਗੁਣਾ ਵੱਧ ਮਦਦਗਾਰ ਸਾਬਤ ਹੋਈਆਂ ਹਨ। ਇਸ ਲਈ ਇਹ ਚਿੰਤਾ ਬੇਮਾਇਨੀ! ਸੇਕਸ਼ਪੀਅਰ ਦਾ ਕਥਨ ਹੈ: ਹੈਂਗਿੰਗ ਐਂਡ ਵਾਈਵਿੰਗ ਗੋ ਬਾਈ ਡੈਸਟਿਨੀ। ਇਨਸਾਨ ਨੇ ਕਿਥੇ, ਕਿਸ ਤਰ੍ਹਾਂ ਅਤੇ ਕਦੋਂ ਮਰਨਾ ਹੈ, ਇਹ ਕੁਦਰਤ ਦੇ ਹੱਥ ਹੈ। ਸੋ ਇਸ ਫਿਕਰ ਨੂੰ ਹਵਾ ਵਿਚ ਉਡਾ ਦਿਓ!
ਬੜੀ ਦਿਲਚਸਪ ਘਟਨਾ ਯਾਦ ਆ ਗਈ ਹੈ। ਵੀਹ ਕੁ ਸਾਲ ਪਹਿਲਾਂ ਮੈਂ ਕੈਲੀਫੋਰਨੀਆ ਦੀ ਲੋਕਲ ਬੱਸ ਵਿਚ ਸਫਰ ਕਰ ਰਿਹਾ ਸੀ। ਮੇਰੇ ਨਾਲ ਦੀ ਖਾਲੀ ਸੀਟ ਉਪਰ ਭਾਰਤੀ ਬਜ਼ੁਰਗ ਬੀਬੀ ਆ ਬੈਠੀ। ਉਹ ਪੱਛਮੀ ਬੰਗਾਲ ਤੋਂ ਆਈ ਸੀ। ਮੈਂ ਉਸ ਨੂੰ ਬੜੇ ਸਤਿਕਾਰ ਨਾਲ ਨਮਸਕਾਰ ਕੀਤੀ। ਥੋੜ੍ਹੀ ਦੇਰ ਪਿਛੋਂ ਬਗੈਰ ਕਿਸੇ ਵਿਸ਼ੇ ਤੋਂ ਉਹ ਕਹਿਣ ਲੱਗੀ, ‘ਮੇਰਾ ਰਿਸ਼ਤਾ ਭਾਰਤ ਦੇ ਮਸ਼ਹੂਰ ਏਅਰ ਮਾਰਸ਼ਲ ਮੁਕਰਜੀ ਨਾਲ ਤੈਅ ਹੋਇਆ ਸੀ ਪਰ ਅਸੀਂ ਹੀ ਠੁਕਰਾ ਦਿੱਤਾ।’ ਇਹ ਸੁਣ ਕੇ ਮੈਨੂੰ ਉਸ ਦੇ ਬੁਢਾਪੇ ਦੀ ਉਦਾਸ ਸੋਚ ‘ਤੇ ਤਰਸ ਆਇਆ। ਇਸੇ ਤਰ੍ਹਾਂ ਇਕ ਨਜ਼ਦੀਕੀ ਸੀਨੀਅਰ ਇੰਜੀਨੀਅਰ ਨੇ ਇਕ ਦਿਨ ਮੈਨੂੰ ਕਿਹਾ, ‘ਫਲਾਣੇ ਬਹੁਤ ਅਮੀਰ ਘਰ ਤੋਂ ਮੈਨੂੰ ਰਿਸ਼ਤਾ ਆਉਂਦਾ ਸੀ ਪਰ ਮੇਰੀ ਮਾਂ ਦੇ ਸਾਧਾਰਨ ਕੱਪੜੇ ਦੇਖ ਕੇ ਉਨ੍ਹਾਂ ਨਾਂਹ ਕਰ ਦਿੱਤੀ।’ ਬਹੁਤ ਸਾਰੇ ਲੋਕ ਇਹੋ ਜਿਹੀਆਂ ਫਜ਼ੂਲ ਗੱਲਾਂ ਦੇ ਸ਼ਿਕਾਰ ਹਨ। ਢਲਦੀ ਉਮਰ ਵਿਚ ਉਨ੍ਹਾਂ ਨੂੰ ਸ਼ੇਕਸਪੀਅਰ ਦਾ ਕਥਨ ਯਾਦ ਰੱਖਣਾ ਚਾਹੀਦਾ ਹੈ-ਵਾਈਵਿੰਗ ਗੋ ਬਾਈ ਡੈਸਟਿਨੀ!
ਰਿਸ਼ਤੇ-ਨਾਤਿਆਂ ਦੀ ਦੁਖਦਾਈ ਲਹਿਰ ਅੱਜ ਕੱਲ੍ਹ ਵਿਦੇਸ਼ਾਂ ਵਿਚ ਰਹਿੰਦੇ ਬਜ਼ੁਰਗਾਂ ਨੂੰ ਕਾਫੀ ਤੰਗ ਕਰ ਰਹੀ ਹੈ। ਉਨ੍ਹਾਂ ਦੇ ਬੱਚਿਆਂ ਦੇ ਵਿਆਹ ਟੁੱਟ ਰਹੇ ਹਨ। ਉਹ ਬਹੁਤ ਗਮਗੀਨ ਹਨ। ਕਈ ਵਾਰ ਆਪਣੇ ਆਪ ਨੂੰ ਕਸੂਰਵਾਰ ਸਮਝਦੇ ਹਨ ਅਤੇ ਕਈ ਵਾਰ ਵਿਚੋਲਿਆਂ ਨੂੰ ਦੋਸ਼ੀ ਗਰਦਾਨਦੇ ਹਨ। ਅਸਲੀਅਤ ਕੁਝ ਹੋਰ ਹੈ। ਜਾਣ ਬੁਝ ਕੇ ਕੋਈ ਗਲਤੀ ਨਹੀਂ ਕਰਦਾ। ਅਣਗਹਿਲੀ ਅਤੇ ਅਗਿਆਨਤਾ ਦੇ ਅਸੀਂ ਬਹੁਤ ਵਾਰ ਸ਼ਿਕਾਰ ਹੁੰਦੇ ਹਾਂ। ਕਈ ਲੋਕ ਅਗਾਂਹਵਧੂ ਸੋਚ ਅਧੀਨ ਮਹਿਸੂਸ ਕਰਦੇ ਹਨ ਕਿ ਕਿਸੇ ਵੀ ਨੂੰਹ ਜੁਆਈ ਨੂੰ ਅਸੀਂ ਆਪਣੀ ਚੰਗਿਆਈ ਅਤੇ ਇਮਾਨਦਾਰੀ ਦੀ ਬੱਝਵੀਂ ਰੋਸ਼ਨੀ ਨਾਲ ਭਖਦੀ ਲਾਟ ਬਣਾ ਦਿਆਂਗੇ, ਉਨ੍ਹਾਂ ਨੂੰ ਪੱਥਰ ਤੋਂ ਹੀਰਾ ਬਣਾ ਦਿਆਂਗੇ ਪਰ ਬਹੁਤ ਵਾਰ ਇਹ ਧਾਰਨਾ ਠੀਕ ਨਹੀਂ ਬੈਠਦੀ ਕਿਉਂਕਿ ਕਿਹਾ ਜਾਂਦਾ ਹੈ ਕਿ ਕੋਲੇ ਨੂੰ ਭਾਵੇਂ ਦੁੱਧ ਦਹੀਂ ਵਿਚ ਧੋ ਲਈਏ, ਇਹ ਕਾਲਾ ਕੋਲਾ ਹੀ ਰਹੇਗਾ। ਸੱਪਾਂ ਦੇ ਪੁੱਤ ਮਿੱਤ ਨਾ ਹੁੰਦੇ, ਚਾਹੇ ਕਿੰਨਾ ਦੁੱਧ ਪਿਲਾਈਏ!…ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।
ਸੱਤਵੀਂ ਜਮਾਤ ਵਿਚ ਫਾਰਸੀ ਪੜ੍ਹਦਿਆਂ ਇਕ ਟੋਟਕਾ ਅੱਜ ਤੱਕ ਯਾਦ ਹੈ।
ਖਰੇ ਈਸਾ ਗਰ ਬੇ-ਮੱਕਾ ਰਵੱਦ
ਚੂੰ ਬਿਆਦ ਖਰੇ ਬਾਸ਼ਿਦ
ਭਾਵ, ਜੇ ਈਸਾ ਦੇ ਗਧੇ ਨੂੰ ਮੱਕੇ ਜਿਹੀ ਪਵਿੱਤਰ ਜਗ੍ਹਾ ‘ਤੇ ਲੈ ਜਾਈਏ, ਵਾਪਸ ਆ ਕੇ ਉਹ ਗਧਾ ਹੀ ਰਹੇਗਾ।
ਸੋ ਕਿਸੇ ਨੂੰ ਵੀ ਦੋਸ਼ ਦੇਣਾ ਠੀਕ ਨਹੀਂ, ਸਾਡੀ ਆਪਣੀ ਹੀ ਗਿਣਤੀ-ਮਿਣਤੀ ਕੰਮ ਨਹੀਂ ਆਈ।
ਯਹ ਸ਼ੱਬੇ-ਗਮ (ਗਮ ਦੀ ਰਾਤ ਜਾਂ ਸ਼ਾਮ) ਹਰ ਕਿਸੀ ਘਰ ਤੋ ਨਹੀਂ ਆਤੀ
ਯਹ ਬਲਾ ਹਮ ਨੇ ਖੁਦ ਬਲਾਈ ਹੈ।
ਸੋ, ਖਿੜੇ ਮੱਥੇ ਨਤੀਜੇ ਭੁਗਤੋ, ਮਾਨਿਸਕਤਾ ਨੂੰ ਲਕੋਈ ਰੱਖਣ ਦਾ ਇਹ ਹੀ ਹੁਨਰ ਹੈ।
ਉਰਦੂ ਬਹੁਤ ਮਿੱਠੀ ਅਤੇ ਅਮੀਰ ਜ਼ਬਾਨ ਹੈ। ਲਗਭਗ ਹਰ ਪੜ੍ਹਿਆ ਲਿਖਿਆ ਬੰਦਾ ਪੰਜਾਬੀ ਵਿਚ ਗੱਲ ਕਰਦਿਆਂ ਵੀ ਉਰਦੂ ਦਾ ਕੋਈ ਨਾ ਕੋਈ ਸ਼ਿਅਰ ਵਰਤੋਂ ਵਿਚ ਲੈ ਆਉਂਦਾ ਹੈ ਪਰ ਉਨ੍ਹਾਂ ਨੂੰ ਬਹੁਤ ਵਾਰ ਠੀਕ ਤਲੱਫਜ਼ (ਉਚਾਰਨ) ਦੀ ਪੂਰਨ ਸੂਝ ਨਹੀਂ ਹੁੰਦੀ। ਮੈਨੂੰ ਵੀ ਬਹੁਤੀ ਨਹੀਂ, ਫਿਰ ਵੀ ਜੁਆਨ ਅਵਸਥਾ ਵਿਚ ਹੋਰ ਲੋਕਾਂ ਦਾ ਗਲਤ ਉਚਾਰਨ ਚੰਗਾ ਨਹੀਂ ਸੀ ਲਗਦਾ। ਹੁਣ ਵਧਦੀ ਉਮਰ ਨੇ ਮੌਜ ਬਣਾ ਦਿੱਤੀ ਅਤੇ ਮਹਿਸੂਸ ਕਰਾ ਦਿੱਤਾ ਕਿ
ਨਹੀਂ ਖੇਲ ਐ ਦਾਗ ਯਾਰੋਂ ਸੇ ਕਹਿ ਦੋ,
ਕਿ ਆਤੀ ਹੈ ਉਰਦੂ ਜ਼ਬਾਂ ਆਤੇ-ਆਤੇ।
ਅੰਦਰੂਨੀ ਭਾਵ ਸਮਝ ਆ ਜਾਵੇ ਤਾਂ ਸਭ ਠੀਕ ਹੈ, ਕਿਸੇ ਨੂੰ ਵੀ ਨਾ ਟੋਕੋ।
ਬਜ਼ੁਰਗ ਅਵਸਥਾ ਵਿਚ ਆਮ ਬੰਦਿਆਂ ਦਾ ਪਾਠ ਪੂਜਾ ਵਿਚ ਰੁਝਾਨ ਹੋ ਜਾਂਦਾ ਹੈ। ਧਰਮ ਸਥਾਨਾਂ ਵੱਲ ਜਾਣ ਦੀ ਰੁਚੀ ਭਾਰੂ ਹੋ ਜਾਂਦੀ ਹੈ। ਨੌਜੁਆਨ ਪੀੜ੍ਹੀ ਬਹੁਤ ਵਾਰ ਇਸ ਪ੍ਰਥਾ ਤੋਂ ਮੁਨਕਿਰ ਹੈ। ਕਈ ਮਾਪੇ ਬੱਚਿਆਂ ਦੀ ਇਸ ਆਦਤ ਨੂੰ ਚੰਗਾ ਨਹੀਂ ਸਮਝਦੇ ਅਤੇ ਦੁਖੀ ਰਹਿੰਦੇ ਹਨ। ਇਹ ਗੱਲ ਠੀਕ ਨਹੀਂ। ਉਹ ਆਪਣੀ ਜਵਾਨੀ ਦੇ ਦਿਨਾਂ ਵੱਲ ਝਾਤ ਮਾਰਨ। ਪਤਾ ਲੱਗ ਜਾਵੇਗਾ ਕਿ ਸਾਡੀ ਉਮਰ ਵਿਚ ਪਹੁੰਚ ਕੇ ਇਹ ਵੀ ਸਾਡੇ ਜਿਹੇ ਹੀ ਹੋ ਜਾਣਗੇ ਜਾਂ ਨਿਸਚਿੰਤ ਹੋ ਕੇ ਗੁਰਬਾਣੀ ਵਿਚ ਭਰੋਸਾ ਕਰੋ:
ਏਹੁ ਤਿਨ ਕੈ ਮੰਨਿ ਵਸਿਆ
ਜਿਨ ਧੁਰਹੁ ਲਿਖਿਆ ਆਇਆ॥
ਮੇਰੀ ਜਾਣ-ਪਛਾਣ ਵਾਲੇ ਕਈ ਸਾਥੀ ਬਹੁਤ ਸ਼ਿਕਵਾ ਕਰਦੇ ਹਨ ਕਿ ਹੁਣ ਪਹਿਲਾਂ ਵਾਂਗ ਸਾਨੂੰ ਕੋਈ ਮਿਲਣ ਲਈ ਆਉਂਦਾ। ਉਹ ਭੋਲੇ ਪੰਛੀ ਇਸ ਹਕੀਕਤ ਤੋਂ ਅਣਜਾਣ ਹਨ:
ਵਕਤਿ ਪੀਰੀ ਦੋਸਤੋਂ ਕੀ ਬੇਰੁਖੀ ਕਾ ਕਿਆ ਗਿਲਾ
ਬਚ ਕੇ ਚਲਤਾ ਹਰ ਕੋਈ ਗਿਰਤੀ ਹੂਈ ਦੀਵਾਰ ਸੇ।
ਉਨ੍ਹਾਂ ਨੂੰ ਚਾਹੀਦਾ ਹੈ ਕਿ ਬੁਢਾਪੇ ਨੂੰ ਕੁਦਰਤ ਦੀ ਬਖਸ਼ੀ ਦਾਤਿ ਸਮਝਦਿਆਂ ਹਿੰਮਤ ਕਰਨ। ਸਭ ਲਈ ਬਹੁਤ ਸਾਰੇ ਸ਼ੌਕ ਹਾਜ਼ਰ ਹਨ, ਜਿਵੇਂ ਮਿਊਜ਼ਿਕ ਸੁਣਨਾ, ਟੀ.ਵੀ. ਦੇ ਬੇਅੰਤ ਪ੍ਰੋਗਰਾਮ, ਗੂਗਲ ਰਾਹੀਂ ਦੁਨੀਆ ਭਰ ਦੀ ਜਾਣ-ਪਛਾਣ, ਬਾਗਬਾਨੀ। ਜੇ ਘਰ ਵੱਡਾ ਹੋਵੇ, ਔਰਗੈਨਿਕ ਸਬਜ਼ੀਆਂ ਦੀ ਕਾਸ਼ਤ ਵਗੈਰਾ ਵਗੈਰਾ। ਆਪੋ-ਆਪਣੀ ਤਬੀਅਤ ਅਨੁਸਾਰ ਇਨ੍ਹਾਂ ਵਿਚੋਂ ਕੋਈ ਨਾ ਕੋਈ ਸ਼ੌਕ ਉਨ੍ਹਾਂ ਦਾ ਮਨ ਪ੍ਰਚਾਵਾ ਬਣ ਸਕਦਾ ਹੈ। ਇਕੱਲਤਾ ਮਹਿਸੂਸ ਨਹੀਂ ਹੋਵੇਗੀ। ਸਾਰੇ ਤਾਂ ਨਹੀਂ, ਐਸੇ ਬਜ਼ੁਰਗ ਵੀ ਹਨ ਜਿਨ੍ਹਾਂ ਨੂੰ ਸੈਰ ਕਰਦਿਆਂ ਜੋ ਕੋਈ ਵੀ ਮਿਲਦਾ, ਨਮਸਕਾਰ ਕਰ ਦੇਵੇ ਤਾਂ ਉਸ ਨੂੰ ਆਪਣੀਆਂ ਸਫਲਤਾਵਾਂ ਅਤੇ ਗਿਆਨ ਨਸੀਹਤਾਂ ਦੇਣ ਲੱਗ ਜਾਂਦੇ ਹਨ। ਇਹ ਸੁਭਾਅ ਠੀਕ ਨਹੀਂ। ਯਾਦ ਰੱਖੋ:
ਬਿਨ ਗਾਹਕ ਗੁਣ ਵੇਚੀਏ ਤਓ ਗੁਣ ਸਹਿਗੋ ਜਾਏ
ਗੁਣ ਕਾ ਗਾਹਕ ਜੋ ਮਿਲੇ ਤਓ ਗੁਣ ਲਾਖ ਬਿਕਾਏ।
ਇਸ ਲਈ ਜੇ ਕੋਈ ਬਹੁਤ ਸਤਿਕਾਰ ਨਾਲ ਇਨ੍ਹਾਂ ਨੂੰ ਬੇਨਤੀ ਕਰੇ ਤਾਂ ਜ਼ਰੂਰ ਆਪਣੀ ਗਿਆਨਤਾ ਦਾ ਮੁੱਲ ਪੁਆਉਣ।
ਵਧਦੀ ਉਮਰ ਅਜੀਬ ਖੇਡ ਹੈ। ਮੈਨੂੰ ਸੇਵਾ ਮੁਕਤ ਹੋਏ ਕਈ ਬੰਦਿਆਂ ਨੇ ਕਿਹਾ ਹੈ- ਅਸੀਂ ਤਾਂ ਸਾਰੀ ਉਮਰ ਇਮਾਨਦਾਰੀ ਨਾਲ ਨੌਕਰੀ ਕੀਤੀ, ਅਸੀਂ ਵੀ ਜੇ ਰਿਸ਼ਵਤ ਦੀ ਵਹਿੰਦੀ ਗੰਗਾ ਵਿਚ ਚੁੱਭੀ ਲਾ ਲੈਂਦੇ, ਮੌਜਾਂ ਕਰਨੀਆਂ ਸੀ।…ਕਈ ਸੋਚਦੇ ਹਨ ਕਿ ਜੇ ਥੋੜ੍ਹੀ ਕੋਸ਼ਿਸ਼ ਕਰਦੇ, ਬਹੁਤ ਉੱਚੀ ਨੌਕਰੀ ਮਿਲ ਜਾਣੀ ਸੀ। ਇਹੋ ਜਿਹੇ ਪਛਤਾਵੇ ਚੰਗੀ ਸੋਚ ਨਹੀਂ। ਸਾਨੂੰ ਆਪਣੀ ਇਮਾਨਦਾਰੀ ‘ਤੇ ਖੁਸ਼ ਰਹਿਣਾ ਚਾਹੀਦਾ ਹੈ। ਕਿਸੇ ਨੂੰ ਵੀ ਪੂਰਨ ਤਸੱਲੀ ਨਸੀਬ ਨਹੀਂ ਹੁੰਦੀ।
ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ।
ਕਭੀ ਜ਼ਮੀਂ, ਕਭੀ ਆਸਮਾਨ ਨਹੀਂ ਮਿਲਤਾ।
ਭਾਰਤੀ ਸਮਾਜ ਆਮ ਕਰਕੇ, ਤੇ ਪੰਜਾਬੀ ਸਮਾਜ ਖਾਸ ਕਰਕੇ ਲੜਕੀਆਂ ਨੂੰ ਪੂਰਾ ਹੱਕ ਮਿਲਣ ਦੇ ਬਾਵਜੂਦ ਘਰ ਵਿਚ ਬੱਚੀਆਂ ਦੀ ਆਮਦ ਨੂੰ ਮੁੰਡਿਆਂ ਦੀ ਆਮਦ ਜਿਹੀ ਖੁਸ਼-ਆਮਦੀਦ ਨਹੀਂ ਕਹਿੰਦੇ। ਪੇਂਡੂ ਬਜ਼ੁਰਗ ਖਾਸ ਕਰਕੇ ਚੰਗੀਆਂ ਜ਼ਮੀਨਾਂ ਦੇ ਮਾਲਕ ਤਾਂ ਲੜਕੀਆਂ ਦੇ ਜਨਮ ਦਿਨ ਵੀ ਨਹੀਂ ਮਨਾਉਂਦੇ। ਇਹ ਬਹੁਤ ਨਿੰਦਣਯੋਗ ਧਾਰਨਾ ਹੈ। ਉਹ ਵੀ ਯਾਦ ਰੱਖਣ ਕਿ ਧੀਆਂ, ਪੋਤੀਆਂ ਅਤੇ ਦੋਹਤੀਆਂ ਬਜ਼ੁਰਗਾਂ ਨੂੰ ਵੱਧ ਪਿਆਰ ਦਿੰਦੀਆਂ ਹਨ। ਅੱਜ ਕੱਲ੍ਹ ਖੇਡਾਂ, ਇਮਤਿਹਾਨਾਂ, ਹਵਾਈ ਜਹਾਜ਼ਾਂ ਦੀਆਂ ਉਡਾਣਾਂ, ਨਾਸਾ ਦੇ ਪ੍ਰਿਥਵੀ ਦੁਆਲੇ ਚੱਕਰਾਂ; ਗੱਲ ਕੀ ਹਰ ਖੇਤਰ ਵਿਚ ਲੜਕੀਆਂ ਲੜਕਿਆਂ ਨਾਲੋਂ ਵੱਧ ਕੁਸ਼ਲਤਾ ਨਾਲ ਕੰਮ ਕਰ ਰਹੀਆਂ ਹਨ। ਬੇਅੰਤ ਬਜ਼ੁਰਗਾਂ ਦੇ ਆਖਰੀ ਸੁਆਸ ਧੀਆਂ ਦੇ ਘਰਾਂ ਵਿਚ ਹੀ ਪੂਰੇ ਹੁੰਦੇ ਹਨ। ਸੋ, ਧੀਆਂ ਪੁੱਤ ਸਭ ਕੁਦਰਤ ਦੀ ਬਖਸ਼ਿਸ਼ ਹਨ। ਖਿੜੇ ਮੱਥੇ ਇਨ੍ਹਾਂ ਦੀ ਆਮਦ ਨੂੰ ਸਵੀਕਾਰ ਕਰੋ ਅਤੇ ਬੁਢਾਪੇ ਨੂੰ ਪਛਤਾਵੇ ਦਾ ਮੰਜ਼ਰ ਨਾ ਬਣਾਓ।
ਕੁਝ ਸ਼ਖਸ ਸਾਰੀ ਉਮਰ ਤੰਦਰੁਸਤ ਰਹਿਣ ਕਰਕੇ ਵਧਦੀ ਉਮਰ ਵਿਚ ਛੋਟੀਆਂ-ਛੋਟੀਆਂ ਬਿਮਾਰੀਆਂ ਨੂੰ ਕਬੂਲ ਨਹੀਂ ਕਰਦੇ। ਉਨ੍ਹਾਂ ਨੂੰ ਇਹ ਝੋਰਾ ਬਹੁਤ ਪ੍ਰੇਸ਼ਾਨ ਕਰਦਾ ਹੈ। ਉਹ ਕਹਿੰਦੇ ਹਨ, ਮੇਰੀ ਨਿਗ੍ਹਾ ਕਿਉਂ ਘਟ ਗਈ, ਮੇਰੇ ਗੋਡੇ ਕਿਉਂ ਦੁਖਦੇ ਹਨ, ਮੈਨੂੰ ਕਬਜ਼ ਬਹੁਤ ਤੰਗ ਕਰਦੀ ਹੈ। ਗੱਲ ਕੀ, ਉਹ ਇਨ੍ਹਾਂ ਸਾਧਾਰਨ ਅਲਾਮਤਾਂ ਤੋਂ ਬਹੁਤ ਪ੍ਰੇਸ਼ਾਨ ਰਹਿੰਦੇ ਹਨ। ਉਹ ਭੁੱਲ ਜਾਂਦੇ ਹਨ ਕਿ ਇਹ ਮੁਸ਼ਕਿਲਾਂ ਬੁਢਾਪੇ ਦੀਆਂ ਨਿਸ਼ਾਨੀਆਂ ਹਨ। ਇੱਕ ਦਾ ਇਲਾਜ ਕਰੋ, ਫਿਰ ਕੁਝ ਦੇਰ ਪਿਛੋਂ ਦੂਜੀ ਆ ਖਲੋਂਦੀ ਹੈ। ਆਸਾ ਦੀ ਵਾਰ ਵਿਚ ਗੁਰੂ ਨਾਨਕ ਦੇਵ ਜੀ ਜੋ ਕਹਿੰਦੇ ਹਨ, ਉਸ ਦਾ ਭਾਵ ਇਹੀ ਹੈ ਕਿ ਜੇ ਵੱਡੀ ਉਮਰ ਨੂੰ ਕਿਸੇ ਤਰੀਕੇ ਨਾਲ ਦੂਰ ਕਰੋਗੇ ਤਾਂ ਕੋਈ ਹੋਰ ਭੇਸ ਧਾਰ ਕੇ ਸਾਹਮਣੇ ਆ ਜਾਵੇਗੀ। ਸੋ, ਐਵੇਂ ਔਖੇ ਨਾ ਹੋਵੋ, ਇਨ੍ਹਾਂ ਅਲਾਮਤਾਂ ਦਾ ਢੁਕਵਾਂ ਇਲਾਜ ਕਰਾਓ ਅਤੇ ਖੁਸ਼ ਰਹੋ। ਲੋੜੀਦੀਆਂ ਦਵਾਈਆਂ ਅਤੇ ਵਿਟਾਮਿਨ ਨੂੰ ਥੋੜ੍ਹੇ ਕੌੜੇ ਮੇਵੇ ਸਮਝ ਕੇ ਖਾ ਲਵੋ। ਇਹ ਨਿਮਾਣਾ ਜਿਹਾ ਲੇਖ ਸਿੱਧੇ ਸਾਦੇ ਬਜ਼ੁਰਗਾਂ ਦੇ ਜੀਵਨ ਵਿਚ ਮਾਯੂਸੀ ਦੀ ਥਾਂ ਖੇੜਾ ਲਿਆਉਣ ਦਾ ਉਪਰਾਲਾ ਹੈ। ਬੁੱਧੀਜੀਵੀ, ਵਿਦਵਾਨ ਅਤੇ ਉਚ ਪਦਵੀ ਦੇ ਸਾਹਿਤਕਾਰ ਇਨ੍ਹਾਂ ਸਾਧਾਰਨ ਦਲੀਲਾਂ ਨਾਲੋਂ ਬਹੁਤ ਉੱਚੇ ਹਨ। ਮੇਰੀ ਉਨ੍ਹਾਂ ਨੂੰ ਸਤਿਕਾਰ ਭਰੀ ਨਮਸਕਾਰ।
ਅੱਜ ਕੱਲ੍ਹ ਇਕ ਸਵਾਲ ਚਰਚਾ ਦਾ ਵਿਸ਼ਾ ਹੈ; ਉਹ ਹੈ- ਇਸ ਦੁਨੀਆ ਵਿਚ ਰਿਸ਼ਵਤ, ਬਦਅਮਨੀ ਅਤੇ ਬਹੁਤ ਅਣਸੁਖਾਵੀਂਆਂ ਘਟਨਾਵਾਂ ਦਾ ਬੋਲਬਾਲਾ ਹੈ। ਲੋਕਾਈ ਦਾ ਕੀ ਭਵਿੱਖ ਹੈ?
ਇਸ ਦਾ ਜਵਾਬ ਸੌਖਾ ਨਹੀਂ। ਫਿਰ ਵੀ ਹਰ ਕੋਈ ਆਪੋ-ਆਪਣਾ ਕਿਆਸ ਜ਼ਰੂਰ ਲਗਾਉਂਦਾ ਹੈ। ਮੇਰੀ ਤੁੱਛ ਬੁੱਧੀ ਅਨੁਸਾਰ ਸਭ ਕੁਝ ਸਮੇਂ ਨਾਲ ਠੀਕ ਹੋ ਜਾਵੇਗਾ। ਡਿਕਟੇਟਰਾਂ ਦਾ ਅੰਤ ਕਦੀ ਵੀ ਕੁਦਰਤੀ ਨਹੀਂ ਹੁੰਦਾ। ਕੋਈ ਹਵਾਈ ਜਹਾਜ਼ ਕਰੈਸ਼ ਵਿਚ ਮਰਦਾ ਹੈ, ਕਈਆਂ ਨੂੰ ਅੰਗ ਰੱਖਿਅਕ ਮਾਰ ਦਿੰਦੇ ਹਨ ਅਤੇ ਕਈ ਦੇਸ਼ ਤੋਂ ਭੱਜ ਜਾਂਦੇ ਹਨ। ਕਿਸੇ ਹੰਕਾਰੀ ਨੇ ਜਿੰਨੇ ਜ਼ੁਲਮ ਅਤੇ ਬੇਇਨਸਾਫੀ ਦੀ ਵਰਤੋਂ ਕੀਤੀ ਹੋਵੇ, ਉਤਨੀ ਹੀ ਉਸ ਦੇ ਜਾਣ ਪਿੱਛੋਂ ਜਨਤਾ ਸੂਝਵਾਨ ਅਤੇ ਸੰਵੇਦਨਸ਼ੀਲ ਹੁੰਦੀ ਹੈ। ਸਮੇਂ ਦੀ ਖੂਬੀ ਹੈ ਕਿ ਇਹ ਗੁਜ਼ਰ ਜਾਂਦਾ ਹੈ। ਬੁਰਾ ਹੋਵੇ ਜਾਂ ਭਲਾ ਹੋਵੇ। ਸੋ, ਚੜ੍ਹਦੀ ਕਲਾ ਵਿਚ ਰਹੀਏ:
ਰਾਤ ਜਿਤਨੀ ਭੀ ਸੰਗੀਨ ਹੋਗੀ
ਸੁਬ੍ਹਾ ਉਤਨੀ ਹੀ ਰੰਗੀਨ ਹੋਗੀ।
ਪਿਛਲੇ ਪੰਜ ਮਹੀਨਿਆਂ ਤੋਂ ਸ਼ੁਰੂ ਹੋਈ ਮੇਰੀ ਅੱਖ ਦੀ ਤਕਲੀਫ ਬਾਬਤ ਲਿਖਣ ਨੂੰ ਮਨ ਕਰ ਆਇਆ। ਡਾਕਟਰਾਂ ਦੀ ਬਹੁਤ ਚੰਗੀ ਰਹਿਨੁਮਾਈ ਹੈ। ਫਿਰ ਵੀ ਇਸ ਵਿਚ ਰੋਸ਼ਨੀ ਡਗਮਗਾ ਰਹੀ ਹੈ। ਇਸ ਲੰਮੀ ਉਮਰ ਵਿਚ ਇਨ੍ਹਾਂ ਅੱਖਾਂ ਨੇ ਬਹੁਤ ਰੰਗ ਦੇਖੇ ਹਨ। ਸਤਰੰਗੀ ਪੀਂਘ ਦੇ ਹੁਲਾਰੇ ਨੇ ਇਨ੍ਹਾਂ ਦੀਦਿਆਂ ਵਿਚ ਮਾਯੂਸੀ ਦੀ ਥਾਂ ਨਵੀਂ ਨਰੋਈ ਤਾਕਤ ਬਖਸ਼ੀ ਹੈ। ਇਹ ਦਿਲ ਨੂੰ ਕਹਿ ਰਹੀਆਂ ਹਨ ਕਿ ਤੈਨੂੰ ਅਤੇ ਸਾਨੂੰ ਕੁਦਰਤ ਨੇ ਜੀਵਨ ਤੇਲ ਦੀ ਦਾਤਿ ਦਿੱਤੀ ਹੈ। ਕਿਸ ਵਿਚ ਇਹ ਤੇਲ ਪਹਿਲਾਂ ਮੁੱਕ ਜਾਵੇ, ਇਹ ਉਪਰ ਵਾਲਾ ਜਾਣੇ।
ਅਸੀਂ ਬਹੁਤ ਭਰੋਸੇ ਨਾਲ ਕਹਿੰਦੀਆਂ ਹਾਂ-
ਐ ਦਿਲੇ-ਨਾਦਾਂ,
ਐ ਦਿਲੇ-ਬੇਖਬਰ,
ਐ ਦਿਲੇ-ਬੇਕਰਾਰ
ਇਹ ਦੀਪ ਬੁਝਦੇ ਜਗਦੇ
ਤੇਰੇ ਨਾਲ ਰੋਂਦੇ ਹੱਸਦੇ
ਤੇਰੇ ਸੰਗ ਫਿਰਦੇ ਤੁਰਦੇ
ਤੈਨੂੰ ਰੱਜ ਕੇ ਪਿਆਰ ਕਰਦੇ
ਜੇ ਤੈਥੋਂ ਰੁਖਸਤ ਮੰਗ ਲੈਣ, ਸਾਡੀ ਇਲਤਜਾ (ਬੇਨਤੀ) ਹੈ ਕਿ ਇਨ੍ਹਾਂ ਨੂੰ ਪਿਆਰ ਅਤੇ ਸਤਿਕਾਰ ਨਾਲ ਭਰੀ ਅਲਵਿਦਾ ਕਹੀਂ ਅਤੇ ਚੜ੍ਹਦੀ ਕਲਾ ਵਿਚ ਰਹੀਂ।
ਅੰਤ ਵਿਚ ਮੇਰਾ ਇਸ ਕਮਜ਼ੋਰ ਹੋ ਰਹੀ ਨਜ਼ਰ ਨੂੰ ਸਲਾਮ!