ਤਾਨਾਸ਼ਾਹੀ ਨੂੰ ਜਨਮ ਦਿੰਦਾ ਗੁਲਾਮੀ ਦਾ ਅਹਿਸਾਸ ਤੇ ਪਿੱਛਲਝਾਤ

ਸੰਜੀਵ ਸਿੰਘ ਝੱਜ
ਫੋਨ: 91-98151-50542
ਅਜੋਕੇ ਯੁੱਗ ਅੰਦਰ ਇਨਸਾਨੀ ਜੀਵਨ ਦਾ ਮੁਹਾਂਦਰਾ ਦਿਨੋ ਦਿਨ ਨਿਖਰਦਾ ਜਾ ਰਿਹਾ ਹੈ। ਨਵੀਂਆਂ ਖੋਜਾਂ ਤੇ ਨਵੇਂ ਵਿਚਾਰ ਇਨਸਾਨ ਦੀ ਜਿੰ਼ਦਗੀ ਨੂੰ ਦਿਨੋ ਦਿਨ ਸੁਖਾਲਾ ਕਰਦੇ ਜਾ ਰਹੇ ਹਨ। ਕਦੀ ਨਵੀਂ ਤਕਨੀਕ ਅਤੇ ਅਧਿਆਤਮਵਾਦ ਦੀ ਖੋਜ ਦੇ ਰਸਤੇ ਸਾਡੇ ਵੱਡੇ ਵਡੇਰੇ ਬਾਬੇ ਤੁਰੇ ਸਨ ਅਤੇ ਉਹ ਜਿਥੋਂ ਤੱਕ ਰਸਤਾ ਸਾਡੇ ਲਈ ਸਾਫ ਕਰਕੇ ਗਏ, ਉਸ ਤੋਂ ਅਗਾਂਹ ਨਿਰੰਤਰ ਅਗਲੀਆਂ ਪੀੜ੍ਹੀਆਂ ਨੇ ਉਸ ਰਸਤੇ `ਤੇ ਚੱਲ ਕੇ ਨਵੀਂਆਂ ਨਵੀਂਆਂ ਮੰਜਿ਼ਲਾਂ ਸਰ ਕੀਤੀਆਂ ਹਨ ਅਤੇ ਇਹ ਕਾਰਜ ਨਿਰੰਤਰ ਚੱਲ ਰਿਹਾ ਹੈ। ਇਨਸਾਨ ਦੀ ਫਿਤਰਤ ਹੈ ਕਿ ਇਹ ਹਮੇਸ਼ਾ ਨਵੇਂ ਕਾਰਨਾਮੇ ਤੇ ਨਵੀਂਆਂ ਖੋਜਾਂ ਵਿਚ ਹੀ ਦਿਲਚਸਪੀ ਰੱਖਦਾ ਹੈ। ਅੱਜ ਇਨਸਾਨੀ ਸਮਾਜ ਪਿਛਲੀਆਂ ਸਦੀਆਂ ਤੋਂ ਵਿਕਸਿਤ ਹੁੰਦਾ ਹੋਇਆ ਸਾਡੇ ਮੂਹਰੇ ਪ੍ਰਤੱਖ ਅਜੂਬਾ ਬਣ ਕੇ ਖੜ੍ਹਾ ਹੈ।

ਕਿਸੇ ਸਮੇਂ ਰਾਜਿਆਂ ਤੇ ਤਾਨਾਸ਼ਾਹਾਂ ਦਾ ਰਾਜ ਹੁੰਦਾ ਸੀ ਅਤੇ ਰਾਜੇ ਤੇ ਤਾਨਾਸ਼ਾਹ ਬਦਲਦੇ ਹੀ ਕਾਨੂੰਨ ਵੀ ਬਦਲ ਜਾਂਦੇ ਸਨ। ਤਾਨਾਸ਼ਾਹ ਹਮੇਸ਼ਾ ਆਪਣੀ ਸੁਵਿਧਾ ਦੇ ਮੱਦੇਨਜ਼ਰ ਕਾਨੂੰਨ ਘੜਦਾ ਸੀ ਅਤੇ ਉਸ ਦੇ ਚਹੇਤੇ ਹਮੇਸ਼ਾ ਆਪਣੀ ਹਵਸ ਤੇ ਲੋੜ ਦੀ ਪੂਰਤੀ ਲਈ ਲੁੱਟਮਾਰ ਅਤੇ ਕਤਲੇਆਮ ਆਮ ਹੀ ਕਰਦੇ ਸਨ। ਤਾਨਾਸ਼ਾਹੀ ਦੌਰ ਵਿਚ ਔਰਤ ਅਤੇ ਆਮ ਪਰਜਾ ਦੀ ਹਾਲਤ ਹਮੇਸ਼ਾ ਤਰਸਯੋਗ ਹੀ ਰਹੀ ਹੈ। ਭਾਵੇਂ ਅੱਜ ਦਾ ਸਮਾਂ ਤਾਨਾਸ਼ਾਹੀ ਦੇ ਦੌਰ ਤੋਂ ਅੱਗੇ ਲੰਘ ਕੇ ਲੋਕਤੰਤਰ ਵਿਚ ਢਲ ਚੁਕਾ ਹੈ, ਪਰ ਫਿਰ ਵੀ ਇਕ ਜਮਾਤ ਅਜਿਹੀ ਹਮੇਸ਼ਾ ਤੋਂ ਇਸ ਧਰਤੀ `ਤੇ ਰਹੀ ਹੈ, ਜੋ ਆਪਾਧਾਪੀ ਤੋਂ ਪ੍ਰੇਰਿਤ ਹੋ ਕੇ ਤਾਨਾਸ਼ਾਹੀ ਰਵੱਈਆ ਅਪਨਾਉਣ ਦੀ ਚਾਹ ਰੱਖਦੀ ਆ ਰਹੀ ਹੈ। ਭਾਵੇਂ ਆਧੁਨਿਕਤਾ ਨੂੰ ਅਪਨਾ ਕੇ ਅਸੀਂ ਆਪਣਾ ਮਾਨਸਿਕ ਅਤੇ ਸਰੀਰਕ ਸੰਤੁਲਨ ਬਣਾਉਣਾ ਹਾਲੇ ਪੂਰੀ ਤਰ੍ਹਾਂ ਨਹੀਂ ਸਿੱਖ ਸਕੇ ਹਾਂ, ਪਰ ਇਨਸਾਨ ਨਿਰੰਤਰ ਇਸ ਦਾ ਸੰਤੁਲਨ ਬਣਾਉਣ ਲਈ ਯਤਨਸ਼ੀਲ ਹੈ। ਆਧੁਨਿਕਤਾ ਤੋਂ ਅਸੰਤੁਸ਼ਟ ਇਨਸਾਨ ਅਜੋਕੇ ਯੁੱਗ ਨੂੰ ਭਿੱਟ ਕੇ ਪੁਰਾਣੇ ਵੇਲਿਆਂ ਦੀ ਦੁਹਾਈ ਦਿੰਦਾ ਅਕਸਰ ਤੁਹਾਨੂੰ ਆਮ ਹੀ ਮਿਲ ਪਵੇਗਾ। ਸਮਾਂ ਤੇ ਤਕਨੀਕ ਬਦਲਣ ਨਾਲ ਅਕਸਰ ਕੁਝ ਕਮੀਆਂ ਪੇਸ਼ੀਆਂ ਦਾ ਇਨਸਾਨ ਨੂੰ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਮੀਆਂ ਪੇਸ਼ੀਆਂ ਨੂੰ ਹੱਲ ਕਰਨ ਦਾ ਯਤਨ ਜਰੂਰ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਨਵੀਂ ਤਕਨੀਕ ਤੇ ਨਵੇਂ ਤੌਰ ਤਰੀਕਿਆਂ ਨੂੰ ਭੰਡਣਾ ਚਾਹੀਦਾ ਹੈ। ਇਨਸਾਨੀ ਜੀਵਨ ਦਾ ਮੰਤਵ ਸਿਰਫ ਤੇ ਸਿਰਫ ਅਗਾਂਹ ਵਧਣਾ ਹੀ ਹੋਣਾ ਚਾਹੀਦਾ ਹੈ।
ਅੱਜ ਦੇ ਸਮੇਂ ਅੰਦਰ ਕਦੇ ਉਸ ਸਮਾਜ ਦੀ ਕਲਪਨਾ ਕਰ ਕੇ ਦੇਖੋ, ਜਿੱਥੇ ਲੜਕੀਆਂ ਦੀ ਸਿੱਖਿਆ ਪ੍ਰਣਾਲੀ `ਤੇ ਮੁਕੰਮਲ ਰੋਕ ਹੋਵੇ; ਔਰਤਾਂ ਲਈ ਬੁਰਕਾ ਪਹਿਨਣਾ ਲਾਜ਼ਮੀ ਹੋਵੇ, ਨਹੀਂ ਤਾਂ ਸਜ਼ਾ ਸਿਰਫ ਮੌਤ ਹੋਵੇ; ਬੰਦਿਆਂ ਲਈ ਕੋਈ ਖਾਸ ਨਿਜ਼ਾਮ ਤੇ ਖਾਸ ਪਹਿਰਾਵਾ ਲਾਜ਼ਮੀ ਹੋਵੇ, ਨਹੀਂ ਤਾਂ ਸਜ਼ਾ ਸਿਰਫ ਮੌਤ ਹੋਵੇ; ਸੰਗੀਤ ਤੇ ਸਿਨੇਮਾ ਅਤੇ ਕਲਾ ਜਗਤ `ਤੇ ਪਾਬੰਦੀ ਹੋਵੇ; ਕ੍ਰਿਕਟ ਅਤੇ ਫੁੱਟਬਾਲ ਵਰਗੀਆਂ ਹੋਰ ਵੀ ਇੰਟਰਨੈਸ਼ਨਲ ਖੇਡਾਂ `ਤੇ ਪਾਬੰਦੀ ਹੋਵੇ, ਇਕੱਲੀ ਔਰਤ ਦੇ ਘਰੋਂ ਬਾਹਰ ਨਿਕਲਣ `ਤੇ ਪਾਬੰਦੀ ਹੋਵੇ, ਕਿਸੇ ਵੀ ਸਾਹਿਤ ਅਤੇ ਲੇਖਣੀ ਦੀ ਛਪਵਾਈ `ਤੇ ਮੁਕੰਮਲ ਰੋਕ ਹੋਵੇ, ਪੁਰਾਣੇ ਸਾਧਨਾਂ ਤੋਂ ਇਲਾਵਾ ਕਿਸੇ ਵੀ ਨਵੀਂ ਤਕਨੀਕ `ਤੇ ਪਾਬੰਦੀ ਹੋਵੇ; ਕੁਝ ਵੀ ਨਵਾਂ ਲਿਖਣ, ਸੋਚਣ ਅਤੇ ਖੋਜਣ `ਤੇ ਪਾਬੰਦੀ ਹੋਵੇ; ਆਪਣੇ ਧਰਮ ਤੋਂ ਇਲਾਵਾ ਬਾਕੀ ਧਰਮਾਂ `ਤੇ ਕਾਫੀ ਹੱਦ ਤੱਕ ਪਾਬੰਦੀਆਂ ਹੋਣ, ਕਿਸੇ ਵੀ ਤਰ੍ਹਾਂ ਦੇ ਧਰਨੇ ਤੇ ਆਪਣੀਆਂ ਮੰਗਾਂ ਲਈ ਕੀਤੇ ਜਾਂਦੇ ਅੰਦੋਲਨਾਂ `ਤੇ ਮੁਕੰਮਲ ਪਾਬੰਦੀ ਹੋਵੇ; ਕਾਨੂੰਨ ਸਿਰਫ ਧਾਰਮਿਕ ਇਨਸਾਨਾਂ ਵਲੋਂ ਘੜਿਆ ਗਿਆ ਹੋਵੇ ਅਤੇ ਧਾਰਮਿਕ ਤੌਰ `ਤੇ ਕੀਤੀ ਗਈ ਗਲਤੀ ਦੀ ਬਿਨਾ ਕਿਸੇ ਅਪੀਲ ਤੇ ਦਲੀਲ ਦੇ ਸਜ਼ਾ ਨਿਸ਼ਚਿਤ ਕੀਤੀ ਗਈ ਹੋਵੇ। ਰਲਾ-ਮਿਲਾ ਕੇ ਸੱਤਾ ਉਤੇ ਕਾਬਿਜ਼ ਧਿਰ `ਤੇ ਕਿਸੇ ਦੀ ਬਹੁਤੀ ਰੋਕ ਟੋਕ ਨਾ ਹੋਵੇ; ਜਿਸ ਨੂੰ ਜੀਅ ਕੀਤਾ ਰਿਹਾਅ ਕਰ ਦਿੱਤਾ ਜਾਵੇ ਅਤੇ ਜਿਸ ਨੂੰ ਜੀਅ ਕੀਤਾ ਗੋਲੀ ਮਾਰ ਦਿੱਤੀ ਜਾਂਦੀ ਹੋਵੇ!
ਕੀ ਇਹੋ ਜਿਹਾ ਮੁਲਖ ਕਦੇ ਕਿਸੇ ਦੇ ਸੁਪਨਿਆਂ ਦਾ ਮੁਲਖ ਹੋ ਸਕਦਾ ਹੈ? ਕੀ ਅੱਗੇ ਤੁਰਨ ਦੀ ਥਾਂ ਪਿੱਛਲਝਾਤ ਨੂੰ ਝੂਰਨ ਨਾਲ ਅੱਜ ਦੇ ਸਮਾਜ ਅਤੇ ਅਜੋਕੀ ਪੀੜ੍ਹੀ ਨੂੰ ਖੁਸ਼ ਰੱਖਿਆ ਜਾ ਸਕਦਾ ਹੈ? ਕੀ ਤਾਨਾਸ਼ਾਹੀ ਮੁਲਖ ਕਦੇ ਹਰ ਇਕ ਦੀ ਖੁਸ਼ਹਾਲੀ ਦਾ ਪ੍ਰਤੀਕ ਬਣ ਸਕਦੇ ਹਨ?
ਕੋਈ ਵੀ ਖੁਸ਼ਹਾਲ ਦੇਸ਼ ਵੱਖ ਵੱਖ ਲੋਕਾਂ ਦੇ ਸਮੂਹ ਨਾਲ ਹੀ ਬਣਦਾ ਹੈ ਅਤੇ ਉਸ ਦੇਸ਼ ਉੱਤੇ ਉਥੋਂ ਦੇ ਹਰ ਇਕ ਬਾਸ਼ਿੰਦੇ ਦਾ ਪੂਰਾ ਹੱਕ ਤੇ ਮਾਣ ਹੁੰਦਾ ਹੈ। ਆਪਣੇ ਮੁਲਖ ਵਿਚ ਵੀ ਜੇ ਆਜ਼ਾਦੀ ਦੀਆਂ ਫਿਜ਼ਾਵਾਂ ਨਾ ਵਗਣ ਤਾਂ ਜਿ਼ੰਦਗੀ ਜਿਉਂਦੇ ਜੀਅ ਨਰਕ ਸਮਾਨ ਹੀ ਹੈ। ਪਾਬੰਦੀਆਂ ਨਾਲੋਂ ਹਰ ਇਕ ਨੂੰ ਆਜ਼ਾਦੀ ਦੇਣਾ ਹੀ ਅਸਲ ਰਾਸ਼ਟਰੀ ਕਾਰਜ ਹੈ। ਭੂਤਕਾਲ ਦੀ ਸਥਾਪਤੀ ਦੇ ਪਿੱਛੇ ਭੱਜ ਕੇ ਕੁਝ ਵੀ ਨਵਾਂ ਵਾਪਰਨ ਦਾ ਵਿਕਲਪ ਖਤਮ ਹੋ ਜਾਵੇਗਾ ਅਤੇ ਮਨੁੱਖੀ ਜੀਵਨ ਦੇ ਵਿਕਾਸ ਵਿਚ ਖੜੋਤ ਆ ਜਾਵੇਗੀ। ਮਨੁੱਖ ਦਾ ਬੌਧਿਕ ਵਿਕਾਸ ਕਰਨਾ ਅਤੇ ਮਨੁੱਖਤਾ ਨੂੰ ਨਵੀਂ ਦੇਣ ਦੇਣਾ ਹੀ ਮਨੁੱਖਤਾ ਤੇ ਸ੍ਰਿਸ਼ਟੀ ਦਾ ਨਿਜ਼ਮ ਹੈ ਅਤੇ ਪਰਮਾਤਮਾ ਦੀ ਬਣਾਈ ਸ੍ਰਿਸ਼ਟੀ ਦੇ ਨਿਯਮਾਂ ਨੂੰ ਵੰਗਾਰ ਕੇ ਇਨਸਾਨ ਕਦੀ ਵੀ ਸੁਖੀ ਨਹੀਂ ਰਹਿ ਸਕਦਾ।
ਪਿੱਛਲਝਾਤ ਨੇ ਸਦਾ ਤਾਨਾਸ਼ਾਹੀ ਨੂੰ ਹੀ ਜਨਮ ਦਿੱਤਾ ਹੈ ਅਤੇ ਪਿੱਛਲਝਾਤ ਨੂੰ ਸਥਾਪਿਤ ਕਰਨ ਲਈ ਹਮੇਸ਼ਾ ਕਤਲੋਗਾਰਤ ਹੀ ਹੁੰਦੀ ਆਈ ਹੈ। ਵਰਤਮਾਨ ਵਿਚ ਜਿਉਣਾ ਅਤੇ ਭਵਿੱਖ ਸੰਵਾਰਨ ਲਈ ਯੋਗ ਵਿਉਂਤਬੰਦੀ ਕਰਨਾ ਹੀ ਹਰ ਇਨਸਾਨ ਦਾ ਅਸਲੀ ਫਰਜ਼ ਹੈ। ਇਨਸਾਨੀਅਤ ਨੂੰ ਲੋਕਤੰਤਰ ਪ੍ਰਣਾਲੀ ਤੋਂ ਤਾਨਾਸ਼ਾਹੀ ਵੱਲ ਧੱਕਣਾ ਮਾਨਵ ਜਾਤੀ ਨਾਲ ਕੀਤੀ ਗਈ ਸਭ ਤੋਂ ਵੱਡੀ ਗਲਤੀ ਤੇ ਬੇਇਨਸਾਫੀ ਸਾਬਿਤ ਹੋਵੇਗੀ। ਲੋਕਤੰਤਰ ਦੇ ਅੰਦਰ ਸਰਕਾਰ ਦਾ ਮੁਢਲਾ ਕਦਮ ਇਹ ਹੋਣਾ ਚਾਹੀਦਾ ਹੈ ਕਿ ਹਰ ਇਕ ਇਨਸਾਨ ਆਪਣੀ ਮਰਜੀ ਨਾਲ ਆਪਣੀ ਜਿ਼ੰਦਗੀ ਜੀਅ ਸਕੇ ਅਤੇ ਕਿਸੇ ਵੀ ਨਾਗਰਿਕ ਨੂੰ ਆਪਣੇ ਦੇਸ਼ ਅੰਦਰ ਬੇਗਾਨਾਪਨ ਤੇ ਡਰ ਮਹਿਸੂਸ ਨਾ ਹੋਵੇ। ਗੁਲਾਮੀ ਦਾ ਅਹਿਸਾਸ ਤੇ ਪਿੱਛਲਝਾਤ ਹੀ ਕਤਲੇਆਮ ਅਤੇ ਤਾਨਾਸ਼ਾਹੀ ਦੀ ਚਾਹਤ ਰੱਖਣ ਦਾ ਮੁੱਖ ਕਾਰਨ ਬਣਦਾ ਹੈ। ਇਸ ਕਰਕੇ ਕਾਨੂੰਨ ਦਾ ਪੈਮਾਨਾ ਹਰ ਇੱਕ ਲਈ ਇੱਕ ਸਮਾਨ ਅਤੇ ਅਸਰਦਾਰ ਹੋਣਾ ਚਾਹੀਦਾ ਹੈ-ਫਿਰ ਉਹ ਭਾਵੇਂ ਕਾਨੂੰਨ ਘੜਨ ਵਾਲੇ ਹਾਕਮ ਹੋਣ ਜਾਂ ਕਾਨੂੰਨ ਤੋੜਨ ਵਾਲੇ ਆਮ ਲੋਕ!