ਚੌਧਰੀ ਅਮੀਰ ਅਲੀ ਸ਼ਾਹ

ਜਗਮੀਤ ਸਿੰਘ ਪੰਧੇਰ
ਫੋਨ: 91-98783-37222
ਉਨੀ ਸੌ ਇੱਕੀ ਦਾ ਜਨਮ ਐ ਮੇਰਾ, ਪਿੰਡ ਬੇਰ ਖੁਰਦ ਦਾ। ਇਹਨੂੰ ਸਰਦਾਰਾਂ ਵਾਲੀ ਬੇਰ ਵੀ ਆਖਦੇ ਸੀ। ਪ੍ਰਾਇਮਰੀ ਪਿੰਡੋਂ ਕੀਤੀ। ਚੰਗੇ ਨੰਬਰ ਆਏ। ਮਾਸਟਰਾਂ ਨੇ ਘਰਦਿਆਂ ਨੂੰ ਸਲਾਹ ਦਿੱਤੀ ਕਿ ਇਹਨੂੰ ਪੜ੍ਹਾਓ ਜਰੂਰ। ਮੇਰੀ ਵੱਡੀ ਭੈਣ ਜਟਾਣੇ ਵਿਆਹੀ ਹੋਈ ਸੀ। ਉਥੇ ਨਾਲ ਦੇ ਪਿੰਡ ਜਸਪਾਲੋਂ ਹਾਈ ਸਕੂਲ ਸੀ। ਉਹ ਮੈਨੂੰ ਆਪਣੇ ਨਾਲ ਲੈ ਗਈ। ਛੇਵੀਂ ‘ਚ ਜਸਪਾਲੋਂ ਦਾਖਲ ਕਰਵਾ ਦਿੱਤਾ। ਅਠੱਤੀ ‘ਚ ਮੈਂ ਦਸਵੀਂ ਅੱਵਲ ਨੰਬਰਾਂ ‘ਚ ਪਾਸ ਕੀਤੀ। ਬੱਸ ਉਨਤਾਲੀ ‘ਚ ਮੇਰਾ ਵਿਆਹ ਕਰ`ਤਾ, ਧੂਰੀ ਕੋਲ ਬਾਦਸਾਹਪੁਰ।

ਅਕਤਾਲੀ ‘ਚ ਵੱਡੇ ਮੁੰਡੇ ਨੇ ਜਨਮ ਲਿਆ ਤੇ ਤਰਤਾਲੀ ‘ਚ ਓਦੂੰ ਛੋਟੇ ਨੇ। ਮੇਰੇ ਸਿਰ ਪਤਾ ਨ੍ਹੀਂ ਕੀ ਝੱਲ ਚੜ੍ਹਿਆ, ਮੈਂ ਜਲੰਧਰ ਜਾ ਕੇ ਨੇਵੀ ਵਿਚ ਭਰਤੀ ਹੋ ਕੇ ਬੰਬਈ ਚਲਿਆ ਗਿਆ, ਪਰ ਨੇਵੀ ਮੇਰੇ ਫਿੱਟ ਨ੍ਹੀਂ ਬੈਠੀ। ਮੈਨੂੰ ਸੀ-ਸਿਕਨੈਸ ਦੀ ਬਿਮਾਰੀ ਹੋ ਗਈ। ਸਮੁੰਦਰ ਵਿਚ ਜਾਵਾਂ ਤਾਂ ਉਲਟੀਆਂ ਹੀ ਨਾ ਹਟਣ। ਇਸ ਬਿਮਾਰੀ ਨੇ ਮੈਨੂੰ ਬੰਬਈਓਂ ਸਿੱਧਾ ਪਿੰਡ ਪੁਚਾ`ਤਾ। ਪਿੰਡ ਆ ਕੇ ਖੇਤੀ ਨੂੰ ਹੱਥ-ਪੱਲਾ ਮਾਰਨ ਲੱਗ ਪਿਆ। ਤੇਰਾਂ ਸਤੰਬਰ ਛਿਆਲੀ ਦੇ ਦਿਨ ਗੁਆਂਢੀਆਂ ਨਾਲ ਮੱਝ ਪਿੱਛੇ ਤੂੰ-ਤੂੰ, ਮੈਂ-ਮੈਂ ਹੋ ਗਈ। ਵਾਧਾ ਐਡਾ ਵਧਿਆ ਕਿ ਡਾਂਗਾਂ ਚੱਲ ਪਈਆਂ। ਜਦੋਂ ਉਨ੍ਹਾਂ ਦਾ ਇੱਕ ਬੰਦਾ ਮੇਰੇ ਭਰਾ ਦੇ ਡਾਂਗ ਮਾਰਨ ਲੱਗਿਆ ਤਾਂ ਮੈਂ ਪਹਿਲਾਂ ਹੀ ਉਸ ਦੇ ਪੁੜਪੜੀ ‘ਚ ਜਾਤੂ ਜੜ ਦਿੱਤਾ। ਗੇੜਾ ਖਾ ਕੇ ਐਸਾ ਡਿੱਗਿਆ, ਬੱਸ ਖਤਮ। ਕਤਲ ਦਾ ਕੇਸ ਪੈ ਗਿਆ। ਮਣਾਂ ਮੂੰਹੀਂ ਪੈਸਾ ਕਚਹਿਰੀਆਂ ਡੱਕਾਰ`ਗੀਆਂ, ਟੂਮ ਛੱਲਾ ਸਾਰਾ ਵਿਕ ਗਿਆ ਤੇ ਖੇਤੀ ਉਜੜ ਗਈ। ਐਸਾ ਵਿਘਨ ਪਿਆ ਕਿ ਮੁੜ ਚਾਲ ਟਿਕਾਣੇ ਨ੍ਹੀਂ ਆਈ। ਤੇਰਾਂ ਜਨਵਰੀ ਸੰਤਾਲੀ ਨੂੰ ਫੈਸਲਾ ਹੋਇਆ ਤੇ ਛੇ ਸਾਲ ਲਈ ਅੰਦਰ ਠੁਕ ਗਿਆ। ਤੇਈ ਜਨਵਰੀ ਨੂੰ ਲਾਹੌਰ ਜੇਲ੍ਹ ਭੇਜ ਦਿੱਤਾ ਗਿਆ। ਜੂਨ ‘ਚ ਮੁਲਤਾਨ ਜੇਲ੍ਹ ’ਚ ਬਦਲ ਦਿੱਤਾ। ਮਹੀਨੇ ਕੁ ਮਗਰੋਂ ਫੇਰ ਲਾਹੌਰ ਜੇਲ੍ਹ ਮੋੜ ਲਿਆਂਦਾ।
ਅਗਸਤ ਸੰਤਾਲੀ ‘ਚ ਜਦੋਂ ਹੱਲੇ ਗੁੱਲੇ ਸ਼ੁਰੂ ਹੋਏ ਤਾਂ ਉਨ੍ਹਾਂ ਦੀਆਂ ਕਨਸੋਆਂ ਜੇਲ੍ਹ ਦੀਆਂ ਕੰਧਾਂ ਟੱਪ ਕੇ ਅੰਦਰ ਆਉਣ ਲੱਗੀਆਂ। ਜੇਲ੍ਹ ‘ਚ ਵੀ ਹਿੱਲ ਜੁੱਲ ਹੋਣ ਲੱਗੀ। ਬਾਹਰੋਂ ਆਉਂਦੀਆਂ ਵਧਾਈਆਂ ਚੜ੍ਹਾਈਆਂ ਗੱਲਾਂ ਨੇ ਜੇਲ੍ਹ ਮੁਲਾਜਮਾਂ ਅਤੇ ਕੈਦੀਆਂ ਦੇ ਮਨਾਂ ਵਿਚ ਕੁੜੱਤਣ ਭਰਨੀ ਸ਼ੁਰੂ ਕਰ ਦਿੱਤੀ। ਫੇਰ ਇੱਕ ਦਿਨ ਪਤਾ ਲੱਗਿਆ ਕਿ ਦੇਸ਼ ਦੀ ਵੰਡ ਹੋ ਗਈ ਐ। ਸਾਰੇ ਮੁਲਾਜ਼ਮਾਂ ਤੋਂ ਪੁੱਛਿਆ ਗਿਆ ਕਿ ਉਹ ਹਿੰਦੋਸਤਾਨ ‘ਚ ਕੰਮ ਕਰਨਾ ਚਾਹੁੰਦੇ ਨੇ ਜਾਂ ਪਾਕਿਸਤਾਨ ‘ਚ? ਸਾਡੀ ਜੇਲ੍ਹ ਦੇ ਸੁਪਰਡੈਂਟ ਕ੍ਰਿਸ਼ਨ ਕਿਸ਼ੋਰ ਮੱਟੂ ਨੇ ਲਿਖ ਕੇ ਦੇ ਦਿੱਤਾ ਕਿ ਉਹ ਪਾਕਿਸਤਾਨ ‘ਚ ਕੰਮ ਕਰਨਾ ਚਾਹੁੰਦਾ ਹੈ। ਗੱਲ ਵੀ ਠੀਕ ਸੀ। ਆਪਣਾ ਘਰ ਬਾਰ ਛੱਡ ਕੇ ਬਿਗਾਨੇ ਥਾਉਂ ਕੌਣ ਜਾਂਦੈ? ਫੇਰ ਪਤਾ ਨ੍ਹੀਂ ਕੀ ਹੋਇਆ, ਥੋੜ੍ਹੇ ਦਿਨਾਂ ਪਿੱਛੋਂ ਪਤਾ ਲੱਗਿਆ ਕਿ ਉਹ ਤਾਂ ਦਿੱਲੀ ਚਲਾ ਗਿਆ। ਜੇਲ੍ਹ ‘ਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਫੈਲੀਆਂ। ਕੋਈ ਕਹੇ ਬਈ ਉਹ ਡਰ ਗਿਆ, ਕੋਈ ਕਹੇ ਉਹਨੂੰ ਡਰਾਇਆ ਗਿਐ। ਚੱਲ ਗੱਲ ਚਾਹੇ ਕੋਈ ਵੀ ਹੋਵੇ, ਕੁਸ ਵੀ ਹੋਵੇ, ਜਾਨ ਕਿਹਨੂੰ ਨ੍ਹੀਂ ਪਿਆਰੀ?
ਜੇਲ੍ਹ ‘ਚ ਖਹਿਬਾਜ਼ੀ ਵਧਣ ਲੱਗੀ ਤਾਂ ਸਾਨੂੰ ਮਿੰਟਗੁਮਰੀ ਭੇਜ ਦਿੱਤਾ। ਉਥੇ ਸੁਪਰਡੈਂਟ ਸੀ ਚੌਧਰੀ ਅਮੀਰ ਅਲੀ ਸ਼ਾਹ। ਬੱਸ ਕੀ ਪੁੱਛਦੇ ਓਂ, ਜਮ੍ਹਾਂ ਈ ਅੱਲ੍ਹਾ ਦਾ ਬੰਦਾ। ਹਰ ਰੋਜ਼ ਸਾਰੇ ਕੈਦੀਆਂ ਨੁੰ ਸਮਝਾਇਆ ਕਰੇ ਬਈ, “ਦੇਖੋ ਲੀਡਰਾਂ ਨੇ ਆਪਣੇ ਆਪਣੇ ਦੋ ਦੇਸ਼ ਚਾਹੇ ਬਣਾ`ਲੇ, ਪਰ ਥੋਨੂੰ ਕੀ ਫਰਕ ਪੈਂਦੈ, ਰਹਿਣਾ ਤਾਂ ਜੇਲ੍ਹ ‘ਚ ਈ ਆ-ਚਾਹੇ ਏਧਰ ਹੋਵੋਂ, ਚਾਹੇ ਓਧਰ। ਅਫਵਾਹਾਂ ਦਾ ਬਹੁਤਾ ਅਸਰ ਨ੍ਹੀਂ ਕਰੀਦਾ।”
ਪਰ ਕੌਣ ਸੁਣਦੈ? ਅੰਦਰੋ-ਅੰਦਰੀ ਕੁੜੱਤਣ ਵਧਦੀ ਚਲੀ ਗਈ। ਮੁਸਲਮਾਨਾਂ ਤੇ ਹਿੰਦੂ-ਸਿੱਖਾਂ ਦੀਆਂ ਦੋ ਧਿਰਾਂ ਬਣ ਗਈਆਂ। ਚੋਰੀ-ਛਪੋਰੀ ਹਥਿਆਰ ਇਕੱਠੇ ਹੋਣ ਲੱਗ ਪਏ। ਜੇਲ੍ਹ ਦੇ ਕਈ ਛੋਟੇ ਅਧਿਕਾਰੀ ਵੀ ਗੋਂਦਾਂ ਗੁੰਦਣ ‘ਚ ਸ਼ਾਮਿਲ ਹੋ ਗਏ। ਅਮੀਰ ਅਲੀ ਸ਼ਾਹ ਨੂੰ ਵੀ ਬਿੜਕ ਲੱਗ ਗਈ। ਇੱਕ ਦਿਨ ਸਵੇਰੇ ਚਾਰ ਵਜੇ ਈ ਉਹਨੇ ਅਚਾਨਕ ਛਾਪਾ ਮਾਰ ਲਿਆ। ਸਭਨਾਂ ਤੋਂ ਹਥਿਆਰ ਕਢਵਾ ਲਏ। ਕੈਦੀਆਂ ਨੂੰ ਸਮਝਾਇਆ ਤੇ ਇੱਕ ਜੇਲ੍ਹ ਅਧਿਕਾਰੀ ਨੂੰ ਸਖਤੀ ਨਾਲ ਝਿੜਕਣ ਤੋਂ ਬਾਅਦ ਬੜੀ ਉਚੀ ਆਵਾਜ਼ ‘ਚ ਪੁੱਛਿਆ, “ਜੇ ਤੂੰ ਇਨ੍ਹਾਂ ਨੂੰ ਮਰਵਾ ਦਿੰਦਾ ਤਾਂ ਤੈਨੂੰ ਕੀ ਮਿਲ ਜਾਂਦਾ?” ਉਹ ਅਧਿਕਾਰੀ ਮੂੰਹ ਮਰੋੜ ਕੇ ਚੁੱਪ ਕੀਤਾ ਖੜ੍ਹਾ ਰਿਹਾ। ਉਦੋਂ ਤੱਕ ਇਹ ਵੀ ਸਭ ਨੂੰ ਪਤਾ ਲੱਗ ਚੁਕਾ ਸੀ ਕਿ ਅਮੀਰ ਸ਼ਾਹ ਦੇ ਇਥੇ ਆਉਣ ਤੋਂ ਪਹਿਲਾਂ ਇੱਥੋਂ ਰਿਹਾਅ ਹੋਏ ਸਰਦੂਲ ਸਿਓਂ, ਕੇਹਰ ਸਿਓਂ ਤੇ ਰਲ਼ਾ ਸਿਓਂ-ਤਿੰਨੋਂ ਬਾਹਰ ਜਾਣ ਸਾਰ ਈ ਮਰਵਾ ਦਿੱਤੇ ਗਏ ਸਨ। ਇਸ ਨਾਲ ਹੋਰ ਵੀ ਦਹਿਸ਼ਤ ਫੈਲ ਗਈ ਸੀ।
ਇੱਕ ਦਿਨ ਸਵੇਰ ਸਾਰ ਹੀ ਅਮੀਰ ਸ਼ਾਹ ਕੈਦੀਆਂ ਨੁੰ ਸਮਝਾਉਣ ਲੱਗਿਆ, “ਦੇਖੋ ਬਈ ਜਿਵੇਂ ਦੇਸ਼ ਵੰਡੇ ਗਏ ਨੇ, ਉਸੇ ਤਰ੍ਹਾਂ ਕੈਦੀ ਵੀ ਵੰਡੇ ਜਾਣਗੇ। ਤੁਹਾਡੇ ‘ਚੋਂ ਕੁਝ ਨੂੰ ਇਥੋਂ ਹਿਦੋਸਤਾਨ ਦੀਆਂ ਜੇਲ੍ਹਾਂ ‘ਚ ਭੇਜਿਆ ਜਾਵੇਗਾ ਤੇ ਬਾਕੀ ਇਧਰ ਹੀ ਰਹਿ ਜਾਣਗੇ। ਇਹ ਮੇਰਾ ਨਹੀਂ, ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਫੈਸਲਾ ਹੈ।” ਏਨਾ ਕਹਿ ਕੇ ਉਹ ਕੁਝ ਚਿਰ ਚੁੱਪ ਹੋ ਗਿਆ। ਸਭਨਾਂ ਨੇ ਦੇਖਿਆ ਉਹ ਐਨਕਾਂ ਲਾਹ ਕੇ ਰੁਮਾਲ ਨਾਲ ਅੱਖਾਂ ਪੂੰਝ ਰਿਹਾ ਸੀ, ਪਰ ਛੇਤੀ ਹੀ ਉਹ ਸੰਭਲ ਗਿਆ ਤੇ ਆਪਣੀ ਜੇਬ੍ਹ ਵਿਚੋਂ ਇੱਕ ਕਾਗਜ਼ ਕੱਢ ਕੇ ਜਦੋਂ ਉਹ ਨਾਂ ਬੋਲਣ ਲੱਗਿਆ ਤਾਂ ਸਭ ਤੋਂ ਪਹਿਲਾਂ ਮੇਰਾ ਨਾਂ ਹੀ ਆ ਗਿਆ, “ਸੁਰਜੀਤ ਸਿੰਘ ਪਿੰਡ ਬੇਰ ਖੁਰਦ, ਜਿਲ੍ਹਾ ਲੁਧਿਆਣਾ, ਇਹ ਲੁਧਿਆਣਾ ਜੇਲ੍ਹ ਵਿਚ ਜਾਵੇਗਾ।”
ਸੁਣਨ ਸਾਰ ਮੈਂ ਇੱਕ ਦਮ ਖੜ੍ਹਾ ਹੋਣ ਲੱਗਿਆ ਤਾਂ ਉਹ ਝੱਟ ਬੋਲ ਪਿਆ, “ਨਹੀਂ ਨਹੀਂ ਤੁਸੀਂ ਬੈਠੋ ਹਾਲੇ।” ਉਸ ਨੇ ਲਿਸਟ ਅਗਾਂਹ ਪੜ੍ਹਨੀ ਸੁ਼ਰੂ ਕਰ ਦਿੱਤੀ। ਇਹ ਸਾਰੇ ਸਿੱਖ ਤੇ ਹਿੰਦੂ ਸਨ। ਉਹ ਨਾਲ ਦੀ ਨਾਲ ਉਨ੍ਹਾਂ ਦੀਆਂ ਜੇਲ੍ਹਾਂ ਦੇ ਨਾਂ ਵੀ ਦੱਸਦਾ ਗਿਆ। ਜਦ ਉਸ ਨੇ ਲਿਸਟ ਖਤਮ ਕੀਤੀ ਤਾਂ ਰਹਿਮ ਦੀਨ ਉਠ ਕੇ ਖੜ੍ਹਾ ਹੋ ਗਿਆ, “ਜਨਾਬ, ਮੇਰਾ ਨਾਂ ਰਹਿ ਗਿਆ।”
ਸਾਰੇ ਹੈਰਾਨੀ ਨਾਲ ਉਸ ਵੱਲ ਵੇਖਣ ਲੱਗ ਪਏ। ਮੈਂ ਦੇਖਿਆ ਅਮੀਰ ਸ਼ਾਹ ਦੇ ਮੂੰਹੋਂ ਮਸਾਂ ਨਿਕਲਿਆ, “ਨਹੀਂ, ਰਹਿਮ ਦੀਨ ਤੂੰ ਇਧਰ ਹੀ ਰਹੇਂਗਾ।”
“ਪਰ ਕਿਉਂ ਜਨਾਬ? ਮੈਂ ਤਾਂ ਸੁਰਜੀਤ ਸਿਓਂ ਨਾਲ ਈ ਇਥੇ ਅਇਆ ਸੀ ਤੇ ਮੇਰਾ ਪਿੰਡ ਵੀ ਮਲੌਦ ਕੋਲੇ ਇਹਦੇ ਪਿੰਡ ਦੇ ਨਾਲ ਈ ਐ। ਐਂ ਧੱਕਾ ਨਾ ਕਰੋ ਜਨਾਬ। ਮੈਨੂੰ ਵੀ ਇਹਦੇ ਨਾਲ ਈ ਭੇਜ ਦਿਓ। ਬਾਲ ਬੱਚਿਆਂ ਦੇ ਨੇੜੇ ਚਲੇ ਜਾਵਾਂਗੇ।” ਹੱਥ ਜੋੜ ਕੇ ਗਿੜਗਿੜਾਉਂਦਾ ਰਹਿਮ ਦੀਨ ਜੇਲ੍ਹ ਸੁਪਰਡੈਂਟ ਕੋਲੋਂ ਦੇਖਿਆ ਨਾ ਗਿਆ। ਉਸ ਦੇ ਮੂੰਹੋਂ ਬੱਸ ਏਨਾ ਹੀ ਨਿਕਲਿਆ, “ਤੈਨੂੰ ਕਿਵੇਂ ਸਮਝਾਵਾਂ ਰਹਿਮ ਦੀਨਾ? ਉਹ ਪਿੰਡ ਹੁਣ ਤੇਰਾ ਨ੍ਹੀਂ ਰਿਹਾ।…ਤੇਰੇ ਬਾਲ ਬੱਚੇ ਵੀ…ਕੀ ਪਤੈ…!”
ਜੇਲ੍ਹ ਸੁਪਰਡੈਂਟ ਤੋਂ ਗੱਲ ਪੂਰੀ ਨਹੀਂ ਸੀ ਹੋਈ ਤੇ ਉਹ ਕਾਗਜ਼ ਸਾਂਭਦਾ ਹੋਇਆ ਛੇਤੀ ਦੇਣੇ ਉਥੋਂ ਖਿਸਕ ਗਿਆ। ਸਭਨਾਂ ਨੇ ਦੇਖਿਆ, ਉਸ ਦਾ ਰੁਮਾਲ ਜੇਬ੍ਹ ਵਿਚੋਂ ਨਿਕਲ ਕੇ ਫੇਰ ਅੱਖਾਂ ਉਪਰ ਸੀ। ਰਹਿਮ ਦੀਨ ਦੇ ਗੱਲ ਪੂਰੀ ਤਰ੍ਹਾਂ ਪੱਲੇ ਨਹੀਂ ਸੀ ਪਈ, ਪਰ ਉਹ ਭਮੱਤਰ ਜਿਹਾ ਗਿਆ।
ਦੂਜੇ ਦਿਨ ਤੋਂ ਹੀ ਅਮੀਰ ਸ਼ਾਹ ਸਾਡੀ ਖਾਸ ਨਿਗਰਾਨੀ ਕਰਨ ਲੱਗ ਗਿਆ। ਅਖੀਰ ਸਾਨੂੰ ਫੌਜ ਦੀ ਨਿਗਰਾਨੀ ਹੇਠ ਅਟਾਰੀ ਪੁਚਾਉਣ ਦਾ ਹੁਕਮ ਆਇਆ। ਉਸ ਭਲੇ ਬੰਦੇ ਨੇ ਜੇਲੋ੍ਹਂ ਬਾਹਰ ਵੀ ਸਾਡੀ ਹਿਫਾਜ਼ਤ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ। ਸਾਨੂੰ ਵਿਦਾ ਕਰਨ ਵੇਲੇ ਉਸ ਦਾ ਮਨ ਬੁਰੀ ਤਰ੍ਹਾਂ ਭਰਿਆ ਹੋਇਆ ਸੀ। ਸਾਰੇ ਕੈਦੀਆਂ ਨੂੰ ਉਸ ਨੇ ਦੋ-ਦੋ ਛਟਾਂਕ ਗੁੜ ਤੇ ਚਾਰ-ਚਾਰ ਡੱਬੀਆਂ ਛੋਲਿਆਂ ਦੀਆਂ ਆਪ ਵੰਡੀਆਂ। ਅਸੀਂ ਕੁਝ ਜਾਣਿਆਂ ਨੇ ਉਸ ਲਈ ਫੁੱਲਾਂ ਦੇ ਹਾਰ ਬਣਾ ਰੱਖੇ ਸਨ। ਜਦੋਂ ਅਸੀਂ ਇਕੱਠੇ ਹੋ ਕੇ ਉਸ ਦੇ ਗਲੇ ਵਿਚ ਪਾਉਣ ਲੱਗੇ ਤਾਂ ਉਸ ਨੇ ਮੋੜਵੇਂ ਉਹੀ ਹਾਰ ਸਾਡੇ ਗਲਾਂ ਵਿਚ ਪਾਉਂਦੇ ਹੋਏ ਕਿਹਾ, “ਜਾਓ, ਸੁੱਖ ਸਾਂਦ ਨਾਲ ਆਪਣੇ ਵਤਨ ਪਹੁੰਚੋ। ਬਹੁਤ ਕੁਝ ਉਜੜ ਗਿਐ। ਬਚੇ ਹੋਏ ਨੂੰ ਜਾ ਕੇ ਸਾਂਭ ਲੌ।” ਏਨਾ ਆਖਦੇ ਹੋਏ ਉਹ ਸਾਨੂੰ ਫੌਜ ਦੇ ਹਵਾਲੇ ਕਰਕੇ ਤੇਜੀ ਨਾਲ ਪਿੱਛੇ ਮੁੜ ਗਿਆ। ਹਿੰਦੋਸਤਾਨ ਨੂੰ ਜਾਣ ਵਾਲੀ ਰੇਲ ਗੱਡੀ ਅਟਾਰੀ ਦੇ ਸਟੇਸ਼ਨ `ਤੇ ਕੂਕਾਂ ਮਾਰ ਰਹੀ ਸੀ।