ਕੈਪਟਨ ਅਮਰਿੰਦਰ ਖਿਲਾਫ ਫਿਰ ਬਗਾਵਤ

ਹੁਣ ਕੁਰਸੀ ਖੋਹਣ ਲਈ ਸਰਗਰਮੀਆਂ ਤੇਜ਼
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਪਾਰਟੀ ਵਿਚ ਖੁੱਲ੍ਹੀ ਬਗਾਵਤ ਸ਼ੁਰੂ ਹੋ ਗਈ ਹੈ। ਇਸ ਵਾਰ ਵੱਡੀ ਗਿਣਤੀ ਵਿਧਾਇਕਾਂ ਅਤੇ ਮੰਤਰੀਆਂ ਨੇ ਦੋ-ਟੁੱਕ ਆਖ ਦਿੱਤਾ ਹੈ ਕਿ ‘ਸਰਕਾਰ ਚਲਾਉਣੀ ਕੈਪਟਨ ਦੇ ਵੱਸ ਦੀ ਗੱਲ ਨਹੀਂ ਰਹੀ, ਇਸ ਨੂੰ ਤੁਰਤ ਲਾਂਭੇ ਕਰੋ`।

ਕੈਪਟਨ ਉਤੇ ਸਿੱਧੇ ਦੋਸ਼ ਲੱਗੇ ਹਨ ਕਿ ਉਹ ਅਕਾਲੀਆਂ ਨਾਲ ਮਿਲੇ ਹੋਏ ਹਨ ਤੇ ਇਸੇ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਹੱਥ ਪਾਉਣ ਤੋਂ ਟਾਲਾ ਵੱਟਿਆ ਗਿਆ। ਉਨ੍ਹਾਂ ਦਾ ਦਾਅਵਾ ਕੀਤਾ ਹੈ ਕਿ ਜੇਕਰ ਹੁਣ ਵੀ ਕੈਪਟਨ ਨੂੰ ਲਾਂਭੇ ਨਾ ਕੀਤਾ ਤਾਂ ਸੂਬੇ ਵਿਚ ਪਾਰਟੀ ਖਤਮ ਹੋ ਜਾਵੇਗੀ। ਪਤਾ ਲੱਗਾ ਹੈ ਕਿ ਹਾਈਕਮਾਨ ਵੱਲੋਂ ਕੈਪਟਨ ਬਾਰੇ ਕੋਈ ਫੈਸਲਾ ਨਾ ਲੈਣ ਉਤੇ 6 ਤੋਂ 7 ਮੰਤਰੀਆਂ ਦਾ ਗਰੁੱਪ ਅਸਤੀਫੇ ਵੀ ਲਿਖੀ ਫਿਰਦਾ ਹੈ। ਹੁਣ ਤੱਕ ਬਾਗੀਆਂ ਦਾ ਇਹ ਧੜਾ ਕੈਪਟਨ ਉਤੇ ਗੁੱਝੇ ਵਾਰ ਹੀ ਕਰਦਾ ਰਿਹਾ ਹੈ ਪਰ ਇਹ ਪਹਿਲੀ ਵਾਰ ਹੈ ਜਦੋਂ ਡੇਢ ਘੰਟੇ ਦੀ ਮੀਟਿੰਗ ਤੋਂ ਬਾਅਦ ਮੰਤਰੀਆਂ ਤੇ ਵਿਧਾਇਕਾਂ ਦੇ ਇਸ ਧੜੇ ਨੇ ਐਲਾਨ ਕਰ ਦਿੱਤਾ- ‘ਕੈਪਟਨ ਮਨਜ਼ੂਰ ਹੀ ਨਹੀਂ`।
ਕੈਪਟਨ ਵਿਰੁੱਧ ਖੁੱਲ੍ਹੀ ਬਗਾਵਤ ਕਰਦਿਆਂ ਮੰਤਰੀਆਂ- ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ ਤੇ ਦੋ ਦਰਜਨ ਦੇ ਕਰੀਬ ਵਿਧਾਇਕਾਂ ਨੇ ਐਲਾਨ ਕਰ ਦਿੱਤਾ ਕਿ ਉਨ੍ਹਾਂ ਨੂੰ ਚੋਣ ਵਾਅਦੇ ਪੂਰੇ ਕਰਨ ਵਿਚ ਮੁੱਖ ਮੰਤਰੀ `ਤੇ ਕੋਈ ਭਰੋਸਾ ਨਹੀਂ ਤੇ ਸਿੱਧੇ ਤੌਰ `ਤੇ ਉਸ ਦੇ ਬਦਲ ਦੀ ਮੰਗ ਕਰ ਦਿੱਤੀ। ਇਸ ਧੜੇ ਦਾ ਦਾਅਵਾ ਹੈ ਕਿ 80 ਤੋਂ 90 ਫੀਸਦੀ ਵਿਧਾਇਕ/ਮੰਤਰੀ ਕੈਪਟਨ ਨੂੰ ਲਾਂਭੇ ਕਰਨ ਲਈ ਸਹਿਮਤ ਹਨ ਪਰ ਡਰਦੇ ਬੋਲਦੇ ਨਹੀਂ।
ਬਾਗੀ ਧੜੇ ਵੱਲੋਂ ਇਕਦਮ ਲਏ ਇਸ ਫੈਸਲੇ ਬਾਰੇ ਸਿਆਸੀ ਹਲਕੇ ਵੀ ਹੈਰਾਨ ਹਨ। ਦੱਸ ਦਈਏ ਕਿ ਹਾਈਕਮਾਨ ਦੇ ਦਖਲ ਪਿੱਛੋਂ ਮੰਨਿਆ ਜਾ ਰਿਹਾ ਸੀ ਕਿ ਕਾਂਗਰਸ ਦਾ ਅੰਦਰੂਨੀ ਕਲੇਸ਼ ਖਤਮ ਹੋ ਗਿਆ ਹੈ ਤੇ ਪਿਛਲੇ ਕੁਝ ਦਿਨਾਂ ਵਿਚ ਅਜਿਹਾ ਜਾਪ ਵੀ ਰਿਹਾ ਸੀ ਪਰ ਅਚਾਨਕ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਮੀਟਿੰਗ ਸੱਦ ਕੈਪਟਨ ਨੂੰ ਲਾਂਭੇ ਕਰਨ ਦਾ ਫੈਸਲਾ ਕਰ ਲਿਆ ਗਿਆ। ਬਾਗੀ ਧੜੇ ਦਾ ਕਹਿਣਾ ਹੈ ਕਿ ਇਸ ਸਬੰਧੀ ਹਾਈਕਮਾਨ ਨਾਲ ਗੱਲ ਕੀਤੀ ਜਾਵੇਗੀ, ਜੇਕਰ ਉਨ੍ਹਾਂ ਦੀ ਨਾ ਸੁਣੀ ਗਈ ਤਾਂ ਉਹ ਸਖਤ ਫੈਸਲਾ ਲੈਣਗੇ।
ਮੌਜੂਦਾ ਬਣੇ ਮਾਹੌਲ ਤੋਂ ਜਾਪ ਰਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਦੀ ਕੁਰਸੀ ਜਾਣਾ ਤੈਅ ਹੈ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਪਿੱਛੋਂ ਬਾਗੀਆਂ ਦੇ ਇਸ ਧੜੇ ਦੇ ਹੌਸਲੇ ਬੁਲੰਦ ਹਨ। ਮੌਜੂਦਾ ਹਾਲਾਤ ਤੋਂ ਵੀ ਜਾਪ ਰਿਹਾ ਹੈ ਕਿ ਬਾਜ਼ੀ ‘ਬਾਗੀਆਂ` ਦੇ ਹੱਥ ਹੈ, ਕਿਉਂਕਿ ਕੈਪਟਨ ਦੀ ਪਿਛਲੇ ਸਾਢੇ ਚਾਰ ਸਾਲ ਦੀ ਕਾਰਗੁਜ਼ਾਰੀ ਤੋਂ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਿਧਾਇਕਾਂ ਦਾ ਇਕ ਵੱਡਾ ਧੜਾ ਨਰਾਜ਼ ਹੈ। ਜ਼ਿਆਦਾਤਰ ਵਿਧਾਇਕ ਭਾਵੇਂ ਖੁੱਲ੍ਹ ਕੇ ਤਾਂ ਨਹੀਂ ਬੋਲਦੇ ਪਰ ਉਹ ਕੈਪਟਨ ਦੀ ਛੁੱਟੀ ਕਰਨ ਦੇ ਹੱਕ ਵਿਚ ਹਨ। ਅਜਿਹੇ ਆਗੂਆਂ ਦਾ ਮੰਨਣਾ ਹੈ ਕਿ ਜੇ 2022 ਦੀਆਂ ਚੋਣਾਂ ਕੈਪਟਨ ਦੀ ਅਗਵਾਈ ਵਿਚ ਲੜੀਆਂ ਗਈਆਂ ਤਾਂ ਪਾਰਟੀ ਨੂੰ ਵੱਡਾ ਨੁਕਸਾਨ ਝੱਲਣਾ ਪਵੇਗਾ।
ਪੰਜਾਬ ਦੀਆਂ ਸਿਆਸੀ ਧਿਰਾਂ ਵਾਸਤੇ 2022 ਦੀਆਂ ਚੋਣਾਂ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ। ਕਿਸਾਨ ਅੰਦੋਲਨ ਨੇ ਰਵਾਇਤੀ ਧਿਰਾਂ ਨੂੰ ਪੜ੍ਹਨੇ ਪਾਇਆ ਹੋਇਆ ਹੈ। ਪਿੰਡਾਂ ਵਿਚ ‘ਨੋ ਐਂਟਰੀ` ਦੇ ਧੜਾ ਧੜ ਪੋਸਟਰ ਲੱਗ ਰਹੇ ਹਨ। ਸਿਆਸੀ ਆਗੂਆਂ ਦਾ ਪਿੰਡਾਂ ਵਿਚ ਵੜਨਾ ਮੁਸ਼ਕਿਲ ਹੋਇਆ ਪਿਆ ਹੈ। ਪੰਜਾਬ ਵਿਚੋਂ ਸ਼ੁਰੂ ਹੋ ਕੇ ਦੇਸ਼ਵਿਆਪੀ ਬਣੇ ਕਿਸਾਨ ਅੰਦੋਲਨ ਦੇ ਸਿਆਸੀ ਅਸਰ ਦਾ ਪ੍ਰਭਾਵ ਇਸੇ ਤੋਂ ਦੇਖਿਆ ਜਾ ਸਕਦਾ ਹੈ ਕਿ ਇਸ ਕਾਰਨ ਅਕਾਲੀ-ਭਾਜਪਾ ਵਿਚਲੇ ਲੰਮੇ ਸਮੇਂ ਦੀ ਸਾਂਝ ਟੁੱਟ ਗਈ। ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਤੇ ਭਾਜਪਾ ਦੇ ਬਾਗੀਆਂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਅਕਾਲੀ ਦਲ ਆਪਣੇ ਆਪ ਨੂੰ ਪੰਜਾਬ ਦੇ ਸਭ ਵਰਗਾਂ ਦੀ ਸ਼ਮੂਲੀਅਤ ਵਾਲੀ ਪਾਰਟੀ ਵਜੋਂ ਉਭਾਰਨਾ ਚਾਹੁੰਦਾ ਹੈ। ਭਾਜਪਾ ਪੰਜਾਬ ਦੀ ਸਿਆਸਤ ਵਿਚ ਹਾਸ਼ੀਏ ਉਤੇ ਹੈ।
ਆਮ ਆਦਮੀ ਪਾਰਟੀ ਪਹਿਲਾਂ ਦੀ ਤਰ੍ਹਾਂ ਹੋਰਾਂ ਪਾਰਟੀਆਂ ਵਿਚਲੇ ਨਾਰਾਜ਼ ਆਗੂਆਂ ਨੂੰ ਸ਼ਾਮਲ ਕਰਕੇ ਆਪਣਾ ਆਕਾਰ ਤੇ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੁੱਦਿਆਂ ਦੀ ਸਿਆਸਤ ਫਿਲਹਾਲ ਗਾਇਬ ਹੈ। ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਇਹ ਖਿਆਲ ਵੀ ਉਭਰ ਰਿਹਾ ਹੈ ਕਿ ਜੇਕਰ ਕਿਸਾਨ ਅੰਦੋਲਨ ਵਿਚੋਂ ਕੋਈ ਨਵੀਂ ਧਿਰ ਸਾਹਮਣੇ ਆ ਜਾਵੇ ਤਾਂ ਸਿਆਸਤ ਦਾ ਰੰਗ ਬਦਲ ਸਕਦਾ ਹੈ। ਕਿਸਾਨ ਅੰਦੋਲਨ ਵੱਲੋਂ ਭਾਜਪਾ ਆਗੂਆਂ ਦਾ ਘਿਰਾਓ ਤੇ ਦੂਸਰੀਆਂ ਪਾਰਟੀਆਂ ਦੇ ਆਗੂਆਂ ਤੋਂ ਸਵਾਲ ਪੁੱਛਣ ਦਾ ਸੱਦਾ ਪਿੰਡਾਂ ਵਿਚ ਭਖਿਆ ਹੋਇਆ ਹੈ। ਕਾਂਗਰਸ ਸਾਹਮਣੇ 18 ਨੁਕਾਤੀ ਪ੍ਰੋਗਰਾਮ ਉਤੇ ਅਮਲ ਕਰਨ ਅਤੇ ਲੋਕਾਂ ਨੂੰ ਸਹਿਮਤ ਕਰਵਾਉਣ ਦੀ ਚੁਣੌਤੀ ਹੈ। ਕਾਂਗਰਸ ਦਾ ਬਾਗੀ ਧੜਾ ਵੀ ਇਹੀ ਮੁੱਦਾ ਚੁੱਕ ਰਿਹਾ ਹੈ ਕਿ ਲੋਕਾਂ ਦਾ ਗੁੱਸਾ ਕੈਪਟਨ ਖਿਲਾਫ ਹੈ, ਨਾ ਕਿ ਪਾਰਟੀ ਖਿਲਾਫ।
ਇਸ ਲਈ ਕੈਪਟਨ ਦੀ ਛੁੱਟੀ ਕਿਤੇ ਬਿਨਾ ਗੱਲ ਨਹੀਂ ਬਣਨੀ। ਬਾਗੀ ਧੜਾ, ਹਾਈਕਮਾਨ ਨੂੰ ਇਹ ਗੱਲ ਜਚਾਉਣ ਵਿਚ ਸਫਲ ਵੀ ਰਿਹਾ ਹੈ। ਸਿੱਧੂ ਨੂੰ ਪ੍ਰਧਾਨਗੀ ਦੀ ਕੁਰਸੀ ਵੀ ਅਜਿਹੀਆਂ ਕੋਸ਼ਿਸ਼ਾਂ ਦਾ ਹੀ ਹਿੱਸਾ। ਪ੍ਰਧਾਨਗੀ ਦੀ ਕੁਰਸੀ ਮਿਲਦੇ ਹੀ ਸਿੱਧੂ ਵੱਲੋਂ ਕੈਪਟਨ ਨਾਲ ਮਿਲ ਕੇ ਚੱਲਣ ਦੀ ਥਾਂ ਵਿਧਾਇਕ ਤੇ ਮੰਤਰੀਆਂ ਦਾ ਇਕੱਠ ਕਰਕੇ ਆਪਣੀ ਤਾਕਤ ਵਿਖਾਉਣ, ਆਪਣੇ ਹਮਾਇਤੀਆਂ ਨੂੰ ਅਹੁਦੇਦਾਰੀਆਂ ਵੰਡਣ ਤੋਂ ਵੀ ਇਹੀ ਸੰਕੇਤ ਮਿਲ ਰਹੇ ਹਨ ਕਿ ਕੈਪਟਨ ਦੀ ਹੋਣੀ ਤੈਅ ਕਰਨ ਦੀਆਂ ਤਿਆਰੀਆਂ ਜ਼ੋਰਾਂ ਉਤੇ ਹਨ।